ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 910

ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥੨੧॥ ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥ ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥ ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥ ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥ ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥ {ਪੰਨਾ 910}

ਪਦ ਅਰਥ: ਲਾਗੈ = ਲੱਗਦਾ ਹੈ, ਸੁਰਤਿ ਜੋੜਦਾ ਹੈ। ਗਤਿ = ਉੱਚੀ ਆਤਮਕ ਅਵਸਥਾ। ਸਬਦੇ = ਸ਼ਬਦ ਦੀ ਰਾਹੀਂ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। 21।

ਕਾਇਆ = ਸਰੀਰ। ਨਵੰਨਿਧਿ = ਨੌ ਖ਼ਜ਼ਾਨੇ (ਕੁਬੇਰ ਦੇਵਤੇ) । 22।

ਮਨਸਾ = ਮਨ ਦਾ ਮਾਇਕ ਫੁਰਨਾ। ਮਾਰਿ = ਮਾਰ ਕੇ। ਸਹਿਜ = ਆਤਮਕ ਅਡੋਲਤਾ ਵਿਚ। ਰਸਨਾ = ਜੀਭ। 23।

ਲੋਇਣ = ਅੱਖਾਂ। ਬਿਸਮਾਦੀ = ਹੈਰਾਨ (ਹੋ ਕੇ) , ਵਿਸਮਾਦ-ਅਵਸਥਾ ਵਿਚ ਪਹੁੰਚ ਕੇ। ਅਦਿਸਟਿ = ਅਦ੍ਰਿਸ਼ਟ ਪ੍ਰਭੂ ਵਿਚ। 24।

ਨਿਰਾਲਮੁ = ਨਿਰਲੇਪ। 25।

ਹਉ = ਮੈਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਜਿਨਿ = ਜਿਸ (ਗੁਰੂ) ਨੇ। ਸਾਚੀ ਬੂਝ = ਸਦਾ-ਥਿਰ ਪ੍ਰਭੂ ਦੀ ਸੂਝ। 26।

ਨਾਵਹੁ = ਪ੍ਰਭੂ ਦੇ ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। 27।

ਅਰਥ: (ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ) ਬਾਣੀ ਵਿਚ ਸੁਰਤਿ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। 21।

(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ ਆਪਣੇ ਸਰੀਰ-ਨਗਰ ਨੂੰ ਖੋਜਦਾ ਹੈ (ਆਪਣੇ ਜੀਵਨ ਦੀ ਪੜਤਾਲ ਕਰਦਾ ਰਹਿੰਦਾ ਹੈ, ਉਹ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ। 22।

ਉਹ ਮਨੁੱਖ ਮਨ ਦੇ ਮਾਇਕ ਫੁਰਨੇ ਨੂੰ ਮਾਰ ਕੇ ਆਪਣੇ ਮਨ ਨੂੰ ਆਤਮਕ ਅਡੋਲਤਾ ਵਿਚ ਟਿਕਾ ਲੈਂਦਾ ਹੈ; ਉਹ ਮਨੁੱਖ ਜੀਭ ਨੂੰ ਪਦਾਰਥਾਂ ਦੇ ਰਸਾਂ ਵਲੋਂ ਹਟਾ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ। 23।

ਉਸ ਮਨੁੱਖ ਦੀਆਂ ਅੱਖਾਂ (ਦੁਨੀਆ ਦੇ ਪਦਾਰਥਾਂ ਵਲੋਂ ਹਟ ਕੇ) ਅਸਚਰਜ-ਰੂਪ ਪਰਮਾਤਮਾ ਨੂੰ (ਹਰ ਥਾਂ) ਵੇਖਦੀਆਂ ਹਨ, ਉਸ ਦਾ ਚਿੱਤ ਅਦ੍ਰਿਸ਼ਟ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ। 24।

