ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 907

ਰਾਮਕਲੀ ਦਖਣੀ ਮਹਲਾ ੧ ॥ ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥ ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥ ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥੧॥ ਰਹਾਉ ॥ ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ ॥੨॥ ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥੩॥ ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥੪॥ ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥੫॥ ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥੬॥ ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥੭॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥੮॥ ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥੯॥ ਨਾਨਕ ਸਰਣਿ ਪ੍ਰਭੂ ਕੀ ਛੂਟੇ ਸਤਿਗੁਰ ਸਚੁ ਸਖਾਈ ॥੧੦॥੮॥ {ਪੰਨਾ 907}

ਨੋਟ: ਇਹ ਅਸ਼ਟਪਦੀ ਦੱਖਣ ਵਿਚ ਗਾਈ ਜਾਣ ਵਾਲੀ ਰਾਮਕਲੀ ਵਿਚ ਹੈ।

ਪਦ ਅਰਥ: ਸਾਚੁ = ਸਦਾ-ਥਿਰ ਪ੍ਰਭੂ। ਸਬਦਿ = ਸ਼ਬਦ ਦੀ ਰਾਹੀਂ, ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸਾਚ ਰਸਿ = ਸਦਾ-ਥਿਰ ਪ੍ਰਭੂ ਦੇ ਨਾਮ-ਰਸ ਵਿਚ। ਲੀਣਾ = ਮਸਤ।1।

ਦਇਆਲੁ = ਦਇਆ ਦਾ ਸੋਮਾ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ।1। ਰਹਾਉ।

ਗਗਨ = ਆਕਾਸ਼, ਚਿਤ-ਆਕਾਸ਼, ਦਸਮ ਦੁਆਰ, ਉੱਚੀ ਆਤਮਕ ਅਵਸਥਾ। ਗਗਨਪੁਰਿ = ਆਕਾਸ਼-ਮੰਡਲ ਵਿਚ, ਉੱਚੀ ਆਤਮਕ ਅਵਸਥਾ ਵਿਚ। ਸਮੈ = ਸਮ, ਇਕੋ ਜਿਹੀ। ਸਰਿ = ਬਰਾਬਰ। ਸਮੈ ਸਰਿ = ਇਕੋ ਜਿਹੀ। ਅਨਹਤ ਸਬਦਿ = ਉਸ ਸ਼ਬਦ (ਦੀ ਧੁਨ) ਵਿਚ ਜੋ ਇਕ-ਰਸ ਹੋ ਰਿਹਾ ਹੈ। ਅਨਹਤ = ਬਿਨਾ ਵਜਾਏ ਵੱਜਣ ਵਾਲਾ, ਇਕ-ਰਸ।2।

ਸਤੁ = ਉਚਾ ਆਚਰਨ। ਬੰਧਿ = ਬੰਨ੍ਹ ਕੇ। ਕੁਪੀਨ = ਲੰਗੋਟੀ। ਭਰਿਪੁਰਿ = ਸਰਬ-ਵਿਆਪਕ ਪ੍ਰਭੂ ਵਿਚ। ਰਸੀਣਾ = ਰਸੀ ਹੋਈ ਹੈ।3।

ਮਿਲੈ ਗੁਰ ਸਾਚੇ = ਸੱਚੇ ਗੁਰੂ ਨੂੰ ਮਿਲਿਆ ਹੋਇਆ ਹੈ। ਜਿਨਿ = ਜਿਸ (ਪਰਮਾਤਮਾ) ਨੇ। ਰਚੁ ਰਾਚੇ = ਜਗਤ-ਰਚਨਾ ਰਚੀ ਹੈ। ਕਿਰਤੁ ਵੀਚਾਰਿ = ਹਰੀ ਦੀ ਕਿਰਤ ਨੂੰ ਵਿਚਾਰ ਕੇ।4।

ਸਤਿਗੁਰਿ = ਸਤਿਗੁਰੂ ਨੇ। ਦੇਖਿ = (ਆਪ) ਵੇਖ ਕੇ।5।

ਜਿਨਿ = ਜਿਸ (ਪ੍ਰਭੂ) ਨੇ। ਲਖਨੁ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ।6।

ਦੀਪਕ ਤੇ = ਦੀਵੇ ਤੋਂ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ।7।

ਤਖਤਿ = ਤਖ਼ਤ ਉਤੇ। ਨਿਰਭਉ ਤਾੜੀ = ਨਿਡਰਤਾ ਦੀ ਤਾੜੀ।8।

ਮੋਹਿ ਗਇਆ = (ਸਾਨੂੰ) ਮੋਹ ਲਿਆ ਹੈ। ਕਿੰਗੁਰੀ ਵਾਈ = ਕਿੰਗੁਰੀ ਵਜਾ ਦਿੱਤੀ ਹੈ, ਜ਼ਿੰਦਗੀ ਦੀ ਰੌ ਚਲਾ ਦਿੱਤੀ ਹੈ।9।

