ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 905

ਰਾਮਕਲੀ ਮਹਲਾ ੧ ॥ ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥ ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥ ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥ ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥ ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ ॥ ਵਾਦੁ ਪੜੈ ਰਾਗੀ ਜਗੁ ਭੀਜੈ ॥ ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥ ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥ ਚਾੜਸਿ ਪਵਨੁ ਸਿੰਘਾਸਨੁ ਭੀਜੈ ॥ ਨਿਉਲੀ ਕਰਮ ਖਟੁ ਕਰਮ ਕਰੀਜੈ ॥ ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥ ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥ ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥ ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥ ਅੰਤਰਿ ਮੈਲੁ ਤੀਰਥ ਭਰਮੀਜੈ ॥ ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥ ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥ ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥ ਮਨਮੁਖਿ ਜਨਮੈ ਜਨਮਿ ਮਰੀਜੈ ॥੬॥ ਸਤਿਗੁਰ ਪੂਛਿ ਸੰਗਤਿ ਜਨ ਕੀਜੈ ॥ ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ ॥ ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥ ਊਂਦਰ ਦੂੰਦਰ ਪਾਸਿ ਧਰੀਜੈ ॥ ਧੁਰ ਕੀ ਸੇਵਾ ਰਾਮੁ ਰਵੀਜੈ ॥ ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥ {ਪੰਨਾ 905}

ਪਦ ਅਰਥ: ਹਠੁ = ਧੱਕਾ, ਜ਼ੋਰ। ਹਠੁ ਜੋਗੁ = ਧੱਕੇ ਨਾਲ ਸਰੀਰ ਨੂੰ ਔਖਿਆਂ ਕਰ ਕੇ ਮਨ ਨੂੰ ਏਕਾਗ੍ਰ ਕਰਨ ਦਾ ਜਤਨ (ਜਿਵੇਂ ਕਿ ਇਕ ਟੰਗ ਦੇ ਭਾਰ ਖਲੋਤੇ ਰਹਿਣਾ, ਬਾਹਾਂ ਸਿੱਧੀਆਂ ਉਤਾਂਹ ਖੜੀਆਂ ਰੱਖਣੀਆਂ) । ਨਿਗ੍ਰਹੁ = ਮਨ ਦੇ ਫੁਰਨਿਆਂ ਨੂੰ ਰੋਕਣ ਦਾ ਜਤਨ। ਛੀਜੈ = ਦੁਖੀ ਹੁੰਦਾ ਹੈ, ਔਖਾ ਹੁੰਦਾ ਹੈ। ਕਰਿ = ਕਰ ਕੇ, ਕਰਨ ਨਾਲ। ਸਰਿ = ਬਰਾਬਰ। ਨ ਪੂਜੈ = ਨਹੀਂ ਅੱਪੜਦਾ।1।

ਹਰਿ ਜਨ ਸੰਗੁ = ਸੰਤ ਜਨਾਂ ਦੀ ਸੰਗਤਿ। ਜੰਦਾਰੁ = ਡਰਾਉਣਾ। ਜੋਹਿ ਨਹੀ ਸਾਕੈ = ਪੋਹ ਨਹੀਂ ਸਕਦਾ। ਸਰਪਨਿ = ਮਾਇਆ ਸਪਣੀ।1। ਰਹਾਉ।

ਵਾਦੁ = ਧਾਰਮਿਕ ਚਰਚਾ। ਰਾਗੀ = ਰਾਗਾਂ ਵਿਚ, ਰੰਗ ਤਮਾਸ਼ਿਆਂ ਵਿਚ। ਭੀਜੈ = ਖ਼ੁਸ਼ ਰਹਿੰਦਾ ਹੈ। ਬਿਖਿਆ = ਮਾਇਆ।2।