(ਹੇ ਸੰਤ ਜਨੋ! ਉਸ ਮਨੁੱਖ ਦੀ) ਜੋਤਿ ਉਸ ਨੂਰੋ-ਨੂਰ-ਪ੍ਰਭੂ ਵਿਚ ਮਿਲੀ ਰਹਿੰਦੀ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਤੇ, ਜੋ ਸਦਾ ਨਿਰਲੇਪ ਰਹਿੰਦਾ ਹੈ। 25।

ਹੇ ਸੰਤ ਜਨੋ! ਮੈਂ ਭੀ ਆਪਣੇ ਉਸ ਗੁਰੂ ਨੂੰ ਹੀ ਸਦਾ ਵਡਿਆਉਂਦਾ ਰਹਿੰਦਾ ਹਾਂ ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੂਝ ਬਖ਼ਸ਼ੀ ਹੈ। 29।

ਹੇ ਸੰਤ ਜਨੋ! ਨਾਨਕ ਇਕ ਇਹ ਬੇਨਤੀ ਕਰਦਾ ਹੈ (ਕਿ ਪਰਮਾਤਮਾ ਦਾ ਨਾਮ ਜਪਿਆ ਕਰੋ) ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਨਾਮ ਤੋਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। 27।2।

ਰਾਮਕਲੀ ਮਹਲਾ ੩ ॥ ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥ ਸੰਤਹੁ ਗੁਰਮੁਖਿ ਪੂਰਾ ਪਾਈ ॥ ਨਾਮੋ ਪੂਜ ਕਰਾਈ ॥੧॥ ਰਹਾਉ ॥ ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥ ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥ ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥ ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥ ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥ ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥ {ਪੰਨਾ 910}

ਪਦ ਅਰਥ: ਦੁਲੰਭ = ਦੁਰਲੱਭ, ਜੋ ਬੜੀ ਮੁਸ਼ਕਿਲ ਨਾਲ ਮਿਲੇ। ਸੰਤਹੁ = ਹੇ ਸੰਤ ਜਨੋ! ਕਛੂ ਨ = ਕੁਝ ਭੀ ਨਹੀਂ। ਕਹਣਾ ਜਾਈ = ਕਿਹਾ ਜਾ ਸਕਦਾ।1।

ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ। ਪੂਰਾ = ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ। ਨਾਮੋ = ਨਾਮ ਹੀ, ਨਾਮ ਜਪਣਾ ਹੀ। ਪੂਜ = ਪੂਜਾ। ਕਰਾਈ = (ਗੁਰੂ) ਕਰਾਂਦਾ ਹੈ।1। ਰਹਾਉ।

ਕਿਆ ਪੂਜ = ਪੂਜ ਕਰਨ ਵਾਸਤੇ ਕਿਹੜੀ ਚੀਜ਼? ਹਉ ਚੜਾਈ = ਹਉਂ ਚੜ੍ਹਾਈਂ, ਮੈਂ ਭੇਟਾ ਕਰਾਂ।2।

ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਚੇ ਭਾਵੈ = ਸਾਚੇ (ਭਾਣਾ) ਭਾਵੈ, ਜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ। ਸਾ = ਉਹੀ, ਰਜ਼ਾ ਮਿੱਠੀ ਲੱਗਣੀ ਹੀ। ਮਨਿ = ਮਨ ਵਿਚ। ਵਸਾਈ = ਵਸਾਂਦਾ ਹੈ।3।

ਸਭੁ ਲੋਕੁ = ਸਾਰਾ ਜਗਤ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਥਾਇ = ਥਾਂ ਵਿਚ, ਥਾਂ ਸਿਰ। ਥਾਇ ਨ ਪਾਈ = ਕਬੂਲ ਨਹੀਂ ਹੁੰਦੀ।4।

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਦੀ ਪ੍ਰੇਰਨਾ ਵਲੋਂ) ਮਰਦਾ ਹੈ, ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਪੈਣ ਨਹੀਂ ਦੇਂਦਾ। ਨਿਰਮਲੁ = ਪਵਿੱਤਰ।5।

