ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 923 ਰਾਮਕਲੀ ਸਦੁ ॥ ੴ ਸਤਿਗੁਰ ਪ੍ਰਸਾਦਿ ॥ {ਪੰਨਾ 923} ਇਸ ਬਾਣੀ ਦਾ ਪਹਿਲਾ ਟੀਕਾ: ਸੰਨ 1935 ਵਿਚ ਸਿੱਖ ਐਜੂਕੇਸ਼ਨਲ ਕਾਨਫ਼੍ਰੰਸ ਦਾ ਸਮਾਗਮ ਗੁਜਰਾਂਵਾਲੇ ਹੋਇਆ। ਉਥੇ ਕਾਨਫ਼੍ਰੰਸ ਦੇ ਪੰਡਾਲ ਵਿਚ ਮੈਨੂੰ ਗੁਰਬਾਣੀ-ਵਿਆਕਰਣ ਬਾਰੇ ਆਪਣੇ ਖ਼ਿਆਲ ਪਰਗਟ ਕਰਨ ਦਾ ਮੌਕਾ ਮਿਲਿਆ। ਅਖ਼ਬਾਰਾਂ ਦੇ ਪ੍ਰਤੀਨਿਧ ਭੀ ਮੌਜੂਦ ਸਨ। ਮੈਂ ਵਿਆਕਰਣ ਦੀ ਵਿਆਖਿਆ ਸਮੇ 'ਸੱਦ' ਦੀ ਪੰਜਵੀਂ ਪਉੜੀ ਦਾ ਹਵਾਲਾ ਭੀ ਦਿੱਤਾ। ਮਾਸਕ-ਪੱਤ੍ਰ 'ਅੰਮ੍ਰਿਤ' ਦੇ ਐਡੀਟਰ ਸ: ਗੰਗਾ ਸਿੰਘ ਜੀ ਨੇ ਮੈਨੂੰ ਸਮਾਗਮ ਤੋਂ ਪਿੱਛੋਂ ਕਿਹਾ ਕਿ ਮੈਂ ਉਸ ਸਾਰੀ ਬਾਣੀ ਦੀ ਵਿਆਖਿਆ ਵਿਆਕਰਣ ਅਨੁਸਾਰ ਲਿਖ ਕੇ ਕਿਤਾਬ ਦੀ ਸ਼ਕਲ ਵਿਚ ਪੇਸ਼ ਕਰਾਂ। 'ਅੰਮ੍ਰਿਤ' ਦਾ ਆਪਣਾ ਪ੍ਰੈੱਸ ਸੀ। ਉਹਨਾਂ ਮੇਰਾ ਉਹ ਟ੍ਰੈਕਟ 'ਰੱਬੀ ਸੱਦਾ' ਛਾਪ ਦਿੱਤਾ। ਉਹ ਟ੍ਰੈਕਟ 'ਰੱਬੀ ਸੱਦਾ' ਕਈ ਸਾਲਾਂ ਤੋਂ ਖ਼ਤਮ ਹੋ ਚੁਕਾ ਸੀ। ਪਰ ਹੋਰ ਹੋਰ ਟੀਕਿਆਂ, ਲੇਖਾਂ ਅਤੇ ਪੁਸਤਕਾਂ ਦੇ ਰੁਝੇਵੇਂ ਆਦਿ ਦੇ ਕਾਰਨ ਮੈਂ ਉਸ ਨੂੰ ਦੂਜੀ ਵਾਰੀ ਛੇਤੀ ਛਪਵਾ ਨਾਹ ਸਕਿਆ। ਦੂਜੀ ਵਾਰੀ ਇਹ ਟੀਕਾ 'ਸੱਦ ਸਟੀਕ' ਨਾਮ ਹੇਠ ਦਸੰਬਰ 1953 ਵਿਚ ਛਾਪਿਆ। ਇਸ ਦੀ ਅੰਦਰੀ ਸ਼ਕਲ ਬਹੁਤ ਕੁਝ ਬਦਲਾ ਕੇ ਇਸ ਨੂੰ ਮੌਜੂਦਾ ਰੂਪ ਦੇ ਦਿੱਤਾ ਗਿਆ। ਹਾਂ, ਮੂਲ ਦੇ ਟੀਕੇ ਵਿਚ ਕੋਈ ਭੀ ਫ਼ਰਕ ਪਾਣ ਦੀ ਲੋੜ ਨਹੀਂ ਸੀ ਪਈ। ਤਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਰੀਟਾਇਰ ਹੋ ਚੁਕਾ ਹੋਇਆ ਸਾਂ, ਤੇ, ਮੈਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਰਿਹਾਇਸ਼ ਜੋਗੀ ਥਾਂ ਮਿਲੀ ਹੋਈ ਸੀ। ਸਾਹਿਬ ਸਿੰਘ ਰਾਮਕਲੀ ਸਦੁ ॥ ੴ ਸਤਿਗੁਰ ਪ੍ਰਸਾਦਿ ॥ ਹਿੰਦੂ-ਮਤ ਅਨੁਸਾਰ ਅੰਤਮ ਸੰਸਕਾਰ: ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਪ੍ਰਾਣੀ ਮਰਨ ਲੱਗਦਾ ਹੈ, ਤਾਂ ਉਸ ਦੇ ਪੁੱਤਰ ਇਸਤ੍ਰੀ ਆਦਿਕ ਵਾਰਸ ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਭੁੰਞੇ ਦੱਭ ਵਿਛਾ ਕੇ ਉਸ ਉਤੇ ਕੱਪੜਾ ਵਿਛਾ ਦੇਣ ਦੀ ਮਰਯਾਦਾ ਹੈ। ਉਸ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤੇ ਦੀਵੇ ਵਿਚ ਬ੍ਰਾਹਮਣ ਦੀ ਭੇਟਾ ਲਈ ਸਮਰਥਾ ਅਨੁਸਾਰ ਅਠਿਆਨੀ ਰੁਪਇਆ ਆਦਿਕ ਚਾਂਦੀ ਸੋਨੇ ਦਾ ਸਿੱਕਾ ਪਾ ਦੇਂਦੇ ਹਨ। ਇਸ ਮਰਯਾਦਾ ਦਾ ਭਾਵ ਉਹ ਇਹ ਸਮਝਦੇ ਹਨ ਕਿ ਮਰਨ ਵਾਲੇ ਪ੍ਰਾਣੀ ਦੀ ਆਤਮਾ ਨੇ ਅਗਾਂਹ ਬੜੇ ਹਨੇਰੇ ਪੈਂਡਿਆਂ ਵਿਚੋਂ ਦੀ ਲੰਘਣਾ ਹੈ, ਜਿਥੇ ਰਾਹ-ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੋੜ ਪੈਂਦੀ ਹੈ। ਮਰਨ ਵੇਲੇ ਉਸ ਦੀ ਤਲੀ ਉੱਤੇ ਰੱਖਿਆ ਹੋਇਆ ਦੀਵਾ ਉਸ ਨੂੰ ਪਰਲੋਕ ਦੇ ਪੈਂਡਿਆਂ ਵਿਚ ਚਾਨਣ ਦੇਂਦਾ ਹੈ। ਜਦੋਂ ਆਦਮੀ ਮਰ ਜਾਂਦਾ ਹੈ, ਤਾਂ ਉਸ ਦੇ ਸਰੀਰ ਦਾ ਸਸਕਾਰ ਕਰਨ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉਤੇ ਰੱਖ ਕੇ ਮਣਸੇ ਜਾਂਦੇ ਹਨ। ਬ੍ਰਾਹਮਣ ਪੁਰਾਣ ਆਦਿਕ ਦੇ ਮੰਤ੍ਰ ਪੜ੍ਹਦਾ ਹੈ। ਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਭੀ ਭੇਟਾ ਕੀਤੀਆਂ ਜਾਂਦੀਆਂ ਹਨ। ਇਹ ਉਸ ਵਿਛੜੀ ਰੂਹ ਲਈ ਖ਼ੁਰਾਕ ਭੇਜੀ ਜਾਂਦੀ ਹੈ। ਘਰੋਂ ਤੁਰ ਕੇ ਮਸਾਣਾਂ ਤੋਂ ਉਰੇ ਅੱਧਵਾਟੇ (ਅੱਧਮਾਰਗੇ) ਮਿਰਤਕ ਦਾ ਫੱਟਾ ਭੁੰਞੇ ਰੱਖ ਦਿੱਤਾ ਜਾਂਦਾ ਹੈ। ਘਰੋਂ ਤੁਰਨ ਲੱਗਿਆਂ ਮਿੱਟੀ ਦਾ ਇਕ ਕੋਰਾ ਭਾਂਡਾ ਨਾਲ ਲੈ ਲੈਂਦੇ ਹਨ। ਉਸ ਅੱਧਮਾਰਗ ਤੇ ਉਹ ਭਾਂਡਾ ਭੰਨ ਦੇਂਦੇ ਹਨ, ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ ਉੱਚੀ ਡਰਾਉਣੀ ਆਵਾਜ਼ ਵਿਚ ਢਾਹ ਮਾਰਦਾ ਹੈ। ਇਸ ਰਸਮ ਦੇ ਹੇਠ ਖ਼ਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੋਹ ਕਰਕੇ ਅਜੇ ਉਸ ਮੁਰਦੇ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਇਸ ਭਿਆਨਕ ਢਾਹ ਨਾਲ ਉਸ ਨੂੰ ਡਰਾਂਦੇ ਹਨ ਕਿ ਚਲੀ ਜਾਏ। ਸਸਕਾਰ ਕਰਨ ਵੇਲੇ ਬ੍ਰਾਹਮਣ ਫਿਰ ਕੁਝ ਮੰਤ੍ਰ ਪੜ੍ਹਦਾ ਹੈ। ਸਸਕਾਰ ਤੋਂ ਪਿੱਛੋਂ ਬਚ ਰਹੀਆਂ ਹੱਡੀਆਂ (ਅਸਥੀਆਂ) ਹਰਿਦੁਆਰ ਗੰਗਾ ਨਦੀ ਵਿਚ ਪਾਈਆਂ ਜਾਂਦੀਆਂ ਹਨ। ਹਿੰਦੂ-ਖ਼ਿਆਲ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ ਵਿਚ ਨਾਹ ਪੈਣ ਉਸ ਦੀ ਗਤੀ ਨਹੀਂ ਹੁੰਦੀ। ਮਰਨ ਪਿਛੋਂ 13 ਦਿਨਾਂ ਤਕ ਹਰੇਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ, ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਜਿਨ੍ਹਾਂ ਦਾ ਕੋਈ ਮਰਦਾ ਹੈ, ਉਹਨਾਂ ਦੇ ਘਰ ਸ਼ਰੀਕੇ ਬਿਰਾਦਰੀ ਦੇ ਘਰਾਂ ਵਿਚੋਂ ਜ਼ਨਾਨੀਆਂ ਮਰਦ ਰਾਤ ਨੂੰ ਆ ਕੇ ਸੌਂਦੇ ਹਨ। ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਉੱਠ ਕੇ ਢਾਹ ਮਾਰਦਾ ਹੈ। 13 ਦਿਨ ਹਰ ਸਵੇਰੇ ਇਹੀ ਕੁਝ ਹੁੰਦਾ ਹੈ। ਇਹ ਭੀ ਮਿਰਤਕ ਦੀ ਆਤਮਾ ਨੂੰ ਡਰਾਣ ਵਾਸਤੇ ਕੀਤਾ ਜਾਂਦਾ ਹੈ। {ਨੋਟ: ਜਿਉਂ ਜਿਉਂ ਲੋਕ ਵਿੱਦਿਆ ਦੇ ਚਾਨਣ ਵਿਚ ਸਿਆਣੇ ਹੁੰਦੇ ਜਾ ਰਹੇ ਹਨ, ਇਹ ਢਾਹਾਂ ਮਾਰਨ ਵਾਲੀ ਰਸਮ ਹਟਦੀ ਜਾ ਰਹੀ ਹੈ}। ਤੇਰ੍ਹਵੇਂ ਦਿਨ ਮਿਰਤਕ ਦੀ ਕਿਰਿਆ ਕੀਤੀ ਜਾਂਦੀ ਹੈ। ਅਚਾਰਜ ਆ ਕੇ ਇਹ ਰਸਮ ਕਰਾਂਦਾ ਹੈ। ਇਹ ਮਰਯਾਦਾ ਵਿਛੁੜੀ ਆਤਮਾ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਤਕ ਅਪੜਾਣ ਵਾਸਤੇ ਕੀਤੀ ਜਾਂਦੀ ਹੈ। ਸ਼ਾਸਤ੍ਰ ਅਨੁਸਾਰ ਖ਼ਿਆਲ ਇਹ ਬਣਿਆ ਹੋਇਆ ਹੈ ਕਿ ਪਿਤਰ ਲੋਕ ਅੱਪੜਨ ਲਈ 360 ਦਿਨ ਲੱਗਦੇ ਹਨ। ਪੈਂਡਾ ਹੈ ਅਣਡਿੱਠਾ ਤੇ ਹਨੇਰਾ। ਇਸ ਵਾਸਤੇ ਕਿਰਿਆ ਕਰਨ ਵੇਲੇ 360 ਦੀਵੇ ਵੱਟੀਆਂ ਤੇ ਲੋੜੀਂਦਾ ਤੇਲ ਲਿਆ ਕੇ ਰੱਖ ਦੇਂਦੇ ਹਨ। ਜਦੋਂ ਵੇਦ-ਮੰਤ੍ਰ ਆਦਿਕ ਪੜ੍ਹਨ ਦੀ ਸਾਰੀ ਰਸਮ ਹੋ ਚੁਕਦੀ ਹੈ, ਤਾਂ ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ, ਅਤੇ ਇਸ ਤਰ੍ਹਾਂ ਮਰੇ ਪ੍ਰਾਣੀ ਨੂੰ ਪਿਤਰ ਲੋਕ ਦੇ ਲੰਮੇ ਪੈਂਡੇ ਵਿਚ 360 ਦਿਨ ਚਾਨਣ ਮਿਲਦਾ ਰਹਿੰਦਾ ਹੈ। ਇਹਨਾਂ ਇਕੱਠੇ ਬਾਲੇ ਦੀਵਿਆਂ ਤੋਂ ਇਲਾਵਾ ਭੀ ਛਨਿੱਛਰ ਦੇਵਤੇ ਦੇ ਮੰਦਰ ਵਿਚ ਸਾਲ ਭਰ ਹਰ ਰੋਜ਼ ਦੀਵਾ ਜਗਾਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆ ਵਾਲੇ ਦਿਨ ਭੀ ਵਿਛੁੜੀ ਰੂਹ ਦੀ ਖ਼ੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ। ਕਿਰਿਆ ਵਾਲੇ ਦਿਨ ਤੋਂ ਲੈ ਕੇ ਇੱਕ ਸਾਲ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖੁਆਇਆ ਜਾਂਦਾ ਹੈ। ਨੋਟ: ਸਸਕਾਰ ਕਰਨ ਤੋਂ ਪਿਛੋਂ ਕਿਰਿਆ ਵਾਲੇ ਦਿਨ ਤਕ ਗਰੁੜ ਪੁਰਾਣ ਦੀ ਕਥਾ ਭੀ ਕਰਾਈ ਜਾਂਦੀ ਹੈ। ਆਮ ਤੌਰ ਤੇ ਤਾਂ ਬ੍ਰਾਹਮਣ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰ ਬੈਠੇ ਹੀ ਗਰੁੜ ਦਾ ਪਾਠ ਕਰੀ ਜਾਣ। ਵਰ੍ਹੇ ਪਿੱਛੋਂ ਮਰਨ ਦੀ ਥਿੱਤ ਉਤੇ ਹੀ ਵਰ੍ਹੀਣਾ ਕੀਤਾ ਜਾਂਦਾ ਹੈ। ਖ਼ੁਰਾਕ ਦੇ ਇਲਾਵਾ ਵਿਛੁੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਭੇਜੇ ਜਾਂਦੇ ਹਨ। ਸਾਰਾ ਸਾਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ ਹੈ। ਇਸ ਤੋਂ ਪਿਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿਚ ਉਸ ਥਿੱਤ ਤੇ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ। ਇਹ ਭੀ ਵਿਛੁੜੇ ਸੰਬੰਧੀ ਨੂੰ ਅਪੜਾਣ ਲਈ ਹੀ ਹੁੰਦਾ ਹੈ। ਜੇ ਕੋਈ ਪ੍ਰਾਣੀ ਬਹੁਤ ਉਮਰ ਦਾ ਹੋ ਕੇ ਮਰੇ, ਪੋਤਰਿਆਂ ਪੜੋਤੜਿਆਂ ਵਾਲਾ ਹੋ ਜਾਏ ਤਾਂ ਉਸ ਦਾ ਸਸਕਾਰ ਕਰਨ ਵੇਲੇ ਉਸ ਨੂੰ 'ਵੱਡਾ ਕਰਦੇ' ਹਨ। ਜਿਸ ਫੱਟੇ ਉਤੇ ਮੁਰਦਾ ਚੁੱਕ ਕੇ ਲੈ ਜਾਈਦਾ ਹੈ, ਉਸ ਫੱਟੇ ਨੂੰ ਸੋਹਣੇ ਕੱਪੜਿਆਂ ਤੇ ਫੁੱਲਾਂ ਨਾਲ ਸਜਾਂਦੇ ਹਨ। ਮੁਰਦਾ ਲੈ ਜਾਣ ਵੇਲੇ ਉਸ ਦੇ ਉਤੋਂ ਦੀ ਉਸ ਦੇ ਪੋਤਰੇ ਪੜੋਤਰੇ ਆਦਿਕ ਛੁਹਾਰੇ ਮਖਾਣੇ ਪੈਸੇ ਆਦਿਕ ਸੁੱਟਦੇ ਹਨ। ਇਸ ਰਸਮ ਨੂੰ 'ਬਬਾਣ' ਕੱਢਣਾ ਆਖੀਦਾ ਹੈ। ਪੁਰਾਣ: ਪੁਰਾਣ = ਵਿਆਸ ਰਿਸ਼ੀ ਜਾਂ ਉਸ ਦੇ ਨਾਮ ਹੇਠ ਵਿਦਵਾਨਾਂ ਦੇ ਲਿਖੇ ਹੋਏ ਇਤਿਹਾਸ ਨਾਲ ਮਿਲੇ ਧਰਮ-ਗ੍ਰੰਥ। ਇਹਨਾਂ ਦੀ ਗਿਣਤੀ 18 ਹੈ। ਅਤੇ ਸ਼ਲੋਕ ਚਾਰ ਲੱਖ। ਵਿਸ਼ਨੂ ਪੁਰਾਣ ਅਨੁਸਾਰ ਪੁਰਾਣ ਦੇ ਲੱਛਣ ਇਹ ਹਨ– ਜਗਤ ਦੀ ਉਤਪੱਤੀ ਤੇ ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਬੰਸਾਵਲੀ, ਮਨੂ ਦੇ ਰਾਜ ਦਾ ਸਮਾ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ ਦੀ ਕਥਾ, = ਜਿਸ ਵਿਚ ਇਹ ਪੰਜ ਪ੍ਰਸੰਗ ਹੋਣ ਉਹ ਪੁਰਾਣ ਹੈ। 