ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 914 ਰਾਮਕਲੀ ਮਹਲਾ ੫ ॥ ਕਾਹੂ ਬਿਹਾਵੈ ਰੰਗ ਰਸ ਰੂਪ ॥ ਕਾਹੂ ਬਿਹਾਵੈ ਮਾਇ ਬਾਪ ਪੂਤ ॥ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥ ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥ ਰਚਨਾ ਸਾਚੁ ਬਨੀ ॥ ਸਭ ਕਾ ਏਕੁ ਧਨੀ ॥੧॥ ਰਹਾਉ ॥ ਕਾਹੂ ਬਿਹਾਵੈ ਬੇਦ ਅਰੁ ਬਾਦਿ ॥ ਕਾਹੂ ਬਿਹਾਵੈ ਰਸਨਾ ਸਾਦਿ ॥ ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥ ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥ ਕਾਹੂ ਬਿਹਾਵੈ ਖੇਲਤ ਜੂਆ ॥ ਕਾਹੂ ਬਿਹਾਵੈ ਅਮਲੀ ਹੂਆ ॥ ਕਾਹੂ ਬਿਹਾਵੈ ਪਰ ਦਰਬ ਚੋੁਰਾਏ ॥ ਹਰਿ ਜਨ ਬਿਹਾਵੈ ਨਾਮ ਧਿਆਏ ॥੩॥ ਕਾਹੂ ਬਿਹਾਵੈ ਜੋਗ ਤਪ ਪੂਜਾ ॥ ਕਾਹੂ ਰੋਗ ਸੋਗ ਭਰਮੀਜਾ ॥ ਕਾਹੂ ਪਵਨ ਧਾਰ ਜਾਤ ਬਿਹਾਏ ॥ ਸੰਤ ਬਿਹਾਵੈ ਕੀਰਤਨੁ ਗਾਏ ॥੪॥ {ਪੰਨਾ 914} ਪਦ ਅਰਥ: ਕਾਹੂ = ਕਿਸੇ (ਮਨੁੱਖ) ਦੀ। ਬਿਹਾਵੈ = (ਉਮਰ) ਬੀਤਦੀ ਹੈ। ਮਾਈ = ਮਾਂ। ਮਿਲਖ = ਭੁਇਂ ਦੀ ਮਾਲਕੀ। ਸੰਤ ਬਿਹਾਵੈ = ਸੰਤ ਦੀ (ਉਮਰ) ਲੰਘਦੀ ਹੈ। ਅਧਾਰਾ = ਆਸਰਾ।1। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਚਨਾ = ਸ੍ਰਿਸ਼ਟੀ। ਬਨੀ = ਪੈਦਾ ਕੀਤੀ ਹੋਈ। ਧਨੀ = ਮਾਲਕ। ਸਭ ਕਾ = ਹਰੇਕ ਜੀਵ ਦਾ।1। ਰਹਾਉ। ਅਰੁ = ਅਤੇ। ਬਾਦਿ = ਚਰਚਾ ਵਿਚ, ਬਹਿਸ ਵਿਚ {ਇਕ-ਵਚਨ}। ਰਸਨਾ ਸਾਦਿ = ਜੀਭ ਦੇ ਸੁਆਦ ਵਿਚ। ਲਪਟਿ ਕੇ, ਚੰਬੜ ਕੇ। ਸੰਗਿ = ਨਾਲ। ਨਾਰੀ = ਇਸਤ੍ਰੀ। ਰਚੇ = ਮਸਤ ਰਹਿੰਦੇ ਹਨ। ਕੇਵਲ = ਸਿਰਫ਼। ਮੁਰਾਰੀ = {ਮੁਰ-ਅਰਿ} ਪਰਮਾਤਮਾ।2। ਖੇਲਤ = ਖੇਡਦਿਆਂ। ਅਮਲੀ = ਅਫੀਮ ਆਦਿਕ ਨਸ਼ੇ ਦਾ ਆਦੀ। ਪਰ ਦਰਬ = ਪਰਾਇਆ ਧਨ। ਚੋੁਰਾਏ = {ਅੱਖਰ 'ਚ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਲਫ਼ਜ਼ 'ਚੋਰ' ਤੋਂ ਚੋਰਾਏ', ਪਰ ਪੜ੍ਹਨਾ ਹੈ 'ਚੁਰਾਏ'}।3। ਜੋਗ = ਜੋਗ ਦੇ ਸਾਧਨ। ਭਰਮੀਜਾ = ਭਟਕਣਾ ਵਿਚ। ਸੋਗ = ਗ਼ਮ, ਫ਼ਿਕਰ। ਪਵਨ ਧਾਰ = ਪ੍ਰਾਣਾਂ ਨੂੰ ਧਾਰਨ ਵਿਚ, ਸੁਆਸਾਂ ਦੇ ਅਭਿਆਸ ਵਿਚ, ਪ੍ਰਾਣਾਯਾਮ ਕਰਦਿਆਂ। ਜਾਤ ਬਿਹਾਏ = ਬਿਹਾਇ ਜਾਤ, ਬੀਤ ਜਾਂਦੀ ਹੈ।