ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 901

ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ     ੴ ਸਤਿਗੁਰ ਪ੍ਰਸਾਦਿ ॥ ਗਾਵਹੁ ਰਾਮ ਕੇ ਗੁਣ ਗੀਤ ॥ ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥ ਗੁਣ ਗਾਵਤ ਹੋਵਤ ਪਰਗਾਸੁ ॥ ਚਰਨ ਕਮਲ ਮਹਿ ਹੋਇ ਨਿਵਾਸੁ ॥੧॥ ਸੰਤਸੰਗਤਿ ਮਹਿ ਹੋਇ ਉਧਾਰੁ ॥ ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥ {ਪੰਨਾ 901}

ਪਦ ਅਰਥ: ਜਪਤ = ਜਾਪਦਿਆਂ। ਪਰਮ = ਸਭ ਤੋਂ ਉੱਚਾ। ਪਾਈਐ = ਹਾਸਲ ਕਰੀਦਾ ਹੈ। ਆਵਾਗਉਣੁ = ਜਗਤ ਵਿਚ ਆਉਣ ਤੇ ਜਗਤ ਤੋਂ ਜਾਣ (ਦਾ ਗੇੜ) , ਜਨਮ ਮਰਨ ਦਾ ਗੇੜ। ਮੀਤ = ਹੇ ਮਿੱਤਰ!।1। ਰਹਾਉ।

ਗਾਵਤ = ਗਾਂਦਿਆਂ। ਪਰਗਾਸੁ = ਚਾਨਣ। ਮਹਿ = ਵਿਚ। ਨਿਵਾਸੁ = ਟਿਕਾਉ।1।

ਸੰਤ ਸੰਗਤਿ = ਗੁਰੂ ਦੀ ਸੰਗਤਿ। ਉਧਾਰੁ = ਪਾਰ-ਉਤਾਰਾ। ਭਵਜਲੁ = ਸੰਸਾਰ-ਸਮੁੰਦਰ। ਉਤਰਸਿ = ਤੂੰ ਲੰਘ ਜਾਹਿਂਗਾ।2।

ਅਰਥ: ਹੇ ਮੇਰੇ ਮਿੱਤਰ! ਪਰਮਾਤਮਾ ਦੇ ਗੁਣਾਂ ਦੇ ਗੀਤ (ਸਦਾ) ਗਾਂਦਾ ਰਹੁ। ਪਰਮਾਤਮਾ ਦਾ ਨਾਮ ਜਪਦਿਆਂ ਸਭ ਤੋਂ ਸ੍ਰੇਸ਼ਟ ਸੁਖ ਹਾਸਲ ਕਰ ਲਈਦਾ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।1। ਰਹਾਉ।

ਹੇ ਮਿੱਤਰ! ਪਰਮਾਤਮਾ ਦੇ ਗੁਣ ਗਾਂਦਿਆਂ (ਮਨ ਵਿਚ ਸਹੀ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਅਤੇ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ।1।

ਹੇ ਨਾਨਕ! (ਆਖ– ਹੇ ਮਿੱਤਰ!) ਗੁਰੂ ਦੀ ਸੰਗਤਿ ਵਿਚ ਰਿਹਾਂ ਤੇਰਾ ਪਾਰ-ਉਤਾਰਾ ਹੋ ਜਾਇਗਾ, ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ।2।1। 57।

ਰਾਮਕਲੀ ਮਹਲਾ ੫ ॥ ਗੁਰੁ ਪੂਰਾ ਮੇਰਾ ਗੁਰੁ ਪੂਰਾ ॥ ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥ ਏਕੁ ਅਰਾਧਹੁ ਸਾਚਾ ਸੋਇ ॥ ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥ ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥ ਹਰਿ ਸਿਮਰਤ ਬਿਨਸੇ ਸਭ ਦੂਖ ॥੨॥ ਸਹਜਿ ਅਨੰਦ ਕਰਹੁ ਮੇਰੇ ਭਾਈ ॥ ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥ ਆਠ ਪਹਰ ਪ੍ਰਭ ਕਾ ਜਪੁ ਜਾਪਿ ॥ ਨਾਨਕ ਰਾਖਾ ਹੋਆ ਆਪਿ ॥੪॥੨॥੫੮॥ {ਪੰਨਾ 901}