ਪਵਨੁ = ਸੁਆਸ। ਭੀਜੈ = (ਮੁੜ੍ਹਕੇ ਨਾਲ) ਭਿੱਜ ਜਾਂਦਾ ਹੈ। ਨਿਉਲੀ ਕਰਮ = ਆਂਦਰਾਂ ਨੂੰ ਚੱਕਰ ਦਿਵਾਣ ਦਾ ਕਰਮ ਜਿਸ ਨਾਲ ਪੇਟ ਸਾਫ਼ ਰਹਿੰਦਾ ਹੈ। ਖਟੁ ਕਰਮ = ਹਠ-ਜੋਗ ਦੇ 6 ਕਰਮ: ਧੋਤੀ, ਨੇਤ੍ਰੀ, ਨਿਉਲੀ, ਵਸਤੀ, ਤ੍ਰਾਟਕ, ਕਪਾਲਭਾਤੀ। ਧੋਤੀ = ਕਪੜੇ ਦੀ ਲੀਰ ਨਿਗਲ ਕੇ ਮੇਹਦੇ ਵਿਚ ਲੈ ਜਾ ਕੇ ਫਿਰ ਬਾਹਰ ਕੱਢ ਲੈਣੀ। ਨੇਤ੍ਰੀ = ਸੂਤਰ ਦੀ ਡੋਰੀ ਨੱਕ ਦੀ ਨਾਸ ਰਸਤੇ ਲੰਘਾ ਕੇ ਸੰਘ ਵਿਚੋਂ ਦੀ ਕੱਢਣੀ। ਵਸਤੀ = ਬਾਂਸ ਦੀ ਪੋਲੀ ਪੋਰੀ ਗੁਦਾ ਵਿਚ ਰੱਖ ਕੇ ਸੁਆਸਾਂ ਦੇ ਜ਼ੋਰ ਨਾਲ ਪੋਰੀ ਵਿਚੋਂ ਦੀ ਪਾਣੀ ਚੜ੍ਹਾ ਕੇ ਆਂਦਰਾਂ ਸਾਫ਼ ਕਰਨੀਆਂ। ਤ੍ਰਾਟਕ = ਅੱਖਾਂ ਦੀ ਨਜੀਰ ਕਿਸੇ ਚੀਜ਼ ਉਤੇ ਟਿਕਾਣੀ। ਕਪਾਲਭਾਤੀ = ਲੋਹਾਰ ਦੀ ਧੌਂਕਣੀ ਵਾਂਗ ਸੁਆਸ ਛੇਤੀ ਛੇਤੀ ਅੰਦਰ ਬਾਹਰ ਖਿੱਚਣਾ। ਬਿਰਥਾ = ਵਿਅਰਥ।3।

ਪੰਚ ਅਗਨਿ = ਕਾਮਾਦਿਕ ਪੰਜ ਵਿਕਾਰਾਂ ਦੀ ਤਪਸ਼। ਧੀਜੈ = ਧਾਰੀ ਜਾਏ। ਸਾਦੁ = ਸੁਆਦ, ਆਨੰਦ, ਸੁਖ। ਕਾਇਆ = ਸਰੀਰ। ਗੜੁ = ਗੜ੍ਹ, ਕਿਲ੍ਹਾ। ਲੀਜੈ = ਕਾਬੂ ਕਰਨਾ ਚਾਹੀਦਾ ਹੈ।4।

ਭਰਮੀਜੈ = ਭਟਕਦੇ ਫਿਰੀਏ। ਸੋਚ = ਇਸ਼ਨਾਨ। ਸੂਚਾ = ਸੁੱਚਾ, ਪਵਿਤ੍ਰ। ਕਿਰਤੁ ਪਇਆ = ਕੀਤੇ ਕਰਮਾਂ ਦੇ ਸੰਸਕਾਰ ਮਨ ਵਿਚ ਇਕੱਠੇ ਹੋ ਜਾਣ ਤੇ। ਕਾ ਕਉ = ਕਿਸ ਨੂੰ?।5।

ਦੇਹੀ = ਸਰੀਰ (ਨੂੰ) । ਥੀਜੈ = ਹੁੰਦੀ।6।

ਸੰਗਤਿ ਜਨ = ਸੰਤ ਜਨਾਂ ਦੀ ਸੰਗਤਿ। ਰਾਚੈ = ਰਚ ਜਾਂਦਾ ਹੈ, ਲੀਨ ਹੋ ਜਾਂਦਾ ਹੈ।7।

ਊਂਦਰ = ਚੂਹਾ। ਦੂੰਦਰ = {z} ਰੌਲਾ, ਸ਼ੋਰ। ਪਾਸਿ = ਇਕ ਪਾਸੇ, ਵੱਖਰਾ। ਰਵੀਜੈ = ਸਿਮਰਨਾ ਚਾਹੀਦਾ ਹੈ।8।