4। ਅਰਥ: ਹੇ ਭਾਈ! ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ। ਇਕ ਉਹੀ ਹਰੇਕ ਜੀਵ ਦਾ ਮਾਲਕ ਹੈ।1। ਰਹਾਉ। (ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ। (ਹੇ ਭਾਈ! ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ।1। ਹੇ ਭਾਈ! ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ। ਹੇ ਭਾਈ! ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦੇ ਹਨ।2। ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ; ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ; ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ; ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ।3। ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ; ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ; ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ; ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਿਆਂ।4। ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥ ਕਾਹੂ ਬਿਹਾਵੈ ਸੋ ਪਿੜੁ ਮਾਲਤ ॥ ਕਾਹੂ ਬਿਹਾਵੈ ਬਾਲ ਪੜਾਵਤ ॥ ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥ ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥ ਕਾਹੂ ਬਿਹਾਵੈ ਜੀਆਇਹ ਹਿਰਤੇ ॥ ਕਾਹੂ ਬਿਹਾਵੈ ਰਾਜ ਮਹਿ ਡਰਤੇ ॥ ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥ ਕਾਹੂ ਬਿਹਾਵੈ ਮਤਾ ਮਸੂਰਤਿ ॥ ਕਾਹੂ ਬਿਹਾਵੈ ਸੇਵਾ ਜਰੂਰਤਿ ॥ ਕਾਹੂ ਬਿਹਾਵੈ ਸੋਧਤ ਜੀਵਤ ॥ ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥ ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥ ਕਰਿ ਕਿਰਪਾ ਜਿਸੁ ਦੇਵੈ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥ {ਪੰਨਾ 914} ਪਦ ਅਰਥ: ਰੈਨਿ = ਰਾਤ। ਚਲਤ = ਤੁਰਦਿਆਂ। ਸੋ ਪਿੜੁ = ਉਹ ਇੱਕੋ ਟਿਕਾਣਾ। ਮਾਲਤ = ਮੱਲੀ ਰੱਖਿਆ। ਸੋ ਪਿੜੁ ਮਾਲਤ = ਇੱਕੋ ਟਿਕਾਣੇ ਤੇ ਬੈਠਿਆਂ। ਬਾਲ ਪੜਾਵਤ = ਮੁੰਡੇ ਪੜ੍ਹਾਂਦਿਆਂ। ਜਸੁ = ਸਿਫ਼ਤਿ-ਸਾਲਾਹ।5। ਨਿਰਤੇ = ਨਾਚ। ਜੀਆ ਹਿਰਤੇ = ਜੀਵਾਂ ਨੂੰ ਚੁਰਾਂਦਿਆਂ, ਲੋਕਾਂ ਦਾ ਮਾਲ ਖੋਂਹਦਿਆਂ, ਡਾਕੇ ਮਾਰਦਿਆਂ। ਰਾਜ ਮਹਿ = ਰਾਜ ਆਦਿਕ ਦੇ ਕੰਮਾਂ ਵਿਚ। ਡਰਤੇ = ਡਰਦਿਆਂ, ਥਰ-ਥਰ ਕੰਬਦਿਆਂ।6। ਮਤਾ = ਸਲਾਹ। ਮਸੂਰਤਿ = ਮਸ਼ਵਰਾ। ਜ਼ਰੂਰਤਿ = ਲੋੜ। ਸੇਵਾ = ਨੌਕਰੀ। ਸੋਧਤ = ਸੋਧਦਿਆਂ, ਖੋਜ-ਭਾਲ ਕਰਦਿਆਂ। ਜੀਵਤ = ਜਿਤਨਾ ਚਿਰ ਜੀਊਂਦੇ ਹਨ, ਸਾਰੀ ਉਮਰ। ਪੀਵਤ = ਪੀਂਦਿਆਂ।7। ਜਿਤੁ = ਜਿਸ (ਕੰਮ) ਵਿਚ। ਕੋ = ਕੋਈ ਜੀਵ। ਤਿਤੁ ਹੀ {ਲਫ਼ਜ਼ 'ਤਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ (ਕੰਮ) ਵਿਚ ਹੀ। ਕੋ = ਕੋਈ ਮਨੁੱਖ। ਮੂੜੁ = ਮੂਰਖ। ਕਰਿ = ਕਰ ਕੇ। ਜਿਸੁ = ਜਿਸ (ਜੀਵ) ਨੂੰ। ਤਾ ਕੈ = ਉਸ ਉੱਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।8। ਅਰਥ: ਹੇ ਭਾਈ! ਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ; ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ; ਕਿਸੇ ਮਨੁੱਖ ਦੀ ਉਮਰ ਮੁੰਡੇ ਪੜ੍ਹਾਉਂਦਿਆਂ ਲੰਘ ਜਾਂਦੀ ਹੈ; ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਿਆਂ।5। ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ; ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ; ਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ (ਰਹਿ ਕੇ) ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ; ਸੰਤ ਦੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਲੰਘਦੀ ਹੈ।