ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 902

ਰਾਮਕਲੀ ਮਹਲਾ ੯ ॥ ਸਾਧੋ ਕਉਨ ਜੁਗਤਿ ਅਬ ਕੀਜੈ ॥ ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥ ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥ ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥ ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥ ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥ ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥ {ਪੰਨਾ 902}

ਪਦ ਅਰਥ: ਸਾਧੋ = ਹੇ ਸੰਤ ਜਨੋ! ਕਉਨ ਜੁਗਤਿ = ਕਿਹੜੀ ਵਿਓਂਤ? ਕੀਜੈ = ਕਰਨੀ ਚਾਹੀਦੀ ਹੈ। ਜਾ ਤੇ = ਜਿਸ (ਵਿਓਂਤ) ਨਾਲ। ਦੁਰਮਤਿ ਸਗਲ = ਸਾਰੀ ਖੋਟੀ ਮਤਿ। ਭੀਜੈ = ਭਿੱਜ ਜਾਏ।1। ਰਹਾਉ।

ਮਹਿ = ਵਿਚ। ਉਰਝਿ ਰਹਿਓ ਹੈ– ਫਸਿਆ ਹੋਇਆ ਹੈ, ਉਲਝਿਆ ਹੋਇਆ ਹੈ। ਗਿਆਨਾ = ਸਿਆਣਪ ਦੀ ਗੱਲ। ਕਉਨੁ ਨਾਮੁ = ਉਹ ਕਿਹੜਾ ਨਾਮ ਹੈ? ਜਾ ਕੈ ਸਿਮਰੈ = ਜਿਸ ਦਾ ਸਿਮਰਨ ਕਰਨ ਨਾਲ। ਪਦੁ ਨਿਰਬਾਨ = ਵਾਸਨਾ-ਰਹਿਤ ਦਰਜਾ, ਉਹ ਆਤਮਕ ਦਰਜਾ ਜਿਥੇ ਮਾਇਆ ਦੀ ਵਾਸਨਾ ਪੋਹ ਨਹੀਂ ਸਕਦੀ।1।

ਦਇਆਲ = ਦਇਆਵਾਨ। ਬਾਤ = ਗੱਲ। ਬਤਾਈ = ਦੱਸੀ। ਮਾਨੋ = ਇਹ ਮਿਥ ਲਵੋ ਕਿ। ਤਿਹ = ਉਸ ਮਨੁੱਖ ਨੇ। ਜਿਹ = ਜਿਸ ਮਨੁੱਖ ਨੇ। ਪ੍ਰਭ ਕੀਰਤਿ = ਪ੍ਰਭੂ ਦੀ ਸਿਫ਼ਤਿ-ਸਾਲਾਹ (ਦਾ ਗੀਤ) ।2।

ਨਰੁ = (ਜਿਹੜਾ) ਮਨੁੱਖ। ਨਿਸਿ = ਰਾਤ। ਬਾਸਰੁ = ਦਿਨ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਉਰਿ ਧਾਰੈ = ਹਿਰਦੇ ਵਿਚ ਟਿਕਾਂਦਾ ਹੈ। ਉਰਿ = ਹਿਰਦੇ ਵਿਚ। ਕੋ = ਦਾ। ਤ੍ਰਾਸੁ = ਡਰ, ਸਹਿਮ। ਤਿਹ = ਉਸ (ਮਨੁੱਖ) ਦਾ। ਸਵਾਰੈ = ਸਫਲ ਕਰ ਲੈਂਦਾ ਹੈ।3।

