ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 906

ਰਾਮਕਲੀ ਮਹਲਾ ੧ ॥ ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥ ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥ ਤਨੁ ਧਨੁ ਦੇਖਤ ਗਰਬਿ ਗਇਆ ॥ ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥ ਰਹਾਉ ॥ ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥ ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥ ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥ ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥੩॥ ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥ ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ ॥੪॥ ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥ ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ ॥੫॥ ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥ ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥ ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥ ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥ ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥ ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥ ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥ ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥ ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥ ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥ ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥ ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥ ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥ ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥ {ਪੰਨਾ 906-907}

ਪਦ ਅਰਥ: ਬਉਰੇ = ਹੇ ਕਮਲੇ ਜੀਵ! ਮਰਣੁ = ਮੌਤ। ਰਸ ਭੋਗ = ਰਸਾਂ ਦੇ ਭੋਗ। ਤੇਤਾ = ਉਤਨਾ ਹੀ। ਵਿਸਾਰਿ = ਭੁਲਾ ਕੇ। ਭਵਜਲਿ = ਭਵਜਲ ਵਿਚ, ਜਨਮ ਮਰਨ ਦੇ ਚੱਕਰ ਵਿਚ।1।

ਗਰਬਿ = ਅਹੰਕਾਰ ਵਿਚ। ਗਇਆ = ਫਸ ਗਿਆ। ਕਨਿਕ = ਸੋਨਾ। ਕਾਮਨੀ = ਇਸਤ੍ਰੀ। ਸਿਉ = ਨਾਲ। ਹੇਤੁ = ਮੋਹ। ਕੀ = ਕਿਉਂ? ਭਰਮਿ = ਭਟਕਣਾ ਵਿਚ।1। ਰਹਾਉ।

ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਉੱਦਮ। ਸਤੁ = ਉੱਚਾ ਆਚਰਨ। ਜਤੁ = ਕਾਮ-ਵਾਸਨਾ ਵਲੋਂ ਬਚਾਉ। ਪ੍ਰੇਤ ਪਿੰਜਰ ਮਹਿ = (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿਚ। ਕਾਸਟੁ = ਲੱਕੜ, ਲੱਕੜ ਵਾਂਗ ਸੁੱਕਾ ਹੋਇਆ, ਕੁਰਖ਼ਤ, ਕੋਮਲ ਭਾਵਾਂ ਤੋਂ ਸੱਖਣਾ। ਬਾਦਿ = ਵਿਅਰਥ। ਜਾਇਆ = ਜਨਮਿਆ।2।

ਲਾਲਚਿ = ਲਾਲਚ ਵਿਚ। ਆਵਤ ਜਾਵਤ = ਮਾਇਆ ਦੀ ਖ਼ਾਤਰ ਦੌੜਦਿਆਂ ਭੱਜਦਿਆਂ। ਗਇਆ = (ਵਿਅਰਥ) ਗਿਆ। ਜਾ = ਜਦੋਂ। ਧਾਇ = ਦੌੜ ਕੇ, ਦੌੜਿਆ ਆ ਕੇ। ਗਹਿ = ਫੜ ਕੇ। ਮੁਖਿ ਕਾਲ = ਕਾਲ ਦੇ ਮੂੰਹ ਵਿਚ।3।

ਅਹਿ = ਦਿਨ। ਨਿਸਿ = ਰਾਤ। ਤਾਤਿ = ਈਰਖਾ, ਸਾੜਾ। ਸਰਬ = ਸਾਰੇ ਜੀਵਾਂ ਉਤੇ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ।4।

ਨਟੂਆ = ਸ੍ਵਾਂਗੀ, ਮਦਾਰੀ। ਜਿਉ = ਵਾਂਗ। ਗਲਤੁ = ਗ਼ਲਤਾਨ। ਇਤ ਉਤ = ਇਧਰ ਉਧਰ, ਹਰ ਪਾਸੇ।5।

ਵਿਥਾਰ = ਖਿਲਾਰੇ। ਘਨੇਰੇ = ਬਹੁਤ। ਭਰਮਿ = ਭਟਕਣਾ ਵਿਚ। ਗੁਰ ਮਤਿ = ਗੁਰੂ ਦੀ ਸਿੱਖਿਆ।6।

ਸੰਪਤਿ = ਧਨ। ਸਾਕਤ ਮਨਿ = ਸਾਕਤ ਦੇ ਮਨ ਵਿਚ, ਮਾਇਆ-ਵੇੜ੍ਹੇ ਜੀਵ ਦੇ ਮਨ ਵਿਚ। ਫਿਰਿ = ਮੁੜ। ਸਹਸਾ = ਸਹਿਮ।7।

ਅੰਤਿ ਕਾਲਿ = ਅਖ਼ੀਰਲੇ ਵੇਲੇ, ਉਸ ਸਮੇ ਜਦੋਂ ਉਮਰ ਦਾ ਅਖ਼ੀਰ ਹੋ ਜਾਂਦਾ ਹੈ। ਤਿਸਹਿ = ਉਸ ਪਰਮਾਤਮਾ ਦੀ ਹੀ। ਮਇਆ = ਦਇਆ। ਲੈ = ਲੈ ਕੇ।8।

ਕਿਸਹਿ = ਕਿਸ ਨੂੰ? ਅਸਰਾਲ = ਡਰਾਉਣਾ (ਅਜ਼ਦਹਾ ਵਰਗਾ) । ਸਾਗਰ ਅਸਰਾਲਿ = ਡਰਾਉਣੇ ਸਾਗਰ ਵਿਚ। ਦੇਖਿ = ਵੇਖ ਕੇ। ਜੰਜਾਲਿ = ਜੰਜਾਲ ਵਿਚ। ਪਰਾਲਿ = ਪਰਾਲੀ (ਵਰਗਾ) ਨਿਕੰਮਾ।9।

ਤਿਨਹਿ = ਉਸ (ਪਰਮਾਤਮਾ) ਨੇ ਹੀ। ਪਠਾਹੇ = ਭੇਜੇ। ਤਿਨੈ = ਉਸੇ (ਹਰੀ) ਨੇ ਹੀ।10।

ਜਿਨਿ = ਜਿਸ (ਜਿਸ ਜੀਵ) ਨੇ। ਰਸਾਇਣੁ = ਰਸ-ਅਯਨੁ, ਰਸਾਂ ਦਾ ਘਰ, ਸਾਰੇ ਆਨੰਦ ਦੇਣ ਵਾਲਾ। ਖੋਜੁ = ਭੇਤ ਦੀ ਸਮਝ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਤੇ = ਤੋਂ। ਮੁਕਤਿ ਪਦਾਰਥ = (ਨਾਮ ਦਾ) ਸਰਮਾਇਆ ਜੋ ਵਿਕਾਰਾਂ ਤੋਂ ਮਾਇਆ-ਮੋਹ ਤੋਂ ਖ਼ਲਾਸੀ ਦਿਵਾਂਦਾ ਹੈ।11।

ਸਮ = ਬਰਾਬਰ; ਇਕੋ ਜਿਹਾ। ਸੋਗ = ਚਿੰਤਾ, ਅਫ਼ਸੋਸ। ਬਿਰਕਤੁ = ਉਪਰਾਮ, ਨਿਰਲੇਪ। ਆਪੁ = ਆਪਾ-ਭਾਵ ਨੂੰ। ਮਾਰਿ = ਮਾਰ ਕੇ। ਸਹਜਿ = ਅਡੋਲ ਆਤਮਕ ਅਵਸਥਾ ਵਿਚ।12।

ਅਰਥ: (ਹੇ ਜੀਵ!) ਆਪਣਾ ਸਰੀਰ ਤੇ ਧਨ ਵੇਖ ਵੇਖ ਕੇ ਤੂੰ ਅਹੰਕਾਰ ਵਿਚ ਆਇਆ ਰਹਿੰਦਾ ਹੈਂ। ਸੋਨੇ ਤੇ ਇਸਤ੍ਰੀ ਨਾਲ ਤੂੰ ਮੋਹ ਵਧਾਈ ਜਾ ਰਿਹਾ ਹੈਂ। ਤੂੰ ਕਿਉਂ ਪਰਮਾਤਮਾ ਦਾ ਨਾਮ ਵਿਸਾਰ ਰਿਹਾ ਹੈਂ, ਤੇ, ਕਿਉਂ ਭਟਕਣਾ ਵਿਚ ਪੈ ਗਿਆ ਹੈਂ?।1। ਰਹਾਉ।

