ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 890

ਰਾਮਕਲੀ ਮਹਲਾ ੫ ॥ ਕਰਿ ਸੰਜੋਗੁ ਬਨਾਈ ਕਾਛਿ ॥ ਤਿਸੁ ਸੰਗਿ ਰਹਿਓ ਇਆਨਾ ਰਾਚਿ ॥ ਪ੍ਰਤਿਪਾਰੈ ਨਿਤ ਸਾਰਿ ਸਮਾਰੈ ॥ ਅੰਤ ਕੀ ਬਾਰ ਊਠਿ ਸਿਧਾਰੈ ॥੧॥ ਨਾਮ ਬਿਨਾ ਸਭੁ ਝੂਠੁ ਪਰਾਨੀ ॥ ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥ਤੀਰਥ ਨਾਇ ਨ ਉਤਰਸਿ ਮੈਲੁ ॥ ਕਰਮ ਧਰਮ ਸਭਿ ਹਉਮੈ ਫੈਲੁ ॥ ਲੋਕ ਪਚਾਰੈ ਗਤਿ ਨਹੀ ਹੋਇ ॥ ਨਾਮ ਬਿਹੂਣੇ ਚਲਸਹਿ ਰੋਇ ॥੨॥ ਬਿਨੁ ਹਰਿ ਨਾਮ ਨ ਟੂਟਸਿ ਪਟਲ ॥ ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥ ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥ ਸਗਲ ਫਲਾ ਸੇ ਸੂਖਿ ਸਮਾਏ ॥੩॥ ਰਾਖਨਹਾਰੇ ਰਾਖਹੁ ਆਪਿ ॥ ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥ ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥ ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥ {ਪੰਨਾ 890}

ਪਦਅਰਥ: ਕਰਿ = ਕਰ ਕੇ, ਬਣਾ ਕੇ। ਸੰਜੋਗੁ = ਮਿਲਾਪ, (ਜਿੰਦ ਤੇ ਸਰੀਰ ਦੇ) ਮਿਲਾਪ (ਦਾ ਸਮਾ) ਕਾਛਿ = ਕੱਛ ਕੇ, ਮਾਪ ਕੇ (ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਕਮੀਜ਼ ਆਦਿ ਬਣਾਂਦਾ ਹੈ) ਸੰਗਿ = ਨਾਲ। ਇਆਨਾ = ਬੇ = ਸਮਝ ਜੀਵ। ਰਾਚਿ ਰਹਿਓ = ਪਰਚਿਆ ਰਹਿੰਦਾ ਹੈ। ਪ੍ਰਤਿਪਾਰੈ = ਪਾਲਦਾ ਹੈ। ਸਾਰਿ = ਸਾਰ ਲੈ ਕੇ। ਸਮਾਰੈ = ਸੰਭਾਲ ਕਰਦਾ ਹੈ। ਊਠਿ = ਉੱਠ ਕੇ।੧।

ਸਭੁ = ਸਾਰਾ (ਅਡੰਬਰ) ਝੂਠੁ = ਨਾਸਵੰਤ। ਪਰਾਨੀ = ਹੇ ਪ੍ਰਾਣੀ! ਅਵਰ ਸੰਗਿ = ਹੋਰ ਹੋਰ ਨਾਲ। ਰਾਤੇ = ਮਸਤ। ਤੇ ਸਭਿ = ਉਹ ਸਾਰੇ ਜੀਵ। ਮੂਠੁ = ਠੱਗਿਆ ਹੋਇਆ। ਪਰਾਨੀ = ਹੇ ਪ੍ਰਾਣੀ!੧।ਰਹਾਉ।

