ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 909

ਰਾਮਕਲੀ ਮਹਲਾ ੩ ॥ ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥੧॥ ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥ ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥੨॥ ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥੩॥ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥੪॥ ਸਦਾ ਹਜੂਰਿ ਦੂਰਿ ਨਹ ਦੇਖਹੁ ਰਚਨਾ ਜਿਨਿ ਰਚਾਈ ॥੫॥ ਸਚਾ ਸਬਦੁ ਰਵੈ ਘਟ ਅੰਤਰਿ ਸਚੇ ਸਿਉ ਲਿਵ ਲਾਈ ॥੬॥ ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥੭॥ {ਪੰਨਾ 909}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੇ। ਜਾਤਾ = ਪਛਾਣਿਆ, ਕਦਰ ਪਾਈ। ਸਤਿਗੁਰਿ = ਸਤਿਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਈ = ਸਮਝ ਦਿੱਤੀ (ਸਿੱਖ ਨੂੰ) ।1।

ਦੇਇ = ਦੇਂਦਾ ਹੈ। ਵਡਿਆਈ = ਇੱਜ਼ਤ-ਮਾਣ।1। ਰਹਾਉ।

ਸਚਿ = ਸਦਾ-ਥਿਰ ਪ੍ਰਭੂ ਵਿਚ। ਸਹਜੁ ਸੁਖੁ = ਆਤਮਕ ਅਡੋਲਤਾ ਵਾਲਾ ਸੁਖ। ਵਿਚਹੁ = ਮਨ ਦੇ ਅੰਦਰੋਂ।2।

ਆਪੁ = ਆਪਾ-ਭਾਵ। ਨਾਮ ਲਿਵ = ਨਾਮ ਦੀ ਲਗਨ। ਮਮਤਾ = ਮੈਂ ਮੇਰੀ ਦਾ ਸੁਭਾਉ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।3।

ਜਿਸ ਤੇ, ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' 'ਤਿਸੁ' ਦਾ ੁ ਉੱਡ ਗਿਆ ਹੈ} ਜਿਸ ਪਰਮਾਤਮਾ ਤੋਂ, ਉਸ ਪ੍ਰਭੂ ਦੇ ਹੁਕਮ ਨਾਲ। ਉਪਜੈ = ਪੈਦਾ ਹੁੰਦਾ ਹੈ। ਸਖਾਈ = ਸਾਥੀ।4।

ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਜਿਨਿ = ਜਿਸ (ਪਰਮਾਤਮਾ) ਨੇ।5।

ਸਚਾ = ਸਦਾ-ਥਿਰ। ਸਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਰਵੈ = ਮੌਜੂਦ ਰਹਿੰਦਾ ਹੈ। ਘਟਿ ਅੰਤਰਿ = ਹਿਰਦੇ ਵਿਚ। ਸਿਉ = ਨਾਲ। ਲਿਵ = ਲਗਨ।6।

ਨਿਰਮੋਲਕੁ = ਜਿਸ ਦੇ ਬਰਾਬਰ ਦਾ ਕੋਈ ਦੁਨੀਆਵੀ ਪਦਾਰਥ ਨਹੀਂ ਹੈ। ਵਡੈ ਭਾਗਿ = ਵੱਡੀ ਕਿਸਮਤ ਨਾਲ।7।

ਅਰਥ: ਹੇ ਸੰਤ ਜਨੋ! (ਪਰਮਾਤਮਾ ਲੋਕ ਪਰਲੋਕ ਵਿਚ) ਉਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ ਜੋ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ।1। ਰਹਾਉ।

ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਹੀ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਦੀ ਕਦਰ ਸਮਝੀ ਹੈ। ਗੁਰੂ ਨੇ (ਆਪ ਇਹ ਕਦਰ) ਸਮਝ (ਸਿੱਖ ਨੂੰ) ਬਖ਼ਸ਼ੀ ਹੈ।1।

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿ ਕੇ ਹੀ) ਤੁਸੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕਦੇ ਹੋ, (ਤੁਹਾਡੇ ਅੰਦਰ) ਆਤਮਕ ਅਡੋਲਤਾ ਵਾਲਾ ਸੁਖ ਪੈਦਾ ਹੋ ਸਕਦਾ ਹੈ ਅਤੇ (ਤੁਹਾਡੇ) ਅੰਦਰੋਂ ਕਾਮ ਕ੍ਰੋਧ ਦੂਰ ਹੋ ਸਕਦਾ ਹੈ।2।

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਮਨੁੱਖ ਨੇ ਹੀ) ਆਪਾ-ਭਾਵ ਛੱਡ ਕੇ (ਆਪਣੇ ਅੰਦਰ ਪਰਮਾਤਮਾ ਦੇ) ਨਾਮ ਦੀ ਲਗਨ ਬਣਾਈ ਹੈ ਅਤੇ (ਆਪਣੇ ਅੰਦਰੋਂ) ਮੈਂ-ਮੇਰੀ ਦੀ ਆਦਤ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀ ਹੈ।3।

(ਹੇ ਸੰਤ ਜਨੋ! ਗੁਰਮੁਖਿ ਨੂੰ ਹੀ ਇਹ ਸਮਝ ਆਉਂਦੀ ਹੈ ਕਿ) ਜੀਵ ਜਿਸ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਹੀ ਨਾਸ ਹੋ ਜਾਂਦਾ ਹੈ, ਅਤੇ ਅਖ਼ੀਰ ਸਮੇ ਸਿਰਫ਼ ਪ੍ਰਭੂ-ਨਾਮ ਹੀ ਸਾਥੀ ਬਣਦਾ ਹੈ।4।

(ਹੇ ਸੰਤ ਜਨੋ!) ਜਿਸ ਪਰਮਾਤਮਾ ਨੇ ਇਹ ਜਗਤ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿਚ ਹਰ ਥਾਂ ਹਾਜ਼ਰ-ਨਾਜ਼ਰ ਵੇਖੋ, ਇਸ ਵਿਚੋਂ ਲਾਂਭੇ ਦੂਰ ਨਾਹ ਸਮਝੋ।5।

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਹੋਇਆਂ ਹੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸ ਸਕਦਾ ਹੈ ਅਤੇ ਸਦਾ-ਥਿਰ ਪ੍ਰਭੂ ਨਾਲ ਲਗਨ ਲੱਗ ਸਕਦੀ ਹੈ।6।

(ਹੇ ਸੰਤ ਜਨੋ! ਜਿਹੜਾ) ਹਰਿ-ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ਉਹ ਗੁਰੂ ਦੀ ਸਾਧ ਸੰਗਤਿ ਵਿਚ ਵੱਡੀ ਕਿਸਮਤ ਨਾਲ ਮਿਲ ਜਾਂਦਾ ਹੈ।7।

ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥੮॥ ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥੯॥ ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥੧੦॥ ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗੁ ਪਾਈ ॥੧੧॥ ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥ ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥੧੩॥ ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ ॥੧੪॥ {ਪੰਨਾ 909}

ਪਦ ਅਰਥ: ਭਰਮਿ = ਭਟਕਣਾ ਵਿਚ (ਪੈ ਕੇ) , ਭੁਲੇਖੇ ਵਿਚ। ਇਕ ਠਾਈ = ਇੱਕੋ ਥਾਂ (ਪ੍ਰਭੂ-ਚਰਨਾਂ ਵਿਚ) ।8।

ਭੂਲੀ ਫਿਰਦੀ = ਗ਼ਲਤ ਜੀਵਨ-ਰਾਹ ਤੇ ਪਈ ਹੋਈ ਹੈ। ਬਿਰਥਾ = ਵਿਅਰਥ।9।

ਹੰਢੈ = ਭਟਕਦਾ ਫਿਰਦਾ ਹੈ। ਪਾਖੰਡਿ = ਪਖੰਡ (ਕਰਨ) ਨਾਲ, (ਬਾਹਰਲੇ ਭੇਖ ਦੇ) ਪਖੰਡ ਨਾਲ। ਜੋਗੁ = ਪ੍ਰਭੂ-ਮਿਲਾਪ।10।

