ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 921 ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥ ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥ ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥ {ਪੰਨਾ 921} ਪਦ ਅਰਥ: ਉਦਰ = ਮਾਂ ਦਾ ਪੇਟ। ਬਾਹਰਿ = ਸੰਸਾਰ ਵਿਚ। ਕਰਤੈ = ਕਰਤਾਰ ਨੇ। ਜਾ ਤਿਸੁ ਭਾਣਾ = ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਾ। ਪਰਵਾਰਿ = ਪਰਵਾਰ ਵਿਚ। ਭਲਾ ਭਾਇਆ = ਪਿਆਰਾ ਲੱਗਣ ਲੱਗ ਪਿਆ। ਛੁੜਕੀ = ਮੁੱਕ ਗਈ, ਟੁੱਟ ਗਈ। ਅਮਰੁ = ਹੁਕਮ। ਅਮਰੁ ਵਰਤਾਇਆ = ਹੁਕਮ ਚਲਾ ਦਿੱਤਾ, ਜ਼ੋਰ ਪਾ ਲਿਆ। ਜਿਤੁ = ਜਿਸ ਦੀ ਰਾਹੀਂ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ। ਅਰਥ: ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ। ਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ। ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿਚ ਪਿਆਰਾ ਲੱਗਦਾ ਹੈ (ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ। ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿਚ ਆਤਮਕ ਆਨੰਦ ਕਿਥੋਂ ਮਿਲੇ?) ਨਾਨਕ ਆਖਦਾ ਹੈ– ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ। ਭਾਵ: ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੀ ਸੁਰਤਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਜਗਤ ਦਾ ਹਾਲ ਤਾਂ ਇਹ ਹੈ ਕਿ ਜੀਵ ਨੂੰ ਜੰਮਦੇ ਨੂੰ ਹੀ ਮਾਂ ਪਿਉ ਆਦਿਕ ਦੇ ਪਿਆਰ ਦੀ ਰਾਹੀਂ ਮਾਇਆ ਪ੍ਰਭੂ-ਚਰਨਾਂ ਨਾਲੋਂ ਵਿਛੋੜ ਲੈਂਦੀ ਹੈ। ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥ ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥ ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥ ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥ ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥ {ਪੰਨਾ 921} ਪਦ ਅਰਥ: ਅਮੁਲਕੁ = ਜੋ ਕਿਸੇ ਕੀਮਤ ਤੋਂ ਮਿਲ ਨ ਸਕੇ। ਮੁਲਿ = ਕੀਮਤ ਨਾਲ, ਕੀਮਤ ਦੇ ਕੇ। ਕਿਸੈ ਵਿਟਹੁ = ਕਿਸੇ ਭੀ ਬੰਦੇ ਤੋਂ। ਵਿਲਲਾਇ = ਖਪ ਖਪ ਕੇ। ਰਹੇ = ਰਹਿ ਗਏ, ਥੱਕ ਗਏ, ਹਾਰ ਗਏ। ਆਪੁ = ਆਪਾ-ਭਾਵ। ਜਿਸ ਦਾ = ਜਿਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਜੀਉ = ਜੀਵ। ਮਨਿ = ਮਨ ਵਿਚ। ਪਲੈ ਪਾਇ = (ਗੁਰੂ ਦੇ) ਲੜ ਲਾ ਦੇਂਦਾ ਹੈ। ਅਰਥ: (ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ। ਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ। (ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ) ਅੰਦਰੋਂ ਆਪਾ-ਭਾਵ ਨਿਕਲ ਜਾਏ (ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ, ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ) ਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) । 