ਤੀਰਥ ਨਾਇ = ਤੀਰਥਾਂ ਉਤੇ ਇਸ਼ਨਾਨ ਕਰ ਕੇ। ਨਾਇ = ਨ੍ਹਾਇ। ਉਤਰਸਿ = ਉਤਰੇਗੀ। ਕਰਮ ਧਰਮ = ਮਿਥੇ ਹੋਏ ਧਾਰਮਿਕ ਕੰਮ। ਸਭਿ = ਸਾਰੇ। ਫੈਲੁ = ਪਸਾਰਾ, ਖਿਲਾਰਾ। ਪਚਾਰੈ = ਪਰਚਾਵਾ ਕੀਤਿਆਂ। ਗਤਿ = ਉੱਚੀ ਆਤਮਕ ਅਵਸਥਾ। ਰੋਇ = ਰੋ ਕੇ, ਦੁੱਖੀ ਹੋ ਕੇ।੨।

ਪਟਲ = ਪੜਦਾ, ਮਾਇਆ ਦਾ ਪੜਦਾ। ਸੋਧੇ = ਸੋਧਿਆਂ, ਵਿਚਾਰਿਆਂ। ਸਗਲ = ਸਾਰੇ। ਸੋ = ਉਹ ਬੰਦਾ। ਜਪਾਏ = ਜਪਣ ਦੀ ਪ੍ਰੇਰਨਾ ਕਰਦਾ ਹੈ। ਸੇ = ਉਹ ਬੰਦੇ। ਸੂਖਿ = ਸੁਖ ਵਿਚ।੩।

ਰਾਖਨਹਾਰੇ = ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਪ੍ਰਭ = ਹੇ ਪ੍ਰਭੂ! ਹਾਥਿ = ਹੱਥ ਵਿਚ। ਜਿਤੁ = ਜਿਸ (ਕੰਮ) ਵਿਚ। ਲਾਵਹਿ = ਤੂੰ ਲਾਂਦਾ ਹੈਂ, ਤੂੰ ਜੋੜਦਾ ਹੈਂ। ਤਿਤੁ = ਉਸ (ਕੰਮ) ਵਿਚ। ਲਾਗਹ = ਅਸੀ ਜੀਵ ਲੱਗ ਪੈਂਦੇ ਹਾਂ। ਸੁਆਮੀ = ਹੇ ਮਾਲਕ! ਨਾਨਕ = ਹੇ ਨਾਨਕ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ।੪।

ਅਰਥ: (ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦਿਕ ਬਣਾਂਦਾ ਹੈ, ਤਿਵੇਂ ਪਰਮਾਤਮਾ ਨੇ ਜਿੰਦ ਤੇ ਸਰੀਰ ਦੇ) ਮਿਲਾਪ (ਦਾ ਅਵਸਰ) ਬਣਾ ਕੇ (ਜਿੰਦ ਵਾਸਤੇ ਇਹ ਸਰੀਰ-ਚੋਲੀ) ਕੱਛ ਕੇ ਬਣਾ ਦਿੱਤੀ। ਉਸ (ਸਰੀਰ-ਚੋਲੀ) ਨਾਲ ਬੇ-ਸਮਝ ਜੀਵ ਪਰਚਿਆ ਰਹਿੰਦਾ ਹੈ। ਸਦਾ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਤੇ ਸਦਾ ਇਸ ਦੀ ਸਾਂਭ-ਸੰਭਾਲ ਕਰਦਾ ਰਹਿੰਦਾ ਹੈ। ਅੰਤ ਦੇ ਵੇਲੇ ਜੀਵ (ਇਸ ਨੂੰ ਛੱਡ ਕੇ) ਉੱਠ ਤੁਰਦਾ ਹੈ।੧।

ਹੇ ਜੀਵ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਰਾ ਅਡੰਬਰ ਨਾਸਵੰਤ ਹੈ। ਹੇ ਪ੍ਰਾਣੀ! ਜੇਹੜੇ ਬੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਪਦਾਰਥਾਂ ਨਾਲ ਮਸਤ ਰਹਿੰਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਵਿਚ ਠੱਗੇ ਜਾਂਦੇ ਹਨ।੧।ਰਹਾਉ।

(ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ। (ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ। (ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ ਰੋ ਕੇ ਹੀ ਜਾਣਗੇ।੨।

