ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 908 ਰਾਮਕਲੀ ਮਹਲਾ ੩ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ॥ ਆਵਣੁ ਜਾਣੁ ਬਿਭੂਤਿ ਲਾਇ ਜੋਗੀ ਤਾ ਤੀਨਿ ਭਵਣ ਜਿਣਿ ਲਇਆ ॥੧॥ ਐਸੀ ਕਿੰਗੁਰੀ ਵਜਾਇ ਜੋਗੀ ॥ ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥ ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥ ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥੨॥ ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ॥ ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥੩॥ ਇਤੁ ਕਿੰਗੁਰੀ ਧਿਆਨੁ ਨ ਲਾਗੈ ਜੋਗੀ ਨਾ ਸਚੁ ਪਲੈ ਪਾਇ ॥ ਇਤੁ ਕਿੰਗੁਰੀ ਸਾਂਤਿ ਨ ਆਵੈ ਜੋਗੀ ਅਭਿਮਾਨੁ ਨ ਵਿਚਹੁ ਜਾਇ ॥੪॥ ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥ ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥੫॥ ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ ॥ ਸਹਸਾ ਤੂਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥੬॥ {ਪੰਨਾ 908} ਪਦ ਅਰਥ: ਸਰਮ = ਮਿਹਨਤ (ਉੱਚਾ ਆਤਮਕ ਜੀਵਨ ਬਣਾਣ ਲਈ ਮਿਹਨਤ) । ਜੋਗੀ = ਹੇ ਜੋਗੀ! ਖਿੰਥਾ = ਕਫ਼ਨੀ, ਗੋਦੜੀ। ਕਰਿ = ਬਣਾ। ਆਵਣੁ ਜਾਣੁ = ਜਨਮ ਮਰਨ ਦਾ ਗੇੜ (ਜਨਮ ਮਰਨ ਦੇ ਗੇੜ ਦਾ ਡਰ) । ਬਿਭੂਤਿ = ਸੁਆਹ। ਤੀਨਿ ਭਵਣ = ਤਿੰਨ ਭਵਣ, (ਆਕਾਸ਼, ਪਾਤਾਲ, ਮਾਤ ਲੋਕ,) ਸਾਰਾ ਜਗਤ, ਜਗਤ ਦਾ ਮੋਹ। ਜਿਣਿ ਲਇਆ = ਜਿੱਤ ਲਿਆ।1। ਕਿੰਗੁਰੀ = ਵੀਣਾ। ਜਿਤੁ ਕਿੰਗੁਰੀ = ਜਿਸ ਕਿੰਗੁਰੀ ਦੀ ਰਾਹੀਂ, ਜਿਸ ਵੀਣਾ ਦੇ ਵਜਾਣ ਨਾਲ। ਅਨਹਦੁ = ਬਿਨਾ ਵਜਾਏ ਵੱਜਦਾ ਰਾਗ, ਇਕ-ਰਸ ਹੋ ਰਿਹਾ ਰਾਗ, ਉੱਚੇ ਆਤਮਕ ਜੀਵਨ ਦਾ ਇਕ-ਰਸ ਆਨੰਦ। ਵਾਜੈ = ਵੱਜਣ ਲੱਗ ਪੈਂਦਾ ਹੈ। ਲਿਵ = ਲਗਨ।1। ਰਹਾਉ। ਸਤੁ = ਦਾਨ, ਸੇਵਾ। ਪਤੁ = ਪਾਤਰ, ਖੱਪਰ। ਕਰਿ = ਬਣਾ। ਹੇ ਜੋਗੀ = ਹੇ ਜੋਗੀ! ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਭੁਗਤਿ = ਚੂਰਮਾ, ਭੋਜਨ। ਸਿੰਙੀ = ਛੋਟਾ ਜਿਹਾ ਸਿੰਙ ਜੋ ਭੰਡਾਰਾ ਵਰਤਣ ਵੇਲੇ ਜੋਗੀ ਵਜਾਂਦਾ ਹੈ।2। ਦ੍ਰਿੜੁ = ਪੱਕਾ। ਆਸਣਿ = ਆਸਣ ਉਤੇ। ਬੈਸੁ = ਬੈਠ। ਕਲਪਣਾ = ਮਨ ਦੀ ਖਿੱਝ। ਕਾਇਆ = ਸਰੀਰ। ਮੰਗਣਿ ਚੜਹਿ = ਮੰਗਣ ਵਾਸਤੇ ਚੱਲ ਪਏਂ। ਪਲੈ ਪਾਈ = ਪੱਲੇ ਪੈਂਦਾ ਹੈ, ਮਿਲਦਾ ਹੈ।3। ਇਤੁ = ਇਸ ਦੀ ਰਾਹੀਂ। ਇਤੁ ਕਿੰਗੁਰੀ = ਇਸ ਕਿੰਗੁਰੀ ਦੀ ਰਾਹੀਂ (ਜਿਹੜੀ ਤੂੰ ਵਜਾ ਰਿਹਾ ਹੈਂ) । ਵਿਚਹੁ = ਮਨ ਵਿਚੋਂ।