ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 911 ਨਾਮੁ ਪਦਾਰਥੁ ਗੁਰ ਤੇ ਪਾਇਆ ਅਖੁਟ ਸਚੇ ਭੰਡਾਰੀ ॥੧੧॥ ਅਪਣਿਆ ਭਗਤਾ ਨੋ ਆਪੇ ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥ ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨਿ ਸਬਦਿ ਵੀਚਾਰੀ ॥੧੩॥ ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ ਆਖਣੁ ਬਿਖਮੁ ਬੀਚਾਰੀ ॥੧੪॥ ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥੧੫॥ ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥੧੬॥ ਜੋ ਧੁਰਿ ਲਿਖਿਆ ਸੋਈ ਪਾਇਆ ਮਿਲਿ ਹਰਿ ਸਬਦਿ ਸਵਾਰੀ ॥੧੭॥ ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ ॥੧੮॥ ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥੧੯॥ ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥ {ਪੰਨਾ 911} ਪਦ ਅਰਥ: ਪਦਾਰਥੁ = ਕੀਮਤੀ ਵਸਤ। ਤੇ = ਤੋਂ, ਪਾਸੋਂ। ਅਖੁਟ = ਕਦੇ ਨਾਹ ਮੁੱਕਣ ਵਾਲੇ। ਸਚੇ = ਸਦਾ-ਥਿਰ ਪ੍ਰਭੂ ਦੇ।11। ਨੋ = ਨੂੰ। ਤੁਠਾ = ਦਇਆਵਾਨ ਹੁੰਦਾ ਹੈ। ਕਰਿ = ਕਰ ਕਰ ਕੇ। ਕਲ = ਸੱਤਾ। ਧਾਰੀ = ਟਿਕਾਂਦਾ ਹੈ।12। ਗਾਵਨਿ = ਗਾਂਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵਿਚਾਰਵਾਨ ਹੋ ਕੇ।13। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = ਉਸ (ਪ੍ਰਭੂ) ਦਾ {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਬਿਖਮੁ = ਔਖਾ, ਕਠਨ। ਆਖਣੁ = ਬਿਆਨ ਕਰਨਾ।14। ਸਬਦਿ = ਸ਼ਬਦ ਵਿਚ। ਸੇਈ = ਉਹ (ਬੰਦੇ) । ਨਿਸਤਰੇ = ਪਾਰ ਲੰਘ ਗਏ। ਭਉਜਲੁ = ਸੰਸਾਰ-ਸਮੁੰਦਰ।15। ਬਿਨੁ ਸਾਚੇ = ਸਦਾ-ਥਿਰ ਪ੍ਰਭੂ (ਦੀ ਮਿਹਰ) ਤੋਂ ਬਿਨਾ। ਕੋ = ਕੋਈ ਵਿਰਲਾ। ਵੀਚਾਰੀ = ਵਿਚਾਰਵਾਨ। 16। ਧੁਰਿ = ਧੁਰ ਦਰਗਾਹ ਤੋਂ। ਮਿਲਿ = ਮਿਲ ਕੇ। ਸਬਦਿ = ਸ਼ਬਦ ਦੀ ਰਾਹੀਂ। ਸਵਾਰੀ = ਸੰਵਾਰ ਲਈ। 17। ਕਾਇਆ = ਸਰੀਰ। ਕੰਚਨੁ = ਸੋਨਾ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। 18। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ। 19। ਖੋਜਹਿ = ਲੱਭਦੇ ਹਨ। ਹੋਰਿ = ਹੋਰ ਬੰਦੇ। ਫੂਟਿ ਮੂਏ = ਆਫਰ ਕੇ ਆਤਮਕ ਮੌਤੇ ਮਰ ਗਏ ਹਨ। 20। ਅਰਥ: ਹੇ ਸੰਤ ਜਨੋ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ-ਖ਼ਜ਼ਾਨੇ ਕਦੇ ਮੁੱਕਣ ਵਾਲੇ ਨਹੀਂ ਹਨ, ਪਰ ਇਹ ਨਾਮ-ਪਦਾਰਥ ਗੁਰੂ ਪਾਸੋਂ ਮਿਲਦਾ ਹੈ।