ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 903 ਰਾਮਕਲੀ ਮਹਲਾ ੧ ॥ ਜਗੁ ਪਰਬੋਧਹਿ ਮੜੀ ਬਧਾਵਹਿ ॥ ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥ ਮਮਤਾ ਮੋਹੁ ਕਾਮਣਿ ਹਿਤਕਾਰੀ ॥ ਨਾ ਅਉਧੂਤੀ ਨਾ ਸੰਸਾਰੀ ॥੧॥ ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥ ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥ ਗਾਵਹਿ ਗੀਤ ਨ ਚੀਨਹਿ ਆਪੁ ॥ ਕਿਉ ਲਾਗੀ ਨਿਵਰੈ ਪਰਤਾਪੁ ॥ ਗੁਰ ਕੈ ਸਬਦਿ ਰਚੈ ਮਨ ਭਾਇ ॥ ਭਿਖਿਆ ਸਹਜ ਵੀਚਾਰੀ ਖਾਇ ॥੨॥ ਭਸਮ ਚੜਾਇ ਕਰਹਿ ਪਾਖੰਡੁ ॥ ਮਾਇਆ ਮੋਹਿ ਸਹਹਿ ਜਮ ਡੰਡੁ ॥ ਫੂਟੈ ਖਾਪਰੁ ਭੀਖ ਨ ਭਾਇ ॥ ਬੰਧਨਿ ਬਾਧਿਆ ਆਵੈ ਜਾਇ ॥੩॥ ਬਿੰਦੁ ਨ ਰਾਖਹਿ ਜਤੀ ਕਹਾਵਹਿ ॥ ਮਾਈ ਮਾਗਤ ਤ੍ਰੈ ਲੋਭਾਵਹਿ ॥ ਨਿਰਦਇਆ ਨਹੀ ਜੋਤਿ ਉਜਾਲਾ ॥ ਬੂਡਤ ਬੂਡੇ ਸਰਬ ਜੰਜਾਲਾ ॥੪॥ ਭੇਖ ਕਰਹਿ ਖਿੰਥਾ ਬਹੁ ਥਟੂਆ ॥ ਝੂਠੋ ਖੇਲੁ ਖੇਲੈ ਬਹੁ ਨਟੂਆ ॥ ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥ ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥ ਮੁੰਦ੍ਰਾ ਫਟਕ ਬਨਾਈ ਕਾਨਿ ॥ ਮੁਕਤਿ ਨਹੀ ਬਿਦਿਆ ਬਿਗਿਆਨਿ ॥ ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥ ਪਸੂ ਭਏ ਨਹੀ ਮਿਟੈ ਨੀਸਾਨਾ ॥੬॥ ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥ ਸਬਦੁ ਵੀਚਾਰੈ ਚੂਕਸਿ ਸੋਗਾ ॥ ਊਜਲੁ ਸਾਚੁ ਸੁ ਸਬਦੁ ਹੋਇ ॥ ਜੋਗੀ ਜੁਗਤਿ ਵੀਚਾਰੇ ਸੋਇ ॥੭॥ ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥ ਥਾਪਿ ਉਥਾਪੇ ਕਰੇ ਸੁ ਹੋਗੁ ॥ ਜਤੁ ਸਤੁ ਸੰਜਮੁ ਸਚੁ ਸੁਚੀਤੁ ॥ ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥ {ਪੰਨਾ 903} ਪਦ ਅਰਥ: ਪਰਬੋਧਹਿ = ਤੂੰ ਜਗਾਂਦਾ ਹੈਂ, ਤੂੰ ਉਪਦੇਸ਼ ਕਰਦਾ ਹੈਂ (ਹੇ ਜੋਗੀ!) । ਮੜੀ = ਸਰੀਰ। ਬਧਾਵਹਿ = (ਪਾਲ ਪਾਲ ਕੇ) ਵਧਾਂਦਾ ਹੈਂ, ਮੋਟਾ ਕਰਦਾ ਹੈਂ। ਆਸਣੁ = ਮਨ ਦਾ ਆਸਣ, ਚਿੱਤ ਦੀ ਅਡੋਲਤਾ। ਕਾਹੇ = ਕਿਵੇਂ? ਕਾਮਣਿ = ਇਸਤ੍ਰੀ। ਹਿਤ ਕਾਰੀ = ਪ੍ਰੇਮ ਕਰਨ ਵਾਲਾ। ਅਉਧੂਤੀ = ਤਿਆਗੀ। ਸੰਸਾਰੀ = ਗ੍ਰਿਹਸਤੀ।