18 ਪਰਾਣ ਇਹ ਹਨ: ਵਿਸ਼ਨੂ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹਮਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸਯ, ਗਰੁੜ, ਬ੍ਰਹਮਾਂਡ, ਭਵਿਖਯ। ਗਰੁੜ-ਪੁਰਾਣ: ਹਿੰਦੂ ਮੰਨਦੇ ਹਨ ਕਿ ਹਰੇਕ ਦੇਵਤੇ ਦਾ ਕੋਈ ਉਚੇਚਾ ਅਵਾਹਨ (ਸਵਾਰੀ) ਹੈ। ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਬੈਲ। ਇਸੇ ਤਰ੍ਹਾਂ ਗਰੁੜ ਵਿਸ਼ਨੂੰ ਦੀ ਸਵਾਰੀ ਮੰਨਿਆ ਜਾਂਦਾ ਹੈ। ਗਰੁੜ ਪੁਰਾਣ ਵਿਚ ਵਿਸ਼ਨੂੰ ਆਪਣੇ ਅਵਾਹਨ ਗਰੁੜ ਨੂੰ ਜਮ-ਮਾਰਗ ਦਾ ਹਾਲ ਸੁਣਾਂਦਾ ਹੈ, ਤੇ ਆਖਦਾ ਹੈ: ਮਰਨ ਪਿਛੋਂ ਜੀਵ ਪ੍ਰੇਤ ਜੂਨ ਪ੍ਰਾਪਤ ਕਰਦਾ ਹੈ, ਅਤੇ ਇਸ ਦਾ ਸਰੀਰ ਅੰਗੂਠੇ ਜਿਤਨਾ ਹੋ ਜਾਂਦਾ ਹੈ। ਮਰੇ ਪ੍ਰਾਣੀ ਵਾਸਤੇ ਪਿੰਡ ਭਰਾਣੇ ਜ਼ਰੂਰੀ ਹਨ। ਇਹਨਾਂ ਦੀ ਸਹੈਤਾ ਨਾਲ ਪ੍ਰੇਤ ਦਾ ਸਰੀਰ ਦਸ ਦਿਨਾਂ ਵਿਚ ਹੱਥ ਭਰ ਬਣ ਜਾਂਦਾ ਹੈ। ਜਦੋਂ ਪ੍ਰਾਣੀ ਮਰਨ ਲੱਗੇ ਤਾਂ ਉਸ ਨੂੰ ਇਸ਼ਨਾਨ ਅਤੇ ਸਾਲਗਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਸਾਲਗਰਾਮ ਸਾਰੇ ਪਾਪਾਂ ਦਾ ਨਾਸ ਕਰਦਾ ਹੈ। ਜੇ ਮਰਨ ਵੇਲੇ ਪ੍ਰਾਣੀ ਦੇ ਮੂੰਹ ਵਿਚ ਸਾਲਗਰਾਮ ਦਾ ਚਰਨਾਮ੍ਰਿਤ ਪਏ, ਤਾਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਵੇਂ ਰੂੰ ਦੇ ਢੇਰ ਅੱਗ ਦੀ ਇਕ ਚਿਣਗ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ, ਤਿਵੇਂ ਮਰਨ ਵੇਲੇ ਪ੍ਰਾਣੀ ਲਫ਼ਜ਼ ਗੰਗਾ ਆਖਣ ਨਾਲ ਹੀ ਮੁਕਤ ਹੋ ਜਾਂਦਾ ਹੈ। ਪ੍ਰੇਤ-ਕਰਮ ਕਰਵਾਣ ਲਈ ਮਰੇ ਪ੍ਰਾਣੀ ਦੇ ਸਸਕਾਰ ਤੋਂ ਪਹਿਲਾਂ ਉਸ ਦਾ ਪੁੱਤਰ ਤੇ ਹੋਰ ਨਜ਼ਦੀਕੀ ਸੰਬੰਧੀ ਮੁੰਡਨ ਕਰਨ। ਇਹ ਅੱਤ ਜ਼ਰੂਰੀ ਹੈ। ਪ੍ਰੇਤ ਦੀ ਖ਼ਾਤਰ ਮੰਤ੍ਰ ਕੇ ਤਿਲ ਅਤੇ ਘਿਉ ਦੀ ਅਹੂਤੀ ਦੇਣੀ ਚਾਹੀਦੀ ਹੈ, ਅਤੇ ਬਹੁਤ ਰੋਣਾ ਚਾਹੀਦਾ ਹੈ। ਅਜੇਹਾ ਕਰਨ ਨਾਲ ਮਰੇ ਪ੍ਰਾਣੀ ਨੂੰ ਸੁਖ ਹੁੰਦਾ ਹੈ। ਯਾਰਾਂ ਦਿਨ ਰਾਤ-ਦਿਨ ਹਰ ਵੇਲੇ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਇਸ ਦੀਵੇ ਨਾਲ ਜਮ-ਮਾਰਗ ਵਿਚ ਚਾਨਣ ਹੁੰਦਾ ਹੈ। ਪ੍ਰੇਤ-ਕਰਮ ਕਰਨ ਨਾਲ ਪ੍ਰਾਣੀ ਦਸ ਦਿਨਾਂ ਵਿਚ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਗਰੁੜ ਪੁਰਾਣ ਨੂੰ ਸੁਣਨ ਤੇ ਸੁਣਾਨ ਵਾਲੇ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ। ਇਸ ਪੁਰਾਣ ਦੇ ਵਾਚਣ ਵਾਲੇ ਪੰਡਿਤ ਨੂੰ ਕੱਪੜੇ ਗਹਿਣੇ, ਗਊ, ਅੰਨ, ਸੋਨਾ, ਜ਼ਮੀਨ ਆਦਿਕ ਸਭ ਕੁਝ ਦਾਨ ਕਰਨਾ ਚਾਹੀਦਾ ਹੈ, ਨਹੀਂ ਤਾਂ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਕਥਾ ਸੁਣਾਨ ਵਾਲਾ ਜੇ ਪ੍ਰਸੰਨ ਹੋ ਜਾਵੇ, ਤਾਂ ਹੇ ਗਰੁੜ! ਦਾਨ ਕਰਨ ਵਾਲੇ ਉਤੇ ਮੈਂ ਭੀ ਪ੍ਰਸੰਨ ਹੋ ਜਾਂਦਾ ਹਾਂ। ਗੁਰੂ ਅਮਰਦਾਸ ਜੀ ਬਾਰੇ ਕਿਰਿਆ ਦਾ ਭੁਲੇਖਾ 'ਸੱਦ' ਦੀ ਪੰਜਵੀਂ ਪਉੜੀ ਨੂੰ ਪੜ੍ਹ ਕੇ ਸਿੱਖ ਜਨਤਾ ਆਮ ਤੌਰ ਤੇ ਟਪਲਾ ਖਾ ਜਾਂਦੀ ਹੈ, ਤੇ ਅਨੇਕਾਂ ਸੱਜਣ ਇਹ ਸਮਝਣ ਲੱਗ ਪੈਂਦੇ ਹਨ ਕਿ ਇਸ ਪਉੜੀ ਵਿਚ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਕਰਨ ਦੀ ਹਿਦਾਇਤ ਦਾ ਜ਼ਿਕਰ ਹੈ। ਮੇਰਾ 'ਗੁਰਬਾਣੀ ਵਿਆਕਰਣ' ਸੰਨ 1939 ਵਿਚ ਛਪਿਆ ਸੀ। ਹੁਣ ਤਾਂ ਪੜ੍ਹੇ-ਲਿਖੇ ਸੱਜਣਾਂ ਨੂੰ ਕੋਈ ਸ਼ੱਕ ਨਹੀਂ ਰਿਹਾ ਹੋਵੇਗਾ ਕਿ ਗੁਰੂ ਸਾਹਿਬ ਦੇ ਵੇਲੇ ਦੀ ਪੰਜਾਬੀ ਅਤੇ ਹੁਣ ਦੀ ਪੰਜਾਬੀ ਦੇ ਵਿਆਕਰਣ ਵਿਚ ਬਹੁਤ ਸਾਰਾ ਫ਼ਰਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਸਮਝਣ ਲਈ ਇਹ ਅੱਤ ਜ਼ਰੂਰੀ ਹੈ ਕਿ ਉਸ ਵਕਤ ਦੀ ਪੰਜਾਬੀ ਦੇ ਵਿਆਕਰਣਿਕ ਨਿਯਮਾਂ ਦੀ ਥੋਹੜੀ ਬਹੁਤ ਸਮਝ ਹੋਵੇ। ਪਾਠਕਾਂ ਦੀ ਸਹੂਲਤ ਵਾਸਤੇ ਪੰਜਵੀਂ ਪਉੜੀ ਦੇ ਅਰਥਾਂ ਵਿਚ ਲਫ਼ਜ਼ ਪੰਡਿਤ, ਪੜਹਿ ਅਤੇ ਪਾਵਏ ਦੀ ਵਿਆਕਰਣਿਕ ਵਾਕਫ਼ੀਅਤ ਦੇਣ ਦੀ ਖ਼ਾਤਰ ਬਹੁਤ ਵਿਸਥਾਰ ਤੋਂ ਕੰਮ ਲਿਆ ਗਿਆ ਹੈ, ਤਾ ਕਿ ਕਿਸੇ ਸ਼ੱਕ ਦੀ ਗੁੰਜੈਸ਼ ਨਾਹ ਰਹਿ ਸਕੇ। ਭੂਮਿਕਾ ਵਿਚ ਸਰਸਰੀ ਜਿਹੀ ਜਾਣ-ਪਛਾਣ ਕਰਾਣ ਲਈ ਸਿਰਫ਼ ਇਹੀ ਦੱਸਣਾ ਕਾਫ਼ੀ ਹੈ ਕਿ ਲਫ਼ਜ਼ 'ਪੰਡਿਤ' ਬਹੁ-ਵਚਨ ਹੈ, ਲਫ਼ਜ਼ 'ਪੜਹਿ' ਭੀ ਬਹੁ-ਵਚਨ ਹੈ। ਹਿੰਦੂ ਸੱਜਣ ਮਰੇ ਪ੍ਰਾਣੀ ਪਿਛੋਂ ਕਿਰਿਆ ਕਰਾਂਦੇ ਹਨ। ਕਿਰਿਆ ਕਰਨ ਵਾਲੇ ਬ੍ਰਾਹਮਣ ਨੂੰ ਅਚਾਰਜ ਆਖੀਦਾ ਹੈ। ਇਹ ਅਚਾਰਜ ਖ਼ਾਨਦਾਨੀ ਹੀ ਤੁਰੇ ਆਉਂਦੇ ਹਨ। ਹਰੇਕ ਘਰ ਦਾ ਇਕੋ ਹੀ ਅਚਾਰਜ ਹੁੰਦਾ ਹੈ। ਜੇ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਦੀ ਹਿਦੈਤ ਹੁੰਦੀ, ਤਾਂ ਲਫ਼ਜ਼ 'ਪੰਡਿਤ' ਏਥੇ 'ਕਬੀਰ ਕੇਸੋ ਕੇਸੋ ਕੂਕੀਐ', ਅਤੇ 'ਗੋਪਾਲ ਤੇਰਾ ਆਰਤਾ'। ਸਤਿਗੁਰੂ ਜੀ ਵਲੋਂ ਹਿਦਾਇਤ ਇਹ ਹੈ ਕਿ ਸਾਡੇ ਪਿਛੋਂ ਪਰਮਾਤਮਾ ਦੇ ਪੰਡਿਤਾਂ ਨੂੰ ਸੱਦਣਾ, ਭਾਵ, ਸਤਸੰਗੀਆਂ ਨੂੰ ਬੁਲਾਣਾ ਜੋ ਆ ਕੇ ਗਰੁੜ ਪੁਰਾਣ ਦੇ ਥਾਂ 'ਹਰਿ ਹਰਿ ਕਥਾ' ਪੜ੍ਹਨ। ਇਸੇ ਹਿਦਾਇਤ ਦੀ ਤਾਕੀਦ ਅਗਲੀਆਂ ਦੋ ਤੁਕਾਂ ਵਿਚ ਕੀਤੀ ਹੈ। "ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ ॥" ਲਫ਼ਜ਼ 'ਪਾਵਏ' ਵਰਤਮਾਨ ਕਾਲ ਹੈ, ਅੱਨ ਪੁਰਖ, ਇਕ-ਵਚਨ। ਇਸ ਦਾ ਅਰਥ ਹੈ– 'ਪਾਂਦਾ ਹੈ'। ਕਿਸੇ ਭੀ ਹਾਲਤ ਵਿਚ ਇਹ ਲਫ਼ਜ਼ ਹੁਕਮੀ ਭਵਿੱਖਤ ਕਾਲ (Imperative mood) ਵਿਚ ਨਹੀਂ ਹੈ। ਤੀਜੀ ਤੁਕ ਵਿਚ ਜ਼ਿਕਰ ਹੈ ਕਿ 'ਬੇਬਾਣੁ ਹਰਿ ਰੰਗੁ ਗੁਰ ਭਾਵਏ' (ਗੁਰੂ ਨੂੰ ਹਰੀ ਦਾ ਪਿਆਰ-ਰੂਪ ਬੇਬਾਣ ਚੰਗਾ ਲੱਗਦਾ ਹੈ) । ਚੌਥੀ ਤੁਕ ਦੇ ਲਫ਼ਜ਼ 'ਪਾਵਏ' ਦਾ ਕਰਤਾ ਲਫ਼ਜ਼ 'ਗੁਰੁ' ਹੈ (ਗੁਰੂ ਪਿੰਡ ਪਤਲਿ ਕਿਰਿਆ ਦੀਵਾ ਫੁੱਲ = ਇਹ ਸਭ ਕੁਝ 'ਹਰਿਸਰ' ਵਿਚ ਪਾਂਦਾ ਹੈ, ਭਾਵ, ਇਸ ਸਾਰੀ ਰਸਮ ਨੂੰ ਗੁਰੂ ਸਤਸੰਗ ਤੋਂ ਸਦਕੇ ਕਰਦਾ ਹੈ) । ਕਿਰਿਆ ਆਦਿਕ ਬਾਰੇ ਗੁਰੂ ਨਾਨਕ ਦੇਵ ਜੀ ਦੀ ਹਿਦਾਇਤ ॥ ਇਹ ਗੱਲ ਨਿਸ-ਸੰਦੇਹ ਸਾਬਤ ਹੋ ਚੁਕੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਆਪਣੀ ਸਾਰੀ ਬਾਣੀ ਆਪ ਹੀ ਲਿਖ ਕੇ ਆਪਣੇ ਪਾਸ ਰੱਖਦੇ ਰਹੇ ਸਨ। ਅਪਣੀ ਹੱਥੀਂ ਉਹਨਾਂ ਇਹ ਸਾਰੀ ਹੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿੱਤੀ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ ਸਮੇਤ ਇਹ ਸਾਰਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੂੰ ਦੇ ਦਿੱਤਾ ਸੀ। ਇਸੇ ਤਰ੍ਹਾਂ ਸਿਲਸਿਲੇ-ਵਾਰ ਪਹਿਲੇ ਚਾਰ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਗੁਰੂ ਰਾਮਦਾਸ ਜੀ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਮਿਲ ਗਈ ਸੀ। {ਪੜ੍ਹੋ ਮੇਰੇ ਲੇਖ ਤੀਜੀ ਪੋਥੀ ਵਿਚ} ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਟਾਕਰਾ ਕਰ ਕੇ ਇਹ ਭੀ ਪੂਰੇ ਤੌਰ ਤੇ ਸਾਬਤ ਕੀਤਾ ਜਾ ਚੁਕਿਆ ਹੈ ਕਿ ਗੁਰੂ ਅਮਰਦਾਸ ਜੀ ਗੁਰੂ ਨਾਨਕ ਜੀ ਦੀ ਸਾਰੀ ਬਾਣੀ ਨੂੰ ਬੜੇ ਗਹੁ ਨਾਲ ਪੜ੍ਹਦੇ ਰਹਿੰਦੇ ਸਨ। ਇਸ ਬਾਣੀ ਬਾਰੇ ਉਹਨਾਂ ਦਾ ਅੱਭਿਆਸ ਕਮਾਲ ਦਰਜੇ ਦਾ ਸੀ। ਹਿੰਦੂ ਪ੍ਰਾਣੀ ਦੇ ਅੰਤਮ ਸੰਸਕਾਰ ਦੀਵਾ, ਪਿੰਡ, ਪਤਲਿ, ਕਿਰਿਆ ਆਦਿਕ = ਬਾਰੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ 'ਉਦਾਸੀ' ਸਮੇਂ ਗਇਆ ਤੀਰਥ ਤੇ ਪਹੁੰਚ ਕੇ ਜੋ ਆਪਣੇ ਖ਼ਿਆਲ ਪਰਗਟ ਕੀਤੇ ਸਨ, ਤੇ ਜੋ ਸਾਰੀ ਬਾਣੀ ਦੇ ਸੰਗ੍ਰਹਿ ਵਿਚ ਆ ਕੇ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ, ਉਹ ਇਉਂ ਹਨ: ਆਸਾ ਮਹਲਾ 1 ॥ ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ ॥1॥ ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ, ਏਕ ਰਤੀ ਲੇ ਭਾਹਿ ॥1॥ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ, ਏਹੁ ਮੇਰਾ ਆਧਾਰੁ ॥2॥ ਗੰਗ ਬਨਾਰਸਿ ਸਿਫਤਿ ਤੁਮਾਰੀ, ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ, ਜਾਂ ਅਹਿਨਿਸਿ ਲਾਗੈ ਭਾਉ ॥3॥ ਇਕ ਲੋਕੀ ਹੋਰੁ ਛਮਿਛਰੀ, ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ ਪਿੰਡੁ ਬਖਸੀਸ ਕਾ, ਕਬਹੂੰ ਨਿਖੂਟਸਿ ਨਾਹਿ ॥4॥ ਦੀਵਾ-ਵੱਟੀ, ਪਿੰਡ ਭਰਾਣੇ, ਕਿਰਿਆ ਕਰਾਣੀ, ਫੁੱਲ ਹਰਿਦੁਆਰ ਲੈ ਜਾਣੇ; ਇਸ ਸਾਰੀ ਹੀ ਮਰਯਾਦਾ ਬਾਰੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਮ-ਲੇਵਾ ਸਿੱਖਾਂ ਲਈ ਇਹ ਹਿਦਾਇਤ ਸੰਨ 1509 ਦੀ ਵਿਸਾਖੀ ਸਮੇਂ ਸਪਸ਼ਟ ਕਰ ਦਿੱਤੀ। ਆਪਣੀ ਸੰਸਾਰਕ ਜ਼ਿੰਦਗੀ ਦੇ ਬਾਕੀ ਸਾਢੇ ਤੀਹ ਸਾਲ ਇਸ ਹਿਦਾਇਤ ਦਾ ਪਰਚਾਰ ਕਰਦੇ ਰਹੇ, ਅਤੇ ਆਪਣੇ ਸਿੱਖਾਂ ਨੂੰ ਇਸ ਉਤੇ ਤੋਰਦੇ ਰਹੇ। ਇਹ ਕੋਈ ਨਿੱਕੀ ਜੇਹੀ ਗੱਲ ਨਹੀਂ ਸੀ। ਸਾਰੀ ਹਿੰਦੂ ਜਨਤਾ ਕਿਰਿਆ ਆਦਿਕ ਮਰਯਾਦਾ ਸੰਬੰਧੀ ਸਦੀਆਂ ਤੋਂ ਬ੍ਰਾਹਮਣ ਦੀ ਮੁਥਾਜ ਚਲੀ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਇਹਨਾਂ ਬੰਧਨਾਂ ਤੋਂ ਸੁਤੰਤਰ ਕਰ ਦਿੱਤਾ। ਜਿਥੋਂ ਤਕ ਰੋਜ਼ ਦਾ ਸੰਬੰਧ ਸੀ, ਬ੍ਰਾਹਮਣਾਂ ਨੂੰ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਜਾ-ਨਸ਼ੀਨ ਗੁਰ-ਵਿਅਕਤੀਆਂ ਤੋਂ ਭਾਰੀ ਖ਼ਤਰਾ ਦਿੱਸ ਪਿਆ। ਗੁਰ-ਇਤਿਹਾਸ ਨੂੰ ਗਹੁ ਨਾਲ ਪੜ੍ਹਨ ਵਾਲੇ ਸੱਜਣ ਜਾਣਦੇ ਹਨ ਕਿ ਬ੍ਰਾਹਮਣ ਨੇ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਹੀ ਸਿੱਖ ਧਰਮ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੀਜੇ ਗੁਰੂ, ਗੁਰੂ ਅਮਰਦਾਸ ਜੀ ਬ੍ਰਾਹਮਣ ਵਾਲੀ ਉਸੇ ਮੁਥਾਜੀ ਵਿਚ ਮੁੜ ਆਪ ਪੈ ਕੇ ਆਪਣੇ ਸਿੱਖਾਂ ਲਈ ਭੀ ਉਹੀ ਮੁਥਾਜੀ ਨਵੇਂ ਸਿਰੇ ਕਾਇਮ ਕਰ ਜਾਂਦੇ। ਹਿੰਦੂ ਸੱਜਣ ਦੀ ਕਿਰਿਆ ਹੁੰਦੀ ਹੈ ਕਿ ਉਸ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਵਿਚ ਅਪੜਾਇਆ ਜਾਏ। ਗੁਰੂ ਅਮਰਦਾਸ ਜੀ ਬਾਰੇ ਅਜੇਹਾ ਕੋਈ ਰੰਚਕ ਮਾਤ੍ਰ ਖ਼ਿਆਲ ਭੀ ਲਿਆਉਣਾ ਇਕ ਸਿੱਖ ਵਾਸਤੇ ਅੱਤ ਦਰਜੇ ਦੀ ਮਾਨਸਕ ਗਿਰਾਵਟ ਹੈ। ਗੁਰੂ ਅਮਰਦਾਸ ਜੀ ਅਤੇ ਤੀਰਥ-ਯਾਤ੍ਰਾ ਜਿਨ੍ਹਾਂ ਲੋਕਾਂ ਦੀ ਦੀਵੇ-ਵੱਟੀ ਪਿੰਡ-ਪੱਤਲਿ ਕਿਰਿਆ ਆਦਿਕ ਵਿਚ ਸਰਧਾ ਹੈ, ਉਹਨਾਂ ਵਾਸਤੇ ਇਹ ਭੀ ਜ਼ਰੂਰੀ ਹੈ ਕਿ ਆਪਣੇ ਮਰੇ ਪ੍ਰਾਣੀ ਦੀਆਂ ਅਸਥੀਆਂ (ਫੁੱਲ) ਹਰਿਦੁਆਰ ਲੈ ਜਾ ਕੇ ਗੰਗਾ ਵਿਚ ਜਲ-ਪ੍ਰਵਾਹ ਕਰਨ। ਦੂਜੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਕਿਰਿਆ ਆਦਿਕ ਦੇ ਸਰਧਾਲੂ ਲਈ ਹਰਿਦੁਆਰ ਤੀਰਥ ਤੇ ਗੰਗਾ ਦਾ ਇਸ਼ਨਾਨ ਅੱਤ ਜ਼ਰੂਰੀ ਹੈ। ਪਰ ਇਸ ਬਾਰੇ ਭੀ ਗੁਰੂ ਨਾਨਕ ਦੇਵ ਜੀ ਨੇ ਉਸੇ ਸ਼ਬਦ ਵਿਚ ਸਾਫ਼ ਲਿਖ ਦਿੱਤਾ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਾਡੇ ਵਾਸਤੇ ਗੰਗਾ ਦਾ ਇਸ਼ਨਾਨ ਹੈ। ਸਿੱਖ-ਇਤਿਹਾਸ ਲਿਖਦਾ ਹੈ ਕਿ ਗੁਰੂ ਅੰਗਦ ਸਾਹਿਬ ਦੇ ਪਾਸ ਸੰਨ 1541 ਵਿਚ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ 19 ਸਾਲ ਹਰਿਦੁਆਰ ਜਾਂਦੇ ਰਹੇ। ਇਹ ਉਹਨਾਂ ਦਾ ਹਰ ਸਾਲ ਦਾ ਨਿਯਮ ਸੀ। ਪਰ ਸਤਿਗੁਰੂ ਜੀ ਦੀ ਸਰਨ ਆ ਕੇ ਉਹਨਾਂ ਹਿੰਦੂ ਮਤ ਵਾਲਾ ਤੀਰਥ-ਇਸ਼ਨਾਨ ਦਾ ਨਿਯਮ ਬੇ-ਲੋੜਵਾਂ ਸਮਝ ਲਿਆ। ਸੰਨ 1541 ਤੋਂ ਪਿਛੋਂ ਆਪਣੇ 34 ਸਾਲਾਂ ਦੇ ਸਰੀਰਕ ਜੀਵਨ ਵਿਚ ਉਹ ਸਿਰਫ਼ ਇੱਕ ਵਾਰੀ ਹਰਿਦੁਆਰ ਗਏ ਸੰਨ 1558 ਵਿਚ, ਜਦੋਂ ਉਹਨਾਂ ਨੂੰ ਗੁਰ-ਗੱਦੀ ਤੇ ਬੈਠਿਆਂ 6 ਸਾਲ ਹੋ ਚੁਕੇ ਸਨ। ਉਹ ਭੀ ਇੱਕ ਵਾਰੀ ਕਿਉਂ ਗਏ ਸਨ? ਜਿਵੇਂ ਗੁਰੂ ਨਾਨਕ ਦੇਵ ਜੀ "ਚੜ੍ਹਿਆ ਸੋਧਣ ਧਰਤਿ ਲੁਕਾਈ। " ਗੁਰੂ ਅਮਰਦਾਸ ਜੀ ਦੇ ਹਰਿਦੁਆਰ ਜਾਣ ਬਾਰੇ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿਚ ਲਿਖਿਆ ਹੈ: "ਤੀਰਥ ਉਦਮੁ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ ॥" ਗੁਰੂ ਦੀ ਸਰਨ ਆਉਣਾ, ਗੁਰੂ ਦੇ ਸ਼ਬਦ ਵਿਚ ਜੁੜਨਾ = ਸਿਰਫ਼ ਇਹੀ ਸੀ ਸੱਚਾ ਤੀਰਥ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿਚ। ਸੂਹੀ ਰਾਗ ਦੀਆਂ ਅਸਟਪਦੀਆਂ ਵਿਚ ਆਪ ਨੇ ਲਿਖਿਆ ਹੈ: "ਸਚਾ ਤੀਰਥੁ ਜਿਤੁ ਸਤਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ ਸੋ, ਜਿਥੇ ਪ੍ਰਾਣੀ ਦੇ ਅੰਤਮ ਸੰਸਕਾਰ ਬਾਰੇ ਸਿੱਖ-ਧਰਮ ਦਾ ਦ੍ਰਿਸ਼ਟੀ-ਕੋਣ ਹਿੰਦੂ ਧਰਮ ਨਾਲੋਂ ਬਦਲ ਚੁਕਿਆ ਸੀ, ਉਥੇ ਤੀਰਥ-ਇਸ਼ਨਾਨ ਬਾਰੇ ਭੀ ਵੱਖਰਾ ਹੋ ਗਿਆ ਸੀ। 'ਸੱਦ' ਦਾ ਇੰਦਰਾਜ 'ਬੀੜ' ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਵੇਲੇ ਦੇ ਵਿਆਕਰਣ ਅਨੁਸਾਰ ਸਮਝਣ ਵਲੋਂ ਸਿੱਖ ਪੰਥ ਦੀ ਲਾ-ਪਰਵਾਹੀ ਨੇ ਕਈ ਸ਼ਬਦਾਂ ਬਾਰੇ ਕਈ ਭੁਲੇਖੇ ਖੜੇ ਕਰ ਦਿੱਤੇ। ਜਿਵੇਂ 'ਸੱਦ' ਦੀ ਪੰਜਵੀਂ ਪਉੜੀ ਤੋਂ ਇਹ ਭੁਲੇਖਾ ਬਣਿਆ, ਇਸੇ ਤਰ੍ਹਾਂ ਭਗਤਾਂ ਦੇ ਕਈ ਸ਼ਬਦ ਭੀ ਗੁਰਮਤਿ ਦੇ ਉਲਟ ਸਮਝੇ ਜਾਣ ਲੱਗ ਪਏ। ਸ਼ਬਦਾਂ ਦੀ ਸਹੀ ਸਮਝ ਨਾਹ ਪੈ ਸਕਣ ਤੇ ਕਈ ਹਾਸੋ-ਹੀਣੀਆਂ ਸਾਖੀਆਂ ਭੀ ਚੱਲ ਪਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਸੱਜਣਾਂ ਨੇ ਇਹ ਮਨੌਤ ਬਣਾ ਲਈ ਕਿ ਭਗਤ-ਬਾਣੀ, ਸੱਤੇ ਬਲਵੰਡ ਦੀ ਵਾਰ ਆਦਿਕ ਕੁਝ ਬਾਣੀਆਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਬਾਬਾ ਪ੍ਰਿਥੀ ਚੰਦ ਜੀ ਨੇ ਜਹਾਂਗੀਰ ਨਾਲ ਸਾਜ਼ਸ਼ ਕਰ ਕੇ 'ਬੀੜ' ਵਿਚ ਦਰਜ ਕਰਾ ਦਿੱਤੀਆਂ ਸਨ। ਇਸ ਪ੍ਰਸਤਾਵ ਦਾ ਉੱਤਰ ਪੜ੍ਹੋ ਤੀਜੀ ਪੋਥੀ ਵਿਚ ਉਸ ਨੂੰ ਇੱਥੇ ਦੁਹਰਾਣ ਦੀ ਲੋੜ ਨਹੀਂ ਹੈ। ਇਥੇ ਸਿਰਫ਼ ਗੁਰੂ ਗ੍ਰੰਥ ਵਿਚ ਵਰਤੇ 'ਅੰਕਾਂ' ਦਾ ਹਵਾਲਾ ਦੇ ਕੇ ਦੱਸਿਆ ਜਾਇਗਾ ਕਿ ਬਾਣੀ 'ਸਦੁ' ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕਰਾਈ ਸੀ। 1430 ਸਫ਼ਿਆਂ ਵਾਲੀ 'ਬੀੜ' ਅਨੁਸਾਰ ਰਾਮਕਲੀ ਰਾਗ ਵਿਚ ਵਰਤੇ ਅੰਕਾਂ ਉਤੇ ਵਿਚਾਰ ਕੀਤੀ ਜਾਇਗੀ। ਇਹ ਰਾਗ ਸਫ਼ਾ 876 ਤੋਂ ਸ਼ੁਰੂ ਹੁੰਦਾ ਹੈ। ਮਰਯਾਦਾ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹਨ। ਸਫ਼ਾ 879 ਤੇ ਕੁੱਲ ਜੋੜ 11 ਦਿੱਤਾ ਗਿਆ ਹੈ। ਸਫ਼ਾ 880 = ਸ਼ਬਦ ਗੁਰੂ ਅਮਰਦਾਸ ਜੀ। ਸਿਰਫ਼ ਇਕੋ ਸ਼ਬਦ ਹੈ। ਇਸੇ ਹੀ ਸਫ਼ੇ ਤੇ ਗੁਰੂ ਰਾਮਦਾਸ ਜੀ ਦੇ ਸ਼ਬਦ ਸ਼ੁਰੂ ਹੁੰਦੇ ਹਨ। ਸਫ਼ਾ 882 ਤੇ ਇਹਨਾਂ ਦੇ ਸ਼ਬਦਾਂ ਦਾ ਜੋੜ 6 ਦਿੱਤਾ ਹੋਇਆ ਹੈ। ਇਥੇ ਹੀ ਤਿੰਨਾਂ ਗੁਰ-ਵਿਅਕਤੀਆਂ ਦੇ ਸ਼ਬਦਾਂ ਦਾ ਜੋੜ 18 ਭੀ ਲਿਖਿਆ ਮਿਲਦਾ ਹੈ– 11+1+6=18। ਸਫ਼ਾ 882 ਤੋਂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸ਼ੁਰੂ ਹੋਏ ਹਨ। ਸਫ਼ਾ 886 ਤੇ 'ਘਰੁ 1' ਦੇ 11 ਸ਼ਬਦ ਮੁੱਕਦੇ ਹਨ। ਅਗਾਂਹ 'ਘਰੁ 2' ਦੇ ਸ਼ਬਦ ਹਨ। ਅੰਕ ਦੋਹਰਾ ਕਰ ਦਿੱਤਾ ਗਿਆ ਹੈ। ਸਫ਼ਾ 901 ਤੇ ਇਹ ਲੜੀ ਖ਼ਤਮ ਹੁੰਦੀ ਹੈ। ਦੋਹਰਾ ਜੋੜ ਹੈ। 