11। ਹੇ ਸੰਤ ਜਨੋ! ਆਪਣੇ ਭਗਤਾਂ ਉਤੇ ਪ੍ਰਭੂ ਆਪ ਹੀ ਦਇਆਵਾਨ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਆਪ ਹੀ ਕਿਰਪਾ ਕਰ ਕੇ (ਨਾਮ ਜਪਣ ਦੀ) ਸੱਤਿਆ ਟਿਕਾਈ ਰੱਖਦਾ ਹੈ।12। (ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਉਹਨਾਂ (ਭਗਤ ਜਨਾਂ) ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਦੀ ਸਦਾ ਭੁੱਖ ਲੱਗੀ ਰਹਿੰਦੀ ਹੈ, ਉਹ ਉੱਚੀ ਵਿਚਾਰ ਦੇ ਮਾਲਕ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।13। ਹੇ ਸੰਤ ਜਨੋ! ਇਹ ਜਿੰਦ ਤੇ ਇਹ ਸਰੀਰ (ਜੀਵਾਂ ਨੂੰ) ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਉਸ ਦੀਆਂ ਬਖ਼ਸ਼ਸ਼ਾਂ ਦਾ) ਵਿਚਾਰ ਕਰਨਾ ਤੇ ਬਿਆਨ ਕਰਨਾ (ਬਹੁਤ) ਔਖਾ ਹੈ।14। ਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਦੇ ਹਨ, ਉਹੀ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ, ਪਾਰ ਲੰਘ ਜਾਂਦੇ ਹਨ।15। ਹੇ ਸੰਤ ਜਨੋ! ਕੋਈ ਵਿਰਲਾ ਵਿਚਾਰਵਾਨ ਇਹ ਗੱਲ ਸਮਝਦਾ ਹੈ ਕਿ ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਹੋਰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ। 16। (ਪਰ ਹੇ ਸੰਤ ਜਨੋ! ਇਹ ਨਾਮ ਦੀ ਦਾਤਿ ਜੀਵਾਂ ਦੇ ਵੱਸ ਦੀ ਖੇਡ ਨਹੀਂ ਹੈ, ਪ੍ਰਭੂ ਨੇ) ਧੁਰ-ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਜੋ ਲੇਖ ਲਿਖ ਦਿੱਤਾ ਉਹੀ ਪ੍ਰਾਪਤ ਹੁੰਦਾ ਹੈ, ਤੇ ਜੀਵ ਪ੍ਰਭੂ-ਚਰਨਾਂ ਵਿਚ ਜੁੜ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੰਵਾਰਦਾ ਹੈ। 17। ਹੇ ਸੰਤ ਜਨੋ! ਜਿਹੜਾ ਸਰੀਰ ਗੁਰੂ ਦੇ ਸ਼ਬਦ-ਰੰਗ ਵਿਚ ਰੰਗਿਆ ਰਹਿੰਦਾ ਹੈ ਅਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਦਾ ਹੈ ਉਹ ਸਰੀਰ ਸੋਨਾ ਬਣ ਜਾਂਦਾ ਹੈ (ਸੁੱਧ ਸੋਨੇ ਵਰਗਾ ਵਿਕਾਰ-ਰਹਿਤ ਪਵਿੱਤਰ ਹੋ ਜਾਂਦਾ ਹੈ) । 18। (ਹੇ ਸੰਤ ਜਨੋ! ਉਹ ਸਰੀਰ ਪਵਿੱਤਰ ਹੈ) ਜਿਹੜਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨਕ ਭਰਿਆ ਰਹਿੰਦਾ ਹੈ, ਪਰ ਇਹ ਨਾਮ-ਅੰਮ੍ਰਿਤ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ। 