ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 925

ਰਾਮਕਲੀ ਮਹਲਾ ੫ ॥ ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥ ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥ ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥ ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥ ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥ {ਪੰਨਾ 925}

ਪਦ ਅਰਥ: ਮਨਾ = ਹੇ ਮਨ! ਨ ਵਿਸਾਰੀਐ = ਭੁਲਾਣਾ ਨਹੀਂ ਚਾਹੀਦਾ। ਰਮਾ = ਸੁੰਦਰ, ਸੋਹਣਾ। ਕੰਠਿ = ਗਲ ਵਿਚ। ਉਰ = ਹਿਰਦਾ। ਪੁਰਖੁ = ਸਰਬ-ਵਿਆਪਕ। ਪੂਰਨੁ = ਸਭ ਗੁਣਾਂ ਦਾ ਮਾਲਕ। ਨਿਰੰਜਨੋ = ਨਿਰ-ਅੰਜਨ, (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ, ਨਿਰਲੇਪ। ਭੈ = ਸਾਰੇ ਡਰ। {'ਭਉ' ਤੋਂ ਬਹੁ-ਵਚਨ} ਕਰਤਾ = ਕਰਨ ਵਾਲਾ। ਹਰਤਾ = ਨਾਸ ਕਰਨ ਵਾਲਾ। ਦੁਸਹ = ਦੁੱਸਹ, ਮੁਸ਼ਕਿਲ ਨਾਲ ਸਹਾਰੇ ਜਾ ਸਕਣ ਵਾਲੇ। ਭਵ ਖੰਡਨੋ = ਜਨਮਾਂ ਦੇ ਗੇੜ ਦਾ ਨਾਸ ਕਰਨ ਵਾਲਾ। ਜਗਦੀਸ = ਜਗਤ ਦੇ ਮਾਲਕ ਦੇ। ਈਸ = ਮਾਲਕ ਦੇ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ । ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਮਾਧੋ = {ਮਾ-ਧਵ} ਮਾਇਆ ਦਾ ਪਤੀ। ਵੀਚਾਰੀਐ = ਵਿਚਾਰ ਕਰਨਾ ਚਾਹੀਦਾ ਹੈ, ਚਿੱਤ ਵਿਚ ਵਸਾਣਾ ਚਾਹੀਦਾ ਹੈ। ਬਿਨਵੰਤਿ = ਬੇਨਤੀ ਕਰਦਾ ਹੈ। ਮਿਲਿ = ਮਿਲ ਕੇ (ਲਫ਼ਜ਼ 'ਮਿਲਿ' ਅਤੇ 'ਮਿਲੁ' ਦਾ ਫ਼ਰਕ ਚੇਤੇ ਰੱਖੋ}। ਸੰਗਿ ਸਾਧੂ = ਗੁਰੂ ਦੀ ਸੰਗਤਿ ਵਿਚ। ਰੈਣਿ = ਰਾਤ।1।

ਅਰਥ: ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ। ਹੇ ਭਾਈ! ਉਸ ਸੋਹਣੇ ਰਾਮ ਨੂੰ ਸਦਾ ਹੀ ਗਲ ਵਿਚ ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ। ਹੇ ਭਾਈ! ਸਭ ਗੁਣਾਂ ਦੇ ਮਾਲਕ ਪਾਰਬ੍ਰਹਮ ਨਿਰਲੇਪ ਹਰੀ ਸਰਬ-ਵਿਆਪਕ ਹਰੀ ਨੂੰ ਸਦਾ ਆਪਣੇ ਹਿਰਦੇ ਵਿਚ ਪ੍ਰੋਈ ਰੱਖ। ਉਹ ਹਰੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਸਾਰੇ ਪਾਪ ਨਾਸ ਕਰਨ ਵਾਲਾ ਹੈ, ਜਨਮ ਮਰਨ ਦੇ ਗੇੜ ਨੂੰ ਮੁਕਾਣ ਵਾਲਾ ਹੈ, ਉਹਨਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਬੜੀ ਔਖਿਆਈ ਨਾਲ ਸਹਾਰੇ ਜਾ ਸਕਦੇ ਹਨ।