ਅਰਥ: ਹੇ ਸੰਤ ਜਨੋ! ਹੁਣ (ਇਸ ਮਨੁੱਖਾ ਜਨਮ ਵਿਚ ਉਹ) ਕਿਹੜੀ ਵਿਓਂਤ ਕੀਤੀ ਜਾਏ, ਜਿਸ ਦੇ ਕਰਨ ਨਾਲ (ਮਨੁੱਖ ਦੇ ਅੰਦਰੋਂ) ਸਾਰੀ ਖੋਟੀ ਮਤਿ ਨਾਸ ਹੋ ਜਾਏ, ਅਤੇ (ਮਨੁੱਖ ਦਾ) ਮਨ ਪਰਮਾਤਮਾ ਦੀ ਭਗਤੀ ਵਿਚ ਰਚ-ਮਿਚ ਜਾਏ?।1। ਰਹਾਉ।

ਹੇ ਸੰਤ ਜਨੋ! (ਆਮ ਤੌਰ ਤੇ ਮਨੁੱਖ ਦਾ) ਮਨ ਮਾਇਆ (ਦੇ ਮੋਹ) ਵਿਚ ਉਲਝਿਆ ਰਹਿੰਦਾ ਹੈ, ਮਨੁੱਖ ਰਤਾ ਭਰ ਭੀ ਸਿਆਣਪ ਦੀ ਇਹ ਗੱਲ ਨਹੀਂ ਵਿਚਾਰਦਾ ਕਿ ਉਹ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਜਗਤ ਵਾਸਨਾ-ਰਹਿਤ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।1।

ਹੇ ਭਾਈ! ਜਦੋਂ ਸੰਤ ਜਨ (ਕਿਸੇ ਭਾਗਾਂ ਵਾਲੇ ਉਤੇ) ਦਇਆਵਾਨ ਹੁੰਦੇ ਹਨ ਕਿਰਪਾਲ ਹੁੰਦੇ ਹਨ, ਤਦੋਂ ਉਹ (ਉਸ ਮਨੁੱਖ ਨੂੰ) ਇਹ ਗੱਲ ਦੱਸਦੇ ਹਨ ਕਿ = ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ ਕਿ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ।2।

ਹੇ ਨਾਨਕ! (ਆਖ– ਹੇ ਭਾਈ! ਜਿਹੜਾ) ਮਨੁੱਖ ਦਿਨ ਰਾਤ ਵਿਚ ਅੱਖ ਦੇ ਇਕ ਫੋਰ ਲਈ ਭੀ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਉਹ ਮਨੁੱਖ ਆਪਣਾ (ਮਨੁੱਖਾ) ਜਨਮ ਸਫਲ ਕਰ ਲੈਂਦਾ ਹੈ, ਉੇਸ ਮਨੁੱਖ ਦੇ ਦਿਲ ਵਿਚੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ।3।2।

ਰਾਮਕਲੀ ਮਹਲਾ ੯ ॥ ਪ੍ਰਾਨੀ ਨਾਰਾਇਨ ਸੁਧਿ ਲੇਹਿ ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥ ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥ ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥ ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥ ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥ ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥ ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥ {ਪੰਨਾ 902}

ਪਦ ਅਰਥ: ਪ੍ਰਾਨੀ = ਹੇ ਪ੍ਰਾਣੀ! ਹੇ ਜੀਵ! ਨਾਰਾਇਨ ਸੁਧਿ = ਪਰਮਾਤਮਾ ਦੀ ਯਾਦ। ਲੇਹਿ = (ਹਿਰਦੇ ਵਿਚ) ਟਿਕਾਈ ਰੱਖ। ਛਿਨੁ ਛਿਨੁ = ਇਕ ਇਕ ਛਿਨ ਕਰ ਕੇ। ਅਉਧ = ਉਮਰ। ਨਿਸਿ = ਰਾਤ। ਬਾਸੁਰ = ਦਿਨ। ਬ੍ਰਿਥਾ = ਵਿਅਰਥ। ਦੇਹ = ਸਰੀਰ।1। ਰਹਾਉ।