(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦਾ) ਪੜਦਾ ਨਹੀਂ ਟੁੱਟੇਗਾ। ਸਾਰੇ ਹੀ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਵਿਚਾਰਿਆਂ ਭੀ (ਇਹ ਪੜਦਾ ਦੂਰ ਨਹੀਂ ਹੋਵੇਗਾ) । (ਜਿਹੜੇ ਬੰਦੇ ਨਾਮ ਜਪਦੇ ਹਨ) ਉਹਨਾਂ ਨੂੰ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਹੁੰਦੇ ਹਨ, ਉਹ ਬੰਦੇ (ਸਦਾ) ਆਨੰਦ ਵਿਚ ਟਿਕੇ ਰਹਿੰਦੇ ਹਨ। ਪਰ ਉਹੀ ਬੰਦਾ ਨਾਮ ਜਪਦਾ ਹੈ ਜਿਸ ਨੂੰ ਪ੍ਰਭੂ ਆਪ ਨਾਮ ਜਪਣ ਲਈ ਪ੍ਰੇਰਦਾ ਹੈ।੩।

ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਆਪ ਹੀ (ਮਾਇਆ ਦੇ ਮੋਹ ਤੋਂ ਅਸਾਂ ਜੀਵਾਂ ਦੀ) ਰੱਖਿਆ ਕਰ ਸਕਦਾ ਹੈਂ। ਹੇ ਪ੍ਰਭੂ! ਸਾਰੇ ਸੁਖ ਤੇਰੇ ਆਪਣੇ ਹੱਥ ਵਿਚ ਹਨ। ਹੇ ਮਾਲਕ-ਪ੍ਰਭੂ! ਤੂੰ ਜਿਸ ਕੰਮ ਵਿਚ (ਸਾਨੂੰ) ਲਾਂਦਾ ਹੈਂ, ਅਸੀ ਉਸੇ ਕੰਮ ਵਿਚ ਲੱਗ ਪੈਂਦੇ ਹਾਂ। ਹੇ ਨਾਨਕ! ਆਖ-) ਮਾਲਕ-ਪ੍ਰਭੂ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ।੪।੧੩।੨੪।

ਰਾਮਕਲੀ ਮਹਲਾ ੫ ॥ ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥ ਮਨੁ ਅਸਮਝੁ ਸਾਧਸੰਗਿ ਪਤੀਆਨਾ ॥ ਡੋਲਨ ਤੇ ਚੂਕਾ ਠਹਰਾਇਆ ॥ ਸਤਿ ਮਾਹਿ ਲੇ ਸਤਿ ਸਮਾਇਆ ॥੧॥ ਦੂਖੁ ਗਇਆ ਸਭੁ ਰੋਗੁ ਗਇਆ ॥ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥ਸਗਲ ਪਵਿਤ੍ਰ ਸਰਬ ਨਿਰਮਲਾ ॥ ਜੋ ਵਰਤਾਏ ਸੋਈ ਭਲਾ ॥ ਜਹ ਰਾਖੈ ਸੋਈ ਮੁਕਤਿ ਥਾਨੁ ॥ ਜੋ ਜਪਾਏ ਸੋਈ ਨਾਮੁ ॥੨॥ ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥ ਤਹ ਬੈਕੁੰਠੁ ਜਹ ਨਾਮੁ ਉਚਰਹਿ ॥ ਸਰਬ ਅਨੰਦ ਜਬ ਦਰਸਨੁ ਪਾਈਐ ॥ ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥ ਆਪੇ ਘਟਿ ਘਟਿ ਰਹਿਆ ਬਿਆਪਿ ॥ ਦਇਆਲ ਪੁਰਖ ਪਰਗਟ ਪਰਤਾਪ ॥ ਕਪਟ ਖੁਲਾਨੇ ਭ੍ਰਮ ਨਾਠੇ ਦੂਰੇ ॥ ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥ {ਪੰਨਾ 890}

