ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 917 ਰਾਮਕਲੀ ਮਹਲਾ ੩ ਅਨੰਦੁ {ਪੰਨਾ 917} ਪਉੜੀ-ਵਾਰ ਭਾਵ: 1. ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਆਤਮਕ ਆਨੰਦ (ਪੂਰਨ ਖਿੜਾਉ) ਪੈਦਾ ਹੋ ਜਾਂਦਾ ਹੈ। 2. ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸੰਵਾਰਦਾ ਹੈ। ਉਹ ਮਨੁੱਖ ਸਾਰੇ ਕੰਮ ਕਰਨ-ਜੋਗਾ ਹੈ। 3. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ। 4. ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਪਰਮਾਤਮਾ ਦਾ ਨਾਮ ਜਿਸ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। 5. ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। 6. ਜੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਪਿਆਰ ਨਾਹ ਬਣੇ, ਤਾਂ ਇਹ ਸਦਾ ਮਾਇਆ ਦੇ ਪ੍ਰਭਾਵ ਵਿਚ ਦੁਖੀ ਜਿਹਾ ਹੀ ਰਹਿੰਦਾ ਹੈ। ਮਨੁੱਖ ਦੇ ਸਾਰੇ ਗਿਆਨ-ਇੰਦ੍ਰੇ ਮਾਇਆ ਦੀ ਦੌੜ-ਭੱਜ ਵਿਚ ਲੱਗੇ ਰਹਿੰਦੇ ਹਨ। ਪਰਮਾਤਮਾ ਆਪ ਕਿਰਪਾ ਕਰੇ, ਤਾਂ ਗੁਰੂ ਦੇ ਸ਼ਬਦ ਵਿਚ ਲੱਗ ਕੇ ਇਹ ਸੁਧਰ ਜਾਂਦਾ ਹੈ। 7. ਜਿਸ ਮਨੁੱਖ ਨੂੰ ਅਸਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਦਾ ਜੀਵਨ ਇਤਨਾ ਪਿਆਰ ਵਾਲਾ ਬਣ ਜਾਂਦਾ ਹੈ ਕਿ ਉਹ ਸਦਾ ਮਿੱਠ-ਬੋਲਾ ਰਹਿੰਦਾ ਹੈ। ਇਹ ਆਤਮਕ ਆਨੰਦ ਗੁਰੂ ਤੋਂ ਹੀ ਮਿਲਦਾ ਹੈ। ਗੁਰੂ ਉਸ ਮਨੁੱਖ ਦੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ, ਤੇ, ਉਸ ਨੂੰ ਆਤਮਕ ਆਨੰਦ ਦੀ ਸਮਝ ਬਖ਼ਸ਼ਦਾ ਹੈ। 8. ਆਪਣੇ ਉੱਦਮ ਨਾਲ ਕੋਈ ਪ੍ਰਾਣੀ ਆਤਮਕ ਆਨੰਦ ਨਹੀਂ ਮਾਣ ਸਕਦਾ, ਕਿਉਂਕਿ ਮਾਇਆ ਦੇ ਟਾਕਰੇ ਤੇ ਕਿਸੇ ਦੀ ਪੇਸ਼ ਨਹੀਂ ਜਾ ਸਕਦੀ। ਜਿਨ੍ਹਾਂ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹਨਾਂ ਨੂੰ ਗੁਰੂ ਮਿਲਾਂਦਾ ਹੈ। ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਵਿਕਾਰਾਂ ਵਲੋਂ ਬਚਦੇ ਹਨ, ਤੇ, ਹਰਿ-ਨਾਮ ਵਿਚ ਜੁੜਦੇ ਹਨ। ਉਹਨਾਂ ਦੇ ਅੰਦਰ ਸਦਾ ਸ਼ਾਂਤੀ ਤੇ ਠੰਢ ਹੀ ਬਣੀ ਰਹਿੰਦੀ ਹੈ। 9. ਆਤਮਕ ਆਨੰਦ ਦੇ ਦਾਤੇ ਪਰਮਾਤਮਾ ਦੇ ਮਿਲਾਪ ਦਾ ਇਕੋ ਇਕ ਰਸਤਾ ਹੈ, ਉਹ ਇਹ ਹੈ ਕਿ ਮਨੁੱਖ ਆਪਣਾ-ਆਪ ਗੁਰੂ ਦੇ ਹਵਾਲੇ ਕਰ ਦੇਵੇ। ਬੱਸ! ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰੇ, ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੇ। ਅੰਦਰ ਆਨੰਦ ਹੀ ਆਨੰਦ ਬਣਿਆ ਰਹੇਗਾ। 10. ਜੇ ਮਨੁੱਖ ਅੰਦਰੋਂ ਮਾਇਆ ਦੇ ਮੋਹ ਵਿਚ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਚਤੁਰਾਈ ਦੀਆਂ ਗੱਲਾਂ ਨਾਲ ਆਤਮਕ ਆਨੰਦ ਦੀ ਪ੍ਰਾਪਤੀ ਚਾਹੇ, ਇਹ ਨਹੀਂ ਹੋ ਸਕਦਾ। 11. ਸਦਾ ਦੇ ਆਨੰਦ ਦੀ ਪ੍ਰਾਪਤੀ ਦਾ ਇਕੋ ਇਕ ਤਰੀਕਾ ਹੈ ਕਿ ਮਨੁੱਖ ਦੁਨੀਆ ਵਾਲੇ ਮੋਹ ਵਿਚ ਫਸੇ ਰਹਿਣ ਦੇ ਥਾਂ ਆਪਣੇ ਮਨ ਵਿਚ ਪਰਮਾਤਮਾ ਦੀ ਯਾਦ ਵਸਾਈ ਰੱਖੇ। ਬੱਸ! ਇਹੀ ਹੈ ਗੁਰੂ ਦੀ ਸਿੱਖਿਆ ਜੋ ਕਦੇ ਨਹੀਂ ਭੁਲਾਣੀ ਨਹੀਂ ਚਾਹੀਦੀ। 12. ਆਤਮਕ ਆਨੰਦ ਦੀ ਪ੍ਰਾਪਤੀ ਵਾਸਤੇ ਸਦਾ ਪ੍ਰਭੂ ਦੇ ਦਰ ਤੇ ਇਉਂ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ– ਹੇ ਪ੍ਰਭੂ! ਤੂੰ ਬੇਅੰਤ ਹੈਂ, ਹਰੇਕ ਜੀਵ ਦੇ ਅੰਦਰ ਤੂੰ ਹੀ ਬੋਲ ਰਿਹਾ ਹੈਂ, ਹਰੇਕ ਜੀਵ ਦੀ ਤੂੰ ਹੀ ਸੰਭਾਲ ਕਰ ਰਿਹਾ ਹੈਂ। 13. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਪਾਸੋਂ ਉਸ ਨੂੰ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਮਿਲਦਾ ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਉਸ ਦੇ ਅੰਦਰੋਂ ਲੱਬ ਲੋਭ ਅਹੰਕਾਰ ਆਦਿਕ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। 14. ਆਤਮਕ ਆਨੰਦ ਮਾਣਨ ਵਾਲਿਆਂ ਦੀ ਜੀਵਨ-ਜੁਗਤੀ ਦੁਨੀਆ ਦੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ। ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਉਹ ਆਪਣੀ ਸੋਭਾ ਨਹੀਂ ਲੋੜਦੇ। ਪਰ ਇਸ ਰਸਤੇ ਤੁਰਨਾ ਬਹੁਤ ਹੀ ਔਖਾ ਹੈ। ਗੁਰੂ ਦੀ ਹੀ ਮਿਹਰ ਹੋਵੇ ਤਾਂ ਆਪਾ-ਭਾਵ ਮੁਕਾਇਆ ਜਾ ਸਕਦਾ ਹੈ। 15. ਆਤਮਕ ਆਨੰਦ ਦੀ ਦਾਤਿ ਨਿਰੋਲ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਜਿਸ ਮਨੁੱਖ ਨੂੰ ਮਿਹਰ ਕਰ ਕੇ ਪਰਮਾਤਮਾ ਆਪਣਾ ਨਾਮ ਸਿਮਰਨ ਵਲ ਪ੍ਰੇਰਦਾ ਹੈ, ਉਹ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਸਿਮਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ। 16. ਸਤਿਗੁਰੂ ਦੀ ਬਾਣੀ ਹੀ ਆਤਮਕ ਆਨੰਦ ਪ੍ਰਾਪਤ ਕਰਨ ਦਾ ਵਸੀਲਾ ਹੈ। ਪਰ ਗੁਰਬਾਣੀ ਉਹਨਾਂ ਦੇ ਹੀ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਲੇਖ ਲਿਖਿਆ ਹੁੰਦਾ ਹੈ। 17. ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ਜਿਸ ਦੀ ਬਰਕਤਿ ਨਾਲ ਮਾਇਆ ਵਾਲੇ ਹੋਛੇ ਰਸ ਉਹਨਾਂ ਨੂੰ ਖਿੱਚ ਨਹੀਂ ਪਾ ਸਕਦੇ। ਉਹਨਾਂ ਦਾ ਜੀਵਨ ਉੱਚਾ ਹੋ ਜਾਂਦਾ ਹੈ, ਤੇ, ਉਹਨਾਂ ਦੀ ਲਾਗ ਨਾਲ ਹੋਰਨਾਂ ਦਾ ਆਚਰਨ ਭੀ ਪਵਿੱਤਰ ਹੋ ਜਾਂਦਾ ਹੈ। 18. ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ। ਇਸ ਤੌਖ਼ਲੇ-ਸਹਿਮ ਦਾ ਇਲਾਜ ਹੈ ਆਤਮਕ ਆਨੰਦ ਤੇ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਸੋ, ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜੀ ਰੱਖੋ ਤੇ, ਪਰਮਾਤਮਾ ਦੀ ਯਾਦ ਵਿਚ ਸਦਾ ਜੁੜੇ ਰਹੋ। 19. ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਨਾਲ ਮਨ ਦੀ ਵਿਕਾਰਾਂ ਦੀ ਮੈਲ ਟਿਕੀ ਰਹਿੰਦੀ ਹੈ, ਮਨ ਨੂੰ ਮਾਇਆ ਦੇ ਮੋਹ ਦਾ ਰੋਗ ਚੰਬੜਿਆ ਰਹਿੰਦਾ ਹੈ। ਜਿਥੇ ਰੋਗ ਹੈ ਉਥੇ ਆਨੰਦ ਕਿੱਥੇ? ਸੋ, ਸਦਾ ਹਰਿ-ਨਾਮ ਸਿਮਰਦੇ ਰਹੋ। ਇਹੀ ਹੈ ਮਨ ਦੀ ਅਰੋਗਤਾ ਦਾ ਵਸੀਲਾ, ਤੇ, ਆਤਮਕ ਆਨੰਦ ਦੇਣ ਵਾਲਾ। 20. ਮਨੁੱਖ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਉਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਮਾਇਆ ਦਾ ਮੋਹ ਉਸ ਦੇ ਨੇੜੇ ਨਹੀਂ ਢੁੱਕਦਾ। ਉਸ ਦਾ ਮਨ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਬਾਹਰ ਦੁਨੀਆ ਨਾਲ ਭੀ ਉਸ ਦਾ ਵਰਤਾਰਾ ਸੁਚੱਜਾ ਹੁੰਦਾ ਹੈ। ਉਸ ਦੀ ਜ਼ਿੰਦਗੀ ਕਾਮਯਾਬ ਸਮਝੋ। 21. ਉਹ ਮਨੁੱਖ ਖਿੜੇ-ਮੱਥੇ ਰਹਿ ਸਕਦਾ ਹੈ, ਉਹੀ ਮਨੁੱਖ ਸਦਾ ਆਤਮਕ ਆਨੰਦ ਮਾਣ ਸਕਦਾ ਹੈ, ਜਿਹੜਾ ਮਨੁੱਖ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਜਿਹੜਾ ਆਪਾ-ਭਾਵ ਛੱਡ ਕੇ ਗੁਰੂ ਨੂੰ ਹੀ ਆਪਣਾ ਆਸਰਾ ਬਣਾਈ ਰੱਖਦਾ ਹੈ। 22. ਮਾਇਆ ਦਾ ਮੋਹ ਅਤੇ ਆਤਮਕ ਆਨੰਦ = ਇਹ ਦੋਵੇਂ ਇਕੋ ਹਿਰਦੇ ਵਿਚ ਇਕੱਠੇ ਨਹੀਂ ਟਿਕ ਸਕਦੇ। ਤੇ ਮਾਇਆ ਮੋਹ ਤੋਂ ਖ਼ਲਾਸੀ ਤਦੋਂ ਹੀ ਮਿਲਦੀ ਹੈ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦੱਸਦਾ ਹੈ। 23. ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰਬਾਣੀ ਦੀ ਰਾਹੀਂ ਉਹ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ। 24. ਮਾਇਕ ਰਸਾਂ ਵਾਲੀ ਕਵਿਤਾ, ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ, ਮਨ ਨੂੰ ਮਾਇਕ ਸੁਆਦਾਂ ਵਾਲੀ ਖਿਚ ਪਾਣ ਵਾਲੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਅਜੇਹੀ ਬਾਣੀ ਨਿੱਤ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜ਼ੋਰ ਹੋ ਜਾਂਦੇ ਹਨ। ਅਜੇਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਆਨੰਦ ਦਾ ਸੁਆਦ ਨਹੀਂ ਬਣ ਸਕਦਾ। ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ। 