ਤਰਨਾਪੋ = {ਤਰੁਣ = ਜੁਆਨ} ਜਵਾਨੀ। ਬਿਖਿਅਨ ਸਿਉ = ਵਿਸ਼ਿਆਂ ਨਾਲ। ਖੋਇਓ = ਤੂੰ ਗਵਾ ਲਿਆ। ਬਾਲਪਨੁ = ਬਾਲ-ਉਮਰ। ਅਗਿਆਨਾ = ਅੰਞਾਣਪੁਣਾ। ਬਿਰਧਿ = ਬੁੱਢਾ। ਅਜਹੂ = ਅਜੇ ਭੀ। ਕਉਨ ਕੁਮਤਿ = ਕਿਹੜੀ ਖੋਟੀ ਮਤਿ ਵਿਚ? ਉਰਝਾਨਾ = ਉਲਝਿਆ ਪਿਆ ਹੈਂ।1।

ਮਾਨਸ ਜਨਮੁ = ਮਨੁੱਖਾ ਜਨਮ। ਜਿਹ ਠਾਕੁਰਿ = ਜਿਸ ਠਾਕੁਰ ਨੇ। ਤੈ = ਤੂੰ (ਹੇ ਪ੍ਰਾਣੀ!) । ਮੁਕਤੁ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਨਰ = ਹੇ ਮਨੁੱਖ! ਜਾ ਕੈ ਸਿਮਰੈ = ਜਿਸ ਦਾ ਸਿਮਰਨ ਕਰਨ ਨਾਲ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤਾ ਕਉ = ਉਸ (ਪਰਮਾਤਮਾ) ਨੂੰ।2।

ਕੋ = ਦਾ। ਮਦੁ = ਨਸ਼ਾ, ਮਾਣ। ਕਹਾ = ਕਿਉਂ? ਕਾਹੂ ਸੰਗਿ = ਕਿਸੇ ਦੇ ਭੀ ਨਾਲ। ਚੇਤਿ = ਚੇਤੇ ਕਰਦਾ ਰਹੁ, ਸਿਮਰਦਾ ਰਹੁ। ਚਿੰਤਾਮਨਿ = ਪਰਮਾਤਮਾ, (ਉਹ ਮਣੀ ਜੋ ਹਰੇਕ ਚਿਤਵਨੀ ਪੂਰੀ ਕਰ ਦੇਂਦੀ ਹੈ। ਸੁਵਰਗ ਵਿਚ ਮੰਨਿਆ ਗਿਆ ਉੱਤਮ ਪਦਾਰਥ) । ਅੰਤਿ = ਅਖ਼ੀਰਲੇ ਵੇਲੇ। ਹੋਇ ਹੈ– ਹੋਇਗਾ। ਸਹਾਈ = ਮਦਦਗਾਰ।3।

ਅਰਥ: ਹੇ ਭਾਈ! ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਈ ਰੱਖ। (ਪ੍ਰਭੂ ਦੀ ਯਾਦ ਤੋਂ ਬਿਨਾ ਤੇਰਾ ਮਨੁੱਖਾ) ਸਰੀਰ ਵਿਅਰਥ ਜਾ ਰਿਹਾ ਹੈ। ਦਿਨੇ ਰਾਤ ਇਕ ਇਕ ਛਿਨ ਕਰ ਕੇ ਤੇਰੀ ਉਮਰ ਘਟਦੀ ਜਾ ਰਹੀ ਹੈ।1। ਰਹਾਉ।

(ਜੀਵ ਭੀ ਅਜਬ ਮੰਦਭਾਗੀ ਹੈ ਕਿ ਇਸ ਨੇ) ਜਵਾਨੀ (ਦੀ ਉਮਰ) ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਬਾਲ-ਉਮਰ ਅੰਞਾਣ-ਪੁਣੇ ਵਿਚ (ਗਵਾ ਲਈ। ਹੁਣ) ਬੁੱਢਾ ਹੋ ਗਿਆ ਹੈ, ਪਰ ਅਜੇ ਭੀ ਨਹੀਂ ਸਮਝਦਾ। (ਪਤਾ ਨਹੀਂ ਇਹ) ਕਿਸ ਖੋਟੀ ਮਤਿ ਵਿਚ ਫਸਿਆ ਪਿਆ ਹੈ।1।