19। (ਹੇ ਸੰਤ ਜਨੋ!) ਜਿਹੜੇ ਮਨੁੱਖ (ਆਪਣੇ ਇਸ ਸਰੀਰ ਵਿਚ ਹੀ) ਪ੍ਰਭੂ ਨੂੰ ਲੱਭਦੇ ਹਨ ਉਹੀ ਉਸ ਦਾ ਮਿਲਾਪ ਪ੍ਰਾਪਤ ਕਰ ਲੈਂਦੇ ਹਨ। (ਸਰੀਰ ਤੋਂ ਬਾਹਰ ਭਾਲਣ ਵਾਲੇ) ਹੋਰ ਬੰਦੇ (ਭੇਖ ਆਦਿਕ ਦੇ) ਮਾਣ ਵਿਚ ਆਫਰ ਆਫਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ। 20। ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ ॥੨੧॥ ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ ॥੨੨॥ ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥੨੩॥ ਸਤਿਗੁਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥੨੪॥ ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥੨੫॥ ਅਨਦਿਨੁ ਜਾਗਤ ਰਹੈ ਦਿਨੁ ਰਾਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥ ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁਰ ਵਿਟਹੁ ਬਲਿਹਾਰੀ ॥੨੭॥ ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰੀ ॥੨੮॥ ਆਪਿ ਜਗਾਏ ਸੇਈ ਜਾਗੇ ਗੁਰ ਕੈ ਸਬਦਿ ਵੀਚਾਰੀ ॥੨੯॥ ਨਾਨਕ ਸੇਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ ॥੩੦॥੪॥੧੩॥ {ਪੰਨਾ 911} ਪਦ ਅਰਥ: ਬਾਦੀ = {ਵਾਦੁ = ਝਗੜਾ, ਬਹਿਸ, ਚਰਚਾ} ਨਿਰੀ ਚਰਚਾ ਕਰਨ ਵਾਲੇ। ਬਿਨਸਹਿ = ਆਤਮਕ ਮੌਤ ਸਹੇੜ ਲੈਂਦੇ ਹਨ। ਸੇਵਹਿ = ਸੇਵਾ ਕਰਦੇ ਹਨ, ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ। ਗੁਰ ਕੈ ਹੇਤਿ = ਗੁਰੂ ਦੇ (ਦਿੱਤੇ) ਪ੍ਰੇਮ ਦੀ ਰਾਹੀਂ। ਪਿਆਰੀ = ਪਿਆਰਿ, ਪਿਆਰ ਦੀ ਰਾਹੀਂ। 21। ਤਤੁ = ਜਗਤ ਦਾ ਮੂਲ-ਪ੍ਰਭੂ। ਗਿਆਨੁ = ਆਤਮਕ ਜੀਵਨ ਦੀ ਸੂਝ। ਮਾਰੀ = ਮਾਰਿ, ਮਾਰ ਕੇ। 22। ਦਾਤਾ = (ਨਾਮ ਦੀ ਦਾਤਿ) ਦੇਣ ਵਾਲਾ। ਤਿਨੈ = ਤਿਨਿ ਹੀ, ਉਸੇ (ਮਨੁੱਖ) ਨੇ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ} ਜਿਸ ਉਤੇ। 23। ਨ ਸੇਵਹਿ = ਸੇਵਾ ਨਹੀਂ ਕਰਦੇ ਹਨ, ਸਰਨ ਨਹੀਂ ਪੈਂਦੇ। ਡੂਬਿ = (ਮਾਇਆ ਦੇ ਮੋਹ ਵਿਚ) ਡੁੱਬ ਕੇ। ਮੂਏ = ਆਤਮਕ ਮੌਤ ਸਹੇੜ ਬੈਠੇ। 24। ਜਿਚਰੁ = ਜਿਤਨਾ ਚਿਰ। ਕੀਚੈ = ਕਰਨੀ ਚਾਹੀਦੀ ਹੈ। ਮੁਰਾਰੀ = {ਮੁਰ-ਅਰਿ। 'ਮੁਰ' ਦੈਂਤ ਦਾ ਵੈਰੀ। ਸ੍ਰੀ ਕ੍ਰਿਸ਼ਨ} ਪਰਮਾਤਮਾ। 25। ਅਨਦਿਨੁ = {Anuidnz} ਹਰ ਰੋਜ਼। ਪ੍ਰਿਅ = ਪਿਆਰੇ ਦੀ। ਪਿਆਰੀ = ਪਿਆਰਿ, ਪਿਆਰ ਵਿਚ। 26। ਵਾਰੀ = ਵਾਰੀਂ, ਮੈਂ ਵਾਰ ਦਿਆਂ। ਵਾਰਿ ਘੁਮਾਈ = ਵਾਰਿ ਘੁਮਾਈਂ, ਵਾਰ ਕੇ ਸਦਕੇ ਕਰ ਦਿਆਂ। ਵਿਟਹੁ = ਤੋਂ। 