30। ਭਾਵ: ਕਿਸੇ ਦੁਨੀਆਵੀ ਪਦਾਰਥ ਵੱਟੇ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਤੇ, ਜਿਸ ਹਿਰਦੇ ਵਿਚ ਪ੍ਰਭੂ ਨਾਲ ਪਿਆਰ ਨਹੀਂ, ਉਥੇ ਆਤਮਕ ਆਨੰਦ ਕਿੱਥੇ? ਹਾਂ, ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਲੜ ਲਾ ਦੇਂਦਾ ਹੈ, ਉਸ ਦੇ ਭਾਗ ਜਾਗ ਪੈਂਦੇ ਹਨ। ਹਰਿ ਰਾਸਿ ਮੇਰੀ ਮਨੁ ਵਣਜਾਰਾ ॥ ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥ ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥ ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥ ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥ {ਪੰਨਾ 921} ਪਦ ਅਰਥ: ਰਾਸਿ = ਵਣਜ-ਵਪਾਰ ਕਰਨ ਵਾਸਤੇ ਧਨ ਦੀ ਪੂੰਜੀ। ਵਣਜਾਰਾ = ਵਣਜ ਕਰਨ ਵਾਲਾ। ਸਤਿਗੁਰ ਤੇ ਜਾਣੀ = ਗੁਰੂ ਤੋਂ ਪਛਾਣ ਪ੍ਰਾਪਤ ਕੀਤੀ। ਜੀਅਹੁ = ਦਿਲੋਂ, ਪੂਰੇ ਪ੍ਰੇਮ ਨਾਲ। ਦਿਹਾੜੀ = ਹਰ ਰੋਜ਼। ਭਾਣਾ = ਚੰਗਾ ਲੱਗਾ। ਅਰਥ: ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ) , ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ। ਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ। (ਹੇ ਭਾਈ!) ਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ। (ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ। ਨਾਨਕ ਆਖਦਾ ਹੈ– ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) । 31। ਭਾਵ: ਗੁਰੂ ਪਾਸੋਂ ਇਹ ਸਮਝ ਆਉਂਦੀ ਹੈ ਕਿ ਆਤਮਕ ਆਨੰਦ ਦੀ ਖੱਟੀ ਖੱਟਣ ਵਾਸਤੇ ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਸਰਮਾਇਆ ਬਣਨਾ ਚਾਹੀਦਾ ਹੈ। ਇਹ ਸਰਮਾਇਆ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉਤੇ ਪ੍ਰਭੂ ਆਪ ਮਿਹਰ ਕਰੇ। ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥ ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥ ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥ ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥ {ਪੰਨਾ 921} ਪਦ ਅਰਥ: ਏ ਰਸਨਾ = ਹੇ (ਮੇਰੀ) ਜੀਭ! ਅਨ ਰਸਿ = ਹੋਰ ਹੋਰ ਰਸ ਵਿਚ। ਰਾਚਿ ਰਹੀ = ਮਸਤ ਹੋ ਰਹੀ ਹੈਂ। ਪਿਆਸ = ਸੁਆਦਾਂ ਦਾ ਚਸਕਾ। ਹੋਰਤੁ ਕਿਤੈ = ਕਿਸੇ ਹੋਰ ਥਾਂ ਤੋਂ। ਪਲੈ ਨ ਪਾਇ = ਨਹੀਂ ਮਿਲਦਾ। ਪੀਐ = ਪੀਂਦਾ ਹੈ। ਬਹੁੜਿ = ਮੁੜ, ਫਿਰ। ਕਰਮੀ = ਪ੍ਰਭੂ ਦੀ ਮੇਹਰ ਨਾਲ। ਹੋਰਿ ਅਨ ਰਸ = ਹੋਰ ਦੂਜੇ ਸਾਰੇ ਸੁਆਦ। ਸਭਿ = ਸਾਰੇ। ਮਨ = ਮਨ ਵਿਚ। ਅਰਥ: ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ। ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ। ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ। ਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ। ਨਾਨਕ ਆਖਦਾ ਹੈ– ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ। 32। ਭਾਵ: ਕਈ ਤਰ੍ਹਾਂ ਦੇ ਖਾਣੇ ਖਾਣ ਨਾਲ ਭੀ ਮਨੁੱਖ ਦਾ ਜੀਭ ਦਾ ਚਸਕਾ ਮੁੱਕਦਾ ਨਹੀਂ। ਬੜਾ ਖ਼ੁਆਰ ਹੁੰਦਾ ਹੈ ਮਨੁੱਖ ਇਸ ਚਸਕੇ ਵਿਚ। ਪਰ ਜਦੋਂ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ ਆਨੰਦ ਆਉਣ ਲੱਗ ਪੈਂਦਾ ਹੈ, ਜੀਭ ਦਾ ਚਸਕਾ ਖ਼ਤਮ ਹੋ ਜਾਂਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਏ, ਉਸ ਨੂੰ ਹਰਿ-ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ। ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥ ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥ ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥ {ਪੰਨਾ 921} ਪਦ ਅਰਥ: ਜੀਉ = ਜੀਵ। ਉਪਾਇ = ਪੈਦਾ ਕਰ ਕੇ। ਜਗਤੁ ਦਿਖਾਇਆ = ਜੀਵ ਨੂੰ ਜਗਤ ਵਿਚ ਭੇਜਦਾ ਹੈ। ਚਲਤੁ = ਖੇਡ, ਤਮਾਸ਼ਾ। ਮੂਲੁ ਰਚਿਆ = ਮੁੱਢ ਬੱਧਾ। ਜਿਨਿ = ਜਿਸ (ਪਰਮਾਤਮਾ) ਨੇ। ਅਰਥ: ਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ। (ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ। ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ) । ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ) । ਨਾਨਕ ਆਖਦਾ ਹੈ– ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ। 33। ਭਾਵ: ਸੁਖ-ਆਨੰਦ ਦਾ ਦਾਤਾ ਹੈ ਹੀ ਪਰਮਾਤਮਾ ਆਪ; ਪਰ ਮਨੁੱਖ ਜਗਤ ਵਿਚ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਰਹਿੰਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਮਝ ਪੈਂਦੀ ਹੈ ਕਿ ਇਹ ਜਗਤ ਤਾਂ ਮਦਾਰੀ ਦਾ ਤਮਾਸ਼ਾ ਹੀ ਹੈ, ਇਸ ਵਿਚੋਂ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਨਹੀਂ ਮਿਲ ਸਕਦਾ। ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥ ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥ ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥ ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥ {ਪੰਨਾ 921} ਪਦ ਅਰਥ: ਚਾਉ = ਆਨੰਦ। ਪ੍ਰਭ ਆਗਮੁ = ਪ੍ਰਭੂ ਦਾ ਆਉਣਾ। ਸਖੀ = ਹੇ ਸਖੀ! ਹੇ ਜਿੰਦੇ! ਮੰਗਲੁ = ਖ਼ੁਸ਼ੀ ਦਾ ਗੀਤ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ। ਗ੍ਰਿਹੁ = ਹਿਰਦਾ-ਘਰ। ਮੰਦਰੁ = ਪ੍ਰਭੂ ਦਾ ਨਿਵਾਸ-ਅਸਥਾਨ। ਨ ਵਿਆਪਏ = ਨਹੀਂ ਵਿਆਪਦਾ, ਆਪਣਾ ਦਬਾਉ ਨਹੀਂ ਪਾਂਦਾ। ਸਭਾਗੇ = ਭਾਗਾਂ ਵਾਲੇ। ਜਾਪਏ = ਦਿੱਸ ਪਿਆ ਹੈ। ਅਨਹਤ = ਇਕ-ਰਸ। ਅਨਹਤ ਬਾਣੀ = ਇਕ-ਰਸ ਸਿਫ਼ਤਿ-ਸਾਲਾਹ ਦੀ ਰੌ। ਸਬਦਿ = ਸ਼ਬਦ ਦੀ ਰਾਹੀਂ। ਜੋਗੋ = ਸਮਰੱਥ। ਅਰਥ: ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ। ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ। ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ। ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤਿ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ। ਨਾਨਕ ਆਖਦਾ ਹੈ– (ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ। 34। ਭਾਵ: ਮਨੁੱਖ ਦੇ ਅੰਦਰ ਆਤਮਕ ਆਨੰਦ ਤਦੋਂ ਹੀ ਬਣਦਾ ਹੈ ਜਦੋਂ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੁੰਦਾ ਹੈ। ਤਦੋਂ ਮਨੁੱਖ ਦਾ ਹਿਰਦਾ ਵਿਕਾਰਾਂ ਤੋਂ ਪਵਿੱਤਰ ਹੋ ਜਾਂਦਾ ਹੈ, ਕੋਈ ਚਿੰਤਾ ਕੋਈ ਦੁੱਖ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰ ਇਹ ਪਰਕਾਸ਼ ਗੁਰੂ ਦੀ ਰਾਹੀਂ ਹੀ ਹੁੰਦਾ ਹੈ। |
Sri Guru Granth Darpan, by Professor Sahib Singh |