ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 924 ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥ ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥ {ਪੰਨਾ 924} ਪਦ ਅਰਥ: ਸਤਿਗੁਰੁ ਪੁਰਖੁ = ਪੂਰਾ ਗੁਰੂ, ਗੁਰੂ ਅਮਰਦਾਸ। ਰਜਾਇ = (ਗੁਰੂ ਦਾ) ਹੁਕਮ। ਰਾਮਦਾਸੈ ਪੈਰੀ = ਗੁਰੂ ਰਾਮਦਾਸ ਜੀ ਦੇ ਚਰਨਾਂ ਤੇ। ਪਾਇ = ਪੈ ਕੇ। ਸਨਮੁਖੁ ਹੋਇਆ = (ਗੁਰੂ ਅਮਰਦਾਸ ਜੀ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤਾ। ਸਭ = ਸਾਰੀ ਲੋਕਾਈ। ਕੇਰੀ = ਦੀ। ਸਤਿਗੁਰੂ ਕੇਰੀ = ਗੁਰੂ ਰਾਮਦਾਸ ਜੀ ਦੀ। ਜਿਥੈ = ਕਿਉਂਕਿ ਓਥੇ, ਕਿਉਂਕਿ ਗੁਰੂ ਰਾਮਦਾਸ ਜੀ ਵਿਚ। ਆਪੁ = (ਗੁਰੂ ਅਮਰਦਾਸ ਜੀ ਨੇ) ਆਪਣੇ ਆਪ ਨੂੰ, ਆਪਣਾ ਆਤਮਾ। ਬਖੀਲੀ = ਨਿੰਦਾ। ਆਣਿ = ਲਿਆ ਕੇ। ਗੁਰਹਿ ਭਾਣਾ = ਗੁਰੂ (ਅਮਰਦਾਸ ਜੀ ਨੂੰ) ਚੰਗਾ ਲੱਗਾ। ਦੀਈ = ਦਿੱਤੀ (ਗੁਰੂ ਰਾਮਦਾਸ ਜੀ ਨੂੰ) । ਲੇਖੁ ਰਜਾਇ = ਅਕਾਲ ਪੁਰਖ ਦਾ ਹੁਕਮ। ਪੈਰੀ ਪਾਇ = (ਗੁਰੂ ਰਾਮਦਾਸ ਜੀ ਦੇ) ਪੈਰਾਂ ਉੱਤੇ ਪਿਆ।6।1। ਅਰਥ: ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ। ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ। ਸੁੰਦਰ ਆਖਦਾ ਹੈ– ਹੇ ਸੰਤਹੁ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ; (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ।6।1। ਰਾਮਕਲੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥ ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥ ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥ ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥ ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥ ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥ {ਪੰਨਾ 924} ਪਦ ਅਰਥ: ਸਾਜਨੜਾ = ਪਿਆਰਾ ਸੱਜਣ। ਨਿਕਟਿ = ਨੇੜੇ, ਕੋਲ, ਅੰਗ-ਸੰਗ। ਖਲੋਇਅੜਾ = ਖਲੋਤਾ ਹੋਇਆ ਹੈ। ਜਾਨੀ = ਜਿੰਦ ਦਾ ਮਾਲਕ, ਜਿੰਦ ਤੋਂ ਭੀ ਪਿਆਰਾ। ਜਾਨੀਅੜਾ = ਜਿੰਦ ਤੋਂ ਭੀ ਬਹੁਤ ਪਿਆਰਾ। ਨੈਣ = ਅੱਖਾਂ ਨਾਲ। ਅਲੋਇਅੜਾ = ਵੇਖ ਲਿਆ ਹੈ। ਘਟਿ = ਹਿਰਦੇ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਸੋਇਆ = ਸੁੱਤਾ ਹੋਇਆ, ਗੁਪਤ ਵੱਸ ਰਿਹਾ ਹੈ। ਅਤਿ = ਬਹੁਤ। ਅੰਮ੍ਰਿਤ = ਅਮਰ ਜੀਵਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਪ੍ਰਿਅ = ਪਿਆਰਾ। ਗੂੜਾ = ਬਹੁਤ। ਪ੍ਰਿਅ ਗੂੜਾ = ਬਹੁਤ ਪਿਆਰਾ, ਗੂੜ੍ਹਾ ਮਿੱਤਰ। ਹੋਵੰਦਾ = ਹੁੰਦਾ, ਵੱਸਦਾ। ਲਹਿ = ਲੱਭਿ। ਸੁਆਉ = ਸੁਆਦ, ਆਨੰਦ। ਮੂੜ = ਮੂੜ੍ਹ, ਮੂਰਖ। ਮਦਿ = ਮਦ ਵਿਚ, ਨਸ਼ੇ ਵਿਚ। ਮਾਤਾ = ਮਸਤ। ਹੋਛੀ ਬਾਤਾ = ਥੋੜ-ਵਿਤੀਆਂ ਗੱਲਾਂ। ਧੜਾ = ਪੱਖ, ਪ੍ਰਭਾਵ। ਭਰਮ = ਭਟਕਣਾ। ਭਰਮ ਧੜਾ = ਭਰਮ ਦਾ ਪ੍ਰਭਾਵ (ਹੋਣ ਦੇ ਕਾਰਨ) । ਨਾਨਕ = ਹੇ ਨਾਨਕ! ਸੂਝੈ = ਸੁੱਝਦਾ, ਦਿੱਸਦਾ। ਸਭ ਕੈ ਨਿਕਟਿ = ਸਭ ਜੀਵਾਂ ਦੇ ਨੇੜੇ। ਖੜਾ = ਖਲੋਤਾ ਹੈ।