ਪਦ ਅਰਥ: ਪੂਰਾ = ਸਾਰੇ ਗੁਣਾਂ ਦਾ ਮਾਲਕ, ਸਭ ਤਾਕਤਾਂ ਦਾ ਮਾਲਕ। ਸੁਹੇਲੇ = ਸੁਖੀ। ਸਗਲ = ਸਾਰੇ। ਰੋਗ ਕੂਰਾ = ਕੂੜ ਦੇ ਰੋਗ, ਮਾਇਆ ਦੇ ਮੋਹ ਤੋਂ ਪੈਦਾ ਹੋਏ ਰੋਗ।1। ਰਹਾਉ।

ਸਾਚਾ = ਸਦਾ ਕਾਇਮ ਰਹਿਣ ਵਾਲਾ। ਏਕੁ ਸੋਇ = ਸਿਰਫ਼ ਉਸ ਪਰਮਾਤਮਾ ਨੂੰ। ਜਾ ਕੀ ਸਰਨਿ = ਜਿਸ (ਪ੍ਰਭੂ) ਦਾ ਆਸਰਾ ਲਿਆਂ।1।

ਨੀਦ = (ਪ੍ਰਭੂ-ਚਰਨਾਂ ਵਿਚ) ਲੀਨਤਾ। ਸੁਹੇਲੀ = ਸੁਖਦਾਈ। ਸਿਮਰਤ = ਸਿਮਰਦਿਆਂ।2।

ਸਹਿਜ = ਆਤਮਕ ਅਡੋਲਤਾ ਵਿਚ (ਟਿਕ ਕੇ) । ਭਾਈ = ਹੇ ਭਾਈ! ਗੁਰਿ = ਗੁਰੂ ਨੇ। ਸਭ = ਸਾਰੀ।3।

ਜਾਪਿ = ਜਪਿਆ ਕਰੋ। ਨਾਨਕ = ਹੇ ਨਾਨਕ! ਰਾਖਾ = ਰਖਵਾਲਾ।4।

ਅਰਥ: ਹੇ ਭਾਈ! ਮੇਰਾ ਗੁਰੂ ਸਭ ਗੁਣਾਂ ਦਾ ਮਾਲਕ ਹੈ, ਮੇਰਾ ਗੁਰੂ ਪੂਰੀ ਸਮਰਥਾ ਵਾਲਾ ਹੈ। (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਸਦਾ ਸੁਖੀ ਰਹਿੰਦੇ ਹਨ, ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ।1। ਰਹਾਉ।

(ਹੇ ਭਾਈ! ਗੁਰੂ ਦੇ ਦਰ ਤੇ ਆ ਕੇ) ਸਦਾ ਕਾਇਮ ਰਹਿਣ ਵਾਲੇ ਉਸ ਇੱਕ ਪਰਮਾਤਮਾ ਦਾ ਆਰਾਧਨ ਕਰਿਆ ਕਰੋ ਜਿਸ ਦੀ ਸਰਨ ਪਿਆਂ ਸਦਾ ਆਤਮਕ ਆਨੰਦ ਮਿਲਦਾ ਹੈ।1।

(ਹੇ ਭਾਈ! ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਨਾਮ ਦੀ ਲਗਨ ਪੈਦਾ ਹੋ ਜਾਂਦੀ ਹੈ, ਤੇ, ਨਾਮ ਵਿਚ ਲੀਨਤਾ ਮਨੁੱਖ ਵਾਸਤੇ ਸੁਖਦਾਈ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।2।

ਹੇ ਮੇਰੇ ਭਾਈ! (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਪੂਰਾ ਗੁਰੂ ਉਸ ਦੀ ਸਾਰੀ ਚਿੰਤਾ ਮਿਟਾ ਦੇਂਦਾ ਹੈ, (ਤੁਸੀ ਭੀ ਗੁਰੂ ਦੀ ਰਾਹੀਂ) ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਖ਼ੁਸ਼ੀਆਂ ਪ੍ਰਾਪਤ ਕਰੋ।3।

ਹੇ ਨਾਨਕ! (ਆਖ– ਹੇ ਭਾਈ! ਗੁਰੂ ਦੀ ਸਰਨ ਪੈ ਕੇ) ਅੱਠੇ ਪਹਿਰ ਪ੍ਰਭੂ ਦੇ ਨਾਮ ਦਾ ਜਾਪ ਕਰਿਆ ਕਰ। (ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਪ੍ਰਭੂ) ਆਪ ਉਸ ਦਾ ਰਖਵਾਲਾ ਬਣਦਾ ਹੈ।4।2। 58।

ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩     ੴ ਸਤਿਗੁਰ ਪ੍ਰਸਾਦਿ ॥ ਨਰਨਰਹ ਨਮਸਕਾਰੰ ॥ ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥ ਹਰਨ ਧਰਨ ਪੁਨ ਪੁਨਹ ਕਰਨ ॥ ਨਹ ਗਿਰਹ ਨਿਰੰਹਾਰੰ ॥੧॥ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥ {ਪੰਨਾ 901}

ਪਦ ਅਰਥ: ਨਰਨਰਹ = ਨਰਾਂ ਵਿਚੋਂ ਸ੍ਰੇਸ਼ਟ ਨਰ, ਪਰਮਾਤਮਾ। ਜਲਨ = ਜਲਾਂ ਵਿਚ। ਥਲਨ = ਥਲਾਂ ਵਿਚ। ਬਸੁਧ = ਧਰਤੀ ਵਿਚ। ਗਗਨ = ਆਕਾਸ਼ ਵਿਚ। ਏਕੰਕਾਰੰ = ਸਰਬ-ਵਿਆਪਕ ਪ੍ਰਭੂ।1। ਰਹਾਉ।

ਹਰਨ = ਨਾਸ ਕਰਨ ਵਾਲਾ। ਧਰਨ = ਪਾਲਣ ਵਾਲਾ। ਪੁਨ ਪੁਨਹ = ਮੁੜ ਮੁੜ। ਕਰਨ = ਪੈਦਾ ਕਰਨ ਵਾਲਾ। ਗਿਰਹ = ਗ੍ਰਿਹ, ਘਰ। ਨਿਰੰਹਾਰੰ = ਨਿਰ-ਅਹਾਰੰ, ਖ਼ੁਰਾਕ ਤੋਂ ਬਿਨਾ।1।

ਗੰਭੀਰ = ਡੂੰਘਾ। ਧੀਰ = ਵੱਡੇ ਜਿਗਰੇ ਵਾਲਾ। ਹੀਰ = ਬਹੁ-ਮੁੱਲਾ। ਮੂਚ = ਵੱਡਾ। ਕਰਨ ਕੇਲ = ਕੌਤਕ ਕਰਨ ਵਾਲਾ। ਅਮੋਲ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਬਲਿਹਾਰੰ = ਸਦਕੇ, ਕੁਰਬਾਨ।2।

ਅਰਥ: ਹੇ ਭਾਈ! ਸਦਾ ਪਰਮਾਤਮਾ ਨੂੰ ਨਮਸਕਾਰ ਕਰਦੇ ਰਹੋ। ਉਹ ਇੱਕ ਸਰਬ-ਵਿਆਪਕ ਪਰਮਾਤਮਾ ਜਲਾਂ ਵਿਚ ਮੌਜੂਦ ਹੈ, ਥਲਾਂ ਵਿਚ ਹੈ, ਧਰਤੀ ਵਿਚ ਹੈ, ਤੇ ਆਕਾਸ਼ ਵਿਚ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਸਭ ਦਾ ਨਾਸ ਕਰਨ ਵਾਲਾ ਹੈ, ਉਹੀ ਸਭ ਦਾ ਪਾਲਣ ਵਾਲਾ ਹੈ, ਉਹੀ ਜੀਵਾਂ ਨੂੰ ਮੁੜ ਮੁੜ ਪੈਦਾ ਕਰਨ ਵਾਲਾ ਹੈ। ਉਸ ਦਾ ਕੋਈ ਖ਼ਾਸ ਘਰ ਨਹੀਂ, ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ।1।

ਹੇ ਭਾਈ! ਪਰਮਾਤਮਾ (ਮਾਨੋ) ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦਾ ਨਾਮ ਬਹੁ-ਮੁੱਲਾ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਬੇਅੰਤ ਹੈ। ਉਹ ਸਭ ਕੌਤਕ ਕਰਨ ਵਾਲਾ ਹੈ, ਅਮੁੱਲ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਉਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ।2।1। 59।

ਰਾਮਕਲੀ ਮਹਲਾ ੫ ॥ ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥ ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥ ਨਹ ਸੰਗਿ ਗਾਮਨੀ ॥੧॥ ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥ ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥ {ਪੰਨਾ 901}