27। ਉਬਰੇ = ਬਚ ਗਏ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵੀਚਾਰਿ, (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ। 28। ਸੋਈ = ਉਹੀ ਬੰਦੇ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਵੀਚਾਰੀ = ਵਿਚਾਰਵਾਨ। 29। ਜਿ = ਜੇਹੜੇ ਮਨੁੱਖ। ਜੀਵੇ = ਆਤਮਕ ਜੀਵਨ ਵਾਲੇ ਹੋ ਗਏ ਹਨ। 30। ਅਰਥ: ਹੇ ਸੰਤ ਜਨੋ! ਨਿਰੀਆਂ ਫੋਕੀਆਂ ਗੱਲਾਂ ਕਰਨ ਵਾਲੇ ਮਨੁੱਖ ਆਤਮਕ ਤੌਰ ਤੇ ਮਰ ਜਾਂਦੇ ਹਨ, ਪਰ ਭਗਤ ਜਨ ਗੁਰੂ ਦੀ ਰਾਹੀਂ ਮਿਲੇ ਪ੍ਰੇਮ-ਪਿਆਰ ਨਾਲ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। 21। ਹੇ ਸੰਤ ਜਨੋ! ਉਹੀ ਮਨੁੱਖ ਜੋਗੀ ਹੈ (ਪ੍ਰਭੂ-ਚਰਨਾਂ ਵਿਚ ਜੁੜਿਆ ਹੋਇਆ ਹੈ) ਜੋ ਆਪਣੇ ਅੰਦਰੋਂ ਹਉਮੈ ਮਾਰ ਕੇ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਕੇ ਉੱਚੇ ਆਤਮਕ ਜੀਵਨ ਨਾਲ ਸਾਂਝ ਪਾਂਦਾ ਹੈ ਜਗਤ ਦੇ ਮੂਲ-ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਰਹਿੰਦਾ ਹੈ। 22। (ਹੇ ਪ੍ਰਭੂ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਤੇਰੀ ਦਇਆ ਹੁੰਦੀ ਹੈ, ਉਸ ਨੇ ਇਹ ਗੱਲ ਸਮਝੀ ਹੁੰਦੀ ਹੈ ਕਿ ਗੁਰੂ (ਹੀ ਤੇਰੇ ਨਾਮ ਦੀ ਦਾਤਿ) ਦੇਣ ਵਾਲਾ ਹੈ। 23। ਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦਾ ਦਰ ਨਹੀਂ ਮੱਲਦੇ, ਉਹ ਮਨੁੱਖ ਮਾਇਆ (ਦੇ ਮੋਹ) ਵਿਚ ਫਸੇ ਰਹਿੰਦੇ ਹਨ, (ਮਾਇਆ ਦੇ ਕਾਰਨ) ਅਹੰਕਾਰੀ ਹੋਏ ਹੋਏ ਉਹ ਮਨੁੱਖ (ਮਾਇਆ ਦੇ ਮੋਹ ਵਿਚ) ਡੁੱਬ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ। 24। ਹੇ ਸੰਤ ਜਨੋ! ਜਿਤਨਾ ਚਿਰ ਸਰੀਰ ਵਿਚ ਸਾਹ ਆ ਰਿਹਾ ਹੈ ਉਤਨਾ ਚਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹਿਣਾ ਚਾਹੀਦਾ ਹੈ। (ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਹੀ) ਪ੍ਰਭੂ ਨੂੰ ਜਾ ਮਿਲੀਦਾ ਹੈ। 25। ਹੇ ਸੰਤ ਜਨੋ! ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ-ਪਿਆਰ ਦੀ ਰਾਹੀਂ ਮਨੁੱਖ ਦਿਨ ਰਾਤ ਵੇਲੇ (ਮਾਇਆ ਦੇ ਮੋਹ ਦੇ ਹੱਲਿਆਂ ਵਲੋਂ) ਸੁਚੇਤ ਰਹਿ ਸਕਦਾ ਹੈ। 26। (ਹੇ ਸੰਤ ਜਨੋ! ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਗੁਰੂ ਤੋਂ ਆਪਣਾ ਤਨ ਮਨ ਕੁਰਬਾਨ ਕਰਦਾ ਹਾਂ, ਘੋਲਿ ਘੁਮਾਂਦਾ ਹਾਂ। 