ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 915

ਰਾਮਕਲੀ ਮਹਲਾ ੫ ॥ ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥ ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥ ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥੨॥ ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥ ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥੪॥ ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਨਾ ॥੫॥ ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥੬॥ ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥੭॥ ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥੮॥੫॥ {ਪੰਨਾ 915}

ਪਦ ਅਰਥ: ਸਭਿ = ਸਾਰੇ। ਪੇਖੀਅਹਿ = ਵੇਖੇ ਜਾ ਰਹੇ ਹਨ {ਕਰਮ ਵਾਚ, ਵਰਤਮਾਨ ਕਾਲ, ਬਹੁ-ਵਚਨ, ਅੰਨ ਪੁਰਖ}। ਪ੍ਰਭ = ਹੇ ਪ੍ਰਭੂ! ਧਾਰਨਾ = ਆਸਰਾ।1।

ਹਰਿ ਕੈ ਨਾਮ = ਪਰਮਾਤਮਾ ਦੇ ਨਾਮ ਦੀ ਰਾਹੀਂ। ਉਧਾਰਨਾ = ਪਾਰ-ਉਤਾਰਾ, ਨਿਸਤਾਰਾ।1। ਰਹਾਉ।

ਥਾਪਿ = ਬਣਾ ਕੇ। ਉਥਾਪੇ = ਨਾਸ ਕਰਦਾ ਹੈ। ਕੁਦਰਤਿ = ਰਚਨਾ। ਕਰਤੇ ਕੇ = ਕਰਤਾਰ ਦੇ। ਕਾਰਨਾ = ਢੰਗ।2।

ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਬਿਦਾਰਨਾ = ਨਾਸ ਕੀਤੇ ਜਾ ਸਕਦੇ ਹਨ।3।

ਜਪਤ = ਜਪਦਿਆਂ। ਸੂਖੇ ਸੂਖਿ = ਸੁਖ ਵਿਚ ਹੀ ਸੁਖ ਵਿਚ ਹੀ। ਗੁਦਾਰਨਾ = ਗੁਜ਼ਾਰਨਾ, ਗੁਜ਼ਾਰੀ ਜਾ ਸਕਦੀ ਹੈ {'ਜ਼' ਦੇ ਥਾਂ 'ਦ' ਦੀ ਵਰਤੋਂ ਹੋਰ ਭੀ ਕਈ ਥਾਈਂ ਹੈ– ਕਾਜ਼ੀ, ਕਾਦੀ; ਕਾਗ਼ਜ਼, ਕਾਗ਼ਦ। ਅਰਬੀ ਵਿਚ ਭੀ ਇਹ ਵਰਤੋਂ ਮਿਲਦੀ ਹੈ– 'ਜ਼ੁਆਦ' ਨੂੰ 'ਦੁਆਦ' ਪੜ੍ਹਨਾ।4।

ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ।5।

ਬਿਰਥਾ = {ÒXQw}, ਦੁੱਖ, ਫ਼ਰਿਆਦ। ਸਾਰਨਾ = ਗੁਜ਼ਾਰੀ ਜਾ ਸਕਦੀ ਹੈ।6।

ਕੀਆ = ਕੀਤਾ ਹੋਇਆ, ਪੈਦਾ ਕੀਤਾ ਹੋਇਆ ਜਗਤ।7।

ਅਨਿਕ ਬਾਰ ਕੋਟਿ = ਅਨੇਕਾਂ ਵਾਰੀ, ਕ੍ਰੋੜਾਂ ਵਾਰੀ। ਵੰਞੈ ਵਾਰਨਾ = ਸਦਕੇ ਜਾਂਦਾ ਹੈ। ਨਾਨਕੁ = {ਕਰਤਾ ਕਾਰਕ, ਇਕ-ਵਚਨ}। ਨਾਨਕੁ ਵੰਞੈ = ਨਾਨਕ ਜਾਂਦਾ ਹੈ।8।