1। ਜੋਗੀ = ਹੇ ਜੋਗੀ! ਬੈਸਿ ਰਹਹੁ = ਬੈਠਾ ਰਹੁ, ਸ੍ਵੈ ਸਰੂਪ ਵਿਚ ਟਿਕਿਆ ਰਹੁ, ਮਨ ਨੂੰ ਟਿਕਾਉ। ਦੁਬਿਧਾ = ਦੁਚਿੱਤਾਪਨ, ਦੂਜੇ ਆਸਰੇ ਦੀ ਝਾਕ। ਭਾਗੈ = ਦੂਰ ਹੋ ਜਾਏ। ਲਾਜ ਨ ਲਾਗੈ = ਸ਼ਰਮ ਨਾਹ ਉਠਾਣੀ ਪਏ।1। ਰਹਾਉ। ਆਪੁ = ਆਪਣੇ ਆਪ ਨੂੰ। ਨ ਚੀਨਹਿ = ਤੂੰ ਨਹੀਂ ਪਛਾਣਦਾ। ਲਾਗੀ = ਲੱਗੀ ਹੋਈ। ਨਿਵਰੈ = ਦੂਰ ਹੋਵੇ। ਪਰਤਾਪੁ = ਤਪਸ਼, ਤ੍ਰਿਸ਼ਨਾ-ਅੱਗ। ਸਬਦਿ = ਸ਼ਬਦ ਵਿਚ। ਮਨ ਭਾਇ = ਮਨ ਦੇ ਪ੍ਰੇਮ ਨਾਲ। ਸਹਜ ਵੀਚਾਰੀ = ਸਹਿਜ ਦਾ ਵਿਚਾਰਵਾਨ ਹੋ ਕੇ, ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ। ਭਿਖਿਆ = (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ। ਖਾਇ = ਖਾਂਦਾ ਹੈ {ਨੋਟ: ਲਫ਼ਜ਼ 'ਖਾਇ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}।2। ਭਸਮ = ਸੁਆਹ। ਚੜਾਇ = ਚੜ੍ਹਾ ਕੇ, ਮਲ ਕੇ। ਸਹਹਿ = ਤੂੰ ਸਹਾਰਦਾ ਹੈਂ। ਡੰਡੁ = ਸਜ਼ਾ। ਖਾਪਰੁ = ਖੱਪਰ, ਹਿਰਦਾ। ਫੂਟੈ = ਟੁੱਟ ਜਾਂਦਾ ਹੈ, ਅਡੋਲਤਾ ਨਹੀਂ ਰਹਿ ਜਾਂਦੀ। ਭੀਖ = ਨਾਮ ਦੀ ਭਿੱਛਿਆ। ਭਾਇ = (ਪ੍ਰਭੂ ਦੇ) ਪ੍ਰੇਮ ਦੀ ਰਾਹੀਂ। ਬੰਧਨਿ = ਬੰਧਨ ਵਿਚ।3। ਬਿੰਦੁ = ਵੀਰਜ। ਮਾਈ = ਮਾਇਆ। ਤ੍ਰੈ = (ਮਾਇਆ ਦੇ) ਤਿੰਨ ਗੁਣਾਂ ਵਿਚ। ਲੋਭਾਵਹਿ = ਤੂੰ ਗ੍ਰਸਿਆ ਹੋਇਆ ਹੈਂ। ਉਜਾਲਾ = ਚਾਨਣ, ਪ੍ਰਕਾਸ਼। ਬੂਡਤ ਬੂਡੇ = ਡੁੱਬਦਾ ਡੁੱਬ ਗਿਆ।4। ਖਿੰਥਾ = ਗੋਦੜੀ। ਥਟੂਆ = ਥਾਟ, ਬਨਾਵਟ। ਨਟੂਆ = ਮਦਾਰੀ। ਅਗਨਿ = ਤ੍ਰਿਸ਼ਨਾ ਦੀ ਅੱਗ। ਜਾਰੇ = ਸਾੜਦੀ ਹੈ। ਕਰਮਾ = ਬਖ਼ਸ਼ਸ਼, ਮੇਹਰ। ਉਤਰਸਿ = ਉਤਰੇਗਾ।5। ਫਟਕ = ਕੱਚ। ਕਾਨਿ = ਕੰਨ ਵਿਚ। ਗਿਆਨਿ = ਗਿਆਨ ਵਿਚ। ਬਿਗਿਆਨਿ = ਗਿਆਨ-ਹੀਨਤਾ ਵਿਚ। ਬਿਦਿਆ = ਆਤਮਕ ਵਿੱਦਿਆ। ਬਿਦਿਆ ਬਿਗਿਆਨੀ = ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ। ਸਾਦਿ = ਸ੍ਵਾਦ ਵਿਚ, ਚਸਕੇ ਵਿਚ। ਲੋੁਭਾਨਾ = ਫਸਿਆ ਹੋਇਆ {ਨੋਟ: ਅੱਖਰ 'ਲ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਲੋਭਾਨਾ' ਹੈ, ਇਥੇ 'ਲੁਭਾਨਾ' ਪੜ੍ਹਨਾ ਹੈ}। ਨੀਸਾਨਾ = ਨਿਸ਼ਾਨਾ, ਲੱਛਣ।6। ਤ੍ਰਿਬਿਧਿ = ਮਾਇਆ ਦੀਆਂ ਤਿੰਨ ਕਿਸਮਾਂ ਵਿਚ, ਤਿੰਨ ਗੁਣਾਂ ਵਿਚ। ਲੋਗਾ = ਸਾਧਾਰਨ ਜਗਤ। ਜੋਗਾ = ਜੋਗਧਾਰੀ, ਜੋਗੀ। ਸੋਗਾ = ਚਿੰਤਾ। ਊਜਲੁ ਹੋਇ = ਪਵਿਤ੍ਰ ਹੋ ਜਾਂਦਾ ਹੈ। ਜੁਗਤਿ = ਜੀਵਨ ਦੀ ਜਾਚ।