27। ਹੇ ਸੰਤ ਜਨੋ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਬੰਦੇ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦੇ ਹਨ। (ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਰਹਿੰਦਾ ਹੈ, ਉਸ ਦੇ ਅੰਦਰੋਂ) ਮਾਇਆ ਦਾ ਮੋਹ ਨਾਸ ਹੋ ਜਾਇਗਾ। 28। (ਹੇ ਸੰਤ ਜਨੋ! ਇਹ ਕੋਈ ਸੌਖੀ ਖੇਡ ਨਹੀਂ ਹੈ। ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਉਹੀ ਮਨੁੱਖ ਜਾਗਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਜਗਾਂਦਾ ਹੈ, ਅਜਿਹੇ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਵਿਚਾਰਵਾਨ ਹੋ ਜਾਂਦੇ ਹਨ। 29। ਹੇ ਨਾਨਕ! (ਆਖ– ਹੇ ਸੰਤ ਜਨੋ!) ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹੀ ਮਨੁੱਖ ਆਤਮਕ ਤੌਰ ਤੇ ਮਰੇ ਰਹਿੰਦੇ ਹਨ। ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਦਾ ਸਦਕਾ ਆਤਮਕ ਜੀਵਨ ਵਾਲੇ ਹੋ ਗਏ ਹਨ। 30।4।13। ਰਾਮਕਲੀ ਮਹਲਾ ੩ ॥ ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥੧॥ ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥ ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥੧॥ ਰਹਾਉ ॥ ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥੨॥ ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥੩॥ ਆਪੇ ਸਾਜੇ ਸ੍ਰਿਸਟਿ ਉਪਾਏ ਸਿਰਿ ਸਿਰਿ ਧੰਧੈ ਲਾਈ ॥੪॥ ਤਿਸਹਿ ਸਰੇਵਹੁ ਤਾ ਸੁਖੁ ਪਾਵਹੁ ਸਤਿਗੁਰਿ ਮੇਲਿ ਮਿਲਾਈ ॥੫॥ ਆਪਣਾ ਆਪੁ ਆਪਿ ਉਪਾਏ ਅਲਖੁ ਨ ਲਖਣਾ ਜਾਈ ॥੬॥ ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥੭॥ {ਪੰਨਾ 911-912} ਪਦ ਅਰਥ: ਗੁਰ ਤੇ = ਗੁਰੂ ਪਾਸੋਂ। ਤ੍ਰਿਪਤਿ ਰਹੇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ। ਆਘਾਈ ਰਹੇ = ਆਘਾਇ ਰਹੇ, ਪੂਰਨ ਤੌਰ ਤੇ ਰੱਜ ਗਏ।1। ਸੰਤਹੁ = ਹੇ ਸੰਤ ਜਨੋ! ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ। ਘਟ ਅੰਤਰਿ = ਹਿਰਦੇ ਵਿਚ। ਪੂਰੇ ਕੀ = ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ। ਵਡਿਆਈ = ਮਿਹਰ, ਬਜ਼ੁਰਗੀ।1। ਰਹਾਉ। ਆਪੇ = (ਪ੍ਰਭੂ) ਆਪ ਹੀ। ਕਰਤਾ = (ਜੀਵਾਂ ਨੂੰ) ਪੈਦਾ ਕਰਨ ਵਾਲਾ। ਭੁਗਤਾ = (ਜੀਵਾਂ ਵਿਚ ਬੈਠ ਕੇ) ਭੋਗਣ ਵਾਲਾ। ਸਬਾਈ = ਸਾਰੀ ਲੋਕਾਈ ਨੂੰ।2। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ। ਅਵਰੁ = ਕੁਝ ਹੋਰ।