6। (ਦੁਨੀਆ ਦੀਆਂ ਔਖਿਆਈਆਂ ਦੇ ਕਾਰਨ) ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ; (ਜ਼ਿੰਦਗੀ ਦੀਆਂ) ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ; ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ; ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਿਆਂ।7। ਪਰ, ਹੇ ਭਾਈ! ਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ; ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ। ਹੇ ਨਾਨਕ (ਆਖ-) ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।8।3। ਰਾਮਕਲੀ ਮਹਲਾ ੫ ॥ ਦਾਵਾ ਅਗਨਿ ਰਹੇ ਹਰਿ ਬੂਟ ॥ ਮਾਤ ਗਰਭ ਸੰਕਟ ਤੇ ਛੂਟ ॥ ਜਾ ਕਾ ਨਾਮੁ ਸਿਮਰਤ ਭਉ ਜਾਇ ॥ ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥ ਐਸੇ ਰਾਖਨਹਾਰ ਦਇਆਲ ॥ ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ ॥ ਜਲੁ ਪੀਵਤ ਜਿਉ ਤਿਖਾ ਮਿਟੰਤ ॥ ਧਨ ਬਿਗਸੈ ਗ੍ਰਿਹਿ ਆਵਤ ਕੰਤ ॥ ਲੋਭੀ ਕਾ ਧਨੁ ਪ੍ਰਾਣ ਅਧਾਰੁ ॥ ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥ ਕਿਰਸਾਨੀ ਜਿਉ ਰਾਖੈ ਰਖਵਾਲਾ ॥ ਮਾਤ ਪਿਤਾ ਦਇਆ ਜਿਉ ਬਾਲਾ ॥ ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ ॥ ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥ ਜਿਉ ਅੰਧੁਲੇ ਪੇਖਤ ਹੋਇ ਅਨੰਦ ॥ ਗੂੰਗਾ ਬਕਤ ਗਾਵੈ ਬਹੁ ਛੰਦ ॥ ਪਿੰਗੁਲ ਪਰਬਤ ਪਰਤੇ ਪਾਰਿ ॥ ਹਰਿ ਕੈ ਨਾਮਿ ਸਗਲ ਉਧਾਰਿ ॥੪॥ {ਪੰਨਾ 914} ਪਦ ਅਰਥ: ਦਾਵਾ ਅਗਨਿ = ਜੰਗਲ ਦੀ ਅੱਗ। ਰਹੇ = ਟਿਕੀ ਰਹਿੰਦੀ ਹੈ। ਹਰਿ ਬੂਟ = ਹਰੀ ਬੂਟੀ ਵਿਚ। ਸੰਕਟ = ਦੁੱਖ। ਤੇ = ਤੋਂ। ਛੂਟ = ਬਚਾਉ, ਖ਼ਲਾਸੀ। ਜਾ ਕਾ = ਜਿਸ (ਪਰਮਾਤਮਾ) ਦਾ। ਭਉ = (ਹਰੇਕ ਕਿਸਮ ਦਾ) ਡਰ। ਹਰਿ ਰਾਇ = ਪ੍ਰਭੂ ਪਾਤਿਸ਼ਾਹ। ਰਾਖੈ = ਰੱਖਿਆ ਕਰਦਾ ਹੈ।1। ਰਾਖਨਹਾਰ = ਹੇ ਰੱਖਿਆ ਕਰ ਸਕਣ ਵਾਲੇ! ਐਸੇ ਦਇਆਲ = ਤੂੰ ਅਜਿਹਾ ਦਇਆ ਦਾ ਘਰ ਹੈਂ। ਜਤ ਕਤ = ਜਿਥੇ ਕਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।