ਅਰਥ: ਹੇ (ਮੇਰੇ) ਮਨ! ਗੁਰੂ ਦੀ (ਦੱਸੀ) ਸੇਵਾ ਕਰ, ਤੇ ਸੰਤ ਜਨਾਂ ਦੀ ਸੰਗਤਿ ਕਰ, ਪਰਮਾਤਮਾ ਦੇ ਨਾਮ ਦਾ ਰਸ ਪੀ, (ਇਸ ਤਰ੍ਹਾਂ) ਭਿਆਨਕ ਜਮ ਪੋਹ ਨਹੀਂ ਸਕੇਗਾ ਅਤੇ ਮਾਇਆ-ਸਪਣੀ (ਮੋਹ ਦਾ) ਡੰਗ ਮਾਰ ਨਹੀਂ ਸਕੇਗੀ।1। ਰਹਾਉ।

ਵਰਤ ਰੱਖਣ ਨਾਲ, ਤਪ ਤਪਣ ਨਾਲ, ਮਨ ਨੂੰ ਇਕਾਗ੍ਰ੍ਰ ਕਰਨ ਵਾਸਤੇ ਧੱਕੇ ਨਾਲ ਸਰੀਰ ਨੂੰ ਔਖਿਆਂ ਕੀਤਿਆਂ, ਮਨ ਦੇ ਫੁਰਨਿਆਂ ਨੂੰ ਬਦੋ ਬਦੀ ਰੋਕਣ ਦੇ ਜਤਨ ਕਰਨ ਨਾਲ, ਸਰੀਰ ਹੀ ਦੁਖੀ ਹੁੰਦਾ ਹੈ (ਇਹਨਾਂ ਕਸ਼ਟਾਂ ਦਾ) ਮਨ ਉਤੇ ਅਸਰ ਨਹੀਂ ਪੈਂਦਾ। (ਹਠ ਨਾਲ ਕੀਤਾ ਹੋਇਆ) ਕੋਈ ਭੀ ਕਰਮ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ।1।

ਜਗਤ ਧਾਰਮਿਕ ਚਰਚਾ (ਦੇ ਪੁਸਤਕ) ਪੜ੍ਹਦਾ ਹੈ, ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਹੀ ਖ਼ੁਸ਼ ਰਹਿੰਦਾ ਹੈ ਤੇ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ (ਉਂਞ ਇਸ ਚਰਚਾ ਆਦਿਕ ਨੂੰ ਧਾਰਮਿਕ ਕੰਮ ਸਮਝਦਾ ਹੈ) । ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁੱਖ ਹੀ ਸਹਾਰਨਾ ਪੈਂਦਾ ਹੈ।2।

ਹਠ-ਜੋਗੀ ਸੁਆਸ (ਦਸਮ ਦੁਆਰ ਵਿਚ) ਚਾੜ੍ਹਦਾ ਹੈ (ਇਤਨੀ ਮੇਹਨਤ ਕਰਦਾ ਹੈ ਕਿ ਪਸੀਨੇ ਨਾਲ ਉਸ ਦਾ) ਸਿੰਘਾਸਨ ਭੀ ਭਿੱਜ ਜਾਂਦਾ ਹੈ, (ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਵਿਅਰਥ ਜੀਵਨ ਜੀਉਂਦਾ ਹੈ।3।

ਜਿਤਨਾ ਚਿਰ ਕਾਮਾਦਿਕ ਪੰਜ ਵਿਕਾਰਾਂ ਦੀ ਅੱਗ ਅੰਤਰ ਆਤਮੇ ਭੜਕ ਰਹੀ ਹੋਵੇ, ਉਤਨਾ ਚਿਰ ਮਨ ਧੀਰਜ ਨਹੀਂ ਧਾਰ ਸਕਦਾ। ਜਿਤਨਾ ਚਿਰ ਮੋਹ-ਚੋਰ ਅੰਦਰ ਵੱਸ ਰਿਹਾ ਹੈ ਆਤਮਕ ਆਨੰਦ ਨਹੀਂ ਮਿਲ ਸਕਦਾ। ਗੁਰੂ ਦੀ ਸਰਨ ਪੈ ਕੇ ਇਸ ਸਰੀਰ-ਕਿਲ੍ਹੇ ਨੂੰ ਜਿੱਤੇ (ਇਸ ਵਿਚ ਆਕੀ ਹੋਇਆ ਮਨ ਵੱਸ ਵਿਚ ਆ ਜਾਇਗਾ ਤੇ ਆਤਮਕ ਆਨੰਦ ਮਿਲੇਗਾ) ।4।