ਹੇ ਪ੍ਰਾਣੀ! ਜਿਸ ਠਾਕੁਰ-ਪ੍ਰਭੂ ਨੇ (ਤੈਨੂੰ) ਮਨੁੱਖਾ ਜਨਮ ਦਿੱਤਾ ਹੋਇਆ ਹੈ, ਤੂੰ ਉਸ ਨੂੰ ਕਿਉਂ ਭੁਲਾ ਰਿਹਾ ਹੈਂ? ਹੇ ਨਰ! ਜਿਸ ਪਰਮਾਤਮਾ ਦਾ ਨਾਮ ਸਿਮਰਨ ਨਾਲ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹੁੰਦੀ ਹੈ ਤੂੰ ਅੱਖ ਦੇ ਇਕ ਫੋਰ ਲਈ ਭੀ ਉਸ (ਦੀ ਸਿਫ਼ਤਿ-ਸਾਲਾਹ) ਨੂੰ ਨਹੀਂ ਗਾਂਦਾ।2।

ਹੇ ਪ੍ਰਾਣੀ! ਕਿਉਂ ਮਾਇਆ ਦਾ (ਇਤਨਾ) ਮਾਣ ਤੂੰ ਕਰ ਰਿਹਾ ਹੈਂ? (ਇਹ ਤਾਂ) ਕਿਸੇ ਦੇ ਨਾਲ ਭੀ (ਅਖ਼ੀਰ ਵੇਲੇ) ਨਹੀਂ ਜਾਂਦੀ। ਨਾਨਕ ਆਖਦਾ ਹੈ– ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ।3। 3। 81।

ਨੋਟ: ਅੰਕ 81 ਦਾ ਵੇਰਵਾ:
ਗੁਰੂ ਨਾਨਕ ਦੇਵ ਜੀ ਦੇ ਸ਼ਬਦ . . . . 11
ਗੁਰੂ ਅਮਰਦਾਸ ਜੀ ਦਾ ਸ਼ਬਦ . . . . .1
ਗੁਰੂ ਰਾਮਦਾਸ ਜੀ ਦੇ ਸ਼ਬਦ . . . . . . 6
ਗੁਰੂ ਅਰਜਨ ਸਾਹਿਬ ਦੇ ਸ਼ਬਦ . . . . 60
ਗੁਰੂ ਤੇਗ ਬਹਾਦਰ ਜੀ ਦੇ ਸ਼ਬਦ . . . . 3
. . . . . . . . . . ਜੋੜ . . . . . . . . . . . 81

ਰਾਮਕਲੀ ਮਹਲਾ ੧ ਅਸਟਪਦੀਆ     ੴ ਸਤਿਗੁਰ ਪ੍ਰਸਾਦਿ ॥ ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥ ਜੀਵਨ ਤਲਬ ਨਿਵਾਰਿ ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥ ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥ ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥ ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥ ਆਖੁ ਗੁਣਾ ਕਲਿ ਆਈਐ ॥ ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥ ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥ ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥ ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥ ਕਲਿ ਪਰਵਾਣੁ ਕਤੇਬ ਕੁਰਾਣੁ ॥ ਪੋਥੀ ਪੰਡਿਤ ਰਹੇ ਪੁਰਾਣ ॥ ਨਾਨਕ ਨਾਉ ਭਇਆ ਰਹਮਾਣੁ ॥ ਕਰਿ ਕਰਤਾ ਤੂ ਏਕੋ ਜਾਣੁ ॥੭॥ ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥ ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥ {ਪੰਨਾ 902-903}