ਹੇ ਝੱਲੇ ਜੀਵ! ਜਿਵੇਂ ਤੂੰ (ਜਗਤ ਵਿਚ) ਆਇਆ ਹੈਂ ਤਿਵੇਂ (ਇਥੋਂ) ਚਲਾ ਭੀ ਜਾਵੇਂਗਾ, ਜਿਵੇਂ ਤੈਨੂੰ ਜਨਮ ਮਿਲਿਆ ਹੈ ਤਿਵੇਂ ਮੌਤ ਭੀ ਹੋ ਜਾਇਗੀ (ਇਥੇ ਕਿਸੇ ਹਾਲਤ ਵਿਚ ਸਦਾ ਬੈਠ ਨਹੀਂ ਰਹਿਣਾ) । ਜਿਉਂ ਜਿਉਂ ਤੂੰ ਦੁਨੀਆ ਦੇ ਰਸਾਂ ਦੇ ਭੋਗ ਮਾਣਦਾ ਹੈਂ, ਤਿਉਂ ਤਿਉਂ ਉਤਨਾ ਹੀ (ਤੇਰੇ ਸਰੀਰ ਨੂੰ ਤੇ ਆਤਮਾ ਨੂੰ) ਦੁੱਖ-ਰੋਗ ਚੰਬੜ ਰਿਹਾ ਹੈ। (ਇਹਨਾਂ ਭੋਗਾਂ ਵਿਚ ਮਸਤ ਹੋ ਕੇ) ਪਰਮਾਤਮਾ ਦਾ ਨਾਮ ਵਿਸਾਰ ਕੇ ਤੂੰ ਜਨਮ ਮਰਨ ਦੇ ਚੱਕਰ ਵਿਚ ਪਿਆ ਸਮਝ।1।

(ਹੇ ਜੀਵ! ਤੂੰ ਆਪਣੇ ਆਪ ਨੂੰ) ਕਾਮ-ਵਾਸਨਾ ਵਲੋਂ ਨਹੀਂ ਬਚਾਇਆ, ਤੂੰ ਉੱਚਾ ਆਚਰਨ ਨਹੀਂ ਬਣਾਇਆ, ਤੂੰ ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕਣ ਦਾ ਉੱਦਮ ਨਹੀਂ ਕੀਤਾ, ਤੂੰ ਮਿੱਠਾ ਸੁਭਾਉ ਨਹੀਂ ਬਣਾਇਆ। (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ। ਤੇਰੇ ਅੰਦਰ ਨਾਹ ਦੂਜਿਆਂ ਦੀ ਭਲਾਈ ਦਾ ਖ਼ਿਆਲ ਹੈ, ਨਾਹ ਦੂਜਿਆਂ ਦੀ ਸੇਵਾ ਦੀ ਤਾਂਘ ਹੈ, ਨਾਹ ਆਚਰਨਿਕ ਪਵਿਤ੍ਰਤਾ ਹੈ, ਨਾਹ ਕੋਈ ਬੰਧੇਜ ਹੈ। ਸਾਧ ਸੰਗਤਿ ਤੋਂ ਵਾਂਜਿਆਂ ਰਹਿ ਕੇ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।2।

(ਹੇ ਜੀਵ!) ਤੂੰ ਮਾਇਆ ਦੇ ਲਾਲਚ ਵਿਚ ਲੱਗਾ ਪਿਆ ਹੈਂ, ਪਰਮਾਤਮਾ ਦਾ ਨਾਮ ਤੂੰ ਭੁਲਾ ਦਿੱਤਾ ਹੈ। ਮਾਇਆ ਦੀ ਖ਼ਾਤਰ ਦੌੜਦਿਆਂ ਭੱਜਦਿਆਂ ਤੇਰਾ ਜੀਵਨ (ਅਜਾਈਂ) ਜਾਂਦਾ ਹੈ। ਜਦੋਂ ਜਮ ਅਚਨਚੇਤ ਆ ਕੇ ਤੈਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰੇਗਾ, ਕਾਲ ਦੇ ਮੂੰਹ ਵਿਚ ਪਹੁੰਚੇ ਹੋਏ ਨੂੰ ਤੈਨੂੰ (ਸਿਮਰਨ ਦੀ) ਸੁਰਤਿ ਨਹੀਂ ਆ ਸਕੇਗੀ।3।

ਦਿਨ ਰਾਤ ਤੂੰ ਪਰਾਈ ਨਿੰਦਾ ਕਰਦਾ ਹੈਂ ਦੂਜਿਆਂ ਨਾਲ ਈਰਖਾ ਕਰਦਾ ਹੈਂ। ਤੇਰੇ ਹਿਰਦੇ ਵਿਚ ਨਾਹ ਪਰਮਾਤਮਾ ਦਾ ਨਾਮ ਹੈ ਤੇ ਨਾਹ ਸਭ ਜੀਵਾਂ ਵਾਸਤੇ ਦਇਆ-ਪਿਆਰ। ਗੁਰੂ ਦੇ ਸ਼ਬਦ ਤੋਂ ਬਿਨਾ ਨਾਹ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੇਂਗਾ ਨਾਹ ਹੀ (ਲੋਕ ਪਰਲੋਕ ਦੀ) ਇੱਜ਼ਤ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਨਰਕ ਵਿਚ ਪਿਆ ਹੋਇਆ ਹੈਂ।4।