45। 56। ਭਾਵ, 45 ਸ਼ਬਦ 'ਘਰੁ 2' ਦੇ ਹਨ, ਅਤੇ 11 'ਘਰੁ 1' ਦੇ। ਪਰ ਇਹ ਤਕਰੀਬਨ ਸਾਰੇ ਸ਼ਬਦ ਚਉਪਦੇ ਹਨ। ਸਫ਼ਾ 901 ਉਤੇ 'ਘਰੁ 2' ਦੇ ਹੀ ਦੋ ਸ਼ਬਦ ਦੁਪਦੇ ਵੱਖਰੇ ਦੇ ਕੇ ਸਾਰਾ ਜੋੜ 58 ਦਿੱਤਾ ਗਿਆ ਹੈ। ਅਗਾਂਹ 'ਪੜਤਾਲ ਘਰੁ 3' ਦੇ ਦੋ ਸ਼ਬਦ ਹਨ। ਤੇ, ਅਖ਼ੀਰ ਤੇ ਗੁਰੂ ਅਰਜਨ ਸਾਹਿਬ ਦੇ ਸਾਰੇ ਸ਼ਬਦਾਂ ਦਾ ਜੋੜ 60 ਦਿੱਤਾ ਗਿਆ ਹੈ। ਅਸਟਪਦੀਆ: ਸਫ਼ਾ 902 ਤੇ ਗੁਰੂ ਨਾਨਕ ਦੇਵ ਜੀ ਦੀਆਂ। ਸਫ਼ਾ 908 ਤੇ ਖ਼ਤਮ। ਜੋੜ 9। ਸਫ਼ਾ 908 ਤੋਂ ਗੁਰੂ ਅਮਰਦਾਸ ਜੀ ਦੀਆਂ। ਸਫ਼ਾ 912 ਤੇ ਖ਼ਤਮ। ਜੋੜ 5। ਦੋਹਾਂ ਦਾ ਜੋੜ 14 ਭੀ ਮੌਜੂਦ ਹੈ। ਸਫ਼ਾ 912 ਤੋਂ ਗੁਰੂ ਅਰਜਨ ਸਾਹਿਬ ਦੀਆਂ। ਸਫ਼ਾ 916 ਤੇ ਖ਼ਤਮ। ਜੋੜ 8। ਤਿੰਨਾਂ ਗੁਰ-ਵਿਅਕਤੀਆਂ ਦੀਆਂ ਅਸਟਪਦੀਆਂ ਦਾ ਜੋੜ 22। ਸਫ਼ਾ 917 ਤੇ ਮਹਲਾ 3 ਦੀ ਬਾਣੀ ਅਨੰਦੁ। 40 ਪਉੜੀਆਂ ਦੀ ਸਾਬਤ ਬਾਣੀ ਸਫ਼ਾ 922 ਤੇ ਮੁੱਕਦੀ ਹੈ ਅਖ਼ੀਰਲਾ ਅੰਕ 1, ਭਾਵ, ਇਹ ਇੱਕ ਬਾਣੀ ਸਮਝੀ ਜਾਏ। ਸਫ਼ਾ 923 ਤੇ 'ਸਦੁ'। 6 ਪਉੜੀਆਂ ਦੀ ਇਕ ਬਾਣੀ। 924 ਤੇ ਅਖ਼ੀਰਲਾ ਅੰਕ।6।1। ਸਫ਼ਾ 924 ਤੋਂ ਛੰਤ ਮਹਲਾ 5 ਦੇ। ਸਫ਼ਾ 927 ਤੇ 4 ਛੰਤ ਖ਼ਤਮ ਹੁੰਦੇ ਹਨ, ਪਰ ਪੰਜਵੇਂ ਛੰਤ ਦੀਆਂ ਸਿਰਫ਼ 2 ਤੁਕਾਂ ਹਨ। ਇਸ ਤੋਂ ਅਗਾਂਹ ਮਹਲਾ 5 ਦਾ 'ਰੁਤੀ ਸਲੋਕ' ਹੈ। ਇਹ ਇਕ ਲੰਮਾ ਛੰਤ ਹੈ ਸ਼ਲੋਕਾਂ ਸਮੇਤ। ਇਸ ਦੇ 8 ਬੰਦ ਹਨ, ਹਰੇਕ ਦੇ ਨਾਲ ਇਕ ਇਕ ਸ਼ਲੋਕ ਹੈ। ਸਾਰੇ ਛੰਤ ਨੂੰ ਇੱਕ (1) ਸਮਝਣਾ ਹੈ। ਇਸ ਵਾਸਤੇ ਸਫ਼ਾ 929 ਉਤੇ ਇਸ ਦੇ ਅਖ਼ੀਰ ਤੇ ਅੰਕ ਹੈ।8।1। ਪਰ ਇਸ ਅੰਕ ਦੇ ਨਾਲ ਹੀ ਅੰਕ ਹਨ।6।8। ਇਹਨਾਂ ਨੂੰ ਰਤਾ ਸਮਝਣ ਦੀ ਲੋੜ ਹੈ।
ਅਸਟਪਦੀਆ ਮੁੱਕਣ ਤੇ ਅਸਟਪਦੀਆਂ ਤੋਂ ਪਿਛੋਂ ਪਹਿਲਾਂ ਮ: 3 ਦੀ ਬਾਣੀ 'ਅਨੰਦੁ' ਹੈ, ਅਖ਼ੀਰ ਤੇ ਮ: 5 ਦਾ ਰੁਤੀ ਸਲੋਕ ਹੈ। ਤੇ, 'ਸਦੁ' ਸਮੇਤ ਜੋੜ 8 ਦਿੱਤਾ ਹੋਇਆ ਹੈ। ਜੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ 'ਸਦੁ' ਦੀ ਬਾਣੀ ਦਰਜ ਹੋਈ ਹੁੰਦੀ, ਤਾਂ ਪਹਿਲਾਂ ਅੰਕ 7 ਹੁੰਦਾ, ਜਿਸ ਨੂੰ ਤੋੜ ਕੇ ਅੰਕ 8 ਬਣਾਇਆ ਜਾਂਦਾ। ਬਾਬਾ ਸੁੰਦਰ ਜੀ ਬਾਣੀ 'ਸਦੁ' ਦੇ ਕਰਤਾ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜੋਤੜੇ ਸਨ। ਗੁਰੂ ਅਮਰਦਾਸ ਜੀ। ਰਾਮਕਲੀ ਸਦੁ ੴ ਸਤਿਗੁਰ ਪ੍ਰਸਾਦਿ ॥ ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥ ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥ ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥ ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥ ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ ॥ ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥ {ਪੰਨਾ 923} ਪਦ ਅਰਥ: ਸਦੁ = ਲਫ਼ਜ਼ 'ਸਦੁ' ਪੰਜਾਬੀ ਬੋਲੀ ਵਿੱਚ ਆਮ ਵਰਤਿਆ ਜਾਂਦਾ ਹੈ, ਇਸ ਦਾ ਅਰਥ ਹੈ 'ਵਾਜ'। ਇਹ ਲਫ਼ਜ਼ ਸੰਸਕ੍ਰਿਤ ਦੇ ਲਫ਼ਜ਼ 'ਸਬਦ' (_Êd) ਦਾ ਪ੍ਰਾਕ੍ਰਿਤ ਰੂਪ ਹੈ 'ਸੱਦ' (s») , ਜੋ ਪੰਜਾਬੀ ਵਿੱਚ ਭੀ 'ਸੱਦੁ' ਹੈ। ਸੰਸਕ੍ਰਿਤ ਦੇ ਤਾਲਵੀ 'ਸ਼' (_) ਦੇ ਥਾਂ ਪ੍ਰਾਕ੍ਰਿਤ ਵਿਚ ਦੰਤਵੀ 'ਸ' ਰਹਿ ਗਿਆ ਅਤੇ ਦੋ ਅੱਖਰਾਂ (Êd) ਦੇ ਥਾਂ ਇੱਕ ਅੱਖਰ 'ਦ' ਦੀ ਹੀ ਦੋਹਰੀ ਆਵਾਜ਼ ਰਹਿ ਗਈ। ਰਾਮਕਲੀ ਰਾਗ ਵਿੱਚ ਲਿਖੀ ਹੋਈ ਇਸ ਬਾਣੀ ਦਾ ਨਾਮ 'ਸਦੁ' ਹੈ, ਇਥੇ ਇਸ ਦਾ ਭਾਵ ਹੈ 'ਰੱਬ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਹੋਇਆ ਸੱਦਾ'। ਜਗਿ = ਜੱਗ ਵਿਚ। ਭਗਤਿ ਵਛਲੁ ਦਾਤਾ = ਭਗਤੀ ਨੂੰ ਪਿਆਰ ਕਰਨ ਵਾਲਾ ਦਾਤਾ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ। ਗੁਰ ਸਬਦਿ = ਗੁਰੂ ਦੇ ਸ਼ਬਦ ਦੁਆਰਾ। ਸਮਾਵਏ = (ਉਸ ਅਕਾਲ ਪੁਰਖ ਵਿਚ) (ਗੁਰੂ ਅਮਰਦਾਸ) ਸਮਾਉਂਦਾ ਹੈ, ਲੀਨ ਹੁੰਦਾ ਹੈ। ਨ ਜਾਣਹਿ = ਨਹੀਂ ਜਾਣਦੇ ਹਨ, (ਗੁਰੂ ਅਮਰਦਾਸ ਜੀ) ਨਹੀਂ ਜਾਣਦੇ ਹਨ। ਨੋਟ: ਦੂਜੀ ਤੁਕ ਵਿਚ ਲਫ਼ਜ਼ "ਜਾਣੈ" ਆਇਆ ਹੈ, ਅਤੇ ਤੀਜੀ ਵਿਚ "ਜਾਣਹਿ" ਹੈ। ਵਿਆਕਰਣ ਅਨੁਸਾਰ ਲਫ਼ਜ਼ "ਜਾਣੈ" ਵਰਤਮਾਨ ਕਾਲ (Present Tense) ਅੱਨ ਪੁਰਖ (Third person) ਇਕ-ਵਚਨ (Singular Number) ਹੈ। ਇਸ ਸਾਰੀ ਪਉੜੀ ਵਿਚ 'ਗੁਰੂ ਅਮਰਦਾਸ' ਵੱਲ ਇਸ਼ਾਰਾ ਹੈ। ਸੋ ਲਫ਼ਜ਼ 'ਗੁਰੂ ਅਮਰਦਾਸ' ਇਸ ਕ੍ਰਿਆ ਦਾ 'ਕਰਤਾ' (Subject) ਹੈ। ਇਸ ਦਾ ਅਰਥ ਹੈ– (ਗੁਰੂ ਅਮਰਦਾਸ) ਜਾਣਦਾ ਹੈ। ਤੀਜੀ ਤੁਕ ਵਿਚ ਲਫ਼ਜ਼ 'ਜਾਣਹਿ' ਹੈ, ਇਹ 'ਜਾਣੈ' ਦਾ ਬਹੁ-ਵਚਨ (Plural Number) ਹੈ, ਜਿਵੇਂ 'ਗਾਵੈ' ਤੋਂ 'ਗਾਵਹਿ' ਹੈ। ਇਸ ਦਾ ਅਰਥ ਹੈ 'ਜਾਣਦੇ ਹਨ'। ਜਿਵੇਂ 'ਸਤਕਾਰ' ਪਰਗਟ ਕਰਨ ਵਾਸਤੇ ਸੁਖਮਨੀ ਸਾਹਿਬ ਵਿਚ ਲਫ਼ਜ਼ 'ਪ੍ਰਭ' ਦੇ ਨਾਲ 'ਜੀ' ਵਰਤ ਕੇ ਇਸ ਦੇ ਨਾਲ 'ਕ੍ਰਿਆ' ਬਹੁ-ਵਚਨ (Plural Number) ਵਿਚ ਵਰਤੀ ਗਈ ਹੈ: "ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥" ਤਿਵੇਂ ਇਥੇ ਭੀ 'ਸਤਕਾਰ' ਦੇ ਵਾਸਤੇ ਕ੍ਰਿਆ 'ਜਾਣਹਿ' ਬਹੁ-ਵਚਨ ਵਿਚ ਹੈ; ਇਸ ਦਾ ਅਰਥ ਹੈ– '(ਗੁਰੂ ਅਮਰਦਾਸ ਜੀ) ਜਾਣਦੇ ਹਨ'। ਸਬਦਿ ਗੁਰ ਕੈ = ਗੁਰੂ ਦੇ ਸ਼ਬਦ ਦੀ ਰਾਹੀਂ। ਧਿਆਵਹੇ = ਕਵਿਤਾ ਵਿਚ ਛੰਦ ਦਾ ਖ਼ਿਆਲ ਰੱਖ ਕੇ ਇਹ ਲਫ਼ਜ਼ 'ਧਿਆਵਹਿ' ਦੀ ਅੰਤਲੀ (ਿ) ਨੂੰ (ੇ) ਕੀਤਾ ਗਿਆ ਹੈ; ਇਸੇ ਤਰ੍ਹਾਂ 'ਪਾਵਹੇ' ਲਫ਼ਜ਼ 'ਪਾਵਹਿ' ਤੋਂ ਹੈ। ਜਿਵੇਂ 'ਸਤਕਾਰ' ਵਾਸਤੇ ਉਪਰ ਲਫ਼ਜ਼ 'ਜਾਣਹਿ' ਆਇਆ ਹੈ, ਤਿਵੇਂ ਇਹ ਲਫ਼ਜ਼ 'ਧਿਆਵਹੇ' ਅਤੇ 'ਪਾਵਹੇ' ਹਨ; ਇਹਨਾਂ ਦਾ ਅਰਥ ਹੈ– (ਗੁਰੂ ਅਮਰਦਾਸ ਜੀ) ਧਿਆਉਂਦੇ ਹਨ, (ਗੁਰੂ ਅਮਰਦਾਸ ਜੀ) ਪ੍ਰਾਪਤ ਕਰਦੇ ਹਨ। ਪਰਸਾਦਿ = ਕਿਰਪਾ ਨਾਲ। ਪਰਸਾਦਿ ਨਾਨਕ = (ਗੁਰੂ) ਨਾਨਕ ਦੀ ਕ੍ਰਿਪਾ ਨਾਲ। ਪਰਸਾਦਿ ਨਾਨਕ ਗੁਰੂ ਅੰਗਦ = ਗੁਰੂ ਨਾਨਕ ਅਤੇ ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ। ਹਕਾਰਾ = ਹਾਕ, ਸੱਦਾ। ਚਲਣਵਾਰਾ ਹਕਾਰਾ = ਚੱਲਣ ਦਾ ਸੱਦਾ। ਅਰਥ: ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, (ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ (ਰਿਹਾ) ਹੈ, (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ। (ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ 'ਨਾਮ' ਨੂੰ ਧਿਆਉਂਦੇ (ਰਹੇ) ਹਨ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ।1। ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥ ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥ ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥ ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥ ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥ ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥ {ਪੰਨਾ 923} ਪਦ ਅਰਥ: ਹਰਿ ਭਾਣਾ = ਹਰੀ ਦਾ ਭਾਣਾ, ਅਕਾਲ ਪੁਰਖ ਦੀ ਰਜ਼ਾ। ਗੁਰ ਭਾਇਆ = ਗੁਰੂ (ਅਮਰਦਾਸ) ਨੂੰ ਮਿੱਠਾ ਲੱਗਾ। ਗੁਰੁ ਜਾਵੈ = ਗੁਰੂ (ਅਮਰਦਾਸ) ਜਾਂਦਾ ਹੈ, ਭਾਵ, ਜਾਣ ਨੂੰ ਤਿਆਰ ਹੋ ਪਿਆ। ਸਤਿਗੁਰੁ = ਗੁਰੂ ਅਮਰਦਾਸ। ਹਰਿ ਪਹਿ = ਹਰੀ ਦੇ ਪਾਸ। ਹਰਿ ਜਨਹ ਕੇਰੀ = ਹਰੀ ਦੇ ਦਾਸਾਂ ਦੀ। ਹਰਿ = ਹੇ ਹਰੀ! ਅੰਤਿ = ਅੰਤ ਵੇਲੇ, ਅਖ਼ੀਰ ਦੇ ਸਮੇ। ਨਿਖੰਜਨੋ = ਨਾਸ ਕਰਨ ਵਾਲਾ। ਪਾਈ = ਕੀਤੀ ਹੋਈ। ਸਤਿਗੁਰੁ ਕੀ ਬੇਨਤੀ ਪਾਈ = ਗੁਰੂ ਅਮਰਦਾਸ ਜੀ ਦੀ ਕੀਤੀ ਹੋਈ ਬੇਨਤੀ। ਹਰਿ ਪ੍ਰਭਿ = ਹਰੀ ਪ੍ਰਭੂ ਨੇ। ਧਾਰਿ ਕਿਰਪਾ = ਕਿਰਪਾ ਕਰ ਕੇ। ਸਤਿਗੁਰੁ ਮਿਲਾਇਆ = ਗੁਰੂ (ਅਮਰਦਾਸ ਜੀ) ਨੂੰ (ਆਪਣੇ ਵਿਚ) ਮਿਲਾ ਲਿਆ। ਕਹੈ– (ਅਕਾਲ ਪੁਰਖ) ਕਹਿੰਦਾ ਹੈ। ਨੋਟ: ਇਥੇ 'ਵਰਤਮਾਨ ਕਾਲ' ਭੂਤ ਕਾਲ ਦੇ ਭਾਵ ਵਿਚ ਵਰਤਿਆ ਹੋਇਆ ਹੈ। ਅਰਥ: ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ, ਅਤੇ ਸਤਿਗੁਰੂ (ਜੀ) ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ: '(ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ। ਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ, ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹਿ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ। ' ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸਿ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ, ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ = ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ।2। ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥ ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥ ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥ ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥ {ਪੰਨਾ 923} ਪਦ ਅਰਥ: ਮੇਰੇ ਸਿਖ ਪੁਤ ਭਾਈਹੋ = ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਭਾਣਾ = ਭਾਇਆ ਹੈ, ਚੰਗਾ ਲੱਗਾ ਹੈ। ਮੇਰੈ ਹਰਿ ਭਾਣਾ = ਮੇਰੇ ਅਕਾਲ ਪੁਰਖ ਨੂੰ ਚੰਗਾ ਲੱਗਾ ਹੈ। ਮੈ ਪਾਸਿ = ਮੇਰੇ ਕੋਲ। ਹਰਿ ਭਾਣਾ = ਹਰੀ ਦਾ ਭਾਣਾ, ਅਕਾਲ ਪੁਰਖ ਦੀ ਰਜ਼ਾ। ਗੁਰ ਭਾਇਆ = ਗੁਰੂ ਨੂੰ ਮਿੱਠਾ ਲੱਗਾ ਹੈ। ਕਰੇ ਸਾਬਾਸਿ = ਸ਼ਾਬਾਸ਼ੇ ਆਖ ਰਿਹਾ ਹੈ। ਜਿਸੁ ਭਾਵਏ = ਜਿਸ ਨੂੰ ਮਿੱਠਾ ਲੱਗਦਾ ਹੈ। ਪ੍ਰਭ ਭਾਣਾ = ਪ੍ਰਭੂ ਦਾ ਭਾਣਾ। ਆਨੰਦ ਵਾਜੇ = ਆਨੰਦ ਦੇ ਵਾਜੇ। ਅਨਹਦ-ਇੱਕ-ਰਸ, ਲਗਾਤਾਰ। ਗਲਿ = ਗਲ ਵਿਚ। ਮਨਿ = ਮਨ ਵਿਚ। ਕਰਿ ਨਿਰਜਾਸਿ = ਨਿਰਣਾ ਕਰ ਕੇ। ਧੁਰਿ = ਧੁਰੋਂ, ਰੱਬ ਵੱਲੋਂ। ਪਰਵਾਣਾ = ਹੁਕਮ। ਫਿਰੈ ਨਾਹੀ = ਮੋੜਿਆ ਨਹੀਂ ਜਾ ਸਕਦਾ। ਅਰਥ: ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ = "ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) 'ਮੇਰੇ ਕੋਲ ਆਉ'। "ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; (ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ। "ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ"।3। ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥ ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥ ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥ {ਪੰਨਾ 923} ਪਦ ਅਰਥ: ਸਤਿਗੁਰਿ = ਸਤਿਗੁਰੂ ਨੇ। ਭਾਣੈ ਆਪਣੈ = ਆਪਣੇ ਭਾਣੇ ਵਿਚ, ਆਪਣੀ ਮਰਜ਼ੀ ਨਾਲ। ਬਹਿ = ਬੈਠ ਕੇ। ਮੈ ਪਿਛੈ = ਮੇਰੇ ਪਿਛੋਂ। ਪੈਝੈ = ਮਾਣ ਪਾਂਦਾ ਹੈ। ਬਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਪੈਜ = ਲਾਜ, ਇੱਜ਼ਤ, ਵਡਿਆਈ। ਭਾਵਏ = ਭਾਉਂਦੀ ਹੈ, ਚੰਗੀ ਲੱਗਦੀ ਹੈ। ਵੀਚਾਰਿ = ਵਿਚਾਰ ਕੇ। ਪੁਤ ਭਾਈ = ਹੇ ਮੇਰੇ ਪੁਤਰੋ ਤੇ ਭਰਾਵੋ! ਸਤਿਗੁਰੂ = ਗੁਰੂ ਨੂੰ। ਪੈਨਾਵਏ = ਸਿਰੋਪਾ ਦੇ ਰਿਹਾ ਹੈ, ਆਦਰ ਦੇ ਰਿਹਾ ਹੈ। ਪਰਤਖਿ ਹੋਦੇ = ਪਰਤੱਖ ਹੁੰਦਿਆਂ, ਇਸ ਸਰੀਰ ਵਿਚ ਹੁੰਦਿਆਂ, ਜਿਊਂਦਿਆਂ ਹੀ। ਰਾਜੁ = ਗੁਰਿਆਈ ਦਾ ਰਾਜ, ਗੁਰਿਆਈ ਦੀ ਗੱਦੀ। ਟਿਕਾਇਆ = ਥਾਪ ਦਿੱਤਾ। ਬੰਧਪ = ਸਾਕ-ਅੰਗ। ਰਾਮਦਾਸ ਪੈਰੀ = ਗੁਰੂ ਰਾਮਦਾਸ ਜੀ ਦੇ ਪੈਰਾਂ ਉਤੇ। ਅਰਥ: ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-) 'ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ। ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ। ਤੁਸੀ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀ ਭੀ ਖ਼ੁਸ਼ ਹੋਵੋ) । ' (ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ, (ਅਤੇ) ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ।4। ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥ {ਪੰਨਾ 923} ਪਦ ਅਰਥ: ਅੰਤੇ = ਅਖ਼ੀਰ ਦੇ ਵੇਲੇ, ਜੋਤੀ ਜੋਤਿ ਸਮਾਣ ਵੇਲੇ। ਨਿਰਬਾਣੁ ਕੀਰਤਨੁ = ਨਿਰਾ ਕੀਰਤਨ, ਨਿਰੋਲ ਕੀਰਤਨ। ਕਰਿਅਹੁ = ਤੁਸੀ ਕਰਿਓ। ਹਰਿ ਰੰਗੁ = ਅਕਾਲ ਪੁਰਖ ਦਾ ਪਿਆਰ। ਗੁਰ ਭਾਵਏ = ਗੁਰੂ ਨੂੰ ਚੰਗਾ ਲੱਗਦਾ ਹੈ। ਹਰਿ ਸਰਿ = ਹਰੀ ਦੇ ਸਰ ਵਿਚ, ਅਕਾਲ ਪੁਰਖ ਦੇ ਸਰੋਵਰ ਵਿਚ। ਪਾਵਏ = (ਗੁਰੁ) ਪਾਵਏ, ਗੁਰੂ ਪਾਂਦਾ ਹੈ। ਨੋਟ: ਇਸ ਪਉੜੀ ਦੇ ਅਰਥ ਸੰਬੰਧੀ ਕਈ ਕਿਸਮ ਦੇ ਖ਼ਿਆਲ ਪਰਗਟ ਕੀਤੇ ਜਾ ਰਹੇ ਹਨ, ਪਰ ਅਸੀਂ ਜਿਵੇਂ ਪਿਛਲੀਆਂ ਚਾਰ ਪਉੜੀਆਂ ਨੂੰ ਲਫ਼ਜ਼ਾਂ ਦੀ ਬਨਾਵਟ ਅਤੇ ਉਹਨਾਂ ਦੇ ਪਰਸਪਰ ਵਿਆਕਰਣਿਕ ਸੰਬੰਧ ਅਨੁਸਾਰ ਵਿਚਾਰ ਆਏ ਹਾਂ, ਉਸੇ ਤਰ੍ਹਾਂ ਇਥੇ ਭੀ ਕੇਵਲ ਇਹਨਾਂ ਹੀ ਦੋ ਧੁਰਿਆਂ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਾਂਗੇ। ਇਸ ਗੱਲ ਦਾ ਖ਼ਿਆਲ ਨਹੀਂ ਕੀਤਾ ਜਾਇਗਾ ਕਿ ਇਹ ਅਰਥ ਕਿਸੇ ਸੱਜਣ ਜਾਂ ਸੱਜਣਾਂ ਦੀ ਮਿਥੀ ਹੋਈ 'ਗੁਰਮਤਿ' ਦੇ ਅਨੁਸਾਰ ਹੈ ਜਾਂ ਉਸ ਦੇ ਵਿਰੁੱਧ। ਇਸ ਪਉੜੀ ਵਿਚ ਖ਼ਾਸ ਵਿਚਾਰ-ਜੋਗ ਹੇਠ-ਲਿਖੇ ਚਾਰ ਲਫ਼ਜ਼ ਹਨ: (1) ਪੰਡਿਤ, (2) ਪੜਹਿ, (3) ਹਰਿਸਰਿ, (4) ਪਾਵਏ। ਸੋ, ਆਓ, ਵਾਰੋ ਵਾਰੀ ਇਹਨਾਂ ਤੇ ਵਿਚਾਰ ਕਰੀਏ। (2) ਪੰਡਿਤ: ਜੋ ਵਿਆਕਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤਿਆ ਪ੍ਰਤੱਖ ਮਿਲਦਾ ਹੈ, ਉਸ ਦੇ ਆਧਾਰ ਤੇ ਲਫ਼ਜ਼ 'ਪੰਡਿਤ' (1) ਕਰਤਾ ਕਾਰਕ ਬਹੁ-ਵਚਨ ਹੈ, (2) ਕਿਤੇ 'ਸੰਬੋਧਨ' ਭੀ ਹੋ ਜਾਂਦਾ ਹੈ। ਅਤੇ 'ਪੰਡਿਤੁ' (1) ਕਰਤਾ ਕਾਰਕ, ਇਕ-ਵਚਨ ਹੈ। (2) ਕਰਮ ਕਾਰਕ, ਇਕ-ਵਚਨ ਭੀ। ਇਸ ਨਿਯਮ ਨੂੰ ਪਰਖਣ ਵਾਸਤੇ ਗੁਰਬਾਣੀ ਵਿਚ ਵਰਤੇ ਹੋਏ ਲਫ਼ਜ਼ 'ਪੰਡਿਤ' ਪੜਤਾਲੀਏ: (ੳ) ਕਰਤਾ ਕਾਰਕ, ਇਕ-ਵਚਨ: (1) ਪੜਿ ਪੜਿ 'ਪੰਡਿਤੁ' ਬਾਦੁ ਵਖਾਣੈ ॥ ਭੀਤਰਿ ਹੋਦੀ ਵਸਤੁ ਨ ਜਾਣੈ ॥3॥4॥ {ਗਉੜੀ ਮ: 1, ਪੰਨਾ 152 (2) 'ਪੰਡਿਤੁ' ਸਾਸਤ ਸਿਮ੍ਰਿਤਿ ਪੜਿਆ ॥ ਜੋਗੀ ਗੋਰਖੁ ਗੋਰਖੁ ਕਰਿਆ ॥1॥1॥39॥ {ਗਉੜੀ ਗੁਆਰੇਰੀ ਮ: 4, ਪੰਨਾ 163 (3) ਹਉ 'ਪੰਡਿਤੁ' ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੂਝੈ ਬਿਗਾਨਾ ॥3॥9॥78॥ {ਗਉੜੀ ਗੁਆਰੇਰੀ ਮ: 5, ਪੰਨਾ 178 (4) ਨਹ 'ਪੰਡਿਤੁ' ਨਹ ਚਤੁਰੁ ਸਿਆਨਾ ॥ ਨਹ ਭੂਲੋ ਨਹ ਭਰਮਿ ਭੁਲਾਨਾ ॥8॥1॥ {ਗਉੜੀ ਮ: 1 ਅਸਟਪਦੀਆ, ਪੰਨਾ 221 (5) ਮਾਇਆ ਕਾ ਮੁਹਤਾਜੁ 'ਪੰਡਿਤੁ' ਕਹਾਵੈ ॥4॥4॥ {ਗਉੜੀ ਮ: 3, ਅਸਟਪਦੀਆ (6) ਸੋ 'ਪੰਡਿਤੁ' ਜੋ ਮਨੁ ਪਰਬੋਧੈ ॥...... ਸੋ 'ਪੰਡਿਤੁ' ਫਿਰਿ ਜੋਨਿ ਨ ਆਵੈ ॥4॥9॥ {ਸੁਖਮਨੀ ਮ: 5 (7) ਨਾ ਕੋ ਪੜਿਆ 'ਪੰਡਿਤੁ' ਬੀਨਾ ਨਾ ਕੋ ਮੂਰਖੁ ਮੰਦਾ ॥4॥2॥36॥ {ਆਸਾ ਮ: 1, ਪੰਨਾ 359 (8) ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ 'ਪੰਡਿਤੁ' ਸੋਈ ॥4॥ {ਆਸਾ ਮ: 1, ਪਟੀ ਲਿਖੀ, ਪੰਨਾ 432 (9) ਸੋ ਪੜਿਆ ਸੋ 'ਪੰਡਿਤੁ' ਬੀਨਾ ਗੁਰ ਸਬਦਿ ਕਰੇ ਵੀਚਾਰੁ ॥ (10) 'ਪੰਡਿਤੁ' ਹੋਇ ਕੈ ਬੇਦੁ ਬਖਾਨੈ ॥ ਮੂਰਖੁ ਨਾਮਦੇਉ ਰਾਮਹਿ ਜਾਨੈ ॥