1। ਅਰਥ: ਹੇ ਭਾਈ! ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ। ਹੇ ਭਾਈ! ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ। ਹੇ ਭਾਈ! ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ। ਪਰ, ਹੇ ਭਾਈ! ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ। ਹੇ ਭਾਈ! ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਹੇ ਭਾਈ! ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ। ਹੇ ਨਾਨਕ! ਆਖ– ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ।1। ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥ ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥ ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥ ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥ ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥ {ਪੰਨਾ 924} ਪਦ ਅਰਥ: ਗੋਬਿੰਦਾ = ਹੇ ਗੋਬਿੰਦ! ਪ੍ਰਾਣ ਅਧਾਰਾ = ਹੇ ਮੇਰੀ ਜ਼ਿੰਦਗੀ ਦੇ ਆਸਰੇ! ਕਿਰਪਾਲਾ = ਹੇ ਦਇਆ ਦੇ ਘਰ! ਅਪਰ ਅਪਾਰਾ = ਹੇ ਬੇਅੰਤ! ਘਟ ਘਟ ਅੰਤਰਿ = ਹਰੇਕ ਘਟ ਵਿਚ। ਦਾਸੀ = ਸੇਵਕਾ, ਮਾਇਆ। ਧਾਰੀ = ਬਣਾਈ। ਸਬਲ = ਬਲ ਵਾਲੀ। ਪਸਾਰੀ = ਖਿਲਾਰਾ ਖਿਲਾਰਿਆ। ਲੈ = ਲੈ ਕੇ, ਵੱਸ ਵਿਚ ਕਰ ਕੇ। ਮੋਹਨਿਆ = ਮੋਹ ਲਏ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਚੁ = ਸਦਾ-ਥਿਰ ਹਰਿ-ਨਾਮ। ਕਉ = ਨੂੰ। ਭਾਣਾ = ਚੰਗਾ ਲੱਗਾ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।2। ਅਰਥ: ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ! ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ! ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ। ਹੇ ਨਾਨਕ! ਆਖ– (ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾਈ ਰੱਖਦਾ ਹੈ। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ।2। ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥ ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥ ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥ ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥ ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥ {ਪੰਨਾ 924} ਪਦ ਅਰਥ: ਮਾਣੋ = ਮਾਣੁ, ਫ਼ਖ਼ਰ। ਜਾਣੋ = ਜਾਣੁ, ਸੁਜਾਨ। ਸੁਘੜੁ = ਸੁ-ਘੜੁ, ਸੋਹਣੀ ਘਾੜਤ ਵਾਲਾ, ਸਿਆਣਾ। ਸਦ = ਸਦਾ। ਪਰਧਾਨਾ = ਮੰਨਿਆ ਪਰਮੰਨਿਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਚਾਖਿ = ਚੱਖ ਕੇ। ਅਘਾਣੇ = ਰੱਜ ਜਾਂਦੇ ਹਨ। ਸਾਰਿਗਪਾਣੇ = {ਸਾਰਿਗ = ਧਨੁਖ। ਪਾਣਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ} ਪਰਮਾਤਮਾ। ਜਿਨ ਕੈ ਮਥਾਨਾ = ਜਿਨ੍ਹਾਂ ਦੇ ਮੱਥੇ ਉਤੇ। ਸਗਲ = ਸਭ ਜੀਵਾਂ ਨੂੰ। ਥਿਰੁ = ਸਦਾ ਕਾਇਮ ਰਹਿਣ ਵਾਲਾ। ਤਖਤਿ = ਤਖ਼ਤ ਉਤੇ। ਤਿਸੈ = ਉਸ ਦਾ ਹੀ। ਦੀਬਾਣੋ = ਦੀਬਾਣੁ ਦਰਬਾਰ, ਕਚਹਿਰੀ।