ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 929 ਸਲੋਕ ॥ ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥ ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥ ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥ ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥ ਛੰਤੁ ॥ ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥ ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥ ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥ ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥ {ਪੰਨਾ 929} ਪਦ ਅਰਥ: ਸੋਹਾਗਣੀ = {sOBwignI} ਭਾਗਾਂ ਵਾਲੀ ਜੀਵ-ਇਸਤ੍ਰੀ ਨੇ। ਸੰਤ ਸੰਜੋਗੀ = ਸੰਤਾਂ ਦੇ ਸੰਜੋਗ ਨਾਲ, ਸੰਤਾਂ ਦੀ ਸੰਗਤਿ ਦੀ ਬਰਕਤ ਨਾਲ। ਗ੍ਰਿਹਿ = ਹਿਰਦੇ-ਘਰ ਵਿਚ।1। ਨਾਦ = ਰਾਗਾਂ ਦੇ ਗਾਣੇ। ਬਿਨੋਦ = ਤਮਾਸ਼ੇ। ਕੋਡ = ਕੌਤਕ। ਸੰਗਿ = ਨਾਲ, ਸੰਗਤਿ ਵਿਚ। ਭਨੇ = ਭਨਿ, ਉਚਾਰ ਕੇ। ਮਨ ਬਾਂਛਤ = ਮਨ-ਮੰਗੇ।2। ਛੰਤੁ। ਹਿਮ = ਬਰਫ਼। ਹਿਮਕਰ = ਬਰਫ਼ਾਨੀ, ਬਰਫ਼ ਪੈਦਾ ਕਰਨ ਵਾਲੀ। ਮਨਿ = ਮਨ ਵਿਚ। ਗੁਣਵੰਤ = ਗੁਣਾਂ ਵਾਲੇ, ਖ਼ੂਬੀਆਂ ਵਾਲੇ। ਸਖੀ ਸਹੇਲੀ = ਹੇ ਸਖੀ ਸਹੇਲੀ! ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਸਿਫ਼ਤਿ-ਸਾਲਾਹ ਦਾ ਗੀਤ। ਸੇਜ = ਹਿਰਦਾ-ਸੇਜ। ਸੁੰਦਰਿ = {ਲਫ਼ਜ਼ 'ਸੁੰਦਰ' ਤੋਂ ਇਸਤ੍ਰੀ ਲਿੰਗ}। ਸੋਹੀਆ = ਸੋਭਨੀਕ, ਸੋਹਣੀ ਬਣੀ ਹੋਈ। ਵਣੁ = ਜੰਗਲ। ਤ੍ਰਿਣੁ = ਘਾਹ-ਪੱਠਾ। ਦੇਖਿ = ਵੇਖ ਕੇ। ਮੋਹੀਆ = ਮਸਤ ਹੋ ਗਈ। ਪੁੰਨੀ = ਪੂਰੀ ਹੋਈ। ਨਿਰਮਲ = ਪਵਿੱਤਰ। ਮੰਤ = ਨਾਮ-ਮੰਤ੍ਰ। ਰਲੀਆ = ਖ਼ੁਸ਼ੀਆਂ। ਸ੍ਰੀ ਧਰ = ਲੱਛਮੀ ਦਾ ਆਸਰਾ, ਲੱਛਮੀ ਦਾ ਪਤੀ, ਪਰਮਾਤਮਾ।7। ਅਰਥ: ਹੇ ਨਾਨਕ! ਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ, ਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ।1। ਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ, ਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ) ।2। ਛੰਤੁ। (ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ) । ਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ। ਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ। ਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ। ਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ– ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ।7। ਸਲੋਕ ॥ ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥ ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥ ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥ ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥ ਛੰਤੁ ॥ ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥ ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥ ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥ ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥ ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥ ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥ {ਪੰਨਾ 929} ਪਦ ਅਰਥ: ਜੀਅ ਕੇ = ਜਿੰਦ ਦੇ। ਸਹਾਈ = ਮਦਦਗਾਰ। ਭਵਜਲ = ਸੰਸਾਰ-ਸਮੁੰਦਰ। ਤਾਰਣਹਾਰ = ਪਾਰ ਲੰਘਾਣ ਦੀ ਸਮਰੱਥਾ ਵਾਲੇ। ਤੇ = ਤੋਂ। ਜਾਣੀਅਹਿ = ਪਛਾਣੇ ਜਾਂਦੇ ਹਨ {ਵਰਤਮਾਨ ਕਾਲ, ਕਰਮ ਵਾਚ, ਅੰਨ ਪੁਰਖ, ਬਹੁ-ਵਚਨ}।2। ਜਾਨਿਆ = ਸਾਂਝ ਪਾਈ, ਜਾਣ-ਪਛਾਣ ਬਣਾਈ। ਸੇਈ = ਉਹੀ ਬੰਦੇ। ਤਰੇ = ਪਾਰ ਲੰਘ ਗਏ। ਸੂਰੇ = ਸੂਰਮੇ। ਬੀਰ = ਬਹਾਦਰ। ਜਪਿ = ਜਪ ਕੇ। ਤੀਰ = (ਪਾਰਲੇ) ਕੰਢੇ।2। ਛੰਤੁ। ਬਿਰਾਜਿਤ = ਵੱਸ ਰਹੇ ਹਨ। ਸਭ ਊਪਰੇ = ਹੋਰ ਸਭ ਖ਼ਿਆਲਾਂ ਦੇ ਉੱਤੇ। ਕਲੇਸੁ = ਦੁੱਖ। ਹਰੇ = ਦੂਰ ਹੋ ਗਏ। ਰੰਗਿ = ਪਿਆਰ-ਰੰਗ ਵਿਚ। ਰਾਤੇ = ਰੰਗੇ ਹੋਏ। ਸਹਜਿ = ਆਤਮਕ ਅਡੋਲਤਾ ਵਿਚ। ਮਾਤੇ = ਮਸਤ। ਤੇ = ਤੋਂ। ਤਿਲੁ = ਰਤਾ ਭਰ ਸਮਾ ਭੀ। ਤਜਿ = ਛੱਡ ਕੇ। ਆਪੁ = ਆਪਾ-ਭਾਵ, ਅਹੰਕਾਰ। ਸਰਬ ਗੁਣ = ਸਾਰੇ ਗੁਣਾਂ ਦਾ ਮਾਲਕ। ਜਗਦੀਸਰ = ਜਗਤ ਦਾ ਈਸਰ। ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ। ਸ੍ਰੀ ਰੰਗ = ਮਾਇਆ ਦਾ ਪਤੀ। ਆਦੇਸੁ = ਨਮਸਕਾਰ। ਮਇਆ = ਦਇਆ। ਜੁਗੁ ਜੁਗੋ = ਜੁਗੁ ਜੁਗੁ, ਹਰੇਕ ਜੁਗ ਵਿਚ। ਇਕ ਵੇਸੁ = ਇਕੋ ਤਰ੍ਹਾਂ ਦਾ।8। ਅਰਥ: ਹੇ ਭਾਈ! ਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ) , (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ। ਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ। ਹੇ ਨਾਨਕ! (ਆਖ-) ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।