ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 916 ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥ ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤਿ ਅਘਾਈ ॥੧੯॥ ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥੨੦॥ ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥ {ਪੰਨਾ 916} ਪਦ ਅਰਥ: ਅਕਾਲ = {ਅ-ਕਾਲ। ਇਸਤ੍ਰੀ ਲਿੰਗ} ਮੌਤ ਤੋਂ ਰਹਿਤ। ਮੂਰਤਿ = ਸਰੂਪ, ਹਸਤੀ। ਅਕਾਲ ਮੂਰਤਿ = ਉਹ ਪ੍ਰਭੂ ਜਿਸ ਦੀ ਹਸਤੀ ਮੌਤ-ਰਹਿਤ ਹੈ। ਸੰਭਉ = {ÔvXzBu} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਕਲਿ = ਕਲਿਜੁਗ, ਦੁਨੀਆ, ਜਗਤ। ਅੰਧਕਾਰ = ਹਨੇਰਾ। ਦੀਪਾਈ = {ਦੀਪ = ਦੀਵਾ} ਚਾਨਣ ਕਰਦਾ ਹੈ। 18। ਅੰਤਰਜਾਮੀ = ਹਰੇਕ ਦੇ ਅੰਦਰ ਦੀ ਜਾਣਨ ਵਾਲਾ। ਦੇਖਤ = ਦਰਸਨ ਕਰਦਿਆਂ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਜਾਂਦਾ ਹੈ। 19। ਏਕੰਕਾਰੁ = ਸਰਬ-ਵਿਆਪਕ ਪ੍ਰਭੂ। ਜਲਿ = ਜਲ ਵਿਚ। ਥਲਿ = ਧਰਤੀ ਵਿਚ। 20। ਕਉ = ਨੂੰ। ਨਾਨਕੁ ਜਾਚੈ = ਨਾਨਕ ਮੰਗਦਾ ਹੈ। ਮਾਈ = ਹੇ ਮਾਂ!। 21। ਅਰਥ: (ਹੇ ਭਾਈ! ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ। 18। ਹੇ ਭਾਈ! ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, (ਗੁਰੂ ਦੀ ਸਰਨ ਪੈ ਕੇ ਉਸ ਦਾ) ਦਰਸਨ ਕੀਤਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਈਦਾ ਹੈ। 19। (ਹੇ ਭਾਈ! ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ) ਸਰਬ-ਵਿਆਪਕ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ, ਕਿਸੇ ਤੋਂ ਭੀ ਨਾਹ ਡਰਨ ਵਾਲਾ ਪਰਮਾਤਮਾ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ। 20। ਹੇ ਮਾਂ! (ਗੁਰੂ ਦੀ ਰਾਹੀਂ ਹੀ ਪਰਮਾਤਮਾ ਨੇ ਆਪਣੀ) ਭਗਤੀ ਦਾ ਦਾਨ (ਆਪਣੇ) ਭਗਤਾਂ ਨੂੰ (ਸਦਾ) ਦਿੱਤਾ ਹੈ। (ਦਾਸ) ਨਾਨਕ ਭੀ (ਗੁਰੂ ਦੀ ਰਾਹੀਂ ਹੀ) ਉਸ ਪਰਮਾਤਮਾ ਪਾਸੋਂ (ਇਹ ਖ਼ੈਰ) ਮੰਗਦਾ ਹੈ। 21।1।6। ਰਾਮਕਲੀ ਮਹਲਾ ੫ ॥ ਸਲੋਕੁ ॥ ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥ ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥ ਸਤਿਗੁਰਿ ਖੇਪ ਨਿਬਾਹੀ ਸੰਤਹੁ ॥ ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥ ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥ ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥ ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥ ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥ ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥ ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥ {ਪੰਨਾ 916} ਪਦ ਅਰਥ: ਸਬਦੁ = ਗੁਰੂ ਦਾ ਸ਼ਬਦ, ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ। ਸਿਖਹੁ = ਆਦਤ ਪਕਾਓ, ਸੁਭਾਉ ਬਣਾਓ। ਪਿਆਰਿਹੋ = ਹੇ ਪਿਆਰੇ ਸਜਣੋ। ਟੇਕ = ਆਸਰਾ। ਊਜਲੁ = ਉਜਲਾ, ਬੇ-ਦਾਗ਼।1। ਰਾਤਾ = ਰੰਗਿਆ ਗਿਆ। ਬਣਿ ਆਈ = ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ।1। ਸਤਿਗੁਰਿ = ਗੁਰੂ ਨੇ। ਖੇਪ = {˜yp} ਵਪਾਰ ਦਾ ਮਾਲ, ਸੇਪ, ਆਪੋ ਵਿਚ ਕੀਤਾ ਹੋਇਆ ਇਕਰਾਰ, ਸਾਂਝ। ਨਿਬਾਹੀ = ਨਿਬਾਹ ਦਿੱਤੀ, ਤੋੜ ਸਿਰੇ ਚਾੜ੍ਹ ਦਿੱਤੀ। ਸੰਤਹੁ = ਸੰਤ ਜਨੋ! ਲਾਹਾ = ਲਾਭ, ਖੱਟੀ। ਕਉ = ਨੂੰ। ਸਗਲੀ = ਸਾਰੀ। ਉਲਾਹੀ = ਲਾਹ ਦਿੱਤੀ, ਦੂਰ ਕਰ ਦਿੱਤੀ।1। ਰਹਾਉ। ਖੋਜਤ ਖੋਜਤ = ਖੋਜ ਕਰਦਿਆਂ ਕਰਦਿਆਂ। ਲਾਲੁ = ਬੜਾ ਹੀ ਕੀਮਤੀ ਪਦਾਰਥ।2। ਸਿਉ = ਨਾਲ। ਚਰਨ ਕਮਲ ਸਿਉ = ਸੋਹਣੇ ਚਰਨਾਂ ਨਾਲ। ਸਾਚੈ ਦਰਸਿ = ਸਦਾ-ਥਿਰ ਪ੍ਰਭੂ ਦੇ ਦਰਸਨ ਵਿਚ। ਸਮਾਈ = ਲੀਨ ਹੋ ਗਈ।3। ਨਿਹਾਲਾ = ਪ੍ਰਸੰਨ-ਚਿੱਤ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਗਏ।4। ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਕਤ = ਕਿੱਥੇ?।5। ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਹੋਸੀ = ਸਦਾ ਲਈ ਕਾਇਮ ਰਹੇਗਾ।6। ਨਹੀ ਪਾਈਐ = ਨਹੀਂ ਪਾਇਆ ਜਾ ਸਕਦਾ। ਪੂਰਿ ਰਹਿਆ = ਵਿਆਪਕ ਹੈ, ਮੌਜੂਦ ਹੈ।7। ਮੀਤ = ਮਿੱਤਰ। ਮਾਲੁ = ਧਨ-ਪਦਾਰਥ। ਜੋਬਨੁ = ਜਵਾਨੀ। ਸੁਤ = ਪੁੱਤਰ। ਮਾਈ = ਮਾਂ।8। ਅਰਥ: ਹੇ ਪਿਆਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤਿ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ। ਹੇ ਨਾਨਕ! (ਆਖ– ਹੇ ਮਿੱਤਰੋ!) ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹਿੰਦਾ ਹੈ।1। ਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ।1। ਹੇ ਸੰਤ ਜਨੋ! ਜਿਸ ਮਨੁੱਖ ਦੀ ਪ੍ਰਭੂ ਨਾਲ ਸਾਂਝ ਗੁਰੂ ਨੇ ਸਿਰੇ ਚਾੜ੍ਹ ਦਿੱਤੀ, ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ, ਤੇ, ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ।1। ਰਹਾਉ। ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਖੋਜਣ ਵਾਲੇ ਨੇ) ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ। ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ।2। ਹੇ ਸੰਤ ਜਨੋ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ) ਸੁਰਤਿ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ, ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਉਸ ਦੀ ਸਦਾ ਲਈ ਲੀਨਤਾ ਹੋ ਗਈ।3। ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ।4। ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ) ਸਰਬ-ਵਿਆਪਕ ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।5। ਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ।6। ਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ।7। ਹੇ ਨਾਨਕ! (ਆਖ-) ਹੇ ਸੰਤ ਜਨੋ! ਉਹ ਪਰਮਾਤਮਾ ਹੀ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਧਨ-ਮਾਲ ਹੈ, ਮੇਰਾ ਜੋਬਨ ਹੈ, ਮੇਰਾ ਪੁੱਤਰ ਹੈ, ਮੇਰਾ ਪਿਉ ਹੈ, ਮੇਰੀ ਮਾਂ ਹੈ (ਇਹਨੀਂ ਸਭਨੀਂ ਥਾਈਂ ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ) ।8।2।7। ਰਾਮਕਲੀ ਮਹਲਾ ੫ ॥ ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥ ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ ਰਹਾਉ ॥ ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥੧॥ ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥ ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥੩॥ ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥੪॥ ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਹ੍ਹਾਰੀ ॥੫॥ ਤੁਮ੍ਹ੍ਹ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥੬॥ ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥੭॥ ਨਾਮ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥ {ਪੰਨਾ 916} ਪਦ ਅਰਥ: ਮਨ ਬਚ ਕ੍ਰਮਿ = ਮਨ ਦੀ ਰਾਹੀਂ, ਬੋਲ ਦੀ ਰਾਹੀਂ ਅਤੇ ਕੰਮ ਦੀ ਰਾਹੀਂ। ਚਿਤਾਰੀ = ਚਿਤਾਰਿ, ਚੇਤੇ ਕਰਦਾ ਰਹੁ। ਘੂਮਨਘੇਰਿ = (ਵਿਕਾਰਾਂ ਦੀਆਂ ਲਹਿਰਾਂ ਦਾ) ਚੱਕਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਰਿ ਉਤਾਰੀ = ਪਾਰਿ ਉਤਾਰਿ, (ਆਪਣੀ ਜੀਵਨ-ਬੇੜੀ ਨੂੰ) ਪਾਰ ਲੰਘਾ।1। ਰਹਾਉ। ਅੰਤਰਿ = ਹਿਰਦੇ ਵਿਚ। ਸੂਖਾ = ਸੁਖ। ਬਾਹਰਿ = ਦੁਨੀਆ ਦਾ ਕਾਰ-ਵਿਹਾਰ ਕਰਦਿਆਂ। ਜਪਿ = ਜਪ ਕੇ। ਮਲਨ ਮਏ = ਮਲੇ ਜਾਂਦੇ ਹਨ {ਲਫ਼ਜ਼ 'ਮਲਨ' ਅਤੇ 'ਮਲਿਨ' ਦਾ ਫ਼ਰਕ ਚੇਤੇ ਰੱਖੋ। ਮਲਿਨ = ਮਲੀਨ}। ਦੁਸਟਾਰੀ = {ਦੁਸਟ-ਅਰੀ} ਭੈੜੇ (ਕਾਮਾਦਿਕ) ਵੈਰੀ।1। ਜਿਸ ਤੇ = ਜਿਸ (ਪਰਮਾਤਮਾ) ਤੋਂ {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਲਾਗੇ = ਚੰਬੜੇ। ਤਿਨਹਿ = {ਤਿਨਿ ਹੀ} ਉਸ (ਪ੍ਰਭੂ) ਨੇ ਹੀ। ਧਾਰੀ = ਧਾਰਿ, ਧਾਰ ਕੇ, ਕਰ ਕੇ।2। ਉਧਰੇ = (ਘੁੰਮਣ-ਘੇਰੀ ਵਿਚੋਂ) ਬਚ ਗਏ। ਪਰੇ = ਪੜੇ, ਪਏ। ਪਚਿ = ਸੜ ਕੇ।3। ਸਾਧੂ = ਗੁਰੂ। ਅਧਾਰੀ = ਆਸਰਾ।4। ਸੂਰੁ = ਸੂਰਮਾ। ਹੀਣਾ = ਕਮਜ਼ੋਰ, ਲਿੱਸਾ। ਸਭ = ਹਰ ਥਾਂ।5। ਸਮਰਥ = ਸਭ ਤਾਕਤਾਂ ਦਾ ਮਾਲਕ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਅਗੋਚਰ = {ਅ-ਗੋ-ਚਰ, ਗੋ = ਗਿਆਨ-ਇੰਦ੍ਰੇ। ਚਰ = ਪਹੁੰਚ}। ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਰਵਿਆ = ਵਿਆਪਕ। ਮੁਰਾਰੀ = {ਮੁਰ-ਅਰਿ} ਪਰਮਾਤਮਾ।6। ਕਰਤੇ = ਹੇ ਕਰਤਾਰ! ਪਾਰਾਵਾਰੀ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।7। ਰੇਣਾਰੀ = ਚਰਨ-ਧੂੜ।8। ਅਰਥ: ਹੇ ਭਾਈ! ਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਰੱਖਿਆ ਕਰ। ਹੇ ਨਾਨਕ! (ਆਖ– ਹੇ ਭਾਈ! ਜਗਤ ਵਿਚ ਵਿਕਾਰਾਂ ਦੀਆਂ ਲਹਿਰਾਂ ਦੀ) ਬੜੀ ਭਿਆਨਕ ਘੁੰਮਣ-ਘੇਰੀ ਹੈ। ਗੁਰੂ ਦੀ ਸਰਨ ਪੈ ਕੇ (ਇਸ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ) ਪਾਰ ਲੰਘਾ।1। ਹੇ ਭਾਈ! ਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, (ਤਦੋਂ) ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ।1। ਹੇ ਭਾਈ! ਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ।2। ਹੇ ਭਾਈ! ਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ।3। ਹੇ ਭਾਈ! (ਸੰਤ ਜਨਾਂ ਨੇ) ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ।4। ਪਰ, ਹੇ ਪ੍ਰਭੂ! (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ।5। ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ।6। ਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।7। ਹੇ ਨਾਨਕ! (ਆਖ– ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤਿ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।8।3।8। 22।
ਅਸਟਪਦੀਆਂ ਮਹਲਾ 1. . . . 9 |
Sri Guru Granth Darpan, by Professor Sahib Singh |