7। ਪਹਿ = ਪਾਸ। ਨਉਨਿਧ = ਨੌ ਖ਼ਜ਼ਾਨੇ, ਨੌ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ। ਉਥਾਪੇ = ਨਾਸ ਕਰਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਸੁਚੀਤੁ = ਪਵਿਤ੍ਰ ਹਿਰਦੇ ਵਾਲਾ।8। ਅਰਥ: ਹੇ ਜੋਗੀ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ। ਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ।1। ਰਹਾਉ। (ਹੇ ਜੋਗੀ!) ਤੂੰ ਜਗਤ ਨੂੰ ਉਪਦੇਸ਼ ਕਰਦਾ ਹੈਂ (ਇਸ ਉਪਦੇਸ਼ ਦੇ ਵੱਟੇ ਘਰ ਘਰ ਭਿੱਛਿਆ ਮੰਗ ਕੇ ਆਪਣੇ) ਸਰੀਰ ਨੂੰ (ਪਾਲ ਪਾਲ ਕੇ) ਮੋਟਾ ਕਰ ਰਿਹਾ ਹੈਂ। (ਦਰ ਦਰ ਭਟਕਣ ਨਾਲ) ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ-ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈਂ? ਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ ਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ।1। (ਹੇ ਜੋਗੀ! ਤੂੰ ਲੋਕਾਂ ਨੂੰ ਸੁਣਾਣ ਵਾਸਤੇ) ਭਜਨ ਗਾਉਂਦਾ ਹੈਂ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਵੇਖਦਾ। (ਤੇਰੇ ਅੰਦਰ ਮਾਇਆ ਦੀ) ਤਪਸ਼ ਲੱਗੀ ਹੋਈ ਹੈ (ਲੋਕਾਂ ਨੂੰ ਗੀਤ ਸੁਣਾਇਆਂ) ਇਹ ਕਿਵੇਂ ਦੂਰ ਹੋਵੇ? ਜੇਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਲੀਨ ਹੁੰਦਾ ਹੈ, ਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ (ਲੈ ਕੇ) ਖਾਂਦਾ ਹੈ।2। (ਹੇ ਜੋਗੀ!) ਤੂੰ (ਆਪਣੇ ਪਿੰਡੇ ਉਤੇ) ਸੁਆਹ ਮਲ ਕੇ (ਤਿਆਗੀ ਹੋਣ ਦਾ, ਪਖੰਡ ਕਰਦਾ ਹੈਂ (ਪਰ ਤੇਰੇ ਅੰਦਰ) ਮਾਇਆ ਦਾ ਮੋਹ (ਪ੍ਰਬਲ) ਹੈ (ਅੰਤਰ ਆਤਮੇ) ਤੂੰ ਜਮ ਦੀ ਸਜ਼ਾ ਭੁਗਤ ਰਿਹਾ ਹੈਂ। ਜਿਸ ਮਨੁੱਖ ਦਾ ਹਿਰਦਾ-ਖੱਪਰ ਟੁੱਟ ਜਾਂਦਾ ਹੈ (ਭਾਵ, ਮਾਇਆ ਦੇ ਮੋਹ ਦੇ ਕਾਰਨ ਜਿਸ ਦਾ ਹਿਰਦਾ ਅਡੋਲ ਨਹੀਂ ਰਹਿ ਜਾਂਦਾ) ਉਸ ਵਿਚ (ਨਾਮ ਦੀ) ਉਹ ਭਿੱਛਿਆ ਨਹੀਂ ਠਹਿਰ ਸਕਦੀ ਜੋ (ਪ੍ਰਭੂ-ਚਰਨਾਂ ਵਿਚ) ਪ੍ਰੇਮ ਦੀ ਰਾਹੀਂ ਮਿਲਦੀ ਹੈ। ਅਜੇਹਾ ਮਨੁੱਖ ਮਾਇਆ ਦੀ ਜੇਵੜੀ ਵਿਚ ਬੱਝਾ ਹੋਇਆ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।3। ਹੇ ਜੋਗੀ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ। ਮਾਇਆ ਮੰਗਦਾ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿਚ ਫਸ ਰਿਹਾ ਹੈਂ। ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ, (ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿਚ ਡੁੱਬ ਜਾਂਦਾ ਹੈ।4। (ਹੇ ਜੋਗੀ!) ਗੋਦੜੀ ਆਦਿਕ ਦਾ ਬਹੁਤ ਅਡੰਬਰ ਰਚਾ ਕੇ ਤੂੰ (ਵਿਖਾਵੇ ਲਈ) ਧਾਰਮਿਕ ਪਹਿਰਾਵਾ ਕਰ ਰਿਹਾ ਹੈਂ, ਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ (ਲੋਕਾਂ ਪਾਸੋਂ ਮਾਇਆ ਕਮਾਣ ਲਈ) ਝੂਠਾ ਖੇਲ ਹੀ ਖੇਲਦਾ ਹੈ (ਭਾਵ, ਜੋ ਕੁਝ ਉਹ ਵਿਖਾਂਦਾ ਹੈ ਉਹ ਅਸਲ ਵਿਚ ਨਜ਼ਰ ਦਾ ਧੋਖਾ ਹੀ ਹੁੰਦਾ ਹੈ) । ਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ ਅੰਦਰ ਸਾੜ ਰਹੀ ਹੋਵੇ, ਉਹ ਪਰਮਾਤਮਾ ਦੀ ਮੇਹਰ ਤੋਂ ਬਿਨਾ (ਅੱਗ ਦੇ ਇਸ ਭਾਂਬੜ ਤੋਂ) ਪਾਰ ਨਹੀਂ ਲੰਘ ਸਕਦਾ।5। (ਹੇ ਜੋਗੀ!) ਤੂੰ ਕੱਚ ਦੀ ਮੁੰਦ੍ਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿਚ ਪਾਈ ਹੋਈ ਹੈ, ਪਰ ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ (ਅੰਦਰ ਵੱਸਦੇ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ। ਜੇਹੜਾ ਮਨੁੱਖ ਜੀਭ ਤੇ ਇੰਦ੍ਰੀ ਦੇ ਚਸਕੇ ਵਿਚ ਫਸਿਆ ਹੋਇਆ ਹੋਵੇ (ਉਹ ਵੇਖਣ ਨੂੰ ਤਾਂ ਮਨੁੱਖ ਹੈ, ਪਰ ਅਸਲ ਵਿਚ) ਪਸ਼ੂ ਹੈ, (ਬਾਹਰਲੇ ਤਿਆਗੀ ਭੇਖ ਨਾਲ) ਉਸ ਦਾ ਇਹ ਪਸ਼ੂ-ਪੁਣੇ ਦਾ (ਅੰਦਰਲਾ) ਲੱਛਣ ਮਿਟ ਨਹੀਂ ਸਕਦਾ।6। (ਹੇ ਜੋਗੀ! ਖਿੰਥਾ ਮੁੰਦ੍ਰਾ ਆਦਿਕ ਨਾਲ ਤਾਂ ਤਿਆਗੀ ਨਹੀਂ ਬਣ ਜਾਈਦਾ। ਸ਼ਬਦ ਤੋਂ ਬਿਨਾ ਜਿਵੇਂ) ਸਾਧਾਰਨ ਜਗਤ ਤ੍ਰੈਗੁਣੀ ਮਾਇਆ ਵਿਚ ਗ੍ਰਸਿਆ ਹੋਇਆ ਹੈ ਤਿਵੇਂ (ਭੇਖਧਾਰੀ) ਜੋਗੀ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, (ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੀ) ਉਸ ਦੀ ਚਿੰਤਾ ਮਿਟ ਜਾਂਦੀ ਹੈ। ਉਹੀ ਮਨੁੱਖ ਪਵਿਤ੍ਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਤੇ ਉਸ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਵੱਸਦਾ ਹੈ, ਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੁਗਤਿ ਨੂੰ ਸਮਝਦਾ ਹੈ।