ਪਵਿਤ = ਪਵਿੱਤਰ। ਪਾਵਨ = ਪਵਿੱਤਰ। ਸੇ = ਉਹ {ਬਹੁ-ਵਚਨ}। ਸਾਚੇ = ਸਦਾ-ਥਿਰ ਪ੍ਰਭੂ ਨਾਲ ਇਕ-ਮਿਕ। ਲਿਵ ਲਾਈ = ਸੁਰਤਿ ਜੋੜੀ।6।

ਨ ਹੋਵੀ = ਨਹੀਂ ਹੋ ਸਕਦੀ। ਭਰਮਿ = ਭੁਲੇਖੇ ਵਿਚ (ਪੈ ਕੇ) । ਭੁਲੀ = ਕੁਰਾਹੇ ਪਈ ਹੋਈ ਹੈ। ਲੋਕਾਈ = ਦੁਨੀਆ।7।

ਅਰਥ: ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ। ਨਾਮ ਜਪੋ, ਨਾਮ ਹੀ ਜਪੋ = ਗੁਰੂ ਇਹ ਪੂਜਾ ਕਰਾਂਦਾ ਹੈ।1। ਰਹਾਉ।

ਹੇ ਸੰਤ ਜਨੋ! ਪਰਮਾਤਮਾ ਦੀ ਪੂਜਾ-ਭਗਤੀ ਬੜੀ ਔਖਿਆਈ ਨਾਲ ਮਿਲਦੀ ਹੈ। ਪ੍ਰਭੂ ਦੀ ਪੂਜਾ ਕਿਤਨੀ ਦੁਰਲੱਭ ਹੈ– ਇਸ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।1।

(ਹੇ ਸੰਤ ਜਨੋ! ਦੁਨੀਆ ਦੇ ਲੋਕ ਫੁੱਲ ਪੱਤਰਾਂ ਆਦਿਕ ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ) ਹੇ ਸੰਤ ਜਨੋ! ਮੈਂ (ਪਰਮਾਤਮਾ ਦੀ ਪੂਜਾ ਕਰਨ ਵਾਸਤੇ) ਕਿਹੜੀ ਚੀਜ਼ ਉਸ ਅੱਗੇ ਭੇਟਾ ਕਰਾਂ? ਉਸ ਪ੍ਰਭੂ ਦੇ ਨਾਮ ਤੋਂ ਬਿਨਾ (ਨਾਮ ਦੇ ਟਾਕਰੇ ਤੇ) ਹੋਰ ਹਰੇਕ ਚੀਜ਼ ਮੈਲੀ ਹੈ।2।

ਹੇ ਸੰਤ ਜਨੋ! ਜੇ ਕਿਸੇ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ ਤਾਂ ਉਸ ਵੱਲੋਂ ਇਹੀ ਪਰਮਾਤਮਾ ਦੀ ਪੂਜਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਹੀ ਆਪਣੇ ਮਨ ਵਿਚ ਵਸਾਂਦਾ ਹੈ (ਰਜ਼ਾ ਨੂੰ ਹੀ ਚੰਗੀ ਜਾਣਦਾ ਹੈ) ।3।

ਹੇ ਸੰਤ ਜਨੋ! ਸਾਰਾ ਜਗਤ (ਆਪਣੇ ਵਲੋਂ) ਪੂਜਾ ਕਰਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਕੀਤੀ ਹੋਈ ਕੋਈ ਭੀ ਪੂਜਾ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੀ।4।

ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੀ ਇਹ ਪੂਜਾ ਪ੍ਰਭੂ-ਦਰ ਤੇ ਪਰਵਾਨ ਹੋ ਜਾਂਦੀ ਹੈ।5।

ਹੇ ਸੰਤ ਜਨੋ! ਅਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਬੰਦੇ ਇਕ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦੇ ਹਨ।6।

ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਪਰਮਾਤਮਾ ਦੀ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ। (ਨਾਮ ਤੋਂ ਖੁੰਝ ਕੇ) ਭੁਲੇਖੇ ਵਿਚ ਪੈ ਕੇ ਦੁਨੀਆ ਕੁਰਾਹੇ ਪਈ ਰਹਿੰਦੀ ਹੈ।7।

ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥ ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥ ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥ ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥ ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥ ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥ ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥ {ਪੰਨਾ 910}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਆਪੁ = ਆਪਣੇ ਆਪ ਨੂੰ; ਆਪਣੇ ਜੀਵਨ ਨੂੰ। ਪਛਾਣੈ = ਪਰਖਦਾ ਰਹਿੰਦਾ ਹੈ, ਪੜਤਾਲਦਾ ਰਹਿੰਦਾ ਹੈ। ਨਾਮਿ = ਨਾਮ ਵਿਚ।8।

ਆਪੇ = (ਪ੍ਰਭੂ) ਆਪ ਹੀ। ਨਿਰਮਲੁ = ਪਵਿੱਤਰ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਥਾਇ ਪਾਈ = ਕਬੂਲ ਕਰਦਾ ਹੈ।9।

ਕਰਹਿ = ਕਰਦੇ ਹਨ। ਪਰੁ = ਪਰੰਤੂ। ਬਿਧਿ = ਸਹੀ ਤਰੀਕਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ। ਭਾਇ = {ਲਫ਼ਜ਼ 'ਭਾਉ' ਤੋਂ ਅਧਿਕਰਣ ਕਾਰਕ, ਇਕ-ਵਚਨ}। ਮਲੁ = ਵਿਕਾਰਾਂ ਦੀ ਮੈਲ।10।

ਸੁ = ਉਹ ਮਨੁੱਖ। ਮਨਿ = ਮਨ ਵਿਚ। ਭਾਣਾ = ਪ੍ਰਭੂ ਦੀ ਰਜ਼ਾ। ਵਸਾਈ = ਵਸਾਂਦਾ ਹੈ।11।

ਤੇ = ਤੋਂ। ਭਾਣੇ ਤੇ = ਭਾਣਾ ਮੰਨਣ ਤੋਂ। ਸਭਿ = ਸਾਰੇ। ਅੰਤੇ = ਅਖ਼ੀਰ ਵੇਲੇ। ਸਖਾਈ = ਸਾਥੀ।12।

ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ (ਫਸੇ ਹੋਏ) । ਕਰਹਿ = ਕਰਦੇ ਹਨ।13।

ਪਾਖੰਡਿ = ਪਖੰਡ ਦੇ ਕਾਰਨ। ਪਾਖੰਡਿ ਕੀਨੈ = ਪਖੰਡ ਕਰਨ ਦੇ ਕਾਰਨ। ਲੈ ਜਾਈ = ਲੈ ਜਾਇਗਾ। ਪਤਿ = ਇੱਜ਼ਤ। ਗਵਾਈ = ਗਵਾਇ, ਗਵਾ ਕੇ।14।

ਅਰਥ: ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ, ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ।8।

ਹੇ ਸੰਤ ਜਨੋ! ਪਵਿੱਤਰ ਪ੍ਰਭੂ ਆਪ ਹੀ (ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਉਸ ਪਾਸੋਂ ਆਪਣੀ) ਪੂਜਾ-ਭਗਤੀ ਕਰਾਂਦਾ ਹੈ, ਤੇ, ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਦੇ ਕਾਰਨ ਉਸ ਦੀ ਕੀਤੀ ਪੂਜਾ ਪਰਵਾਨ ਕਰਦਾ ਹੈ।9।

