ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 928 ਸਲੋਕ ॥ ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥ ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥ ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥ ਛੰਤੁ ॥ ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥ ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥ ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥ ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥ ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥ ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥ {ਪੰਨਾ 928} ਪਦ ਅਰਥ: ਭ੍ਰਮਿ = ਭਟਕ ਭਟਕ ਕੇ। ਮੁਈ = ਆਤਮਕ ਮੌਤੇ ਮਰ ਗਈ। ਕੋਮਲ ਬੰਧਨ = ਮੋਹ ਦੀਆਂ ਨਾਜ਼ਕ ਫਾਹੀਆਂ। ਕਰਮਹਿ ਲੇਖ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।1। ਭਾਣੇ = ਭਾ ਗਏ, ਚੰਗੇ ਲੱਗੇ। ਸੇ ਉਹ = {ਬਹੁ-ਵਚਨ}। ਸਰਣਾਗਤੀ = ਸਰਣ ਪਏ ਰਹੋ। ਜਾ ਕਾ = ਜਿਸ (ਪ੍ਰਭੂ) ਦਾ।2। ਛੰਤੁ। ਗ੍ਰੀਖਮ = ਗਰਮੀ। ਗਾਖੜੀ = ਔਖੀ। ਅਖਾੜੈ = ਹਾੜ ਵਿਚ। ਘਾਮ = ਗਰਮੀ, ਹੁੰਮ। ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ। ਦੁਹਾਗਣੀ = ਮੰਦ-ਭਾਗਣ ਜੀਵ-ਇਸਤ੍ਰੀ ਨੂੰ। ਨ ਕਰੀ = ਨਹੀਂ ਕਰਦਾ। ਦ੍ਰਿਸਟਿ = ਨਿਗਾਹ। ਹਾਵੈ = ਹਾਹੁਕੇ ਵਿਚ। ਗਾਰਬਿ = ਅਹੰਕਾਰ ਵਿਚ। ਮੁਠੀਆ = ਲੁੱਟੀ ਜਾਂਦੀ ਹੈ। ਸੰਗਿ = ਨਾਲ। ਰੁਠੀਆ = ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ। ਕਰਿ = ਕਰ ਕੇ। ਜੋਨੀ = ਜੂਨਾਂ ਵਿਚ। ਭੈ ਭੀਤ ਹੋਈ = ਡਰੀ ਹੋਈ, ਘਬਰਾਈ ਹੋਈ। ਦੇਇ = ਦੇਂਦਾ ਹੈ {ਇਕ-ਵਚਨ}। ਜਾਮ = ਜਮ। ਪੂਰਨ ਕਾਮ = ਹੇ ਕਾਮਨਾ ਪੂਰੀ ਕਰਨ ਵਾਲੇ!।3। ਅਰਥ: ਹੇ ਨਾਨਕ! ਗੁਰੂ ਦੀ ਸੰਗਤਿ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ। ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ।1। ਹੇ ਨਾਨਕ! ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ। (ਇਸ ਵਾਸਤੇ, ਹੇ ਭਾਈ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ।2। ਛੰਤੁ। (ਹੇ ਸਹੇਲੀਏ! ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਅ ਜੰਤ ਬਹੁਤ ਔਖੇ ਹੁੰਦੇ ਹਨ, ਤਿਵੇਂ ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵਲ ਪ੍ਰਭੂ-ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪ੍ਰੇਮ ਦੀ ਅਣਹੋਂਦ ਸਾੜਦੀ ਹੈ। ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਹੀਂ ਦਿੱਸਦਾ, ਉਹ ਹਾਹੁਕੇ ਲੈ ਲੈ ਮਰਦੀ ਰਹਿੰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ। ਮਾਇਆ ਦੇ ਮੋਹ ਵਿਚ ਫਸੀ ਹੋਈ ਉਹ ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ (ਤੇ ਸਦਾ ਇਉਂ ਤੜਫਦੀ ਰਹਿੰਦੀ ਹੈ, ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ। (ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਪਾਪ ਕਰ ਕਰ ਕੇ ਘਾਬਰੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ। ਨਾਨਕ ਬੇਨਤੀ ਕਰਦਾ ਹੈ– ਹੇ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ।3। ਸਲੋਕ ॥ ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥ ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥ ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥ ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥ ਛੰਤੁ ॥ ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥ ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥ ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥ ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥ {ਪੰਨਾ 928} ਪਦ ਅਰਥ: ਸਰਧਾ = ਪਿਆਰ, ਪ੍ਰੇਮ। ਸੰਗਿ = ਨਾਲ। ਇਕੁ ਤਿਲੁ = ਰਤਾ ਜਿਤਨਾ ਸਮਾ ਭੀ। ਅੰਤਰਿ = ਅੰਦਰ। ਰਵਿ ਰਹੇ = ਵੱਸਿਆ ਰਹਿੰਦਾ ਹੈ। ਸਹਜਿ ਸੁਭਾਇ = ਸੁਤੇ ਹੀ, ਬਿਨਾ ਕਿਸੇ ਉਚੇਚ ਦੇ, ਕਿਰਤ ਕਾਰ ਕਰਦੇ ਫਿਰਦਿਆਂ ਭੀ।1। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਲੀਨੀ = ਆਪਣੀ ਬਣਾ ਲਈ। ਸਾਜਨਹਿ = ਸੱਜਣ-ਪ੍ਰਭੂ ਨੇ। ਚਰਨਹ = ਚਰਨਾਂ ਦੀ। ਹਿਤ = ਪਿਆਰ। ਚੀਤ = ਚਿੱਤ, ਧਿਆਨ।2। ਛੰਤੁ। ਰੁਤਿ = ਮੌਸਮ। ਬਰਸੁ = ਵਰਖਾ (ਦਾ ਮੌਸਮ) । ਸੁਹੇਲੀਆ = ਸੁਖਦਾਈ। ਘਣ = ਬੱਦਲ। ਉਨਵਿ = ਨੀਵੇਂ ਹੋ ਕੇ, ਝੁਕ ਕੇ। ਵੁਠੇ = ਵਰ੍ਹਨ ਲੱਗ ਪਏ। ਮਕਰੰਦ = ਸੁਗੰਧੀ ਭਰਿਆ ਜਲ। ਪੂਰਿਆ = ਭਰ ਗਿਆ। ਸਰਬ ਠਾਈ = ਸਭਨੀਂ ਥਾਈਂ। ਨਵ ਨਿਧਿ = ਨੌ ਖ਼ਜ਼ਾਨੇ। ਗ੍ਰਿਹ = ਘਰ। ਸਿਮਰਿ = ਸਿਮਰ ਕੇ। ਸਮੂਹਾ = ਢੇਰ। ਸਭਿ = ਸਾਰੇ। ਪ੍ਰਿਅ ਰੰਗਿ = ਪਿਆਰੇ ਦੇ ਪ੍ਰੇਮ-ਰੰਗ ਵਿਚ। ਜਾਗੇ = ਸੁਚੇਤ ਹੋ ਗਏ। ਛਿਦ੍ਰ = ਐਬ, ਦਾਗ਼। ਸਦ = ਸਦਾ। ਬਖਸਿੰਦੁ = ਦਇਆਵਾਨ। ਕੰਤੁ = ਕਸਮ। ਮਨਿ = ਮਨ ਵਿਚ। ਭਾਵੰਦੁ = ਪਿਆਰਾ ਲੱਗਣ ਵਾਲਾ।4। ਅਰਥ: ਹੇ ਨਾਨਕ! (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਪਣੇ) ਪ੍ਰੀਤਮ-ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਉਸ (ਪ੍ਰੀਤਮ ਤੋਂ ਬਿਨਾ) ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ। ਬਿਨਾ ਕਿਸੇ ਉਚੇਚੇ ਜਤਨ ਦੇ ਹੀ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ।1। ਹੇ ਨਾਨਕ! ਅਨੇਕਾਂ ਜਨਮਾਂ ਤੋਂ ਚਲੇ ਆ ਰਹੇ ਮਿੱਤਰ ਸੱਜਣ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦਾ) ਹੱਥ ਫੜ ਕੇ (ਉਸ ਨੂੰ ਆਪਣਾ) ਬਣਾ ਲਿਆ, ਉਸ ਨੂੰ ਆਪਣਾ ਹਾਰਦਿਕ ਪਿਆਰ ਦੇ ਕੇ ਉਸ ਨੇ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ।2। ਛੰਤੁ। (ਹੇ ਸਹੇਲੀਏ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ, ਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ, (ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ। ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ। ਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੱੁਠਿਆ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ– ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ।4। ਸਲੋਕ ॥ ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥ ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥ ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥ ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥ ਛੰਤੁ ॥ ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥ ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥ ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥ {ਪੰਨਾ 928} ਪਦ ਅਰਥ: ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਪੇਖਉ = ਪੇਖਉਂ, ਮੈਂ ਵੇਖਾਂ। ਮੇਲਣਹਾਰ = ਮਿਲਾਪ ਕਰਾਣ ਜੋਗਾ।1। ਬਿਨੁ ਮਿਲਬੇ = ਮਿਲਣ ਤੋਂ ਬਿਨਾ। ਸਾਧਹ ਸਰਣਾਗਤੀ = ਸੰਤ ਜਨਾਂ ਦੀ ਸਰਨ ਪਿਆਂ। ਪੁਜਾਇ = ਪੂਰੀ ਕਰ ਦੇਂਦਾ ਹੈ।2। ਛੰਤੁ! ਅਡੰਬਰੋ = ਅਡੰਬਰੁ, ਆਰੰਭ। ਕਤਕੇ = ਕੱਤਕ ਵਿਚ। ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਸੂਖ ਸਾਰੇ = ਸੁਖਾਂ ਦੀ ਸਾਰ। ਧ੍ਰਿਗੁ = ਫਿਟਕਾਰ-ਜੋਗ, ਵਿਅਰਥ। ਸੁੰਦਰਿ = ਸੁੰਦਰੀ, ਸੋਹਣੀ। ਸੁਜਾਣਿ = ਸਿਆਣੀ। ਚਤੁਰਿ = {ਲਫ਼ਜ਼ 'ਚਤੁਰੁ' ਤੋਂ ਇਸਤ੍ਰੀ ਲਿੰਗ}। ਬੇਤੀ = {ਲਫ਼ਜ਼ 'ਬੇਤਾ' ਤੋਂ ਇਸਤ੍ਰੀ ਲਿੰਗ} ਵਿੱਦਿਆਵਤੀ। ਤਨਾ = ਸਰੀਰ। ਈਤ ਉਤ = ਇਧਰ ਉਧਰ, ਆਸੇ ਪਾਸੇ। ਦਹ ਦਿਸ = ਦਸੀਂ ਪਾਸੀਂ। ਅਲੋਕਨ = ਵੇਖ-ਭਾਲ। ਮਨਿ = ਮਨ ਵਿਚ। ਧਾਰਿ ਕਿਰਪਾ = ਕਿਰਪਾ ਕਰ ਕੇ। ਗੁਣਤਾਸ ਪ੍ਰਭ = ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ!।5। ਅਰਥ: ਹੇ ਨਾਨਕ! (ਆਖ– ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ। (ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ।1। ਹੇ ਨਾਨਕ! (ਆਖ– ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ। ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ।2। ਛੰਤੁ! (ਹੇ ਸਹੇਲੀਏ! ਜਦੋਂ) ਅੱਸੂ ਕੱਤਕ ਵਿਚ ਮਿੱਠੀ ਮਿੱਠੀ ਰੁੱਤ ਦਾ ਆਰੰਭ ਹੁੰਦਾ ਹੈ, (ਤਦੋਂ ਹਿਰਦੇ ਵਿਚ) ਪ੍ਰਭੂ (ਦੇ ਮਿਲਾਪ) ਦੀ ਤਾਂਘ ਉਪਜਦੀ ਹੈ। (ਜਿਸ ਜੀਵ-ਇਸਤ੍ਰੀ ਦੇ ਅੰਦਰ ਇਹ ਬਿਰਹੋਂ ਅਵਸਥਾ ਪੈਦਾ ਹੁੰਦੀ ਹੈ, ਉਹ) ਦੀਦਾਰ ਕਰਨ ਵਾਸਤੇ ਭਾਲ ਕਰਦੀ ਫਿਰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ। ਨਾਨਕ ਬੇਨਤੀ ਕਰਦਾ ਹੈ– (ਹੇ ਸਹੇਲੀਏ!) ਪਿਆਰੇ ਖਸਮ (ਦੇ ਮਿਲਾਪ) ਤੋਂ ਬਿਨਾ (ਉਸ ਦੇ ਮਿਲਾਪ ਦੇ) ਸੁਖ ਦੀ ਸਾਰ ਨਹੀਂ ਪੈ ਸਕਦੀ, ਹਾਰ ਕੰਙਣ (ਆਦਿਕ ਸਿੰਗਾਰ ਸਗੋਂ) ਦੁਖਦਾਈ ਲੱਗਦੇ ਹਨ। ਇਸਤ੍ਰੀ ਸੋਹਣੀ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ-ਵਤੀ ਹੋਵੇ (ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੀ ਹੈ, ਜਿਵੇਂ) ਸਾਹ ਆਉਣ ਤੋਂ ਬਿਨਾ ਸਰੀਰ। (ਇਹੀ ਹਾਲ ਹੁੰਦਾ ਹੈ ਜੀਵ-ਇਸਤ੍ਰੀ ਦਾ, ਜੇ ਪ੍ਰਭੂ-ਮਿਲਾਪ ਤੋਂ ਵਾਂਜੀ ਰਹੇ) ਆਸੇ ਪਾਸੇ ਦਸੀਂ ਪਾਸੀਂ ਵੇਖ-ਭਾਲ ਕਰਦੀ ਹੈ, ਉਸ ਦੇ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ। (ਉਹ ਸੰਤ ਜਨਾਂ ਅੱਗੇ ਬੇਨਤੀ ਕਰਦੀ ਰਹਿੰਦੀ ਹੈ– ਹੇ ਸੰਤ ਜਨੋਂ!) ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਉ।5। ਸਲੋਕ ॥ ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥ ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥ ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥ ਛੰਤੁ ॥ ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥ ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥ ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥ {ਪੰਨਾ 928-929} ਪਦ ਅਰਥ: ਜਲਣਿ = ਸੜਨ, ਤ੍ਰਿਸ਼ਨਾ ਦੀ ਅੱਗ। ਮਨਿ = ਮਨ ਵਿਚ। ਤਨਿ = ਤਨ ਵਿਚ। ਸਾਂਤਿ = ਠੰਢ। ਦੁਤੀਆ ਭ੍ਰਾਂਤਿ = (ਪ੍ਰਭੂ ਨੂੰ ਭੁਲਾ ਕੇ) ਹੋਰ ਪਾਸੇ ਦੀ ਭਟਕਣਾ, ਮਾਇਆ ਦੀ ਖ਼ਾਤਰ ਭਟਕਣਾ।1। ਸਾਧ = ਗੁਰੂ, ਸੰਤ ਜਨ। ਪਠਾਏ = ਘੱਲੇ। ਤੇ = ਤੋਂ। ਹਮ ਤੁਮ ਤੇ = ਅਸਾਂ ਜੀਵਾਂ ਤੋਂ। ਭ੍ਰਮ = ਭਰਮ, ਭਟਕਣ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਰਮਣ = ਸਿਮਰਨ। ਭਰਪੂਰਿ = ਸਰਬ-ਵਿਆਪਕ।2। ਛੰਤੁ। ਸਿਸੀਅਰ = ਸਿਆਲ। ਸੀਤਲ = ਠੰਢੀ। ਪੋਹਿ = ਪੋਹ (ਦੇ ਮਹੀਨੇ) ਵਿਚ। ਜਲਨਿ = ਤਪਸ਼, ਤ੍ਰਿਸ਼ਨਾ ਦੀ ਅੱਗ। ਧ੍ਰੋਹ = ਠੱਗੀਆਂ। ਸਭਿ = ਸਾਰੇ। ਮਿਲਿ = ਮਿਲ ਕੇ। ਸੇਵਕਿ = ਸੇਵਕ ਨੇ। ਡੋਰ = ਧਾਗਾ। ਅਭੇਵਿਆ = ਅਭੇਵ ਦੇ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਭਾਉ = ਪਿਆਰ। ਬਾਂਛਤ = ਮੰਗਦਿਆਂ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਪ੍ਰਭਿ = ਪ੍ਰਭੂ ਨੇ। ਤਹ = ਉਥੇ, ਉਸ ਦੇ ਹਿਰਦੇ ਵਿਚ। ਪ੍ਰੇਮ ਬਿਛੋਹ = ਪ੍ਰਭੂ-ਪ੍ਰੇਮ ਤੋਂ ਵਿਛੋੜਾ, ਪ੍ਰੇਮ ਦੀ ਅਣਹੋਂਦ।6। ਅਰਥ: ਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੂੰ) ਪੂਰਨ ਪ੍ਰਭੂ ਜੀ ਮਿਲ ਪਏ (ਉਹਨਾਂ ਦੇ ਅੰਦਰੋਂ) ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ; (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਗਈ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਗਏ, (ਉਹਨਾਂ ਦੇ) ਮਨ ਵਿਚ (ਉਹਨਾਂ ਦੇ) ਤਨ ਵਿਚ ਸ਼ਾਂਤੀ ਪੈਦਾ ਹੋ ਗਈ।1। ਹੇ ਨਾਨਕ! ਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ। (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ, (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ।2। ਛੰਤੁ। ਹੇ ਭਾਈ! ਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ। ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ। (ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ। ਹੇ ਭਾਈ! ਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ। ਨਾਨਕ ਬੇਨਤੀ ਕਰਦਾ ਹੈ– ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ।6। |
Sri Guru Granth Darpan, by Professor Sahib Singh |