1। ਰਹਾਉ। ਜਿਉ = ਜਿਵੇਂ। ਤਿਖਾ = ਪਿਆਸ। ਧਨ = ਇਸਤ੍ਰੀ। ਬਿਗਸੈ = ਖ਼ੁਸ਼ ਹੁੰਦੀ ਹੈ। ਗ੍ਰਿਹਿ = ਘਰ ਵਿਚ। ਕੰਤ = ਖਸਮ, ਪਤੀ। ਪ੍ਰਾਣ ਅਧਾਰੁ = ਜ਼ਿੰਦਗੀ ਦਾ ਸਹਾਰਾ।2। ਕਿਰਸਾਨੀ = ਖੇਤੀ। ਦਇਆ = ਪਿਆਰ। ਬਾਲਾ = ਬੱਚਾ। ਪ੍ਰੀਤਮੁ = ਮਿੱਤਰ। ਦੇਖਿ = ਵੇਖ ਕੇ। ਮਿਲਿ = ਮਿਲ ਕੇ। ਕੰਠਿ = ਗੱਲ ਨਾਲ।3। ਅੰਧੁਲੇ = ਅੰਨ੍ਹੇ ਨੂੰ। ਪੇਖਤ = ਵੇਖਦਿਆਂ, ਵੇਖ ਸਕਣ ਦੀ ਸੱਤਿਆ ਮਿਲਿਆਂ। ਬਕਤ = ਬੋਲ ਸਕਣ। ਪਰਤੇ = ਲੰਘਦਿਆਂ। ਨਾਮਿ = ਨਾਮ ਵਿਚ। ਸਗਲ = ਸਾਰੀ ਲੋਕਾਈ। ਉਧਾਰਿ = ਉਧਾਰੀ ਜਾਂਦੀ ਹੈ, ਪਾਰ ਲੰਘਾਈ ਜਾਂਦੀ ਹੈ।4। ਅਰਥ: ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਬੜਾ ਹੀ ਦਇਆ ਦਾ ਘਰ ਹੈਂ। ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਸਭ ਦੀ ਪਾਲਣਾ ਕਰਦਾ ਹੈਂ।1। ਰਹਾਉ। ਹੇ ਭਾਈ! ਜੰਗਲ ਦੀ ਅੱਗ ਹਰੇ ਬੂਟੇ ਵਿਚ ਟਿਕੀ ਰਹਿੰਦੀ ਹੈ (ਉਸ ਨੂੰ ਨਹੀਂ ਸਾੜਦੀ। ਬਾਕੀ ਜੰਗਲ ਨੂੰ ਸਾੜਦੀ ਹੈ) ; ਬੱਚਾ ਮਾਂ ਦੇ ਪੇਟ ਦੇ ਦੁੱਖਾਂ ਤੋਂ ਬਚਿਆ ਰਹਿੰਦਾ ਹੈ; ਇਸੇ ਤਰ੍ਹਾਂ ਉਹ ਪ੍ਰਭੂ ਪਾਤਿਸ਼ਾਹ ਜਿਸ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ, ਆਪਣੇ ਸੰਤ ਜਨਾਂ ਦੀ ਰੱਖਿਆ ਕਰਦਾ ਹੈ।1। ਹੇ ਭਾਈ! ਜਿਵੇਂ ਪਾਣੀ ਪੀਤਿਆਂ ਤ੍ਰੇਹ ਮਿਟ ਜਾਂਦੀ ਹੈ, ਜਿਵੇਂ ਪਤੀ ਘਰ ਆਇਆਂ ਇਸਤ੍ਰੀ ਖ਼ੁਸ਼ ਹੋ ਜਾਂਦੀ ਹੈ, ਜਿਵੇਂ ਧਨ-ਪਦਾਰਥ ਲੋਭੀ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ, ਤਿਵੇਂ ਪ੍ਰਭੂ ਦੇ ਭਗਤਾਂ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੁੰਦਾ ਹੈ।2। ਹੇ ਭਾਈ! ਜਿਵੇਂ ਰਾਖਾ ਖੇਤੀ ਦੀ ਰਾਖੀ ਕਰਦਾ ਹੈ, ਜਿਵੇਂ ਮਾਪੇ ਆਪਣੇ ਬੱਚੇ ਨਾਲ ਪਿਆਰ ਕਰਦੇ ਹਨ, ਜਿਵੇਂ ਕੋਈ ਮਿੱਤਰ ਆਪਣੇ ਮਿੱਤਰ ਨੂੰ ਵੇਖ ਕੇ (ਉਸ ਨੂੰ) ਮਿਲ ਕੇ ਜਾਂਦਾ ਹੈ, ਤਿਵੇਂ ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ।3। ਹੇ ਭਾਈ! ਜਿਵੇਂ ਜੇ ਕਿਸੇ ਅੰਨ੍ਹੇ ਨੂੰ ਵੇਖ ਸਕਣ ਦੀ ਸ਼ਕਤੀ ਮਿਲ ਜਾਏ ਤਾਂ ਉਹ ਖ਼ੁਸ਼ ਹੁੰਦਾ ਹੈ, ਜੇ ਗੂੰਗਾ ਬੋਲਣ ਲੱਗ ਪਏ (ਤਾਂ ਉਹ ਖ਼ੁਸ਼ ਹੁੰਦਾ ਹੈ, ਤੇ) ਕਈ ਗੀਤ ਗਾਣ ਲੱਗ ਪੈਂਦਾ ਹੈ, ਕੋਈ ਲੂਲ੍ਹਾ ਪਹਾੜਾਂ ਤੋਂ ਪਾਰ ਲੰਘ ਸਕਣ ਨਾਲ ਖ਼ੁਸ਼ ਹੁੰਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਜਿਹੜੀ) ਲੋਕਾਈ ਦਾ ਨਿਸਤਾਰਾ ਹੁੰਦਾ ਹੈ (ਉਹ ਬਹੁਤ ਪ੍ਰਸੰਨ ਹੁੰਦੀ ਹੈ) ।4। ਜਿਉ ਪਾਵਕ ਸੰਗਿ ਸੀਤ ਕੋ ਨਾਸ ॥ ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥ ਜਿਉ ਸਾਬੁਨਿ ਕਾਪਰ ਊਜਲ ਹੋਤ ॥ ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥ ਜਿਉ ਚਕਵੀ ਸੂਰਜ ਕੀ ਆਸ ॥ ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥ ਜਿਉ ਕੁਰੰਕ ਨਾਦ ਕਰਨ ਸਮਾਨੇ ॥ ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥ ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥ ਦਇਆਲ ਭਏ ਤਾ ਆਏ ਚੀਤਿ ॥ ਦਇਆ ਧਾਰੀ ਤਿਨਿ ਧਾਰਣਹਾਰ ॥ ਬੰਧਨ ਤੇ ਹੋਈ ਛੁਟਕਾਰ ॥੭॥ ਸਭਿ ਥਾਨ ਦੇਖੇ ਨੈਣ ਅਲੋਇ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ਭ੍ਰਮ ਭੈ ਛੂਟੇ ਗੁਰ ਪਰਸਾਦ ॥ ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥ {ਪੰਨਾ 914-915} ਪਦ ਅਰਥ: ਪਾਵਕ = ਅੱਗ। ਪਾਵਕ ਸੰਗਿ = ਅੱਗ ਨਾਲ। ਕੋ = ਦਾ। ਪ੍ਰਾਛਤ = ਪਾਪ। ਸੰਤ ਸੰਗਿ = ਸੰਤਾਂ ਦੀ ਸੰਗਤਿ ਵਿਚ। ਸਾਬੁਨ = ਸਾਬਣ ਨਾਲ। ਕਾਪਰ = ਕੱਪੜੇ। ਊਜਲ = ਸਾਫ਼-ਸੁਥਰੇ। ਜਪਤ = ਜਪਦਿਆਂ। ਸਭੁ = ਸਾਰਾ। ਭ੍ਰਮੁ = ਭਰਮ, ਭਟਕਣ। ਖੋਤ = ਖੋਇਆ ਜਾਂਦਾ ਹੈ।5। ਆਸ = ਉਡੀਕ। ਚਾਤ੍ਰਿਕ = ਪਪੀਹਾ। ਕੁਰੰਕ = ਹਰਨ। ਕਰਨ = ਕੰਨ। ਕੁਰੰਕ ਕਰਨ = ਹਰਨ ਦੇ ਕੰਨ। ਨਾਦ = ਆਵਾਜ਼, ਘੰਡੇਹੇੜੇ (ਖੱਲ ਨਾਲ ਮੜ੍ਹੇ ਹੋਏ ਘੜੇ) ਦੀ ਆਵਾਜ਼ ਵਿਚ। ਸਮਾਨੇ = ਲੀਨ। ਮਨਹਿ = ਮਨ ਵਿਚ। ਸੁਖਾਨੇ = ਮਿੱਠਾ ਲੱਗਦਾ ਹੈ।6। ਤੇ = ਤੋਂ, ਨਾਲ, ਦੀ ਰਾਹੀਂ। ਦਇਆਲ = ਦਇਆਵਾਨ। ਚੀਤਿ = ਚਿੱਤ ਵਿਚ। ਤਿਨਿ = ਉਸ (ਪ੍ਰਭੂ) ਨੇ। ਧਾਰਣਹਾਰ = ਦਇਆ ਧਾਰਣਹਾਰ, ਦਇਆ ਕਰ ਸਕਣ ਦੀ ਸਮਰਥਾ ਵਾਲੇ ਪ੍ਰਭੂ ਨੇ। ਤੇ = ਤੋਂ। ਛੁਟਕਾਰ = ਸਦਾ ਲਈ ਖ਼ਲਾਸੀ।