7। (ਹੇ ਜੋਗੀ!) ਤੂੰ ਸਭ ਕੁਝ ਕਰਣ ਦੇ ਸਮਰੱਥ ਪਰਮਾਤਮਾ ਨੂੰ ਸਿਮਰ, ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵੱਸਦਾ ਹੈ। ਉਹ ਆਪ ਹੀ ਜਗਤ ਰਚਨਾ ਕਰ ਕੇ ਆਪ ਹੀ ਨਾਸ ਕਰਦਾ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਹੇ ਨਾਨਕ! ਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿਤ੍ਰ ਹੈ ਜਿਸ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਹੈ (ਉਸ ਜੋਗੀ ਨੂੰ ਸਾਰਾ ਜਗਤ ਪਿਆਰ ਕਰਦਾ ਹੈ) ।8।2। ਰਾਮਕਲੀ ਮਹਲਾ ੧ ॥ ਖਟੁ ਮਟੁ ਦੇਹੀ ਮਨੁ ਬੈਰਾਗੀ ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥ ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥ ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥ ਮਾਇਆ ਮੋਹੁ ਬਿਵਰਜਿ ਸਮਾਏ ॥ ਸਤਿਗੁਰੁ ਭੇਟੈ ਮੇਲਿ ਮਿਲਾਏ ॥ ਨਾਮੁ ਰਤਨੁ ਨਿਰਮੋਲਕੁ ਹੀਰਾ ॥ ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥ ਹਉਮੈ ਮਮਤਾ ਰੋਗੁ ਨ ਲਾਗੈ ॥ ਰਾਮ ਭਗਤਿ ਜਮ ਕਾ ਭਉ ਭਾਗੈ ॥ ਜਮੁ ਜੰਦਾਰੁ ਨ ਲਾਗੈ ਮੋਹਿ ॥ ਨਿਰਮਲ ਨਾਮੁ ਰਿਦੈ ਹਰਿ ਸੋਹਿ ॥੩॥ ਸਬਦੁ ਬੀਚਾਰਿ ਭਏ ਨਿਰੰਕਾਰੀ ॥ ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥ ਅਨਦਿਨੁ ਜਾਗਿ ਰਹੇ ਲਿਵ ਲਾਈ ॥ ਜੀਵਨ ਮੁਕਤਿ ਗਤਿ ਅੰਤਰਿ ਪਾਈ ॥੪॥ ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥ ਤਸਕਰ ਪੰਚ ਸਬਦਿ ਸੰਘਾਰੇ ॥ ਪਰ ਘਰ ਜਾਇ ਨ ਮਨੁ ਡੋਲਾਏ ॥ ਸਹਜ ਨਿਰੰਤਰਿ ਰਹਉ ਸਮਾਏ ॥੫॥ ਗੁਰਮੁਖਿ ਜਾਗਿ ਰਹੇ ਅਉਧੂਤਾ ॥ ਸਦ ਬੈਰਾਗੀ ਤਤੁ ਪਰੋਤਾ ॥ ਜਗੁ ਸੂਤਾ ਮਰਿ ਆਵੈ ਜਾਇ ॥ ਬਿਨੁ ਗੁਰ ਸਬਦ ਨ ਸੋਝੀ ਪਾਇ ॥੬॥ ਅਨਹਦ ਸਬਦੁ ਵਜੈ ਦਿਨੁ ਰਾਤੀ ॥ ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥ ਤਉ ਜਾਨੀ ਜਾ ਸਬਦਿ ਪਛਾਨੀ ॥ ਏਕੋ ਰਵਿ ਰਹਿਆ ਨਿਰਬਾਨੀ ॥੭॥ ਸੁੰਨ ਸਮਾਧਿ ਸਹਜਿ ਮਨੁ ਰਾਤਾ ॥ ਤਜਿ ਹਉ ਲੋਭਾ ਏਕੋ ਜਾਤਾ ॥ ਗੁਰ ਚੇਲੇ ਅਪਨਾ ਮਨੁ ਮਾਨਿਆ ॥ ਨਾਨਕ ਦੂਜਾ ਮੇਟਿ ਸਮਾਨਿਆ ॥੮॥੩॥ {ਪੰਨਾ 903-904} ਪਦ ਅਰਥ: ਖਟੁ = ਛੇ (ਚੱਕਰ) {ਨੋਟ: ਯੋਗ ਮਤ ਅਨੁਸਾਰ, ਸਰੀਰ ਦੇ ਛੇ ਚੱਕਰ ਹਨ ਜਿਨ੍ਹਾਂ ਵਿਚ ਸੁਆਸ ਲੰਘ ਕੇ ਦਸਮ ਦੁਆਰ ਵਿਚ ਪਹੁੰਚਦਾ ਹੈ: 1. ਮੂਲਾਧਾਰ (ਗੁਦਾ ਮੰਡਲ ਦਾ ਚੱਕਰ) ; 2. ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ) ; 3. ਮਣਿਪੁਰ ਚੱਕਰ (ਧੁੱਨੀ ਦੇ ਕੋਲ) ; 4. ਅਨਾਹਤ ਚੱਕਰ (ਦਿਲ ਵਿਚ) ; 5. ਵਿਸੁੱਧ ਚੱਕਰ (ਗਲ ਵਿਚ) ; 6. ਆਗਿਆ ਚੱਕਰ (ਭਰਵੱਟਿਆਂ ਦੇ ਵਿਚਕਾਰ) । ਮਟੁ = (ਜੋਗੀਆਂ ਦਾ) ਮਠ। ਦੇਹੀ = ਸਰੀਰ। ਧੁਨਿ = ਲਗਨ। ਬਾਜੈ = ਵੱਜਦਾ ਹੈ। ਅਨਹਦੁ = ਬਿਨਾ ਵਜਾਇਆਂ, ਇਕ-ਰਸ। ਸਚਿ = ਸਦਾ-ਥਿਰ ਹਰੀ ਵਿਚ।1। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਾਮਿ = ਨਾਮ ਵਿਚ।1। ਰਹਾਉ। ਬਿਵਰਜਿ = ਰੋਕ ਕੇ। ਭੇਟੈ = ਮਿਲਦਾ ਹੈ। ਮੇਲਿ = ਸੰਗਤਿ ਵਿਚ। ਨਿਰਮੋਲਕੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ। ਤਿਤੁ = ਉਸ (ਨਾਮ) ਵਿਚ। ਰਾਤਾ = ਰੰਗਿਆ ਹੋਇਆ। ਧੀਰਾ = ਟਿਕ ਗਿਆ।2। ਜਮ = ਮੌਤ। ਜੰਦਾਰੁ = ਅਵੈੜਾ, ਭਿਆਨਕ। ਮੋਹਿ = ਮੈਨੂੰ। ਸੋਹਿ = ਸੋਹੈ, ਸੋਭਦਾ ਹੈ।3। ਬੀਚਾਰਿ = ਵਿਚਾਰ ਕੇ, ਸੋਚ-ਮੰਡਲ ਵਿਚ ਲਿਆ ਕੇ। ਨਿਰੰਕਾਰੀ = ਨਿਰੰਕਾਰ ਵਾਲੇ। ਪਰਹਾਰੀ = ਦੂਰ ਕਰ ਦਿੱਤੀ। ਅਨਦਿਨੁ = ਹਰ ਰੋਜ਼। ਜਾਗਿ = ਸੁਚੇਤ ਰਹਿ ਕੇ। ਗਤਿ = ਉੱਚੀ ਆਤਮਕ ਅਵਸਥਾ।4। ਅਲਿਪਤ = ਨਿਰਲੇਪ। ਨਿਰਾਰੇ = ਨਿਰਾਲੇ, ਨਿਰਮੋਹ। ਤਸਕਰ = ਚੋਰ। ਪੰਚ = (ਕਾਮਾਦਿਕ) ਪੰਜ। ਸੰਘਾਰੇ = ਮਾਰ ਦਿੱਤੇ। ਰਹਉ = ਮੈਂ ਰਹਿੰਦਾ ਹਾਂ।5। ਅਉਧੂਤਾ = ਤਿਆਗੀ। ਤਤੁ = ਜਗਤ ਦਾ ਮੂਲ ਪ੍ਰਭੂ। ਮਰਿ = ਆਤਮਕ ਮੌਤੇ ਮਰ ਕੇ।6। ਅਨਹਦ = ਇਕ-ਰਸ। ਵਜੈ = ਵੱਜਦਾ ਹੈ, ਪ੍ਰਭਾਵ ਪਾਈ ਰੱਖਦਾ ਹੈ। ਅਵਿਗਤ = {AÒXÙØ} ਅਦ੍ਰਿਸ਼ਟ ਪ੍ਰਭੂ। ਤਉ = ਤਦੋਂ। ਜਾ = ਜਦੋਂ। ਨਿਰਬਾਨੀ = ਵਾਸਨਾ-ਰਹਿਤ।7। ਸੁੰਨ ਸਮਾਧਿ = ਅਫੁਰ ਇਕਾਗ੍ਰਤਾ, ਉਹ ਇਕਾਗ੍ਰ ਅਵਸਥਾ ਜਿਥੇ ਮਾਇਆ ਦਾ ਕੋਈ ਫੁਰਨਾ ਨਾਹ ਫੁਰੇ, ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਰਹੇ। ਸਹਜਿ = ਅਡੋਲ ਆਤਮਕ ਅਵਸਥਾ ਵਿਚ। ਤਜਿ = ਤਿਆਗ ਕੇ। ਹਉ = ਹਉਮੈ। ਦੂਜਾ = ਪ੍ਰਭੂ ਤੋਂ ਬਿਨਾ ਹੋਰ ਝਾਕ। ਮੇਟਿ = ਮਿਟਾ ਕੇ।8। ਅਰਥ: ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਕੀਤਿਆਂ ਹੀ ਆਤਮਕ ਆਨੰਦ ਮਿਲਦਾ ਹੈ। ਗੁਰੂ ਦੀ ਸਰਨ ਪਿਆਂ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਈਦਾ ਹੈ।