ਪਦ ਅਰਥ: ਤਿਆਗਿ ਚਲੇ = ਛੱਡ ਕੇ ਤੁਰ ਪਏ। ਕਨਿਕ = ਸੋਨਾ। ਕਾਮਿਨੀ = ਇਸਤ੍ਰੀ।1। ਰਹਾਉ।

ਭੰਡਾਰ = ਖ਼ਜ਼ਾਨੇ। ਦਰਬ = {dàÒX} ਧਨ। ਅਰਬ ਖਰਬ = ਅਰਬਾਂ ਖਰਬਾਂ ਦੀ ਗਿਣਤੀ ਵਾਲੇ, ਬੇਅੰਤੁ। ਪੇਖਿ = ਵੇਖ ਕੇ। ਲੀਲਾ = ਖੇਡ। ਮਨੁ ਸਧਾਰੈ = ਮਨ ਢਾਰਸ ਬਣਾਂਦਾ ਹੈ। ਸੰਗਿ = ਨਾਲ। ਗਾਮਨੀ = ਜਾਂਦਾ।1।

ਸੁਤ = ਪੁੱਤਰ। ਕਲਤ੍ਰ = ਇਸਤ੍ਰੀ। ਭ੍ਰਾਤ = ਭਰਾ। ਮੀਤ = ਮਿੱਤਰ। ਉਰਝਿ ਪਰਿਓ = ਉਲਝਿਆ ਪਿਆ ਹੈ, ਫਸਿਆ ਪਿਆ ਹੈ। ਭਰਮਿ = ਭਰਮ ਵਿਚ, ਭੁਲੇਖੇ ਵਿਚ। ਬਿਰਖ ਛਾਮਨੀ = ਰੁੱਖ ਦੀ ਛਾਂ। ਸੰਤ ਭਾਵਨੀ = ਸੰਤਾਂ ਨੂੰ ਚੰਗਾ ਲੱਗਦਾ ਹੈ।2।

ਅਰਥ: ਹੇ ਭਾਈ! ਸੋਨਾ, ਇਸਤ੍ਰੀ ਆਦਿਕ ਮਾਇਆ ਦੇ ਠੱਗੇ ਹੋਏ ਜੀਵ (ਆਖ਼ਰ ਦੁਨੀਆ ਦੇ ਸਾਰੇ) ਸੋਹਣੇ ਰੂਪ ਰੰਗ ਸੁਗੰਧੀਆਂ ਤੇ ਭੋਗ-ਪਦਾਰਥ ਛੱਡ ਕੇ (ਇਥੋਂ) ਤੁਰ ਪੈਂਦੇ ਹਨ।1। ਰਹਾਉ।

ਹੇ ਭਾਈ! ਬੇਅੰਤ ਧਨ ਦੇ ਖ਼ਜ਼ਾਨਿਆਂ ਦੀ ਮੌਜ ਵੇਖ ਵੇਖ ਕੇ (ਮਨੁੱਖ ਦਾ) ਮਨ (ਆਪਣੇ ਅੰਦਰ) ਢਾਰਸ ਬਣਾਂਦਾ ਰਹਿੰਦਾ ਹੈ, (ਪਰ ਇਹਨਾਂ ਵਿਚੋਂ ਕੋਈ ਚੀਜ਼ ਇਸ ਦੇ) ਨਾਲ ਨਹੀਂ ਜਾਂਦੀ।1।

ਹੇ ਭਾਈ! ਪੁੱਤਰ, ਇਸਤ੍ਰੀ, ਭਰਾ, ਮਿੱਤਰ (ਆਦਿਕ ਦੇ ਮੋਹ) ਵਿਚ ਜੀਵ ਫਸਿਆ ਰਹਿੰਦਾ ਹੈ, ਭੁਲੇਖੇ ਦੇ ਕਾਰਨ ਮੋਹ ਵਿਚ ਠੱਗਿਆ ਜਾਂਦਾ ਹੈ– ਪਰ ਇਹ ਸਭ ਕੁਝ ਰੁੱਖ ਦੀ ਛਾਂ (ਵਾਂਗ) ਹੈ। (ਇਸ ਵਾਸਤੇ) ਹੇ ਨਾਨਕ! ਪਰਮਾਤਮਾ ਦੇ ਸੋਹਣੇ ਚਰਨਾਂ ਦੀ ਸਰਨ ਦਾ ਸੁਖ ਹੀ ਸੰਤ ਜਨਾਂ ਨੂੰ ਚੰਗਾ ਲੱਗਦਾ ਹੈ।2। 2। 60।