ਜੇ ਮਨ ਵਿਚ (ਮਾਇਆ ਦੇ ਮੋਹ ਦੀ) ਮੈਲ ਟਿਕੀ ਰਹੇ, ਤੀਰਥਾਂ ਤੇ (ਇਸ਼ਨਾਨ ਲਈ) ਭੌਂਦੇ ਫਿਰੀਏ, ਇਸ ਤਰ੍ਹਾਂ ਮਨ ਸੁੱਚਾ ਨਹੀਂ ਹੋ ਸਕਦਾ (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ਹੁੰਦਾ। (ਪਰ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਵਾਸਤੇ) ਕਿਸੇ ਨੂੰ ਦੋਸ਼ੀ ਭੀ ਨਹੀਂ ਠਹਿਰਾਇਆ ਜਾ ਸਕਦਾ।5।

ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾ (ਮਾਇਆ ਵਲੋਂ ਵਿਕਾਰਾਂ) ਤ੍ਰਿਪਤੀ ਨਹੀਂ ਹੋ ਸਕਦੀ। ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ) ।6।

ਹੇ ਭਾਈ! ਗੁਰੂ ਦਾ ਉਪਦੇਸ਼ ਲੈ ਕੇ ਸੰਤ ਜਨਾਂ ਦੀ ਸੰਗਤਿ ਕਰਨੀ ਚਾਹੀਦੀ ਹੈ। (ਸੰਗਤਿ ਵਿਚ ਰਿਹਾਂ) ਮਨ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਤੇ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਪਰਮਾਤਮਾ ਦਾ ਨਾਮ ਨਾਹ ਸਿਮਰਿਆ, ਤਾਂ ਕਿਸੇ ਹੋਰ ਹਠ-ਕਰਮ ਦਾ ਕੋਈ ਲਾਭ ਨਹੀਂ ਹੁੰਦਾ।7।

ਚੂਹੇ ਵਾਂਗ ਅੰਦਰੋ ਅੰਦਰ ਸ਼ੋਰ ਮਚਾਣ ਵਾਲੇ ਮਨ ਦੇ ਸੰਕਲਪ ਵਿਕਲਪ ਅੰਦਰੋਂ ਕੱਢ ਦੇਣੇ ਚਾਹੀਦੇ ਹਨ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਧੁਰੋਂ ਮਿਲੀ ਸੇਵਾ (ਜੋ ਮਨੁੱਖ ਨੇ ਕਰਨੀ ਹੈ) ।

ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ-) ਹੇ ਪ੍ਰਭੂ! ਮੇਹਰ ਕਰ, ਮੈਨੂੰ ਤੇਰੇ ਨਾਮ ਦੀ ਦਾਤਿ ਮਿਲੇ।8।5।