3। ਅਰਥ: (ਹੇ ਭਾਈ! ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ, ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ। ਹੇ ਭਾਈ! ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ। ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ। ਹੇ ਭਾਈ! ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ। ਹੇ ਨਾਨਕ! ਆਖ– ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ।3। ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥ ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥ ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥ ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥ ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥ {ਪੰਨਾ 924} ਪਦ ਅਰਥ: ਮੰਗਲਾ = ਮੰਗਲ, ਖ਼ੁਸ਼ੀ। ਮੇਰੇ ਪ੍ਰਭ ਕੈ = ਮੇਰੇ ਪ੍ਰਭੂ ਦੇ ਘਰ ਵਿਚ। ਸੁਣੀਐ = ਸੁਣਿਆ ਜਾਂਦਾ ਹੈ, ਸੰਤ ਜਨ ਆਖਦੇ ਹਨ ਕਿ। ਸੋਹਿਲੜਾ = ਮਿੱਠਾ ਸੋਹਿਲਾ, ਸਿਫਤਿ-ਸਾਲਾਹ ਦਾ ਮਿੱਠਾ ਗੀਤ, ਖ਼ੁਸ਼ੀ ਦਾ ਮਿੱਠਾ ਗੀਤ। ਅਨਹਦ {Anhq} ਬਿਨਾ ਵਜਾਏ ਵੱਜਣ ਵਾਲਾ, ਇਕ-ਰਸ। ਧੁਨੀਐ = ਧੁਨਿ ਵਾਲਾ, ਸੁਰ ਵਾਲਾ। ਅਨਹਦ ਵਾਜੇ ਸਬਦ = ਸਬਦ ਦੇ ਅਨਹਦ ਵਾਜੇ, ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ। ਅਗਾਜੇ = ਗੱਜ ਰਹੇ ਹਨ, ਜ਼ੋਰ ਨਾਲ ਵੱਜ ਰਹੇ ਹਨ। ਜਿਸਹਿ = ਜਿਸ ਪਰਮਾਤਮਾ ਦੀ। ਵਧਾਈ = ਚੜ੍ਹਦੀ ਕਲਾ। ਨ ਆਵੈ ਜਾਈ = ਨ ਆਵੈ ਨ ਜਾਈ, ਨਾਹ ਜੰਮਦਾ ਹੈ ਨਾਹ ਮਰਦਾ ਹੈ। ਸਭੁ ਕਿਛੁ = ਹਰੇਕ ਚੀਜ਼। ਚੂਕੀ = ਮੁੱਕ ਗਈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਿਲੁ = ਮੇਲ ਕਰ। ਨਿਰਗੁਨੀਐ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਨੂੰ।4। ਅਰਥ: ਹੇ ਭਾਈ! ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ। ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤਿ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ। ਹੇ ਭਾਈ! ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਭਾਈ! ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ। (ਹੇ ਭਾਈ! ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ। (ਹੇ ਭਾਈ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ। ਹੇ ਨਾਨਕ! ਆਖ– (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ।4।1। |
Sri Guru Granth Darpan, by Professor Sahib Singh |