1। ਰਹਾਉ। (ਹੇ ਜੋਗੀ! ਗੁਰੂ ਦੀ ਸਰਨ ਪੈ ਕੇ) ਮੇਰਾ ਖਟ-ਚੱਕ੍ਰੀ ਸਰੀਰ ਹੀ (ਮੇਰੇ ਵਾਸਤੇ) ਮਠ ਬਣ ਗਿਆ ਹੈ ਤੇ (ਇਸ ਮਠ ਵਿਚ ਟਿਕ ਕੇ) ਮੇਰਾ ਮਨ ਵੈਰਾਗੀ ਹੋ ਗਿਆ ਹੈ। ਗੁਰੂ ਦਾ ਸ਼ਬਦ ਮੇਰੀ ਸੁਰਤਿ ਵਿਚ ਟਿਕ ਗਿਆ ਹੈ, ਪਰਮਾਤਮਾ ਦੇ ਨਾਮ ਦੀ ਲਗਨ ਮੇਰੇ ਅੰਦਰ ਜਾਗ ਪਈ ਹੈ। (ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਪ੍ਰਬਲ ਪ੍ਰਭਾਵ ਪਾ ਰਿਹਾ ਹੈ, ਤੇ ਉਸ ਵਿਚ ਮੇਰਾ ਮਨ ਮਸਤ ਹੋ ਰਿਹਾ ਹੈ। ਗੁਰੂ ਦੀ ਬਾਣੀ ਦੀ ਬਰਕਤਿ ਨਾਲ (ਮੇਰਾ ਮਨ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਗਿੱਝ ਗਿਆ ਹੈ।1। ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਸੰਗਤਿ ਵਿਚ ਮਿਲਾਂਦਾ ਹੈ ਤੇ ਉਹ ਮਾਇਆ ਦਾ ਮੋਹ ਰੋਕ ਕੇ ਪ੍ਰਭੂ-ਨਾਮ ਵਿਚ ਲੀਨ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ (ਮਾਨੋ, ਇਕ) ਰਤਨ ਹੈ (ਇਕ ਐਸਾ) ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। (ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਭੀ ਉਸ ਨਾਮ ਵਿਚ ਰੰਗਿਆ ਗਿਆ ਹੈ ਉਸ ਨਾਮ ਵਿਚ ਟਿਕ ਗਿਆ ਹੈ।2। (ਗੁਰੂ ਦੀ ਰਾਹੀਂ) ਪਰਮਾਤਮਾ ਦੀ ਭਗਤੀ ਕੀਤਿਆਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ, ਹਉਮੈ-ਰੋਗ ਮਾਇਆ ਦੀ ਮਮਤਾ ਦਾ ਰੋਗ (ਮਨ ਨੂੰ) ਨਹੀਂ ਚੰਬੜਦਾ। (ਗੁਰੂ ਦੀ ਕਿਰਪਾ ਨਾਲ) ਭਿਆਨਕ ਜਮ ਭੀ ਮੈਨੂੰ ਨਹੀਂ ਪੋਂਹਦਾ (ਕਿਉਂਕਿ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੇ ਹਿਰਦੇ ਵਿਚ ਸੋਭ ਰਿਹਾ ਹੈ।3। ਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਪਰਮਾਤਮਾ ਦੇ ਹੀ (ਸੇਵਕ) ਹੋ ਜਾਈਦਾ ਹੈ, ਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮਤਿ ਦੂਰ ਹੋ ਜਾਂਦੀ ਹੈ। ਜੇਹੜੇ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜ ਕੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਉਹ ਆਪਣੇ ਅੰਦਰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜੋ ਮਾਇਆ ਵਿਚ ਵਰਤਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦੇਂਦੀ ਹੈ।