ਪਦਅਰਥ: ਸੋਈ = ਉਸੇ ਨੂੰ ਹੀ। ਜਾਨਾ = ਜਾਣ ਲਿਆ ਹੈ। ਅਸਮਝੁ ਮਨੁ = ਅੰਞਾਣ ਮਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਪਤੀਆਨਾ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ। ਤੇ = ਤੋਂ। ਚੂਕਾ = ਹਟ ਗਿਆ। ਠਹਰਾਇਆ = ਟਿਕਾ ਲਿਆ। ਸਤਿ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਲੇ = ਲੈ ਕੇ। ਸਮਾਇਆ = ਲੀਨ ਹੋ ਗਿਆ।੧।

ਸਭੁ ਰੋਗੁ = ਸਾਰਾ ਰੋਗ। ਆਗਿਆ = ਹੁਕਮ, ਰਜ਼ਾ। ਮਾਨੀ = ਮੰਨ ਲਈ। ਮਹਾ ਪੁਰਖ ਕਾ ਸੰਗੁ = ਗੁਰੂ ਦਾ ਮਿਲਾਪ।੧।ਰਹਾਉ।

ਵਰਤਾਏ = ਵਰਤਾਂਦਾ ਹੈ, ਕਰਾਂਦਾ ਹੈ। ਜਹ = ਜਿੱਥੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਮੁਕਤਿ ਥਾਨੁ = ਵਿਕਾਰਾਂ ਤੋਂ ਬਚਾਣ ਵਾਲਾ ਥਾਂ।੨।

ਅਠਸਠਿ = {ਅੱਠ ਅਤੇ ਸੱਠ} ਅਠਾਹਠ। ਪਗ = ਚਰਨ, ਪੈਰ। ਧਰਹਿ = ਧਰਦੇ ਹਨ। ਸਾਧ = ਭਲੇ ਮਨੁੱਖ। ਤਹ = ਉਥੇ। ਬੈਕੁੰਠੁ = ਸੱਚ ਖੰਡ। ਉਚਰਹਿ = ਉਚਾਰੇ ਹਨ। ਸਰਬ = ਸਾਰੇ। ਪਾਈਐ = ਪਾਈਦਾ ਹੈ। ਗਾਈਐ = ਗਾਈਦਾ ਹੈ।੩।

ਆਪੇ = ਆਪ ਹੀ। ਘਟਿ = ਹਿਰਦੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਰਹਿਆ ਬਿਆਪਿ = ਵੱਸ ਰਿਹਾ ਹੈ, ਭਰਪੂਰ ਹੈ। ਪਰਤਾਪ = ਤੇਜ। ਕਪਟ = ਕਿਵਾੜ, ਦਰਵਾਜ਼ੇ। ਭ੍ਰਮ = ਭਟਕਣ। ਨਾਠੇ = ਨੱਸ ਗਏ। ਕਉ = ਨੂੰ। ਗੁਰ ਪੂਰੇ = ਪੂਰੇ ਗੁਰੂ ਜੀ। ਭੇਟੇ = ਮਿਲ ਪਏ।੪।

ਅਰਥ: (ਹੇ ਭਾਈ!) ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਪ੍ਰਭੂ ਦੀ ਰਜ਼ਾ ਉਸ ਨੂੰ ਮਨ ਵਿਚ ਮਿੱਠੀ ਲੱਗਣ ਲੱਗ ਪੈਂਦੀ ਹੈ, ਉਸ ਦਾ ਸਾਰਾ ਦੁੱਖ ਸਾਰਾ ਰੋਗ ਦੂਰ ਹੋ ਜਾਂਦਾ ਹੈ।੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਉਹ) ਸਦਾ-ਥਿਰ ਪ੍ਰਭੂ (ਦਾ ਨਾਮ) ਲੈ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ (ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਇਆ ਹੋਇਆ ਉਸ ਦਾ ਮਨ ਡੋਲਣ ਤੋਂ ਹਟ ਜਾਂਦਾ ਹੈ, ਉਸ ਦਾ (ਪਹਿਲਾ) ਅੰਞਾਣ ਮਨ ਗੁਰੂ ਦੀ ਸੰਗਤਿ ਵਿਚ ਗਿੱਝ ਜਾਂਦਾ ਹੈ; ਜੋ ਕੁਝ ਪਰਮਾਤਮਾ ਕਰਦਾ ਹੈ ਉਸੇ ਨੂੰ ਉਹ ਸੁਖ ਸਮਝਦਾ ਹੈ।੧।