7। ਸਭਿ = ਸਾਰੇ। ਨੈਣ = ਅੱਖਾਂ (ਨਾਲ) । ਅਲੋਇ = ਵੇਖ ਕੇ, ਨੀਝ ਲਾ ਕੇ, ਗਹੁ ਨਾਲ ਵੇਖ ਕੇ। ਅਵਰੁ = ਕੋਈ ਹੋਰ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭ੍ਰਮ = {ਬਹੁ-ਵਚਨ} ਸਾਰੇ ਵਹਿਮ। ਪਰਸਾਦ = ਕਿਰਪਾ। ਸਭੁ = ਹਰ ਥਾਂ। ਬਿਸਮਾਦ = ਅਸਚਰਜ-ਰੂਪ ਪਰਮਾਤਮਾ।8। ਅਰਥ: ਹੇ ਭਾਈ! ਜਿਵੇਂ ਅੱਗ ਨਾਲ ਠੰਢ ਦਾ ਨਾਸ ਹੋ ਜਾਂਦਾ ਹੈ, ਤਿਵੇਂ ਸੰਤਾਂ ਦੀ ਸੰਗਤ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਜਿਵੇਂ ਸਾਬਣ ਨਾਲ ਕੱਪੜੇ ਸਾਫ਼-ਸੁਥਰੇ ਹੋ ਜਾਂਦੇ ਹਨ, ਤਿਵੇਂ ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਵਹਿਮ ਹਰੇਕ ਡਰ ਦੂਰ ਹੋ ਜਾਂਦਾ ਹੈ।5। ਹੇ ਭਾਈ! ਜਿਵੇਂ ਚਕਵੀ (ਚਕਵੇ ਨੂੰ ਮਿਲਣ ਵਾਸਤੇ) ਸੂਰਜ (ਦੇ ਚੜ੍ਹਨ) ਦੀ ਉਡੀਕ ਕਰਦੀ ਰਹਿੰਦੀ ਹੈ, ਜਿਵੇਂ (ਪਿਆਸ ਬੁਝਾਣ ਲਈ) ਪਪੀਹੇ ਨੂੰ ਵਰਖਾ ਦੀਆਂ ਬੂੰਦਾਂ ਦੀ ਲਾਲਸਾ ਹੁੰਦੀ ਹੈ, ਜਿਵੇਂ ਹਰਨ ਦੇ ਕੰਨ ਘੰਡੇਹੇੜੇ ਦੀ ਆਵਾਜ਼ ਵਿਚ ਮਸਤ ਰਹਿੰਦੇ ਹਨ, ਤਿਵੇਂ ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ।6। ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ (ਤੇਰੇ ਚਰਨਾਂ ਵਿਚ ਕਿਸੇ ਭਾਗਾਂ ਵਾਲੇ ਦੀ) ਪ੍ਰੀਤ ਬਣਦੀ ਹੈ। (ਹੇ ਭਾਈ! ਜਿਸ ਮਨੁੱਖ ਉੱਤੇ ਜਦੋਂ ਪ੍ਰਭੂ ਜੀ) ਦਇਆਵਨ ਹੁੰਦੇ ਹਨ ਤਦੋਂ ਉਸਦੇ ਹਿਰਦੇ ਵਿਚ ਆ ਵੱਸਦੇ ਹਨ। ਹੇ ਭਾਈ! ਦਇਆ ਕਰਨ ਜੋਗੇ ਉਸ (ਪ੍ਰਭੂ) ਨੇ (ਜਿਸ ਬੰਦੇ ਉਤੇ) ਦਇਆ ਕੀਤੀ, (ਉਸ ਬੰਦੇ ਨੂੰ ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਸਦਾ ਲਈ ਖ਼ਲਾਸੀ ਮਿਲ ਗਈ।7। ਹੇ ਨਾਨਕ! (ਆਖ– ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਸਾਰੇ ਵਹਿਮ ਸਾਰੇ ਡਰ ਮੁੱਕ ਜਾਂਦੇ ਹਨ, ਉਹ ਹਰ ਥਾਂ ਉਸ ਅਸਚਰਜ-ਰੂਪ ਪਰਮਾਤਮਾ ਨੂੰ ਹੀ ਵੇਖਦਾ ਹੈ। ਉਹ ਮਨੁੱਖ ਅੱਖਾਂ ਖੋਹਲ ਕੇ ਸਾਰੇ ਥਾਂ ਵੇਖਦਾ ਹੈ, ਉਸ ਨੂੰ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।8।4। |
Sri Guru Granth Darpan, by Professor Sahib Singh |