(ਹੇ ਸੰਤ ਜਨੋ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਦੀ) ਪੂਜਾ ਤਾਂ ਕਰਦੇ ਹਨ, ਪਰੰਤੂ (ਪੂਜਾ ਦਾ) ਸਹੀ ਤਰੀਕਾ ਨਹੀਂ ਜਾਣਦੇ। ਮਾਇਆ ਦੇ ਪਿਆਰ ਵਿਚ ਫਸ ਕੇ (ਮਨਮੁਖ ਮਨੁੱਖ ਆਪਣੇ ਮਨ ਨੂੰ ਵਿਕਾਰਾਂ ਦੀ) ਮੈਲ ਚੰਬੋੜੀ ਰੱਖਦਾ ਹੈ।10।

(ਹੇ ਸੰਤ ਜਨੋ!) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਪਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ (ਉਹ ਜਾਣਦਾ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਪ੍ਰਭੂ ਦੀ ਭਗਤੀ ਹੈ, ਇਸ ਵਾਸਤੇ ਉਹ ਪ੍ਰਭੂ ਦੀ) ਰਜ਼ਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।11।

ਹੇ ਸੰਤ ਜਨੋ! ਗੁਰਮੁਖ ਮਨੁੱਖ ਭਾਣਾ ਮੰਨਣ ਤੋਂ (ਹੀ ਇਸ ਲੋਕ ਵਿਚ) ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ; ਅਖ਼ੀਰ ਵੇਲੇ ਭੀ ਪ੍ਰਭੂ ਦਾ ਨਾਮ ਉਸ ਦਾ ਸਾਥੀ ਬਣਦਾ ਹੈ।12।

ਹੇ ਸੰਤ ਜਨੋ! (ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ) ਆਪਣੇ ਜੀਵਨ ਨੂੰ ਨਹੀਂ ਪੜਤਾਲਦੇ, ਮਾਇਆ ਦੇ ਮੋਹ ਵਿਚ ਫਸੇ ਹੋਏ ਉਹ ਮਨੁੱਖ ਆਪਣੇ ਆਪ ਦੀ ਹੀ ਸੋਭਾ ਕਰਦੇ ਰਹਿੰਦੇ ਹਨ।13।

ਹੇ ਸੰਤ ਜਨੋ! (ਧਰਮ ਦਾ) ਪਖੰਡ ਕੀਤਿਆਂ ਮੌਤ (ਦਾ ਸਹਿਮ) ਖ਼ਲਾਸੀ ਨਹੀਂ ਕਰਦਾ। ਜਮ (ਨਾਮ-ਹੀਣ ਬੰਦਿਆਂ ਨੂੰ) ਇਥੋਂ ਉਹਨਾਂ ਦੀ ਇੱਜ਼ਤ ਗੰਵਾ ਕੇ (ਪਰਲੋਕ ਵਿਚ) ਲੈ ਜਾਇਗਾ।14।

ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥ ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥ ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥ ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥ ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥ ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥ ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥ {ਪੰਨਾ 910}

ਪਦ ਅਰਥ: ਜਿਨ = {'ਜਿਨ' ਬਹੁ-ਵਚਨ; 'ਜਿਨਿ' ਇਕ-ਵਚਨ}। ਅੰਤਰਿ = ਅੰਦਰ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਗਤਿ = ਹਾਲਤ। ਮਿਤਿ = ਮਾਪ। ਗਤਿ ਮਿਤਿ = ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ (ਬੇਅੰਤ) ਹੈ– ਇਹ ਸੂਝ।15।

ਸੁੰਨ = ਸੁੰਞ, ਉਹ ਹਾਲਤ ਜਦੋਂ ਮਾਇਆ ਦੇ ਫੁਰਨੇ ਨਾਹ ਉੱਠਣ। ਸੁੰਨ ਸਮਾਧਿ = ਉਹ ਇਕਾਗ੍ਰਤਾ ਜਿੱਥੇ ਮਨ ਵਿਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ। ਜੋਤਿ = ਜਿੰਦ। ਜੋਤੀ = ਪ੍ਰਭੂ ਦੀ ਜੋਤਿ ਵਿਚ। 16।