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਗੁਰੂ) ਉਸ ਤੋਂ ਪਰਮਾਤਮਾ ਦਾ ਨਾਮ ਹੀ ਸਦਾ ਜਪਾਂਦਾ ਹੈ; (ਗੁਰੂ) ਜਿੱਥੇ ਉਸ ਨੂੰ ਰੱਖਦਾ ਹੈ ਉਹੀ ਉਸ ਦੇ ਵਾਸਤੇ ਵਿਕਾਰਾਂ ਤੋਂ ਖ਼ਲਾਸੀ ਦਾ ਥਾਂ ਹੁੰਦਾ ਹੈ; ਉਸ ਮਨੁੱਖ ਦੇ ਸਾਰੇ ਉੱਦਮ ਪਵਿੱਤਰ ਹੁੰਦੇ ਹਨ ਉਸ ਦੇ ਸਾਰੇ ਕੰਮ ਨਿਰਮਲ ਹੁੰਦੇ ਹਨ, ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਮਨੁੱਖ ਨੂੰ ਉਹੀ ਉਹੀ ਕੰਮ ਭਲਾ ਜਾਪਦਾ ਹੈ।੨।

(ਹੇ ਭਾਈ!) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ, (ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ। ਜਦੋਂ ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ, (ਗੁਰਮੁਖਾਂ ਦੀ ਸੰਗਤਿ ਵਿਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ।੩।

(ਹੇ ਭਾਈ!) ਨਾਨਕ ਨੂੰ ਪੂਰੇ ਗੁਰੂ ਜੀ ਮਿਲ ਪਏ ਹਨ, (ਹੁਣ ਨਾਨਕ ਨੂੰ ਦਿੱਸ ਰਿਹਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈ, ਦਇਆ ਦੇ ਸੋਮੇ ਅਕਾਲ ਪੁਰਖ ਦਾ ਤੇਜ-ਪਰਤਾਪ ਪ੍ਰਤੱਖ (ਹਰ ਥਾਂ ਦਿੱਸ ਰਿਹਾ ਹੈ) ; (ਗੁਰੂ ਦੀ ਕਿਰਪਾ ਨਾਲ ਮਨ ਦੇ) ਕਿਵਾੜ ਖੁਲ੍ਹ ਗਏ ਹਨ, ਤੇ, ਸਾਰੇ ਭਰਮ ਕਿਤੇ ਦੂਰ ਭੱਜ ਗਏ ਹਨ।੪।੧੪।੨੫।

ਰਾਮਕਲੀ ਮਹਲਾ ੫ ॥ ਕੋਟਿ ਜਾਪ ਤਾਪ ਬਿਸ੍ਰਾਮ ॥ ਰਿਧਿ ਬੁਧਿ ਸਿਧਿ ਸੁਰ ਗਿਆਨ ॥ ਅਨਿਕ ਰੂਪ ਰੰਗ ਭੋਗ ਰਸੈ ॥ ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥ ਸੂਰਬੀਰ ਧੀਰਜ ਮਤਿ ਪੂਰਾ ॥ ਸਹਜ ਸਮਾਧਿ ਧੁਨਿ ਗਹਿਰ ਗੰਭੀਰਾ ॥ ਸਦਾ ਮੁਕਤੁ ਤਾ ਕੇ ਪੂਰੇ ਕਾਮ ॥ ਜਾ ਕੈ ਰਿਦੈ ਵਸੈ ਹਰਿ ਨਾਮ ॥੨॥ ਸਗਲ ਸੂਖ ਆਨੰਦ ਅਰੋਗ ॥ ਸਮਦਰਸੀ ਪੂਰਨ ਨਿਰਜੋਗ ॥ ਆਇ ਨ ਜਾਇ ਡੋਲੈ ਕਤ ਨਾਹੀ ॥ ਜਾ ਕੈ ਨਾਮੁ ਬਸੈ ਮਨ ਮਾਹੀ ॥੩॥ ਦੀਨ ਦਇਆਲ ਗਪਾਲ ਗੋਵਿੰਦ ॥ ਗੁਰਮੁਖਿ ਜਪੀਐ ਉਤਰੈ ਚਿੰਦ ॥ ਨਾਨਕ ਕਉ ਗੁਰਿ ਦੀਆ ਨਾਮੁ ॥ ਸੰਤਨ ਕੀ ਟਹਲ ਸੰਤ ਕਾ ਕਾਮੁ ॥੪॥੧੫॥੨੬॥ {ਪੰਨਾ 890-891}