ਰਾਮਕਲੀ ਮਹਲਾ ੧ ॥ ਅੰਤਰਿ ਉਤਭੁਜੁ ਅਵਰੁ ਨ ਕੋਈ ॥ ਜੋ ਕਹੀਐ ਸੋ ਪ੍ਰਭ ਤੇ ਹੋਈ ॥ ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥ ਉਤਪਤਿ ਪਰਲਉ ਅਵਰੁ ਨ ਕੋਈ ॥੧॥ ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥ ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥ ਨਾਮੁ ਰਤਨੁ ਹੀਰਾ ਨਿਰਮੋਲੁ ॥ ਸਾਚਾ ਸਾਹਿਬੁ ਅਮਰੁ ਅਤੋਲੁ ॥ ਜਿਹਵਾ ਸੂਚੀ ਸਾਚਾ ਬੋਲੁ ॥ ਘਰਿ ਦਰਿ ਸਾਚਾ ਨਾਹੀ ਰੋਲੁ ॥੨॥ ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥ ਨਾਮੁ ਬਿਸਾਰਿ ਪਚਹਿ ਅਭਿਮਾਨੁ ॥ ਨਾਮ ਬਿਨਾ ਕਿਆ ਗਿਆਨ ਧਿਆਨੁ ॥ ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥ ਹਠੁ ਅਹੰਕਾਰੁ ਕਰੈ ਨਹੀ ਪਾਵੈ ॥ ਪਾਠ ਪੜੈ ਲੇ ਲੋਕ ਸੁਣਾਵੈ ॥ ਤੀਰਥਿ ਭਰਮਸਿ ਬਿਆਧਿ ਨ ਜਾਵੈ ॥ ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥ ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥ ਮਨੂਆ ਡੋਲੈ ਨਰਕੇ ਪਾਈ ॥ ਜਮ ਪੁਰਿ ਬਾਧੋ ਲਹੈ ਸਜਾਈ ॥ ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥ ਸਿਧ ਸਾਧਿਕ ਕੇਤੇ ਮੁਨਿ ਦੇਵਾ ॥ ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥ ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥ ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥ ਕਰਮਿ ਮਿਲੈ ਪਾਵੈ ਸਚੁ ਨਾਉ ॥ ਤੁਮ ਸਰਣਾਗਤਿ ਰਹਉ ਸੁਭਾਉ ॥ ਤੁਮ ਤੇ ਉਪਜਿਓ ਭਗਤੀ ਭਾਉ ॥ ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥ ਹਉਮੈ ਗਰਬੁ ਜਾਇ ਮਨ ਭੀਨੈ ॥ ਝੂਠਿ ਨ ਪਾਵਸਿ ਪਾਖੰਡਿ ਕੀਨੈ ॥ ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥ ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥ {ਪੰਨਾ 905-906}

ਪਦ ਅਰਥ: ਅੰਤਰਿ = ਪਰਮਾਤਮਾ ਦੇ ਹੀ ਅੰਦਰ। ਉਤਭੁਜ = (ਸ੍ਰਿਸ਼ਟੀ ਦੀ) ਉਤਪੱਤੀ। ਜੋ ਕਹੀਐ = ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ। ਤੇ = ਤੋਂ। ਜੁਗਹ ਜੁਗੰਤਰਿ = ਜੁਗਾਂ ਜੁਗਾਂ ਦੇ ਅੰਦਰ। ਸਚੁ = ਸਦਾ-ਥਿਰ। ਪਰਲਉ = ਨਾਸ।1।

ਗਹਿਰ = ਡੂੰਘਾ, ਜਿਸ ਦਾ ਭੇਦ ਨ ਪਾਇਆ ਜਾ ਸਕੇ। ਗੰਭੀਰੁ = ਵੱਡੇ ਜਿਗਰੇ ਵਾਲਾ। ਜਿਨਿ = ਜਿਸ (ਭੀ ਮਨੁੱਖ) ਨੇ। ਨਾਮਿ = ਨਾਮ ਦੀ ਰਾਹੀਂ। ਜਮ ਤੀਰੁ = ਜਮ ਦਾ ਤੀਰ।1। ਰਹਾਉ।

ਨਿਰਮੋਲੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ। ਅਮਰੁ = ਅਟੱਲ। ਜਿਹਵਾ = ਜੀਭ। ਘਰਿ ਦਰਿ = ਹਿਰਦੇ ਵਿਚ। ਰੋਲੁ = ਭੁਲੇਖਾ।2।

ਇਕਿ = ਕਈ ਬੰਦੇ। ਡੂਗਰਿ = ਪਹਾੜ ਵਿਚ। ਅਸਥਾਨੁ = ਗੁਫ਼ਾ ਆਦਿਕ ਥਾਂ (ਬਣਾ ਕੇ) । ਪਚਹਿ = ਖ਼ੁਆਰ ਹੁੰਦੇ ਹਨ। ਕਿਆ = ਵਿਅਰਥ।3।

ਹਠੁ = (ਮਨ ਦੀ ਇਕਾਗ੍ਰਤਾ ਵਾਸਤੇ ਸਰੀਰ ਉਤੇ) ਧੱਕਾ-ਜ਼ੋਰ। ਲੇ = ਲੈ ਕੇ। ਭਰਮਸਿ = (ਜੇ) ਭਵੇਂਗਾ। ਬਿਆਧਿ = ਰੋਗ, ਕਾਮਾਦਿ ਰੋਗ।4।