ਸਖਾਈ = ਸਾਖੀ, ਮਿੱਤਰ। ਸਤਿਗੁਰ ਸਖਾਈ = ਗੁਰੂ ਦਾ ਮਿੱਤਰ।10।

ਅਰਥ: ਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। (ਮੇਰੇ ਗੁਰੂ ਦੀ) ਸੁਰਤਿ ਦਿਨ ਰਾਤ ਇਕ ਪਰਮਾਤਮਾ (ਦੇ ਚਰਨਾਂ) ਵਿਚ ਲੱਗੀ ਰਹਿੰਦੀ ਹੈ, (ਮੇਰਾ ਗੁਰੂ) ਸਦਾ-ਥਿਰ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰ ਕੇ (ਉਸ ਦੀਦਾਰ ਵਿਚ) ਮਸਤ ਰਹਿੰਦਾ ਹੈ।1। ਰਹਾਉ।

(ਮੇਰਾ ਗੁਰੂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਰਹਿੰਦਾ ਹੈ ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ-ਵਾਸ਼ਨਾ ਤੋਂ ਬਚੇ ਰਹਿਣਾ, ਉੱਚਾ ਆਚਰਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ, ਤੇ ਸਦਾ-ਥਿਰ ਪ੍ਰਭੂ ਦਾ ਸਿਮਰਨ = ਇਹੀ ਹੈ ਸਹੀ ਜੀਵਨ।1।

(ਮੇਰੇ ਗੁਰੂ) ਸਦਾ ਉੱਚੀ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, (ਮੇਰੇ ਗੁਰੂ ਦੀ) (ਪਿਆਰ-ਭਰੀ) ਨਿਗਾਹ (ਸਭ ਵਲ) ਇਕੋ ਜਿਹੀ ਹੈ। (ਮੇਰਾ ਗੁਰੂ) ਉਸ ਸ਼ਬਦ ਵਿਚ ਰੰਗਿਆ ਹੋਇਆ ਹੈ ਜਿਸ ਦੀ ਧੁਨਿ ਉਸ ਦੇ ਅੰਦਰ ਇਕ-ਰਸ ਹੋ ਰਹੀ ਹੈ।2।

ਉੱਚਾ ਆਚਰਨ (-ਰੂਪ) ਲੰਗੋਟ ਬੰਨ੍ਹ ਕੇ (ਮੇਰਾ ਗੁਰੂ) ਸਰਬ-ਵਿਆਪਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ, ਉਸ ਦੀ ਜੀਭ (ਪ੍ਰਭੂ ਦੇ) ਪ੍ਰੇਮ ਵਿਚ ਰਸੀ ਰਹਿੰਦੀ ਹੈ।3।

ਕਦੇ ਉਕਾਈ ਨਾਹ ਖਾਣ ਵਾਲੇ (ਮੇਰੇ) ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ-ਰਚਨਾ ਰਚੀ ਹੈ, ਉਸ ਦੀ ਜਗਤ-ਕਿਰਤ ਨੂੰ ਵੇਖ ਵੇਖ ਕੇ (ਮੇਰਾ ਗੁਰੂ ਉਸ ਦੀ ਸਰਬ-ਸਮਰੱਥਾ ਵਿਚ) ਨਿਸ਼ਚਾ ਰੱਖਦਾ ਹੈ।4।

ਸ੍ਰਿਸ਼ਟੀ ਦੇ ਸਾਰੇ ਹੀ ਜੀਵ ਇਕ ਪਰਮਾਤਮਾ ਵਿਚ ਹਨ (ਭਾਵ, ਇਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ) , ਸਾਰੇ ਜੀਵਾਂ ਵਿਚ ਇਕ ਪਰਮਾਤਮਾ ਵਿਆਪਕ ਹੈ– ਇਹ ਕੌਤਕ (ਮੇਰੇ) ਗੁਰੂ ਨੇ (ਆਪ) ਵੇਖ ਕੇ (ਮੈਨੂੰ) ਵਿਖਾ ਦਿੱਤਾ ਹੈ।5।

(ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ) ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।6।

(ਗੁਰੂ ਨੇ ਆਪਣੀ ਰੌਸ਼ਨ ਜੋਤਿ ਦੇ) ਦੀਵੇ ਤੋਂ (ਮੇਰੇ ਅੰਦਰ) ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ (ਰੱਬੀ) ਜੋਤਿ ਵਿਖਾ ਦਿੱਤੀ ਹੈ, ਜੋ ਤਿੰਨਾਂ ਭਵਨਾਂ ਵਿਚ ਮੌਜੂਦ ਹੈ।7।

(ਮੇਰਾ ਗੁਰੂ ਇਕ ਐਸਾ ਨਾਥਾਂ ਦਾ ਭੀ ਨਾਥ ਹੈ ਜੋ) ਸਦਾ ਅਟੱਲ ਰਹਿਣ ਵਾਲੇ ਅਡੋਲਤਾ ਦੇ ਤਖ਼ਤ ਉਤੇ ਬੈਠਾ ਹੋਇਆ ਹੈ ਜੋ ਸਦਾ-ਥਿਰ ਰਹਿਣ ਵਾਲੇ ਮਹਿਲ ਵਿਚ ਬੈਠਾ ਹੋਇਆ ਹੈ, (ਉਥੇ ਆਸਣ ਜਮਾਈ) ਬੈਠੇ (ਮੇਰੇ ਗੁਰੂ-ਜੋਗੀ) ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ।8।

ਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ (ਸਾਰੇ ਸੰਸਾਰ ਨੂੰ) ਮੋਹ ਲਿਆ ਹੈ, ਉਸ ਨੇ ਹਰੇਕ ਦੇ ਅੰਦਰ (ਆਤਮਕ ਜੀਵਨ ਦੀ ਰੌ) ਕਿੰਗੁਰੀ ਵਜਾ ਦਿੱਤੀ ਹੈ।9।

ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਮੇਰੇ) ਗੁਰੂ ਦਾ ਮਿੱਤਰ ਹੈ, ਗੁਰੂ ਦੀ ਰਾਹੀਂ ਪ੍ਰਭੂ ਦੀ ਸਰਨ ਪੈ ਕੇ ਜੀਵ (ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ।10।8।

ਰਾਮਕਲੀ ਮਹਲਾ ੧ ॥ ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥ ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥ ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥ ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥ ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥ ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥ ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥ ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥ ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥ ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥ ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥ ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥ ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ ॥੧੨॥ ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥ ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥੧੪॥ ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥੧੫॥ ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥੧੬॥ ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥੧੭॥ ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥੧੮॥ ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥੧੯॥ ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥੨੦॥ ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥੨੧॥ ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥੨੨॥ ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥੨੩॥ ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥੨੪॥ ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥੨੫॥੯॥ {ਪੰਨਾ 907-908}

ਪਦ ਅਰਥ: ਅਉਹਠਿ = ਹਿਰਦੇ ਵਿਚ। ਅਉਹਠ = {AvD´} ਹਿਰਦਾ। ਹਸਤ = {ÔQ} ਟਿਕਿਆ ਹੋਇਆ। ਅਉਹਠਿ-ਹਸਤ = {AvG´ÔQ} ਹਿਰਦੇ ਵਿਚ ਟਿਕਿਆ ਹੋਇਆ। ਮੜੀ = ਸਰੀਰ। ਛਾਇਆ = ਬਣਾਇਆ। ਧਰਣਿ = ਧਰਤੀ। ਕਲ = ਸੱਤਿਆ। ਧਾਰੀ = ਧਾਰਨ ਵਾਲਾ, ਆਸਰਾ ਦੇਣ ਵਾਲਾ।1।

ਕੇਤੀ = ਬੇਅੰਤ ਲੁਕਾਈ। ਉਧਾਰੀ = (ਪਰਮਾਤਮਾ ਨੇ ਹਉਮੈ ਮਮਤਾ ਆਦਿਕ ਤੋਂ) ਬਚਾਈ।1। ਰਹਾਉ।

ਸੋਖੈ = ਸੁਕਾ ਦੇਂਦਾ ਹੈ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ।2।

ਮਨਸਾ = ਮਨ ਦਾ (ਮਾਇਕ) ਫੁਰਨਾ। ਮਾਰਿ = ਮਾਰ ਕੇ। ਮਨੈ ਮਹਿ = ਮਨ ਹੀ ਮਹਿ, ਮਨ ਵਿਚ ਹੀ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵਿਚਰਾਵਾਨ।3।

ਸਿੰਙੀ = ਸਿੰਙੀ ਦੀ ਸ਼ਕਲ ਦੀ ਛੋਟੀ ਜਿਹੀ ਤੂਤੀ ਜੋ ਜੋਗੀ ਲੋਕ ਸਦਾ ਆਪਣੇ ਪਾਸ ਰੱਖਦੇ ਹਨ। ਅਨਾਹਦਿ = {An Awhq} ਨਾਸ-ਰਹਿਤ ਪਰਮਾਤਮਾ ਵਿਚ। ਘਟਿ ਘਟਿ = ਹਰੇਕ ਘਟ ਵਿਚ।4।

ਪਰਪੰਚ = ਜਗਤ-ਰਚਨਾ। ਬੇਣੁ = ਬੀਣਾ। ਪਰਪੰਚ ਬੇਣੁ = ਉਹ ਪਰਮਾਤਮਾ ਜਿਸ ਵਿਚ ਜਗਤ-ਰਚਨਾ ਦੀ ਬਾਣੀ ਸਦਾ ਵੱਜ ਰਹੀ ਹੈ। ਤਹ = {ਨੋਟ: ਲਫ਼ਜ਼ 'ਤਹ' ਦੱਸਦਾ ਹੈ ਕਿ ਲਫ਼ਜ਼ 'ਪਰਪੰਚਬੇਣੁ' ਦੇ ਨਾਲ ਲਫ਼ਜ਼ 'ਜਹ' ਵਰਤਣਾ ਹੈ} ਉਥੇ, ਉਸ ਪਰਮਾਤਮਾ ਵਿਚ। ਬ੍ਰਹਮ ਅਗਨਿ = ਰੱਬੀ ਤੇਜ, ਪਰਮਾਤਮਾ ਦੀ ਪ੍ਰਕਾਸ਼-ਰੂਪ ਅੱਗ। ਪਰਜਾਰੀ = ਚੰਗੀ ਤਰ੍ਹਾਂ ਬਾਲੀ ਹੋਈ।5।

