ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 912 ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥੮॥ ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ ਸਮਾਈ ॥੯॥ ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥ ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥ ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ॥੧੨॥ ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥੧੩॥ ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥ {ਪੰਨਾ 912} ਪਦ ਅਰਥ: ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ (ਜੀਵ) । ਦਾਤੇ = ਲੋੜਵੰਦਿਆਂ ਦੀ ਮਦਦ ਕਰ ਸਕਣ ਵਾਲੇ।8। ਸੇ = {ਬਹੁ-ਵਚਨ} ਉਹ (ਬੰਦੇ) । ਜਾਤਾ = ਪਛਾਣਿਆ, ਸਾਂਝ ਪਾਈ। ਸਚੇ = ਸਦਾ-ਥਿਰ ਪ੍ਰਭੂ ਵਿਚ। ਰਹੇ ਸਮਾਈ = ਰਹੇ ਸਮਾਇ, ਸਦਾ ਟਿਕੇ ਰਹੇ।9। ਸਰੂਪੁ = ਰੂਪ ਵਾਲਾ, ਸੋਹਣਾ। ਆਪੇ = ਆਪ ਹੀ।10। ਅੰਤਰਿ = (ਹਰੇਕ ਜੀਵ ਦੇ) ਅੰਦਰ। ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਾ ਦੇਂਦਾ ਹੈ।11। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੇ। ਅੰਧ = ਅੰਨ੍ਹੀ।12। ਸਾਦੁ = ਸੁਆਦ, ਆਨੰਦ। ਸਤਿਗੁਰਿ = ਗੁਰੂ ਨੇ। ਬੂਝ = ਸੂਝ। ਬੁਝਾਈ = ਸਮਝਾਈ।13। ਇਕਨਾ = ਕਈ ਜੀਵਾਂ ਨੂੰ। ਨਾਵਹੁ = (ਆਪਣੇ) ਨਾਮ ਤੋਂ। ਦੇਇ ਬੁਝਾਈ = ਸਮਝ ਦੇਂਦਾ ਹੈ।14। ਅਰਥ: ਹੇ ਸੰਤ ਜਨੋ! ਜਗਤ ਵਿਚ ਪਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿਤਾ ਹੈ, ਕਈ ਜੀਵ ਉਸ ਨੇ ਕੰਗਾਲ-ਮੰਗਤੇ ਬਣਾ ਦਿਤੇ ਹਨ। (ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ) ਆਪਣੀ ਭਗਤੀ ਪਰਮਾਤਮਾ ਆਪ ਹੀ ਕਰਾਂਦਾ ਹੈ।8। ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਨੇ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾ ਲਈ ਹੈ ਉਹ ਵੱਡੇ ਭਾਗਾਂ ਵਾਲੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ।9। ਹੇ ਸੰਤ ਜਨੋ! ਪਰਮਾਤਮਾ ਆਪ (ਸਭ ਤੋਂ) ਸੁੰਦਰ ਹੈ (ਸਭ ਤੋਂ) ਸਿਆਣਾ (ਭੀ) ਆਪ ਹੀ ਹੈ। (ਉਸ ਦੀ ਸੁੰਦਰਤਾ ਤੇ ਸਿਆਣਪ ਦਾ) ਮੁਲ ਦਸਿਆ ਨਹੀਂ ਜਾ ਸਕਦਾ।10। ਹੇ ਸੰਤ ਜਨੋ! ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਹੀ ਦੁਖ ਪੈਦਾ ਕਰਦਾ ਹੈ। ਆਪ ਹੀ ਸੁਖ (ਭੀ) ਦੇਂਦਾ ਹੈ। ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ।11। ਹੇ ਸੰਤ ਜਨੋ! ਜਿਸ ਮਨੁਖ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਪਰ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਲੋਕਾਈ ਭਟਕਦੀ ਫਿਰਦੀ ਹੈ।12। ਹੇ ਸੰਤ ਜਨੋ! ਜਿਨ੍ਹਾਂ ਨੂੰ ਗੁਰੂ ਨੇ (ਨਾਮ ਅੰਮ੍ਰਿਤ ਦੀ) ਕਦਰ ਬਖ਼ਸ਼ੀ, ਜਿਨ੍ਹਾਂ ਨੇ (ਇਸ ਤਰ੍ਹਾਂ ਨਾਮ-ਅੰਮ੍ਰਿਤ) ਚਖ ਲਿਆ, ਉਹਨਾਂ ਨੂੰ ਉਸ ਦਾ ਆਨੰਦ ਆ ਗਿਆ (ਤੇ ਉਹ ਸਦਾ ਨਾਮ ਵਿਚ ਜੁੜੇ ਰਹੇ) ।13। (ਹੇ ਸੰਤ ਜਨੋ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਕਈ ਜੀਵਾਂ ਨੂੰ ਪਰਮਾਤਮਾ ਆਪ (ਹੀ) ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਸੂਝ ਬਖ਼ਸ਼ ਦੇਂਦਾ ਹੈ।14। ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥ ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥੧੬॥ ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥੧੭॥ ਤਿਸ ਨੋ ਪ੍ਰਾਣੀ ਸਦਾ ਧਿਆਵਹੁ ਜਿਨਿ ਗੁਰਮੁਖਿ ਬਣਤ ਬਣਾਈ ॥੧੮॥ ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥੧੯॥ ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥੨੦॥ ਨਾਨਕ ਸੁਣਿ ਵੇਖਿ ਰਹਿਆ ਵਿਸਮਾਦੁ ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥ {ਪੰਨਾ 912} ਪਦ ਅਰਥ: ਸਾਲਾਹਿਹੁ = ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ। ਤਿਸ ਦੀ = {ਸੰਬੰਧਕ 'ਦੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉਡ ਗਿਆ ਹੈ} ਉਸ (ਪਰਮਾਤਮਾ) ਦੀ। ਵਡਿਆਈ = ਸੋਭਾ, ਨਾਮਣਾ।15। ਰਾਜਾ = ਹਾਕਮ, ਪਾਤਿਸ਼ਾਹ। ਕਰਿ = ਕਰ ਕੇ। ਤਪਾਵਸੁ = ਨਿਆਂਉ। ਬਣਤ = ਮਰਯਾਦਾ, ਸਿਫ਼ਤਿ-ਸਾਲਾਹ ਕਰਨ ਦੀ ਮਰਯਾਦਾ। 16। ਨਿਆਉ = ਇਨਸਾਫ਼। ਸਦ = ਸਦਾ। ਸਾਚਾ = ਅਟੱਲ, ਸਦਾ ਕਾਇਮ ਰਹਿਣ ਵਾਲਾ। ਮਨਾਈ = ਮਨਾਂਦਾ ਹੈ, ਮੰਨਣ ਲਈ ਪ੍ਰੇਰਨਾ ਕਰਦਾ ਹੈ। 17। ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਪ੍ਰਾਣੀ = ਹੇ ਪ੍ਰਾਣੀ! ਜਿਨਿ = ਜਿਸ (ਪਰਮਾਤਮਾ) ਨੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਗੁਰਮੁਖਿ ਬਣਤ = ਗੁਰੂ ਦੇ ਸਨਮੁਖ ਦੀ ਰੀਤ। 18। ਭੇਟੈ = ਮਿਲਦਾ ਹੈ। ਸਤਿਗੁਰ ਭੇਟੈ = (ਜੋ ਮਨੁੱਖ) ਗੁਰੂ ਨੂੰ ਮਿਲਦਾ ਹੈ {ਨੋਟ: "ਸਤਿਗੁਰੁ ਭੇਟੈ" = (ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ}। ਸੀਝੈ = ਕਾਮਯਾਬ ਹੋ ਜਾਂਦਾ ਹੈ। ਜਿਸੁ ਹਿਰਦੇ = ਜਿਸ ਦੇ ਹਿਰਦੇ ਵਿਚ। 