ਬਿੰਦੁ = ਵੀਰਜ। ਕਿਵੈ = ਕਿਸੇ ਤਰ੍ਹਾਂ ਭੀ। ਬਿੰਦੁ ਨ ਰਹਾਵੈ = ਕਾਮ-ਵਾਸਨਾ ਤੋਂ ਨਹੀਂ ਬਚਦਾ। ਨਰਕੇ = ਨਰਕ ਵਿਚ। ਲਹੈ– ਲੈਂਦਾ ਹੈ, ਸਹਾਰਦਾ ਹੈ। ਜੀਉ = ਜਿੰਦ।5।

ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਹਠਿ = ਹਠ ਦੀ ਰਾਹੀਂ। ਨਿਗ੍ਰਹਿ = ਨਿਗ੍ਰਹ ਦੀ ਰਾਹੀਂ, ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਨ ਤ੍ਰਿਪਤਾਵਹਿ = ਨਹੀਂ ਮਿਟਾ ਸਕਦੇ। ਭੇਵਾ = ਅੰਦਰਲੀ ਵਿਖੇਪਤਾ। ਗਹਹਿ = ਪਕੜਦੇ ਹਨ, ਕਰਦੇ ਹਨ। ਅਭਿਮਾਨ ਅਭੇਵਾ = ਅਭਿਮਾਨ ਦਾ ਅਭਾਵ।6।

ਕਰਮਿ = ਬਖ਼ਸ਼ਸ਼ ਦੁਆਰਾ, ਮੇਹਰ ਨਾਲ। ਸਚੁ = ਸਦਾ-ਥਿਰ। ਰਹਉ = ਮੈਂ ਰਹਿੰਦਾ ਹਾਂ। ਸੁ ਭਾਉ = (ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ। ਤੇ = ਤੋਂ। ਭਾਉ = ਪ੍ਰੇਮ। ਜਾਪਉ = ਮੈਂ ਜਪਦਾ ਹਾਂ (ਗੁਰੂ ਦੀ ਸਰਨ ਪੈ ਕੇ) ।7।

ਗਰਬੁ = ਅਹੰਕਾਰ। ਜਾਇ = ਦੂਰ ਹੁੰਦਾ ਹੈ। ਮਨ ਭੀਨੈ = ਜੇ ਮਨ ਭਿੱਜ ਜਾਏ। ਨ ਪਾਵਸਿ = ਨਹੀਂ ਪ੍ਰਾਪਤ ਕਰੇਗਾ। ਪਾਖੰਡਿ ਕੀਨੈ = ਜੇ ਪਾਖੰਡ ਕੀਤਾ ਜਾਏ, ਪਾਖੰਡ ਕੀਤਿਆਂ। ਘਰੁ ਬਾਰੁ = ਪੱਕਾ ਟਿਕਾਣਾ, ਪਰਮਾਤਮਾ ਦਾ ਮਹਲ। ਤਤੁ = ਜਗਤ ਦਾ ਮੂਲ ਪਰਮਾਤਮਾ। ਬੀਚਾਰੁ = ਪ੍ਰਭੂ ਦੇ ਗੁਣਾਂ ਦੀ ਵਿਚਾਰ।8।

ਅਰਥ: ਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ। ਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ।1। ਰਹਾਉ।

(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ। ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ। ਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ। ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।1।

ਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ) ; ਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ, ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ। ਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤਿ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ। ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ।2।

ਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ (ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ। ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ। ਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।3।

(ਜੇਹੜਾ ਮਨੁੱਖ ਇਕਾਗ੍ਰਤਾ ਆਦਿਕ ਵਾਸਤੇ ਸਰੀਰ ਉਤੇ ਕੋਈ) ਧੱਕਾ-ਜ਼ੋਰ ਕਰਦਾ ਹੈ (ਤੇ ਇਸ ਉੱਦਮ ਦਾ) ਮਾਣ (ਭੀ) ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਜੇਹੜਾ ਮਨੁੱਖ (ਲੋਕ-ਵਿਖਾਵੇ ਦੀ ਖ਼ਾਤਰ) ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ (ਹੀ) ਸੁਣਾਂਦਾ ਹੈ, ਕਿਸੇ ਤੀਰਥ ਉਤੇ (ਭੀ ਇਸ਼ਨਾਨ ਵਾਸਤੇ) ਜਾਂਦਾ ਹੈ (ਇਸ ਤਰ੍ਹਾਂ) ਉਸ ਦਾ ਕਾਮਾਦਿਕ ਰੋਗ ਦੂਰ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਆਤਮਕ ਆਨੰਦ ਨਹੀਂ ਮਾਣ ਸਕਦਾ।4।