ਸਿਵ ਨਗਰੀ ਮਹਿ = ਪਰਮਾਤਮਾ ਦੇ ਸ਼ਹਰ ਵਿਚ, ਸਾਧ ਸੰਗਤਿ ਵਿਚ। ਆਸਣਿ = ਆਸਣ ਉੱਤੇ। ਬੈਸੈ = ਬੈਠਦਾ ਹੈ। ਸਬਦੀ = ਸ਼ਬਦ ਦੀ ਰਾਹੀਂ। ਜੋਗੁ = ਪਰਮਾਤਮਾ ਨਾਲ ਮਿਲਾਪ।11।

ਧਾਤੁਰ ਬਾਜੀ = (ਮਾਇਆ ਦੀ ਖ਼ਾਤਰ) ਦੌੜਨ-ਭੱਜਣ ਵਾਲੀ ਖੇਡ, ਭਟਕਦੇ ਫਿਰਨ ਦੀ ਖੇਡ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਨਿ = ਮਨ ਵਿਚ।12।

ਸਰਵਰੁ = ਸੋਹਣਾ ਸਰ, ਸੋਹਣਾ ਤਲਾਬ। ਲਿਵ = ਲਗਨ, ਪ੍ਰੇਮ ਦੀ ਲਗਨ। ਲਾਈ = ਲਾਇ, ਲਾ ਕੇ।13।

ਨਾਮਿ = ਨਾਮ ਵਿਚ। ਕਰਹਿ = ਜੋ ਬੰਦੇ ਕਰਦੇ ਹਨ। ਸਬਦੇ = ਸ਼ਬਦ ਦੀ ਰਾਹੀਂ ਹੀ।14।

ਅਰਥ: (ਹੇ ਸੰਤ ਜਨੋ!) ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਏ ਰਹੋ, ਗੁਰੂ ਦਾ ਦਰ ਮੱਲੀ ਰੱਖੋ, (ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਹੀ) ਇੱਕੋ ਥਾਂ ਟਿਕਾਈ ਰੱਖੋ।8।

(ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾਂ ਸਾਰੀ ਲੁਕਾਈ ਕੁਰਾਹੇ ਪਈ ਹੋਈ ਹੈ, ਅਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ।9।

(ਹੇ ਸੰਤ ਜਨੋ! ਧਾਰਮਿਕ ਭੇਖ ਦੇ) ਪਖੰਡ ਨਾਲ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ; (ਜਿਹੜਾ ਜੋਗੀ ਨਿਰਾ ਇਸ ਪਖੰਡ ਵਿਚ ਪਿਆ ਹੋਇਆ ਹੈ, ਉਸ) ਜੋਗੀ ਨੇ ਪ੍ਰਭੂ-ਮਿਲਾਪ ਦੀ ਜੁਗਤੀ (ਹੱਥੋਂ) ਗਵਾ ਲਈ ਹੈ, ਉਹ (ਵਿਅਰਥ) ਭਟਕਦਾ ਫਿਰਦਾ ਹੈ।10।

(ਹੇ ਸੰਤ ਜਨੋ! ਜਿਹੜਾ ਜੋਗੀ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਸ ਨੇ) ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ-ਮਿਲਾਪ ਹਾਸਲ ਕਰ ਲਿਆ ਹੈ, ਉਹ ਜੋਗੀ ਸਾਧ ਸੰਗਤਿ ਵਿਚ ਟਿਕਿਆ ਹੋਇਆ (ਮਾਨੋ) ਆਸਣ ਉਤੇ ਬੈਠਾ ਹੋਇਆ ਹੈ।11।