19। ਸਚਾ = ਸਦਾ ਕਾਇਮ ਰਹਿਣ ਵਾਲਾ। ਬਾਣੀ = ਬਾਣੀ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ। ਸੁਣਾਈ = (ਗੁਰੂ) ਸੁਣਾਂਦਾ ਹੈ। 20। ਸੁਣਿ ਵੇਖਿ ਰਹਿਆ = ਸੁਣਿ ਰਹਿਆ ਵੇਖਿ ਰਹਿਆ, (ਹਰੇਕ ਜੀਵ ਦੀ ਗੱਲ) ਸੁਣ ਰਿਹਾ ਹੈ (ਹਰੇਕ ਜੀਵ ਦਾ ਕੰਮ) ਵੇਖ ਰਿਹਾ ਹੈ। ਵਿਸਮਾਦੁ = ਅਸਚਰਜ-ਰੂਪ ਪਰਮਾਤਮਾ। ਰਵਿਆ = ਵਿਆਪਕ ਹੈ। ਸ੍ਰਬ = ਸਰਬ, ਸਾਰੇ। ਥਾਈ = ਥਾਈਂ, ਥਾਵਾਂ ਵਿਚ। 21। ਅਰਥ: ਹੇ ਸੰਤ ਜਨੋ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ ਸਦਾ ਕਰਦੇ ਰਿਹਾ ਕਰੋ। ਉਸ (ਪ੍ਰਭੂ) ਦਾ ਨਾਮਣਾ ਬਹੁਤ ਵੱਡਾ ਹੈ।15। ਹੇ ਸੰਤ ਜਨੋ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤਿ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ। 16। ਹੇ ਸੰਤ ਜਨੋ! ਉਸ ਪਰਮਾਤਮਾ ਦਾ ਹੀ ਇਨਸਾਫ਼ (ਕਰਨ ਵਾਲਾ ਹੁਕਮ) ਸਦਾ ਅਟੱਲ ਹੈ, ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਉਹ ਪ੍ਰਭੂ (ਇਹ) ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ। 17। ਹੇ ਪ੍ਰਾਣੀਓ! ਜਿਸ ਪਰਮਾਤਮਾ ਨੇ (ਬੰਦਿਆਂ ਵਾਸਤੇ) ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ। 18। ਹੇ ਸੰਤ ਜਨੋ! (ਜਿਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ) , ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ। 19। ਹੇ ਸੰਤ ਜਨੋ! (ਗੁਰੂ ਆਪਣੀ) ਬਾਣੀ ਦੀ ਰਾਹੀਂ (ਆਪਣੇ) ਸ਼ਬਦ ਦੀ ਰਾਹੀਂ (ਸਰਨ ਆਏ ਸਿੱਖਾਂ ਨੂੰ ਇਹ ਉਪਦੇਸ਼) ਸੁਣਾਂਦਾ ਰਹਿੰਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। 20। ਹੇ ਨਾਨਕ! (ਆਖ– ਹੇ ਸੰਤ ਜਨੋ!) ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ (ਹਰੇਕ ਜੀਵ ਵਿਆਪਕ ਹੋ ਕੇ) ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ।2।1।5। ਰਾਮਕਲੀ ਮਹਲਾ ੫ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਕਿਨਹੀ ਕੀਆ ਪਰਵਿਰਤਿ ਪਸਾਰਾ ॥ ਕਿਨਹੀ ਕੀਆ ਪੂਜਾ ਬਿਸਥਾਰਾ ॥ ਕਿਨਹੀ ਨਿਵਲ ਭੁਇਅੰਗਮ ਸਾਧੇ ॥ ਮੋਹਿ ਦੀਨ ਹਰਿ ਹਰਿ ਆਰਾਧੇ ॥੧॥ ਤੇਰਾ ਭਰੋਸਾ ਪਿਆਰੇ ॥ ਆਨ ਨ ਜਾਨਾ ਵੇਸਾ ॥੧॥ ਰਹਾਉ ॥ ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥ ਕਿਨਹੀ ਮੋਨਿ ਅਉਧੂਤੁ ਸਦਾਇਆ ॥ ਕੋਈ ਕਹਤਉ ਅਨੰਨਿ ਭਗਉਤੀ ॥ ਮੋਹਿ ਦੀਨ ਹਰਿ ਹਰਿ ਓਟ ਲੀਤੀ ॥੨॥ ਕਿਨਹੀ ਕਹਿਆ ਹਉ ਤੀਰਥ ਵਾਸੀ ॥ ਕੋਈ ਅੰਨੁ ਤਜਿ ਭਇਆ ਉਦਾਸੀ ॥ ਕਿਨਹੀ ਭਵਨੁ ਸਭ ਧਰਤੀ ਕਰਿਆ ॥ ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥੩॥ {ਪੰਨਾ 912} ਪਦ ਅਰਥ: ਕਿਨ ਹੀ = {ਕਿਨਿ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ। ਕਿਨਿ = ਕਿਸ ਨੇ?} ਕਿਸੇ ਨੇ। ਪਰਵਿਰਤਿ = {pRvãiÙ = Active life, Taking an active part in worldly affairs} ਦੁਨੀਆਦਾਰੀ, ਗ੍ਰਿਹਸਤ ਜੀਵਨ। ਪਸਾਰਾ = ਖਿਲਾਰਾ। ਬਿਸਥਾਰਾ = ਖਿਲਾਰਾ। ਨਿਵਲ = ਨਿਉਲੀ ਕਰਮ, ਪੇਟ ਸਾਫ਼ ਰੱਖਣ ਵਾਸਤੇ ਆਂਦਰਾਂ ਨੂੰ ਭੁਆਣ ਦੀ ਯੋਗਿਕ ਕਿਰਿਆ। ਭੁਇਅੰਗਮ = ਸੱਪ, ਸੱਪ ਦੀ ਸ਼ਕਲ ਦੀ ਕੁੰਡਲਨੀ ਨਾੜੀ, ਇਸ ਨਾੜੀ ਵਿਚੋਂ ਸੁਆਸ ਲੰਘਾ ਕੇ ਦਸਮ ਦੁਆਰ ਵਿਚ ਅਪੜਾਣ ਦੀ ਕਿਰਿਆ। ਸਾਧੇ = ਸਾਧਨ ਕੀਤੇ। ਮੋਹਿ = ਮੈਂ। ਮੋਹਿ ਦੀਨ = ਮੈਂ ਗ਼ਰੀਬ ਨੇ। ਆਰਾਧੇ = ਸਿਮਰਿਆ ਹੈ।1। ਭਰੋਸਾ = ਆਸਰਾ। ਆਨ = ਕੋਈ ਹੋਰ {ANX}। ਜਾਨਾ = ਜਾਨਾਂ, ਮੈਂ ਜਾਣਦਾ। ਵੇਸ = ਭੇਖ।1। ਰਹਾਉ। ਗ੍ਰਿਹੁ = ਘਰ, ਗ੍ਰਿਹਸਤ। ਤਜਿ = ਛੱਡ ਕੇ। ਵਣ ਖੰਡਿ = ਜੰਗਲ ਦੇ ਟੋਟੇ ਵਿਚ, ਜੰਗਲ ਦੀ ਨੁੱਕਰ ਵਿਚ। ਮੋਨਿ = ਸਦਾ ਚੁੱਪ ਰਹਿਣ ਵਾਲਾ। ਅਉਧੂਤੁ = ਤਿਆਗੀ। ਕਹਤਉ = ਕਹਤਾ, ਆਖਦਾ ਹੈ। ਅਨੰਨਿ = {AnNX [ n ANX} ਕੋਈ ਹੋਰ ਆਸਰਾ ਨਾਹ ਤੱਕਣ ਵਾਲਾ। ਭਗਉਤੀ = ਭਗਵਾਨ ਦੀ ਭਗਤੀ ਕਰਨ ਵਾਲਾ।2। ਹਉ = ਹਉਂ, ਮੈਂ। ਵਾਸੀ = ਵੱਸਣ ਵਾਲਾ। ਉਦਾਸੀ = ਉਪਰਾਮ। ਭਵਨੁ = ਰਟਨ। ਹਰਿ ਦਰਿ = ਹਰੀ ਦੇ ਦਰ ਤੇ।3। ਅਰਥ: ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ। ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ।1। ਰਹਾਉ। (ਹੇ ਭਾਈ!) ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ, ਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ। ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ। ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ।1। (ਹੇ ਭਾਈ!) ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ, ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ। ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ) । ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ।2। (ਹੇ ਭਾਈ!) ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ। ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ। ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ। ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ।3। |
Sri Guru Granth Darpan, by Professor Sahib Singh |