ਪਦਅਰਥ: ਕੋਟਿ = ਕ੍ਰੋੜਾਂ। ਜਾਪ = ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਖ਼ਾਸ ਮੰਤ੍ਰ ਪੜ੍ਹਨੇ। ਤਾਪ = ਧੂਣੀਆਂ ਆਦਿਕ ਨਾਲ ਸਰੀਰ ਨੂੰ ਕਸ਼ਟ ਦੇਣੇ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਸੁਰ ਗਿਆਨ = ਦੇਵਤਿਆਂ ਵਾਲੀ ਸੂਝ = ਬੂਝ। ਰਸੈ = ਰਸ ਮਾਣਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਮਖ = {निमेष} ਅੱਖ ਫਰਕਣ ਜਿਤਨਾ ਸਮਾ। ਰਿਦੈ = ਹਿਰਦੇ ਵਿਚ।੧।

ਵਡਿਆਈ = ਮਹੱਤਤਾ।੧।ਰਹਾਉ।

ਸੂਰ ਬੀਰ = ਸੂਰਮਾ, ਬਹਾਦਰ। ਸਹਜ = ਆਤਮਕ ਅਡੋਲਤਾ। ਧੁਨਿ = ਲਗਨ। ਗਹਿਰ = ਗਹਿਰੀ, ਡੂੰਘੀ। ਮੁਕਤੁ = ਵਿਕਾਰਾਂ ਤੋਂ ਆਜ਼ਾਦ। ਤਾ ਕੇ = ਉਸ (ਮਨੁੱਖ) ਦੇ। ਕਾਮ = ਕੰਮ। ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ।੨।

ਸਗਲ = ਸਾਰੇ। ਅਰੋਗ = ਰੋਗਾਂ ਤੋਂ ਰਹਿਤ। ਸਮਦਰਸੀ = ਸਭਨਾਂ ਨੂੰ ਇਕੋ ਜਿਹੀ ਨਿਗਾਹ ਨਾਲ ਵੇਖਣ ਵਾਲਾ। ਸਮ = ਬਰਾਬਰ। ਦਰਸੀ = ਵੇਖਣ ਵਾਲਾ। ਨਿਰਜੋਗ = ਨਿਰਲੇਪ। ਕਤ = ਕਿਤੇ ਭੀ।੩।

ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}ਜਪੀਐ = ਜਪਣਾ ਚਾਹੀਦਾ ਹੈ। ਚਿੰਦ = ਚਿੰਤਾ, ਫ਼ਿਕਰ। ਗੁਰਿ = ਗੁਰੂ ਨੇ।੧੪।

ਅਰਥ: (ਹੇ ਭਾਈ!) ਪਰਮਾਤਮਾ ਦੇ ਨਾਮ ਦੀ ਮਹੱਤਤਾ ਦੱਸੀ ਨਹੀਂ ਜਾ ਸਕਦੀ, ਹਰਿ-ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ।੧।ਰਹਾਉ।