ਪੰਚ ਤਤੁ = ਪੰਜ ਤੱਤਾਂ ਤੋਂ ਬਣਿਆ ਹੋਇਆ ਸਰੀਰ। ਪੰਚ ਤਤੁ ਮਿਲਿ = ਪੰਜ-ਤੱਤੀ ਸਰੀਰ ਪ੍ਰਾਪਤ ਕਰ ਕੇ। ਅਹਿ = ਦਿਨ। ਨਿਸਿ = ਰਾਤ। ਦੀਪਕੁ = ਦੀਵਾ।6।

ਰਵਿ = ਸੂਰਜ, ਇੜਾ ਨਾੜੀ। ਸਸਿ = ਚੰਦ੍ਰਮਾ, ਪਿੰਗਲਾ ਨਾੜੀ, ਖੱਬੀ ਸੁਰ। ਲਉਕਾ = ਤੂੰਬਾ (ਕਿੰਗੁਰੀ ਦਾ) । ਨਿਰਾਰੀ = ਨਿਰਾਲਾ, ਅਨੋਖਾ, ਅਸਚਰਜ।7।

ਸਿਵ ਨਗਰੀ = ਸ਼ਿਵ ਦੀ ਨਗਰੀ ਵਿਚ, ਕੱਲਿਆਣ-ਸਰੂਪ ਪਰਮਾਤਮਾ ਦੇ ਦੇਸ ਵਿਚ। ਅਉਧੂ = ਹੇ ਜੋਗੀ! ਅਗੰਮੁ = ਅਪਹੁੰਚ ਪ੍ਰਭੂ।8।

ਰਾਜਾ = ਕਾਮਾਦਿਕਾਂ ਨੂੰ ਵੱਸ ਕਰ ਦੇਣ ਦੇ ਸਮਰੱਥ। ਪੰਚ = ਪੰਜ ਗਿਆਨ-ਇੰਦ੍ਰੇ। ਵੀਚਾਰੀ = ਵਿਚਾਰਵਾਨ (ਹੋ ਕੇ) ।9।

ਰਵੈ = ਸਿਮਰਦਾ ਹੈ। ਆਸਣਿ = (ਅਡੋਲਤਾ ਦੇ) ਆਸਣ ਉਤੇ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ ਆਤਮੇ (ਟਿਕ ਕੇ) । ਗੁਣਕਾਰੀ = (ਦੂਜਿਆਂ ਨੂੰ) ਗੁਣ ਦੇਣ ਵਾਲਾ, ਪਰਉਪਕਾਰੀ। ਅਦਲੁ = ਨਿਆਂ।10।

ਬਿਕਾਲੁ = ਜਨਮ। ਕਾਲੁ ਬਿਕਾਲੁ = ਜਨਮ ਮਰਨ। ਕਹਿ = ਕੀਹ? ਮਾਰੀ = ਮਾਰਿ, ਮਾਰ ਕੇ। ਬਪੁਰੇ = ਵਿਚਾਰੇ।11।

ਮਹੇਸ = ਸ਼ਿਵ। ਇਕ ਮੂਰਤਿ = ਇਕ ਪਰਮਾਤਮਾ ਦਾ ਹੀ ਰੂਪ।12।

ਸੋਧਿ = ਸੋਧ ਕੇ, ਸੁੱਧ ਕਰ ਕੇ। ਆਤਮ ਤਤੁ = ਆਤਮ ਦਾ ਮੂਲ ਪਰਮਾਤਮਾ।13।

ਅੰਤਰਿ = ਅੰਦਰ, ਹਿਰਦੇ ਵਿਚ। ਰਵਿਆ = ਚੇਤੇ ਰੱਖਿਆ, ਮੁੜ ਮੁੜ ਵਸਾਇਆ। ਗੁਣਕਾਰੀ = ਆਤਮਕ ਗੁਣ ਦੇਣ ਵਾਲਾ।14।

ਮਾਰੀ = ਮਾਰਿ, ਮਾਰ ਕੇ।15।

ਚਉਥੈ = ਚੌਥੇ ਦਰਜੇ ਵਿਚ, ਉਸ ਆਤਮਕ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਪੋਹ ਨਹੀਂ ਸਕਦੇ। 16।

ਜੋਗ ਸਬਦਿ = ਸ਼ਬਦ-ਰੂਪ ਜੋਗ ਦੀ ਰਾਹੀਂ। ਚੀਨੈ = ਪਛਾਣਦਾ ਹੈ। 17।

ਸਬਦੇ = ਸਬਦਿ ਹੀ, ਸ਼ਬਦ ਵਿਚ ਹੀ। ਸਾਰੀ = ਸ੍ਰੇਸ਼ਟ। ਕਰਣੀ = {krxIX} ਕਰਨ-ਜੋਗ ਕਾਰ। 18।

ਬਾਦੁ = ਝਗੜਾ, ਚਰਚਾ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰੀ = ਵਿਚਾਰਵਾਨ। 19।

ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹੈ। 20।

ਮਰੈ = ਵਿਕਾਰਾਂ ਵਲੋਂ ਮਰਦਾ ਹੈ, ਅਜੇਹੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ ਜਿਥੇ ਵਿਕਾਰ ਪੋਹ ਨਹੀਂ ਸਕਦੇ। ਵੀਚਾਰੀ = ਵਿਚਾਰ ਲਈ ਹੈ, ਸਮਝ ਲਈ ਹੈ। 21।

ਭਵਜਲੁ = ਸੰਸਾਰ-ਸਮੁੰਦਰ, ਘੁੰਮਣ-ਘੇਰੀ। 22।

ਸੂਰ = ਸੂਰਮੇ। ਬਾਣੀ = ਬਚਨ। ਭਗਤਿ ਵੀਚਾਰੀ = ਭਗਤੀ ਦੀ ਵਿਚਾਰ ਵਾਲੇ। 23।

ਨਿਕਸੈ = ਨਿਕਲਦਾ ਹੈ। ਵੀਚਾਰੀ = ਵਿਚਾਰਵਾਨ ਹੋ ਕੇ। 24।

ਮੇਲਿ = ਮੇਲ ਵਿਚ, ਸੰਗਤਿ ਵਿਚ। 25।

ਅਰਥ: ਹੇ ਸੰਤ ਜਨੋ! ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਬੇਅੰਤ ਲੁਕਾਈ ਨੂੰ (ਹਉਮੈ ਮਮਤਾ ਕਾਮਾਦਿਕ ਤੋਂ) ਬਚਾਂਦਾ (ਚਲਿਆ ਆ ਰਿਹਾ) ਹੈ।1। ਰਹਾਉ।

ਧਰਤੀ ਅਕਾਸ਼ ਨੂੰ ਆਪਣੀ ਸੱਤਿਆ ਨਾਲ ਟਿਕਾ ਰੱਖਣ ਵਾਲਾ ਪਰਮਾਤਮਾ (ਜਿਸ ਜੀਵ ਨੂੰ ਮਾਇਆ-ਮੋਹ ਆਦਿਕ ਤੋਂ ਬਚਾਂਦਾ ਹੈ ਉਸ ਦੇ) ਹਿਰਦੇ ਵਿਚ ਟਿਕ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ (ਭਾਵ, ਉਸ ਦੇ ਅੰਦਰ ਆਪਣਾ ਆਪ ਪਰਗਟ ਕਰਦਾ ਹੈ) ।1।

ਹੇ ਪ੍ਰਭੂ! (ਗੁਰੂ ਦੀ ਰਾਹੀਂ ਜਿਸ ਮਨੁੱਖ ਦਾ ਤੂੰ ਉੱਧਾਰ ਕਰਦਾ ਹੈਂ) ਉਹ ਅਪਣੱਤ ਨੂੰ (ਆਪਣੇ ਅੰਦਰੋਂ) ਮਾਰ ਕੇ ਹਉਮੈ ਨੂੰ ਭੀ ਮੁਕਾ ਲੈਂਦਾ ਹੈ, ਤੇ ਉਸ ਨੂੰ ਇਸ ਤ੍ਰਿ-ਭਵਨੀ ਜਗਤ ਵਿਚ ਤੇਰੀ ਹੀ ਜੋਤਿ ਨਜ਼ਰੀਂ ਆਉਂਦੀ ਹੈ।2।

(ਹੇ ਪ੍ਰਭੂ! ਜਿਸ ਜੀਵ ਨੂੰ ਤੂੰ ਤਾਰਦਾ ਹੈਂ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਉੱਚੀ ਵਿਚਾਰ ਦਾ ਮਾਲਕ ਹੋ ਕੇ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ (ਤੇਰੀ ਯਾਦ ਨੂੰ) ਆਪਣੇ ਮਨ ਵਿਚ ਟਿਕਾਂਦਾ ਹੈ।3।

(ਹੇ ਪ੍ਰਭੂ! ਜਿਸ ਉਤੇ ਤੇਰੀ ਮੇਹਰ ਹੁੰਦੀ ਹੈ ਉਹ ਹੈ ਅਸਲ ਜੋਗੀ, ਉਸ ਦੀ) ਸੁਰਤਿ ਤੇਰੇ ਨਾਸ-ਰਹਿਤ ਸਰੂਪ ਵਿਚ ਟਿਕਦੀ ਹੈ (ਇਹ, ਮਾਨੋ, ਉਸ ਦੇ ਅੰਦਰ ਜੋਗੀ ਵਾਲੀ) ਸਿੰਙੀ ਵੱਜਦੀ ਹੈ, ਉਸ ਨੂੰ ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਦਿੱਸਦੀ ਹੈ (ਉਹ ਕਿਸੇ ਨੂੰ ਤਿਆਗ ਕੇ ਜੰਗਲੀਂ ਪਹਾੜੀਂ ਨਹੀਂ ਭਟਕਦਾ) ।4।