(ਹੇ ਸੰਤ ਜਨੋ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ।12।

(ਹੇ ਸੰਤ ਜਨੋ!) ਇਹ ਮਨੁੱਖ ਸਰੀਰ ਸੋਹਣਾ ਤਲਾਬ ਹੈ, ਜਿਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ, (ਉਹ, ਮਾਨੋ, ਇਸ ਤਲਾਬ ਵਿਚ) ਇਸ਼ਨਾਨ ਕਰ ਰਿਹਾ ਹੈ।13।

(ਹੇ ਸੰਤ ਜਨੋ!) ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਕਰ ਲਈ ਹੈ।14।

ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ॥੧੫॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥੧੬॥ ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥੧੭॥ ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥ ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ॥੧੯॥ ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥੨੦॥ {ਪੰਨਾ 909}

ਪਦ ਅਰਥ: ਤ੍ਰੈ ਗੁਣ = (ਮਾਇਆ ਦੇ ਰਜੋ ਤਮੋ ਸਤੋ) ਤਿੰਨ ਗੁਣਾਂ (ਦੇ ਪ੍ਰਭਾਵ) ਦੇ ਕਾਰਨ। ਅਚੇਤ = ਗ਼ਾਫ਼ਿਲ, ਪ੍ਰਭੂ ਦੀ ਯਾਦ ਵਲੋਂ ਬੇ-ਪਰਵਾਹ। ਬਿਨਸਿ ਜਾਈ = ਜੀਵ ਆਤਮਕ ਮੌਤੇ ਮਰ ਜਾਂਦਾ ਹੈ।15।

ਮਹੇਸੁ = ਸ਼ਿਵ। ਤ੍ਰੈ ਮੂਰਤਿ = ਤਿੰਨਾਂ ਗੁਣਾਂ ਨਾਲ ਇਕ-ਮਿਕ, ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ। ਭਰਮਿ = ਭਰਮ ਵਿਚ, ਭਟਕਣਾ ਵਿਚ। ਭੁਲਾਈ = ਕੁਰਾਹੇ ਪੈ ਜਾਂਦਾ ਹੈ। 16।

ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਤ੍ਰਿਕੁਟੀ = {ਤ੍ਰਿ-ਕੁਟੀ = ਤਿੰਨ ਵਿੰਗੀਆਂ ਲਕੀਰਾਂ ਜੋ ਮਨ ਦੀ ਖਿੱਝ ਵੇਲੇ ਮਨੁੱਖ ਦੇ ਮੱਥੇ ਉਤੇ ਪੈ ਜਾਂਦੀਆਂ ਹਨ} ਤ੍ਰਿਊੜੀ। ਪਦਿ = ਦਰਜੇ ਵਿਚ। ਚਉਥੈ ਪਦਿ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਚੌਥੀ ਆਤਮਕ ਅਵਸਥਾ ਵਿਚ। ਲਿਵ = ਸੁਰਤਿ। 17।

ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਪੜਿ = (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਕੇ। ਵਾਦੁ = ਝਗੜਾ, (ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ। ਵਖਾਣਹਿ = ਬਿਆਨ ਕਰਦੇ ਹਨ, ਸ੍ਰੋਤਿਆਂ ਨੂੰ ਸੁਣਾਂਦੇ ਹਨ। ਬੂਝ = (ਆਤਮਕ ਜੀਵਨ ਦੀ) ਸੂਝ। ਤਿੰਨਾ = ਉਹਨਾਂ (ਪੰਡਿਤਾਂ) ਨੇ। 18।

ਬਿਖਿਆ = ਮਾਇਆ। ਮਾਤੇ = ਮਸਤ। ਕਿਸੁ = ਹੋਰ ਕਿਸ ਨੂੰ? ਭਾਈ = ਹੇ ਭਾਈ!। 19।

ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰੇਕ ਸਮੇ ਵਿਚ। ਰਹੀ ਸਮਾਈ = (ਸਭਨਾਂ ਦੇ ਦਿਲਾਂ ਵਿਚ) ਰਹਿੰਦੀ ਹੈ, (ਸਭਨਾਂ ਉਤੇ) ਪ੍ਰਭਾਵ ਪਾਂਦੀ ਹੈ। ਭਗਤ ਜਨਾ ਕੀ ਬਾਣੀ = ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬੋਲੇ ਹੋਏ ਬਚਨ। 20।