(ਹੇ ਭਾਈ!) ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ) ਹਿਰਦੇ ਵਿਚ ਅੱਖ ਦੇ ਫੋਰ ਜਿਤਨੇ ਸਮੇ ਵਾਸਤੇ ਭੀ ਹਰਿ-ਨਾਮ ਵੱਸਦਾ ਹੈ, ਉਹ (ਮਾਨੋ) ਅਨੇਕਾਂ ਰੂਪਾਂ ਰੰਗਾਂ ਅਤੇ ਮਾਇਕ ਪਦਾਰਥਾਂ ਦਾ ਰਸ ਮਾਣਦਾ ਹੈ। ਉਸ ਮਨੁੱਖ ਦੀ ਦੇਵਤਿਆਂ ਵਾਲੀ ਸੂਝ-ਬੂਝ ਹੋ ਜਾਂਦੀ ਹੈ, ਉਸ ਦੀ ਬੁੱਧੀ (ਉੱਚੀ ਹੋ ਜਾਂਦੀ ਹੈ) ਉਹ ਰਿੱਧੀਆਂ ਸਿੱਧੀਆਂ (ਦਾ ਮਾਲਕ ਹੋ ਜਾਂਦਾ ਹੈ) ; ਕ੍ਰੋੜਾਂ ਜਪਾਂ ਤਪਾਂ (ਦਾ ਫਲ ਉਸ ਦੇ ਅੰਦਰ) ਆ ਵੱਸਦਾ ਹੈ।੧।

(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਹੈ ਬਹਾਦਰ ਹੈ, ਪੂਰੀ ਅਕਲ ਅਤੇ ਧੀਰਜ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਉਸ ਦੀ ਡੂੰਘੀ ਲਗਨ ਬਣੀ ਰਹਿੰਦੀ ਹੈ, ਉਹ ਸਦਾ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।੨।

(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਕਿਤੇ ਭਟਕਦਾ ਨਹੀਂ, ਕਿਤੇ ਡੋਲਦਾ ਨਹੀਂ, (ਮਾਇਆ ਦੇ ਪ੍ਰਭਾਵ ਤੋਂ ਉਹ) ਪੂਰੇ ਤੌਰ ਤੇ ਨਿਰਲੇਪ ਰਹਿੰਦਾ ਹੈ, ਸਭਨਾਂ ਵਿਚ ਇਕ ਪਰਮਾਤਮਾ ਦੀ ਜੋਤਿ ਵੇਖਦਾ ਹੈ, ਉਸ ਨੂੰ ਸਾਰੇ ਸੁਖ ਆਨੰਦ ਪ੍ਰਾਪਤ ਰਹਿੰਦੇ ਹਨ, ਉਹ (ਮਾਨਸਕ) ਰੋਗਾਂ ਤੋਂ ਬਚਿਆ ਰਹਿੰਦਾ ਹੈ।੩।

(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਦੀਨਾਂ ਉਤੇ ਦਇਆ ਕਰਨ ਵਾਲੇ ਗੋਪਾਲ ਗੋਵਿੰਦ ਦਾ ਨਾਮ ਜਪਣਾ ਚਾਹੀਦਾ ਹੈ, (ਜਿਹੜਾ ਮਨੁੱਖ ਜਪਦਾ ਹੈ, ਉਸ ਦਾ) ਚਿੰਤਾ-ਫ਼ਿਕਰ ਦੂਰ ਹੋ ਜਾਂਦਾ ਹੈ। (ਹੇ ਭਾਈ! ਮੈਨੂੰ) ਨਾਨਕ ਨੂੰ ਗੁਰੂ ਨੇ ਪ੍ਰਭੂ ਦਾ ਨਾਮ ਬਖ਼ਸ਼ਿਆ ਹੈ, ਸੰਤ ਜਨਾਂ ਦੀ ਟਹਿਲ (ਦੀ ਦਾਤਿ) ਦਿੱਤੀ ਹੈ। (ਹਰਿ-ਨਾਮ ਦਾ ਸਿਮਰਨ ਹੀ) ਗੁਰੂ ਦਾ (ਦੱਸਿਆ) ਕੰਮ ਹੈ।੪।੧੫।੨੬।

TOP OF PAGE

Sri Guru Granth Darpan, by Professor Sahib Singh