2। ਛੰਤੁ। (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਪ੍ਰਭੂ ਦੇ) ਚਰਨ ਟਿਕੇ ਰਹਿੰਦੇ ਹਨ, ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ) ਸਾਰਾ ਦੁੱਖ ਮਿਟ ਜਾਂਦਾ ਹੈ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆ ਵੱਸਦੀ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ। ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਸਦਾ) ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ (ਸਦਾ) ਮਸਤ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ। ਉਹ ਮਨੁੱਖ ਆਪਾ-ਭਾਵ ਤਿਆਗ ਕੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਗੁਣਾਂ ਦੇ ਖ਼ਜ਼ਾਨੇ, ਮਾਇਆ ਦੇ ਪਤੀ, ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਬਿੰਦ ਨੂੰ ਸਦਾ ਨਮਸਕਾਰ ਕਰਿਆ ਕਰ, (ਤੇ ਅਰਦਾਸ ਕਰਿਆ ਕਰ = ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਜਪਦਾ ਰਹਾਂ) , ਤੂੰ ਹਰੇਕ ਜੁਗ ਵਿਚ ਇਕੋ ਅਟੱਲ ਸਰੂਪ ਵਾਲਾ ਰਹਿੰਦਾ ਹੈਂ।8।1।6।8। ਨੋਟ: ਅੰਕ 8 ਇਸ ਛੰਤ ਦੇ 'ਬੰਦਾਂ' ਦਾ ਨੰਬਰ ਹੈ। ਅੰਕ 1 ਦੱਸਦਾ ਹੈ ਕਿ ਇਹ ਅੱਠ 'ਬੰਦਾਂ' ਵਾਲਾ ਇਕੋ ਹੀ ਸਾਬਤ ਛੰਤ ਹੈ। ਅੰਕ 6 ਦਾ ਭਾਵ ਇਹ ਹੈ ਕਿ ਮ: 5 ਦੇ ਸਾਰੇ ਛੰਤ ਗਿਣਤੀ ਵਿਚ 6 ਹਨ। 'ਰਣ ਝੁੰਝਨੜਾ' ਵਾਲੀਆਂ ਦੋ ਤੁਕਾਂ ਨੂੰ ਭੀ ਇਕ ਸਾਬਤ ਛੰਤ ਗਿਣਿਆ ਗਿਆ ਹੈ।
ਅੰਕ 8--ਅਨੰਦ. . . . 1 ਨੋਟ: ਅਖ਼ੀਰਲੇ ਅੰਕ 6 ਅਤੇ 8 ਸ੍ਰੀ ਕਰਤਾਰਪੁਰ ਵਾਲੀ 'ਆਦਿ ਬੀੜ' ਵਿਚ ਨਹੀਂ ਹਨ। ਛਾਪੇ ਵਾਲੀਆਂ ਬੀੜਾਂ ਵਿਚ ਹੀ ਮਿਲਦੇ ਹਨ। ਰਾਮਕਲੀ ਮਹਲਾ 1 ਦਖਣੀ ਓਅੰਕਾਰ ੴ ਸਤਿਗੁਰ ਪ੍ਰਸਾਦਿ ॥ {ਪੰਨਾ 929-930} ਬਾਣੀ 'ਓਅੰਕਾਰ' ਦਾ ਭਾਵ: ਪਉੜੀ-ਵਾਰ: (1) ਓਅੰਕਾਰ ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਬਣੀ , ਜਿਸ ਤੋਂ ਬ੍ਰਹਮਾ ਆਦਿਕ ਦੇਵਤੇ ਤੇ ਵੇਦ ਆਦਿਕ ਧਰਮ-ਪੁਸਤਕ ਬਣੇ। ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ 'ਓਅੰ' ਨੂੰ ਸਿਰ ਨਿਵਾਂਦੇ ਹਨ ਉਹ ਸੰਸਾਰ ਦੇ ਵਿਕਾਰਾਂ ਤੋਂ ਬਚ ਨਿਕਲਦੇ ਹਨ। (2) ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਇਹ ਭੇਤ ਖੁਲ੍ਹਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਤੇ ਸਿਰਫ਼ ਉਹੀ ਸਦਾ-ਥਿਰ ਰਹਿਣ ਵਾਲਾ ਹੈ, ਜਗਤ ਨਾਸਵੰਤ ਹੈ। (3) ਸਤਿਗੁਰੂ ਹੀ ਕਰਤਾਰ ਦੀ ਵਡਿਆਈ ਦੀ ਕਦਰ ਜਾਣਦਾ ਹੈ। ਜੋ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ, ਉਹ ਸਤਸੰਗ ਵਿਚ ਪਰਮਾਤਮਾ ਦਾ ਨਾਮ ਸਿਮਰ ਕੇ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ। (4) ਪਰਮਾਤਮਾ ਦੀ ਮੇਹਰ ਸਦਕਾ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਪਰ ਗੁਰੂ ਤੋਂ ਖੁੰਝਿਆ ਮਨੁੱਖ ਆਤਮਕ ਮੌਤ ਸਹੇੜਦਾ ਹੈ। (5) ਹਰੇਕ ਮਨੁੱਖ ਆਖਣ-ਮਾਤ੍ਰ ਇਹ ਆਖ ਦੇਂਦਾ ਹੈ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ। ਪਰ ਇਸ ਸੱਚਾਈ ਦੀ ਅਸਲ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਮਨੁੱਖ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦਾ ਹੈ। (6) ਭਾਵੇਂ ਪਰਮਾਤਮਾ ਹਰੇਕ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ, ਜਦ ਤਕ ਅੰਦਰ ਹਉਮੈ-ਅਹੰਕਾਰ ਹੈ, ਇਹ ਸੂਝ ਨਹੀਂ ਆ ਸਕਦੀ। ਹਊਮੈ ਦੂਰ ਕਰਕੇ ਉਸ ਨੂੰ ਯਾਦ ਕੀਤਿਆਂ ਹੀ ਉਸ ਨਾਲ ਜਾਣ-ਪਛਾਣ ਤੇ ਉਸ ਦੀ ਵਡਿਆਈ ਦੀ ਕਦਰ ਪੈਂਦੀ ਹੈ। (7) ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਦਿੱਸਦਾ-ਸਰੂਪ ਹੈ, ਪਰ ਇਹ ਸੋਝੀ ਉਸ ਮਨੁੱਖ ਨੂੰ ਪੈਂਦੀ ਹੈ, ਜੋ ਸਤਿਗੁਰੂ ਦੀ ਰਾਹੀਂ ਹਉਮੈ-ਅਹੰਕਾਰ ਦੂਰ ਕਰ ਕੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ। (8) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਵਸਾਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਹੀ ਇਸ ਜਗਤ ਦਾ ਬਨਾਣ ਵਾਲਾ ਹੈ ਤੇ ਆਪ ਹੀ ਇਸ ਨੂੰ ਜੀਵਨ-ਰਾਹ ਸਿਖਾਣ ਵਾਲਾ ਹੈ। (9) ਗੁਰ-ਸ਼ਬਦ ਦੀ ਰਾਹੀਂ ਨਾਮ ਵਿਚ ਰੰਗਿਆ ਹੋਇਆ ਬੰਦਾ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਹਰੇਕ ਜੀਵ ਵਿਚ ਬੋਲਦਾ ਸੁਣਦਾ ਕਿਰਤ ਕਰਦਾ ਪਰਮਾਤਮਾ ਹੀ ਦਿੱਸਦਾ ਹੈ। (10) ਗੁਰ-ਸ਼ਬਦ ਦਾ ਆਸਰਾ ਲੈ ਕੇ ਆਨੰਦ-ਸਰੂਪ ਸਰਬ-ਵਿਆਪਕ ਸਦਾ-ਥਿਰ ਪਰਮਾਤਮਾ ਨਾਲ ਸਿਮਰਨ ਦੀ ਰਾਹੀਂ ਪੱਕੀ ਜਾਣ-ਪਛਾਣ ਪਾਂਇਆਂ ਮਨੁੱਖ ਦੇ ਅੰਦਰ ਕਾਮਾਦਿਕ ਵਿਕਾਰਾਂ ਦਾ ਟਾਕਰਾ ਕਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ। (11) ਮਨੁੱਖ ਦੁਨੀਆ ਦੇ ਧਨ-ਮਾਲ ਦੀ ਖ਼ਾਤਰ ਪਰਮਾਤਮਾ ਨੂੰ ਵਿਸਾਰ ਬੈਠਦਾ ਹੈ ਤੇ ਹੋਰ ਹੋਰ ਜੀਊਣ ਲਈ ਤਰਲੇ ਲੈਂਦਾ ਹੈ। ਪਰ ਸਤਿਗੁਰੂ ਸਿਮਰਨ ਦੀ ਰਾਹੀਂ ਰੱਬੀ ਲਗਨ ਸਿਖਾਂਦਾ ਹੈ ਤੇ ਦੁਨੀਆ ਦੀ ਪ੍ਰਭੁਤਾ ਦੇ ਕੁਵੱਲੇ ਰਾਹ ਤੋਂ ਹਟਾਂਦਾ ਹੈ। (12) ਸਤਿਗੁਰੂ ਦੇ ਦੱਸੇ ਜੀਵਨ-ਰਾਹ ਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰਿਆਂ ਮਨ ਬੇ-ਫ਼ਿਕਰ ਤੇ ਖਿੜਿਆ ਰਹਿੰਦਾ ਹੈ, ਤੇ ਲੋਕ-ਵਿਖਾਵੇ ਦਾ ਦਬਾਉ ਹਟ ਜਾਂਦਾ ਹੈ। (13) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੱਬ ਲੋਭ ਅਹੰਕਾਰ ਆਦਿਕ ਦਾ ਗੋੱਲਾ ਬਣ ਕੇ ਜੀਵਨ-ਖੇਡ ਹਾਰ ਕੇ ਜਾਂਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਦੀ ਅਸਲ ਪੂੰਜੀ ਗਵਾ ਬੈਠਦਾ ਹੈ। (14) ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਨੁੱਖ ਮਾਇਆ ਪਿੱਛੇ ਝੱਲਾ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ, ਕਿਉਂਕਿ ਚੰਦਰੇ ਮਨੁੱਖਾਂ ਦੀ ਭੀ ਸਿਰਫ਼ ਇਸ ਵਾਸਤੇ ਖ਼ੁਸ਼ਾਮਦ ਕਰਨ ਲੱਗ ਪੈਂਦਾ ਹੈ ਕਿ ਉਹ ਮਾਇਆ-ਧਾਰੀ ਹੁੰਦੇ ਹਨ। (15) ਭਾਵੇਂ ਇਹ ਜਗਤ ਨਿਰਵੈਰ ਅਜੋਨੀ ਨਿਰਲੇਪ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਤੇ ਆਪਣਾ ਸਰੂਪ ਹੈ, ਪਰ ਮਨੁੱਖ ਉਸ ਦੀ ਯਾਦ ਭੁਲਾ ਕੇ ਮਾਇਆ ਦੀ ਭਟਕਣਾ ਵਿਚ ਪੈ ਜਾਂਦਾ ਹੈ। ਇਸ ਭਟਕਣਾ ਤੋਂ ਖ਼ਲਾਸੀ ਤਦੋਂ ਹੀ ਹੋ ਸਕਦੀ ਹੈ, ਸੁਖ ਤਦੋਂ ਹੀ ਹੋ ਸਕਦਾ ਹੈ ਜਦੋਂ ਪ੍ਰਭੂ ਦੇ ਸਿਮਰਨ ਵਿਚ ਜੁੜੇ। (16) ਪਰਮਾਤਮਾ ਦੀ ਯਾਦ ਭੁਲਾਣ ਕਰਕੇ ਮਨੁੱਖ ਦੇ ਅੱਖ ਕੰਨ ਜੀਭ ਆਦਿਕ ਇੰਦਰੇ ਪਰ ਤਨ ਪਰਾਈ ਨਿੰਦਾ ਆਦਿਕ ਵਲ ਪੈ ਕੇ ਆਤਮਕ ਜੀਵਨ ਨੂੰ ਡੇਗਦੇ ਹਨ। ਮਨੁੱਖ ਇਥੇ ਕੋਈ ਆਤਮਕ ਖੱਟੀ ਨਹੀਂ ਖੱਟਦਾ। ਜੋ ਭੀ ਕਿਰਤ-ਕਾਰ ਇਹ ਕਰਦਾ ਹੈ, ਉਹ ਖੋਟੀ ਹੋਣ ਕਰਕੇ ਇਸ ਨੂੰ ਉੱਚੇ ਜੀਵਨ ਵਲੋਂ ਹੋਰ ਪਰੇ ਹੋਰ ਪਰੇ ਲੈ ਜਾਂਦੀ ਹੈ। (17) ਜੋ ਮਨੁੱਖ ਗੁਰੂ ਦੀ ਦੱਸੀ ਮਤਿ ਉੱਤੇ ਤੁਰ ਕੇ ਪਰਮਾਤਮਾ ਦੇ ਗੁਣਾਂ ਵਿਚ ਚਿੱਤ ਜੋੜਦਾ ਹੈ, ਪਰਮਾਤਮਾ ਨਾਲ ਉਸ ਦੀ ਡੂੰਘੀ ਜਾਣ-ਪਛਾਣ ਬਣ ਜਾਂਦੀ ਹੈ, ਤੇ ਪ੍ਰਭੂ ਦੀਆਂ ਬਖ਼ਸ਼ਸ਼ਾਂ ਦੀ ਉਸ ਨੂੰ ਕਦਰ ਪੈ ਜਾਂਦੀ ਹੈ। (18) ਪਰਮਾਤਮਾ ਦੀ ਰਚੀ ਮਰਯਾਦਾ ਅਨੁਸਾਰ ਹਉਮੈ ਮਨੁੱਖ ਦੇ ਆਤਮਕ ਜੀਵਨ ਦਾ ਨਾਸ ਕਰ ਦੇਂਦੀ ਹੈ ਤੇ ਮਨੁੱਖ ਕਾਮ ਕ੍ਰੋਧ ਆਦਿਕ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਕਾਮ ਕ੍ਰੋਧ ਵਿਚ ਆਤਮਕ ਮੌਤੇ ਮਰਿਆ ਮਨੁੱਖ ਭੀ ਪ੍ਰਭੂ ਦੀ ਮੇਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ ਤੇ ਸਿੱਖਿਆ ਉਤੇ ਪੂਰਾ ਉਤਰਦਾ ਹੈ, ਤਾਂ ਉਹ ਸੋਹਣੇ ਆਚਾਰ ਵਾਲਾ ਬਣ ਕੇ ਪਰਮਾਤਮਾ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ। (19) ਨਿਰੇ ਦੁਨੀਆ ਦੇ ਭੋਗ ਆਤਮਕ ਮੌਤ ਲਿਆਉਂਦੇ ਹਨ। ਸਤਿਗੁਰੂ ਦਾ ਸ਼ਬਦ ਕਾਮ ਕ੍ਰੋਧ ਆਦਿਕ ਵਲੋਂ ਅਡੋਲ ਕਰ ਦੇਂਦਾ ਹੈ, ਸੁਆਰਥ ਖ਼ੁਦਗ਼ਰਜ਼ੀ ਹਟਾਣ ਵਲ ਪ੍ਰੇਰਦਾ ਹੈ, ਤੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪੈਦਾ ਕਰਦਾ ਹੈ। ਜਿਸ ਨੇ ਗੁਰ-ਸ਼ਬਦ ਵਿਚ ਮਨ ਜੋੜਿਆ ਹੈ ਉਹ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ। (20) ਸਤਿਗੁਰੂ ਦੀ ਮਤਿ ਹੀ ਮਨੁੱਖਾ ਜੀਵਨ ਲਈ ਸ੍ਰੇਸ਼ਟ ਰਸਤਾ ਹੈ। ਸਤਿਗੁਰੂ ਦੇ ਰਾਹ ਤੇ ਤੁਰ ਕੇ ਜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਆਪਣੀ ਸੁਰਤਿ ਜੋੜੇ ਤਾਂ ਇਸ ਦਾ ਮਨ ਮਾਇਆ ਵਿਚ ਡੋਲਣੋਂ ਬਚ ਜਾਂਦਾ ਹੈ। (21) ਗੁਰੂ ਦੀ ਮਤਿ ਵਾਲਾ ਰਾਹ ਫੜਨ ਤੋਂ ਬਿਨਾ ਭਟਕਣਾ ਦੇ ਕਾਰਨ ਜੀਵ ਜਨਮ-ਮਰਨ ਦੇ ਗੇੜ ਵਿਚ ਪੈਂਦਾ ਹੈ। ਗੁਰੂ ਦੇ ਰਾਹ ਤੇ ਤੁਰਿਆਂ ਪਰਮਾਤਮਾ ਹੀ ਜਿੰਦ ਦਾ ਆਸਰਾ-ਸਹਾਰਾ ਦਿੱਸਦਾ ਹੈ ਤੇ ਅੰਦਰ ਹਿਰਦੇ ਵਿਚ ਲੱਭ ਪੈਂਦਾ ਹੈ। (22) ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ ਆਪਣੇ ਮਨ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ, ਤੇ ਜਗਤ ਵਿਚੋਂ ਮੰਦ ਕਰਮਾਂ ਦੇ ਬੰਧਨ ਨਹੀਂ ਸਹੇੜਦਾ, ਸੁੱਚਾ ਆਚਰਨ ਹੀ ਉਸ ਲਈ ਤੀਰਥ-ਇਸ਼ਨਾਨ ਹੈ। ਗੁਰ-ਸ਼ਬਦ ਦਾ ਆਸਰਾ ਲੈ ਕੇ ਉਹ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਨਿਕਲਦਾ ਹੈ। (23) ਪ੍ਰਭੂ ਦੀ ਯਾਦ ਤੋਂ ਖੁੰਝ ਕੇ ਚੰਚਲ ਮਨ ਮੁੜ ਮੁੜ ਮਾਇਕ ਭੋਗਾਂ ਵਲ ਦੌੜਦਾ ਹੈ ਤੇ ਦੁੱਖ ਸਹੇੜਦਾ ਹੈ। ਨਾਮ ਦੀ ਬਰਕਤਿ ਨਾਲ ਮਾਇਕ ਭੋਗਾਂ ਵਲੋਂ ਖ਼ਲਾਸੀ ਹੁੰਦੀ ਹੈ ਤੇ ਮਨ ਵਿਚ ਸੁਖ-ਆਨੰਦ ਪੈਦਾ ਹੁੰਦਾ ਹੈ। (24) ਨਿੱਤ ਮੌਤ ਦੇ ਸੱਦੇ ਆਉਂਦੇ ਵੇਖ ਕੇ ਭੀ ਜਗਤ ਹੋਛੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਜੁਆਨੀ ਲੰਘ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਤੇ ਆ ਖਲੋਤੀ ਜਾਪਦੀ ਹੈ, ਫਿਰ ਭੀ ਮਾਇਆ ਦਾ ਮੋਹ ਨਹੀਂ ਮੁੱਕਦਾ। (25) ਸਤਿਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰ ਕੇ ਜੇ ਪਰਮਾਤਮਾ ਪਾਸੋਂ ਉਸ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮੰਗਦੇ ਰਹੀਏ, ਤਾਂ ਇਸ ਤਰ੍ਹਾਂ ਮਾਇਆ ਦੇ ਹੱਲੇ ਤੋਂ ਸੁਚੇਤ ਰਹਿ ਸਕੀਦਾ ਹੈ। (26) ਮਾਇਆ ਦੀ ਖ਼ਾਤਰ ਜਗਤ ਨਾਲ ਝਗੜੇ ਸਹੇੜਿਆਂ ਸੁੱਚੇ ਆਤਮਕ ਜੀਵਨ ਦੀ ਆਸ ਨਹੀਂ ਹੋ ਸਕਦੀ। ਪਰ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਧਰਤੀ ਦੀ ਸਾਰੀ ਦੌਲਤ ਦੀ ਪਰਵਾਹ ਨਹੀਂ ਰਹਿੰਦੀ। (27) ਗੁਰੂ ਦੀ ਦੱਸੀ ਹੋਈ ਕਾਰ ਤੋਂ ਪਰੇ ਨਾਹ ਜਾਣਾ, ਗੁਰੂ ਦੇ ਦੱਸੇ ਉਪਦੇਸ਼ ਨੂੰ ਹਿਰਦੇ ਵਿਚ ਵਸਾਣਾ = ਇਹੀ ਤਰੀਕਾ ਹੈ ਸੁੱਚਾ ਪਵਿਤ੍ਰ ਜੀਵਨ ਬਣਾਣ ਦਾ ਇਹੀ ਤਰੀਕਾ ਹੈ ਪਰਮਾਤਮਾ ਵਿਚ ਜੁੜਨ ਦਾ। ਗੁਰੂ ਪਰਮਾਤਮਾ ਦੇ ਗੁਣਾਂ ਦਾ ਅਥਾਹ ਸਮੁੰਦਰ ਹੈ। (28) ਅਹੰਕਾਰ, ਡੋਲਦੀ ਸਰਧਾ, ਗਿਲੇ-ਗੁਜ਼ਾਰੀ ਤੇ ਦੁਰਮਤਿ ਦੇ ਕਾਰਨ ਪਰਮਾਤਮਾ ਵਲੋਂ ਵਿਛੋੜੇ ਦੀ ਗੰਢ ਬੱਝਦੀ ਜਾਂਦੀ ਹੈ। ਇਹ ਗੰਢ ਤਦੋਂ ਖੁਲ੍ਹਦੀ ਹੈ ਜੇ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਸਹੈਤਾ ਨਾਲ ਮਨ ਦੇ ਵਿਕਾਰਾਂ ਨੂੰ ਸੁੱਧ ਕਰ ਲਏ। (29) ਮਾਇਆ ਦੀ ਖ਼ਾਤਰ ਜੀਵ ਭਿੜ-ਭਿੜ ਮਰਦੇ ਤੇ ਦੁਖੀ ਹੁੰਦੇ ਹਨ। ਮਾਇਆ ਪਿੱਛੇ ਦੌੜਦੇ ਚੰਚਲ ਮਨ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ ਰੋਕਿਆ ਜਾ ਸਕਦਾ ਹੈ। (30) ਮਾਇਆ ਦੀ ਤ੍ਰਿਸ਼ਨਾ ਦੁੱਖਾਂ ਦਾ ਮੂਲ ਹੈ। ਜੋ ਮਨੁੱਖ ਪਰਮਾਤਮਾ ਦੀ ਮੇਹਰ ਨਾਲ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਵਸਾਂਦਾ ਹੈ, ਉਸ ਦੀ ਇਹ ਤ੍ਰੇਹ ਮਿਟ ਜਾਂਦੀ ਹੈ। (31) ਤ੍ਰਿਸ਼ਨਾ ਦੇ ਭਾਰ ਨਾਲ ਲੱਦੇ ਹੋਏ ਜੀਵ ਕਈ ਵਿਕਾਰਾਂ ਵਿਚ ਡਿੱਗਦੇ ਹਨ। ਜੋ ਮਨੁੱਖ ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ ਉਹ ਸਤਸੰਗ ਵਿਚ ਨਾਮ ਸਿਮਰ ਕੇ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚ ਜਾਂਦਾ ਹੈ। (32) ਮਾਇਆ ਨੂੰ ਜੀਵਨ-ਸਾਥੀ ਸਮਝਿਆਂ ਤੇ ਬਣਾਇਆਂ ਖ਼ੁਆਰ ਹੋਈਦਾ ਹੈ। ਅਸਲ ਸਾਥੀ ਪਰਮਾਤਮਾ ਹੈ। ਜੋ ਜੀਵ ਪ੍ਰਭੂ ਤੋਂ ਵਿਛੜਿਆ ਹੋਇਆ ਹੈ ਉਸ ਦੇ ਅੰਦਰ ਜੀਵਨ-ਰਾਗ ਨਹੀਂ ਹੋ ਸਕਦਾ। ਸੋ, ਪ੍ਰਭੂ ਦੇ ਗੁਣ ਗਾਓ। ਪਰ ਇਸ ਦਾ ਇਹ ਭਾਵ ਨਹੀਂ ਕਿ ਕੋਈ ਜੀਵ ਪ੍ਰਭੂ ਦੇ ਗੁਣਾਂ ਦਾ ਅੰਤ ਪਾ ਸਕਦਾ ਹੈ। ਅਸਾਂ ਉਸ ਦੇ ਗੁਣ ਗਾਣੇ ਹਨ ਆਪਣੀ ਵਿਛੁੜੀ ਰੂਹ ਨੂੰ ਉਸ ਨਾਲ ਮਿਲਾਣ ਵਾਸਤੇ। (33) ਜੋ ਜੀਵ ਬਹੁਤੀ ਬਹੁਤੀ ਮਾਇਆ ਪਿੱਛੇ ਦੌੜਦਾ ਭੱਜਦਾ ਹੈ ਉਹ ਮਾਇਆ ਦੇ ਜਾਲ ਵਿਚ ਫਸ ਜਾਂਦਾ ਹੈ, ਪ੍ਰਭੂ ਦੀ ਯਾਦ ਵਲ ਉਸ ਦੀ ਸੁਰਤਿ ਉੱਚੀ ਨਹੀਂ ਹੋ ਸਕਦੀ। ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰੇ, ਉਹ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਗੁਣ ਗਾਂਵਦਾ ਹੈ, ਤੇ ਇਸ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਦੇ ਜਾਲ ਵਿਚੋਂ ਬਚ ਜਾਂਦਾ ਹੈ। (34) ਪਰਮਾਤਮਾ ਦਾ ਆਸਰਾ ਛੱਡਿਆਂ ਜਿੰਦ ਸਹਿਮੀ ਰਹਿੰਦੀ ਹੈ। ਜੋ ਮਨੁੱਖ ਗੁਰੂ ਦੀ ਬਾਣੀ ਵਿਚ ਜੁੜ ਕੇ ਸੋਚਦਾ ਹੈ ਉਸ ਨੂੰ ਇਹ ਯਕੀਨ ਬਣਦਾ ਹੈ ਕਿ ਪਰਮਾਤਮਾ ਐਸਾ ਦਾਤਾ ਹੈ ਜੋ ਨਾਹ ਮੰਗਿਆਂ ਭੀ ਹਰੇਕ ਜੀਵ ਨੂੰ ਰਿਜ਼ਕ ਦੇਂਦਾ ਹੈ। ਪ੍ਰਭੂ ਦੀ ਬੰਦਗੀ ਹੀ ਜੀਵਨ ਦਾ ਅਸਲ ਕਾਜ ਹੈ। (35) ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਮਨੁੱਖ ਸਿਮਰਨ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦਾ ਹੈ ਤੇ ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਪਾਂਦਾ ਹੈ। (36) ਜੇ ਪਰਮਾਤਮਾ ਦੇ ਨਾਮ-ਧਨ ਦੀ ਖ਼ਾਤਰ ਦੁਨੀਆਵੀ ਧਨ ਆਪਣਾ ਮਨ ਤੇ ਆਪਣੀ ਜਿੰਦ ਭੀ ਦੇਣੇ ਪੈ ਜਾਣ, ਤਾਂ ਭੀ ਇਹ ਸੌਦਾ ਸਸਤਾ ਹੈ, ਕਿਉਂਕਿ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਇਆਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਪਰਮਾਤਮਾ ਦਾ ਨਾਮ ਮਿਲਦਾ ਆਪਣੇ ਅੰਦਰੋਂ ਹੀ ਹੈ, ਪਰ ਮਿਲਦਾ ਹੈ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ। (37) ਪਰਮਾਤਮਾ ਨੇ ਅਹੰਕਾਰ ਦੀ ਵਿੱਥ ਪਾ ਕੇ ਆਪ ਹੀ ਜੀਵਾਂ ਨੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ। ਕੋਈ ਕਰਮ-ਧਰਮ ਜੀਵ ਦੀ ਇਸ ਵਿੱਥ ਨੂੰ ਮਿਟਾ ਨਹੀਂ ਸਕਦਾ। ਪ੍ਰਭੂ ਆਪ ਕਿਰਪਾ ਕਰ ਕੇ ਗੁਰੂ ਮਿਲਾਂਦਾ ਹੈ, ਤੇ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆਂ ਇਹ ਵਿੱਥ ਮਿਟ ਜਾਂਦੀ ਹੈ। (38) ਵਿਕਾਰਾਂ ਵਿਚ ਗ੍ਰਸੇ ਜੀਵ ਦੇ ਆਤਮਕ ਜੀਵਨ ਨੂੰ ਵਿਕਾਰ ਤਬਾਹ ਕਰੀ ਜਾਂਦੇ ਹਨ, ਇਸ ਵਾਸਤੇ ਵਿਕਾਰ ਹੀ ਉਸ ਨੂੰ ਮਿੱਠੇ ਲੱਗਦੇ ਹਨ, ਵਿਕਾਰਾਂ ਦੇ ਜੰਜਾਲ ਵਿਚ ਹੀ ਉਹ ਘਿਰਿਆ ਤੇ ਸਦਾ ਦੁਖੀ ਰਹਿੰਦਾ ਹੈ। ਇਸ ਜੰਜਾਲ ਵਿਚੋਂ ਸਿਰਫ਼ ਪਰਮਾਤਮਾ ਦਾ ਨਾਮ ਹੀ ਕੱਢ ਸਕਦਾ ਹੈ। (39) ਵਿਕਾਰਾਂ ਵਿਚ ਫਸਿਆ ਜੀਵ ਦੁਖੀ ਭੀ ਹੁੰਦਾ ਹੈ, ਪਛੁਤਾਂਦਾ ਭੀ ਹੈ, ਪਰ ਬੇ-ਵਸਾ ਹੋਇਆ ਮੁੜ ਮੁੜ ਵਿਕਾਰਾਂ ਦੀ ਚੋਗ ਚੁਗਦਾ ਰਹਿੰਦਾ ਹੈ। ਆਤਮਕ ਮੌਤ ਲਿਆਉਣ ਵਾਲੇ ਇਸ ਜਾਲ ਵਿਚੋਂ ਇਸ ਨੂੰ ਸਤਿਗੁਰੂ ਹੀ ਪਰਮਾਤਮਾ ਦੇ ਨਾਮ ਦਾ ਪਿਆਰ ਦੇ ਕੇ ਕੱਢਦਾ ਹੈ। (40) ਇਹ ਜਾਣਦਿਆਂ ਭੀ ਕਿ ਸਰੀਰ ਤੇ ਜਿੰਦ ਦਾ ਮੇਲ ਸਿਰਫ਼ ਚਾਰ ਦਿਨਾਂ ਦਾ ਹੈ, ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ। ਕਿਸੇ ਵਿਰਲੇ ਭਾਗਾਂ ਵਾਲੇ ਨੂੰ ਗੁਰੂ ਦੇ ਦਰ ਤੇ ਪੈ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਸੂਝ ਪੈਂਦੀ ਹੈ। ਉਹ ਸੁਭਾਗ ਜੀਵ ਗੁਰੂ ਦੀ ਬਾਣੀ ਦੀ ਰਾਹੀਂ ਸਰੀਰਕ ਮੋਹ ਤੇ ਵਿਕਾਰਾਂ ਵਲੋਂ ਪਰਤ ਕੇ ਸਦਾ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ। (41) ਸੰਸਾਰ ਇਕ ਸਮੁੰਦਰ ਦੀ ਨਿਆਈਂ ਹੈ ਜਿਸ ਵਿਚ ਆਸਾ ਤ੍ਰਿਸ਼ਨਾ ਦੀਆਂ ਲਹਿਰਾਂ ਉੱਠ ਰਹੀਆਂ ਹਨ। ਮਾਇਆ ਪਿੱਛੇ ਭਟਕਦੇ ਜੀਵਾਂ ਲਈ ਇਸ ਵਿਚੋਂ ਪਾਰ ਲੰਘਣਾ ਬੜੀ ਹੀ ਔਖੀ ਖੇਡ ਹੈ। ਜਿਨ੍ਹਾਂ ਉਤੇ ਮੇਹਰ ਹੋਵੇ, ਉਹ ਸਤਿਗੁਰੂ ਦੀ ਮਤਿ ਲੈ ਕੇ ਸਿਫ਼ਤਿ-ਸਾਲਾਹ ਵਿਚ ਜੁੜਦੇ ਹਨ, ਤੇ ਜਗਤ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਵਲੋਂ ਬਚੇ ਰਹਿੰਦੇ ਹਨ। (42) ਸਾਰੀ ਉਮਰ ਨਿਰੀ ਮਾਇਆ ਪਿੱਛੇ ਭਟਕਦਿਆਂ ਜੀਵਨ ਵਿਅਰਥ ਜਾਂਦਾ ਹੈ। ਮੌਤ ਆਇਆਂ ਮਾਇਆ ਨਾਲੋਂ ਤਾਂ ਸਾਥ ਮੁੱਕ ਜਾਂਦਾ ਹੈ, ਪਰ ਇਸ ਦੀ ਖ਼ਾਤਰ ਕੀਤੇ ਹੋਏ ਔਗੁਣ ਜੀਵ ਦੇ ਨਾਲ ਤੁਰ ਪੈਂਦੇ ਹਨ, ਤੇ, ਮਾਇਆ ਛੱਡਣ ਵੇਲੇ ਮਨ ਤਰਲੋ-ਮੱਛੀ ਭੀ ਬੜਾ ਹੁੰਦਾ ਹੈ। ਜੇ ਸਿਫ਼ਤਿ-ਸਾਲਾਹ ਦੀ ਰਾਸ-ਪੂੰਜੀ ਪੱਲੇ ਹੋਵੇ, ਤਾਂ ਇਹ ਔਖਿਆਈ ਨਹੀਂ ਹੁੰਦੀ, ਮਨ ਸੁਆਰਥ ਵਲ ਪਰਤਣੋਂ ਬਚਿਆ ਰਹਿੰਦਾ ਹੈ। (43) ਮਮਤਾ-ਬੱਧੇ ਜੀਵ ਜੰਮਣ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਤੇ ਦੁਖੀ ਹੁੰਦੇ ਹਨ। ਫਿਰ ਭੀ ਮਾਇਆ ਦੇ ਉਸ ਚੱਕਰ ਵਿਚੋਂ ਨਿਕਲਣ ਨੂੰ ਚਿੱਤ ਨਹੀਂ ਕਰਦਾ। ਜਿਸ ਮਨੁੱਖ ਦੇ ਮਨ ਨੂੰ ਗੁਰ-ਸ਼ਬਦ ਦੀ ਠੋਕਰ ਵੱਜਦੀ ਹੈ, ਉਸ ਦੇ ਅੰਦਰੋਂ ਸੁਆਰਥ ਮਿਟਦਾ ਹੈ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਹ ਮਾਇਆ ਦੇ ਥਾਂ ਪ੍ਰਭੂ ਨਾਲ ਪਿਆਰ ਪਾਂਦਾ ਹੈ। (44) ਕੋਈ ਅਮੀਰ ਹੋਵੇ ਚਾਹੇ ਗਰੀਬ, ਇਕ ਤਾਂ ਕਿਸੇ ਨੇ ਭੀ ਇਥੇ ਸਦਾ ਨਹੀਂ ਟਿਕ ਸਕਣਾ, ਦੂਜੇ ਹਰੇਕ ਨੂੰ ਜੀਵਨ-ਸਫ਼ਰ ਦੀਆਂ ਉਹਨਾਂ ਔਖਿਆਈਆਂ ਵਿਚੋਂ ਲੰਘਣਾ ਪੈਂਦਾ ਹੈ ਜਿਥੇ ਅਨੇਕਾਂ ਔਗੁਣ ਮਨੁੱਖ ਨੂੰ ਆ ਘੇਰਦੇ ਹਨ, ਤੇ ਉਸ ਦੇ ਗੁਣ ਔਗੁਣਾਂ ਹੇਠ ਨੱਪੇ ਜਾਂਦੇ ਹਨ। ਗੁਣਾਂ ਦੀ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਗੁਰ ਸ਼ਬਦ ਦੀ ਵਿਚਾਰ ਵਿਚ ਮਨ ਜੁੜਦਾ ਹੈ। (45) ਜਗਤ ਇਕ ਰਣ-ਭੂਮੀ ਹੈ ਜਿਥੇ ਵਿਕਾਰਾਂ ਨਾਲ ਟਾਕਰਾ ਕਰਨਾ ਪੈਂਦਾ ਹੈ। ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਿਆਂ ਇਹਨਾਂ ਵਿਕਾਰਾਂ ਤੋਂ ਮਾਰ ਨਹੀਂ ਖਾਈਦੀ। ਪਰ ਇਹ ਖੇਡ ਸੌਖੀ ਨਹੀਂ, ਜੀਵਨ-ਸੰਗ੍ਰਾਮ ਵਿਚ ਮਨੁੱਖ ਕਈ ਵਾਰੀ ਸਹੀ ਪੈਂਤੜੇ ਤੋਂ ਖੁੰਝ ਕੇ ਰਜ਼ਾ ਤੋਂ ਸਿਰ ਫੇਰ ਦੇਂਦਾ ਹੈ। ਜਿਸ ਸੁਭਾਗੇ ਉਤੇ ਦਾਤੇ ਦੀ ਮੇਹਰ ਹੁੰਦੀ ਹੈ, ਉਹ ਹੀ ਰਜ਼ਾ ਵਿਚ ਰਹਿ ਕੇ ਸਿਫ਼ਤਿ-ਸਾਲਾਹ ਵਿਚ ਜੁੜਦਾ ਹੈ। (46) ਜੰਗਲ-ਬੇਲੇ ਢੂੰਢਿਆਂ ਪਰਮਾਤਮਾ ਨਹੀਂ ਮਿਲਦਾ। ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਹੱਥ ਵਿਚ ਹੈ। ਜੋ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਦਾ ਹੈ, ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਪਿਆਰ ਵਿਚ ਜੁੜ ਕੇ ਜੀਵਨ ਦੀ ਖੱਟੀ ਖੱਟ ਲੈਂਦਾ ਹੈ। (47) ਮਨੁੱਖ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ ਵਿਕਾਰਾਂ ਵਲੋਂ ਰੁਕ ਸਕਦਾ ਹੈ, ਤੇ ਜਦੋਂ ਮਨ ਵੱਸ ਵਿਚ ਆ ਜਾਏ ਤਦੋਂ ਹੀ ਇਸ ਵਿਚ ਪਰਮਾਤਮਾ ਦਾ ਪਰਕਾਸ਼ ਹੁੰਦਾ ਹੈ। ਇਹ ਗੱਲ ਪੱਕੀ ਜਾਣੋ ਕਿ ਸਤਿਗੁਰੂ ਦੇ ਪਾਸ ਹੀ ਪ੍ਰਭੂ ਦੇ ਨਾਮ ਦੀ ਰਾਸਿ-ਪੂੰਜੀ ਹੈ, ਇਹ ਪੂੰਜੀ ਤਦੋਂ ਹੀ ਮਿਲਦੀ ਹੈ, ਜਦੋਂ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਾ-ਭਾਵ ਦੂਰ ਹੋ ਜਾਏ ਤੇ ਹਉਮੈ ਦਾ ਰੋਗ ਕੱਟਿਆ ਜਾਏ। (48) ਜੀਵ ਜਗਤ ਵਿਚ ਪ੍ਰਭੂ ਦਾ ਨਾਮ-ਧਨ ਵਿਹਾਝਣ ਲਈ ਵਣਜਾਰਾ ਬਣ ਕੇ ਆਇਆ ਹੈ, ਪਰ ਕੁਰਾਹੇ ਪੈ ਕੇ ਦੁਨੀਆ ਦੀਆਂ ਮੱਲਾਂ ਹੀ ਮੱਲਦਾ ਰਹਿੰਦਾ ਹੈ ਤੇ ਮੇਰ-ਤੇਰ ਵਿਚ ਫਸ ਕੇ ਦੁਖੀ ਰਹਿੰਦਾ ਹੈ। ਸਿਆਣਾ ਵਪਾਰੀ ਉਹ ਹੈ ਜੋ ਨਾਮ-ਧਨ ਜੋੜਦਾ ਹੈ, ਉਸੇ ਨੂੰ ਹੀ ਪ੍ਰਭੂ ਦਾ ਪਿਆਰ ਤੇ ਆਦਰ ਨਸੀਬ ਹੁੰਦਾ ਹੈ। ਮਾਇਆ ਨੂੰ ਜ਼ਿੰਦਗੀ ਦਾ ਮਨੋਰਥ ਬਨਾਣ ਦੇ ਥਾਂ ਮਾਇਆ ਦੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਹਿਰਦੇ ਵਿਚ ਵਸਾਓ। (49) ਜਿਉਂ ਜਿਉਂ ਮਨੁੱਖ ਮਾਇਆ ਦੀਆਂ ਮੱਲਾਂ ਮੱਲਦਾ ਹੈ, ਤਿਉਂ ਤਿਉਂ ਇਹ ਥੋੜ੍ਹ-ਵਿਤਾ ਤੇ ਤੰਗ-ਦਿਲ ਹੁੰਦਾ ਜਾਂਦਾ ਹੈ। ਇਸ ਦੇ ਅੰਦਰ, ਸਾਥੀ ਬੰਦਿਆਂ ਲਈ ਦਇਆ-ਪਿਆਰ ਨਹੀਂ ਰਹਿ ਜਾਂਦਾ। ਵਿਤਕਰੇ ਦਾ ਇਕ ਭਾਂਬੜ ਮੱਚ ਪੈਂਦਾ ਹੈ ਜਿਸ ਵਿਚ ਮੱਲਾਂ ਮੱਲਣ ਵਾਲਾ ਭੀ ਸੜਦਾ ਹੈ ਤੇ ਹੋਰ ਜੀਵ ਭੀ ਦੁਖੀ ਹੁੰਦੇ ਹਨ। ਪਰ ਜੋ ਮਨੁੱਖ ਪ੍ਰਭੂ ਨੂੰ ਯਾਦ ਰੱਖਦਾ ਹੈ ਉਹ ਧੀਰਜ ਤੇ ਜਿਗਰੇ ਵਾਲਾ ਹੁੰਦਾ ਹੈ, ਤੰਗ-ਦਿਲੀ ਉਸ ਦੇ ਨੇੜੇ ਨਹੀਂ ਢੁਕਦੀ। (50) ਧਨ-ਪਦਾਰਥ ਦੀ ਖ਼ਾਤਰ ਮਨੁੱਖ ਕਈ ਹੀਲੇ ਕਰਦਾ ਰਹਿੰਦਾ ਹੈ, ਪਰਮਾਤਮਾ ਅਗੇ ਤਰਲੇ ਲੈਂਦਾ ਹੈ, ਦੂਜਿਆਂ ਦੀ ਚਾਕਰੀ ਕਰਦਾ ਹੈ, ਠੱਗੀ-ਠੋਰੀ ਭੀ ਕਰ ਲੈਂਦਾ ਹੈ ਪਰ ਮੌਤ ਆਇਆਂ ਇਹ ਧਨ ਇਥੇ ਦਾ ਇਥੇ ਹੀ ਰਹਿ ਜਾਂਦਾ ਹੈ, ਤੇ ਮਨੁੱਖ ਆਪਣੇ ਮਾਲਕ ਪ੍ਰਭੂ ਦੀਆਂ ਨਜ਼ਰਾਂ ਵਿਚ ਭੀ ਹੌਲਾ ਪੈ ਜਾਂਦਾ ਹੈ। ਪਰਮਾਤਮਾ ਦੀ ਬੰਦਗੀ ਹੀ ਮਨੁੱਖ ਨੂੰ ਧਨ ਦੇ ਮੋਹ ਤੋਂ ਬਚਾ ਸਕਦੀ ਹੈ। (51) ਧਨ-ਸੰਪੈ ਇਕੱਠੀ ਕੀਤਿਆਂ ਨਿਰੀ ਹਉਮੈ ਹੀ ਵਧਦੀ ਹੈ ਜੋ ਮਨੁੱਖ ਨੂੰ ਥੋੜ੍ਹ-ਵਿਤਾ ਤੇ ਤੰਗ-ਦਿਲ ਬਣਾ ਕੇ ਦੁੱਖ ਹੀ ਪੈਦਾ ਕਰਦੀ ਹੈ। ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹ ਗੱਲ ਜਾਣਦਾ ਹੈ। ਜੇ ਸੁਖ ਲੱਭਣਾ ਹੈ ਤਾਂ ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਸਾਂਝ ਬਣਾਓ, ਪਰਮਾਤਮਾ ਨਾਲ ਪ੍ਰੀਤ ਜੋੜੋ। ਸਿਮਰਨ ਤੋਂ ਬਿਨਾ ਹੋਰ ਕੋਈ ਕਰਮ-ਕਾਂਡ ਨਾਹ ਹਉਮੈ ਮਿਟਾ ਸਕਦਾ ਹੈ ਤੇ ਨਾਹ ਹੀ ਸੁਖ ਦੇ ਸਕਦਾ ਹੈ। (52) ਜਦ ਤਕ ਜੀਵ ਪਰਮਾਤਮਾ ਤੋਂ ਵਿਛੁੜਿਆ ਹੋਇਆ ਹੈ, ਤਦ ਤਕ ਆਪਣੀ ਵੱਖਰੀ 'ਹਉ' ਵਿਚ ਫਸਿਆ ਰਹਿੰਦਾ ਹੈ, ਕੋਈ ਸਿਆਣਪ-ਚਤੁਰਾਈ ਇਸ ਨੂੰ 'ਹਉ' ਦੀ ਤੰਗ-ਦਿਲੀ ਤੇ ਦੁੱਖ ਵਿਚੋਂ ਕੱਢ ਨਹੀਂ ਸਕਦੀ। ਪ੍ਰਭੂ ਦੀ ਮੇਹਰ ਹੋਵੇ, ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼ੇ, ਤਾਂ ਪ੍ਰਭੂ ਤੋਂ ਵਿਛੋੜਾ ਦੂਰ ਹੋ ਕੇ 'ਹਉ' ਮੁੱਕ ਜਾਂਦੀ ਹੈ ਤੇ ਜੀਵਨ ਸੁਖੀ ਹੋ ਜਾਂਦਾ ਹੈ। (53) ਉਸੇ ਪਾਂਧੇ ਨੂੰ ਵਿਦਵਾਨ ਜਾਣੋ ਜੋ ਵਿੱਦਿਆ ਦੀ ਸਹੈਤਾ ਨਾਲ ਠੰਢੇ ਸੁਭਾਵ ਵਾਲਾ ਬਣਦਾ ਹੈ, ਤੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਜੀਵਨ ਦਾ ਲਾਹਾ ਖੱਟਦਾ ਹੈ। ਪਰ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਨ ਦੇ ਥਾਂ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਸ ਨੂੰ ਅਨ-ਪੜ੍ਹ ਹੀ ਸਮਝੋ, ਉਹ ਨਿਰਾ ਆਜੀਵਕਾ ਦੀ ਖ਼ਾਤਰ ਹੀ ਵਿੱਦਿਆ ਵੇਚ ਰਿਹਾ ਹੈ, ਉਸ ਵਿਚੋਂ ਆਤਮਕ ਗੁਣ ਕੋਈ ਨਹੀਂ ਗ੍ਰਹਿਣ ਕਰਦਾ। (54) ਉਹੀ ਪਾਂਧਾ ਵਿਦਵਾਨ ਹੈ ਪੰਡਿਤ ਹੈ ਸਿਆਣਾ ਹੈ ਜੋ ਸਤਿਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਆਪ ਭੀ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਆਪਣੇ ਚਾਟੜਿਆਂ ਨੂੰ ਭੀ ਪ੍ਰਭੂ ਦਾ ਨਾਮ ਜਪਣ ਦੀ ਪ੍ਰੇਰਨਾ ਕਰਦਾ ਹੈ। ਉਹੀ ਪਾਂਧਾ ਇਸ ਜੀਵਨ ਤੋਂ ਕੋਈ ਖੱਟੀ ਖੱਟਦਾ ਹੈ। ਲੜੀ-ਵਾਰ ਭਾਵ: (1) (ਪਉੜੀ ਨੰ: 1 ਤੋਂ 12 ਤਕ) ਇਸ ਬੇਅੰਤ ਸ੍ਰਿਸ਼ਟੀ ਦਾ ਬਨਾਣ ਵਾਲਾ ਪਰਮਾਤਮਾ ਹਰ ਥਾਂ ਵਿਆਪਕ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ। ਉਸ ਨੂੰ ਕਿਸੇ ਮੂਰਤੀ ਦੀ ਰਾਹੀਂ ਕਿਸੇ ਮੰਦਰ ਵਿਚ ਅਸਥਾਪਨ ਨਹੀਂ ਕੀਤਾ ਜਾ ਸਕਦਾ। ਜਦ ਤਕ ਮਨੁੱਖ ਆਪਣੀ ਨਿੱਕੀ ਜਿਹੀ 'ਹਉ' ਨਾਲ ਘਿਰਿਆ ਹੋਇਆ ਹੈ, ਤਦ ਤਕ ਨਿਰਾ ਜ਼ਬਾਨੀ ਜ਼ਬਾਨੀ ਪਰਮਾਤਮਾ ਨੂੰ ਸਰਬ-ਵਿਆਪਕ ਆਖ ਦੇਣ ਨਾਲ ਮਨੁੱਖ ਨੂੰ ਉਸ ਦੀ ਸਰਬ-ਵਿਆਪਕਤਾ ਦੀ ਸੂਝ ਨਹੀਂ ਪੈਂਦੀ। ਪਰਮਾਤਮਾ ਦੀ ਵਡਿਆਈ ਦੀ ਅਸਲ ਕਦਰ ਸਤਿਗੁਰੂ ਜਾਣਦਾ ਹੈ। ਮਨੁੱਖ ਨੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਗੁਰੂ ਦੇ ਸ਼ਬਦ ਵਿਚ ਜੁੜ ਕੇ, ਆਪਣੇ ਥੋੜ੍ਹ-ਵਿਤੇ ਸੁਆਰਥੀ ਜੀਵਨ ਦੀ ਹੱਦ-ਬੰਦੀ ਵਿਚੋਂ ਨਿਕਲਣਾ ਹੈ। ਬੱਸ! ਫਿਰ ਇਸ ਨੂੰ ਹਰੇਕ ਜੀਵ ਵਿਚ ਬੋਲਦਾ ਸੁਣਦਾ ਕਿਰਤ ਕਰਦਾ ਪਰਮਾਤਮਾ ਹੀ ਦਿੱਸੇਗਾ। ਪਰ ਜਦ ਤਕ ਗੁਰੂ ਤੋਂ ਖੁੰਝਿਆ ਹੋਇਆ ਹੈ, ਤਦ ਤਕ ਥੋੜ੍ਹ-ਵਿਤਾ ਹੈ, ਸੁਆਰਥੀ ਹੈ, ਇਸ ਨੂੰ ਹਰ ਵੇਲੇ ਆਪਣੀ ਹੀ ਗਉਂ ਦਿੱਸਦੀ ਤੇ ਸੁੱਝਦੀ ਹੈ, ਤਦ ਤਕ ਇਹ ਆਤਮਕ ਮੌਤੇ ਮੋਇਆ ਹੋਇਆ ਹੈ। ਸਤਿਗੁਰੂ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਮਨੁੱਖ ਦੀ ਪਰਮਾਤਮਾ ਨਾਲ ਪੱਕੀ ਜਾਣ-ਪਛਾਣ ਪਾ ਦੇਂਦਾ ਹੈ, ਫਿਰ ਇਹ ਆਤਮ-ਬਲੀ ਬਣ ਕੇ ਵਿਕਾਰਾਂ ਦਾ ਟਾਕਰਾ ਕਰਨ-ਜੋਗਾ ਹੋ ਜਾਂਦਾ ਹੈ, ਹੋਰ ਹੋਰ ਜੀਊਣ ਲਈ ਤਰਲੇ ਲੈਣੇ ਛੱਡ ਦੇਂਦਾ ਹੈ, ਤੇ ਲੋਕ ਦਿਖਾਵੇ ਦਾ ਦਬੇਲ ਨਹੀਂ ਰਹਿੰਦਾ। (2) (ਪਉੜੀ ਨੰ: 13 ਤੋਂ 16) ਗੁਰੂ ਦਾ ਰਸਤਾ ਛੱਡ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੱਬ ਲੋਭ ਅਹੰਕਾਰ ਆਦਿਕ ਦਾ ਗੋੱਲਾ ਬਣ ਜਾਂਦਾ ਹੈ, ਮਾਇਆ ਪਿੱਛੇ ਝੱਲਾ ਹੋ ਜਾਂਦਾ ਹੈ ਭੈੜੇ ਚੰਦਰੇ ਬੰਦਿਆਂ ਦੀ ਭੀ ਖ਼ੁਸ਼ਾਮਦ ਕਰਦਾ ਫਿਰਦਾ ਹੈ। ਉਸ ਦੇ ਅੱਖ ਕੰਨ ਜੀਭ ਆਦਿਕ ਸਾਰੇ ਗਿਆਨ-ਇੰਦ੍ਰੇ ਉਸ ਨੂੰ ਪਰਾਏ ਰੂਪ ਪਰਾਈ ਨਿੰਦਿਆ ਆਦਿਕ ਵਲ ਪਾ ਕੇ ਆਤਮਕ ਜੀਵਨ ਤੋਂ ਡੇਗ ਦੇਂਦੇ ਹਨ। ਫਿਰ ਇਸ ਦੇ ਜੀਵਨ ਨੂੰ ਜੀਵਨ ਨਹੀਂ ਆਖ ਸਕੀਦਾ, ਇਹ ਅਸਲ ਵਿਚ ਆਤਮਕ ਮੌਤ ਹੈ। (3) (ਪਉੜੀ ਨੰ: 17 ਤੋਂ 22) ਕਾਮ ਕ੍ਰੋਧ ਆਦਿਕ ਵਿਚ ਆਤਮਕ ਮੌਤੇ ਮਰਿਆ ਮਨੁੱਖ ਭੀ ਜਦੋਂ ਪ੍ਰਭੂ ਦੀ ਮੇਹਰ ਨਾਲ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜਦਾ ਹੈ, ਤਾਂ ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਹੋ ਜਾਣ ਕਰ ਕੇ ਪ੍ਰਭੂ ਦੀਆਂ ਬਖ਼ਸ਼ਸ਼ਾਂ ਦੀ ਉਸ ਨੂੰ ਕਦਰ ਪੈਂਦੀ ਹੈ, ਸੁਆਰਥ ਖ਼ੁਦਗ਼ਰਜ਼ੀ ਵਲੋਂ ਉਹ ਸੰਕੋਚ ਕਰਦਾ ਹੈ ਤੇ ਮਾਇਆ ਦੇ ਥਾਂ ਪਰਮਾਤਮਾ ਹੀ ਉਸ ਨੂੰ ਆਪਣੀ ਜਿੰਦ ਦਾ ਆਸਰਾ-ਸਹਾਰਾ ਦਿੱਸਣ ਲੱਗ ਪੈਂਦਾ ਹੈ। (4) (ਪਉੜੀ ਨੰ: 23 ਤੋਂ 26) ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ ਦਾ ਚੰਚਲ ਮਨ ਮੁੜ ਮੁੜ ਮਾਇਕ ਭੋਗਾਂ ਵਲ ਦੌੜਦਾ ਹੈ, ਨਿੱਤ ਮੌਤ ਦੇ ਸੱਦੇ ਆਉਂਦੇ ਵੇਖ ਕੇ ਭੀ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਤੇ ਮਾਇਆ ਦੀ ਖ਼ਾਤਰ ਜਗਤ ਨਾਲ ਝਗੜੇ ਸਹੇੜਦਾ ਰਹਿੰਦਾ ਹੈ, ਜੁਆਨੀ ਲੰਘ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਤੇ ਆ ਖਲੋਤੀ ਜਾਪਦੀ ਹੈ ਫਿਰ ਭੀ ਮਾਇਆ ਦਾ ਮੋਹ ਨਹੀਂ ਮੁੱਕਦਾ। ਪਰ ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਦਾ ਹੈ ਤਾਂ ਧਰਤੀ ਦੀ ਸਾਰੀ ਦੌਲਤ ਦੀ ਭੀ ਪਰਵਾਹ ਨਹੀਂ ਰਹਿ ਜਾਂਦੀ। (5) (ਪਉੜੀ ਨੰ: 27 ਤੋਂ 31) ਮਾਇਆ ਦੀ ਖ਼ਾਤਰ ਜੀਵ ਭਿੜ-ਭਿੜ ਮਰਦੇ ਤੇ ਦੁਖੀ ਹੁੰਦੇ ਹਨ, ਤ੍ਰਿਸ਼ਨਾ ਦੇ ਭਾਰ ਨਾਲ ਲੱਦੇ ਹੋਏ ਕਈ ਵਿਕਾਰਾਂ ਵਿਚ ਡਿੱਗਦੇ ਹਨ; ਅਹੰਕਾਰ, ਰਜ਼ਾ ਤੋਂ ਇਨਕਾਰ ਗਿਲੇ-ਗੁਜ਼ਾਰੀ ਆਦਿਕ ਦੇ ਕਾਰਨ ਪ੍ਰਭੂ ਨਾਲੋਂ ਵਿਛੋੜੇ ਦੀ ਗੰਢ ਬੱਝਦੀ ਜਾਂਦੀ ਹੈ ਤੇ ਜੀਵਨ ਗੰਦਾ ਹੁੰਦਾ ਹੈ। ਇਸ ਦਾ ਇਕੋ-ਇਕ ਇਲਾਜ ਹੈ– ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸਤਸੰਗ ਵਿਚ ਨਾਮ ਸਿਮਰਨਾ। (6) (ਪਉੜੀ ਨੰ: 32 ਤੋਂ 34) ਮਾਇਆ ਨੂੰ ਜੀਵਨ-ਸਾਥੀ ਸਮਝਿਆਂ ਤੇ ਬਣਾਇਆਂ ਖ਼ੁਆਰ ਹੋਈਦਾ ਹੈ, ਬਹੁਤੀ ਬਹੁਤੀ ਮਾਇਆ ਜੋੜਨ ਦਾ ਲਾਲਚ ਕਰ ਕੇ ਇਸ ਦੇ ਜਾਲ ਵਿਚ ਫਸ ਜਾਈਦਾ ਹੈ। ਗੁਰੂ ਦੀ ਬਾਣੀ ਦਾ ਅਭਿਆਸ ਪਕਾਓ, ਇਸ ਤਰ੍ਹਾਂ ਇਹ ਯਕੀਨ ਬਣ ਜਾਇਗਾ ਕਿ ਪ੍ਰਭੂ ਐਸਾ ਦਾਤਾ ਹੈ ਜੋ ਨਾ ਮੰਗਿਆਂ ਭੀ ਹਰੇਕ ਜੀਵ ਨੂੰ ਰਿਜ਼ਕ ਦੇਂਦਾ ਹੈ। (7) (ਪਉੜੀ ਨੰ: 35 ਤੋਂ 37) ਕੋਈ ਭੀ ਕਰਮ-ਧਰਮ ਮਨੁੱਖ ਨੂੰ ਤ੍ਰਿਸ਼ਨਾ ਦੇ ਇਸ ਜਾਲ ਵਿਚੋਂ ਕੱਢ ਨਹੀਂ ਸਕਦਾ; ਪ੍ਰਭੂ ਦੀ ਯਾਦ ਦਾ ਧਨ ਹੀ ਤ੍ਰਿਸ਼ਨਾ ਨੂੰ ਮਿਟਾਂਦਾ ਹੈ। ਇਸ ਨਾਮ-ਧਨ ਦੀ ਖ਼ਾਤਰ ਹਰੇਕ ਕੁਰਬਾਨੀ ਕਰ ਦੇਣੀ ਚਾਹੀਦੀ ਹੈ। ਇਹ ਧਨ ਮਿਲਦਾ ਹੈ ਉਸ ਪ੍ਰਭੂ ਦੀ ਮੇਹਰ ਨਾਲ ਤੇ ਮਿਲਦਾ ਹੈ ਗੁਰੂ ਪਾਸੋਂ। (8) (ਪਉੜੀ ਨੰ: 38 ਤੋਂ 47) ਸੰਸਾਰ-ਸਮੁੰਦਰ ਦੀਆਂ ਆਸਾ-ਤ੍ਰਿਸ਼ਨਾ ਦੀਆਂ ਲਹਿਰਾਂ ਵਿਚ ਫਸ ਕੇ ਜੀਵ ਬੇ-ਵਸਾ ਹੋ ਕੇ ਵਿਕਾਰਾਂ ਨਾਲ ਪਿਆਰ ਪਾ ਲੈਂਦਾ ਹੈ, ਦੁੱਖ ਸਹੇੜ ਕੇ ਭੀ ਵਿਕਾਰਾਂ ਦੀ ਚੋਗ ਚੁਗੀ ਜਾਂਦਾ ਹੈ, ਚਾਰ ਦਿਨਾਂ ਦੇ ਜੀਵਨ ਪਿਛੋਂ ਮਾਇਆ ਛੱਡਣ ਵੇਲੇ ਬੜਾ ਤਰਲੋ-ਮੱਛੀ ਹੁੰਦਾ ਹੈ, ਇਸ ਦੀ ਖ਼ਾਤਰ ਕੀਤੇ ਔਗੁਣਾਂ ਦਾ ਭਾਰ ਚੁੱਕਣਾ ਪੈ ਜਾਂਦਾ ਹੈ। ਕੋਈ ਅਮੀਰ ਹੋਏ ਚਾਹੇ ਗਰੀਬ, ਇਸ ਜਗਤ-ਰਣਭੂਮੀ ਵਿਚ ਹਰੇਕ ਜੀਵ ਨੂੰ ਵਿਕਾਰਾਂ ਨਾਲ ਵਾਹ ਪੈਂਦਾ ਹੈ, ਸਹੀ ਪੈਂਤੜੇ ਤੋਂ ਖੁੰਝ ਕੇ ਜੀਵ ਆਤਮਕ ਮੌਤ ਖ਼ਰੀਦ ਲੈਂਦਾ ਹੈ। ਦਾਤੇ ਪ੍ਰਭੂ ਦੀ ਮੇਹਰ ਹੋਵੇ, ਗੁਰੂ-ਸ਼ਬਦ ਵਿਚ ਮਨ ਜੁੜੇ, ਤਾਂ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਗੁਣਾਂ ਦੀ ਸੂਝ ਪੈਂਦੀ ਹੈ ਤੇ ਮਾਇਆ ਦੇ ਜੰਜਾਲ ਵਿਚੋਂ ਖ਼ਲਾਸੀ ਹੋ ਜਾਂਦੀ ਹੈ। ਕਿਰਤ-ਕਾਰ ਛੱਡਣ ਦੀ ਲੋੜ ਨਹੀਂ ਪੈਂਦੀ, ਜੰਗਲ-ਬੇਲੇ ਢੂੰਢਿਆਂ ਪ੍ਰਭੂ ਨਹੀਂ ਮਿਲਦਾ। ਇਹ ਗੱਲ ਪੱਕੀ ਜਾਣੋ ਕਿ ਪ੍ਰਭੂ ਦੇ ਨਾਮ ਦੀ ਰਾਸ-ਪੂੰਜੀ ਸਤਿਗੁਰੂ ਦੇ ਪਾਸ ਹੀ ਹੈ। (9) (ਪਉੜੀ ਨੰ: 48 ਤੋਂ 52) ਪਰਮਾਤਮਾ ਦੀ ਯਾਦ ਭੁਲਾ ਕੇ ਜੀਵ-ਵਣਜਾਰਾ ਆਪਣੀ ਵੱਖਰੀ 'ਹਉ' ਵਿਚ ਫਸ ਜਾਂਦਾ ਹੈ; ਦੁਨੀਆ ਦੀਆਂ ਮੱਲਾਂ ਮੱਲਣ ਦੇ ਆਹਰੇ ਲੱਗ ਕੇ ਥੋੜ੍ਹ-ਵਿਤਾ ਤੇ ਤੰਗ-ਦਿਲ ਹੁੰਦਾ ਜਾਂਦਾ ਹੈ, ਸਾਥੀ ਬੰਦਿਆਂ ਨਾਲ ਕਈ ਠੱਗੀਆਂ-ਠੋਰੀਆਂ ਕਰਦਾ ਰਹਿੰਦਾ ਹੈ, ਵਿਤਕਰੇ ਦੀ ਅੱਗ ਵਿਚ ਆਪ ਭੀ ਸੜਦਾ ਹੈ ਤੇ ਹੋਰਨਾਂ ਨੂੰ ਭੀ ਦੁਖੀ ਕਰਦਾ ਹੈ। ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹ ਗੱਲ ਜਾਣਦਾ ਹੈ। ਕੋਈ ਕਰਮ-ਕਾਂਡ ਕੋਈ ਚਤੁਰਾਈ-ਸਿਆਣਪ ਇਸ 'ਹਉ' ਵਿਚੋਂ ਕੱਢਣ ਦੇ ਸਮਰੱਥ ਨਹੀਂ ਹੈ। ਪ੍ਰਭੂ ਦੀ ਮੇਹਰ ਹੋਵੇ, ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼ੇ, ਤਾਂ ਹੀ ਇਹ 'ਹਉ' ਮੁੱਕਦੀ ਹੈ ਤੇ ਜੀਵਨ ਸੁਖੀ ਹੁੰਦਾ ਹੈ। (10) (ਪਉੜੀ ਨੰ: 53, 54) ਕਿਤਨਾ ਹੀ ਪੜ੍ਹਿਆ-ਪੰਡਿਤ ਹੋਵੇ, ਪਰ ਜੇ ਉਹ ਜੀਵਨ-ਸਫ਼ਰ ਵਿਚ ਆਪਣੇ ਮਨ ਦੇ ਪਿੱਛੇ ਤੁਰ ਰਿਹਾ ਹੈ ਤਾਂ ਉਸ ਨੂੰ ਅਨ-ਪੜ੍ਹ ਹੀ ਜਾਣੋ, ਉਹ ਆਪਣੀ ਵਿੱਦਿਆ ਨਿਰੀ ਆਜੀਵਿਕਾ ਵਾਸਤੇ ਹੀ ਵਰਤਦਾ ਹੈ, ਆਤਮਕ ਗੁਣ ਉਸ ਨੇ ਕੋਈ ਨਾ ਖੱਟਿਆ, ਪੜ੍ਹਿਆ-ਪੰਡਿਤ ਉਸੇ ਨੂੰ ਸਮਝੋ ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪ ਭੀ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਆਪਣੇ ਚਾਟੜਿਆਂ ਨੂੰ ਭੀ ਪ੍ਰੇਰਦਾ ਹੈ। ਸਮੁੱਚਾ ਭਾਵ: (1) (ਪਉੜੀ ਨੰ: 1 ਤੋਂ 16) ਜੋ ਮਨੁੱਖ ਜ਼ਬਾਨੀ ਜ਼ਬਾਨੀ ਤਾਂ ਇਹ ਆਖਦਾ ਰਹੇ ਕਿ ਪਰਮਾਤਮਾ ਹਰੇਕ ਜੀਵ ਵਿਚ ਵਿਆਪਕ ਹੈ, ਪਰ ਉਸ ਦੀ ਰੋਜ਼ ਦੀ ਕਰਤੂਤ ਇਹ ਹੋਵੇ ਕਿ ਹਰ ਵੇਲੇ ਆਪਣੀ ਹੀ ਗਉਂ ਸਾਹਮਣੇ ਰੱਖ ਕੇ ਥੋੜ੍ਹ-ਵਿਤਾ, ਸੁਆਰਥੀ, ਤੇ ਲਾਲਚ ਅਹੰਕਾਰ ਆਦਿਕ ਦਾ ਗੋੱਲਾ ਬਣਿਆ ਰਹੇ, ਮਾਇਆ ਦੀ ਖ਼ਾਤਰ ਭੈੜੇ ਚੰਦਰੇ ਬੰਦਿਆਂ ਦੀ ਖ਼ੁਸ਼ਾਮਦ ਕਰਨੋਂ ਭੀ ਨਾਹ ਸੰਗੇ, ਉਸ ਨੂੰ ਜਿਊਂਦਾ ਨਾਹ ਸਮਝੋ, ਉਹ ਆਤਮਕ ਮੌਤੇ ਮਰਿਆ ਹੋਇਆ ਹੈ। (2) (ਪਉੜੀ ਨੰ: 17 ਤੋਂ 37) ਪਰ ਇਹ ਆਤਮਕ ਮੌਤ ਲਾ-ਇਲਾਜ ਨਹੀਂ ਹੈ। ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਹੀ ਮਨੁੱਖ ਮਾਇਆ ਦਾ ਗੋੱਲਾ ਬਣਦਾ ਹੈ ਤੇ ਵਧਦੇ ਲਾਲਚ ਦੇ ਕਾਰਨ ਦੂਜਿਆਂ ਤੋਂ ਖੋਹਾ-ਮੋਹੀ ਕਰਨ ਦੇ ਤਰੀਕੇ ਲੱਭਦਾ ਰਹਿੰਦਾ ਹੈ। ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ ਹੋਵੇ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ। ਜਿਉਂ ਜਿਉਂ ਪ੍ਰਭੂ ਨਾਲ ਜਾਣ-ਪਛਾਣ ਵਧਦੀ ਹੈ, ਸੁਆਰਥ ਖ਼ੁਦ-ਗ਼ਰਜ਼ੀ ਤੋਂ ਸੰਕੋਚ ਹੁੰਦਾ ਜਾਂਦਾ ਹੈ। ਬੱਸ! ਇਹੀ ਇਕੋ ਇਕ ਇਲਾਜ ਹੈ। ਹੋਰ ਕੋਈ ਕਰਮ-ਧਰਮ ਮਨੁੱਖ ਨੂੰ ਤ੍ਰਿ੍ਰਸ਼ਨਾ ਦੇ ਜਾਲ ਵਿਚੋਂ ਨਹੀਂ ਕੱਢ ਸਕਦਾ। (3) (ਪਉੜੀ ਨੰ: 38 ਤੋਂ 54) ਜੇ ਮਨੁੱਖ ਇਕ ਵਾਰੀ ਧਨ-ਸੰਪੈ ਜੋੜਨ ਦਾ ਰਾਹ ਫੜ ਲਏ, ਤਾਂ ਇਹ ਚਸਕਾ ਇਤਨਾ ਬਲਵਾਨ ਹੈ ਕਿ ਮਨੁੱਖ ਆਪਣੇ ਆਪ ਇਸ ਵਿਚੋਂ ਨਿਕਲ ਨਹੀਂ ਸਕਦਾ। ਥੋੜ੍ਹ-ਵਿਤਾ-ਪਨ, ਵਿਤਕਰਾ ਵਧਦੇ ਹੀ ਜਾਂਦੇ ਹਨ। ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹ ਗੱਲ ਜਾਣਦਾ ਹੈ। ਆਪ ਭੀ ਦੁਖੀ ਹੁੰਦਾ ਹੈ ਹੋਰਨਾਂ ਨੂੰ ਭੀ ਦੁਖੀ ਕਰਦਾ ਹੈ। ਕੋਈ ਕਰਮ-ਕਾਂਡ ਕੋਈ ਚਤੁਰਾਈ ਇਸ ਤ੍ਰਿਸ਼ਨਾ-ਅੱਗ ਵਿਚੋਂ ਕੱਢਣ ਜੋਗੇ ਨਹੀਂ। ਗੁਰ-ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਹੀ ਇਸ ਵਿਚੋਂ ਕੱਢਦੀ ਹੈ। ਕਿਰਤ-ਕਾਰ ਛੱਡ ਕੇ ਜੰਗਲ-ਬੇਲੇ ਢੂੰਢਣ ਦੀ ਲੋੜ ਨਹੀਂ ਪੈਂਦੀ। ਪੜ੍ਹਿਆ-ਪੰਡਿਤ ਉਸੇ ਨੂੰ ਜਾਣੋ ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪ ਭਗਤੀ ਕਰਦਾ ਹੈ ਤੇ ਹੋਰਨਾਂ ਨੂੰ ਪ੍ਰੇਰਦਾ ਹੈ। ਮੁੱਖ ਭਾਵ: ਨਿਰੀ ਮਾਇਆ ਦੀ ਖ਼ਾਤਰ ਪੜ੍ਹੀ ਤੇ ਵਰਤੀ ਵਿੱਦਿਆ ਮਨੁੱਖ ਨੂੰ ਸਗੋਂ ਮਾਇਆ ਜੰਜਾਲ ਵਿਚ ਫਸਾ ਕੇ ਥੋੜ੍ਹ-ਵਿਤਾ ਸੁਆਰਥੀ ਬਣਾ ਦੇਂਦੀ ਹੈ। ਕਿਰਤ-ਕਾਰ ਕਰਦੇ ਹੋਏ ਹੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਭੀ ਜੁੜੋ। ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ੴ ਸਤਿਗੁਰ ਪ੍ਰਸਾਦਿ ॥ ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥੧॥ {ਪੰਨਾ 929-930} ਨੋਟ: ਇਸ ਬਾਣੀ ਦਾ ਨਾਮ 'ਓਅੰਕਾਰੁ' ਹੈ, 'ਦੱਖਣੀ ਓਅੰਕਾਰੁ' ਨਹੀਂ ਹੈ। ਲਫ਼ਜ਼ 'ਦਖਣੀ' ਦਾ ਸੰਬੰਧ ਲਫ਼ਜ਼ 'ਰਾਮਕਲੀ' ਨਾਲ ਹੈ। 'ਰਾਮਕਲੀ ਦਖਣੀ' ਰਾਗਣੀ 'ਰਾਮਕਲੀ' ਦੀ ਇਕ ਕਿਸਮ ਹੈ। ਇਸ ਖ਼ਿਆਲ ਦੀ ਪ੍ਰੋੜ੍ਹਤਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਹੋਰ ਪ੍ਰਮਾਣ ਮਿਲਦੇ ਹਨ; ਜਿਵੇਂ: 1. (ਪੰਨਾ 1033) ਮਾਰੂ ਮਹਲਾ 1 ਦਖਣੀ, ਭਾਵ, ਮਾਰੂ ਦਖਣੀ ਮ: 1। 2. (ਪੰਨਾ 843) ਬਿਲਾਵਲੁ ਮਹਲਾ 1 ਛੰਤ ਦਖਣੀ; ਭਾਵ ਬਿਲਾਵਲੁ ਦਖਣੀ ਮ: 1 ਛੰਤ। 3. (ਪੰਨਾ 152) ਗਉੜੀ ਮਹਲਾ 1 ਦਖਣੀ, ਭਾਵ, ਗਉੜੀ ਦਖਣੀ ਮ: 1। 4. (ਪੰਨਾ 580) ਵਡਹੰਸੁ ਮਹਲਾ 1 ਦਖਣੀ; ਭਾਵ, ਵਡਹੰਸ ਦਖਣੀ ਮ: 1। 5. (ਪੰਨਾ 1343) ਪ੍ਰਭਾਤੀ ਮ: 1 ਦਖਣੀ; ਭਾਵ, ਪ੍ਰਭਾਤੀ ਦਖਣੀ ਮ: 1। ਪਦ ਅਰਥ: ਓਅੰਕਾਰਿ = ਓਅੰਕਾਰ ਤੋਂ। ਓਅੰਕਾਰੁ = {ਨੋਟ: 'ਕਾਰ' ਸੰਸਕ੍ਰਿਤ ਦਾ ਇਕ 'ਪਿਛੇਤਰ' ਹੈ, ਇਸ ਦਾ ਅਰਥ ਹੈ 'ਇਕ-ਰਸ, ਲਗਾਤਾਰ, ਵਿਆਪਕ' ਜਿਵੇਂ ਲਫ਼ਜ਼ 'ਧੁਨਿ' ਦਾ ਅਰਥ ਹੈ "ਆਵਾਜ਼" ਤੇ, ਲਫ਼ਜ਼ 'ਧੁਨਿਕਾਰ' ਦਾ ਅਰਥ ਹੈ 'ਇਕ-ਰਸ ਆਵਾਜ਼'} ਓਅੰ+ਕਾਰ, ਇਕ-ਰਸ ਓਅੰ, ਸਰਬ-ਵਿਆਪਕ ਓਅੰ, ਸਰਬ ਵਿਆਪਕ ਪਰਮਾਤਮਾ। ਉਤਪਤਿ = ਉਤਪੱਤੀ, ਪੈਦਾਇਸ਼, ਜਨਮ। ਬ੍ਰਹਮਾ ਉਤਪਤਿ = ਬ੍ਰਹਮਾ ਦੀ ਉਤਪੱਤੀ। ਜਿਨਿ = ਜਿਸ ਨੇ, ਜਿਸ ਬ੍ਰਹਮਾ ਨੇ। ਚਿਤਿ = ਚਿੱਤ ਵਿਚ। ਓਅੰਕਾਰੁ...ਚਿਤਿ = ਜਿਨਿ ਓਅੰਕਾਰੁ ਚਿਤਿ ਕੀਆ, ਜਿਸ ਬ੍ਰਹਮਾ ਨੇ ਸਰਬ-ਵਿਆਪਕ ਪਰਮਾਤਮਾ ਨੂੰ (ਆਪਣੇ) ਚਿਤ ਵਿਚ (ਵਸਾਇਆ) । ਸੈਲ = (ਬੇਅੰਤ) ਪਹਾੜ, (ਭਾਵ,) ਸ੍ਰਿਸ਼ਟੀ। ਜੁਗ = ਸਮੇ ਦੀਆਂ ਵੰਡਾਂ। ਬੇਦ = ਵੇਦ ਆਦਿਕ ਧਰਮ-ਪੁਸਤਕ। ਨਿਰਮਏ = ਬਣੇ, ਪਰਗਟ ਹੋਏ। ਓਅੰਕਾਰਿ = ਓਅੰਕਾਰ ਦੀ ਰਾਹੀਂ, ਸਰਬ-ਵਿਆਪਕ ਪਰਮਾਤਮਾ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜ ਕੇ। ਉਧਰੇ = (ਜੀਵ ਡੁੱਬਣ ਤੋਂ) ਬਚ ਗਏ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ, ਉਹ ਮਨੁੱਖ ਜਿਨ੍ਹਾਂ ਦਾ ਮੂੰਹ ਗੁਰੂ ਵਲ ਰਹਿੰਦਾ ਹੈ। ਓਨਮ ਅਖਰ ਬੀਚਾਰੁ = ਓਨਮ ਅੱਖਰ ਦਾ ਵਿਚਾਰ {ਨੋਟ: ਇਸ ਤੁਕ ਦੇ ਲਫ਼ਜ਼ 'ਅਖਰ' ਤੇ ਅਗਲੀ ਤੁਕ ਦੇ ਲਫ਼ਜ਼ 'ਅਖਰੁ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। 'ਅਖਰ ਬੀਚਾਰੁ' ਵਿਚ ਲਫ਼ਜ਼ 'ਅਖਰ' ਸੰਬੰਧ ਕਾਰਕ ਵਿਚ ਹੈ, ਭਾਵ 'ਅੱਖਰ ਦਾ ਬੀਚਾਰ'। ਅਗਲੀ ਤੁਕ ਵਿਚ ਲ਼ਫ਼ਜ਼ 'ਅਖਰੁ' ਕਰਤਾ ਕਾਰਕ ਇਕ-ਵਚਨ ਹੈ, ਭਾਵ, "ਓਨਮ-ਅਖਰੁ ਤ੍ਰਿਭਵਣ-ਸਾਰੁ ਹੈ"}। ਓਨਮ = {ਪਾਠਸ਼ਾਲਾਂ ਵਿਚ ਪਾਂਧੇ ਲੋਕ ਮੁੰਡਿਆਂ ਨੂੰ ਪੜ੍ਹਾਣ ਵੇਲੇ ਉਹਨਾਂ ਦੀ ਪੱਟੀ ਤੇ ਲਫ਼ਜ਼ (Aoù nm:) 'ਓਅੰ ਨਮਹ' ਲਿਖ ਦੇਂਦੇ ਹਨ, ਜਿਸ ਦਾ ਅਰਥ ਹੈ 'ਓਅੰ ਨੂੰ ਨਮਸਕਾਰ ਹੈ, ਪਰਮਾਤਮਾ ਨੂੰ ਨਮਸਕਾਰ ਹੈ'। ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਕੰਢੇ ਉਸ ਥਾਂ ਅੱਪੜੇ ਜਿਥੇ ਓਅੰਕਾਰ ਦਾ ਮੰਦਰ ਹੈ, ਉਹਨਾਂ ਵੇਖਿਆ ਕਿ ਲੋਕ ਮੰਦਰ ਵਿਚ ਥਾਪੀ ਹੋਈ ਸ਼ਿਵ-ਮੂਰਤੀ ਨੂੰ 'ਓਅੰਕਾਰ' ਮਿਥ ਕੇ ਪੂਜਾ ਕਰਦੇ ਹਨ। ਮੰਦਰ ਦੀ ਪਾਠ-ਸ਼ਾਲਾ ਦੇ ਚਾਟੜੇ ਪੱਟੀਆਂ ਉਤੇ 'ਓਅੰ ਨਮਹ' ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਉਸ ਸ਼ਿਵ-ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹਨ। ਇਸ ਪਹਿਲੀ ਪਉੜੀ ਵਿਚ ਇਹ ਦੋਵੇਂ ਭੁਲੇਖੇ ਸਮਝਾਏ ਗਏ ਹਨ} ਓਅੰ ਨਮਹ, ਓਅੰ ਨੂੰ ਨਮਸਕਾਰ। ਓਨਮ ਅਖਰ = ਉਹ ਹਸਤੀ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤਿਆ ਗਿਆ ਹੈ। ਓਨਮ ਅਖਰ ਬੀਚਾਰੁ = ਉਸ ਹਸਤੀ ਦਾ ਵਿਚਾਰ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤ ਰਹੇ ਹੋ। ਤ੍ਰਿਭਵਣ ਸਾਰੁ = ਤਿੰਨ ਭਵਣਾਂ ਦਾ ਤੱਤ, ਤਿੰਨ ਭਵਣਾਂ ਦਾ ਮੂਲ, ਸਾਰੀ ਸ੍ਰਿਸ਼ਟੀ ਦਾ ਕਰਤਾ। ਨੋਟ: 'ਰਹਾਉ' ਦੀ ਤੁਕ ਵਿਚ ਸਤਿਗੁਰੂ ਜੀ ਕਿਸੇ 'ਪਾਂਡੇ' ਨੂੰ ਸੰਬੋਧਨ ਕਰਦੇ ਹਨ। ਇਸ ਪਹਿਲੀ ਪਉੜੀ ਵਿਚ ਭੀ ਉਸ 'ਪਾਂਡੇ' ਨੂੰ ਹੀ ਆਖਦੇ ਹਨ 'ਹੇ ਪਾਂਡੇ! ਓਨਮ ਅਖਰ ਬੀਚਾਰੁ ਸੁਣਹੁ'। ਅਰਥ: (ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ 'ਓਅੰਕਾਰ' ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ 'ਓਅੰਕਾਰ' ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ, ਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ। ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ, ਵੇਦ ਭੀ ਓਅੰਕਾਰ ਤੋਂ ਹੀ ਬਣੇ। ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ, ਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ। (ਹੇ ਪਾਂਡੇ! ਤੁਸੀ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ 'ਓਅੰ ਨਮਹ' ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹੋ) ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀ ਲਫ਼ਜ਼ 'ਓਅੰ ਨਮਹ' ਲਿਖਦੇ ਹੋ। ਇਹ ਲਫ਼ਜ਼ 'ਓਅੰ ਨਮਹ' ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ।1। |
Sri Guru Granth Darpan, by Professor Sahib Singh |