ਸੁਣਿ = ਸੁਣ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ। 17।

ਆਪੁ = ਆਪਾ-ਭਾਵ। ਗਵਾਵੈ = ਦੂਰ ਕਰਦਾ ਹੈ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। 18।

ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ) । ਸਚਿ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਲਿਵ = ਲਗਨ, ਸੁਰਤਿ। 19।

ਭੈਭੰਜਨੁ = ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪ੍ਰਭੂ। ਅਤਿ ਪਾਪ ਨਿਖੰਜਨੁ = ਵੱਡੇ ਵੱਡੇ ਪਾਪਾਂ ਦਾ ਨਾਸ ਕਰਨ ਵਾਲਾ ਪ੍ਰਭੂ। ਸਖਾਈ = ਸਾਥੀ। ਅੰਤਿ = ਆਖ਼ਰ ਨੂੰ। 20।

ਸਭੁ ਕਿਛੁ = ਹਰੇਕ ਚੀਜ਼। ਆਪੇ = ਆਪ ਹੀ। ਵਰਤੈ = ਮੌਜੂਦ ਹੈ। ਨਾਮਿ = ਨਾਮ ਵਿਚ (ਜੁੜਿਆਂ) । 21।

ਅਰਥ: ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਉਹ ਆਪਣੇ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੇ ਹੀ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ (ਬੇਅੰਤ) ਹੈ।15।

(ਹੇ ਸੰਤ ਜਨੋ! ਜਿਨ੍ਹਾਂ ਦੇ ਅੰਦਰ ਗੁਰ-ਸ਼ਬਦ ਵੱਸਦਾ ਹੈ ਉਹਨਾਂ ਦਾ) ਇਹ ਮਨ ਅਜਿਹੀ ਇਕਾਗ੍ਰਤਾ ਬਣਾਂਦਾ ਹੈ ਜਿਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੈ। 16।

(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਬੰਦੇ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, (ਸਤ-ਸੰਗੀਆਂ ਪਾਸੋਂ) ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਭੀ ਨਾਮ ਉਚਾਰਦੇ ਰਹਿੰਦੇ ਹਨ। 17।

(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਅਹੰਕਾਰ ਦੂਰ ਕਰਦਾ ਹੈ, ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ। 18।

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ। 19।

(ਹੇ ਸੰਤ ਜਨੋ!) ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲਾ ਤੇ ਘੋਰ ਪਾਪ ਦੂਰ ਕਰਨ ਵਾਲਾ ਪਰਮਾਤਮਾ ਆਖ਼ਰ (ਉਹਨਾਂ ਦਾ) ਸਾਥੀ ਬਣਦਾ ਹੈ (ਜੋ ਉਸ ਦੀ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿੰਦੇ ਹਨ) । 20।

ਹੇ ਸੰਤ ਜਨੋ! ਇਹ ਸਭ ਕੁਝ (ਜੋ ਦਿੱਸ ਰਿਹਾ ਹੈ, ਇਸ ਵਿਚ) ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ। ਹੇ ਨਾਨਕ! ਉਸ ਦੇ ਨਾਮ ਵਿਚ ਜੁੜਿਆਂ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ। 21।3।12।

ਰਾਮਕਲੀ ਮਹਲਾ ੩ ॥ ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥ ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥ ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥ ਇਕਿ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ॥੩॥ ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਉਰਿ ਧਾਰੀ ॥੪॥ ਅਨਦਿਨੁ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ॥੫॥ ਭੈ ਬਿਨੁ ਭਗਤਿ ਨ ਹੋਈ ਕਬ ਹੀ ਭੈ ਭਾਇ ਭਗਤਿ ਸਵਾਰੀ ॥੬॥ ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥੭॥ ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥੮॥ ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥੯॥ ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ ॥੧੦॥ {ਪੰਨਾ 910-911}

ਪਦ ਅਰਥ: ਹਮ = ਅਸੀਂ ਸੰਸਾਰੀ ਜੀਵ। ਕੁਚਲ = ਕੁਚੱਲਣੇ, ਕੋਝੀ ਜੀਵਨ-ਚਾਲ ਵਾਲੇ। ਕੁਚੀਲ = ਗੰਦੇ। ਮਿਲਿ = ਮਿਲ ਕੇ। ਸਬਦੇ = ਗੁਰੂ ਦੇ ਸ਼ਬਦ ਵਿਚ ਹੀ।1।

ਸੰਤਹੁ = ਹੇ ਸੰਤ ਜਨੋ! ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਨਾਮਿ = ਪਰਮਾਤਮਾ ਦੇ ਨਾਮ ਦੀ ਰਾਹੀਂ। ਨਿਸਤਾਰੀ = ਪਾਰ-ਉਤਾਰਾ ਹੋ ਜਾਂਦਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਕਰਤੈ = ਕਰਤਾਰ ਨੇ। ਸਵਾਰੀ = ਪੈਜ ਰੱਖ ਲਈ।1। ਰਹਾਉ।

ਪਾਰਸ = ਲੋਹੇ ਨੂੰ ਸੋਨਾ ਕਰ ਦੇਣ ਵਾਲੀ ਪੱਥਰੀ, ਵਿਕਾਰੀ ਮਨਾਂ ਨੂੰ ਪਵਿੱਤਰ ਕਰਨ ਵਾਲਾ ਗੁਰੂ ਪਾਰਸ। ਪਰਸੇ = ਪਰਸਿ, ਛੁਹ ਕੇ।2।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਤਿਨ = ਉਹਨਾਂ ਨੇ। ਜੂਐ = ਜੂਏ ਵਿਚ।3।

ਅਨਦਿਨੁ = ਹਰ ਰੋਜ਼। ਉਰਿ = ਹਿਰਦੇ ਵਿਚ।4।

ਰਾਤੇ = ਰੰਗੇ ਹੋਏ। ਸਹਜੇ = ਸਹਿਜ, ਆਤਮਕ ਅਡੋਲਤਾ ਵਿਚ। ਮਾਤੇ = ਮਸਤ।5।

ਭੈ ਬਿਨੁ = ਪ੍ਰਭੂ ਦਾ ਡਰ ਰੱਖਣ ਤੋਂ ਬਿਨਾ। ਕਬ ਹੀ = ਕਦੇ ਭੀ। ਭੈ = ਡਰ ਵਿਚ। ਭਾਇ = ਪ੍ਰੇਮ ਵਿਚ।6।

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਗਿਆਨਿ = ਆਤਮਕ ਜੀਵਨ ਦੀ ਸੂਝ ਨਾਲ। ਤਤਿ = ਜਗਤ ਦੇ ਮੂਲ ਪ੍ਰਭੂ ਵਿਚ ਜੁੜ ਕੇ। ਬੀਚਾਰੀ = ਵਿਚਾਰਵਾਨ।7।

ਆਪੇ = ਆਪ ਹੀ। ਕਰਤਾ = ਕਰਤਾਰ। ਬਖਸਿ = ਬਖਸੇ, ਬਖ਼ਸਦਾ ਹੈ। ਭੰਡਾਰੀ = ਖ਼ਜ਼ਾਨੇ।8।

ਤਿਸ ਕਿਆ ਗੁਣਾ ਕਾ = ਉਸ ਪ੍ਰਭੂ ਦੇ ਗੁਣਾਂ ਦਾ {ਸੰਬੰਧਕ 'ਕਿਆ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਹਉ = ਮੈਂ। ਗਾਵਾ = ਗਾਵਾਂ, ਮੈਂ ਗਾਂਦਾ ਹਾਂ।9।