ਨਾਨਕ ਬੇਨਤੀ ਕਰਦਾ ਹੈ– (ਹੇ ਭਾਈ!) ਜਗਤ ਦੇ ਮਾਲਕ, ਸਭ ਦੇ ਮਾਲਕ, ਸ੍ਰਿਸ਼ਟੀ ਦੇ ਪਾਲਣਹਾਰ, ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਨੂੰ ਸਦਾ ਚਿੱਤ ਵਿਚ ਵਸਾਈ ਰੱਖਣਾ ਚਾਹੀਦਾ ਹੈ; ਗੁਰੂ ਦੀ ਸੰਗਤਿ ਵਿਚ ਮਿਲ ਕੇ ਦਿਨ ਰਾਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ।1।

ਚਰਨ ਕਮਲ ਆਧਾਰੁ ਜਨ ਕਾ ਆਸਰਾ ॥ ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥ ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥ ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥ ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥ {ਪੰਨਾ 925}

ਪਦ ਅਰਥ: ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਆਧਾਰੁ = ਆਸਰਾ, ਸਹਾਰਾ। ਜਨ ਕਾ = ਭਗਤ ਜਨਾਂ ਵਾਸਤੇ। ਮਿਲਖ = ਭੁਇਂ ਦੀ ਮਾਲਕੀ। ਭੰਡਾਰ = ਖ਼ਜ਼ਾਨੇ। ਨਾਮੁ ਅਨੰਤ = ਬੇਅੰਤ ਪ੍ਰਭੂ ਦਾ ਨਾਮ। ਧਰਾ = ਹਿਰਦੇ ਵਿਚ ਟਿਕਾਵਾਂ।

ਨਰਹਰ ਨਾਮੁ = ਪਰਮਾਤਮਾ ਦਾ ਨਾਮ। ਨਿਧਾਨੁ = ਖ਼ਜ਼ਾਨਾ। ਜਿਨ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਅਨੰਤ ਬੀਠਲ = ਬੇਅੰਤ ਅਤੇ ਨਿਰਲੇਪ (ਪ੍ਰਭੂ) ਦਾ (ਨਾਮ) । ਬੀਠਲ = {iv-ÔQl = ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਰਹਿਣ ਵਾਲਾ। ਇਹ ਲਫ਼ਜ਼ ਗੁਰੂ ਅਰਜਨ ਦੇਵ ਜੀ ਨੇ ਵਰਤਿਆ ਹੈ। ਭਗਤ ਨਾਮਦੇਵ ਕਿਸੇ ਬੀਠਲ ਮੂਰਤੀ ਦਾ ਪੁਜਾਰੀ ਨਹੀਂ ਸੀ}। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

ਕਿਲਵਿਖ = ਪਾਪ। ਹਰਣਾ = ਦੂਰ ਕਰਨ ਵਾਲਾ। ਪੁਨਹ ਚਰਣਾ = ਕਿਸੇ ਕਾਰਜ ਦੀ ਸਿੱਧੀ ਵਾਸਤੇ ਦੁੱਖਾਂ ਕਲੇਸ਼ਾਂ ਰੋਗਾਂ ਨੂੰ ਦੂਰ ਕਰਨ ਲਈ ਕਿਸੇ ਦੇਵਤੇ ਦੇ ਸਨਮੁਖ ਹੋ ਕੇ ਕਿਸੇ ਮੰਤ੍ਰ ਦਾ ਜਾਪ ਕਰਨਾ, ਪ੍ਰਾਸਚਿਤ ਕਰਮ। ਤ੍ਰਾਸ = ਡਰ। ਹਰਾ = ਦੂਰ ਕਰਨ ਵਾਲਾ। ਰਾਸਿ = ਪੂੰਜੀ, ਸਰਮਾਇਆ। ਜਨ ਕੀ = ਭਗਤ ਜਨ ਵਾਸਤੇ।2।

ਅਰਥ: ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤ ਜਨਾਂ ਵਾਸਤੇ ਜੀਵਨ ਦਾ ਸਹਾਰਾ ਹਨ ਆਸਰਾ ਹਨ। ਬੇਅੰਤ ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਣਾ ਹੀ ਭਗਤ ਜਨਾਂ ਵਾਸਤੇ ਧਨ-ਪਦਾਰਥ ਹੈ ਭੁਇਂ ਦੀ ਮਾਲਕੀ ਹੈ ਖ਼ਜ਼ਾਨਾ ਹੈ।

ਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ। ਹੇ ਭਾਈ! ਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ।

ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ, ਪ੍ਰਭੂ ਦਾ ਨਾਮ ਹੀ ਭਗਤ ਜਨਾਂ ਲਈ ਪ੍ਰਾਸਚਿਤ ਕਰਮ ਹੈ, ਨਾਮ ਹੀ ਮੌਤ ਦਾ ਡਰ ਦੂਰ ਕਰਨ ਵਾਲਾ ਹੈ। ਨਾਨਕ ਬੇਨਤੀ ਕਰਦਾ ਹੈ– (ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਹੀ ਭਗਤ ਜਨਾਂ ਵਾਸਤੇ (ਜ਼ਿੰਦਗੀ ਦਾ) ਸਰਮਾਇਆ ਹੈ।2।

ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥ ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥ ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥ ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥ ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥ {ਪੰਨਾ 925}

ਪਦ ਅਰਥ: ਸੁਆਮੀ = ਹੇ ਮਾਲਕ-ਪ੍ਰਭੂ! ਜਾਨਈ = {jwnwiq} ਜਾਨੈ, ਜਾਣਦਾ। ਦੇਖਿ = ਵੇਖ ਕੇ। ਚਲਤ = ਚੋਜ-ਤਮਾਸ਼ੇ। ਸੁਣਿ = ਸੁਣ ਕੇ। ਸੁਣਿ ਭਗਤ = ਭਗਤਾਂ ਦੀ ਰਾਹੀਂ ਸੁਣ ਕੇ, ਭਗਤਾਂ ਪਾਸੋਂ ਸੁਣ ਕੇ। ਵਖਾਨਈ = ਵਖਾਨੈ, ਬਿਆਨ ਕਰਦਾ ਹੈ {ਇਕ-ਵਚਨ}।

ਸਭਿ = ਸਾਰੇ। ਤੁਝੇ = ਤੈਨੂੰ। ਧਿਆਵਹਿ = {ਬਹੁ-ਵਚਨ} ਧਿਆਉਂਦੇ ਹਨ। ਪੁਰਖਪਤਿ = ਹੇ ਪੁਰਖਾਂ ਦੇ ਪਤੀ! ਹੇ ਜੀਵਾਂ ਦੇ ਮਾਲਕ! ਸਰਬ = ਸਾਰੇ। ਜਾਚਿਕ = ਮੰਗਤੇ {ਬਹੁ-ਵਚਨ}। ਏਕੁ = {ਇਕ-ਵਚਨ} ਤੂੰ ਇੱਕ। ਕਰੁਣਾਮੈ = {k}xw-mX} ਹੇ ਤਰਸ-ਸਰੂਪ! ਜਗਦੀਸਰਾ = ਹੇ ਜਗਤ ਦੇ ਮਾਲਕ!

ਸੁਜਾਣੁ = ਸਿਆਣਾ। ਸੋਈ = ਉਹੀ। ਜਿਸਹਿ = ਜਿਸ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' (ਹਿ) ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਮਾਨਈ = ਮਾਨੈ, ਮਾਣ-ਆਦਰ ਦੇਂਦਾ ਹੈ। ਕਰਹੁ = ਤੁਸੀ ਕਰਦੇ ਹੋ। ਪਛਾਨਈ = ਪਛਾਣਦਾ ਹੈ।3।

ਅਰਥ: ਹੇ ਮੇਰੇ ਸੁਆਮੀ! ਤੇਰੇ ਗੁਣ ਬੇਅੰਤ ਹਨ, ਕੋਈ ਭੀ ਜੀਵ (ਤੇਰੇ ਗੁਣਾਂ ਦਾ ਅੰਤ) ਨਹੀਂ ਜਾਣਦਾ। (ਜਿਹੜਾ ਭੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ, ਉਹ) ਤੈਂ ਦਇਆਲ ਦੇ ਕੌਤਕ ਵੇਖ ਕੇ (ਜਾਂ) ਭਗਤ ਜਨਾਂ ਪਾਸੋਂ ਸੁਣ ਕੇ (ਹੀ) ਬਿਆਨ ਕਰਦਾ ਹੈ।

ਹੇ ਜੀਵਾਂ ਦੇ ਮਾਲਕ! ਹੇ ਪਰਮੇਸਰ! ਸਾਰੇ ਜੀਵ ਜੰਤ ਤੈਨੂੰ ਧਿਆਉਂਦੇ ਹਨ। ਹੇ ਤਰਸ-ਰੂਪ ਪ੍ਰਭੂ! ਹੇ ਜਗਤ ਦੇ ਈਸ਼੍ਵਰ! ਤੂੰ ਇਕੱਲਾ ਦਾਤਾ ਹੈਂ, ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ।