ਅਰਥ: (ਹੇ ਭਾਈ! ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਤੋਂ) ਇਸ ਮਨ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬਚਾਇਆ ਜਾ ਸਕਦਾ ਹੈ।1। ਰਹਾਉ।

ਹੇ ਭਾਈ! ਇਹ ਸਾਰੇ ਜੀਵ ਜੰਤ ਜੋ ਦਿੱਸ ਰਹੇ ਹਨ, ਇਹ ਸਾਰੇ ਤੇਰੇ ਹੀ ਆਸਰੇ ਹਨ।1।

ਹੇ ਭਾਈ! ਪਰਮਾਤਮਾ ਇਸ ਰਚਨਾ ਨੂੰ ਇਕ ਖਿਨ ਵਿਚ ਪੈਦਾ ਕਰ ਕੇ ਫਿਰ ਨਾਸ ਭੀ ਕਰ ਸਕਦਾ ਹੈ। ਇਹ ਸਾਰੇ ਕਰਤਾਰ ਦੇ ਹੀ ਖੇਲ ਹਨ।2।

ਹੇ ਭਾਈ! ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਵਿਕਾਰ ਨੂੰ ਗੁਰੂ ਦੀ ਸੰਗਤਿ ਵਿਚ ਰਹਿ ਕੇ (ਆਪਣੇ ਮਨ ਵਿਚੋਂ ਚੀਰ ਫਾੜ ਕੇ) ਦੂਰ ਕਰ ਸਕੀਦਾ ਹੈ।3।

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ। (ਮਨੁੱਖ ਦੀ ਉਮਰ) ਨਿਰੋਲ ਆਤਮਕ ਆਨੰਦ ਵਿਚ ਹੀ ਬੀਤਦੀ ਹੈ।4।

ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੀ ਸਰਨ ਆਉਂਦਾ ਹੈ, ਉਹ ਮਨੁੱਖ ਇਸ ਲੋਕ ਵਿਚ ਤੇ ਪਰਲੋਕ ਵਿਚ ਭੀ (ਵਿਕਾਰਾਂ ਦੇ ਹੱ​ਥੋਂ ਆਪਣੀ ਮਨੁੱਖਾ ਜੀਵਨ ਦੀ ਬਾਜ਼ੀ) ਹਾਰਦਾ ਨਹੀਂ।5।

ਹੇ ਭਾਈ! ਇਸ ਮਨ ਦੀ ਸੁਖਾਂ ਦੀ ਮੰਗ ਅਤੇ ਦੁੱਖਾਂ ਵਲੋਂ ਪੁਕਾਰ ਤੇਰੇ ਅੱ​ਗੇ ਹੀ ਕੀਤੀ ਜਾ ਸਕਦੀ ਹੈ।6।

ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਹੀ ਦਾਤਾਂ ਦੇਣ ਵਾਲਾ ਹੈਂ, ਆਪਣੇ ਪੈਦਾ ਕੀਤੇ ਜੀਵਾਂ ਨੂੰ ਤੂੰ ਆਪ ਹੀ ਪਾਲਣ ਵਾਲਾ ਹੈਂ।7।

ਹੇ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਭਗਤਾਂ (ਦੇ ਚਰਨਾਂ) ਤੋਂ ਅਨੇਕਾਂ ਵਾਰੀ ਕ੍ਰੋੜਾਂ ਵਾਰੀ ਸਦਕੇ ਜਾਂਦਾ ਹੈ।8।5।

ਰਾਮਕਲੀ ਮਹਲਾ ੫ ਅਸਟਪਦੀ     ੴ ਸਤਿਗੁਰ ਪ੍ਰਸਾਦਿ ॥ ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥ ਮੇਰਾ ਗੁਰੁ ਪਰਮੇਸਰੁ ਸੁਖਦਾਈ ॥ ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥ ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥ ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥ {ਪੰਨਾ 915}