ਪਦ ਅਰਥ: ਸੋਈ = ਉਹੀ। ਚੜਹਿ = ਚੜ੍ਹਦੇ ਹਨ। ਦਿਨੀਅਰੁ = {idnkr} ਸੂਰਜ। ਸਾ = ਉਹੀ {ਨੋਟ: ਪੜਨਾਂਵ 'ਸਾ' ਇਸਤ੍ਰੀ ਲਿੰਗ ਹੈ ਅਤੇ 'ਸੋ' ਪੁਲਿੰਗ ਹੈ}। ਝੁਲਾਰੇ = ਝੁਲਦੀ ਹੈ। ਜੁਗ ਜੀਅ ਖੇਲੇ = ਜੁਗ (ਦਾ ਪ੍ਰਭਾਵ) ਜੀਵਾਂ (ਦੇ ਮਨ) ਵਿਚ ਖੇਡ ਰਿਹਾ ਹੈ। ਥਾਵ ਕੈਸੇ = ਥਾਵਾਂ ਉਤੇ ਕਿਵੇਂ (ਖੇਡ ਸਕਦਾ ਹੈ) ? ਨੋਟ: ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ}।1।

ਜੀਵਨ ਤਲਬ = ਜੀਵਨ ਦੀ ਤਲਬ, ਸੁਆਰਥ। ਤਲਬ = ਲੋੜ, ਇੱਛਾ। ਨਿਵਾਰਿ = ਦੂਰ ਕਰ। ਹੋਵੈ ਪਰਵਾਣਾ = (ਨਿਆਂ) ਮੰਨਿਆ ਜਾਂਦਾ ਹੈ। ਧਿਙਾਣਾ = ਜ਼ੋਰ, ਧੱਕਾ, ਜ਼ੁਲਮ। ਲਖਣ = ਲੱਛਣ, ਨਿਸ਼ਾਨੀਆਂ। ਵੀਚਾਰਿ = ਸਮਝ।1। ਰਹਾਉ।

ਕਿਤੈ ਦੇਸਿ = ਕਿਸੇ ਭੀ ਦੇਸ ਵਿਚ। ਤਹ = ਉਥੇ, ਉਸ ਥਾਂ। ਉਸਾਰਿ = ਉਸਾਰ ਕੇ, ਬਣਾ ਕੇ।2।

ਸਤੁ = ਉੱਚਾ ਆਚਰਨ। ਛੀਜੈ = ਛਿੱਜਦਾ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ। ਤਪ ਘਰਿ = ਤਪ ਦੇ ਘਰ ਵਿਚ, ਜਿਸ ਦੇ ਘਰ ਵਿਚ ਤਪ ਹੈ, ਤਪਸ੍ਵੀ। ਨਾਉ = ਪਰਮਾਤਮਾ ਦਾ ਨਾਮ। ਏਈ = ਇਹੀ (ਹਨ) ।3।

ਸਿਕਦਾਰੀ = ਸਰਦਾਰੀ, ਚੌਧਰ। ਖੁਆਰੀ = ਜ਼ਿੱਲਤ, ਦੁਰਗਤਿ। ਕੇਹੇ = ਕਾਹਦੇ ਵਾਸਤੇ? ਸਿਕਦਾਰੈ = ਸਿਕਦਾਰ ਨੂੰ।4।

ਆਖੁ ਗੁਣਾ = (ਪਰਮਾਤਮਾ ਦੇ) ਗੁਣ ਆਖ। ਕਲਿ ਆਈਐ = (ਜੇ) ਕਲਿਜੁਗ (ਭੀ) ਆਇਆ ਮੰਨ ਲਿਆ ਜਾਏ। ਕੇਰਾ = ਦਾ। ਤਿਹੁ ਜੁਗ ਕੇਰਾ = ਤਿੰਨਾਂ ਹੀ ਜੁਗਾਂ ਦਾ। ਰਹਿਆ = ਰਹਿ ਗਿਆ ਹੈ, ਮੁੱਕ ਗਿਆ ਹੈ। ਤਪਾਵਸੁ = ਨਿਆਂ, ਪ੍ਰਭਾਵ। ਦੇਹਿ = (ਹੇ ਪ੍ਰਭੂ!) ਤੂੰ ਦੇਵੇਂ। ਤ ਪਾਈਐ = ਤਾਂ (ਇਹ ਗੁਣ ਹੀ) ਪ੍ਰਾਪਤ ਕਰਨ ਜੋਗ ਹਨ।1। ਰਹਾਉ।

ਕਲਿ = (ਇਹੀ) ਕਲਜੁਗ (ਹੈ) । ਕਲ ਵਾਲੀ = ਕਲਹ ਵਾਲੀ, ਝਗੜੇ ਵਧਾਣ ਵਾਲੀ। ਸਰਾ = ਸ਼ਰਹ, ਧਾਰਮਕ ਕਾਨੂੰਨ। ਨਿਬੇੜੀ = ਨਿਬੇੜਾ ਕਰਨ ਵਾਲੀ, ਫ਼ੈਸਲਾ ਦੇਣ ਵਾਲੀ, ਨਿਆਂ ਕਰਨ ਵਾਲੀ। ਕਾਜੀ = ਝਗੜਿਆਂ ਦੇ ਫ਼ੈਸਲੇ ਕਰਨ ਵਾਲਾ ਹਾਕਮ। ਕ੍ਰਿਸ਼ਨਾ = ਕਾਲਾ, ਕਾਲੇ ਦਿਲ ਵਾਲਾ, ਵੱਢੀ-ਖ਼ੋਰ। ਕਰਣੀ = ਉੱਚਾ ਆਚਰਨ। ਕੀਰਤਿ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਲਹਿਆ = (ਲੋਕਾਂ ਦੇ ਮਨਾਂ ਤੋਂ) ਲਹਿ ਗਏ ਹਨ।5।

ਪੂਜਾ = ਦੇਵ-ਪੂਜਾ, ਦੇਵਤਿਆਂ ਦੀ ਪੂਜਾ। ਪਤਿ = ਪ੍ਰਭੂ-ਪਤੀ। ਸਤ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਜਤ = ਕਾਮ-ਵਾਸਨਾ ਨੂੰ ਰੋਕਣਾ। ਕਾਹੇ = ਕੀਹ ਲਾਭ? ਵਿਅਰਥ। ਸੁਚ = ਪਵਿਤ੍ਰਤਾ।6।

ਕਲਿ = ਇਹ ਹੈ ਕਲਿਜੁਗ। ਪਰਵਾਣੁ = (ਜੇਹੜੇ "ਧਿਙਾਣਾ ਕਰਹਿ" ਉਹਨਾਂ ਦੇ ਦਬਾਉ ਹੇਠ) ਮੰਨੇ ਜਾ ਰਹੇ ਹਨ। ਰਹੇ = ਰਹਿ ਗਏ ਹਨ।7।

ਏਦੂ ਉਪਰਿ = ਇਸ ਤੋਂ ਸ੍ਰੇਸ਼ਟ। ਓਲਾਮਾ = ਗਿਲਾ, ਸ਼ਰਮ-ਸਾਰੀ। ਤਹੀ = ਉਥੇ।8।

ਅਰਥ: (ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ। ਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ = ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ।1। ਰਹਾਉ।

(ਜਿਸ ਅਸਲ ਕਲਿਜੁਗ ਦਾ ਜ਼ਿਕਰ ਅਸਾਂ ਕੀਤਾ ਹੈ ਉਸ) ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ (ਕਿਉਂਕਿ ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ।1।

ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ। ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ।2।

ਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿਚ ਨਹੀਂ ਹਨ, ਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ।3।

(ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀਂ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸ ਦੀ ਹੀ (ਇਸ ਧੱਕੇ-ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ। ਨੌਕਰਾਂ ਨੂੰ (ਉਸ ਦੁਰਗਤਿ ਤੋਂ ਕੋਈ) ਖ਼ਤਰਾ ਨਹੀਂ ਹੁੰਦਾ। ਜਦੋਂ ਉਸ ਸਰਦਾਰ ਦੇ ਗਲ ਵਿਚ ਫਾਹਾ ਪੈਂਦਾ ਹੈ, ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ।4।

(ਹੇ ਪੰਡਿਤ! ਤੇਰੇ ਕਹਿਣ ਅਨੁਸਾਰ ਜੇ ਹੁਣ) ਕਲਿਜੁਗ ਦਾ ਸਮਾ ਹੀ ਆ ਗਿਆ ਹੈ (ਤਾਂ ਭੀ ਤੀਰਥ ਵਰਤ ਆਦਿਕ ਕਰਮ ਕਾਂਡ ਦਾ ਰਸਤਾ ਛੱਡ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ (ਕਿਉਂਕਿ ਤੇਰੇ ਧਰਮ ਸ਼ਾਸਤ੍ਰਾਂ ਅਨੁਸਾਰ ਕਲਿਜੁਗ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ, ਤੇ) ਪਹਿਲੇ ਤਿੰਨ ਜੁਗਾਂ ਦਾ ਪ੍ਰਭਾਵ ਹੁਣ ਮੁੱਕ ਚੁਕਾ ਹੈ। (ਸੋ, ਹੇ ਪੰਡਿਤ! ਪਰਮਾਤਮਾ ਅਗੇ ਇਉਂ ਅਰਜ਼ੋਈ ਕਰ = ਹੇ ਪ੍ਰਭੂ! ਜੇ ਬਖ਼ਸ਼ਸ਼ ਕਰਨੀ ਹੈ ਤਾਂ ਆਪਣੇ) ਗੁਣਾਂ ਦੀ ਬਖ਼ਸ਼ਸ਼ ਕਰ, ਇਹ ਹੀ ਪ੍ਰਾਪਤ ਕਰਨ-ਜੋਗ ਹੈ।1। ਰਹਾਉ।

(ਹੇ ਪੰਡਿਤ) ਕਲਿਜੁਗ ਇਹ ਹੈ (ਕਿ ਮੁਸਲਮਾਨੀ ਹਕੂਮਤ ਵਿਚ ਧੱਕੇ-ਜ਼ੋਰ ਨਾਲ) ਝਗੜੇ ਵਧਾਣ ਵਾਲਾ ਇਸਲਾਮੀ ਕਾਨੂੰਨ ਹੀ ਫ਼ੈਸਲੇ ਕਰਨ ਵਾਲਾ ਬਣਿਆ ਹੋਇਆ ਹੈ, ਤੇ ਨਿਆਂ ਕਰਨ ਵਾਲਾ ਕਾਜ਼ੀ-ਹਾਕਮ ਵੱਢੀ-ਖ਼ੋਰ ਹੋ ਚੁਕਾ ਹੈ। ਜਾਦੂ ਟੂਣਿਆਂ ਦਾ ਪਰਚਾਰਕ) ਅਥਰਬਣ ਵੇਦ ਬ੍ਰਹਮਾ ਦੀ ਬਾਣੀ ਪ੍ਰਧਾਨ ਹੈ। ਉੱਚਾ ਆਚਰਨ ਤੇ ਸਿਫ਼ਤਿ-ਸਾਲਾਹ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ– ਇਹੀ ਹੈ ਕਲਿਜੁਗ।5।