ਹੇ ਭਾਈ! ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ। ਨਾਨਕ ਬੇਨਤੀ ਕਰਦਾ ਹੈ– ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਕਿਰਪਾ ਕਰਦਾ ਹੈਂ, ਉਹੀ ਤੈਨੂੰ ਪਛਾਣਦਾ ਹੈ (ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ) ।3।

ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥ ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥ ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥ ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥ ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥ ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥ {ਪੰਨਾ 925}

ਪਦ ਅਰਥ: ਮੋਹਿ = ਮੈਂ। ਨਿਰਗੁਣ = ਗੁਣ-ਹੀਨ। ਅਨਾਥੁ = ਨਿਆਸਰਾ। ਬਲਿ = ਬਲਿਹਾਰ, ਸਦਕੇ, ਕੁਰਬਾਨ। ਜਿਨਿ = ਜਿਸ (ਗੁਰਦੇਵ) ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ਹੈ। ਗੁਰਿ = ਗੁਰੂ ਨੇ। ਕੁਸਲੁ = ਆਨੰਦ। ਸਰਬ = ਸਾਰੀਆਂ। ਇਛਾ = ਮੁਰਾਦਾਂ। ਜਲਨੇ = ਜਲਨਿ, ਸੜਨ, ਈਰਖਾ, ਸਾੜਾ। ਚਿਰੀ = ਚਿਰ ਤੋਂ। ਵਿਛੁੰਨਿਆ = ਵਿਛੁੜੇ ਹੋਏ। ਹਰਖ = ਖ਼ੁਸ਼ੀ। ਤੇ = ਤੋਂ।4।

ਅਰਥ: ਹੇ ਭਾਈ! ਮੈਂ ਗੁਣ-ਹੀਨ ਸਾਂ, ਮੈਂ ਨਿਆਸਰਾ ਸਾਂ (ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ) ਸਰਨ ਆ ਪਿਆ ਹਾਂ। (ਉਸ) ਗੁਰੂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦਿੱਤਾ ਹੈ।

ਗੁਰੂ ਨੇ (ਜਿਸ ਕਿਸੇ ਨੂੰ ਭੀ ਪਰਮਾਤਮਾ ਦਾ) ਨਾਮ ਦਿੱਤਾ (ਉਸ ਦੇ ਅੰਦਰ) ਆਤਮਕ ਆਨੰਦ ਬਣ ਗਿਆ, (ਉਸ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ; (ਗੁਰੂ ਨੇ ਉਸ ਦੇ ਅੰਦਰੋਂ) ਸਾੜਾ ਮਿਟਾ ਦਿੱਤਾ, (ਉਸ ਦੇ ਅੰਦਰ) ਠੰਢ ਪੈ ਗਈ, ਉਹ (ਪ੍ਰਭੂ ਤੋਂ) ਚਿਰਾਂ ਦਾ ਵਿਛੁੜਿਆ ਹੋਇਆ (ਮੁੜ) ਮਿਲ ਪਿਆ।

(ਹੇ ਭਾਈ! ਜਿਸ ਨੇ ਭੀ ਗੁਰੂ ਦੀ ਸਰਨ ਪੈ ਕੇ) ਬੜਾ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਣੇ ਸ਼ੁਰੂ ਕੀਤੇ, ਉਸ ਦੇ ਅੰਦਰ ਅਟੱਲ ਆਤਮਕ ਅਡੋਲਤਾ ਦੀਆਂ ਖ਼ੁਸ਼ੀਆਂ ਤੇ ਆਨੰਦ ਬਣ ਗਏ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਪਰਮਾਤਮਾ ਦਾ (ਅਜਿਹਾ) ਨਾਮ ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ।4।2।

ਰਾਮਕਲੀ ਮਹਲਾ ੫ ॥ ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥ ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥ ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥ ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥ {ਪੰਨਾ 925}