(ਹੇ ਜੀਵ! ਮਾਇਆ ਦੀ ਖ਼ਾਤਰ) ਤੂੰ ਖਿਨ-ਪਲ ਵਿਚ ਸ੍ਵਾਂਗੀ ਵਾਂਗ ਕਈ ਰੂਪ ਧਾਰਦਾ ਹੈਂ। ਤੂੰ ਮੋਹ ਵਿਚ ਪਾਪਾਂ ਵਿਚ ਗ਼ਲਤਾਨ ਹੋਇਆ ਪਿਆ ਹੈਂ। ਹਰ ਪਾਸੇ ਮਾਇਆ ਦਾ ਖਿਲਾਰਾ ਵੇਖ ਕੇ ਤੂੰ ਮਾਇਆ ਦੇ ਮੋਹ ਵਿਚ ਮਸਤ ਹੋ ਰਿਹਾ ਹੈਂ।5।

(ਹੇ ਝੱਲੇ ਜੀਵ!) ਤੂੰ ਵਿਕਾਰਾਂ ਦੀ ਖ਼ਾਤਰ ਅਨੇਕਾਂ ਖਿਲਾਰੇ ਖਿਲਾਰਦਾ ਹੈਂ ਗੁਰੂ ਦੇ ਸ਼ਬਦ ਦੀ ਲਗਨ ਤੋਂ ਬਿਨਾ ਤੂੰ (ਵਿਕਾਰਾਂ ਦੀ) ਭਟਕਣਾ ਵਿਚ ਭਟਕਦਾ ਹੈਂ। ਤੈਨੂੰ ਹਉਮੈ ਦਾ ਵੱਡਾ ਰੋਗ ਵੱਡਾ ਦੁੱਖ ਚੰਬੜਿਆ ਹੋਇਆ ਹੈ। ਜੇ ਤੂੰ ਚਾਹੁੰਦਾ ਹੈਂ ਇਹ ਰੋਗ ਦੂਰ ਹੋ ਜਾਏ ਤਾਂ ਗੁਰੂ ਦੀ ਸਿੱਖਿਆ ਲੈ।6।

ਮਾਇਆ-ਵੇੜ੍ਹਿਆ ਜੀਵ ਜਦੋਂ ਸੁਖਾਂ ਨੂੰ ਤੇ ਧਨ ਨੂੰ ਆਉਂਦਾ ਵੇਖਦਾ ਹੈ ਤਾਂ ਇਸ ਦੇ ਮਨ ਵਿਚ ਅਹੰਕਾਰ ਪੈਦਾ ਹੁੰਦਾ ਹੈ। ਪਰ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਤੇ ਧਨ ਹੈ ਉਹ ਮੁੜ ਮੋੜ ਲੈਂਦਾ ਹੈ। ਮਾਇਆ-ਵੇੜ੍ਹੇ ਜੀਵ ਨੂੰ ਸਦਾ ਇਹੀ ਸਹਿਮ ਦਾ ਰੋਗ ਖਾਈ ਜਾਂਦਾ ਹੈ।7।

(ਹੇ ਜੀਵ! ਇਹ ਸਰੀਰ, ਇਹ ਧਨ, ਇਹ ਸੋਨਾ, ਇਹ ਇਸਤ੍ਰੀ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਉਸ ਪਰਮਾਤਮਾ ਦੀ ਮੇਹਰ ਸਦਕਾ ਮਿਲਿਆ ਹੋਇਆ ਹੈ, ਪਰ ਅੰਤ ਵੇਲੇ ਇਹਨਾਂ ਵਿਚੋਂ ਭੀ (ਕਿਸੇ ਦੇ) ਨਾਲ ਨਹੀਂ ਜਾ ਸਕਦਾ। (ਦੁਨੀਆ ਦੇ ਇਹ ਪਦਾਰਥ ਦੇਣ ਵਾਲਾ) ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ। ਜੇਹੜਾ ਮਨੁੱਖ ਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਉਹ (ਸੰਸਾਰ-ਸਮੁੰਦਰ ਦੀਆਂ ਮੋਹ ਦੀਆਂ ਲਹਿਰਾਂ ਵਿਚੋਂ) ਪਾਰ ਲੰਘ ਜਾਂਦਾ ਹੈ।8।