ਅਰਥ: (ਹੇ ਸੰਤ ਜਨੋ! ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ (ਜੀਵ ਪ੍ਰਭੂ ਦੀ ਯਾਦ ਵੱਲੋਂ) ਬੇ-ਪਰਵਾਹ ਰਹਿੰਦੇ ਹਨ, (ਪ੍ਰਭੂ ਦਾ) ਨਾਮ ਯਾਦ ਨਹੀਂ ਕਰਦੇ। (ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾ ਹਰੇਕ ਜੀਵ ਆਤਮਕ ਮੌਤ ਸਹੇੜ ਲੈਂਦਾ ਹੈ।15।

(ਹੇ ਸੰਤ ਜਨੋ! ਕੋਈ ਵੱਡੇ ਤੋਂ ਵੱਡਾ ਭੀ ਹੋਵੇ) ਬ੍ਰਹਮਾ (ਹੋਵੇ) ਵਿਸ਼ਨੂੰ (ਹੋਵੇ) ਸ਼ਿਵ (ਹੋਵੇ) (ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਮਾਇਆ ਦੇ) ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ ਰਹਿੰਦਾ ਹੈ। ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਪ੍ਰਭੂ-ਚਰਨਾਂ ਤੋਂ ਖੁੰਝਿਆ ਹੋਇਆ ਹਰੇਕ ਜੀਵ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ। 16।

(ਹੇ ਸੰਤ ਜਨੋ!) ਗੁਰੂ ਦੀ ਕਿਰਪਾ ਨਾਲ (ਪ੍ਰਭੂ-ਨਾਮ ਦੀ ਰਾਹੀਂ ਜਿਸ ਮਨੁੱਖ ਦੀ) ਤ੍ਰਿਊੜੀ (ਭਾਵ, ਮਨ ਦੀ ਖਿੱਝ) ਦੂਰ ਹੁੰਦੀ ਹੈ, (ਉਹ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿ ਕੇ) ਚੌਥੀ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦਾ ਹੈ। 17।

(ਹੇ ਸੰਤ ਜਨੋ!) ਪੰਡਿਤ ਲੋਕ (ਪੁਰਾਣ ਆਦਿਕ ਪੁਸਤਕਾਂ) ਪੜ੍ਹਦੇ ਹਨ, ਇਹਨਾਂ ਨੂੰ ਪੜ੍ਹ ਕੇ (ਸ੍ਰੋਤਿਆਂ ਨੂੰ ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ ਸੁਣਾਂਦੇ ਹਨ, (ਪਰ ਇਸ ਤਰ੍ਹਾਂ) ਉਹਨਾਂ ਨੂੰ (ਆਪ ਨੂੰ ਉੱਚੇ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ। 18।

ਮਾਇਆ ਦੇ ਮੋਹ ਵਿਚ ਫਸੇ ਹੋਏ (ਉਹ ਪੰਡਿਤ ਲੋਕ) ਭਟਕਣਾ ਦੇ ਕਾਰਨ (ਆਪ) ਕੁਰਾਹੇ ਪਏ ਰਹਿੰਦੇ ਹਨ। ਫਿਰ ਹੇ ਭਾਈ! ਉਹ ਹੋਰ ਕਿਸ ਨੂੰ ਸਿੱਖਿਆ ਦੇਂਦੇ ਹਨ? (ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ) । 19।

ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰੇਸ਼ਟ ਹੋਇਆ ਕਰਦਾ ਹੈ। ਉਹ ਬੋਲ ਹਰੇਕ ਜੁਗ ਵਿਚ ਹੀ (ਹਰੇਕ ਸਮੇ ਹੀ ਸਭਨਾਂ ਉਤੇ) ਆਪਣਾ ਪ੍ਰਭਾਵ ਪਾਂਦਾ ਹੈ। 20।

TOP OF PAGE

Sri Guru Granth Darpan, by Professor Sahib Singh