ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 926 ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥ ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥ ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥ ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ॥ ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥ ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ ਨਾਮੁ ਤੇਰਾ ਜਪਿ ਜੀਵਾ ॥੩॥ {ਪੰਨਾ 926} ਪਦ ਅਰਥ: ਮਿਲਿ ਰਹੀਐ = ਮਿਲੇ ਰਹਿਣਾ ਚਾਹੀਦਾ ਹੈ। ਮਿਲਿ = ਮਿਲ ਕੇ। ਸੁਨੀਐ = ਸੁਣਨਾ ਚਾਹੀਦਾ ਹੈ। ਦਾਮੋਦਰ = {ਦਾਮ = ਰੱਸੀ। ਉਦਰ = ਪੇਟ। ਤੜਾਗੀ। } ਪਰਮਾਤਮਾ। ਮਾਧੋ = {ਮਾ-ਧਵ। ਮਾਇਆ ਦਾ ਪਤੀ} ਪਰਮਾਤਮਾ। ਗੁਨੀਐ = ਗੁਣਾਂ ਦਾ। ਦਇਆਲ = ਦਇਆ ਦਾ ਘਰ। ਦੁਖ ਹਰ = ਦੁੱਖਾਂ ਦਾ ਨਾਸ ਕਰਨ ਵਾਲਾ। ਸਗਲ = ਸਾਰੇ। ਦੋਖ = ਪਾਪ। ਨਿਵਾਰਣੋ = ਦੂਰ ਕਰਨ ਵਾਲਾ। ਸੋਗ = ਗ਼ਮ। ਬਿਖੜੇ = ਔਖੇ। ਉਧਾਰਣੋ = ਬਚਾਣ ਵਾਲਾ। ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਰੇਣ = ਚਰਨ-ਧੂੜ। ਥੀਵਾ = ਥੀਵਾਂ, ਮੈਂ ਹੋ ਜਾਵਾਂ। ਪ੍ਰਭ = ਹੇ ਪ੍ਰਭੂ! ਮਇਆ = ਦਇਆ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਾਂ।3। ਅਰਥ: ਹੇ ਭਾਈ! ਪ੍ਰਭੂ ਦੇ ਭਗਤਾਂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ। ਹੇ ਭਾਈ! ਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਭਾਈ! ਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਹੇ ਭਾਈ! ਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ। ਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ) , ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ। ਨਾਨਕ ਬੇਨਤੀ ਕਰਦਾ ਹੈ– ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ।3। ਰਾਖਿ ਲੀਏ ਪ੍ਰਭਿ ਭਗਤ ਜਨਾ ਅਪਣੀ ਚਰਣੀ ਲਾਏ ਰਾਮ ॥ ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥ ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥ ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥ ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥ {ਪੰਨਾ 926} ਪਦ ਅਰਥ: ਪ੍ਰਭਿ = ਪ੍ਰਭੂ ਨੇ। ਲਾਏ = ਲਾਇ, ਲਾ ਕੇ। ਸਿਮਰਹ = ਆਓ, ਅਸੀਂ ਸਿਮਰੀਏ {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਧਿਆਏ = ਧਿਆਇ, ਧਿਆਇ ਕੇ, ਧਿਆਨ ਧਰ ਕੇ। ਤਰੇ = ਪਾਰ ਲੰਘ ਗਏ। ਭਵਜਲ = ਸੰਸਾਰ-ਸਮੁੰਦਰ। ਰਹੇ = ਮੁੱਕ ਗਏ। ਆਵਣ ਜਾਣਾ = ਜੰਮਣਾ ਮਰਨਾ। ਕਲਿਆਣ = ਸੁਖ-ਆਨੰਦ। ਪ੍ਰਭ ਭਾਣਾ = ਪ੍ਰਭੂ ਦਾ ਭਾਣਾ, ਪ੍ਰਭੂ ਦੀ ਰਜ਼ਾ। ਸਭ ਇਛ = ਹਰੇਕ ਮੁਰਾਦ। ਪੁੰਨੀ = ਪੂਰੀ ਹੋ ਗਈ। ਮਿਲੇ ਸਤਿਗੁਰ = ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ। ਪ੍ਰਭ = ਪ੍ਰਭੂ ਨੇ। ਵਿਸੂਰਿਆ = ਵਿਸੂਰੇ, ਝੋਰੇ।4। ਅਰਥ: (ਹੇ ਭਾਈ! ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ। ਸੋ, ਹੇ ਭਾਈ! ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀਂ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ। (ਹੇ ਭਾਈ! ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ। ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ; ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ।4।3। ਰਾਮਕਲੀ ਮਹਲਾ ੫ ਛੰਤ ॥ ਸਲੋਕੁ ॥ ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥ ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥੧॥ ਛੰਤੁ ॥ ਪ੍ਰਭ ਬਿਪਤਿ ਨਿਵਾਰਣੋ ਤਿਸੁ ਬਿਨੁ ਅਵਰੁ ਨ ਕੋਇ ਜੀਉ ॥ ਸਦਾ ਸਦਾ ਹਰਿ ਸਿਮਰੀਐ ਜਲਿ ਥਲਿ ਮਹੀਅਲਿ ਸੋਇ ਜੀਉ ॥ ਜਲਿ ਥਲਿ ਮਹੀਅਲਿ ਪੂਰਿ ਰਹਿਆ ਇਕ ਨਿਮਖ ਮਨਹੁ ਨ ਵੀਸਰੈ ॥ ਗੁਰ ਚਰਨ ਲਾਗੇ ਦਿਨ ਸਭਾਗੇ ਸਰਬ ਗੁਣ ਜਗਦੀਸਰੈ ॥ ਕਰਿ ਸੇਵ ਸੇਵਕ ਦਿਨਸੁ ਰੈਣੀ ਤਿਸੁ ਭਾਵੈ ਸੋ ਹੋਇ ਜੀਉ ॥ ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ ॥੧॥ {ਪੰਨਾ 926} ਪਦ ਅਰਥ: ਸਲੋਕੁ। ਚਰਨ ਕਮਲ = (ਗੁਰੂ ਦੇ) ਸੋਹਣੇ ਚਰਨ। ਸਰਣਾਗਤੀ = ਸਰਣ-ਆਗਤੀ, ਸਰਨ ਆ ਕੇ। ਮੰਗਲ = ਖ਼ੁਸ਼ੀ। ਗੁਣ ਗਾਮ = ਗੁਣ ਗਾਉਣੇ। ਆਰਾਧੀਐ = ਆਰਾਧਨਾ ਚਾਹੀਦਾ ਹੈ। ਬਿਪਤਿ = ਬਿਪਤਾ। ਨਿਵਾਰਣ = ਦੂਰ ਕਰਨ ਵਾਲਾ।1। ਛੰਤੁ। ਸਿਮਰੀਐ = ਸਿਮਰਨਾ ਚਾਹੀਦਾ ਹੈ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ, ਪੁਲਾੜ ਵਿਚ। ਪੂਰਿ ਰਹਿਆ = ਵਿਆਪਕ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮਨਹੁ = ਮਨ ਤੋਂ। ਸਭਾਗੇ = ਭਾਗਾਂ ਵਾਲੇ। ਜਗਦੀਸਰੈ = ਜਗਤ ਦੇ, ਈਸ਼ਰ ਦੇ, ਜਗਤ ਦੇ ਮਾਲਕ ਦੇ। ਸਰਬ ਗੁਣ = ਸਾਰੇ ਗੁਣ, ਸਾਰੀ ਵਡਿਆਈ, ਸਾਰੀ ਮਿਹਰ। ਸੇਵ ਸੇਵਕ = ਸੇਵਕਾਂ ਵਾਲੀ ਸੇਵਾ। ਰੈਣੀ = ਰਾਤ। ਤਿਸੁ = ਉਸ (ਪ੍ਰਭੂ) ਨੂੰ। ਭਾਵੈ = ਚੰਗਾ ਲੱਗਦਾ ਹੈ। ਬਲਿ ਜਾਇ = ਸਦਕੇ ਜਾਂਦਾ ਹੈ। ਸੁਖਹ ਦਾਤੇ = ਸੁਖ ਦੇਣ ਵਾਲੇ ਤੋਂ। ਪਰਗਾਸੁ = (ਸਹੀ ਆਤਮਕ ਜੀਵਨ ਦਾ) ਚਾਨਣ। ਮਨਿ = ਮਨ ਵਿਚ। ਤਨਿ = ਤਨ ਵਿਚ।