ਜਪੀ = ਜਪੀਂ, ਮੈਂ ਜਪਦਾ ਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਆਪੁ = ਆਪਾ-ਭਾਵ।10।

ਅਰਥ: ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, (ਸਮਝੋ) ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ।1। ਰਹਾਉ।

ਹੇ ਸੰਤ ਜਨੋ! ਅਸੀਂ ਸੰਸਾਰੀ-ਜੀਵ (ਆਮ ਤੌਰ ਤੇ) ਕੁਚੱਲਣੇ ਗੰਦੇ ਆਚਰਨ ਵਾਲੇ ਅਹੰਕਾਰੀ ਹੋਏ ਰਹਿੰਦੇ ਹਾਂ। (ਕਿਸੇ ਵਡਭਾਗੀ ਨੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ।1।

ਜਿਸ ਮਨੁੱਖ ਉਤੇ ਪ੍ਰਭੂ ਜੀ ਆਪਣੀ ਕਿਰਪਾ ਕਰਦੇ ਹਨ, ਉਹ ਮਨੁੱਖ ਗੁਰੂ-ਪਾਰਸ ਨੂੰ ਛੁਹ ਕੇ ਆਪ ਭੀ ਪਾਰਸ ਬਣ ਜਾਂਦਾ ਹੈ।2।

ਹੇ ਸੰਤ ਜਨੋ! ਜਿਹੜੇ ਅਨੇਕਾਂ ਜੀਵ ਧਾਰਮਿਕ ਬਾਣਾ ਪਾਈ ਫਿਰਦੇ ਹਨ ਤੇ ਉਸ ਭੇਖ ਦੇ ਕਾਰਨ ਅਹੰਕਾਰੀ ਹੋਏ ਫਿਰਦੇ ਹਨ, ਉਹਨਾਂ ਨੇ ਮਨੁੱਖਾ ਜਨਮ ਦੀ ਖੇਡ ਜੂਏ ਵਿਚ ਹਾਰ ਲਈ (ਜਾਣੋ) ।3।

ਪਰ, ਹੇ ਸੰਤ ਜਨੋ! ਕਈ ਬੰਦੇ ਐਸੇ ਹਨ ਜੋ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ।4।

ਜਿਹੜੇ ਮਨੁੱਖ ਹਰ ਵੇਲੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ।5।

ਹੇ ਸੰਤ ਜਨੋ! ਪ੍ਰਭੂ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ। ਡਰ-ਅਦਬ, ਪ੍ਰੇਮ ਅਤੇ ਭਗਤੀ ਵਿਚ ਟਿਕਣ ਵਾਲਿਆਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾ ਲਈ।6।

ਪ੍ਰਭੂ ਵਿਚ ਜੁੜ ਕੇ ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਹੜੇ ਬੰਦੇ ਵਿਚਾਰਵਾਨ ਹੋ ਗਏ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਲਿਆ।7।

ਪਰ ਹੇ ਸੰਤ ਜਨੋ! ਪ੍ਰਭੂ ਆਪ ਹੀ (ਜੀਵਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਆਪ ਹੀ ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ।8।

ਹੇ ਸੰਤ ਜਨੋ! ਮੈਂ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। (ਉਸ ਦੀ ਮਿਹਰ ਨਾਲ ਹੀ) ਮੈਂ ਉਸ ਦੇ ਗੁਣ ਗਾਂਦਾ ਹਾਂ, ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕਰਦਾ ਹਾਂ।9।

ਹੇ ਸੰਤ ਜਨੋ! (ਉਸ ਦੀ ਕਿਰਪਾ ਨਾਲ ਹੀ) ਮੈਂ ਉਸ ਦਾ ਨਾਮ ਜਪਦਾ ਹਾਂ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਅਤੇ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹਾਂ।10।

TOP OF PAGE

Sri Guru Granth Darpan, by Professor Sahib Singh