ਪਦ ਅਰਥ: ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਸਭਿ = ਸਾਰੇ {ਬਹੁ-ਵਚਨ}। ਨਾਸਹਿ = {ਬਹੁ-ਵਚਨ} ਨਾਸ ਹੋ ਜਾਂਦੇ ਹਨ। ਸਿਉ = ਨਾਲ। ਦੇਇ = ਦੇਂਦਾ ਹੈ। ਦੇਇ ਮਿਲਾਈ = ਮਿਲਾਇ ਦੇਇ, ਜੋੜ ਦੇਂਦਾ ਹੈ।1।

ਸੁਖਦਾਈ = ਸੁਖਾਂ ਦਾ ਦਾਤਾ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਅੰ​ਤੇ = ਅਖ਼ੀਰ ਵੇਲੇ ਭੀ। ਸਖਾਈ = ਸਾਥੀ, ਮਿੱਤਰ।1। ਰਹਾਉ।

ਸਗਲ = ਸਾਰੇ। ਭੰਨਾ = ਢਹਿ ਗਿਆ। ਸੰਤ ਧੂਰਿ = ਗੁਰੂ ਦੇ ਚਰਨਾਂ ਦੀ ਧੂੜਿ। ਮੁਖਿ = ਮੂੰਹ ਉਤੇ।2।

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਪੁਨੀਤ = ਪਵਿੱਤਰ। ਖਿਨ ਭੀਤਰਿ = ਖਿਨ ਵਿਚ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰ​ਧੇਰੁ = ਹਨੇਰਾ। ਵੰਞਾਈ = ਦੂਰ ਕਰਦਾ ਹੈ।3।

ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਦਾ ਮਾਲਕ।4।

ਅਰਥ: ਹੇ ਭਾਈ! ਮੇਰਾ ਗੁਰੂ ਪਰਮੇਸ਼ਰ (ਦਾ ਰੂਪ) ਹੈ, ਸਾਰੇ ਸੁਖ ਦੇਣ ਵਾਲਾ ਹੈ। ਹੇ ਭਾਈ! ਗੁਰੂ ਪਰਮਾਤਮਾ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ) ਅਖ਼ੀਰ ਵੇਲੇ ਭੀ (ਮਨੁੱਖ ਦਾ) ਮਿੱਤਰ ਬਣਦਾ ਹੈ।1। ਰਹਾਉ।

ਹੇ ਭਾਈ! ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਗੁਰੂ ਮਨੁੱਖ ਨੂੰ) ਪਰਮਾਤਮਾ ਨਾਲ ਜੋੜ ਦੇਂਦਾ ਹੈ।1।

ਹੇ ਭਾਈ! (ਜਿਹੜਾ ਮਨੁੱਖ) ਗੁਰੂ ਦੇ ਚਰਨਾਂ ਦੀ ਧੂੜ (ਆਪਣੇ) ਮੱ​ਥੇ ਉਤੇ ਲਾਂਦਾ ਹੈ (ਉਸ ਦੇ ਅੰਦਰੋਂ) ਸਾਰੇ ਦੁੱਖਾਂ ਦਾ ਅੱਡਾ ਹੀ ਮੁੱਕ ਜਾਂਦਾ ਹੈ।2।

ਹੇ ਭਾਈ! (ਗੁਰੂ ਨੇ) ਅਨੇਕਾਂ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦਿੱਤਾ, (ਗੁਰੂ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ।3।

ਹੇ ਨਾਨਕ! (ਆਖ– ਹੇ ਭਾਈ!) ਮਾਲਕ-ਪ੍ਰਭੂ ਸਾਰੇ ਜਗਤ ਦਾ ਮੂਲ ਹੈ ਤੇ ਸਭ ਤਾਕਤਾਂ ਦਾ ਮਾਲਕ ਹੈ (ਗੁਰੂ ਦੀ ਰਾਹੀਂ ਹੀ) ਉਸ ਦੀ ਸਰਨ ਪਿਆ ਜਾ ਸਕਦਾ ਹੈ।4।

ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥ ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥੬॥ ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥੭॥ ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥੮॥ ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥੯॥ ਪੂਰੈ ਗੁਰਿ ਪੂਰੀ ਮਤਿ ਦੀਨੀ ਹਰਿ ਬਿਨੁ ਆਨ ਨ ਭਾਈ ॥੧੦॥ ਨਾਮੁ ਨਿਧਾਨੁ ਪਾਇਆ ਵਡਭਾਗੀ ਨਾਨਕ ਨਰਕਿ ਨ ਜਾਈ ॥੧੧॥ {ਪੰਨਾ 915}

ਪਦ ਅਰਥ: ਤੋੜਿ = ਤੋੜ ਕੇ। ਚਰਨ ਕਮਲ = ਪਰਮਾਤਮਾ ਦੇ ਸੋਹਣੇ ਚਰਨ। ਦ੍ਰਿੜਾਏ = (ਹਿਰਦੇ ਵਿਚ) ਪੱ​ਕੇ ਟਿਕਾ ਦੇਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਲਿਵ = ਲਗਨ।5।

ਕੂਪ = ਖੂਹ। ਬਿਖਿਆ = ਮਾਇਆ। ਤੇ = ਤੋਂ, ਵਿਚੋਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਬਣਿ ਆਈ = ਮਨ ਗਿੱਝ ਜਾਂਦਾ ਹੈ।6।

ਸਹਸਾ = ਸਹਿਮ। ਚੂਕਾ = ਮੁੱਕ ਜਾਂਦਾ ਹੈ। ਬਾਹੁੜਿ = ਮੁੜ, ਫਿਰ। ਕਤਹੁ = ਕਿਸੇ ਹੋਰ ਪਾਸੇ। ਧਾਈ = ਦੌੜਦਾ, ਭਟਕਦਾ।7।

ਰਸਾਇਣਿ = ਰਸਾਇਣ ਵਿਚ {ਰਸ-ਅਯਨ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ} ਸਭ ਤੋਂ ਸ੍ਰੇਸ਼ਟ ਰਸ ਵਿਚ। ਰਾਤਾ = ਰੰਗਿਆ ਜਾਂਦਾ ਹੈ। ਅੰ​ਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀ = ਪੀ ਕੇ। ਤ੍ਰਿਪਤਾਈ = ਰੱਜ ਜਾਂਦਾ ਹੈ।8।

ਸੰਤ ਸੰਗਿ = ਗੁਰੂ-ਸੰਤ ਦੀ ਸੰਗਤਿ ਵਿਚ। ਮਿਲਿ = ਮਿਲ ਕੇ। ਨਿਹਚਲ ਜਾਈ = ਅਟੱਲ ਰਹਿਣ ਵਾਲੀ ਥਾਂ ਵਿਚ।9।

ਗੁਰਿ = ਗੁਰੂ ਨੇ। ਆਨ = {ANX} ਕੋਈ ਹੋਰ। ਭਾਈ = ਭਾਉਂਦਾ, ਚੰਗਾ ਲੱਗਦਾ।10।

ਨਿਧਾਨੁ = ਖ਼ਜ਼ਾਨਾ। ਵਡਭਾਗੀ = ਵੱ​ਡੇ ਭਾਗਾਂ ਨਾਲ। ਨਰਕਿ = ਨਰਕ ਵਿਚ। ਨ ਜਾਈ = ਨਹੀਂ ਜਾਂਦਾ।11।