ਪਦ ਅਰਥ: ਰੁਣਝੁਣੋ = ਰੁਣ ਝੁਣੁ {ਰੁਣ = ਬਰੀਕ ਗਾਵਣ ਦੀ ਆਵਾਜ਼। ਝੁਣੁ = ਝਾਂਜਰਾਂ ਦੇ ਛਣਕਣ ਦੀ ਆਵਾਜ਼} ਮਿਠੀ ਮਿਠੀ ਸੁਰ। ਰੁਣਝੁਣੋ ਸਬਦੁ = ਮਿਠੀ ਮਿਠੀ ਸੁਰ ਵਾਲਾ ਸ਼ਬਦ। ਅਨਾਹਦੁ = ਬਿਨਾ ਵਜਾਏ ਵੱਜਣ ਵਾਲਾ, ਇਕ-ਰਸ, ਲਗਾਤਾਰ। ਉਠਿ = ਉੱਠ ਕੇ, ਆਹਰ ਨਾਲ। ਗਾਈਐ = ਗਾਇਆ ਜਾਣਾ ਚਾਹੀਦਾ ਹੈ। ਸੰਤਨ ਕੈ = ਸੰਤਨ ਕੈ ਘਰਿ, ਸਾਧ ਸੰਗਤਿ ਵਿਚ। ਕਿਲਵਿਖ = ਪਾਪ। ਸਭਿ = ਸਾਰੇ। ਜਪੀਐ = ਜਪਣਾ ਚਾਹੀਦਾ ਹੈ। ਗੁਰ ਮੰਤਨ ਕੈ = ਗੁਰੂ ਦੀ ਬਾਣੀ ਦੀ ਰਾਹੀਂ।

ਲੀਜੈ = ਲਿਆ ਜਾਣਾ ਚਾਹੀਦਾ ਹੈ। ਅਮਿਉ = ਅੰਮ੍ਰਿਤੁ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਜੈ = ਪੀਣਾ ਚਾਹੀਦਾ ਹੈ। ਰੈਣਿ = ਰਾਤ। ਜੋਗ = ਜੋਗ ਦੇ ਸਾਧਨ। ਦਾਨ = ਦਾਨ-ਪੁੰਨ। ਲਗਿ = ਲੱਗ ਕੇ। ਸਾਧੀਐ = ਸਾਧਨ ਕੀਤਾ ਜਾਂਦਾ ਹੈ।

ਭਾਉ = ਪ੍ਰੇਮ। ਪਰਹਰੈ = ਦੂਰ ਕਰ ਦੇਂਦਾ ਹੈ। ਤਰੈ = ਪਾਰ ਲੰਘ ਜਾਂਦਾ ਹੈ। ਸਾਗਰੁ = (ਸੰਸਾਰ-) ਸਮੁੰਦਰ। ਨਰਹਰੈ = ਪਰਮਾਤਮਾ ਨੂੰ।1।

ਅਰਥ: ਹੇ ਭਾਈ! ਨਿੱਤ ਆਹਰ ਨਾਲ ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।

ਹੇ ਭਾਈ! ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ। ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।

ਹੇ ਭਾਈ! ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ। ਨਾਨਕ ਆਖਦਾ ਹੈ– ਹੇ ਭਾਈ! ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।1।

ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥ ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥ ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥ ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥ ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥ ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ ਪੂਰਾ ਸਤਿਗੁਰੁ ਪਾਇਆ ॥੨॥ {ਪੰਨਾ 925}

ਪਦ ਅਰਥ: ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਗਾਵਹਿ = ਗਾਂਦੇ ਹਨ {ਬਹੁ-ਵਚਨ}। ਅਨਦ ਮੰਗਲ = ਅਨੇਕਾਂ ਸੁਖ ਤੇ ਖ਼ੁਸ਼ੀਆਂ। ਲਾਗੇ = ਲਾਗਿ, ਲੱਗ ਕੇ। ਘਨੇਰੇ = ਅਨੇਕਾਂ, ਬਹੁਤ। ਸੁਖ ਨਿਧਾਨੁ = ਸੁਖਾਂ ਦਾ ਖ਼ਜ਼ਾਨਾ। ਹਰਿਆ = ਦੂਰ ਹੋ ਜਾਂਦਾ ਹੈ। ਪ੍ਰਭਿ = ਪ੍ਰਭੂ ਨੇ। ਭ੍ਰਮੁ = ਵਹਿਮ, ਭਟਕਣ। ਰਸਨਾ = ਜੀਭ (ਨਾਲ) । ਭਾਖਿਆ = ਉਚਾਰਿਆ, ਜਪਿਆ। ਚਿਤਵੈ = ਚੇਤੇ ਕਰਦਾ ਹੈ। ਦ੍ਰਿਸਟੀ = ਨਜ਼ਰੀਂ।2।

ਅਰਥ: ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ) , ਤੇਰੇ ਗੁਣ ਗਾਂਦੇ ਹਨ; ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।

(ਹੇ ਭਾਈ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।

ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ, ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।

TOP OF PAGE

Sri Guru Granth Darpan, by Professor Sahib Singh