(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ, ਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿਚ ਹੀ ਪਿਆ ਰਹਿੰਦਾ ਹੈ, ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦ ਵਿਕਾਰਾਂ ਵਿਚ ਸੜਦੀ ਭੁੱਜਦੀ ਰਹਿੰਦੀ ਹੈ।5।

ਅਨੇਕਾਂ ਸਿੱਧ ਸਾਧਿਕ ਰਿਸ਼ੀ ਮੁਨੀ (ਹਠ ਨਿਗ੍ਰਹ ਆਦਿਕ ਕਰਦੇ ਹਨ ਪਰ) ਹਠ ਨਿਗ੍ਰਹ ਨਾਲ ਅੰਦਰਲੀ ਵਿਖੇਪਤਾ ਨੂੰ ਮਿਟਾ ਨਹੀਂ ਸਕਦੇ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾ ਕੇ ਗੁਰੂ ਦੀ (ਦੱਸੀ) ਸੇਵਾ (ਦਾ ਉੱਦਮ) ਗ੍ਰਹਿਣ ਕਰਦੇ ਹਨ ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਭਾਵ, ਇੰਦ੍ਰਿਆਂ ਵਿਚ) ਪਵਿਤ੍ਰਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਅਹੰਕਾਰ ਦਾ ਅਭਾਵ ਹੋ ਜਾਂਦਾ ਹੈ।6।

ਜਿਸ ਮਨੁੱਖ ਨੂੰ ਆਪਣੀ ਮੇਹਰ ਨਾਲ ਪਰਮਾਤਮਾ ਮਿਲਦਾ ਹੈ ਉਹ ਸਦਾ-ਥਿਰ ਪ੍ਰਭੂ-ਨਾਮ (ਦੀ ਦਾਤਿ) ਪ੍ਰਾਪਤ ਕਰਦਾ ਹੈ।

(ਹੇ ਪ੍ਰਭੂ!) ਮੈਂ ਭੀ ਤੇਰੀ ਸਰਨ ਆ ਟਿਕਿਆ ਹਾਂ (ਤਾ ਕਿ ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ (ਮੈਂ ਹਾਸਲ ਕਰ ਸਕਾਂ) । (ਜੀਵ ਦੇ ਅੰਦਰ) ਤੇਰੀ ਭਗਤੀ ਤੇਰਾ ਪ੍ਰੇਮ ਤੇਰੀ ਮੇਹਰ ਨਾਲ ਹੀ ਪੈਦਾ ਹੁੰਦੇ ਹਨ। ਹੇ ਹਰੀ! (ਜੇ ਤੇਰੀ ਮੇਹਰ ਹੋਵੇ ਤਾਂ) ਮੈਂ ਗੁਰੂ ਦੀ ਸਰਨ ਪੈ ਕੇ ਤੇਰੇ ਨਾਮ ਦਾ ਜਾਪ ਜਪਦਾ ਰਹਾਂ।7।

ਜੇ ਜੀਵ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਏ ਤਾਂ ਅੰਦਰੋਂ ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ, ਪਰ (ਨਾਮ-ਰਸ ਵਿਚ ਭਿੱਜਣ ਦੀ ਇਹ ਦਾਤਿ) ਝੂਠ ਦੀ ਰਾਹੀਂ ਜਾਂ ਪਖੰਡ ਕੀਤਿਆਂ ਕੋਈ ਭੀ ਨਹੀਂ ਪ੍ਰਾਪਤ ਕਰ ਸਕਦਾ। ਗੁਰੂ ਦੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ।

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਜਗਤ ਦੇ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ ਦੇ ਗੁਣਾਂ ਦੀ ਵਿਚਾਰ (ਦਾ ਸੁਭਾਉ) ਪ੍ਰਾਪਤ ਕਰ ਲੈਂਦਾ ਹੈ।8।6।

TOP OF PAGE

Sri Guru Granth Darpan, by Professor Sahib Singh