ਅਰਥ: (ਹੇ ਭਾਈ! ਗੁਰੂ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਕੇ (ਉਸ ਦੇ ਅੰਦਰ) ਪ੍ਰਭੂ ਦੇ ਸੋਹਣੇ ਚਰਨ ਪੱਕੇ ਟਿਕਾ ਦੇਂਦਾ ਹੈ, (ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਗੁਰ-ਸ਼ਬਦ ਦੀ ਰਾਹੀਂ ਇਕ ਪ੍ਰਭੂ ਵਿਚ ਹੀ ਸੁਰਤਿ ਜੋੜੀ ਰੱਖਦਾ ਹੈ।5।

(ਹੇ ਭਾਈ! ਗੁਰੂ ਜਿਸ ਮਨੁੱਖ ਨੂੰ) ਮਾਇਆ (ਦੇ ਮੋਹ) ਦੇ ਅੰ​ਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਉਸ ਦੀ ਪ੍ਰੀਤ ਬਣ ਜਾਂਦੀ ਹੈ।6।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦਾ) ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ, ਉਹ ਫਿਰ ਹੋਰ ਕਿਤੇ (ਕਿਸੇ ਜੂਨ ਵਿਚ) ਨਹੀਂ ਭਟਕਦਾ ਫਿਰਦਾ।7।

(ਹੇ ਭਾਈ! ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦਾ) ਇਹ ਮਨ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।8।

(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ ਮਿਲ ਕੇ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਉਹ ਕਦੇ ਨਾਹ ਡੋਲਣ ਵਾਲੇ ਆਤਮਕ ਟਿਕਾਣੇ ਵਿਚ ਟਿਕ ਜਾਂਦਾ ਹੈ।9।

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਆਤਮਕ ਜੀਵਨ ਬਾਰੇ) ਪੂਰੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ (ਦੁਨੀਆਵੀ ਚੀਜ਼) ਪਿਆਰੀ ਨਹੀਂ ਲੱਗਦੀ।10।

ਹੇ ਨਾਨਕ! ਜਿਸ ਭਾਗਾਂ ਵਾਲੇ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਖ਼ਜ਼ਾਨਾ ਲੱਭ ਲਿਆ, ਉਹ (ਦੁਨੀਆ ਦੇ ਦੁੱਖਾਂ ਦੇ) ਨਰਕ ਵਿਚ ਨਹੀਂ ਪੈਂਦਾ।11।

ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥੧੨॥ ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ ॥੧੩॥ ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿ ਸਾਚੈ ਲਾਇ ਤਰਾਈ ॥੧੪॥ ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥੧੫॥ ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥੧੬॥ ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥੧੭॥ {ਪੰਨਾ 915-916}

ਪਦ ਅਰਥ: ਘਾਲ = ਤਪ ਆਦਿਕਾਂ ਦੀ ਮਿਹਨਤ। ਉਕਤਿ = ਦਲੀਲ, ਯੁਕਤੀ, ਸ਼ਾਸਤ੍ਰਾਰਥ। ਪੂਰੈ ਗੁਰੂ = ਪੂਰੇ ਗੁਰੂ ਦੀ। ਕਮਾਈ = ਬਖ਼ਸ਼ਸ਼, ਖ਼ਜ਼ਾਨਾ।12।

ਸੰਜਮ = ਇੰ​ਦਿਆਂ ਨੂੰ ਕਾਬੂ ਵਿਚ ਰੱਖਣ ਦੇ ਜਤਨ। ਸੁਚਿ = (ਸਰੀਰਕ ਆਦਿਕ ਬਾਹਰਲੀ) ਪਵਿੱਤ੍ਰਤਾ। ਸੋਈ = ਉਹ ਗੁਰੂ ਹੀ, ਗੁਰੂ ਦੀ ਸਰਨ ਰਹਿਣਾ ਹੀ। ਆਪੇ = (ਗੁਰੂ) ਆਪ ਹੀ। ਕਰਾਈ = ਕਰਦਾ ਹੈ।13।

