ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 918 ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥ ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥ ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥ ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥ ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥ {ਪੰਨਾ 918} ਪਦ ਅਰਥ: ਬਾਬਾ = ਹੇ ਹਰੀ! ਦੇਹਿ = (ਆਨੰਦ ਦੀ ਦਾਤਿ) ਦੇਂਦਾ ਹੈਂ। ਹੋਰਿ ਵੇਚਾਰਿਆ = ਹੋਰ ਵਿਚਾਰੇ ਜੀਵ। ਕਿਆ ਕਰਹਿ = ਕੀਹ ਕਰ ਸਕਦੇ ਹਨ? ਮਾਇਆ ਅੱਗੇ ਉਹਨਾਂ ਦੀ ਪੇਸ਼ ਨਹੀਂ ਜਾਂਦੀ। ਇਕਿ = ਕਈ ਜੀਵ। ਭਰਮਿ = (ਮਾਇਆ ਦੀ) ਭਟਕਣਾ ਵਿਚ। ਦਹਦਿਸਿ = ਦਸੀਂ ਪਾਸੀਂ। ਭਾਣਾ = ਰਜ਼ਾ। ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ, ਉਹੀ ਮਨੁੱਖ (ਇਸ ਦਾਤਿ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ) ਕੋਈ ਪੇਸ਼ ਨਹੀਂ ਜਾਂਦੀ। ਕਈ ਬੰਦੇ (ਮਾਇਆ ਦੀ) ਭਟਕਣਾ ਵਿਚ (ਅਸਲ ਰਸਤੇ ਤੋਂ) ਭੁੱਲੇ ਹੋਏ ਦਸੀਂ ਪਾਸੀਂ ਦੌੜਦੇ ਫਿਰਦੇ ਹਨ, ਕਈ (ਭਾਗਾਂ ਵਾਲਿਆਂ ਨੂੰ) ਤੂੰ ਆਪਣੇ ਨਾਮ ਵਿਚ ਜੋੜ ਕੇ (ਉਹਨਾਂ ਦਾ ਜਨਮ) ਸਵਾਰ ਦੇਂਦਾ ਹੈਂ। (ਇਸ ਤਰ੍ਹਾਂ ਤੇਰੀ ਮੇਹਰ ਨਾਲ) ਜਿਨ੍ਹਾਂ ਨੂੰ ਤੇਰੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਤੇ ਉਹ ਆਤਮਕ ਆਨੰਦ ਮਾਣਦੇ ਹਨ, ਪਰ) ਨਾਨਕ ਆਖਦਾ ਹੈ– (ਹੇ ਪ੍ਰਭੂ!) ਜਿਸ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਬਖ਼ਸ਼ਦਾ ਹੈਂ ਉਹੀ ਇਸ ਨੂੰ ਮਾਣ ਸਕਦਾ ਹੈ।8। ਭਾਵ: ਆਪਣੇ ਉੱਦਮ ਨਾਲ ਕੋਈ ਪ੍ਰਾਣੀ ਆਤਮਕ ਆਨੰਦ ਨਹੀਂ ਮਾਣ ਸਕਦਾ ਕਿਉਂਕਿ ਮਾਇਆ ਦੇ ਟਾਕਰੇ ਤੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਜਿਨ੍ਹਾਂ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹਨਾਂ ਨੂੰ ਗੁਰੂ ਮਿਲਾਂਦਾ ਹੈ। ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਵਿਕਾਰਾਂ ਵਲੋਂ ਬਚਦੇ ਹਨ, ਤੇ, ਹਰਿ-ਨਾਮ ਵਿਚ ਜੁੜਦੇ ਹਨ। ਉਹਨਾਂ ਅੰਦਰ ਸਦਾ ਸ਼ਾਂਤੀ ਤੇ ਠੰਢ ਹੀ ਬਣੀ ਰਹਿੰਦੀ ਹੈ। ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥ ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥ ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥ {ਪੰਨਾ 918} ਪਦ ਅਰਥ: ਅਕਥ = ਜਿਸ ਦੇ ਸਾਰੇ ਗੁਣ ਬਿਆਨ ਨ ਕੀਤੇ ਜਾ ਸਕਣ। ਕਰਹ = ਅਸੀਂ ਕਰੀਏ। ਕਿਤੁ ਦੁਆਰੈ = ਕਿਸ ਵਸੀਲੇ ਨਾਲ? ਸਉਪਿ = ਹਵਾਲੇ ਕਰ ਦਿਹੁ। ਹੁਕਮਿ ਮੰਨਿਐ = ਜੇ (ਪ੍ਰਭੂ ਦਾ) ਹੁਕਮ (ਸਿਰ ਮੱਥੇ ਤੇ) ਮੰਨ ਲਿਆ ਜਾਏ। ਕੇਰਾ = ਦਾ। ਕੇਰੀ = ਦੀ। ਅਰਥ: ਹੇ ਪਿਆਰੇ ਸੰਤ ਜਨੋ! ਆਓ, ਅਸੀਂ (ਰਲ ਕੇ) ਬੇਅੰਤ ਗੁਣਾਂ ਵਾਲੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ, ਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ ਸੁਣਾਈਏ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। (ਪਰ ਜੇ ਤੁਸੀ ਪੁੱਛੋ ਕਿ) ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ (ਤਾਂ ਉੱਤਰ ਇਹ ਹੈ ਕਿ ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੇ ਥਾਂ) ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੋ (ਇਸ ਤਰ੍ਹਾਂ) ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ। (ਸੋ, ਸੰਤ ਜਨੋ!) ਗੁਰੂ ਦੇ ਹੁਕਮ ਉੱਤੇ ਤੁਰੋ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਇਆ ਕਰੋ। ਨਾਨਕ ਆਖਦਾ ਹੈ– ਹੇ ਸੰਤ ਜਨੋ ਸੁਣੋ, (ਉਸ ਨੂੰ ਮਿਲਣ ਦਾ ਅਤੇ ਆਤਮਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ) ਉਸ ਅਕੱਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ।9। ਭਾਵ: ਆਤਮਕ ਆਨੰਦ ਦੇ ਦਾਤੇ ਪਰਮਾਤਮਾ ਦੇ ਮਿਲਾਪ ਦਾ ਇਕੋ ਇਕ ਰਸਤਾ ਹੈ, ਉਹ ਇਹ ਹੈ ਕਿ ਮਨੁੱਖ ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਵੇ। ਬੱਸ! ਗੁਰੂ ਦੇ ਦੱਸੇ ਰਸਤੇ ਉਤੇ ਤੁਰੇ ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੇ। ਅੰਦਰ ਆਨੰਦ ਹੀ ਅਨੰਦ ਬਣਿਆ ਰਹੇਗਾ। ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥ ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥ ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥ ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥ ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥ ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥੧੦॥ {ਪੰਨਾ 918} ਪਦ ਅਰਥ: ਕਿਨੈ = ਕਿਸੇ ਮਨੁੱਖ ਨੇ ਭੀ। ਮੰਨ ਮੇਰਿਆ = ਹੇ ਮੇਰੇ ਮਨ! {ਲਫ਼ਜ਼ 'ਮੰਨ' ਦੀ (ੰ) ਇਕ ਮਾਤ੍ਰਾ ਵਧਾਣ ਵਾਸਤੇ ਹੀ ਹੈ, ਅਸਲ ਲਫ਼ਜ਼ 'ਮਨ' ਹੀ ਹੈ}। ਜਿਨਿ = ਜਿਸ (ਮਾਇਆ) ਨੇ। ਏਤੁ ਭਰਮਿ = ਇਸ ਭੁਲੇਖੇ ਵਿਚ ਕਿ ਮੋਹ ਇਕ ਮਿੱਠੀ ਚੀਜ਼ ਹੈ। ਭੁਲਾਇਆ = ਕੁਰਾਹੇ ਪਾ ਦਿੱਤਾ। ਤਿਨੈ = ਉਸੇ (ਪ੍ਰਭੂ) ਨੇ। ਜਿਨਿ = ਜਿਸ (ਪ੍ਰਭੂ) ਨੇ। ਠਗਉਲੀ = ਠਗ-ਬੂਟੀ। ਕੁਰਬਾਣੁ = ਸਦਕੇ, ਵਾਰਨੇ। ਵਿਟਹੁ = ਤੋਂ। ਅਰਥ: ਹੇ ਚੰਚਲ ਮਨ! ਚਲਾਕੀਆਂ ਨਾਲ ਕਿਸੇ ਨੇ ਭੀ (ਆਤਮਕ ਆਨੰਦ) ਹਾਸਲ ਨਹੀਂ ਕੀਤਾ। ਹੇ ਮੇਰੇ ਮਨ! ਤੂੰ (ਧਿਆਨ ਨਾਲ) ਸੁਣ ਲੈ ਕਿ ਕਿਸੇ ਜੀਵ ਨੇ ਭੀ ਚਤੁਰਾਈ ਨਾਲ (ਪਰਮਾਤਮਾ ਦੇ ਮਿਲਾਪ ਦਾ ਆਨੰਦ) ਪ੍ਰਾਪਤ ਨਹੀਂ ਕੀਤਾ, (ਅੰਦਰੋਂ ਸੋਹਣੀ ਮਾਇਆ ਵਿਚ ਭੀ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ) । ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਫਸਾਣ ਲਈ ਬੜੀ ਡਾਢੀ ਹੈ, ਇਸ ਨੇ ਇਸ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ, ਇਸ ਤਰ੍ਹਾਂ ਕੁਰਾਹੇ ਪਾਈ ਰੱਖਦੀ ਹੈ। (ਪਰ ਜੀਵ ਦੇ ਭੀ ਕੀਹ ਵੱਸ?) ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠਗਬੂਟੀ (ਜੀਵਾਂ ਨੂੰ) ਚੰਬੋੜੀ ਹੈ ਉਸੇ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ। (ਸੋ, ਹੇ ਮੇਰੇ ਮਨ! ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ) ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ (ਤਦੋਂ ਹੀ ਇਹ ਮਿੱਠਾ ਮੋਹ ਮੁੱਕਦਾ ਹੈ) । ਨਾਨਕ ਆਖਦਾ ਹੈ– ਹੇ (ਮੇਰੇ) ਚੰਚਲ ਮਨ! ਚਤੁਰਾਈਆਂ ਨਾਲ ਕਿਸੇ ਨੇ (ਪਰਮਾਤਮਾ ਦੇ ਮਿਲਾਪ ਦਾ ਆਤਮਕ ਆਨੰਦ) ਨਹੀਂ ਲੱਭਾ।10। ਭਾਵ: ਜੇ ਮਨੁੱਖ ਅੰਦਰੋਂ ਮਾਇਆ ਦੇ ਮੋਹ ਵਿਚ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਚਤੁਰਾਈ ਦੀਆਂ ਗੱਲਾਂ ਨਾਲ ਆਤਮਕ ਆਨੰਦ ਦੀ ਪ੍ਰਾਪਤੀ ਚਾਹੇ, ਇਹ ਨਹੀਂ ਹੋ ਸਕਦਾ। ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥ ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥ ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥ ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥ ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥ ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥ {ਪੰਨਾ 918} ਪਦ ਅਰਥ: ਸਮਾਲੇ = ਸਮਾਲਿ, ਚੇਤੇ ਰੱਖ। ਜਿ = ਜੇਹੜਾ। ਮੂਲੇ ਨ = ਬਿਲਕੁਲ ਨਹੀਂ। ਕੀਚੈ = ਕਰਨਾ ਚਾਹੀਦਾ। ਜਿਤੁ = ਜਿਸ ਕਰਕੇ। ਅੰਤਿ = ਅੰਤ ਵੇਲੇ, ਆਖ਼ਰ ਨੂੰ। ਅਰਥ: ਹੇ ਪਿਆਰੇ ਮਨ! (ਜੇ ਤੂੰ ਸਦਾ ਦਾ ਆਤਮਕ ਆਨੰਦ ਲੋੜਦਾ ਹੈਂ ਤਾਂ) ਸਦਾ ਸੱਚੇ ਪ੍ਰਭੂ ਨੂੰ (ਆਪਣੇ ਅੰਦਰ) ਸੰਭਾਲ ਰੱਖ! ਇਹ ਜੇਹੜਾ ਪਰਵਾਰ ਤੂੰ ਵੇਖਦਾ ਹੈਂ, ਇਸ ਨੇ ਤੇਰੇ ਨਾਲ ਨਹੀਂ ਨਿਭਣਾ। (ਹੇ ਭਾਈ!) ਇਸ ਪਰਵਾਰ ਦੇ ਮੋਹ ਵਿਚ ਕਿਉਂ ਫਸਦਾ ਹੈਂ? ਇਸ ਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਬਾਹ ਸਕਣਾ। ਜਿਸ ਕੰਮ ਦੇ ਕੀਤਿਆਂ ਆਖ਼ਰ ਹੱਥ ਮਲਣੇ ਪੈਣ, ਉਹ ਕੰਮ ਕਦੇ ਭੀ ਕਰਨਾ ਨਹੀਂ ਚਾਹੀਦਾ। (ਹੇ ਭਾਈ!) ਸਤਿਗੁਰੂ ਦੀ ਸਿੱਖਿਆ (ਗਹੁ ਨਾਲ) ਸੁਣ, ਇਹ ਗੁਰ-ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ। ਨਾਨਕ ਆਖਦਾ ਹੈ– ਹੇ ਪਿਆਰੇ ਮਨ! (ਜੇ ਤੂੰ ਆਨੰਦ ਲੋੜਦਾ ਹੈਂ ਤਾਂ) ਸਦਾ-ਥਿਰ ਪਰਮਾਤਮਾ ਨੂੰ ਹਰ ਵੇਲੇ (ਆਪਣੇ ਅੰਦਰ) ਸਾਂਭ ਕੇ ਰੱਖ।11। ਨੋਟ: ਅਗਲੀ ਪਉੜੀ ਨੰ: 12 ਨੂੰ ਇਸ ਪਉੜੀ ਦੇ ਨਾਲ ਰਲਾ ਕੇ ਪੜ੍ਹਨਾ ਹੈ, ਤੇ ਇਉਂ ਅਰਥ ਕਰਨਾ ਹੈ: ਤੂੰ ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ ਤੇ ਆਖ– ਹੇ ਅਗਮ ਅਗੋਚਰ! ਭਾਵ: ਸਦਾ ਦੇ ਆਤਮਕ ਆਨੰਦ ਦੀ ਪ੍ਰਾਪਤੀ ਦਾ ਇਕੋ ਇਕ ਤਰੀਕਾ ਹੈ ਕਿ ਮਨੁੱਖ ਦੁਨੀਆ ਵਾਲੇ ਮੋਹ ਵਿਚ ਫਸੇ ਰਹਿਣ ਦੀ ਥਾਂ ਆਪਣੇ ਮਨ ਵਿਚ ਪਰਮਾਤਮਾ ਦੀ ਯਾਦ ਵਸਾਈ ਰੱਖੇ। ਬੱਸ! ਇਹੀ ਹੈ ਗੁਰੂ ਦੀ ਸਿੱਖਿਆ ਜੋ ਕਦੇ ਭੁਲਾਣੀ ਨਹੀਂ ਚਾਹੀਦੀ। ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥ ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥ ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥ ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥ ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥ {ਪੰਨਾ 918} ਪਦ ਅਰਥ: ਅਗਮ = ਹੇ ਅਪਹੁੰਚ ਪ੍ਰਭੂ! ਅਗੋਚਰਾ = ਹੇ ਅਗੋਚਰ ਹਰੀ! ਅਗੋਚਰ = ਅ-ਗੋ-ਚਰ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਕਿਨੈ = ਕਿਸੇ ਨੇ ਭੀ। ਆਪੁ = ਆਪਣੇ ਸਰੂਪ ਨੂੰ। ਜਾਣਹੇ = ਜਾਣਹਿ, ਤੂੰ ਜਾਣਦਾ ਹੈਂ। ਸਭਿ = ਸਾਰੇ। ਆਖਿ = ਆਖ ਕੇ। ਵਖਾਣਏ = ਵਖਾਣੈ, ਬਿਆਨ ਕਰੇ। ਕੋ = ਕੋਈ ਜੀਵ! ਆਖਹਿ = ਤੂੰ ਆਖਦਾ ਹੈਂ, ਤੂੰ ਬੋਲਦਾ ਹੈਂ। ਵੇਖਹਿ = ਤੂੰ ਸੰਭਾਲ ਕਰਦਾ ਹੈਂ। ਜਿਨਿ = ਜਿਸ ਤੈਂ ਨੇ। ਅਰਥ: (ਹੇ ਪਿਆਰੇ ਮਨ! ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ, ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ-) ਹੇ ਅਪਹੁੰਚ ਹਰੀ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਤੇਰੇ ਗੁਣਾਂ ਦਾ) ਕਿਸੇ ਨੇ ਅੰਤ ਨਹੀਂ ਲੱਭਾ। ਆਪਣੇ (ਅਸਲ) ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕਦਾ। ਕੋਈ ਹੋਰ ਜੀਵ (ਤੇਰੇ ਗੁਣਾਂ ਨੂੰ) ਆਖ ਕੇ ਬਿਆਨ ਕਰੇ ਭੀ ਕਿਸ ਤਰ੍ਹਾਂ? ਇਹ ਸਾਰੇ ਜੀਵ (ਤਾਂ) ਤੇਰਾ ਹੀ ਰਚਿਆ ਹੋਇਆ ਇਕ ਖੇਲ ਹੈ। ਹਰੇਕ ਜੀਵ ਵਿਚ ਤੂੰ ਆਪ ਹੀ ਬੋਲਦਾ ਹੈਂ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈਂ (ਤੂੰ ਹੀ ਕਰਦਾ ਹੈਂ) ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ। ਨਾਨਕ ਆਖਦਾ ਹੈ– (ਹੇ ਮੇਰੇ ਪਿਆਰੇ ਮਨ! ਪ੍ਰਭੂ ਅੱਗੇ ਇਉਂ ਅਰਜ਼ੋਈ ਕਰ-) ਤੂੰ ਸਦਾ ਅਪਹੁੰਚ ਹੈਂ, (ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ) ਅੰਤ ਨਹੀਂ ਲੱਭਾ।12। ਭਾਵ: ਆਤਮਕ ਆਨੰਦ ਦੀ ਪ੍ਰਾਪਤੀ ਵਾਸਤੇ ਸਦਾ ਪ੍ਰਭੂ ਦੇ ਦਰ ਤੇ ਇਉਂ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ– ਹੇ ਪ੍ਰਭੂ! ਤੂੰ ਬੇਅੰਤ ਹੈਂ, ਹਰੇਕ ਜੀਵ ਦੇ ਅੰਦਰ ਤੂੰ ਹੀ ਬੋਲ ਰਿਹਾ ਹੈਂ, ਹਰੇਕ ਜੀਵ ਦੀ ਤੂੰ ਹੀ ਸੰਭਾਲ ਕਰ ਰਿਹਾ ਹੈਂ। ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥ ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥ ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥ ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥ ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥ {ਪੰਨਾ 918} ਪਦ ਅਰਥ: ਸੁਰਿ = ਦੇਵਤੇ। ਮੁਨਿ ਜਨ = ਮੁਨੀ ਲੋਕ, ਰਿਸ਼ੀ। ਅੰਮ੍ਰਿਤੁ = ਆਤਮਕ ਆਨੰਦ ਦੇਣ ਵਾਲਾ ਨਾਮ-ਜਲ। ਗੁਰਿ = ਗੁਰੂ ਨੇ। ਮਨਿ = ਮਨ ਵਿਚ। ਸਭਿ = ਸਾਰੇ। ਇਕਿ = ਕਈ ਜੀਵ। ਵੇਖਿ = (ਗੁਰੂ ਨੂੰ) ਵੇਖ ਕੇ। ਪਰਸਣਿ = (ਗੁਰੂ ਦੇ ਚਰਨ) ਪਰਸਣ ਲਈ। ਭਲਾ ਭਾਇਆ = ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ। ਤੇ = ਤੋਂ। ਅਰਥ: (ਆਤਮਕ ਆਨੰਦ ਇਕ ਐਸਾ) ਅੰਮ੍ਰਿਤ (ਹੈ ਜਿਸ) ਨੂੰ ਦੇਵਤੇ ਮਨੁੱਖ ਮੁਨੀ ਲੋਕ ਲੱਭਦੇ ਫਿਰਦੇ ਹਨ, (ਪਰ) ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ। ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਇਹ) ਅੰਮ੍ਰਿਤ ਪ੍ਰਾਪਤ ਕਰ ਲਿਆ (ਕਿਉਂਕਿ) ਉਸ ਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿਚ ਟਿਕਾ ਲਿਆ। ਹੇ ਪ੍ਰਭੂ! ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ (ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈਂ, ਤੇਰੀ ਪ੍ਰੇਰਨਾ ਨਾਲ ਹੀ) ਕਈ ਜੀਵ (ਗੁਰੂ ਦਾ) ਦੀਦਾਰ ਕਰ ਕੇ (ਉਸ ਦੇ) ਚਰਨ ਛੁਹਣ ਆਉਂਦੇ ਹਨ, ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ (ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ) ਲੱਬ ਲੋਭ ਤੇ ਅਹੰਕਾਰ ਦੂਰ ਹੋ ਜਾਂਦਾ ਹੈ। ਨਾਨਕ ਆਖਦਾ ਹੈ– ਪ੍ਰਭੂ ਜਿਸ ਮਨੁੱਖ ਉਤੇ ਪ੍ਰਸੰਨ ਹੁੰਦਾ ਹੈ, ਉਸ ਮਨੁੱਖ ਨੇ (ਆਤਮਕ ਆਨੰਦ-ਰੂਪ) ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ।13। ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਪਾਸੋਂ ਉਸ ਨੂੰ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਮਿਲਦਾ ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਉਸ ਦੇ ਅੰਦਰੋਂ ਲੱਬ ਲੋਭ ਅਹੰਕਾਰ ਆਦਿਕ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥ {ਪੰਨਾ 918-919} ਪਦ ਅਰਥ: ਭਗਤ = ਆਤਮਕ ਆਨੰਦ ਮਾਣਨ ਵਾਲੇ ਬੰਦੇ। ਚਾਲ = ਜੀਵਨ ਜੁਗਤੀ। ਨਿਰਾਲੀ = ਵੱਖਰੀ। ਕੇਰੀ = ਦੀ। ਬਿਖਮ = ਔਖਾ। ਮਾਰਗਿ = ਰਾਹ ਉਤੇ। ਤਜਿ = ਤਿਆਗ ਕੇ। ਖੰਨਿਅਹੁ = ਖੰਡੇ ਨਾਲੋਂ, ਤਲਵਾਰ ਨਾਲੋਂ। ਵਾਲਹੁ = ਵਾਲ ਨਾਲੋਂ। ਨਿਕੀ = ਬਾਰੀਕ। ਏਤੁ ਮਾਰਗਿ = ਇਸ ਰਸਤੇ ਉਤੇ। ਆਪੁ = ਆਪਾ-ਭਾਵ। ਜੁਗਹੁ ਜੁਗੁ = ਹਰੇਕ ਜੁਗ ਵਿਚ, ਸਦਾ ਹੀ, ਹਰ ਸਮੇ। ਅਰਥ: (ਜੇਹੜੇ ਸੁਭਾਗ ਬੰਦੇ ਆਤਮਕ ਆਨੰਦ ਮਾਣਦੇ ਹਨ ਉਹੀ ਭਗਤ ਹਨ ਤੇ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਦੁਨੀਆ ਦੇ ਲੋਕਾਂ ਨਾਲੋਂ ਸਦਾ) ਵੱਖਰੀ ਹੁੰਦੀ ਹੈ, (ਇਹ ਪੱਕੀ ਗੱਲ ਹੈ ਕਿ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਹੋਰਨਾਂ ਨਾਲੋਂ) ਵੱਖਰੀ ਹੁੰਦੀ ਹੈ। ਉਹ (ਬੜੇ) ਔਖੇ ਰਸਤੇ ਉਤੇ ਤੁਰਦੇ ਹਨ, ਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ (ਭਾਵ, ਆਪਣੀ ਸੋਭਾ ਨਹੀਂ ਕਰਦੇ ਫਿਰਦੇ) । ਇਸ ਰਸਤੇ ਉਤੇ ਤੁਰਨਾ (ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ) ਖੰਡੇ ਦੀ ਧਾਰ ਨਾਲੋਂ ਤ੍ਰਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ (ਇਸ ਉਤੋਂ ਡਿੱਗਣ ਦੀ ਭੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆ ਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਧੱਕਾ ਦੇ ਦੇਂਦੀ ਹੈ) । ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ। ਨਾਨਕ ਆਖਦਾ ਹੈ– (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ।14। ਭਾਵ: ਆਤਮਕ ਆਨੰਦ ਮਾਣਨ ਵਾਲਿਆਂ ਦੀ ਜੀਵਨ-ਜੁਗਤੀ ਦੁਨੀਆ ਦੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ। ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਉਹ ਆਪਣੀ ਸੋਭਾ ਨਹੀਂ ਲੋੜਦੇ ਪਰ ਇਸ ਰਸਤੇ ਉਤੇ ਤੁਰਨਾ ਬਹੁਤ ਹੀ ਔਖਾ ਹੈ। ਗੁਰੂ ਦੀ ਹੀ ਮਿਹਰ ਹੋਵੇ ਤਾਂ ਆਪਾ-ਭਾਵ ਮੁਕਾਇਆ ਜਾ ਸਕਦਾ ਹੈ। |
Sri Guru Granth Darpan, by Professor Sahib Singh |