(ਗੁਰੂ ਦੇ ਸ਼ਬਦ ਵਿਚ ਟਿਕਿਆ ਹੋਇਆ ਮਨੁੱਖ ਅਸਲ ਜੋਗੀ ਹੈ,) ਉਹ ਆਪਣੇ ਮਨ ਨੂੰ ਉਸ ਪਰਮਾਤਮਾ ਵਿਚ ਜੋੜੀ ਰੱਖਦਾ ਹੈ ਜਿਸ ਵਿਚ ਜਗਤ-ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ, ਉਹ ਆਪਣੇ ਅੰਦਰ ਰੱਬੀ ਜੋਤਿ ਚੰਗੀ ਤਰ੍ਹਾਂ ਜਗਾ ਲੈਂਦਾ ਹੈ।5।

(ਹੇ ਅਉਧੂ! ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸਰਨ ਪਾ ਕੇ ਆਤਮ-ਉੱਧਾਰ ਦੇ ਰਸਤੇ ਪਾਂਦਾ ਹੈ) ਉਹ ਮਨੁੱਖ ਇਸ ਪੰਜ-ਤੱਤੀ ਮਨੁੱਖਾ ਸਰੀਰ ਨੂੰ ਹਾਸਲ ਕਰ ਕੇ (ਜੰਗਲੀਂ ਪਹਾੜੀਂ ਜਾ ਕੇ ਇਸ ਨੂੰ ਸੁਆਹ ਵਿਚ ਨਹੀਂ ਰੋਲਦਾ, ਉਹ ਤਾਂ) ਬੇਅੰਤ ਪਰਮਾਤਮਾ ਦੀ ਪਵਿੱਤਰ ਜੋਤਿ ਦਾ ਦੀਵਾ ਦਿਨ ਰਾਤ (ਆਪਣੇ ਅੰਦਰ ਜਗਾਈ ਰੱਖਦਾ ਹੈ) ।6।

(ਹੇ ਅਉਧੂ! ਪ੍ਰਭੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨੁੱਖ ਆਪਣੇ ਇਸ ਸਰੀਰ ਨੂੰ ਕਿੰਗੁਰੀ ਬਣਾਂਦਾ ਹੈ, ਸੁਆਸ ਸੁਆਸ ਨਾਮ ਜਪਣ ਨੂੰ ਇਸ ਸਰੀਰ-ਕਿੰਗੁਰੀ ਦੇ ਤੂੰਬੇ ਬਣਾਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਅਨੋਖੀ ਖਿੱਚ ਨਾਲ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਉਸ ਦੇ ਅੰਦਰ ਸੁਆਦਲਾ ਪ੍ਰੇਮ-ਰਾਗ ਪੈਦਾ ਕਰਦਾ ਹੈ) ।7।

ਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਉੱਧਾਰਦਾ ਹੈ, ਉਹ) ਉਸ ਆਤਮਕ ਅਵਸਥਾ-ਰੂਪ ਨਗਰੀ ਵਿਚ ਅਡੋਲ-ਚਿੱਤ ਹੋ ਕੇ ਜੁੜਦਾ ਹੈ ਜਿਥੇ ਕੱਲਿਆਣ-ਸਰੂਪ ਪ੍ਰਭੂ ਦਾ ਹੀ ਪ੍ਰਭਾਵ ਹੈ, ਜਿੱਥੇ ਉਸ ਦੇ ਅੰਦਰ ਅਲੱਖ ਅਪਹੁੰਚ ਤੇ ਬੇਅੰਤ ਪਰਮਾਤਮਾ ਪਰਗਟ ਹੋ ਪੈਂਦਾ ਹੈ (ਉਹ ਉੱਚੀ ਆਤਮਕ ਅਵਸਥਾ ਹੀ ਗੁਰਸਿੱਖ ਜੋਗੀ ਦੀ ਸ਼ਿਵ-ਨਗਰੀ ਹੈ) ।8।

(ਹੇ ਅਉਧੂ! ਪ੍ਰਭੂ ਤੋਂ ਵਰੋਸਾਏ ਹੋਏ ਮਨੁੱਖ ਦਾ ਇਹ) ਸਰੀਰ (ਮਾਨੋ, ਵੱਸਦਾ) ਸ਼ਹਿਰ ਬਣ ਜਾਂਦਾ ਹੈ ਜਿਸ ਵਿਚ ਪੰਜੇ ਗਿਆਨ-ਇੰਦ੍ਰੇ ਵਿਚਾਰਵਾਨ ਹੋ ਕੇ (ਉੱਚੀ ਆਤਮਕ ਸੂਝ-ਬੂਝ ਵਾਲੇ ਹੋ ਕੇ) ਵੱਸਦੇ ਹਨ (ਭਾਵ, ਵਿਕਾਰਾਂ ਦੇ ਪਿੱਛੇ ਭਟਕਦੇ ਨਹੀਂ ਫਿਰਦੇ, ਵਰੋਸਾਏ ਮਨੁੱਖ ਦਾ) ਇਹ ਮਨ (ਸਰੀਰ-ਨਗਰੀ ਵਿਚ) ਰਾਜਾ ਬਣ ਜਾਂਦਾ ਹੈ (ਕਾਮਾਦਿਕਾਂ ਨੂੰ ਵੱਸ ਵਿਚ ਰੱਖੀ ਬੈਠਦਾ ਹੈ) ।9।