3। ਸਾਜੇ = ਸਾਜਦਾ ਹੈ, ਬਣਾਂਦਾ ਹੈ, ਪੈਦਾ ਕਰਦਾ ਹੈ। ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਧੰਧੈ = (ਮਾਇਆ ਦੇ) ਜੰਜਾਲ ਦੀ (ਪੋਟਲੀ) । ਲਾਈ = ਚੰਬੜੀ ਹੋਈ ਹੈ।4। ਤਿਸਹਿ = {ਤਿਸੁ ਹੀ} ਉਸ ਪ੍ਰਭੂ ਨੂੰ ਹੀ। ਸਰੇਵਹੁ = ਸੇਵਾ-ਭਗਤੀ ਕਰੋ। ਸਤਿਗੁਰਿ = ਗੁਰ ਨੇ। ਮੇਲਿ = ਪ੍ਰਭੂ ਦੇ ਮਿਲਾਪ ਵਿਚ।5। ਆਪੁ = ਆਪੇ ਨੂੰ। ਉਪਾਏ = ਪਰਗਟ ਕਰਦਾ ਹੈ। ਅਲਖੁ = ਜਿਸ ਦਾ ਸਹੀ ਸਰੂਪ ਦਸਿਆ ਨਾਹ ਜਾ ਸਕੇ।6। ਮਾਰਿ = ਮਾਰ ਕੇ, ਆਤਮਕ ਮੌਤ ਦੇ ਕੇ। ਜੀਵਾਲੇ = ਆਤਮਕ ਜੀਵਨ ਦੇਂਦਾ ਹੈ। ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉਡ ਗਿਆ ਹੈ}। ਤਿਲੁ = ਰਤਾ ਭਰ ਭੀ। ਤਮਾਈ = ਤਮ੍ਹਾ, ਲਾਲਚ।7। ਅਰਥ: ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ ਵਸਿਆ ਰਹਿੰਦਾ ਹੈ, (ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ) ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ ਮਿਹਰ ਹੋਵੇ।1। ਰਹਾਉ। ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਪਾਸੋਂ ਮਿਲਦਾ ਹੈ, (ਜਿਨ੍ਹਾਂ ਨੂੰ ਇਹ ਖ਼ਜ਼ਾਨਾ ਮਿਲ ਜਾਂਦਾ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ।1। (ਹੇ ਸੰਤ ਜਨੋ!) ਪਰਮਾਤਮਾ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਾਰੇ ਭੋਗ) ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ (ਆਪ ਹੀ) ਰਿਜ਼ਕ ਦੇਣ ਵਾਲਾ ਹੈ।2। ਹੇ ਸੰਤ ਜਨੋ! ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕਿਸੇ ਜੀਵ ਪਾਸੋਂ ਉਸ ਦੇ ਉਲਟ ਕੁਝ ਹੋਰ ਨਹੀਂ ਕੀਤਾ ਜਾ ਸਕਦਾ।3। ਹੇ ਸੰਤ ਜਨੋ! ਪ੍ਰਭੂ ਆਪ ਹੀ (ਸਭ ਜੀਵਾਂ ਦੀ) ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ, ਹਰੇਕ ਜੀਵ ਦੇ ਸਿਰ ਉਤੇ ਉਸ ਨੇ ਆਪ ਹੀ (ਮਾਇਆ ਦੇ) ਜੰਜਾਲ ਦੀ (ਪੋਟਲੀ) ਚੰਬੋੜੀ ਹੋਈ ਹੈ।4। ਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ।5। ਹੇ ਸੰਤ ਜਨੋ! ਪ੍ਰਭੂ ਆਪ ਹੀ ਆਪਣਾ ਆਪ (ਕਿਸੇ ਜੀਵ ਦੇ ਹਿਰਦੇ ਵਿਚ) ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।6। (ਹੇ ਸੰਤ ਜਨੋ! ਜੀਵਾਂ ਨੂੰ) ਆਤਮਕ ਮੌਤ ਦੇ ਕੇ (ਫਿਰ) ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ।7। |
Sri Guru Granth Darpan, by Professor Sahib Singh |