4। ਭਉ = ਡਰ। ਭਾਉ = ਪਿਆਰ। ਦੁਇ = ਦੋਵੇਂ। ਪਤ = {ਵੇਖੋ ਬੰਦ ਨੰ: 2। 'ਪਤੁ' ਇਕ-ਵਚਨ ਹੈ} ਤੂੰਬੇ (ਜੋ ਕਿੰਗੁਰੀ ਦੀ ਲੰਮੀ ਡੰਡੀ ਉਤੇ ਲੱਗੇ ਹੁੰਦੇ ਹਨ) । ਡੰਡੀ = ਕਿੰਗਰੀ ਦੀ ਡੰਡੀ। ਗੁਰਮੁਖ = ਗੁਰੂ ਦੇ ਸਨਮੁਖਿ। ਤੰਤੀ = ਤਾਰ, ਵੀਣਾ ਦੀ ਤਾਰ। ਇਨ ਬਿਧਿ = ਇਸ ਤਰੀਕੇ ਨਾਲ। ਖੰਡੀ = ਨਾਸ ਹੋ ਜਾਂਦੀ ਹੈ।5। ਬੁਝੈ = ਸਮਝ ਲਏ, ਦੇ ਅਨੁਸਾਰ ਚੱਲ ਪਏ। ਏਕਸ ਸਿਉ = ਇਕ ਪਰਮਾਤਮਾ ਨਾਲ ਹੀ। ਸਹਸਾ = ਸਹਿਮ। ਨਿਰਮਲੁ = ਪਵਿੱਤਰ। ਜੋਗ ਜੁਗਤੀ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ। ਇਵ = ਇਸ ਤਰ੍ਹਾਂ।6। ਅਰਥ: ਹੇ ਜੋਗੀ! ਤੂੰ ਅਜਿਹੀ ਵੀਣਾ ਵਜਾਇਆ ਕਰ, ਜਿਸ ਵੀਣਾ ਦੇ ਵਜਾਣ ਨਾਲ (ਮਨੁੱਖ ਦੇ ਅੰਦਰ) ਉੱਚੇ ਆਤਮਕ ਜੀਵਨ ਦਾ ਇੱਕ-ਰਸ ਆਨੰਦ ਪੈਦਾ ਹੋ ਜਾਂਦਾ ਹੈ, ਅਤੇ ਮਨੁੱਖ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ।1। ਰਹਾਉ। ਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ। ਹੇ ਜੋਗੀ! ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ = ਇਹ ਸੁਆਹ ਤੂੰ ਆਪਣੇ ਪਿੰਡੇ ਉਤੇ ਮਲ। (ਜੇ ਤੂੰ ਇਹ ਉੱਦਮ ਕਰੇਂਗਾ, ਤਾਂ ਸਮਝ ਲਈਂ ਕਿ) ਤੂੰ ਜਗਤ ਦਾ ਮੋਹ ਜਿੱਤ ਲਿਆ।1। ਹੇ ਜੋਗੀ! (ਦੂਜਿਆਂ ਦੀ) ਸੇਵਾ (ਕਰਿਆ ਕਰ, ਅਤੇ ਆਪਣੇ ਅੰਦਰ) ਸੰਤੋਖ (ਧਾਰਨ ਕਰ, ਇਹਨਾਂ ਦੋਹਾਂ) ਨੂੰ ਖੱਪਰ ਅਤੇ ਝੋਲੀ ਬਣਾ। ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ ਹਿਰਦੇ ਵਿਚ ਵਸਾਈ ਰੱਖੋ) ਇਹ ਚੂਰਮਾ ਪਾ (ਤੂੰ ਆਪਣੇ ਖੱਪਰ ਵਿਚ) । ਹੇ ਜੋਗੀ! ਪ੍ਰਭੂ-ਚਰਨਾਂ ਵਿਚ ਚਿੱਤ ਜੋੜੀ ਰੱਖਣ ਨੂੰ ਤੂੰ (ਆਪਣੇ ਹੱਥ ਦਾ) ਡੰਡਾ ਬਣਾ; ਪ੍ਰਭੂ ਵਿਚ ਸੁਰਤਿ ਟਿਕਾਈ ਰੱਖ = ਇਹ ਸਿੰਙੀ ਵਜਾਇਆ ਕਰ।2। ਹੇ ਜੋਗੀ! (ਪ੍ਰਭੂ ਦੀ ਯਾਦ ਵਿਚ) ਆਪਣੇ ਮਨ ਨੂੰ ਪੱਕਾ ਕਰ = (ਇਸ) ਆਸਣ ਉਤੇ ਬੈਠਿਆ ਕਰ, (ਇਸ ਅੱਭਿਆਸ ਨਾਲ) ਤੇਰੇ ਮਨ ਦੀ ਖਿੱਝ ਦੂਰ ਹੋ ਜਾਇਗੀ। (ਤੂੰ ਆਟਾ ਮੰਗਣ ਲਈ ਨਗਰ ਵਲ ਤੁਰ ਪੈਂਦਾ ਹੈਂ, ਇਸ ਦੇ ਥਾਂ) ਜੇ ਤੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ (ਟਿਕ ਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ) ਮੰਗਣਾ ਸ਼ੁਰੂ ਕਰ ਦੇਵੇਂ, ਤਾਂ, ਹੇ ਜੋਗੀ! ਤੈਨੂੰ (ਪਰਮਾਤਮਾ ਦਾ) ਨਾਮ ਪ੍ਰਾਪਤ ਹੋ ਜਾਇਗਾ।