2॥1॥ {ਟੋਡੀ ਨਾਮਦੇਉ ਜੀ, ਪੰਨਾ 718 (11) ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ (12) ਸੋ 'ਪੰਡਿਤੁ' ਗੁਰ ਸਬਦੁ ਕਮਾਇ ॥ ਤ੍ਰੈਗੁਣ ਕੀ ਓਸੁ ਉਤਰੀ ਮਾਇ ॥4॥6॥17॥ {ਰਾਮਕਲੀ ਮ: 5, ਪੰਨਾ 888 (13) 'ਪੰਡਿਤੁ' ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥ (14) 'ਪੰਡਿਤੁ' ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥ ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ। 4॥6॥ {ਮਾਰੂ ਮ: 1 ਅਸਟਪਦੀਆ, ਪੰਨਾ 1012 (15) ਪੜਿ 'ਪੰਡਿਤੁ' ਅਵਰਾ ਸਮਝਾਏ ॥ ਘਰ ਜਲਤੇ ਕੀ ਖਬਰਿ ਨ ਪਾਏ ॥ (16) ਹੋਵਾ 'ਪੰਡਿਤੁ' ਜੋਤਕੀ ਵੇਦ ਪੜਾ ਮੁਖਿ ਚਾਰਿ ॥ (17) ਜੇ ਤੂੰ ਪੜਿਆ 'ਪੰਡਿਤੁ' ਬੀਨਾ ਦੁਇ ਅਖਰ ਦੁਇ ਨਾਵਾ ॥ (18) ਪਵਣੈ ਪਾਣੀ ਜਾਣੈ ਜਾਤਿ ॥ ਕਾਇਆਂ ਅਗਨਿ ਕਰੇ ਨਿਭਰਾਂਤਿ ॥ (19) ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ (20) ਸੋਈ ਚਤੁਰੁ ਸਿਆਣਾ 'ਪੰਡਿਤੁ' ਸੋ ਸੂਰਾ ਸੋ ਦਾਨਾ ॥ (21) ਹੋਵਾ 'ਪੰਡਿਤੁ' ਜੋਤਕੀ ਵੇਦ ਪੜਾ ਮੁਖਿ ਚਾਰਿ ॥ (22) ਨਾਉ ਫਕੀਰੈ ਪਾਤਿਸਾਹੁ ਮੂਰਖ 'ਪੰਡਿਤੁ' ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥1॥22॥ {ਮ: 1 ਮਲਾਰ ਕੀ ਵਾਰ (23) ਸੋ ਪੜਿਆ ਸੋ 'ਪੰਡਿਤੁ' ਬੀਨਾ ਜਿਨ੍ਹ੍ਹੀ ਕਮਾਣਾ ਨਾਉ ॥2॥22॥ {ਮ: 1 ਮਲਾਰ ਕੀ ਵਾਰ (24) ਸੋ 'ਪੰਡਿਤੁ' ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥ ਅਨਦਿਨੁ ਏਕੋ ਨਾਮੁ ਵਖਾਣੈ ॥ (ਅ) ਕਰਤਾ ਕਾਰਕ, ਬਹੁ-ਵਚਨ (1) ਗਾਵਨਿ 'ਪੰਡਿਤ' ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥27॥ {ਜਪੁ, ਮ: 1 (2) ਗਾਵਨਿ ਤੁਧਨੋ 'ਪੰਡਿਤ' ਪੜਨਿ ਰਖੀਸੁਰ ਜੁਗ ਜੁਗ ਵੇਦਾ ਨਾਲੇ ॥ {ਸੋ ਦਰੁ ਆਸਾ ਮ: 1 (3) ਪੜਿ ਪੜਿ 'ਪੰਡਿਤ' ਜੋਤਕੀ ਵਾਦ ਕਰਹਿ ਬੀਚਾਰੁ ॥3॥3॥36॥ {ਸਿਰੀ ਰਾਗੁ ਮ: 3 (4) 'ਪੰਡਿਤ' ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥6॥ (5) ਕੇਤੇ 'ਪੰਡਿਤ' ਜੋਤਕੀ ਬੇਦਾ ਕਰਹਿ ਬੀਚਾਰੁ ॥7॥5॥ {ਸਿਰੀ ਰਾਗੁ ਮ: 1 ਅਸਟਪਦੀਆ (6) ਪੜਿ ਪੜਿ 'ਪੰਡਿਤ' ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥7॥17॥8॥25॥ {ਸਿਰੀ ਰਾਗੁ ਮ: 5 ਅਸਟਪਦੀਆ (7) 'ਪੰਡਿਤ' ਪੜਹਿ ਸਾਦੁ ਨ ਪਾਵਹਿ ॥2॥12॥13॥ {ਮਾਝ ਮ: 3 (8) ਪੜਿ ਪੜਿ 'ਪੰਡਿਤ' ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥5॥12॥13॥ {ਮਾਝ ਮ: 3 (9) ਮਨਮੁਖ ਪੜਹਿ 'ਪੰਡਿਤ' ਕਹਾਵਹਿ ॥1॥30॥31॥ {ਮਾਝ ਮਹਲਾ 3 (10) 'ਪੰਡਿਤ' ਪੜਹਿ ਵਖਾਣਹਿ ਵੇਦੁ ॥4॥21॥ {ਆਸਾ ਮਹਲਾ 1 (11) 'ਪੰਡਿਤ' ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥4॥14॥ {ਆਸਾ ਮਹਲਾ 1, ਅਸਟਪਦੀਆ (12) 'ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥2॥5॥27॥ {ਆਸਾ ਮਹਲਾ 3, ਅਸਟਪਦੀਆ (13) ਪੜਿ ਪੜਿ 'ਪੰਡਿਤ' ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥3॥1॥6॥ {ਆਸਾ ਮਹਲਾ 3, ਛੰਤ, ਘਰੁ 1 (14) ਮੂਰਖ 'ਪੰਡਿਤ' ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥2॥11॥ {ਆਸਾ ਦੀ ਵਾਰ (15) 'ਪੰਡਿਤ' ਭੁਲਿ ਭੁਲਿ ਮਾਇਆ ਵੇਖਹਿ, ਦਿਖਾ ਕਿਨੈ ਕਿਹੁ ਆਣਿ ਚੜਾਇਆ ॥2॥12॥ {ਗੂਜਰੀ ਕੀ ਵਾਰ ਮਹਲਾ 3 (16) ਪੜਿ ਪੜਿ 'ਪੰਡਿਤ' ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥2॥4॥ {ਵਡਹੰਸੁ ਮਹਲਾ 3 ਛੰਤ (17) 'ਪੰਡਿਤ' ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥3॥5॥ {ਵਡਹੰਸੁ ਮਹਲਾ 3 ਛੰਤ (18) ਘਰਿ ਘਰਿ ਪੜਿ ਪੜਿ 'ਪੰਡਿਤ' ਥਕੇ ਸਿਧ ਸਮਾਧਿ ਲਗਾਇ ॥2॥6॥ {ਸੋਰਠਿ ਕੀ ਵਾਰ (19) 'ਪੰਡਿਤ ਮੈਲੁ' ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥ (ਪੰਡਿਤ ਮੈਲੁ = ਪੰਡਿਤ ਦੀ ਮੈਲ) . . . 'ਪੰਡਿਤ' ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥1॥13॥ {ਸੋਰਠਿ ਕੀ ਵਾਰ (20) ਬੇਦ ਪੜੇ ਪੜਿ 'ਪੰਡਿਤ' ਮੂਏ ਰੂਪੁ ਦੇਖਿ ਦੇਖਿ ਨਾਰੀ ॥3॥1॥ {ਸੋਰਠਿ ਕਬੀਰ ਜੀ (21) ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ 'ਪੰਡਿਤ' ਪੈ ਚਲੇ ਨਿਰਾਸਾ ॥1॥3॥ {ਸੋਰਠਿ ਕਬੀਰ ਜੀ (22) 'ਪੰਡਿਤ' ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿਰਾਮ ਜੀਉ ॥4॥1॥ {ਸੂਹੀ ਮ: 4 ਛੰਤ ਘਰੁ 1 (23) ਪੜ੍ਹ੍ਹਿ ਪੜ੍ਹ੍ਹਿ 'ਪੰਡਿਤ' ਕਰਹਿ ਬੀਚਾਰ ॥1॥17॥ {ਮ: 1, ਸੂਹੀ ਕੀ ਵਾਰ (24) 'ਪੰਡਿਤ' ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥1॥8॥ {ਮ: 3, ਬਿਲਾਵਲ ਕੀ ਵਾਰ ਮ: 4 (25) 'ਪੰਡਿਤ' ਰੋਵਹਿ ਗਿਆਨੁ ਗਵਾਇ ॥1॥14॥ {ਮ: 1, ਰਾਮਕਲੀ ਕੀ ਵਾਰ ਮ: 3 (26) 'ਪੰਡਿਤ' ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥4॥ {ਰਾਮਕਲੀ ਕੀ ਵਾਰ ਮ: 3 (27) 'ਪੰਡਿਤ' ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥18॥ {ਰਾਮਕਲੀ ਮ: 3, ਅਸਟਪਦੀਆ (28) ਇਕਿ ਪਾਧੇ 'ਪੰਡਿਤ' ਮਿਸਰ ਕਹਾਵਹਿ ॥7॥4॥ {ਰਾਮਕਲੀ ਮਹਲਾ 1 ਅਸਟਪਦੀਆਂ (29) ਪੋਥੀ 'ਪੰਡਿਤ' ਰਹੇ ਪੁਰਾਣ ॥7॥1॥ {ਰਾਮਕਲੀ ਮਹਲਾ 1 ਅਸਟਪਦੀਆਂ (30) ਹਮ ਬਡ ਕਬਿ ਕੁਲੀਨ ਹਮ 'ਪੰਡਿਤ' ਹਮ ਜੋਗੀ ਸੰਨਿਆਸੀ ॥2॥1॥ {ਰਾਮਕਲੀ ਰਵਿਦਾਸ ਜੀ (31) ਬਾਹਰਹੁ 'ਪੰਡਿਤ' ਸਦਾਇਦੇ ਮਨਹੁ ਮੂਰਖ ਗਾਵਾਰ ॥1॥16॥ {ਮਾਰੂ ਕੀ ਵਾਰ ਮਹਲਾ 3 (32) ਜੋਗੀ ਗ੍ਰਿਹੀ 'ਪੰਡਿਤ' ਭੇਖਧਾਰੀ ॥1॥2॥ {ਭੈਰਉ ਮ: 3 (33) 'ਪੰਡਿਤ' ਜਨ ਮਾਤੇ ਪੜ੍ਹ੍ਹਿ ਪੁਰਾਨ ॥1॥2॥ {ਬਸੰਤੁ ਕਬੀਰ ਜੀ (34) 'ਪੰਡਿਤ' ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥2॥33॥ {ਮਹਲਾ 3 ਸਾਰੰਗ ਕੀ ਵਾਰ (35) ਪੜਿ ਪੜਿ 'ਪੰਡਿਤ' ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥1॥31॥ {ਮ: 3 ਸਾਰੰਗ ਕੀ ਵਾਰ (36) 'ਪੰਡਿਤ' ਪੜ੍ਹ੍ਹਿ ਪੜ੍ਹ੍ਹਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥4॥2॥ {ਸਾਰੰਗ ਮ: 3 ਅਸਟਪਦੀਆ (37) ਸੰਨਿਆਸੀ ਤਪਸੀਅਹ ਮੁਖਹੁ ਏ 'ਪੰਡਿਤ' ਮਿਠੇ ॥2॥20॥ {ਸਵਈਏ ਮਹਲੇ ਤੀਜੇ ਕੇ 'ਭਿਖਾ' ਆਓ, ਹੁਣ ਵੇਖੀਏ, ਇਹ ਨਿਯਮ ਮਨ-ਘੜਤ ਹੀ ਹੈ, ਜਾਂ ਬੋਲੀ ਦੇ ਇਤਿਹਾਸ ਨਾਲ ਇਸ ਦਾ ਕੋਈ ਡੂੰਘਾ ਸੰਬੰਧ ਹੈ। ਸੰਸਕ੍ਰਿਤ ਧਾਤੂ 'ਯਾ' ('X') ਦਾ ਅਰਥ ਹੈ 'ਜਾਣਾ'। ਵਾਕ "ਰਾਮ ਜਾਂਦਾ ਹੈ" ਨੂੰ ਸੰਸਕ੍ਰਿਤ ਵਿਚ ਅਸੀਂ ਇਉਂ ਲਿਖਾਂਗੇ: rwmo Xwiq (ਰਾਮੋ ਯਾਤਿ) । ਸੰਸਕ੍ਰਿਤ ਵਿਚ ਕਰਤਾ ਕਾਰਕ ਇਕ-ਵਚਨ ਦਾ ਚਿਹਨ 's`' (:) ਹੈ, ਜੋ ਕਈ ਥਾਈਂ 'a' (ੁ) ਬਣ ਜਾਂਦਾ ਹੈ। ਜਿਸ ਅੱਖਰ ਨੂੰ ਪੰਜਾਬੀ ਵਿਚ ਅਸੀਂ ਮੁਕਤਾ-ਅੰਤ ਆਖਦੇ ਹਾਂ, ਸੰਸਕ੍ਰਿਤ ਵਿਚ ਉਸ ਦੇ ਅੰਤ ਵਿਚ 'ਅ' ('A') ਸਮਝਿਆ ਜਾਂਦਾ ਹੈ; 'rwm' (ਰਾਮੋ) ਸ਼ਬਦ ਦੇ ਅੰਤਲੇ 'm' (ਮ) ਵਿਚ 'A' (ਅ) ਭੀ ਸ਼ਾਮਲ ਹੈ। 'rwmo Xwiq' (ਰਾਮ ਯਾਤਿ) ਅਸਲ ਵਿਚ ਪਹਿਲਾਂ ਇਉਂ ਹੈ 'rwm:' (ਰਾਮ:) ਦਾ ਅੰਤਲਾ ਚਿਹਨ (:) 'a' (ੁ) ਬਣ ਕੇ, ਲਫ਼ਜ਼ 'rwm' (ਰਾਮ) ਦੇ ਅੰਤਲੇ 'A' (ਅ) ਦੇ ਨਾਲ ਮਿਲ ਕੇ (ਓ) ਬਣ ਜਾਂਦਾ ਹੈ, ਤੇ ਸਾਰਾ ਵਾਕ 'rwmo Xwiq' (ਰਾਮੋ ਯਾਤਿ) ਹੋ ਗਿਆ ਹੈ। ਪਰ 'ਪ੍ਰਾਕ੍ਰਿਤ' ਵਿਚ ਅੱਖਰਾਂ ਦੇ ਅੰਤਲੇ 'ਅ' ਦੀ ਵੱਖਰੀ ਹਸਤੀ ਨਹੀਂ ਮੰਨੀ ਗਈ। ਸੋ (:) ਦੇ 'ਤ' (ੁ) ਬਣਨ ਤੇ, ਇਹ (ੁ) ਪਹਿਲੇ ਲਫ਼ਜ਼ ਦੇ ਨਾਲ ਸਿੱਧਾ ਹੀ ਵਰਤਿਆ ਗਿਆ। ਸੰਸਕ੍ਰਿਤ ਦਾ ਸ਼ਬਦ 'rwmo' (ਰਾਮੋ) ਪ੍ਰਾਕ੍ਰਿਤ ਵਿਚ 'rwmu' (ਰਾਮੁ) ਹੋ ਗਿਆ। ਸੰਸਕ੍ਰਿਤ ਦੇ ਕਈ ਸ਼ਬਦਾਂ ਦਾ ਮੁੱਢਲਾ 'ਯ' (X) ਪ੍ਰਾਕ੍ਰਿਤ ਅਤੇ ਪੰਜਾਬੀ ਵਿਚ 'ਜ' (j) ਬਣ ਗਿਆ ਕਿਉਂਕਿ 'ਜ' ਅਤੇ 'ਯ' ਦਾ ਉਚਾਰਣ-ਅਸਥਾਨ ਇੱਕੋ ਹੀ ਹੈ (ਜੀਭ ਨੂੰ ਤਾਲੂ ਦੇ ਨਾਲ ਲਗਾਉਣਾ) ; ਜਿਵੇਂ: Xv (ਯਵ) , = ਜਉਂ। Xmunw (ਯਮੁਨਾ) , = ਜਮੁਨਾ। ਇਸ ਤਰ੍ਹਾਂ ਵਾਕ 'rwmo Xwiq' (ਰਾਮੋ ਯਾਤਿ) ਦੇ 'ਯਾਤਿ' ਦਾ 'ਯ' 'ਜ' ਬਣ ਕੇ, ਸਾਰਾ ਵਾਕ ਪ੍ਰਾਕ੍ਰਿਤ ਵਿਚ ਇਉਂ ਹੋ ਗਿਆ: rwmu jwid (ਰਾਮੁ ਜਾਦਿ) ; ਇਸ ਸਾਰੀ ਵਿਚਾਰ ਤੋਂ ਅਸਾਂ ਇਹ ਵੇਖ ਲਿਆ ਹੈ ਕਿ ਇਹ (ੁ) ਬੋਲੀ ਦੇ ਇਤਿਹਾਸ ਵਿਚ ਖ਼ਾਸ ਮੁੱਲ ਰੱਖਦਾ ਹੈ; ਅਤੇ ਇਸੇ ਤਰ੍ਹਾਂ ਗੁਰਬਾਣੀ ਦੇ ਹੋਰ ਵਿਆਕਰਣਿਕ ਨਿਯਮ ਲੱਭਣੇ ਮਨ-ਘੜਤ ਗੱਲਾਂ ਨਹੀਂ ਹਨ। (ੲ) ਸੰਬੋਧਨ (1) 'ਪੰਡਿਤ', ਹਰਿ ਪੜੁ ਤਜਹੁ ਵਿਕਾਰਾ ॥1॥ਰਹਾਉ॥2॥ {ਗਉੜੀ ਮ: 3, ਅਸਟਪਦੀਆ ਪੰਡਿਤ = ਹੇ ਪੰਡਿਤ! (2) ਕਹੁ ਰੇ 'ਪੰਡਿਤ', ਬਾਮਨ ਕਬ ਕੇ ਹੋਏ ॥1॥ਰਹਾਉ ॥7॥ {ਗਉੜੀ ਕਬੀਰ ਜੀ (3) ਕਹੁ ਰੇ 'ਪੰਡਿਤ', ਅੰਬਰੁ ਕਾ ਸਿਉ ਲਾਗਾ ॥1॥ਰਹਾਉ ॥29॥ {ਗਉੜੀ ਕਬੀਰ ਜੀ (4) ਤੁਧੁ ਸਿਰਿ ਲਿਖਿਆ ਸੋ ਪੜੁ 'ਪੰਡਿਤ', ਅਵਰਾ ਨੋ ਨ ਸਿਖਾਲਿ ਬਿਖਿਆ ॥5॥ {ਆਸਾ ਮ: 3, ਪਟੀ (5) ਏਕੋ ਨਾਮੁ ਨਿਧਾਨੁ 'ਪੰਡਿਤ', ਸੁਣਿ ਸਿਖ ਸਚੁ ਸੋਈ ॥1॥7॥9॥ {ਗੂਜਰੀ ਮਹਲਾ 3 ਤੀਜਾ (6) ਸੁਣਿ 'ਪੰਡਿਤ', ਕਰਮਾਕਾਰੀ ॥2॥ {ਸੋਰਠਿ ਮ: 1, ਅਸਟਪਦੀਆ (7) 'ਪੰਡਿਤ', ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥5॥ {ਸੋਰਠਿ ਮ: 1, ਅਸਟਪਦੀਆ (8) 'ਪੰਡਿਤ', ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ . . 'ਪੰਡਿਤ', ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥2॥12॥ {ਸੋਰਠਿ ਕੀ ਵਾਰ (9) ਰਾਮ ਨਾਮ ਗੁਣ ਗਾਇ, 'ਪੰਡਿਤ' ॥ . . ਕਰਮ ਕਾਂਡ ਅਹੰਕਾਰੁ ਨ ਕੀਜੈ ਕੁਸਲ ਸੇਤੀ ਘਰਿ ਜਾਹਿ, 'ਪੰਡਿਤ' ॥1॥ਰਹਾਉ॥17॥28॥ {ਰਾਮਕਲੀ ਮਹਲਾ 5 (10) 'ਪੰਡਿਤ', ਬੇਦੁ ਬੀਚਾਰਿ, 'ਪੰਡਿਤ' ॥ ਮਨ ਕਾ ਕ੍ਰੋਧੁ ਨਿਵਾਰਿ, 'ਪੰਡਿਤ' ॥1॥ਰਹਾਉ॥6॥17॥ {ਰਾਮਕਲੀ ਮਹਲਾ 5 (11) ਕਹੁ 'ਪੰਡਿਤ', ਸੂਚਾ ਕਵਨੁ ਠਾਉ ॥1॥ਰਹਾਉ॥1॥7॥ {ਬਸੰਤ ਹਿੰਡੋਲ ਕਬੀਰ ਜੀ (12) ਦੁਇ ਮਾਈ ਦੁਇ ਬਾਪਾ ਪੜੀਅਹਿ, 'ਪੰਡਿਤ', ਕਰਹੁ ਬੀਚਾਰੋ ॥1॥3॥11॥ {ਬਸੰਤ ਹਿੰਡੋਲ ਮਹਲਾ 1 (13) 'ਪੰਡਿਤ', ਇਸੁ ਮਨ ਕਾ ਕਰਹੁ ਬੀਚਾਰੁ ॥1॥ਰਹਾਉ॥1॥10॥ {ਮਲਾਰ ਮਹਲਾ 3 ਘਰੁ 2 (2) ਪੜਹਿ: ਇਹ ਕ੍ਰਿਆ 'ਬਹੁ-ਵਚਨ' ਹੈ, ਇਸ ਦਾ ਇਕ-ਵਚਨ 'ਪੜ੍ਹੈ' ਹੈ; ਜਿਵੇਂ: ਗਾਵੈ = ਇਕ-ਵਚਨ। ਗਾਵਹਿ = ਬਹੁ-ਵਚਨ। ਕਰੈ = ਇਕ-ਵਚਨ। ਕਰਹਿ = ਬਹੁ-ਵਚਨ। ਪ੍ਰਮਾਣ: (1) ਪੰਡਿਤ 'ਪੜਹਿ' ਸਾਦੁ ਨ ਪਾਵਹਿ ॥2॥12॥13॥ {ਮਾਝ ਮਹਲਾ 3 (2) ਮਨਮੁਖ 'ਪੜਹਿ' ਪੰਡਿਤ ਕਹਾਵਹਿ ॥1॥30॥31॥ {ਮਾਝ ਮਹਲਾ 3 (3) ਪੰਡਿਤ 'ਪੜਹਿ' ਵਖਾਣਹਿ ਵੇਦ ॥4॥21॥ {ਆਸਾ ਮਹਲਾ 1 (4) ਦੂਜੈ ਭਾਇ 'ਪੜਹਿ' ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥2॥12॥ {ਗੂਜਰੀ ਕੀ ਵਾਰ ਮ: 3 (5) ਵੇਦ 'ਪੜਹਿ' ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥7॥1॥ {ਸੋਰਠਿ ਮ: 3 ਅਸਟਪਦੀਆ (6) ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ 'ਪੜਹਿ' ਨਟਸਾਲਾ ॥4॥2॥ {ਬਿਲਾਵਲੁ ਮ: 1 ਅਸਟਪਦੀਆ ਘਰੁ 10 (7) ਬੇਦ 'ਪੜਹਿ' ਹਰਿ ਨਾਮੁ ਨ ਬੂਝਹਿ ਮਾਇਆ ਕਾਰਣਿ ਪੜਿ ਪੜਿ ਲੂਝਹਿ ॥14॥6॥ {ਮਾਰੂ ਮ: 3 ਸੋਲਹੇ (8) ਮੂਰਖ 'ਪੜਹਿ' ਸਬਦੁ ਨ ਬੂਝਹਿ ਗੁਰਮੁਖਿ ਵਿਰਲੇ ਜਾਤਾ ਹੇ ॥15॥9॥ {ਮਾਰੂ ਮ: 3 ਸੋਲਹੇ (9) ਬੇਦੁ 'ਪੜਹਿ' ਪੜਿ ਬਾਦੁ ਵਖਾਣਹਿ ॥11॥5॥14॥ {ਮਾਰੂ ਮ: 3 ਸੋਲਹੇ (10) ਬੇਦੁ 'ਪੜਹਿ' ਸੰਪੂਰਨਾ ਤਤੁ ਸਾਰ ਨ ਪੇਖੰ ॥13॥ {ਮਾਰੂ ਵਾਰ ਮ: 5 ਡਖਣੇ (11) ਸਿੰਮ੍ਰਿਤਿ ਸਾਸਤ੍ਰ 'ਪੜਹਿ' ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥2॥1॥11॥ {ਭੈਰਉ ਮ: 3 ਘਰੁ 2 (12) ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ 'ਪੜਹਿ' ਗਾਵਾਰੀ ॥1॥24॥ {ਮਹਲਾ 3 ਸਾਰੰਗ ਕੀ ਵਾਰ ਲਫ਼ਜ਼ 'ਪੰਡਿਤ', 'ਪੰਡਿਤੁ' ਅਤੇ 'ਪੜਹਿ' ਸੰਬੰਧੀ ਗੁਰਬਾਣੀ ਵਿੱਚੋਂ ਕਈ ਪ੍ਰਮਾਣ ਪੜ੍ਹ ਕੇ ਅਸੀਂ ਸਮਝ ਚੁਕੇ ਹਾਂ ਕਿ ਇਸ ਪਉੜੀ ਦੀ ਤੁਕ ਵਿਚ ਵਰਤਿਆ ਹੋਇਆ ਲਫ਼ਜ਼ 'ਪੰਡਿਤ' ਬਹੁ-ਵਚਨ ਹੈ; ਭਾਵ, ਇਥੇ ਕਿਸੇ ਇੱਕ ਪੰਡਿਤ ਵਲ ਇਸ਼ਾਰਾ ਨਹੀਂ ਹੈ, 'ਕਈ ਪੰਡਿਤਾਂ ਨੂੰ' ਸੱਦਣ ਦਾ ਹੁਕਮ ਹੈ, ਜੋ ਆ ਕੇ 'ਹਰਿ ਕਥਾ' ਅਤੇ 'ਹਰਿ ਨਾਮੁ' -ਰੂਪ ਪੁਰਾਣ ਪੜ੍ਹਨ। ਜੇ 'ਕਿਰਿਆ ਕਰਮ' ਕਰਾਣ ਦਾ ਹਜ਼ੂਰ ਹੁਕਮ ਦੇਂਦੇ, ਤਾਂ 'ਕੇਵਲ ਇੱਕ ਅਚਾਰਜ' ਨੂੰ ਸੱਦਣ ਦਾ ਸੁਨੇਹਾ ਹੁੰਦਾ, ਕਦੇ ਕਿਸੇ ਘਰ 'ਕਿਰਿਆ' ਵਾਸਤੇ ਬਹੁਤੇ ਅਚਾਰਜਾਂ ਦੀ ਲੋੜ ਨਹੀਂ ਪੈਂਦੀ। ਹਿੰਦੂ ਸੱਜਣਾਂ ਵਿਚ ਹਰੇਕ ਘਰ ਦਾ 'ਇੱਕ ਹੀ' ਅਚਾਰਜ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦੂ ਬਿਰਾਦਰੀ ਵਿਚ ਘਰ ਦਾ ਇੱਕ ਪੁਰੋਹਿਤ ਭੀ ਹੁੰਦਾ ਹੈ, ਪਰ ਪੁਰੋਹਿਤ ਕਿਰਿਆ ਦਾ ਧਾਨ ਨਹੀਂ ਖਾਂਦੇ, ਇਸ ਨੂੰ ਕੇਵਲ ਅਚਾਰਜ ਹੀ ਵਰਤਦੇ ਤੇ ਲੈਂਦੇ ਹਨ। ਸੋ, ਇਸ ਤੁਕ ਵਿਚ ਨਾਹ ਕਿਸੇ ਅਚਾਰਜ ਵਲ ਅਤੇ ਨਾਹ ਹੀ ਕਿਸੇ ਪੁਰੋਹਿਤ ਵਲ ਇਸ਼ਾਰਾ ਹੈ। (3) ਹਰਿਸਰਿ: ਇਸ ਦਾ ਅਰਥ ਹੈ: ਹਰਿਸਰ ਵਿਚ। (ੳ) ਹਿੰਦੂ-ਧਰਮ ਦੇ ਗੰਗਾ ਦੇ ਕੰਢੇ ਵਾਲੇ ਤੀਰਥ ਦਾ ਆਮ ਪ੍ਰਸਿੱਧ ਨਾਮ 'ਹਰਿਦੁਆਰ' ਹੈ, ਕਦੇ ਕਿਸੇ ਹਿੰਦੂ ਸੱਜਣ ਦੇ ਮੂੰਹੋਂ ਭੀ ਇਸ ਦਾ ਨਾਮ 'ਹਰਿਸਰ' ਸੁਣਨ ਵਿਚ ਨਹੀਂ ਆਇਆ। ਕੋਸ਼ ਵਿਚ ਭੀ ਨਾਮ 'ਹਰਿਦੁਆਰ' ਹੈ, 'ਹਰਿਸਰ' ਨਹੀਂ। (ਅ) ਲਫ਼ਜ਼ 'ਹਰਿਦੁਆਰ' ਗੁਰਬਾਣੀ ਵਿੱਚ ਕਈ ਥਾਈਂ ਆਇਆ ਹੈ, ਪਰ ਉਸ ਦਾ ਇਸ਼ਾਰਾ ਇਸ ਹਿੰਦੂ-ਤੀਰਥ ਵਲ ਕਿਤੇ ਨਹੀਂ ਹੈ, ਉਸ ਦਾ ਅਰਥ ਹੈ 'ਅਕਾਲ-ਪੁਰਖ ਦਾ ਦਰ'; ਜਿਵੇਂ: (1) ਸਤਿਬਚਨ ਵਰਤਹਿ 'ਹਰਿਦੁਆਰੇ' ॥7॥1॥29॥ {ਗੋਂਡ ਅਸਟਪਦੀਆ ਮ: 5 (2) ਨਾਨਕ ਭਗਤ ਸੋਹਹਿ 'ਹਰਿਦੁਆਰ' ॥4॥1॥34॥ {ਰਾਮਕਲੀ ਮ: 5 (3) ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ 'ਹਰਿਦੁਆਰਿ' ॥4॥1॥31॥ {ਬਿਲਾਵਲੁ ਮ: 5 (4) ਸਰਨਿ ਪਰਿਓ ਨਾਨਕ 'ਹਰਿਦੁਆਰੇ' ॥4॥4॥ {ਵਡਹੰਸ ਮ: 5 (5) ਨਾਨਕ ਨਾਮਿ ਮਿਲੈ ਵਡਿਆਈ 'ਹਰਿ ਦਰਿ' ਸੋਹਨਿ ਆਗੈ ॥2॥11॥ {ਵਡਹੰਸੁ ਕੀ ਵਾਰ ਮ: 4 (6) 'ਹਰਿ ਦਰਿ' ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ਰਹਾਉ॥5॥11॥ {ਧਨਾਸਰੀ ਮ: 4 (7) ਜਿਨ ਜਪਿਆ ਹਰਿ, ਤੇ ਮੁਕਤ ਪ੍ਰਾਣੀ ਤਿਨ ਕੈ ਊਜਲ ਮੁਖ 'ਹਰਿਦੁਆਰਿ' ॥2॥3॥{ਤੁਮਰੀ ਮ: 4 ਛੰਤ (ੲ) ਹੁਣ ਆਓ, ਵੇਖੀਏ, ਸ਼ਬਦ 'ਹਰਿਸਰ' ਗੁਰਬਾਣੀ ਵਿਚ ਕਿਸ ਅਰਥ ਵਿਚ ਮਿਲਦਾ ਹੈ: (1) ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤ 'ਹਰਿਸਰਿ' ਨਾਤੇ ਰਾਮ ॥4॥3॥ {ਬਿਹਾਗੜਾ ਮ: 4 (2) 'ਹਰਿ ਚਰਣ ਸਰੋਵਰ' ਤਹ ਕਰਹੁ ਨਿਵਾਸੁ ਮਨਾ ॥ . . ਕਰਿ ਮਜਨੁ 'ਹਰਿਸਰੇ' ਸਭਿ ਕਿਲਬਿਖ ਨਾਸੁ ਮਨਾ ॥1॥2॥5॥ {ਬਿਹਾਗੜਾ ਮ: 5 (3) ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ 'ਹਰਿਸਰਿ' ਰਹੀ ਭਰਪੂਰੇ ॥2॥5॥ {ਵਡਹੰਸੁ ਮ: 3 ਛੰਤੁ (4) ਤੁਮ 'ਹਰਿਸਰਵਰ' ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥2॥5॥ {ਧਨਾਸਰੀ ਮ: 4 (5) ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ 'ਸਰਵਰ' ਮਹਿ ਹੰਸੁ ਪ੍ਰਾਨਪਤਿ ਪਾਵੈ ॥1॥1॥ {ਧਨਾਸਰੀ ਮ: 3, ਅਸਟਪਦੀਆ (6) ਗੁਰੁ 'ਸਰਵਰੁ' ਮਾਨਸਰੋਵਰੁ ਹੈ ਵਡਭਾਗੀ ਪੁਰਖ ਲਹੰਨ੍ਹ੍ਹਿ ॥2॥4॥9॥ {ਸੂਹੀ ਮ: 3, ਅਸਟਪਦੀਆ (7) 'ਹਰਿਸਰਿ' ਨਿਰਮਲਿ ਨਾਏ ॥2॥1॥3॥ {ਸੂਹੀ ਛੰਤ ਮ: 4 (8) 'ਹਰਿ ਜਨ ਅੰਮ੍ਰਿਤ ਕੁੰਟ ਸਰ' ਨੀਕੇ ਵਡਭਾਗੀ ਤਿਤੁ ਨਾਵਾਈਐ ॥1॥4॥ {ਰਾਮਕਲੀ ਮ: 4 (9) ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿੁਤਿ 'ਹਰਿਸਰਿ' ਨਾਤਾ ॥1॥2॥ {ਮਾਲੀ ਗਉੜਾ ਮ: 4 (10) 'ਹਰਿਸਰੁ' ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥5॥1॥ {ਸਾਰਗ ਮ: 3, ਅਸਟਪਦੀਆ (11) 'ਹਰਿਸਰਿ ਤੀਰਥਿ' ਜਾਣਿ ਮਨੂਆ ਨਾਇਆ ॥18॥ {ਮਲਾਰ ਕੀ ਵਾਰ ਮ: 1 ਇਹਨਾਂ ਤੁਕਾਂ ਵਿਚ ਹਰੀ ਦੇ ਚਰਨਾਂ ਨੂੰ, ਹਰੀ ਨੂੰ ਗੁਰੂ ਨੂੰ ਅਤੇ ਸਤਸੰਗ ਨੂੰ 'ਹਰਿਸਰ' ਆਖਿਆ ਗਿਆ ਹੈ। (ਸ) 'ਹਰਿਸਰ' ਲਫ਼ਜ਼ ਤੋਂ ਛੁੱਟ 'ਅੰਮ੍ਰਿਤਸਰ', 'ਸਤਸਰ' ਆਦਿਕ ਲਫ਼ਜ਼ ਭੀ ਇਸੇ ਹੀ ਭਾਵ ਵਿਚ ਵਰਤੇ ਗਏ ਹਨ; ਜਿਵੇਂ: (1) ਸਚਾ ਤੀਰਥੁ ਜਿਤੁ 'ਸਤਸਰਿ' ਨਾਵਣੁ ਗੁਰਮੁਖਿ ਆਪਿ ਬੁਝਾਏ ॥5॥1॥ {ਸੂਹੀ ਮ: 3, ਅਸਟਪਦੀਆ (2) ਗੁਰਿ 'ਅੰਮ੍ਰਿਤਸਰਿ' ਨਵਲਾਇਆ ਸਭਿ ਲਾਥੇ ਕਿਲਬਿਖ ਪੰਙੁ ॥3॥3॥ {ਸੂਹੀ ਮ: 4 (3) ਤਿਨ ਮਿਲਿਆ ਮਲੁ ਸਭ ਜਾਏ 'ਸਚੈ ਸਰਿ' ਨ੍ਹਾਏ ਸਚੈ ਸਹਜਿ ਸੁਭਾਏ ॥4॥4॥ {ਵਡਹੰਸ ਮ: 3, ਛੰਤ (4) ਮੈਲ ਗਈ ਮਨੁ ਨਿਰਮਲੁ ਹੋਆ 'ਅੰਮ੍ਰਿਤਸਰਿ' ਤੀਰਥਿ ਨਾਇ ॥2॥4॥ {ਵਡਹੰਸ ਕੀ ਵਾਰ (5) ਮਨੁ ਸੰਪਟੁ ਜਿਤੁ 'ਸਤਸਰਿ' ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥3॥1॥ {ਸੂਹੀ ਮਹਲਾ 1 (6) ਜਿਨ ਕਉ ਤੁਮ੍ਹ੍ਹ ਹਰਿ ਮੇਲਹੁ ਸੁਆਮੀ ਤੇ ਨਾਏ 'ਸੰਤੋਖ ਗੁਰ ਸਰਾ' ॥4॥3॥ {ਬਿਲਾਵਲੁ ਮ: 4, ਘਰੁ 3 (7) ਗੁਰੁ ਸਾਗਰੁ 'ਅੰਮ੍ਰਿਤਸਰੁ' ਜੋ ਇਛੇ ਸੋ ਫਲੁ ਪਾਏ ॥7॥5॥ {ਮਾਰੂ ਮ: 1 (8) ਤਿਤੁ 'ਸਤ ਸਰਿ' ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥4॥5॥17॥ {ਮਾਰੂ ਮ: 1, ਸੋਲਹੇ (9) ਬਿਖਿਆ ਮਲੁ ਜਾਇ 'ਅੰਮ੍ਰਿਤਸਰਿ' ਨਾਵਹੁ ਗੁਰ ਸਰ ਸੰਤੋਖੁ ਪਾਇਆ ॥8॥5॥22॥ {ਮਾਰੂ ਮ: 3, ਸੋਲਹੇ (10) ਕਾਇਆ ਅੰਦਰਿ 'ਅੰਮ੍ਰਿਤਸਰੁ' ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥4॥3॥ {ਮਾਰੂ ਮ: 3 ਸੋਲਹੇ (11) ਗੁਰਮੁਖਿ ਮਨੁ ਨਿਰਮਲੁ 'ਸਤਸਰਿ' ਨਾਵੈ ॥ ਮੈਲੁ ਨ ਲਾਗੈ ਸਚਿ ਸਮਾਵੈ ॥4॥1॥15॥ {ਮਾਰੂ ਮ: 3 ਸੋਲਹੇ (ਹ) ਗੁਰਮੁਖਾਂ ਦੇ ਚਰਨਾਂ ਨੂੰ 'ਗੰਗਾ' ਆਦਿਕ ਕ੍ਰੋੜਾਂ ਤੀਰਥਾਂ ਦੇ ਤੁੱਲ ਸਮਝਦੇ ਹਨ: . . ਜਨ ਪਾਰਬ੍ਰਹਮ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ ॥ (4) ਪਾਵਏ: 'ਰਾਮਕਲੀ ਸਦੁ' ਵਿਚ ਇਸੇ ਲਫ਼ਜ਼ ਵਰਗੇ ਹੇਠ-ਲਿਖੇ ਹੋਰ ਲਫ਼ਜ਼ ਆਏ ਹਨ: ਸਮਾਵਏ = ਪਉੜੀ 1। ਭਾਵਏ = ਪਉੜੀ 3। ਮੇਲਾਵਏ = ਪਉੜੀ 3। ਭਾਵਏ = ਪਉੜੀ 4। ਪੈਨਾਵਏ = ਪਉੜੀ 4। ਭਾਵਏ = ਪਉੜੀ 5। ਇਹ ਉਪਰਲੇ ਸਾਰੇ ਸ਼ਬਦ 'ਵਰਤਮਾਨ ਕਾਲ' 'ਅੱਨ-ਪੁਰਖ, ਇਕ-ਵਚਨ' ਵਿਚ ਹਨ। 'ਪਾਵਹੇ', 'ਧਿਆਵਹੇ' ਬਹੁ-ਵਚਨ ਹਨ। ਆਓ, ਹੁਣ ਇਹਨਾਂ ਦੇ ਅਰਥ ਨੂੰ ਮੁੜ ਵਿਚਾਰੀਏ: (1) ਗੁਰਸਬਦਿ ਸਮਾਵਏ = 'ਗੁਰੂ ਦੇ ਸ਼ਬਦ ਦੀ ਰਾਹੀਂ ਸਮਾਂਦਾ ਹੈ'। (ਪ੍ਰ:) ਕੌਣ? (ਉ:) ਗੁਰੂ ਅਮਰਦਾਸ। (2) ਜਿਸੁ ਹਰਿ ਪ੍ਰਭ ਭਾਣਾ ਭਾਵਏ = ਜਿਸ ਨੂੰ ਹਰੀ ਪ੍ਰਭੂ ਦਾ ਭਾਣਾ ਭਾਉਂਦਾ ਹੈ। (3) ਹਰਿ ਆਪਿ ਗਲਿ ਮੇਲਾਵਏ = ਅਕਾਲ ਪੁਰਖ ਆਪ ਗਲ ਵਿਚ ਮਿਲਾ ਲੈਂਦਾ ਹੈ। (4) ਜਿਸੁ ਮਿਤ ਕੀ ਪੈਜ ਭਾਵਏ = ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਭਾਉਂਦੀ ਹੈ। (5) ਹਰਿ, ਸਤਿਗੁਰੂ ਪੈਨਾਵਏ = ਅਕਾਲ ਪੁਰਖ ਗੁਰੂ ਨੂੰ ਮਾਣ ਦੇ ਰਿਹਾ ਹੈ। (6) ਹਰਿ ਰੰਗੁ ਗੁਰ ਭਾਵਏ = ਅਕਾਲ ਪੁਰਖ ਦਾ ਪਿਆਰ ਗੁਰੂ ਨੂੰ ਭਾਉਂਦਾ ਹੈ। ਕ੍ਰਿਆ ਦੇ ਰੂਪ ਵਾਸਤੇ ਹੋਰ ਪ੍ਰਮਾਣ: (ੳ) ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ 'ਪਾਵਏ' ॥ . . ਪਾਵਏ = ਪਾਉਂਦਾ ਹੈ। ਵਸਾਵਏ = ਵਸਾਉਂਦਾ ਹੈ। (ਅ) ਗੁਰ ਪਰਸਾਈ ਮਨੁ ਭਇਆ ਨਿਰਮਲੁ, ਜਿਨਾ ਭਾਣਾ 'ਭਾਵਏ' ॥ . . ਭਾਵਏ = ਭਾਉਂਦਾ ਹੈ। ਪਾਵਏ = ਪਾਉਂਦਾ ਹੈ। (ੲ) ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਅਹਾਰੁ 'ਪਹੁਚਾਵਏ' ॥ . . ਪਹੁਚਾਵਏ = ਪੁਚਾਉਂਦਾ ਹੈ। ਲਾਵਏ = ਲਾਉਂਦਾ ਹੈ। (ਸ) ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ 'ਵਿਆਪਏ' ॥ . . ਵਿਆਪਏ = ਵਿਆਪਦਾ ਹੈ। ਜਾਪਏ = ਜਾਪਦਾ ਹੈ, ਦਿੱਸ ਪੈਂਦਾ ਹੈ। (ਹ) ਭਗਤਿ ਕਰਹੁ ਤੁਮ ਸਹੈ ਕੇਰੀ, ਜੋ ਸਹ ਪਿਆਰੇ 'ਭਾਵਏ' ॥ . . ਕਰਿ ਬੈਰਾਗੁ ਤੂੰ ਛੋਡਿ ਪਾਖੰਡੁ, ਸੋ ਸਹੁ ਸਭੁ ਕਿਛੁ 'ਜਾਣਏ' ॥ . . ਭਾਵਏ = ਭਾਉਂਦਾ ਹੈ। ਆਵਏ = ਆਉਂਦਾ ਹੈ। ਇਸੇ ਤਰ੍ਹਾਂ: (7) ਹਰਿ ਸਰਿ 'ਪਾਵਏ', = (ਗੁਰੂ ਅਮਰਦਾਸ) ਹਰੀ ਦੇ ਸਰੋਵਰ ਵਿਚ, ਭਾਵ, ਸਤਸੰਗਤ ਵਿੱਚ 'ਪਾਉਂਦਾ' ਹੈ। (ਪ੍ਰ:) ਕੀਹ? (ਉ:) ਪਿੰਡੁ ਪਤਲਿ ਕਿਰਿਆ ਦੀਵਾ ਫੁਲ = ਇਹ ਸਭ ਕੁਝ। ਨੋਟ: ਇਥੇ ਪਾਠਕ ਸੱਜਣ ਦੇ ਚੇਤੇ ਵਾਸਤੇ ਇਹ ਸੂਚਨਾ ਜ਼ਰੂਰੀ ਹੈ ਕਿ 'ਹਰਿਦੁਆਰ' ਵਿੱਚ ਫੁੱਲ ਪਾਣ ਵਾਲੇ ਸੱਜਣ ਪਿੰਡੁ ਪਤਲਿ ਦੀਵਾ ਹਰਿਦੁਆਰ ਨਹੀਂ ਲੈ ਜਾਂਦੇ, 'ਕੇਵਲ ਫੁੱਲ' ਖੜਦੇ ਹਨ। ਇਕ ਹੋਰ ਗੱਲ ਵਲ ਭੀ ਧਿਆਨ ਦੇਣ ਦੀ ਲੋੜ ਹੈ। 'ਕਿਰਿਆ' ਕਿਸੇ ਚੀਜ਼ ਦਾ ਨਾਮ ਨਹੀਂ, ਜੋ 'ਹਰਿਦੁਆਰ' ਵਿਚ ਪਾਈ ਜਾ ਸਕੇ। ਪਰ ਸਤਿਗੁਰੂ ਅਮਰਦਾਸ ਇਹਨਾਂ ਸਭਨਾਂ ਨੂੰ 'ਸਤਸੰਗਤਿ' ਵਿਚ ਪਾਉਂਦਾ ਹੈ, ਭਾਵ, ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ, ਸਭ ਨਾਲੋਂ ਸਤਸੰਗ ਕਰਨ ਨੂੰ ਸ੍ਰੇਸ਼ਟ ਸਮਝਦਾ ਹੈ। ਅਰਥ: ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ: (ਹੇ ਭਾਈ!) 'ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ = ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ। ' ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ। ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ।5। ਨੋਟ: ਸ਼ਬਦ 'ਪੰਡਿਤ' ਸੰਬੰਧੀ ਇੱਕ ਗੱਲ ਹੋਰ ਭੀ ਚੇਤੇ ਰੱਖਣ ਵਾਲੀ ਹੈ। ਹਿੰਦੂ-ਮਤ ਅਨੁਸਾਰ ਹਰੇਕ ਹਿੰਦੂ ਨੂੰ 'ਪੰਡਿਤ' ਦੀ ਲੋੜ ਸਾਰੀ ਜ਼ਿੰਦਗੀ ਵਿਚ ਦੋ ਵਾਰੀ ਪੈਂਦੀ ਹੈ– ਵਿਆਹ ਵੇਲੇ, ਅਤੇ ਮਰਨ ਪਿੱਛੋਂ 'ਕਿਰਿਆ' ਆਦਿਕ ਵੇਲੇ। ਕਈ ਅਮੀਰ ਲੋਕ ਬਾਲਕ ਜੰਮਣ ਤੇ ਭੀ 'ਪੰਡਿਤ' ਪਾਸੋਂ ਜਨਮ-ਪੱਤ੍ਰੀ ਆਦਿਕ ਬਣਵਾਂਦੇ ਹਨ, ਪਰ ਇਸ ਤੋਂ ਬਿਨਾ ਭੀ ਕੰਮ ਸਰ ਸਕਦਾ ਹੈ, ਵਿਆਹ ਅਤੇ ਮਰਨਾ 'ਪੰਡਿਤ' ਤੋਂ ਬਿਨਾ ਨਹੀਂ ਹੋ ਸਕਦਾ। ਹਿੰਦੂ-ਮਤ ਨੂੰ ਲੈ ਕੇ ਸਤਿਗੁਰੂ ਜੀ ਨੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਆਪਣੇ ਅਕਾਲ ਪੁਰਖ ਦੇ ਪੰਡਿਤਾਂ' (ਭਾਵ, 'ਗੁਰਮੁਖ' ਸਤਸੰਗੀਆਂ) ਦਾ ਵਿਚੋਲਾਪਨ ਦੱਸਿਆ ਹੈ। ਮਰਨ ਵੇਲੇ ਦਾ ਜ਼ਿਕਰ ਤਾਂ ਇਸ ਸੱਦ ਵਿਚ ਆ ਗਿਆ ਹੈ। 'ਆਤਮਕ ਵਿਆਹ' ਦਾ ਜ਼ਿਕਰ ਭੀ ਇਸੇ ਤਰ੍ਹਾਂ ਇਉਂ ਮਿਲਦਾ ਹੈ: ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿਰਾਮ ਜੀਉ ॥ 'ਪੰਡਿਤ ਪਾਧੇ' ਆਣਿ ਪਤੀ ਬਹਿ ਵਾਚਾਈਆ ਬਲਿਰਾਮ ਜੀਉ ॥ ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥ ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥4॥1॥ {ਸੂਹੀ ਮ: 4 ਛੰਤ ਘਰੁ 1 ਇਥੇ ਪ੍ਰਤੱਖ ਤੌਰ ਤੇ 'ਪੰਡਿਤ' ਤੋਂ ਭਾਵ 'ਗੁਰਮੁਖਿ-ਜਨ' ਹੈ। ਬੱਸ! ਸਾਰੀ ਬਾਣੀ ਵਿਚ ਕੇਵਲ ਇਹਨੀਂ ਦੋਹੀਂ ਥਾਈਂ 'ਰੱਬੀ ਪੰਡਿਤਾਂ' ਦਾ ਜ਼ਿਕਰ ਆਇਆ ਹੈ। |
Sri Guru Granth Darpan, by Professor Sahib Singh |