25. ਸਤਿਗੁਰੂ ਦੀ ਬਾਣੀ ਪਰਮਾਤਮਾ ਵਲੋਂ ਇਕ ਅਮੋਲਕ ਦਾਤਿ ਹੈ, ਇਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭਰੀ ਪਈ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਆਪਣਾ ਮਨ ਜੋੜਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ, ਤੇ, ਜਿਥੇ ਪ੍ਰਭੂ-ਪ੍ਰੇਮ ਹੈ ਉਥੇ ਹੀ ਆਤਮਕ ਆਨੰਦ ਹੈ। 26. ਪਰਮਾਤਮਾ ਦੀ ਰਜ਼ਾ ਅਨੁਸਾਰ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ। ਜਿਸ ਕਿਸੇ ਨੂੰ ਗੁਰੂ ਦੇ ਦੱਸੇ ਰਾਹ ਉਤੇ ਤੁਰਨ-ਜੋਗਾ ਬਣਾਂਦਾ ਹੈ, ਉਹ ਮਨੁੱਖ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। 27. ਕਰਮ-ਕਾਂਡ ਅਨੁਸਾਰ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ– ਸਿਰਫ਼ ਇਹ ਵਿਚਾਰ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਨਹੀਂ ਕਰ ਸਕਦੀ। ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ, ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ ਤੇ, ਆਤਮਕ ਆਨੰਦ ਮਾਣਦਾ ਹੈ। 28. ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਮਨੁੱਖ ਉਤੇ ਕੋਈ ਭੀ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ। ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸਦਾ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਵਿਚ ਟਿਕਾਈ ਰੱਖਣੀ ਚਾਹੀਦੀ ਹੈ। ਆਤਮਕ ਅਨੰਦ ਦੀ ਪ੍ਰਾਪਤੀ ਦਾ ਇਹੀ ਹੈ ਵਸੀਲਾ। 29. ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੀ ਸੁਰਤਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਵੀ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਜਗਤ ਦਾ ਹਾਲ ਤਾਂ ਇਹ ਹੈ ਕਿ ਜੀਵ ਨੂੰ ਜੰਮਦੇ ਨੂੰ ਹੀ ਮਾਂ ਪਿਉ ਆਦਿਕ ਦੇ ਪਿਆਰ ਦੀ ਰਾਹੀਂ ਮਾਇਆ ਪ੍ਰਭੂ-ਚਰਨਾਂ ਨਾਲੋਂ ਵਿਛੋੜ ਲੈਂਦੀ ਹੈ। 30. ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਤੇ, ਜਿਸ ਹਿਰਦੇ ਵਿਚ ਪ੍ਰਭੂ ਨਾਲ ਪਿਆਰ ਨਹੀਂ, ਉਥੇ ਆਤਮਕ ਆਨੰਦ ਕਿੱਥੇ? ਹਾਂ, ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਲੜ ਲਾ ਦੇਂਦਾ ਹੈ, ਉਸ ਦੇ ਭਾਗ ਜਾਗ ਪੈਂਦੇ ਹਨ। 31. ਗੁਰੂ ਪਾਸੋਂ ਇਹ ਸਮਝ ਆਉਂਦੀ ਹੈ ਕਿ ਆਤਮਕ ਆਨੰਦ ਦੀ ਖੱਟੀ ਖੱਟਣ ਵਾਸਤੇ ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਸਰਮਾਇਆ ਬਣਨਾ ਚਾਹੀਦਾ ਹੈ। ਇਹ ਸਰਮਾਇਆ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਉਤੇ ਪ੍ਰਭੂ ਆਪ ਮਿਹਰ ਕਰੇ। 32. ਕਈ ਤਰ੍ਹਾਂ ਦੇ ਖਾਣੇ ਖਾਣ ਨਾਲ ਭੀ ਮਨੁੱਖ ਦਾ ਜੀਭ ਦਾ ਚਸਕਾ ਮੁੱਕਦਾ ਨਹੀਂ। ਬੜਾ ਖ਼ੁਆਰ ਹੁੰਦਾ ਹੈ ਮਨੁੱਖ ਇਸ ਚਸਕੇ ਵਿਚ। ਪਰ ਜਦੋਂ ਇਸ ਨੂੰ ਹਰਿ-ਨਾਮ ਸਿਮਰਨ ਦਾ ਅਨੰਦ ਆਉਣ ਲੱਗ ਪੈਂਦਾ ਹੈ, ਜੀਭ ਦਾ ਚਸਕਾ ਖ਼ਤਮ ਹੋ ਜਾਂਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਏ, ਉਸ ਨੂੰ ਹਰਿ-ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ। 33. ਸੁਖ-ਆਨੰਦ ਦਾ ਦਾਤਾ ਹੈ ਭੀ ਪਰਮਾਤਮਾ ਆਪ; ਪਰ ਮਨੁੱਖ ਜਗਤ ਵਿਚ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਰਹਿੰਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਮਝ ਪੈਂਦੀ ਹੈ ਕਿ ਇਹ ਜਗਤ ਤਾਂ ਮਦਾਰੀ ਦਾ ਤਮਾਸ਼ਾ ਹੀ ਹੈ, ਇਸ ਵਿਚੋਂ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਨਹੀਂ ਮਿਲ ਸਕਦਾ। 34. ਮਨੁੱਖ ਦੇ ਅੰਦਰ ਆਤਮਕ ਆਨੰਦ ਤਦੋਂ ਹੀ ਬਣਦਾ ਹੈ, ਜਦੋਂ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੁੰਦਾ ਹੈ। ਤਦੋਂ ਮਨੁੱਖ ਦਾ ਹਿਰਦਾ ਵਿਕਾਰਾਂ ਤੋਂ ਪਵਿੱਤਰ ਹੋ ਜਾਂਦਾ ਹੈ, ਕੋਈ ਚਿੰਤਾ ਕੋਈ ਦੁੱਖ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰ ਇਹ ਪਰਕਾਸ਼ ਗੁਰੂ ਦੀ ਰਾਹੀਂ ਹੀ ਹੁੰਦਾ ਹੈ। 35. ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮਨੁੱਖ ਮੁੜ ਮੁੜ ਉਹੋ ਜਿਹੇ ਕਰਮ ਹੀ ਕਰਦਾ ਰਹਿੰਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਵਾਲੇ ਪਾਸੇ ਆਪਣੇ ਆਪ ਪਰਤ ਨਹੀਂ ਸਕਦਾ। ਫਿਰ ਆਤਮਕ ਆਨੰਦ ਕਿਥੋਂ ਮਿਲੇ? ਚੰਗੇ ਭਾਗਾਂ ਨਾਲ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਦੀ ਜ਼ਿੰਦਗੀ ਕਾਮਯਾਬ ਹੁੰਦੀ ਹੈ। 36. ਜਿਤਨਾ ਚਿਰ ਮਨੁੱਖ ਜਗਤ ਵਿਚ ਕਿਸੇ ਨੂੰ ਵੈਰ ਭਾਵ ਨਾਲ ਵੇਖਦਾ ਹੈ ਕਿਸੇ ਨੂੰ ਮਿਤ੍ਰਤਾ ਦੇ ਭਾਵ ਨਾਲ, ਉਤਨਾ ਚਿਰ ਇਸ ਦੇ ਅੰਦਰ ਮੇਰ-ਤੇਰ ਹੈ। ਜਿਥੇ ਮੇਰ-ਤੇਰ ਹੈ, ਉਥੇ ਆਤਮਕ ਆਨੰਦ ਨਹੀਂ ਹੋ ਸਕਦਾ। ਗੁਰੂ ਨੂੰ ਮਿਲ ਕੇ ਮਨੁੱਖ ਦੀਆਂ ਅੱਖਾਂ ਖੁਲ੍ਹਦੀਆਂ ਹਨ, ਫਿਰ ਇਸ ਨੂੰ ਹਰ ਥਾਂ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ। ਇਹੀ ਦੀਦਾਰ ਹੈ ਆਨੰਦ ਦਾ ਮੂਲ। 37. ਜਿਸ ਮਨੁੱਖ ਦੇ ਕੰਨਾਂ ਨੂੰ ਅਜੇ ਨਿੰਦਾ-ਚੁਗ਼ਲੀ ਸੁਣਨ ਦਾ ਚਸਕਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਪੈਦਾ ਨਹੀਂ ਹੋਇਆ। ਆਤਮਕ ਆਨੰਦ ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੈ, ਜਿਸ ਦੇ ਕੰਨ ਜਿਸਦੀ ਜੀਭ ਜਿਸ ਦੇ ਸਾਰੇ ਗਿਆਨ-ਇੰਦ੍ਰੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਮਗਨ ਰਹਿੰਦੇ ਹਨ। ਉਹੀ ਗਿਆਨ-ਇੰਦ੍ਰੇ ਪਵਿੱਤਰ ਹਨ। 38. ਮਾਇਆ ਦੇ ਪ੍ਰਭਾਵ ਦੇ ਕਾਰਨ ਗਿਆਨ-ਇੰਦ੍ਰੇ ਮਨੁੱਖ ਨੂੰ ਮਾਇਕ ਪਦਾਰਥਾਂ ਵਲ ਹੀ ਭਜਾਈ ਫਿਰਦੇ ਹਨ। ਇਹ ਰਸਤਾ ਚੰਗਾ ਹੈ ਜਾਂ ਮੰਦਾ = ਇਹ ਵਿਚਾਰ ਕਰਨ ਵਾਲੀ ਸੱਤਿਆ ਨੱਪੀ ਹੀ ਰਹਿੰਦੀ ਹੈ। ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਦਰ ਤੇ ਅਪੜਾਂਦਾ ਹੈ, ਉਸ ਦੀ ਵਿਚਾਰ-ਸੱਤਿਆ ਜਾਗ ਪੈਂਦੀ ਹੈ। ਉਹ ਮਨੁੱਖ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ। 39. ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਗੁਰੂ ਦੇ ਦੱਸੇ ਰਸਤੇ ਤੁਰ ਕੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ। 40. ਆਤਮਕ ਆਨੰਦ ਦੇ ਲੱਛਣ: ਜਿਸ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ, ਕੋਈ ਦੁੱਖ ਕੋਈ ਵਿਕਾਰ ਕੋਈ ਕਲੇਸ਼ ਉਸ ਉਤੇ ਜ਼ੋਰ ਨਹੀਂ ਪਾ ਸਕਦਾ। ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਣ ਵਾਲਿਆਂ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਪ੍ਰਤੱਖ ਦਿੱਸਦਾ ਹੈ। ਸਮੁੱਚਾ ਭਾਵ: (1 ਤੋਂ 6) ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਸ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਕਾਮਾਦਿਕ ਪੰਜੇ ਵੈਰੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਪਰ ਪ੍ਰਭੂ-ਚਰਨਾਂ ਤੋਂ ਵਿੱਛੁੜਿਆ ਹੋਇਆ ਮਨੁੱਖ ਦੁਖੀ ਹੀ ਰਹਿੰਦਾ ਹੈ, ਉਸ ਦੇ ਸਾਰੇ ਗਿਆਨ-ਇੰਦ੍ਰੇ ਮਾਇਆ ਦੀ ਦੌੜ-ਭੱਜ ਵਿਚ ਹੀ ਲੱਗੇ ਰਹਿੰਦੇ ਹਨ। (7 ਤੋਂ 15) ਆਤਮਕ ਆਨੰਦ ਗੁਰੂ ਤੋਂ ਹੀ ਮਿਲਦਾ ਹੈ। ਆਪਣੇ ਉੱਦਮ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਮਾਇਆ ਦੇ ਟਾਕਰੇ ਤੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਇਕੋ ਹੀ ਰਸਤਾ ਹੈ ਕਿ ਮਨੁੱਖ ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਵੇ। ਨਿਰੀਆਂ ਚਤੁਰਾਈ ਦੀਆਂ ਗੱਲਾਂ ਮਦਦ ਨਹੀਂ ਕਰਦੀਆਂ। ਗੁਰੂ ਦੀ ਇਹ ਸਿੱਖਿਆ ਸਦਾ ਚੇਤੇ ਰੱਖੋ ਕਿ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹੇ। ਪ੍ਰਭੂ-ਦਰ ਤੇ ਸਦਾ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ। ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਦਾ ਜੀਵਨ ਸੁੱਚਾ ਹੋ ਜਾਂਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। (16 ਤੋਂ 25) ਬਾਣੀ ਹੀ ਗੁਰੂ ਹੈ। ਜੀਵਨ-ਸਫ਼ਰ ਵਿਚ ਬਾਣੀ ਦੇ ਦੱਸੇ ਹੋਏ ਰਸਤੇ ਉਤੇ ਤੁਰੋ = ਇਹੀ ਹੈ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਨਾ। ਇਸ ਤਰ੍ਹਾਂ ਮਾਇਆ ਵਾਲੇ ਹੋਛੇ ਰਸ ਖਿੱਚ ਨਹੀਂ ਪਾ ਸਕਣਗੇ। ਬਾਹਰੋਂ ਧਾਰਮਿਕ ਦਿੱਸਦੇ ਕਰਮ ਕੀਤਿਆਂ ਮਨ ਵਿਕਾਰਾਂ ਦੇ ਟਾਕਰੇ ਤੇ ਅਡੋਲ ਨਹੀਂ ਹੋ ਸਕਦਾ। ਇਸ ਰਾਹੇ ਪਿਆਂ ਜੀਵਨ ਬਾਜ਼ੀ ਹਾਰ ਜਾਈਦੀ ਹੈ। ਆਪਣੀ ਸਿਆਣਪ ਛੱਡ ਕੇ ਬਾਣੀ ਦੀ ਅਗਵਾਈ ਵਿਚ ਜੀਵਨ-ਤੋਰ ਤੁਰਦੇ ਰਹੋ। ਮਾਇਆ ਦਾ ਮੋਹ ਅਤੇ ਆਤਮਕ ਆਨੰਦ = ਇਹ ਦੋਵੇਂ ਇਕੋ ਥਾਂ ਇਕੱਠੇ ਨਹੀਂ ਰਹਿ ਸਕਦੇ। ਸਾਧ ਸੰਗਤਿ ਵਿਚ ਜਾ ਕੇ ਗੁਰਬਾਣੀ ਗਾਵਿਆ ਕਰੋ। ਮਨੁੱਖ ਦੁਨੀਆ ਦੇ ਰੰਗ-ਤਮਾਸ਼ਿਆਂ ਵਾਲੀ ਕਵਿਤਾ ਵਿਚੋਂ ਖੁਸ਼ੀ ਭਾਲਦਾ ਰਹਿੰਦਾ ਹੈ, ਪਰ ਇਹ ਕਵਿਤਾ ਮਨ ਨੂੰ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਕਰਦੀ ਜਾਂਦੀ ਹੈ। ਜੇ ਆਤਮਕ ਆਨੰਦ ਮਾਣਨਾ ਹੈ ਤਾਂ ਗੁਰੂ ਦਾ ਸ਼ਬਦ ਹੀ ਗੁਰੂ ਦੀ ਬਾਣੀ ਹੀ ਇਕ ਅਮੋਲਕ ਦਾਤਿ ਹੈ। (26 ਤੋਂ 39) ਜੀਵ ਅਤੇ ਮਾਇਆ ਇਹ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਪਰ ਉਸ ਦੀ ਰਜ਼ਾ ਇਉਂ ਹੈ ਕਿ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ, ਤੇ, ਦੁਖੀ ਹੋ ਰਹੇ ਹਨ। ਕਰਮ-ਕਾਂਡ ਅਨੁਸਾਰ ਪੁੰਨ-ਕਰਮ ਕਿਹੜਾ ਤੇ ਪਾਪ-ਕਰਮ ਕਿਹੜਾ = ਇਹ ਵਿਚਾਰ ਭੀ ਮਨੁੱਖ ਦੇ ਅੰਦਰ ਆਤਮਕ ਆਨੰਦ ਨਹੀਂ ਪੈਦਾ ਕਰ ਸਕਦੀ। ਅਜਬ ਖੇਡ ਹੈ, ਜੀਵ ਨੂੰ ਜੰਮਦੇ ਨੂੰ ਹੀ ਮਾਂ ਪਿਉ ਆਦਿਕ ਦੇ ਪਿਆਰ ਦੀ ਰਾਹੀਂ ਮਾਇਆ ਪ੍ਰਭੂ-ਚਰਨਾਂ ਨਾਲੋਂ ਵਿਛੋੜ ਲੈਂਦੀ ਹੈ। ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਵਿਚ ਵਿਛੋੜਾ ਦੂਰ ਨਹੀਂ ਹੋ ਸਕਦਾ। ਆਤਮਕ ਆਨੰਦ ਦੀ ਖੱਟੀ ਖੱਟਣ ਵਾਸਤੇ ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਸਰਮਾਇਆ ਬਣਨਾ ਚਾਹੀਦਾ ਹੈ। ਇਹ ਨਾਮ ਮਿਲਦਾ ਹੈ ਗੁਰੂ ਪਾਸੋਂ। ਜੀਭ ਦੇ ਚਸਕੇ ਵਿਚ ਫਸਿਆ ਹੋਇਆ ਮਨੁੱਖ ਮਾਇਕ ਪਦਾਰਥਾਂ ਵਿਚੋਂ ਸੁਖ ਭਾਲਦਾ ਫਿਰਦਾ ਹੈ। ਮਨੁੱਖ ਦੇ ਵੱਸ ਭੀ ਕੀਹ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮੁੜ-ਮੁੜ ਉਹੋ ਜਹੇ ਕਰਮ ਹੀ ਕਰੀ ਜਾ ਰਿਹਾ ਹੈ। ਅੱਖਾਂ ਮਿਲੀਆਂ ਹਨ ਹਰ ਥਾਂ ਪਰਮਾਤਮਾ ਨੂੰ ਵੇਖਣ ਲਈ, ਪਰ ਇਹ ਅੱਖਾਂ ਅੰਨ੍ਹੀਆਂ ਹੋਈਆਂ ਰਹਿੰਦੀਆਂ ਹਨ ਮਾਇਆ ਦੇ ਮੋਹ ਵਿਚ। ਕੰਨ ਮਿਲੇ ਹਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨ ਲਈ। ਪਰ ਇਹ ਕੰਨ ਨਿੰਦਾ-ਚੁਗ਼ਲੀ ਵਿਚ ਮਸਤ ਰਹਿੰਦੇ ਹਨ। ਇਸੇ ਤਰ੍ਹਾਂ ਸਾਰੇ ਹੀ ਗਿਆਨ-ਇੰਦ੍ਰੇ ਮਨੁੱਖ ਨੂੰ ਮਾਇਕ ਪਦਾਰਥਾਂ ਵਲ ਹੀ ਭਜਾਈ ਫਿਰਦੇ ਹਨ। ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹ ਗੁਰੂ ਦੀ ਸਰਨ ਪੈ ਕੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੇ ਸੁਣਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ। (40) ਆਤਮਕ ਆਨੰਦ ਦਾ ਸਰੂਪ = ਇਸ ਆਤਮਕ ਅਵਸਥਾ ਵਿਚ ਅੱਪੜੇ ਹੋਏ ਮਨੁੱਖ ਦੀ ਮਾਇਕ ਭਟਕਣਾ ਦੂਰ ਹੋ ਜਾਂਦੀ ਹੈ, ਕੋਈ ਦੁੱਖ ਵਿਕਾਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਇਹ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ਸਤਿਗੁਰੂ ਦੀ ਬਾਣੀ ਵਿਚ ਮਨ ਜੋੜਿਆਂ। ਬਾਣੀ ਪੜ੍ਹਨ ਸੁਣਨ ਨਾਲ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਮੁੱਖ ਭਾਵ = ਜੀਵ ਨੂੰ ਜੰਮਦੇ ਨੂੰ ਹੀ ਮਾਂ ਪਿਉ ਆਦਿਕ ਦੇ ਪਿਆਰ ਦੀ ਰਾਹੀਂ ਮਾਇਆ ਆ ਘੇਰਦੀ ਹੈ। ਸਾਰੀ ਉਮਰ ਮਾਇਆ ਦੇ ਹੱਥਾਂ ਉਤੇ ਹੀ ਨੱਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ। ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਦੀ ਮਾਇਕ ਭਟਕਣਾ ਦੂਰ ਹੋ ਜਾਂਦੀ ਹੈ, ਕੋਈ ਦੁੱਖ ਵਿਕਾਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਹਰ ਵੇਲੇ ਉਸ ਦਾ ਮਨ ਖਿੜਿਆ ਰਹਿੰਦਾ ਹੈ। ਹਰ ਵੇਲੇ ਉਸ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ੴ ਸਤਿਗੁਰ ਪ੍ਰਸਾਦਿ ॥ ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥ ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥ {ਪੰਨਾ 917} ਪਦ ਅਰਥ: ਅਨੰਦੁ = ਪੂਰਨ ਖਿੜਾਉ। ਪਾਇਆ = ਪ੍ਰਾਪਤ ਕਰ ਲਿਆ ਹੈ। ਸਹਜ = ਅਡੋਲ ਅਵਸਥਾ। ਸਹਜ ਸੇਤੀ = ਅਡੋਲ ਅਵਸਥਾ ਦੇ ਨਾਲ। ਮਨਿ = ਮਨ ਵਿਚ। ਵਾਧਾਈ = ਚੜ੍ਹਦੀ ਕਲਾ, ਉਤਸ਼ਾਹ ਪੈਦਾ ਕਰਨ ਵਾਲਾ ਗੀਤ। ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ। ਰਾਗ ਰਤਨ = ਸੋਹਣੇ ਰਾਗ। ਕੇਰਾ = ਦਾ। ਅਰਥ: ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ। ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ) ; ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ, ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵਣ ਆ ਗਏ ਹਨ। (ਹੇ ਭਾਈ! ਤੁਸੀ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤਿ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ) । ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ।1। ਭਾਵ: ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥ ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥ ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥ ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥ ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥ {ਪੰਨਾ 917} ਪਦ ਅਰਥ: ਮੰਨ ਮੇਰੇ = ਹੇ ਮੇਰੇ ਮਨ! ਸਭਿ = ਸਾਰੇ। ਵਿਸਾਰਣਾ = ਦੂਰ ਕਰਨ ਵਾਲਾ। ਅੰਗੀਕਾਰੁ = ਪੱਖ, ਸਹਾਇਤਾ। ਸਮਰਥੁ = ਕਰਨ-ਜੋਗ। ਮਨਹੁ = ਮਨ ਤੋਂ। ਵਿਸਰੇ = ਵਿਸਰਦਾ ਹੈਂ। ਅਰਥ: ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ। ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ। ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ। ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ। (ਹੇ ਭਾਈ!) ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ– ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ।2। ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸਵਾਰਦਾ ਹੈ। ਉਹ ਮਾਲਕ ਸਾਰੇ ਕੰਮ ਕਰਨ-ਜੋਗਾ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥ ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥ ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥ ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥ ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥ {ਪੰਨਾ 917} ਪਦ ਅਰਥ: ਘਰਿ ਤੇਰੈ = ਤੇਰੇ ਘਰ ਵਿਚ। ਤ = ਤਾਂ। ਸਭੁ ਕਿਛੁ = ਹਰੇਕ ਚੀਜ਼। ਦੇਹਿ = ਤੂੰ ਦੇਂਦਾ ਹੈਂ। ਸੁ = ਉਹ ਮਨੁੱਖ। ਪਾਵਏ = ਪਾਵੈ, ਪਾ ਲੈਂਦਾ ਹੈ, ਹਾਸਲ ਕਰਦਾ ਹੈ। ਸਿਫਤਿ ਸਲਾਹ = ਵਡਿਆਈ। ਮਨਿ = ਮਨ ਵਿਚ। ਵਸਾਵਏ = ਵਸਾਵੈ, ਵਸਾਂਦਾ ਹੈ। ਜਿਨ ਕੈ ਮਨਿ = ਜਿਨ੍ਹਾਂ ਦੇ ਮਨ ਵਿਚ। ਵਾਜੇ = ਵੱਜਦੇ ਹਨ। ਸਬਦ = ਸਾਜਾਂ ਦੇ ਆਵਾਜ਼, ਰਾਗਾਂ ਦੀਆਂ ਸੁਰਾਂ। ਘਨੇਰੇ = ਬੇਅੰਤ। ਸਚੇ = ਹੇ ਸਦਾ ਕਾਇਮ ਰਹਿਣ ਵਾਲੇ! ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ) ! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ? ਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ (ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ) । ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ) । ਨਾਨਕ ਆਖਦਾ ਹੈ– ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ।3। ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਮ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ। ਸਾਚਾ ਨਾਮੁ ਮੇਰਾ ਆਧਾਰੋ ॥ ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥ ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥ ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥ ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥ ਸਾਚਾ ਨਾਮੁ ਮੇਰਾ ਆਧਾਰੋ ॥੪॥ {ਪੰਨਾ 917} ਪਦ ਅਰਥ: ਆਧਾਰੋ = ਆਸਰਾ। ਜਿਨਿ = ਜਿਸ (ਨਾਮ) ਨੇ। ਭੁਖ = ਲਾਲਚ। ਕਰਿ = (ਪੈਦਾ) ਕਰ ਕੇ। ਮਨਿ = ਮਨ ਵਿਚ। ਇਛਾ = ਮਨ ਦੀਆਂ ਕਾਮਨਾਂ। ਸਭਿ = ਸਾਰੀਆਂ। ਕੁਰਬਾਣੁ = ਸਦਕੇ। ਵਿਟਹੁ = ਤੋਂ। ਅਰਥ: (ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ। ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ, ਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ। ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ। ਨਾਨਕ ਆਖਦਾ ਹੈ– ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ। (ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।4। ਭਾਵ: ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥ ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥ ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥ ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥ ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥ {ਪੰਨਾ 917} ਪਦ ਅਰਥ: ਵਾਜੇ = ਵੱਜਦੇ ਹਨ, ਵੱਜੇ ਹਨ। ਪੰਚ ਸਬਦ = ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਹਿਰਦੇ-ਘਰਿ ਵਿਚ। ਸਭਾਗੈ = ਭਾਗਾਂ ਵਾਲੇ ਵਿਚ। ਤਿਤੁ ਸਭਾਗੈ ਘਰਿ = ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ। ਕਲਾ = ਸੱਤਿਆ। ਜਿਤੁ ਘਰਿ = ਜਿਸ ਘਰ ਵਿਚ। ਧਾਰੀਆ = ਤੂੰ ਪਾਈ ਹੈ। ਪੰਚ ਦੂਤ = ਕਾਮਾਦਿਕ ਪੰਜ ਵੈਰੀ। ਕੰਟਕੁ = ਕੰਡਾ। ਕੰਟਕੁ ਕਾਲੁ = ਡਰਾਉਣਾ ਕਾਲ, ਮੌਤ ਦਾ ਡਰ। ਧੁਰਿ = ਧੁਰ ਤੋਂ। ਕਰਮਿ = ਮੇਹਰ ਨਾਲ। ਸਿ = ਸੇ, ਉਹ ਬੰਦੇ। ਨਾਮਿ = ਨਾਮ ਵਿਚ। ਅਨਹਦ = ਅਨ-ਹਦ, ਬਿਨਾ ਵਜਾਏ ਵੱਜਣ ਵਾਲੇ, ਇਕ-ਰਸ, ਲਗਾਤਾਰ। ਅਰਥ: ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ) , (ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ। ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ। ਨਾਨਕ ਆਖਦਾ ਹੈ– ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ।5। ਭਾਵ: ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥ ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥ ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥ ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥ ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥ {ਪੰਨਾ 917} ਪਦ ਅਰਥ: ਸਾਚੀ ਲਿਵ = ਸੱਚੀ ਲਗਨ, ਸਦਾ ਕਾਇਮ ਰਹਿਣ ਵਾਲੀ ਲਗਨ, ਸਦਾ-ਥਿਰ ਪ੍ਰਭੂ ਨਾਲ ਪ੍ਰੀਤ। ਦੇਹ = ਸਰੀਰ। ਨਿਮਾਣੀ = ਨਿਆਸਰੀ ਜੇਹੀ, ਹੌਲੇ ਮੇਲ ਦੀ। ਕਿਆ ਕਰੇ = ਕੀਹ ਕਰਦੀ ਹੈ? ਜੋ ਕੁਝ ਕਰਦੀ ਹੈ ਨਕਾਰੇ ਕੰਮ ਹੀ ਕਰਦੀ ਹੈ। ਬਨਵਾਰੀ = ਹੇ ਜਗਤ-ਵਾੜੀ ਦੇ ਮਾਲਕ! ਸਵਾਰੀਆ = ਸੁਚੱਜੇ ਪਾਸੇ ਲਾਈ ਜਾ ਸਕਦੀ ਹੈ। ਵੇਚਾਰੀਆ = ਪਰ-ਅਧੀਨ, ਨਿਮਾਣੀ ਜਿਹੀ, ਮਾਇਆ ਦੇ ਪ੍ਰਭਾਵ ਹੇਠ। ਅਰਥ: ਸਦਾ-ਥਿਰ ਪ੍ਰਭੂ ਦੇ ਚਰਨਾਂ ਦੀ ਲਗਨ (ਦੇ ਆਨੰਦ) ਤੋਂ ਬਿਨਾ ਇਹ (ਮਨੁੱਖਾ) ਸਰੀਰ ਨਿਆਸਰਾ ਜੇਹਾ ਹੀ ਰਹਿੰਦਾ ਹੈ। ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਭੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ। ਹੇ ਜਗਤ ਦੇ ਮਾਲਕ! ਤੈਥੋਂ ਬਿਨਾ ਕੋਈ ਹੋਰ ਥਾਂ ਨਹੀਂ ਜਿਥੇ ਇਹ ਸਰੀਰ ਸੁਚੱਜੇ ਪਾਸੇ ਲੱਗ ਸਕੇ, ਕੋਈ ਹੋਰ ਇਸ ਨੂੰ ਸੁਚੱਜੇ ਪਾਸੇ ਲਾਣ ਜੋਗਾ ਹੀ ਨਹੀਂ। ਤੂੰ ਹੀ ਕਿਰਪਾ ਕਰ, ਤਾ ਕਿ ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਜਾਏ। ਨਾਨਕ ਆਖਦਾ ਹੈ– ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ-ਅਧੀਨ (ਭਾਵ, ਮਾਇਆ ਦੇ ਪ੍ਰਭਾਵ ਹੇਠ) ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ।6। ਭਾਵ: ਜੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਪਿਆਰ ਨਾਹ ਬਣੇ, ਤਾਂ ਇਹ ਸਦਾ ਮਾਇਆ ਦੇ ਪ੍ਰਭਾਵ ਵਿਚ ਦੁਖੀ ਜਿਹਾ ਹੀ ਰਹਿੰਦਾ ਹੈ। ਮਨੁੱਖ ਦੇ ਸਾਰੇ ਗਿਆਨ-ਇੰਦ੍ਰੇ ਮਾਇਆ ਦੀ ਦੌੜ-ਭੱਜ ਵਿਚ ਲੱਗੇ ਰਹਿੰਦੇ ਹਨ। ਪਰਮਾਤਮਾ ਆਪ ਕਿਰਪਾ ਕਰੇ, ਤਾਂ ਗੁਰੂ ਦੇ ਸ਼ਬਦ ਵਿਚ ਲੱਗ ਕੇ ਇਹ ਸੁਧਰ ਜਾਂਦਾ ਹੈ। ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥ ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥ ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥ ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ {ਪੰਨਾ 917} ਪਦ ਅਰਥ: ਸਭੁ ਕੋ = ਹਰੇਕ ਜੀਵ। ਪਿਆਰਿਆ = ਹੇ ਪਿਆਰੇ ਭਾਈ! ਕ੍ਰਿਪਾ ਕਰੇ = ਜਦੋਂ ਗੁਰੂ ਕਿਰਪਾ ਕਰਦਾ ਹੈ। ਕਿਲਵਿਖ = ਪਾਪ। ਅੰਜਨੁ = ਸੁਰਮਾ। ਸਾਰਿਆ = (ਅੱਖਾਂ ਵਿਚ) ਪਾਂਦਾ ਹੈ। ਅੰਦਰਹੁ = ਮਨ ਵਿਚੋਂ। ਸਚੈ = ਸਦਾ-ਥਿਰ (ਪਰਮਾਤਮਾ) ਨੇ। ਸਬਦੁ = ਬੋਲ। ਸਬਦੁ ਸਵਾਰਿਆ = ਬੋਲ ਸਵਾਰ ਦਿੱਤਾ (ਭਾਵ, ਖਰ੍ਹਵੇ ਬੋਲ ਨਿੰਦਾ ਆਦਿਕ ਦੇ ਬੋਲ ਨਹੀਂ ਬੋਲਦਾ) । ਏਹੁ ਅਨੰਦੁ ਹੈ– ਅਸਲ ਆਤਮਕ ਆਨੰਦ ਇਹ ਹੈ (ਕਿ ਮਨੁੱਖ ਦਾ ਖਰ੍ਹਵਾ ਤੇ ਨਿੰਦਾ ਆਦਿਕ ਵਾਲਾ ਸੁਭਾਉ ਹੀ ਨਹੀਂ ਰਹਿੰਦਾ) । ਅਰਥ: ਆਖਣ ਨੂੰ ਤਾਂ ਹਰ ਕੋਈ ਆਖ ਦੇਂਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ (ਅਸਲ) ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ। ਹੇ ਪਿਆਰੇ ਭਾਈ! (ਅਸਲ) ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। (ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਂਦਾ ਹੈ, ਜਿਸ ਉਤੇ ਗੁਰੂ) ਕਿਰਪਾ ਕਰਦਾ ਹੈ। ਗੁਰੂ ਮੇਹਰ ਕਰ ਕੇ (ਉਸ ਦੇ) (ਅੰਦਰੋਂ) ਪਾਪ ਕੱਟ ਦੇਂਦਾ ਹੈ, ਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਾਂਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦੇਂਦਾ ਹੈ। ਨਾਨਕ ਆਖਦਾ ਹੈ– ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ।7। ਭਾਵ: ਜਿਸ ਮਨੁੱਖ ਨੂੰ ਅਸਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਦਾ ਜੀਵਨ ਇਤਨਾ ਪਿਆਰ ਵਾਲਾ ਬਣ ਜਾਂਦਾ ਹੈ ਕਿ ਉਹ ਸਦਾ ਮਿੱਠ-ਬੋਲਾ ਰਹਿੰਦਾ ਹੈ। ਇਹ ਆਤਮਕ ਆਨੰਦ ਗੁਰੂ ਤੋਂ ਮਿਲਦਾ ਹੈ। ਗੁਰੂ ਉਸ ਮਨੁੱਖ ਦੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ, ਤੇ ਉਸ ਨੂੰ ਆਤਮਕ ਜੀਵਨ ਦੀ ਸਮਝ ਬਖ਼ਸ਼ਦਾ ਹੈ। |
Sri Guru Granth Darpan, by Professor Sahib Singh |