3। ਹੇ ਜੋਗੀ! (ਜਿਹੜੀ ਕਿੰਗੁਰੀ ਤੂੰ ਵਜਾ ਰਿਹਾ ਹੈਂ) ਇਸ ਕਿੰਗੁਰੀ ਦੀ ਰਾਹੀਂ ਪ੍ਰਭੂ ਚਰਨਾਂ ਵਿਚ ਧਿਆਨ ਨਹੀਂ ਜੁੜ ਸਕਦਾ, ਨਾਹ ਹੀ ਇਸ ਤਰ੍ਹਾਂ ਸਦਾ-ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ। ਹੇ ਜੋਗੀ! (ਤੇਰੀ) ਇਸ ਕਿੰਗੁਰੀ ਦੀ ਰਾਹੀਂ ਮਨ ਵਿਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਨਾਹ ਹੀ ਮਨ ਵਿਚੋਂ ਅਹੰਕਾਰ ਦੂਰ ਹੋ ਸਕਦਾ ਹੈ।4। ਹੇ ਜੋਗੀ! ਤੂੰ ਆਪਣੇ ਇਸ ਸਰੀਰ ਨੂੰ (ਕਿੰਗੁਰੀ ਦੀ) ਡੰਡੀ ਬਣਾ ਅਤੇ (ਇਸ ਸਰੀਰ-ਡੰਡੀ ਨੂੰ) ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ (ਭਾਵ, ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ) । ਹੇ ਜੋਗੀ! ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੇਂ ਤਾਂ (ਹਿਰਦੇ ਦੀ ਪ੍ਰੇਮ-) ਤਾਰ ਵੱਜ ਪਏਗੀ, ਇਸ ਤਰ੍ਹਾਂ (ਤੇਰੇ ਅੰਦਰੋਂ) ਤ੍ਰਿਸ਼ਨਾ ਮੁੱਕ ਜਾਇਗੀ।5। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ਉਹ ਮਨੁੱਖ (ਅਸਲ) ਜੋਗੀ ਅਖਵਾਂਦਾ ਹੈ, (ਉਸ ਦੇ ਅੰਦਰੋਂ) ਸਹਿਮ ਦੂਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ, ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਹੈ।6। ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥ ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥੭॥ ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥ ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥ ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥ ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥ ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥ ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥ ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥ ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥ ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥ ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥ {ਪੰਨਾ 908-909} ਪਦ ਅਰਥ: ਸਭੁ ਕਿਛੁ = ਹਰੇਕ ਚੀਜ਼, ਸਭ ਕੁਝ। ਬਿਨਸੈ = ਨਾਸਵੰਤ ਹੈ। ਸੇਤੀ = ਨਾਲ। ਲਾਇ = ਜੋੜੀ ਰੱਖ। ਭਾਵਨੀ = ਸਰਧਾ, ਪਿਆਰ।7। ਜੋਗੀ = ਹੇ ਜੋਗੀ! ਜਿ = ਜਿਹੜਾ, ਕਿ। ਛੋਡਿ = ਛੱਡ ਕੇ। ਪਰਭਵਣੁ = ਦੇਸ-ਰਟਨ, ਥਾਂ ਥਾਂ ਭੌਂਦੇ ਫਿਰਨਾ। ਕਰਹਿ = ਤੂੰ ਕਰਦਾ ਹੈਂ। ਗ੍ਰਿਹ ਸਰੀਰ ਮਹਿ = ਸਰੀਰ-ਘਰ ਵਿਚ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਲਹਹਿ = ਤੂੰ ਲੱਭ ਲਏਂਗਾ।