ਪਤੀ-ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਉੱਚੇ ਆਚਰਨ ਤੋਂ ਖ਼ਾਲੀ ਰਹਿ ਕੇ ਇਸ ਸੰਜਮ ਦਾ ਕੀਹ ਲਾਭ? ਜੇ ਵਿਚਾਰਾਂ ਵਲੋਂ ਰੋਕ-ਥੰਮ ਨਹੀਂ ਤਾਂ ਜਨੇਊ ਕੀਹ ਸੰਵਾਰਦਾ ਹੈ? (ਹੇ ਪੰਡਿਤ!) ਤੁਸੀ (ਤੀਰਥਾਂ ਤੇ) ਇਸ਼ਨਾਨ ਕਰਦੇ ਹੋ, (ਸਰੀਰ ਮਲ ਮਲ ਕੇ) ਧੋਂਦੇ ਹੋ, (ਮੱਥੇ ਉਤੇ) ਤਿਲਕ ਲਾਂਦੇ ਹੋ (ਤੇ ਇਸ ਨੂੰ ਪਵਿਤ੍ਰ ਕਰਮ ਸਮਝਦੇ ਹੋ) , ਪਰ ਪਵਿਤ੍ਰ ਆਚਰਨ ਤੋਂ ਬਿਨਾ ਇਹ ਬਾਹਰਲੀ ਪਵਿਤ੍ਰਤਾ ਕੋਈ ਮੁੱਲ ਨਹੀਂ ਰੱਖਦੀ। (ਅਸਲ ਵਿਚ ਇਹ ਭੁਲੇਖਾ ਭੀ ਕਲਿਜੁਗ ਹੀ ਹੈ) ।6।

(ਇਸਲਾਮੀ ਹਕੂਮਤ ਦੇ ਧੱਕੇ ਜ਼ੋਰ ਦੇ ਹੇਠ) ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਪੰਡਿਤਾਂ ਦੀਆਂ ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ। ਹੇ ਨਾਨਕ! (ਇਸ ਜ਼ੋਰ ਧੱਕੇ ਹੇਠ ਹੀ) ਪਰਮਾਤਮਾ ਦਾ ਨਾਮ 'ਰਹਮਾਨ' ਆਖਿਆ ਜਾ ਰਿਹਾ ਹੈ– ਇਹ ਭੀ, ਹੇ ਪੰਡਿਤ! ਕਲਿਜੁਗ (ਦਾ ਲੱਛਣ) ਹੈ (ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਧੱਕੇ ਜ਼ੋਰ ਨਾਲ 'ਧਿਙਾਣੇ' ਨਾਲ ਦਬਾਣਾ ਕਲਿਜੁਗ ਦਾ ਪ੍ਰਭਾਵ ਹੈ) । ਹੇ ਪੰਡਿਤ! ਹਰ ਇਕੋ ਕਰਤਾਰ ਹੈ ਹੀ ਇਹ ਸਭ ਕੁਝ ਕਰਨ ਵਾਲਾ ਜਾਣ।7।

ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਹੈ (ਪੰਡਿਤ ਤੀਰਥ ਵਰਤ ਆਦਿਕ ਕਰਮਾਂ ਨੂੰ ਹੀ ਸਲਾਹੁੰਦਾ ਰਹਿੰਦਾ ਹੈ) । (ਪਰਮਾਤਮਾ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ, ਉਸ ਦਾ ਨਾਮ ਭੁਲਾਇਆਂ ਇਹ ਸੂਝ ਨਹੀਂ ਰਹਿੰਦੀ ਤੇ ਮਨੁੱਖ ਹੋਰ ਹੋਰ ਆਸਰੇ ਤੱਕਦਾ ਫਿਰਦਾ ਹੈ) ਪਰਮਾਤਮਾ ਦਾਤਾਰ ਹਿਰਦੇ-ਘਰ ਵਿਚ ਹੋਵੇ ਤੇ ਭੁੱਲੜ ਜੀਵ ਬਾਹਰ ਦੇਵੀ ਦੇਵਤਿਆਂ ਆਦਿਕ ਤੋਂ ਮੰਗਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ।8।1।

TOP OF PAGE

Sri Guru Granth Darpan, by Professor Sahib Singh