(ਹੇ ਅਉਧੂ! ਜਿਸ ਮਨੁੱਖ ਦਾ, ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ, ਉੱਧਾਰ ਕਰਦਾ ਹੈ ਉਸ ਦਾ ਮਨ ਕਾਮਾਦਿਕਾਂ ਉਤੇ) ਬਲੀ ਹੋ ਕੇ (ਆਤਮਕ ਅਡੋਲਤਾ ਦੇ) ਆਸਣ ਉਤੇ ਬੈਠਦਾ ਹੈ ਆਪਣੇ ਅੰਦਰ ਹੀ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ, ਨਿਆਂ ਕਰਦਾ ਹੈ (ਭਾਵ, ਸਾਰੇ ਇੰਦ੍ਰਿਆਂ ਨੂੰ ਆਪੋ ਆਪਣੀ ਹੱਦ ਵਿਚ ਰੱਖਦਾ ਹੈ) , ਤੇ ਪਰਉਪਕਾਰੀ ਹੋ ਜਾਂਦਾ ਹੈ।10।

(ਹੇ ਅਉਧੂ! ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ ਉਹ ਧੂਣੀਆਂ ਤਪਾ ਤਪਾ ਕੇ ਨਹੀਂ ਸੜਦਾ, ਉਹ ਤਾਂ ਇਹ ਸੰਸਾਰਕ ਜੀਵਨ) ਜੀਊਂਦਾ ਹੀ (ਹਉਮੈ ਮਮਤਾ ਕਾਮਾਦਿਕਾਂ ਵਲੋਂ) ਮਰ ਜਾਂਦਾ ਹੈ, ਉਹ ਆਪਣੇ ਮਨ ਨੂੰ (ਇਹਨਾਂ ਵਲੋਂ) ਮਾਰ ਦੇਂਦਾ ਹੈ, (ਇਸ ਅਵਸਥਾ ਵਿਚ ਪਹੁੰਚੇ ਹੋਏ ਦਾ) ਵਿਚਾਰੇ ਜਨਮ ਮਰਨ ਕੁਝ ਵਿਗਾੜ ਨਹੀਂ ਸਕਦੇ।11।

(ਹੇ ਅਉਧੂ! ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਕਰਤਾਰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਉਸ ਇਕ ਪਰਮਾਤਮਾ (ਦੀ ਇਕ ਇਕ ਤਾਕਤ) ਦਾ ਸਰੂਪ (ਮਿਥੇ ਗਏ) ਹਨ।12।

(ਹੇ ਅਉਧੂ! ਉਹ ਮਨੁੱਖ) ਹਰੇਕ ਆਤਮਾ ਦੇ ਮਾਲਕ ਪਰਮਾਤਮਾ (ਦੀ ਯਾਦ) ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਤੇ (ਜੰਗਲਾਂ ਪਹਾੜਾਂ ਵਿਚ ਭਟਕਣ ਦੇ ਥਾਂ) ਆਪਣੇ ਸਰੀਰ ਨੂੰ (ਵਿਕਾਰਾਂ ਵਲੋਂ) ਪਵਿਤ੍ਰ ਰੱਖ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।13।

(ਹੇ ਅਉਧੂ! ਉਸ ਮਨੁੱਖ ਨੇ) ਗੁਰੂ ਦੀ ਦੱਸੀ ਸੇਵਾ ਤੋਂ ਹੀ ਸਦਾ ਲਈ ਆਤਮਕ ਆਨੰਦ ਲੱਭ ਲਿਆ ਹੈ, ਉਸ ਦੇ ਅੰਦਰ (ਸੁੱਚੇ) ਆਤਮਕ ਗੁਣ ਪੈਦਾ ਕਰਨ ਵਾਲਾ ਗੁਰੂ ਦਾ ਸ਼ਬਦ ਸਦਾ ਟਿਕਿਆ ਰਹਿੰਦਾ ਹੈ।14।

(ਹੇ ਅਉਧੂ! ਜਿਸ ਉਤੇ ਮੇਹਰ ਕਰਦਾ ਹੈ ਉਸ ਨੂੰ) ਆਤਮਕ ਗੁਣ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੀ (ਗੁਰਮੁਖਾਂ ਦੀ) ਸੰਗਤਿ ਵਿਚ ਮਿਲਾਂਦਾ ਹੈ, ਉਸ ਦੇ ਅੰਦਰੋਂ ਹਉਮੈ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਦੇਂਦਾ ਹੈ।15।

(ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ, ਉਸ ਉੱਚੀ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਚੜ੍ਹਦਾ, (ਜੰਗਲਾਂ ਪਹਾੜਾਂ ਵਿਚ ਭਟਕਣ ਨਾਲੋਂ ਉਸ ਨੂੰ) ਇਹ ਭਗਤੀ ਹੀ ਅਨੋਖੀ ਖਿੱਚ ਪਾਂਦੀ ਹੈ। 16।

