ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 920 ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥ {ਪੰਨਾ 920} ਪਦ ਅਰਥ: ਵੇਮੁਖੁ = ਜਿਸ ਨੇ ਮੂੰਹ ਦੂਜੇ ਪਾਸੇ ਕੀਤਾ ਹੋਇਆ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ, ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ। ਹੋਰਥੈ = ਕਿਸੇ ਹੋਰ ਥਾਂ ਤੋਂ। ਬਿਬੇਕੀ = ਪਰਖ ਵਾਲਾ ਬੰਦਾ, ਵਿਚਾਰਵਾਨ। ਜਾਏ = ਜਾਇ, ਜਾ ਕੇ। ਭਰਮਿ ਆਵੈ = ਭਟਕ ਕੇ ਆਉਂਦਾ ਹੈ। ਅਰਥ: (ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ। ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ। (ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ। ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ। ਨਾਨਕ ਆਖਦਾ ਹੈ– ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) । 22। ਭਾਵ: ਮਾਇਆ ਦਾ ਮੋਹ ਅਤੇ ਆਤਮਕ ਆਨੰਦ = ਇਹ ਦੋਵੇਂ ਇਕੋ ਹਿਰਦੇ ਵਿਚ ਇਕੱਠੇ ਨਹੀਂ ਟਿਕ ਸਕਦੇ। ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਮਿਲਦੀ ਹੈ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦੱਸਦਾ ਹੈ। ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ {ਪੰਨਾ 920} ਪਦ ਅਰਥ: ਸਚੀ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਜੋੜਨ ਵਾਲੀ ਬਾਣੀ। ਸਿਰ = ਸਿਰ ਉਤੇ, ਸਭ ਤੋਂ ਸ੍ਰੇਸ਼ਟ। ਨਦਰਿ = ਮੇਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਸਾਰਿਗ ਪਾਣੀ = ਧਨੁਖਧਾਰੀ ਪ੍ਰਭੂ। ਕੇਰੀ = ਦੀ। ਅੰਮ੍ਰਿਤ = ਆਤਮਕ ਆਨੰਦ ਦੇਣ ਵਾਲਾ ਨਾਮ-ਜਲ। ਅਰਥ: ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ। ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ। ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ। (ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ। ਨਾਨਕ ਆਖਦਾ ਹੈ– (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) । 23। ਭਾਵ: ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰਬਾਣੀ ਦੀ ਰਾਹੀਂ ਉਹ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920} ਪਦ ਅਰਥ: ਸਤਿਗੁਰੂ ਬਿਨਾ = ਗੁਰ-ਆਸ਼ੇ ਤੋਂ ਉਲਟ। ਕਚੀ = ਹੌਲੇ ਮੇਲ ਦੀ, ਮਨ ਨੂੰ ਨੀਵਾਂ ਕਰਨ ਵਾਲੀ, ਉੱਚੇ ਆਤਮਕ ਆਨੰਦ ਤੋਂ ਹੇਠਾਂ ਲਿਆਉਣ ਵਾਲੀ। ਕਚੇ = ਉਹ ਬੰਦੇ ਜਿਨ੍ਹਾਂ ਦਾ ਮਨ ਕਮਜ਼ੋਰ ਹੈ, ਜੋ ਮਾਇਆ ਦੇ ਪ੍ਰਭਾਵ ਦੇ ਸਾਹਮਣੇ ਥਿੜਕ ਸਕਦੇ ਹਨ। ਸੁਣਦੇ ਕਚੇ = ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ। ਕਹਿਆ = ਜੋ ਕੁਝ ਮੂੰਹੋਂ ਆਖਦੇ ਹਨ। ਹਿਰਿ ਲਇਆ = ਚੁਰਾ ਲਿਆ। ਰਵਾਣੀ = ਜ਼ਬਾਨੀ ਜ਼ਬਾਨੀ, ਉਤੋਂ ਉਤੋਂ। ਕਚੀ = ਕੱਚਿਆਂ ਨੇ, ਕਮਜ਼ੋਰ ਮਨ ਵਾਲਿਆਂ ਨੇ। ਅਰਥ: ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ। ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ। ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ। ਨਾਨਕ ਆਖਦਾ ਹੈ– ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ। 24। ਭਾਵ: ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਅਜੇਹੀ ਬਾਣੀ ਨਿੱਤ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜ਼ੋਰ ਹੋ ਜਾਂਦੇ ਹਨ। ਅਜੇਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਆਨੰਦ ਦਾ ਸੁਆਦ ਨਹੀਂ ਬਣ ਸਕਦਾ। ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ। ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥ ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥ ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥ ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥ ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥ {ਪੰਨਾ 920} ਪਦ ਅਰਥ: ਰਤੰਨੁ = ਰਤਨ, ਅਮੋਲਕ ਦਾਤਿ। ਜਿਤੁ = ਜਿਸ (ਸ਼ਬਦ) ਵਿਚ। ਹੀਰੇ = ਪਰਮਾਤਮਾ ਦੇ ਗੁਣ। ਜੜਾਉ = ਜੜੇ ਹੋਏ। ਮੰਨੁ = ਮਨ। ਏਹੁ ਸਮਾਉ = ਐਸੀ ਲੀਨਤਾ। ਸਚੈ = ਸਦਾ-ਥਿਰ ਪ੍ਰਭੂ ਵਿਚ। ਭਾਉ = ਪਿਆਰ। ਬੁਝਾਇ ਦੇਇ = ਸੂਝ ਦੇਂਦਾ ਹੈ। ਹੀਰਾ = ਪਰਮਾਤਮਾ ਦਾ ਨਾਮ। ਆਪੇ = ਆਪ ਹੀ। ਅਰਥ: ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤਿ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ। ਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ। ਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ। (ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। (ਪਰ ਇਹ ਦਾਤਿ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ। ਨਾਨਕ ਆਖਦਾ ਹੈ– ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ। 25। ਭਾਵ: ਸਤਿਗੁਰੂ ਦੀ ਬਾਣੀ ਪਰਮਾਤਮਾ ਵਲੋਂ ਇਕ ਅਮੋਲਕ ਦਾਤਿ ਹੈ, ਇਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭਰੀ ਪਈ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਆਪਣਾ ਮਨ ਜੋੜਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ, ਤੇ, ਜਿਥੇ ਪ੍ਰਭੂ-ਪ੍ਰੇਮ ਹੈ ਉਥੇ ਹੀ ਆਤਮਕ ਆਨੰਦ ਹੈ। ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥ ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥ ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥ ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥ {ਪੰਨਾ 920} ਪਦ ਅਰਥ: ਸਿਵ = ਚੇਤਨ ਸੱਤਾ, ਜੀਵਾਤਮਾ। ਸਕਤਿ = ਮਾਇਆ। ਆਪੇ = ਆਪ ਹੀ। ਹੁਕਮੁ = (ਇਹ) ਹੁਕਮ (ਕਿ ਜੀਵਾਂ ਉਤੇ) ਮਾਇਆ ਦਾ ਪ੍ਰਭਾਵ ਪਿਆ ਰਹੇ। ਗੁਰਮੁਖਿ = ਗੁਰੂ ਦੀ ਰਾਹੀਂ। ਕਿਸੈ = ਕਿਸੇ (ਵਿਰਲੇ) ਨੂੰ। ਬੁਝਾਏ = ਸੂਝ ਦੇਂਦਾ ਹੈ। ਮੁਕਤੁ = ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਸੁਤੰਤਰ। ਮੰਨਿ = ਮਨ ਵਿਚ। ਗੁਰਮੁਖਿ = ਗੁਰੂ ਦੇ ਰਾਹ ਉਤੇ ਤੁਰਨ ਵਾਲਾ। ਅਰਥ: ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ) ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ) , ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ। (ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ) । ਨਾਨਕ ਆਖਦਾ ਹੈ– ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ। ਭਾਵ: ਪਰਮਾਤਮਾ ਦੀ ਰਜ਼ਾ ਅਨੁਸਾਰ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ। ਜਿਸ ਕਿਸੇ ਨੂੰ ਗੁਰੂ ਦੇ ਦੱਸੇ ਰਾਹ ਉਤੇ ਤੁਰਨ-ਜੋਗਾ ਬਣਾਂਦਾ ਹੈ, ਉਹ ਮਨੁੱਖ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ {ਪੰਨਾ 920} ਪਦ ਅਰਥ: ਤਤੈ ਸਾਰ = ਤੱਤ ਦੀ ਸੂਝ, ਅਸਲੀਅਤ ਦੀ ਸਮਝ, ਜੋ ਅਸਲ ਗ੍ਰਹਿਣ-ਜੋਗ ਵਸਤ ਹੈ ਉਸ ਦੀ ਸਮਝ, ਆਤਮਕ ਆਨੰਦ ਦੀ ਸਮਝ। ਤਿਹੀ ਗੁਣੀ = ਮਾਇਆ ਦੇ ਤਿੰਨ ਸੁਭਾਵਾਂ ਵਿਚ। ਭ੍ਰਮਿ = ਭਟਕ ਭਟਕ ਕੇ। ਰੈਣਿ = ਉਮਰ, ਰਾਤ। ਸੇ = ਉਹ ਬੰਦੇ। ਮਨਿ = ਮਨ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਜਾਗਤ = ਵਿਕਾਰਾਂ ਵਲੋਂ ਸੁਚੇਤ ਰਹਿੰਦਿਆਂ। ਅਰਥ: ਸਿੰਮ੍ਰਿਤੀਆਂ ਸ਼ਾਸਤ੍ਰ ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ (ਇਹਨਾਂ ਪੁਸਤਕਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ। (ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ, ਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ (ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ) । (ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ। ਨਾਨਕ ਆਖਦਾ ਹੈ– ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ। 27। ਭਾਵ: ਕਰਮ-ਕਾਂਡ ਅਨੁਸਾਰ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ– ਸਿਰਫ਼ ਇਹ ਵਿਚਾਰ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਨਹੀਂ ਕਰ ਸਕਦੀ। ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ, ਤੇ, ਆਤਮਕ ਆਨੰਦ ਮਾਣਦਾ ਹੈ। ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥ ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥ ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥ ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥ {ਪੰਨਾ 920-921} ਪਦ ਅਰਥ: ਉਦਰ = ਪੇਟ। ਮਨਹੁ = ਮਨ ਤੋਂ। ਕਿਉ ਵਿਸਾਰੀਐ = ਵਿਸਾਰਨਾ ਨਹੀਂ ਚਾਹੀਦਾ। ਏਵਡੁ = ਇਤਨਾ ਵੱਡਾ। ਅਗਨਿ = ਅੱਗ। ਆਹਾਰੁ = ਖ਼ੁਰਾਕ। ਓਸ ਨੋ = ਉਸ ਬੰਦੇ ਨੂੰ। ਕਿਹੁ = ਕੁਝ। ਲਿਵ = ਪ੍ਰੀਤ। ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲੀਐ = ਸਿਮਰਨਾ ਚਾਹੀਦਾ ਹੈ, ਹਿਰਦੇ ਵਿਚ ਵਸਾਣਾ ਚਾਹੀਦਾ ਹੈ। ਅਰਥ: (ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ, ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ। (ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ। (ਪਰ ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤਿ ਦੇਂਦਾ ਹੈ। (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ। ਨਾਨਕ ਆਖਦਾ ਹੈ– (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਭੁਲਾਣਾ ਨਹੀਂ ਚਾਹੀਦਾ। 28। ਭਾਵ: ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਮਨੁੱਖ ਉਤੇ ਕੋਈ ਭੀ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ। ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸਦਾ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਵਿਚ ਟਿਕਾਈ ਰੱਖਣੀ ਚਾਹੀਦੀ ਹੈ। ਆਤਮਕ ਆਨੰਦ ਦੀ ਪ੍ਰਾਪਤੀ ਦਾ ਇਹੀ ਹੈ ਵਸੀਲਾ। |
Sri Guru Granth Darpan, by Professor Sahib Singh |