1। ਅਰਥ: ਸਲੋਕੁ। (ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ) ਸੋਹਣੇ ਚਰਨਾਂ ਦੀ ਸਰਨ ਆ ਕੇ (ਪਰਮਾਤਮਾ ਦੇ) ਗੁਣ ਗਾਂਦੇ ਹਨ, (ਉਹਨਾਂ ਦੇ ਹਿਰਦੇ ਵਿਚ ਸਦਾ) ਆਨੰਦ ਸੁਖ ਬਣੇ ਰਹਿੰਦੇ ਹਨ। ਹੇ ਨਾਨਕ! (ਆਖ– ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ, ਪਰਮਾਤਮਾ (ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ।1। ਛੰਤ। (ਹੇ ਭਾਈ!) ਪਰਮਾਤਮਾ ਹੀ (ਜੀਵਾਂ ਦੀ ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ, ਉਸ ਤੋਂ ਬਿਨਾ ਹੋਰ ਕੋਈ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ। (ਹੇ ਭਾਈ!) ਸਦਾ ਹੀ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ; ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ) ਉਹ ਪਰਮਾਤਮਾ ਹੀ ਮੌਜੂਦ ਹੈ। ਹੇ ਭਾਈ! ਉਹ ਪਰਮਾਤਮਾ ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ) ਵਿਆਪਕ ਹੈ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਉਹ ਪ੍ਰਭੂ ਸਾਡੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ। ਉਹ ਦਿਨ ਭਾਗਾਂ ਵਾਲੇ (ਸਮਝੋ, ਜਦੋਂ ਸਾਡਾ ਮਨ) ਗੁਰੂ ਦੇ ਚਰਨਾਂ ਵਿਚ ਜੁੜਿਆ ਰਹੇ, (ਪਰ ਇਹ ਸਾਡੇ ਆਪਣੇ ਵੱਸ ਦੀ ਗੱਲ ਨਹੀਂ, ਇਹ ਤਦੋਂ ਹੀ ਹੁੰਦਾ ਹੈ ਜਦੋਂ) ਉਸ ਜਗਤ ਦੇ ਮਾਲਕ ਪ੍ਰਭੂ ਦੀ ਮਿਹਰ (ਹੋਵੇ) । ਹੇ ਭਾਈ! ਦਿਨ ਰਾਤ ਸੇਵਕਾਂ ਵਾਂਗ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ; ਜੋ ਕੁਝ ਉਸ ਨੂੰ ਭਾਉਂਦਾ ਹੈ ਉਹੀ (ਜਗਤ ਵਿਚ) ਹੋ ਰਿਹਾ ਹੈ। ਨਾਨਕ ਤਾਂ ਉਸ ਸੁਖ-ਦਾਤੇ ਪ੍ਰਭੂ ਤੋਂ ਸਦਕੇ ਜਾਂਦਾ ਹੈ, (ਉਸ ਦੀ ਮਿਹਰ ਨਾਲ ਹੀ ਸਾਡੇ) ਮਨ ਵਿਚ ਤਨ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਸਕਦਾ ਹੈ।1। ਸਲੋਕੁ ॥ ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥ ਨਾਨਕ ਟੇਕ ਗੋੁਪਾਲ ਕੀ ਗੋਵਿੰਦ ਸੰਕਟ ਮੋਚ ॥੧॥ ਛੰਤੁ ॥ ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥ ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥ ਪ੍ਰਤਿਪਾਲ ਅਚੁਤ ਪੁਰਖੁ ਏਕੋ ਤਿਸਹਿ ਸਿਉ ਰੰਗੁ ਲਾਗਾ ॥ ਕਰ ਚਰਨ ਮਸਤਕੁ ਮੇਲਿ ਲੀਨੇ ਸਦਾ ਅਨਦਿਨੁ ਜਾਗਾ ॥ ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ ਤਨੁ ਜੋਬਨੁ ਧਨੁ ਮਾਲੁ ਜੀਉ ॥ ਸਦ ਸਦਾ ਬਲਿ ਜਾਇ ਨਾਨਕੁ ਸਰਬ ਜੀਆ ਪ੍ਰਤਿਪਾਲ ਜੀਉ ॥੨॥ {ਪੰਨਾ 926} ਪਦ ਅਰਥ: ਸਿਮਰਤ = ਸਿਮਰਦਿਆਂ। ਬਿਨਸੀ = ਮੁੱਕ ਗਈ। ਦੁਤੀਆ = ਦੂਜੀ, ਹੋਰ ਹੋਰ। ਸੋਚ = ਚਿੰਤਾ-ਫ਼ਿਕਰ। ਟੇਕ = ਆਸਰਾ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਸੰਕਟ = ਦੁੱਖ ਕਲੇਸ਼। ਮੋਚ = ਨਾਸ ਕਰਨ ਵਾਲਾ।1। ਛੰਤੁ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਦੀਨਾਨਾਥ = ਕਮਜ਼ੋਰਾਂ ਦਾ ਰਾਖਾ। ਪ੍ਰਤਿਪਾਲ = ਪਾਲਣਹਾਰ। ਅਚੁਤ = {ਅਚੁੱਤ। ÁXu-To fall, ਡਿੱਗ ਪੈਣਾ} ਕਦੇ ਨਾਹ ਡਿੱਗਣ ਵਾਲਾ, ਅਬਿਨਾਸ਼ੀ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਸਿਉ = ਨਾਲ। ਰੰਗੁ = ਪ੍ਰੇਮ। ਕਰ = ਹੱਥ {ਬਹੁ-ਵਚਨ}। ਮਸਤਕ = ਮੱਥਾ। ਅਨਦਿਨੁ = ਹਰ ਰੋਜ਼, ਹਰ ਵੇਲੇ। ਜੀਉ = ਜਿੰਦ। ਪਿੰਡੁ = ਸਰੀਰ। ਗ੍ਰਿਹੁ = ਘਰ। ਬਲਿ ਜਾਇ = ਸਦਕੇ ਜਾਂਦਾ ਹੈ।2। ਅਰਥ: ਹੇ ਨਾਨਕ! ਜਿਸ ਮਨੁੱਖ ਨੇ ਸਾਰੇ ਸੰਕਟ ਦੂਰ ਕਰਨ ਵਾਲੇ ਗੋਬਿੰਦ ਗੋਪਾਲ ਦਾ ਆਸਰਾ ਲਿਆ, ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸੁਖੀ ਹੋ ਗਿਆ ਉਸ ਦਾ ਤਨ ਸੁਖੀ ਹੋ ਗਿਆ (ਕਿਉਂਕਿ ਪ੍ਰਭੂ ਦੀ ਯਾਦ ਤੋਂ ਬਿਨਾ ਉਸ ਦਾ) ਹੋਰ ਹੋਰ ਸਭ ਚਿੰਤਾ-ਫ਼ਿਕਰ ਦੂਰ ਹੋ ਗਿਆ।1। ਛੰਤੁ। ਹੇ ਭਾਈ! ਜਿਸ ਮਨੁੱਖ ਨੇ ਦੀਨਾਂ ਦੇ ਨਾਥ ਪਾਲਣਹਾਰ ਹਰੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕੀਤੇ, ਦਇਆ ਦੇ ਸੋਮੇ ਨਾਰਾਇਣ ਨੇ ਉਸ ਦਾ ਸਾਰੇ ਡਰ ਤੇ ਦੁੱਖ-ਕਲੇਸ਼ ਕੱਟ ਦਿੱਤੇ। ਹੇ ਭਾਈ! ਸਭ ਨੂੰ ਪਾਲਣ ਵਾਲਾ ਅਬਿਨਾਸ਼ੀ ਸਿਰਫ਼ ਅਕਾਲ ਪੁਰਖ ਹੀ ਹੈ, ਜਿਸ ਮਨੁੱਖ ਦਾ ਪਿਆਰ ਉਸ ਨਾਲ ਬਣ ਗਿਆ, ਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਸ ਦੇ ਚਰਨਾਂ ਉੱਤੇ ਰੱਖ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ, (ਮਾਇਆ ਦੇ ਹੱਲਿਆਂ ਵਲੋਂ ਉਹ) ਸਦਾ ਹਰ ਵੇਲੇ ਸੁਚੇਤ ਰਹਿਣ ਲੱਗ ਪਿਆ। ਹੇ ਭਾਈ! (ਸਾਡੀ ਇਹ) ਜਿੰਦ (ਸਾਡਾ ਇਹ) ਸਰੀਰ, ਘਰ, ਥਾਂ, ਤਨ, ਜੋਬਨ ਅਤੇ ਧਨ-ਮਾਲ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ। ਨਾਨਕ ਉਸ ਤੋਂ ਸਦਾ ਹੀ ਸਦਕੇ ਜਾਂਦਾ ਹੈ।2। ਸਲੋਕੁ ॥ ਰਸਨਾ ਉਚਰੈ ਹਰਿ ਹਰੇ ਗੁਣ ਗੋਵਿੰਦ ਵਖਿਆਨ ॥ ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ ॥੧॥ ਛੰਤੁ ॥ ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥ ਭਜੁ ਸਾਧੂ ਸੰਗਿ ਦਇਆਲ ਦੇਵ ਮਨ ਕੀ ਮਤਿ ਤਿਆਗੁ ਜੀਉ ॥ ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥ ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥ ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥ ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥੩॥ {ਪੰਨਾ 926-927} ਪਦ ਅਰਥ: ਰਸਨਾ = ਜੀਭ (ਨਾਲ) । ਉਚਰੈ = ਉਚਾਰਦਾ ਹੈ। ਟੇਕ = ਆਸਰਾ। ਰਖੈ = ਰੱਖਿਆ ਕਰਦਾ ਹੈ। ਨਿਦਾਨ = ਅੰਤ ਨੂੰ। ਛੰਤੁ। ਸੁਆਮੀ = ਮਾਲਕ। ਰਖਕੋ = ਰੱਖਿਅਕ, ਰਾਖਾ। ਤਾ ਕੈ ਅੰਚਲਿ = ਉਸ ਦੇ ਪੱਲੇ ਨਾਲ। ਜੀਉ = ਹੇ ਜੀ! ਹੇ ਭਾਈ! ਭਜੁ = ਭਜਨ ਕਰ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਮਤਿ = ਸਿਆਣਪ। ਜੀਉ = ਜਿੰਦ, ਆਪਣਾ ਆਪਾ। ਧਰਣੀ ਧਰੈ = ਧਰਣੀ-ਧਰ ਦੀ, ਧਰਤੀ ਦੇ ਆਸਰੇ ਪ੍ਰਭੂ ਦੀ। ਸੰਗੇ = ਸੰਗਿ। ਰੰਗੇ = ਰੰਗਿ। ਸਭੁ = ਸਾਰਾ। ਤਰੈ = ਪਾਰ ਲੰਘ ਜਾਂਦਾ ਹੈ। ਛੂਟੇ = ਮੁੱਕ ਗਏ। ਥਿਰੁ = ਸਦਾ ਲਈ ਕਾਇਮ। ਸੋਹਾਗੁ = ਪਤੀ ਵਾਲਾ ਸਹਾਰਾ।3। ਅਰਥ: ਹੇ ਨਾਨਕ! ਜਿਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਗੋਬਿੰਦ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ, ਸਦਾ ਇਕ ਪਰਮੇਸਰ ਦਾ ਆਸਰਾ ਲਈ ਰੱਖਦਾ ਹੈ, ਪਰਮਾਤਮਾ ਆਖ਼ਰ ਉਸ ਦੀ ਰੱਖਿਆ ਕਰਦਾ ਹੈ।1। ਛੰਤੁ। ਹੇ ਭਾਈ! ਉਹੀ ਮਾਲਕ-ਪ੍ਰਭੂ ਹੀ (ਅਸਾਂ ਜੀਵਾਂ ਦਾ) ਰਾਖਾ ਹੈ, ਸਦਾ ਉਸ ਦੇ ਲੜ ਲੱਗਾ ਰਹੁ। ਆਪਣੇ ਮਨ ਦੀ ਸਿਆਣਪ ਛੱਡ ਦੇਹ, ਗੁਰੂ ਦੀ ਸੰਗਤਿ ਵਿਚ ਟਿਕ ਕੇ ਉਸ ਦਇਆ-ਦੇ-ਘਰ ਪ੍ਰਭੂ ਦਾ ਭਜਨ ਕਰਿਆ ਕਰ। ਹੇ ਭਾਈ! ਸਿਰਫ਼ ਇਕ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਆਪਣਾ ਆਪ ਉਸਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਸਾਰੀ ਸ੍ਰਿਸ਼ਟੀ ਦੇ ਆਸਰੇ ਉਸ ਪ੍ਰਭੂ ਦੀ ਹੀ ਆਸ ਰੱਖਣੀ ਚਾਹੀਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਸ ਮਨੁੱਖ ਦੇ ਜਨਮ ਮਰਨ ਦੇ ਗੇੜ ਉਸ ਦੇ ਪਿਛਲੇ ਕੀਤੇ ਸਾਰੇ ਕੁਕਰਮ ਮੁੱਕ ਜਾਂਦੇ ਹਨ, ਮੁੜ ਕਦੇ ਉਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ। ਹੇ ਭਾਈ! ਜਿਸ ਪਰਮਾਤਮਾ ਦਾ ਪਤੀ ਵਾਲਾ ਸਹਾਰਾ ਸਦਾ (ਜੀਵਾਂ ਦੇ ਸਿਰ ਉਤੇ) ਕਾਇਮ ਰਹਿੰਦਾ ਹੈ, ਨਾਨਕ ਉਸ ਸਰਬ-ਗੁਣ-ਭਰਪੂਰ ਸਰਬ-ਵਿਆਪਕ ਪ੍ਰਭੂ ਤੋਂ ਸਦਕੇ ਜਾਂਦਾ ਹੈ।3। |
Sri Guru Granth Darpan, by Professor Sahib Singh |