ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 922 ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥ ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥ {ਪੰਨਾ 922} ਪਦ ਅਰਥ: ਕਿਆ ਕਰਮ = ਕੇਹੜੇ ਕੰਮ? ਹੋਰ ਹੋਰ ਕੰਮ ਹੀ। ਜਿਨਿ ਹਰਿ = ਜਿਸ ਹਰੀ ਨੇ। ਤੇਰਾ ਰਚਨੁ ਰਚਿਆ = ਤੈਨੂੰ ਪੈਦਾ ਕੀਤਾ। ਮਨਿ = ਮਨ ਵਿਚ। ਮੰਨਿ = ਮਨ ਵਿਚ। ਜਿਨਿ = ਜਿਸ ਮਨੁੱਖ ਨੇ। ਪਰਵਾਣੁ = ਕਬੂਲ, ਸਫਲ। ਅਰਥ: ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ। ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ। ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ (ਉਸ ਦੀ ਯਾਦ ਵਿਚ ਕਦੇ ਨਹੀਂ ਜੁੜਿਆ) । (ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ?) ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ (ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ) । ਨਾਨਕ ਆਖਦਾ ਹੈ– ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, (ਉਸ ਦਾ) ਇਹ ਸਰੀਰ ਸਫਲ ਹੋ ਜਾਂਦਾ ਹੈ (ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਇਹ ਬਣਾਇਆ ਗਿਆ) । 35। ਭਾਵ: ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮਨੁੱਖ ਮੁੜ ਮੁੜ ਉਹੋ ਜਿਸੇ ਕਰਮ ਹੀ ਕਰਦਾ ਰਹਿੰਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਵਾਲੇ ਪਾਸੇ ਆਪਣੇ ਆਪ ਪਰਤ ਨਹੀਂ ਸਕਦਾ। ਫਿਰ ਆਤਮਕ ਆਨੰਦ ਕਿਥੋਂ ਮਿਲੇ? ਚੰਗੇ ਭਾਗਾਂ ਨਾਲ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਦੀ ਜ਼ਿੰਦਗੀ ਕਾਮਯਾਬ ਹੁੰਦੀ ਹੈ। ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥ {ਪੰਨਾ 922} ਪਦ ਅਰਥ: ਨੇਤ੍ਰ = ਅੱਖਾਂ। ਜੋਤਿ = ਰੋਸ਼ਨੀ। ਨਿਹਾਲਿਆ = ਨਿਹਾਲੋ, ਵੇਖੋ। ਨਦਰੀ = ਨਜ਼ਰ ਨਾਲ, ਅੱਖਾਂ ਨਾਲ। ਵਿਸੁ = ਵਿਸ਼੍ਵ, ਸਾਰਾ। ਨਦਰੀ ਆਇਆ = ਦਿੱਸਦਾ ਹੈ। ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵ੍ਯ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ। ਅਰਥ: ਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ, ਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ। (ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ। ਨਾਨਕ ਆਖਦਾ ਹੈ– (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) । 26। ਭਾਵ: ਜਿਤਨਾ ਚਿਰ ਮਨੁੱਖ ਜਗਤ ਵਿਚ ਕਿਸੇ ਨੂੰ ਵੈਰ-ਭਾਵ ਨਾਲ ਵੇਖਦਾ ਹੈ ਕਿਸੇ ਨੂੰ ਮਿੱਤ੍ਰਤਾ ਦੇ ਭਾਵ ਨਾਲ, ਉਤਨਾ ਚਿਰ ਇਸ ਦੇ ਅੰਦਰ ਮੇਰ-ਤੇਰ ਹੈ। ਜਿਥੇ ਮੇਰ-ਤੇਰ ਹੈ, ਉਥੇ ਆਤਮਕ ਆਨੰਦ ਨਹੀਂ ਹੋ ਸਕਦਾ। ਗੁਰੂ ਨੂੰ ਮਿਲ ਕੇ ਮਨੁੱਖ ਦੀਆਂ ਅੱਖਾਂ ਖੁਲ੍ਹਦੀਆਂ ਹਨ, ਫਿਰ ਇਸ ਨੂੰ ਹਰ ਥਾਂ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ। ਇਹੀ ਦੀਦਾਰ ਹੈ ਆਨੰਦ ਦਾ ਮੂਲ। ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥ ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥ {ਪੰਨਾ 922} ਪਦ ਅਰਥ: ਸ੍ਰਵਣ = ਕੰਨ। ਪਠਾਏ = ਭੇਜੇ। ਸਾਚੈ = ਸਦਾ-ਥਿਰ ਪ੍ਰਭੂ ਨੇ। ਸਰੀਰਿ = ਸਰੀਰ ਵਿਚ। ਸਤਿ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਜਿਤੁ = ਜਿਸ ਦੀ ਰਾਹੀਂ। ਜਿਤੁ ਸੁਣੀ = ਜਿਸ ਦੇ ਸੁਣਨ ਨਾਲ। ਰਸਿ = ਆਨੰਦ ਵਿਚ। ਹਰਿਆ = ਖਿੜਿਆ, ਆਨੰਦ-ਭਰਪੂਰ। ਰਸਨਾ = ਜੀਭ। ਵਿਡਾਣੀ = ਅਸਚਰਜ। ਗਤਿ = ਹਾਲਤ। ਅੰਮ੍ਰਿਤ = ਆਤਮਕ ਆਨੰਦ ਦੇਣ ਵਾਲਾ। ਅਰਥ: ਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ। ਇਸ ਸਿਫ਼ਤਿ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ। ਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ (ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ– ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ (ਬਣਾਇਆ) ਹੈ। 37। ਭਾਵ: ਜਿਸ ਮਨੁੱਖ ਦੇ ਕੰਨਾਂ ਨੂੰ ਅਜੇ ਨਿੰਦਾ-ਚੁਗ਼ਲੀ ਸੁਣਨ ਦਾ ਚਸਕਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਪੈਦਾ ਨਹੀਂ ਹੋਇਆ। ਆਤਮਕ ਆਨੰਦ ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੈ ਜਿਸ ਦੇ ਕੰਨ ਜਿਸ ਦੀ ਜੀਭ ਦੇ ਸਾਰੇ ਗਿਆਨ-ਇੰਦ੍ਰੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਮਗਨ ਰਹਿੰਦੇ ਹਨ। ਉਹੀ ਗਿਆਨ-ਇੰਦ੍ਰੇ ਪਵਿੱਤਰ ਹਨ। ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥ ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥ ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥ ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥ ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥ {ਪੰਨਾ 922} ਪਦ ਅਰਥ: ਜੀਉ = ਜਿੰਦ। ਗੁਫਾ = ਸਰੀਰ। ਪਵਣੁ ਵਾਜਾ ਵਜਾਇਆ = ਸੁਆਸ-ਰੂਪ ਵਾਜਾ ਵਜਾਇਆ, ਬੋਲਣ ਦੀ ਸ਼ਕਤੀ ਦਿੱਤੀ। ਨਉ ਦੁਆਰੇ = ਨੌ ਗੋਲਕਾਂ, 1 ਮੂੰਹ, 2 ਕੰਨ, 2 ਅੱਖਾਂ, 2 ਨਾਸਾਂ, ਗੁਦਾ, ਲਿੰਗ। ਦਸਵਾ ਦੁਆਰ = (ਭਾਵ,) ਦਿਮਾਗ਼ (ਜਿਸ ਦੀ ਰਾਹੀਂ ਮਨੁੱਖ ਵਿਚਾਰ ਕਰ ਸਕਦਾ ਹੈ) । ਭਾਵਨੀ = ਸਰਧਾ, ਪ੍ਰੇਮ। ਤਹ = ਉਸ ਅਵਸਥਾ ਵਿਚ। ਅਨੇਕ ਰੂਪ ਨਾਉ = ਅਨੇਕਾਂ ਰੂਪਾਂ ਵਾਲੇ ਪ੍ਰਭੂ ਦਾ ਨਾਮ। ਨਿਧਿ = ਖ਼ਜ਼ਾਨਾ। ਅਰਥ: ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ। ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ। ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ) । ਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ) । ਨਾਨਕ ਆਖਦਾ ਹੈ– ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ। 38। ਭਾਵ: ਮਾਇਆ ਦੇ ਪ੍ਰਭਾਵ ਦੇ ਕਾਰਨ ਗਿਆਨ-ਇੰਦ੍ਰੇ ਮਨੁੱਖ ਨੂੰ ਮਾਇਕ ਪਦਾਰਥਾਂ ਵਲ ਹੀ ਭਜਾਈ ਫਿਰਦੇ ਹਨ। ਇਹ ਰਸਤਾ ਚੰਗਾ ਹੈ ਜਾਂ ਮੰਦਾ = ਇਹ ਵਿਚਾਰ ਕਰਨ ਵਾਲੀ ਸੱਤਿਆ ਦੱਬੀ ਹੀ ਰਹਿੰਦੀ ਹੈ। ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਦਰ ਤੇ ਅਪੜਾਂਦਾ ਹੈ, ਉਸ ਦੀ ਵਿਚਾਰ-ਸੱਤਿਆ ਜਾਗ ਪੈਂਦੀ ਹੈ। ਉਹ ਮਨੁੱਖ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ। ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥ ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥ ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥ ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥ ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥ {ਪੰਨਾ 922} ਪਦ ਅਰਥ: ਸੋਹਿਲਾ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ, ਸਾਧ ਸੰਗਤਿ ਵਿਚ। ਸਚੁ = ਸਦਾ-ਥਿਰ ਪ੍ਰਭੂ। ਗਾਵਹੁ = ਗਾਵਹਿ, (ਸਤ ਸੰਗੀ) ਗਾਂਦੇ ਹਨ। ਭਾਵਹਿ = ਜੇ ਤੈਨੂੰ ਚੰਗੇ ਲੱਗਣ, ਹੇ ਪ੍ਰਭੂ! ਬੁਝਾਵਹੇ = ਤੂੰ ਸੂਝ ਬਖ਼ਸ਼ੇਂ। ਗੁਰਮੁਖਿ = ਗੁਰੂ ਦੀ ਰਾਹੀਂ। ਪਾਵਹੇ = ਪ੍ਰਾਪਤ ਕਰਦੇ ਹਨ, ਪਾਵਹਿ। ਗਾਵਹੇ = ਗਾਵਹਿ, ਗਾਂਦੇ ਹਨ। ਅਰਥ: (ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਇਹ ਬਾਣੀ ਸਾਧ ਸੰਗਤਿ ਵਿਚ (ਬੈਠ ਕੇ) ਗਾਵਿਆ ਕਰੋ। ਉਸ ਸਤ ਸੰਗ ਵਿਚ ਆਮਤਕ ਅਨੰਦ ਦੇਣ ਵਾਲੀ ਬਾਣੀ ਗਾਵਿਆ ਕਰੋ, ਜਿਥੇ (ਗੁਰਮੁਖਿ ਜਨ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਦਾ ਗਾਂਦੇ ਹਨ। ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਣ, ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਇਹ ਸੂਝ ਬਖ਼ਸ਼ੇਂ। (ਹੇ ਭਾਈ!) ਸਦਾ-ਥਿਰ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ, ਜਿਸ ਜਿਸ ਉਤੇ ਉਹ ਮੇਹਰ ਕਰਦਾ ਹੈ ਉਹ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ। ਤੇ, ਨਾਨਕ ਆਖਦਾ ਹੈ, ਉਹ ਸਤ ਸੰਗਤਿ ਵਿਚ (ਬੈਠ ਕੇ) ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗਾਂਦੇ ਹਨ। 39। ਭਾਵ: ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੇ ਹਨ ਤੇ ਆਤਮਕ ਆਨੰਦ ਮਾਣਦੇ ਹਨ। ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥ {ਪੰਨਾ 922} ਪਦ ਅਰਥ: ਵਿਸੂਰੇ = ਚਿੰਤਾ-ਝੋਰੇ। ਸੰਤਾਪ = ਕਲੇਸ਼। ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਰਸੇ = ਸ-ਰਸ, ਰਹੇ, ਆਨੰਦ-ਭਰਪੂਰ। ਗੁਰ ਤੇ = ਗੁਰੂ ਤੋਂ। ਸਤਿਗੁਰੁ ਰਹਿਆ ਭਰਪੂਰੇ = ਗੁਰੂ (ਆਪਣੀ ਬਾਣੀ ਵਿਚ) ਭਰਪੂਰ ਹੈ, ਬਾਣੀ ਗੁਰੂ-ਰੂਪ ਹੈ। ਅਨਹਦ = ਇਕ-ਰਸ। ਤੂਰੇ = ਵਾਜੇ। ਮਨੋਰਥ = ਮਨ ਦੀਆਂ ਦੌੜਾਂ। ਅਰਥ: ਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ) , ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ। ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ। ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ। ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ। ਨਾਨਕ ਬੇਨਤੀ ਕਰਦਾ ਹੈ– ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) । 40। ਭਾਵ: ਆਤਮਕ ਆਨੰਦ ਦੇ ਲੱਛਣ: ਜਿਸ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ, ਕੋਈ ਦੁੱਖ ਰੋਗ ਕੋਈ ਕਲੇਸ਼ ਉਸ ਉਤੇ ਜ਼ੋਰ ਨਹੀਂ ਪਾ ਸਕਦਾ। ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਣ ਵਾਲਿਆਂ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਪਰਤੱਖ ਦਿੱਸਦਾ ਹੈ। |
Sri Guru Granth Darpan, by Professor Sahib Singh |