(ਹੇ ਸਾਕਤ ਜੀਵ! ਮਰਨਾ ਤਾਂ ਸਭਨਾਂ ਨੇ ਹੈ, ਫਿਰ ਤੂੰ ਆਪਣੇ ਕਿਸੇ) ਮਰੇ ਸੰਬੰਧੀ ਨੂੰ ਰੋਂਦਾ ਹੈਂ ਤੇ (ਰੋ ਰੋ ਕੇ) ਕਿਸ ਨੂੰ ਸੁਣਾਂਦਾ ਹੈ? (ਪਰਮਾਤਮਾ ਦੀ ਯਾਦ ਤੋਂ ਖੁੰਝ ਕੇ) ਤੂੰ ਬੜੇ ਡਰਾਉਣੇ ਸੰਸਾਰ-ਸਮੁੰਦਰ ਵਿਚ ਗੋਤੇ ਖਾ ਰਿਹਾ ਹੈਂ।

ਮਾਇਆ-ਵੇੜ੍ਹਿਆ ਜੀਵ ਆਪਣੇ ਪਰਵਾਰ ਨੂੰ, ਧਨ ਨੂੰ, ਸੋਹਣੇ ਘਰਾਂ ਨੂੰ ਵੇਖ ਵੇਖ ਕੇ ਨਿਕੰਮੇ ਜੰਜਾਲ ਵਿਚ ਫਸਿਆ ਪਿਆ ਹੈ।9।

ਅਸੀਂ ਜੀਵ ਜਦੋਂ ਸੰਸਾਰ ਵਿਚ ਆਉਂਦੇ ਹਾਂ ਤਾਂ ਉਸ ਪਰਮਾਤਮਾ ਨੇ ਹੀ ਸਾਨੂੰ ਭੇਜਿਆ ਹੁੰਦਾ ਹੈ, ਇਥੋਂ ਜਾਂਦੇ ਹਾਂ ਤਦੋਂ ਭੀ ਉਸੇ ਨੇ ਬੁਲਾ ਭੇਜਿਆ ਹੁੰਦਾ ਹੈ। ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ। (ਅਸੀਂ ਜੀਵ ਉਸ ਦੀ ਰਜ਼ਾ ਨੂੰ ਭੁੱਲ ਜਾਂਦੇ ਹਾਂ, ਪਰ) ਉਹ ਬਖ਼ਸ਼ਣਹਾਰ ਹੈ ਉਹ ਬਖ਼ਸ਼ ਲੈਂਦਾ ਹੈ।10।

(ਜੇ ਜੀਵ!) ਪਰਮਾਤਮਾ ਦਾ ਨਾਮ ਸਾਰੇ ਆਨੰਦ ਰਸ ਦੇਣ ਵਾਲਾ ਹੈ, ਜਿਸ ਜਿਸ ਬੰਦੇ ਨੇ ਇਹ ਨਾਮ-ਰਸ ਚੱਖ ਲਿਆ ਹੈ ਉਹਨਾਂ ਦੀ ਸੰਗਤਿ ਵਿਚ ਰਿਹਾਂ ਇਸ ਭੇਤ ਦੀ ਸਮਝ ਆਉਂਦੀ ਹੈ। ਗੁਰੂ ਦੀ ਸਰਨ ਪੈ ਕੇ ਗੁਰੂ ਤੋਂ ਹੀ ਪਰਮਾਤਮਾ ਦਾ ਨਾਮ-ਪਦਾਰਥ ਮਿਲਦਾ ਹੈ, ਇਸ ਨਾਮ ਵਿਚ ਸਭ ਕਰਾਮਾਤੀ ਤਾਕਤਾਂ ਹਨ, ਉੱਚੀ ਅਕਲ ਹੈ, ਸਹੀ ਜੀਵਨ-ਰਾਹ ਦੀ ਸੂਝ ਹੈ, ਤੇ ਇਸ ਨਾਮ ਨਾਲ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ।11।

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਵਾਪਰਦੇ) ਦੁੱਖ ਸੁਖ ਨੂੰ ਇਕੋ ਜਿਹਾ ਜਾਣਦਾ ਹੈ, ਉਹ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ। ਹੇ ਨਾਨਕ! ਗੁਰੂ ਦੀ ਸਰਨ ਪਿਆ ਮਨੁੱਖ ਆਪਾ-ਭਾਵ ਮਾਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਅਡੋਲ ਆਤਮਕ ਅਵਸਥਾ ਵਿਚ ਰਹਿੰਦਾ ਹੈ।12।7।

TOP OF PAGE

Sri Guru Granth Darpan, by Professor Sahib Singh