4। (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ) ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ। (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਵਾਲਾ ਬੰਦਾ) ਆਪਣੇ ਮਨ ਨੂੰ ਪਰਾਏ ਘਰ ਵਲ ਜਾ ਕੇ ਡੋਲਣ ਨਹੀਂ ਦੇਂਦਾ। (ਗੁਰੂ ਦੀ ਕਿਰਪਾ ਨਾਲ ਹੀ ਸਿਮਰਨ ਕਰ ਕੇ) ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ।5। ਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਜੇਹੜਾ ਮਨੁੱਖ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਪ੍ਰੋਈ ਰੱਖਦਾ ਹੈ ਉਹ ਸਦਾ (ਮਾਇਆ ਤੋਂ) ਵੈਰਾਗਵਾਨ ਰਹਿੰਦਾ ਹੈ। ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ (ਪਰਮਾਤਮਾ ਦੀ ਯਾਦ ਵਲੋਂ) ਸੁੱਤਾ ਰਹਿੰਦਾ ਹੈ, ਤੇ, ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। (ਮਾਇਆ ਦੀ ਨੀਂਦ ਵਿਚ ਸੁੱਤੇ ਪਏ ਨੂੰ) ਗੁਰੂ ਦੇ ਸ਼ਬਦ ਤੋਂ ਬਿਨਾ ਇਹ ਸਮਝ ਹੀ ਨਹੀਂ ਪੈਂਦੀ।6। ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ (ਉਸ ਦੇ ਅੰਦਰ) ਗੁਰੂ ਦਾ ਸ਼ਬਦ ਦਿਨ ਰਾਤ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ, ਉਸ ਨੂੰ ਇਹ ਪਛਾਣ ਆ ਜਾਂਦੀ ਹੈ ਕਿ ਅਦ੍ਰਿਸ਼ਟ ਤੇ ਵਾਸਨਾ-ਰਹਿਤ ਪ੍ਰਭੂ ਇਹੋ ਜਿਹਾ ਹੈ ਕਿ ਉਹ ਆਪ ਹੀ ਹਰ ਥਾਂ ਵਿਆਪਕ ਹੈ। ਪਰ ਇਹ ਸੂਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਭੇਤ) ਪਛਾਣਦਾ ਹੈ।7। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦਾ) ਮਨ ਉਸ ਇਕਾਗ੍ਰਤਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸਦਾ ਸੁੰਞ ਰਹਿੰਦੀ ਹੈ ਤੇ ਅਡੋਲ ਆਤਮਕ ਅਵਸਥਾ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ। ਹਉਮੈ ਤੇ ਲੋਭ ਨੂੰ ਤਿਆਗ ਕੇ ਉਹ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦਾ ਹੈ। ਹੇ ਨਾਨਕ! ਗੁਰੂ ਦੀ ਸਰਨ ਪਏ ਹੋਏ ਸਿੱਖ ਦਾ ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ, ਉਹ ਪਰਮਾਤਮਾ ਤੋਂ ਬਿਨਾ ਹੋਰ ਝਾਕ ਮਿਟਾ ਕੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ।8।3। |
Sri Guru Granth Darpan, by Professor Sahib Singh |