ੴ ਸਤਿਗੁਰ ਪ੍ਰਸਾਦਿ ॥ ਰਾਗੁ ਰਾਮਕਲੀ ਮਹਲਾ ੯ ਤਿਪਦੇ ॥ ਰੇ ਮਨ ਓਟ ਲੇਹੁ ਹਰਿ ਨਾਮਾ ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥ ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥ ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥ ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥ ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥ ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥ ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥ {ਪੰਨਾ 901-902}

ਪਦ ਅਰਥ: ਓਟ = ਆਸਰਾ। ਜਾ ਕੈ ਸਿਮਰਨਿ = ਜਿਸ ਹਰਿ-ਨਾਮ ਦੇ ਸਿਮਰਨ ਨਾਲ। ਦੁਰਮਤਿ = ਖੋਟੀ ਮਤਿ। ਨਿਰਬਾਨ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ।1। ਰਹਾਉ।

ਤਿਹ ਜਨ ਕਉ = ਉਸ ਮਨੁੱਖ ਨੂੰ। ਜਾਨਹੁ = ਸਮਝੋ। ਖੋਇ ਕੈ = ਨਾਸ ਕਰ ਕੇ। ਫੁਨਿ = ਮੁੜ, ਫਿਰ। ਬੈਕੁੰਠਿ = ਬੈਕੁੰਠ ਵਿਚ। ਸਿਧਾਵੈ = ਜਾ ਪਹੁੰਚਦਾ ਹੈ।1।

ਕਾਲ = ਸਮਾ। ਮਹਿ = ਵਿਚ। ਨਾਰਾਇਨ ਸੁਧਿ = ਪਰਮਾਤਮਾ ਦੀ ਸੂਝ। {ਪੁਰਾਣਿਕ ਕਹਾਣੀ ਇਹ ਹੈ ਕਿ ਪਾਪੀ ਅਜਾਮਲ ਨੇ ਆਪਣੇ ਛੋਟੇ ਪੁੱਤਰ ਦਾ ਨਾਮ ਨਾਰਾਇਨ ਰੱਖਿਆ ਸੀ। ਅੰਤ ਵੇਲੇ ਆਪਣੇ ਪੁੱਤਰ ਨਾਰਾਇਨ ਨੂੰ ਯਾਦ ਕਰਦਿਆਂ ਉਸ ਨੂੰ ਪ੍ਰਭੂ-ਨਾਰਾਇਨ ਦੀ ਸੂਝ ਆ ਗਈ}। ਗਤਿ = ਉੱਚੀ ਆਤਮਕ ਅਵਸਥਾ। ਕਉ = ਨੂੰ। ਜੋਗੀਸੁਰ = ਵੱਡੇ ਵੱਡੇ ਜੋਗੀ।2।

ਨਾਹਿਨ = ਨਹੀਂ। ਗਜਿ = ਗਜ ਨੇ। {ਭਾਗਵਤ ਅਨੁਸਾਰ ਕਥਾ = ਇਕ ਗੰਧਰਵ ਕਿਸੇ ਰਿਸ਼ੀ ਦੇ ਸਰਾਪ ਨਾਲ ਹਾਥੀ ਬਣ ਗਿਆ। ਇਸ ਹਾਥੀ ਨੂੰ ਵਰੁਣ ਦੇ ਤਲਾਬ ਵਿਚ ਇਕ ਤੰਦੂਏ ਨੇ ਆਪਣੀਆਂ ਤੰਦਾਂ ਵਿਚ ਫੜ ਲਿਆ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ ਬਚ ਨਿਕਲਿਆ}। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਅਭੈ = ਨਿਰਭੈਤਾ ਦਾ। ਅਭੈ ਦਾਨੁ = ਨਿਰਭੈਤਾ ਦੀ ਬਖ਼ਸ਼ਸ਼। ਤਿਹ = ਉਸ ਨੂੰ।2।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ, ਜਿਸ ਨਾਮ ਦੇ ਸਿਮਰਨ ਨਾਲ ਖੋਟੀ ਮਤਿ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।1। ਰਹਾਉ।

ਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ। ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ।1।

(ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ, ਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ।2।

ਹੇ ਨਾਨਕ! (ਆਖ– ਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ? ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ।3।1।

TOP OF PAGE

Sri Guru Granth Darpan, by Professor Sahib Singh