ਕਲਤ੍ਰ = ਇਸਤ੍ਰੀ। ਬਿਖਿਆ = ਮਾਇਆ। ਗੁਰਿ = ਗੁਰੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ। ਲਾਇ = ਲਾ ਕੇ। ਤਰਾਈ = ਪਾਰ ਲੰਘਾਇਆ ਹੈ।14।

ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਤੈ = (ਹੇ ਪ੍ਰਭੂ!) ਤੂੰ। ਸਮ੍ਹਾਲੇ = ਸਾਂਭ ਕੀਤੀ ਹੋਈ ਹੈ। ਲੜਿ = ਪੱਲੇ ਨਾਲ।15।

ਸਾਚ ਧਰਮ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ-ਰੂਪ ਧਰਮ। ਬਾਂਧਿਆ = ਤਿਆਰ ਕੀਤਾ। ਭਵਜਲੁ = ਸੰਸਾਰ-ਸਮੁੰਦਰ। 16।

ਬੇਸੁਮਾਰ = ਜਿਸ ਦੇ ਗੁਣਾਂ ਦੀ ਗਿਣਤੀ ਨ ਹੋ ਸਕੇ {ਸ਼ੁਮਾਰ = ਗਿਣਤੀ}। ਜਾਈ = ਜਾਈਂ, ਮੈਂ ਜਾਂਦਾ ਹਾਂ। ਬਲਿ ਜਾਈ = ਮੈਂ ਸਦਕੇ ਜਾਂਦਾ ਹਾਂ। 17।

ਅਰਥ: ਹੇ ਭਾਈ! ਤਪ ਆਦਿਕਾਂ ਦੀ ਕਿਸੇ ਮਿਹਨਤ, ਵਿੱ​ਦਿਆ ਆਦਿਕ ਦੀ ਕਿਸੇ ਚਤੁਰਾਈ, ਕਿਸੇ ਸ਼ਾਸਤ੍ਰਾਰਥ ਦੀ ਮੈਨੂੰ ਟੇਕ-ਓਟ ਨਹੀਂ ਹੈ। ਇਹ ਤਾਂ ਪੂਰੇ ਗੁਰੂ ਦੀ ਬਖ਼ਸ਼ਸ਼ ਹੈ (ਕਿ ਉਸ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਬਖ਼ਸ਼ੀ ਹੈ) ।12।

ਹੇ ਭਾਈ! ਪੂਰੇ ਗੁਰੂ ਦੀ ਸਰਨ ਪੈਣਾ ਹੀ ਮੇਰੇ ਵਾਸਤੇ ਜਪ ਤਪ ਸੰਜਮ ਅਤੇ ਸਰੀਰਕ ਪਵਿੱਤ੍ਰਤਾ ਦਾ ਸਾਧਨ ਹੈ। (ਪੂਰਾ ਗੁਰੂ) ਆਪ ਹੀ (ਮੇਰੇ ਉਤੇ ਮਿਹਰ) ਕਰਦਾ ਹੈ (ਤੇ ਮੈਥੋਂ ਪ੍ਰਭੂ ਦੀ ਸੇਵਾ ਭਗਤੀ) ਕਰਾਂਦਾ ਹੈ।13।

(ਹੇ ਭਾਈ! ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਉਸ ਨੂੰ ਪੁੱਤਰ ਇਸਤ੍ਰੀ ਤੇ ਬਲ ਵਾਲੀ ਮਾਇਆ ਦੇ ਮੋਹ ਵਿਚੋਂ ਗੁਰੂ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਜੋੜ ਕੇ ਪਾਰ ਲੰਘਾ ਲਿਆ।14।

ਹੇ ਪ੍ਰਭੂ! (ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਹਾਂ) ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱ​ਲੇ ਲਾਂਦਾ ਹੈਂ।15।

(ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ) ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ। 16।

ਹੇ ਨਾਨਕ! (ਆਖ - ਹੇ ਭਾਈ!) ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ। 17।

TOP OF PAGE

Sri Guru Granth Darpan, by Professor Sahib Singh