8। ਇਸੁ ਮਹਿ = ਇਸ (ਮਿੱਟੀ ਦੇ ਪੁਤਲੇ) ਵਿਚ। ਕਰੈ = ਕਰਦਾ ਹੈ।9। ਅਉਖਧੁ = ਦਵਾਈ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਮੰਨਿ = ਮਨਿ, ਮਨ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸੋਈ = ਉਹੀ ਮਨੁੱਖ। ਜੋਗ ਜੁਗਤਿ = ਜੋਗ ਦੀ ਜੁਗਤੀ, ਮਾਰਗੁ = ਰਸਤਾ। ਬਿਖਮੁ = ਔਖਾ। ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮਿਹਰ ਦੀ ਨਿਗਾਹ। ਅੰਤਰਿ = ਆਪਣੇ ਅੰਦਰ। ਬਾਹਰਿ = ਸਾਰੇ ਸੰਸਾਰ ਵਿਚ। ਵਿਚਹੁ = ਆਪਣੇ ਮਨ ਵਿਚੋਂ। ਭਰਮੁ = ਵਿਤਕਰਾ, ਮੇਰ-ਤੇਰ। ਚੁਕਾਏ = ਦੂਰ ਕਰਦਾ ਹੈ।11। ਵਾਜੈ = ਵੱਜਦੀ ਹੈ। ਸਾ ਕਿੰਗੁਰੀ = ਉਹ ਵੀਣਾ। ਕਹੈ– ਆਖਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ (ਵਾਲਾ) । ਹੋਵਹਿ = ਤੂੰ ਹੋ ਜਾਇਂਗਾ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ। ਰਹਹਿ ਸਮਾਇ = ਤੂੰ ਲੀਨ ਰਹੇਂਗਾ।12। ਅਰਥ: (ਹੇ ਜੋਗੀ! ਜਗਤ ਵਿਚ ਜੋ ਕੁਝ) ਅੱਖੀਂ ਦਿੱਸ ਰਿਹਾ ਹੈ (ਇਹ) ਸਭ ਕੁਝ ਨਾਸਵੰਤ ਹੈ (ਇਸ ਦਾ ਮੋਹ ਛੱਡ ਕੇ) ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ। (ਪਰ, ਹੇ ਜੋਗੀ!) ਇਹ ਸਮਝ ਤਦੋਂ ਹੀ ਪਏਗੀ ਜਦੋਂ ਗੁਰੂ ਨਾਲ ਤੇਰੀ ਸਰਧਾ ਬਣੇਗੀ।7। ਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ। ਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ। ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ।8। ਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ। ਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ।9। ਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ। (ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ।10। ਹੇ ਜੋਗੀ! (ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ। ਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ।11। ਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ। ਨਾਨਕ ਆਖਦਾ ਹੈ– ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ।12।1। |
Sri Guru Granth Darpan, by Professor Sahib Singh |