(ਹੇ ਅਉਧੂ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਨ ਦੇ ਜੋਗ (-ਸਾਧਨ) ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਆਪਣੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ ਤੇ ਪ੍ਰੀਤ) ਨੂੰ ਵਸਾਈ ਰੱਖਦਾ ਹੈ। 17।

(ਹੇ ਅਉਧੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਸਦਾ) ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ। (ਇਸ ਵਾਸਤੇ ਉਸ ਦਾ) ਮਨ (ਵਿਕਾਰਾਂ ਵਲ ਡੋਲਣ ਦੇ ਥਾਂ ਪ੍ਰਭੂ-ਪ੍ਰੀਤਿ ਵਿਚ) ਟਿਕਿਆ ਰਹਿੰਦਾ ਹੈ। (ਮਨੁੱਖਾ ਜੀਵਨ ਵਿਚ) ਇਹ ਹੀ ਕਰਨ-ਜੋਗ ਕਾਰ ਉਸ ਨੂੰ ਸ੍ਰੇਸ਼ਟ ਜਾਪਦੀ ਹੈ। 18।

ਹੇ ਅਉਧੂ! ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਪੜ੍ਹ ਕੇ ਉਹਨਾਂ ਦੀ) ਚਰਚਾ ਨੂੰ (ਉਹ ਮਨੁੱਖ) ਨਹੀਂ ਕਬੂਲਦਾ (ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇ ਰਾਹ ਵਿਚ ਇਸ ਨੂੰ ਉਹ) ਪਖੰਡ (ਸਮਝਦਾ ਹੈ) । ਉਹ ਤਾਂ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ। 19।

ਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਉੱਧਾਰਦਾ ਹੈ ਉਹ) ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਇਹੀ ਜੋਗ (ਉਹ) ਕਮਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ, ਇਹੀ ਹੈ ਉਸ ਦਾ ਜਤ ਤੇ ਸਤ (ਕਾਇਮ ਰੱਖਣ ਦਾ ਤਰੀਕਾ) । 20।

ਹੇ ਅਉਧੂ! ਉਸ ਮਨੁੱਖ ਨੇ ਜੋਗ ਦੀ (ਪਰਮਾਤਮਾ ਨਾਲ ਜੁੜਨ ਦੀ) ਇਹ ਜੁਗਤਿ ਸਮਝੀ ਹੈ ਕਿ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਹਉਮੈ ਮਮਤਾ ਆਦਿਕ ਵਲੋਂ) ਮੁਰਦਾ ਹੋ ਜਾਂਦਾ ਹੈ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਕਾਬੂ ਵਿਚ ਰੱਖਦਾ ਹੈ। 21।

ਹੇ ਅਉਧੂ! ਮਾਇਆ ਦਾ ਮੋਹ ਘੁੰਮਣ ਘੇਰੀ ਹੈ (ਜਿਸ ਮਨੁੱਖ ਦਾ ਪਰਮਾਤਮਾ ਉੱਧਾਰ ਕਰਦਾ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਵਿਚੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ। 22।

ਹੇ ਅਉਧੂ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਚੌਹਾਂ ਜੁਗਾਂ ਵਿਚ ਹੀ ਸੂਰਮੇ ਹਨ (ਭਾਵ, ਕਿਸੇ ਭੀ ਸਮੇ ਵਿਚ ਕਾਮਾਦਿਕ ਵਿਕਾਰ ਉਹਨਾਂ ਉਤੇ ਜ਼ੋਰ ਨਹੀਂ ਪਾ ਸਕਦੇ) । ਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹ ਪਰਮਾਤਮਾ ਦੀ ਭਗਤੀ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦੇ ਹਨ। 23।

ਹੇ ਅਉਧੂ! ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ (ਪਰ ਇਸ ਵਿਚੋਂ ਨਿਕਲਣ ਦਾ ਇਹ ਤਰੀਕਾ ਨਹੀਂ ਕਿ ਮਨੁੱਖ ਜੰਗਲਾਂ ਵਿਚ ਜਾਂ ਪਹਾੜਾਂ ਦੀਆਂ ਗੁਫ਼ਾਂ ਵਿਚ ਜਾ ਕੇ ਟਿਕੇ, ਇਸ ਵਿਚੋਂ) ਉਹ ਮਨੁੱਖ ਨਿਕਲਦਾ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ। 24।

ਸੋ, ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ = ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਮਾਇਆ ਦੇ ਮੋਹ ਵਿਚ ਫਸਣ ਤੋਂ ਬਚਾ ਲੈ) ।

(ਮਾਇਆ ਦੇ ਮੋਹ ਤੋਂ ਬਚਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਅਰਦਾਸ ਸੁਣ ਕੇ) ਪਰਮਾਤਮਾ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਆਪਣੀ ਸੰਗਤਿ ਵਿਚ ਮਿਲਾਂਦਾ ਹੈ। 25।9।

TOP OF PAGE

Sri Guru Granth Darpan, by Professor Sahib Singh