ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 930 ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥ {ਪੰਨਾ 930} ਨੋਟ: ਇਸ ਬਾਣੀ 'ਓਅੰਕਾਰ' ਦੀਆਂ 54 ਪਉੜੀਆਂ ਹਨ। ਇਸ ਲੰਮੀ ਬਾਣੀ ਦਾ ਕੇਂਦਰੀ ਭਾਵ ਇਸ 'ਰਹਾਉ' ਵਾਲੀ ਤੁਕ ਵਿਚ ਹੈ। ਲਫ਼ਜ਼ 'ਰਹਾਉ' ਦਾ ਅਰਥ ਹੈ 'ਠਹਿਰ ਜਾਓ', ਜੇ ਸਾਰੀ ਬਾਣੀ ਦਾ ਸਾਰ-ਤੱਤ ਦੁ-ਹਰਫ਼ਾ ਸੁਣਨਾ ਹੈ ਤਾਂ ਇਹਨਾਂ ਦੋ ਤੁਕਾਂ ਤੇ ਖਲੋ ਜਾਓ। ਪਦ ਅਰਥ: ਕਿਆ ਲਿਖਹੁ = ਲਿਖਣ ਦਾ ਤੈਨੂੰ ਕੀਹ ਲਾਭ? ਲਿਖਣ ਦਾ ਕੋਈ ਲਾਭ ਨਹੀਂ ਹੈ। ਜੰਜਾਲ = ਨਿਰੇ ਦੁਨੀਆ ਦੇ ਝੰਬੇਲੇ। ਨੋਟ: 'ਰਹਾਉ' ਦੀ ਇਸ ਤੁਕ ਨਾਲ 'ਓਅੰਕਾਰ' ਦੀ ਅਖ਼ੀਰਲੀ ਪਉੜੀ ਨੂੰ ਰਲਾ ਕੇ ਪੜ੍ਹੋ: ਪਾਧਾ ਗੁਰਮੁਖਿ ਆਖੀਐ, ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ ਨਾਮੁ ਸੰਗਰਹੁ, ਲਾਹਾ ਜਗ ਮਹਿ ਲੇਇ ॥ ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ, ਜਿਸ ਰਾਮਨਾਮੁ ਗਲਿਹਾਰੁ ॥54॥ ਨੋਟ: ਮੰਦਰਾਂ ਦੇ ਨਾਲ ਖੁਲ੍ਹੇ ਹੋਏ ਪਾਠਸ਼ਾਲਾ ਵਿਚ ਪੜ੍ਹਾਈ ਜਾ ਰਹੀ ਸੰਸਾਰਕ ਵਿੱਦਿਆ ਨੂੰ ਪੜ੍ਹਨ ਤੇ ਪੜ੍ਹਾਣ ਵਾਲੇ ਲੋਕ ਧਾਰਮਿਕ ਕੰਮ ਸਮਝ ਰਹੇ ਸਨ। ਸਤਿਗੁਰੂ ਜੀ ਭੁਲੇਖੇ ਨੂੰ ਦੂਰ ਕਰ ਰਹੇ ਹਨ। ਉਂਞ ਹਜ਼ੂਰ ਵਿੱਦਿਆ ਪੜ੍ਹਨ ਪੜ੍ਹਾਣ ਦੇ ਵਿਰੁੱਧ ਨਹੀਂ ਹਨ। ਅਰਥ: ਹੇ ਪਾਂਡੇ! ਸੁਣ, ਨਿਰੀ (ਵਾਦ-ਵਿਵਾਦ ਤੇ ਸੰਸਾਰਕ) ਝੰਬੇਲਿਆਂ ਵਾਲੀ ਲਿਖਾਈ ਲਿਖਣ ਤੋਂ (ਕੋਈ ਆਤਮਕ) ਲਾਭ ਨਹੀਂ ਹੋ ਸਕਦਾ। (ਜੇ ਤੂੰ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ) ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ (ਭੀ ਆਪਣੇ ਮਨ ਵਿਚ) ਲਿਖ।1। ਰਹਾਉ। ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥ ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥ ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥ {ਪੰਨਾ 930} ਨੋਟ: ਪਾਂਧੇ ਚਾਟੜੇ ਦੀ ਪੱਟੀ ਉਤੇ 'ਓਅੰ ਨਮਹ' ਲਿਖ ਕੇ ਅੱਗੇ ਅਸੀਸ ਵਜੋਂ "ਸਿਧੰ ਆਇਐ" ਲਿਖਦੇ ਹਨ, ਜਿਸ ਦਾ ਭਾਵ ਇਹ ਹੈ ਕਿ 'ਤੈਨੂੰ ਇਸ ਵਿਚ ਸਿੱਧੀ ਪ੍ਰਾਪਤ ਹੋਵੇ'। ਪੜ੍ਹਨ ਲੱਗਿਆਂ ਅੱਖਰ 'ਧ' ਦੀ (ੰ) ਅਗਲੇ 'ਅ' ਨਾਲ ਮਿਲ ਕੇ 'ਙ' ਵਾਂਗ ਉਚਾਰੀ ਜਾਇਗੀ। ਇਸ ਵਾਸਤੇ ਸਤਿਗੁਰੂ ਜੀ ਨੇ ਪਹਿਲਾਂ ਅੱਖਰ 'ਸ, ਧ, ਙ, ਅਤੇ ੲ' ਲੈ ਕੇ ਪਉੜੀਆਂ ਉਚਾਰੀਆਂ ਹਨ। ਪਦ ਅਰਥ: ਸਸੈ = 'ਸੱਸਾ' ਅੱਖਰ ਦੀ ਰਾਹੀਂ। ਸਹਜਿ = ਸਹਜੇ ਹੀ, ਬਿਨਾ ਕਿਸੇ ਉਚੇਚੇ ਉੱਦਮ ਦੇ। ਤੀਨਿ ਭਵਨ = ਤਿੰਨਾਂ ਭਵਨਾਂ ਵਿਚ, ਆਕਾਸ਼ ਪਾਤਾਲ ਮਾਤ ਲੋਕ ਵਿਚ, ਸਾਰੇ ਸੰਸਾਰ ਵਿਚ। ਇਕ ਜੋਤਿ = ਇੱਕ ਪਰਮਾਤਮਾ ਦੀ ਜੋਤਿ। ਗੁਰਮੁਖਿ = ਗੁਰੂ ਵਲ ਮੂੰਹ ਹੈ ਜਿਸ ਦਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ। ਵਸਤੁ = ਗੋਪਾਲ ਦਾ ਰਾਮ ਨਾਮ (ਨੋਟ: 'ਰਹਾਉ' ਦੀ ਕੇਂਦਰੀ ਤੁਕ ਵਿਚ ਇਸ 'ਵਸਤੁ' ਨੂੰ ਸਾਫ਼ ਲਫ਼ਜ਼ਾਂ 'ਰਾਮ ਨਾਮ' ਵਿਚ ਦੱਸ ਦਿੱਤਾ ਹੈ) । ਚੁਣਿ ਲੈ = (ਗੁਰਮੁਖਿ ਮਨੁੱਖ) ਚੁਣ ਲੈਂਦਾ ਹੈ। ਮਾਣਕ ਮੋਤੀ = ਪਰਮਾਤਮਾ ਦਾ ਨਾਮ-ਰੂਪ ਕੀਮਤੀ ਧਨ। ਅੰਤਿ = ਆਖ਼ਰ ਨੂੰ, ਓੜਕ ਨੂੰ (ਭਾਵ, ਹੋਰ ਸਾਰੇ ਪਦਾਰਥਾਂ ਦੇ ਟਾਕਰੇ ਤੇ) । ਨਿਰੰਤਰਿ = {ਨਿਰ+ਅੰਤਰ} ਇਕ-ਰਸ, ਹਰ ਥਾਂ ਮੌਜੂਦ। ਸਾਚਾ = ਸਚਾ-ਥਿਰ ਰਹਿਣ ਵਾਲਾ। ਸਾਚੁ ਸਮਾਲੇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਦਾ ਹੈ। ਕਾਚਾ = ਨਾਸਵੰਤ। ਅਰਥ: ਜਿਸ ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ਉਸ ਨੂੰ ਉਸ ਪਰਮਾਤਮਾ ਦਾ ਨਾਮ-ਪਦਾਰਥ ਮਿਲ ਜਾਂਦਾ ਹੈ, ਗੁਰਮੁਖਿ ਮਨੁੱਖ ਪਰਮਾਤਮਾ ਦਾ ਨਾਮ ਰੂਪ ਕੀਮਤੀ ਧਨ ਇਕੱਠਾ ਕਰ ਲੈਂਦਾ ਹੈ। ਉਹ ਮਨੁੱਖ ਸਤਿਗੁਰੂ (ਦੀ ਬਾਣੀ) ਦੀ ਰਾਹੀਂ ਸਮਝਦਾ ਸੋਚਦਾ ਹੈ, ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਉਸ ਨੂੰ ਇਹ ਭੇਤ ਖੁਲ੍ਹਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਹੀ ਓੜਕ ਨੂੰ ਸਦਾ-ਥਿਰ ਰਹਿਣ ਵਾਲਾ ਹੈ। ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸਦਾ-ਥਿਰ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਹੈ ਤੇ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਤੋਂ ਛੁਟ ਬਾਕੀ ਸਾਰਾ ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ।2। ਨੋਟ: ਸੰਸਕ੍ਰਿਤ ਅਤੇ ਹਿੰਦੀ ਦੇ ਅੱਖਰ 'ਸਾ, ਧਾ' ਆਦਿਕ ਆਖ ਕੇ ਉਚਾਰੀਦੇ ਹਨ। ਪਰ ਗੁਰਮੁਖੀ ਅੱਖਰਾਂ ਨੂੰ 'ਸੱਸਾ, ਧੱਧਾ' ਆਖ ਕੇ ਉਚਾਰਦੇ ਹਾਂ। ਗੁਰੂ ਨਾਨਕ ਦੇਵ ਜੀ ਭੀ ਸੱਸਾ, 'ਧੱਧਾ' ਆਖ ਕੇ ਲਿਖਦੇ ਹਨ। ਇਥੋਂ ਇਹੀ ਨਤੀਜਾ ਨਿਕਲਦਾ ਹੈ ਕਿ ਹਜ਼ੂਰ ਗੁਰਮੁਖੀ ਲਿਪੀ ਵਿਚ ਲਿਖ ਰਹੇ ਸਨ, ਦੇਵ-ਨਾਗਰੀ ਵਿਚ ਨਹੀਂ। ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥ ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥ ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥ ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥ {ਪੰਨਾ 930} ਪਦ ਅਰਥ: ਧਰਮਾਪੁਰਿ = ਧਰਮ ਦੀ ਪੁਰੀ ਵਿਚ, ਸਤਸੰਗ ਵਿਚ। ਧਰਮੁ ਧਰੇ = (ਸਤਿਗੁਰੂ) ਧਰਮ ਉਪਦੇਸ਼ਦਾ ਹੈ। ਗੁਣਕਾਰੀ = ਗੁਣਾਂ ਦਾ ਪੈਦਾ ਕਰਨ ਵਾਲਾ। ਧੀਰਾ = ਟਿਕਿਆ ਹੋਇਆ। ਧੂਲਿ = ਧੂੜ, ਚਰਨ-ਧੂੜ। ਮੁਖਿ ਮਸਤਕਿ = (ਜਿਸ ਦੇ) ਮੂੰਹ ਉਤੇ, ਮੱਥੇ ਉਤੇ। ਮਨੂਰ = ਸੜਿਆ ਹੋਇਆ ਲੋਹਾ। ਧਰਣੀਧਰੁ = ਧਰਤੀ ਦਾ ਆਸਰਾ ਪਰਮਾਤਮਾ। ਅਜੋਨੀ = ਜਨਮ-ਰਹਿਤ ਪ੍ਰਭੂ। ਤੋਲਿ = ਤੋਲ ਵਿਚ। ਬੋਲਿ = ਬੋਲ ਵਿਚ। ਮਿਤਿ = ਮਾਪ, ਵਿਤ, ਬਜ਼ੁਰਗੀ, ਵਡਿਆਈ। ਕੈ = ਜਾਂ। ਆਪਿ = ਆਪ ਹੀ ਆਪ, ਜਿਸ ਦਾ ਕੋਈ ਸ਼ਰੀਕ ਨਹੀਂ। ਤੋਲਿ ਬੋਲਿ ਸਚੁ ਪੂਰਾ = (ਭਾਵ, ਗੁਰੂ ਦੀ ਰਹਿਣੀ ਚਾਲੀ-ਸੇਰੀ ਸੁੱਧ ਹੈ, ਤੇ ਗੁਰੂ ਦੀ ਕਹਿਣੀ ਭੀ ਸੋਲਾ-ਆਨੇ ਖਰੀ ਹੁੰਦੀ ਹੈ) । ਅਰਥ: (ਹੇ ਪਾਂਡੇ! ਗੁਰੂ ਦੀ ਸਰਨ ਪੈ ਕੇ ਕਰਤਾਰ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਹ ਬੜਾ ਬੇਅੰਤ ਹੈ) ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ, ਸੂਰਮਾ ਸਤਿਗੁਰੂ ਜਾਣਦਾ ਹੈ (ਭਾਵ, ਸਤਿਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਂਦਾ ਹੈ) ਸਤਿਗੁਰੂ ਸਤਸੰਗ ਵਿਚ (ਉਸ ਕਰਤਾਰ ਦੇ ਸਿਮਰਨ ਰੂਪ) ਧਰਮ ਦਾ ਉਪਦੇਸ਼ ਕਰਦਾ ਹੈ, (ਸਿਮਰਨ ਦੀ ਬਰਕਤਿ ਨਾਲ) ਸਤਿਗੁਰੂ ਦਾ ਆਪਣਾ ਮਨ ਟਿਕਿਆ ਰਹਿੰਦਾ ਹੈ, ਤੇ ਉਹ ਹੋਰਨਾਂ ਵਿਚ ਭੀ (ਇਹ) ਗੁਣ ਪੈਦਾ ਕਰਦਾ ਹੈ। ਜਿਸ ਮਨੁੱਖ ਦੇ ਮੂੰਹ-ਮੱਥੇ ਤੇ ਗੁਰੂ ਦੇ ਚਰਨਾਂ ਦੀ ਧੂੜ ਪਏ, ਉਹ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ। ਸਤਿਗੁਰੂ ਤੋਲ ਵਿਚ ਬੋਲ ਵਿਚ ਸੱਚਾ ਤੇ ਪੂਰਨ ਹੁੰਦਾ ਹੈ। ਅਤੇ ਜੋ ਪਰਮਾਤਮਾ ਸ੍ਰਿਸ਼ਟੀ ਦਾ ਆਸਰਾ ਹੈ ਜਿਸ ਦਾ ਕੋਈ ਸ਼ਰੀਕ ਨਹੀਂ ਤੇ ਜੋ ਜਨਮ-ਰਹਿਤ ਹੈ ਉਹੀ ਸਤਿਗੁਰੂ ਦਾ ਧਨ ਹੈ।3। ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥ ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥ ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥ ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥ {ਪੰਨਾ 930} ਪਦ ਅਰਥ: ਙਿਆਨੁ = ਗੁਰੂ ਦਾ ਦਿੱਤਾ ਹੋਇਆ ਉਪਦੇਸ਼। ਦੂਜਾ = ਗੁਰ-ਉਪਦੇਸ਼ ਤੋਂ ਬਿਨਾ ਕੁਝ ਹੋਰ। ਭਾਇਆ = (ਜਿਸ ਮਨੁੱਖ ਨੂੰ) ਚੰਗਾ ਲੱਗਾ। ਗਰਬਿ = ਅਹੰਕਾਰ ਵਿਚ। ਗਲੇ = ਗਲ ਗਏ, ਨਿੱਘਰ ਗਏ। ਬਿਖੁ = ਜ਼ਹਿਰ (ਜਿਸ ਨੇ ਆਤਮਕ ਮੌਤ ਲੈ ਆਂਦੀ) । ਗੁਰ ਰਸੁ ਗੀਤ = ਗੁਰੂ ਦੀ ਬਾਣੀ ਦਾ ਆਨੰਦ। ਬਾਦ = ਕਥਨ, ਗੁਰੂ ਦਾ ਕਥਨ। ਨਹੀ ਭਾਵੈ ਸੁਣੀਐ = ਸੁਣਿਆ ਚੰਗਾ ਨਹੀਂ ਲੱਗਦਾ, ਸੁਣਨ ਨੂੰ ਜੀ ਨਹੀਂ ਕਰਦਾ। ਗਹਿਰ ਗੰਭੀਰੁ = ਅਥਾਹ ਪਰਮਾਤਮਾ, ਬੇਅੰਤ ਗੁਣਾਂ ਦਾ ਮਾਲਕ ਪ੍ਰਭੂ। ਗੁਰਿ = ਸਤਿਗੁਰੂ ਦੀ ਰਾਹੀਂ। ਸਚੁ ਕਹਿਆ = (ਜਿਸ ਨੇ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ। ਲਹਿਆ = (ਉਸ ਨੇ) ਲੱਭ ਲਿਆ। ਮਨਿ = ਮਨ ਵਿਚ। ਤਨਿ = ਸਰੀਰ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸੁਖਾਇਆ = ਪਿਆਰਾ ਲੱਗਾ। ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ, ਗੁਰੂ ਦੀ ਰਾਹੀਂ। ਆਪੇ = ਪ੍ਰਭੂ ਆਪ ਹੀ। ਨੋਟ: ਇਸ ਪਉੜੀ ਵਿਚ ਲਫ਼ਜ਼ 'ਸਵਾਇਆ, ਭਾਇਆ, ਖਾਇਆ', ਆਦਿਕ ਸਾਰੇ ਭੂਤ-ਕਾਲ ਵਿਚ ਹਨ। ਇਹਨਾਂ ਦਾ ਭਾਵ ਵਰਤਮਾਨ ਕਾਲ ਵਿਚ ਲੈਣਾ ਹੈ। ਸੋ, ਟੀਕਾ ਵਰਤਮਾਨ ਵਿਚ ਕੀਤਾ ਜਾਇਗਾ। ਅਰਥ: ਜੋ ਮਨੁੱਖ ਸਤਿਗੁਰੂ ਦਾ ਉਪਦੇਸ਼ ਵਿਸਾਰ ਦੇਂਦਾ ਹੈ ਤੇ ਕਿਸੇ ਹੋਰ ਜੀਵਨ-ਰਾਹ ਨੂੰ ਪਸੰਦ ਕਰਦਾ ਹੈ, ਉਹ ਅਹੰਕਾਰ ਵਿਚ ਨਿੱਘਰ ਜਾਂਦਾ ਹੈ, ਤੇ ਉਹ (ਆਤਮਕ ਮੌਤ ਦਾ ਮੂਲ ਅਹੰਕਾਰ-ਰੂਪ) ਜ਼ਹਿਰ ਖਾਂਦਾ ਹੈ। ਉਸ ਮਨੁੱਖ ਨੂੰ (ਦੂਜੇ ਭਾਵ ਦੇ ਕਾਰਨ) ਸਤਿਗੁਰੂ ਦੀ ਬਾਣੀ ਦਾ ਆਨੰਦ ਤੇ ਗੁਰੂ ਦੇ ਬਚਨ ਸੁਣੇ ਨਹੀਂ ਭਾਉਂਦੇ। ਉਹ ਮਨੁੱਖ ਅਥਾਹ ਗੁਣਾਂ ਦੇ ਮਾਲਕ ਪਰਮਾਤਮਾ ਤੋਂ ਵਿਛੁੜ ਜਾਂਦਾ ਹੈ। ਜਿਸ ਮਨੁੱਖ ਨੇ ਸਤਿਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਨਾਮ-ਅੰਮ੍ਰਿਤ ਹਾਸਲ ਕਰ ਲਿਆ ਹੈ, ਫਿਰ ਉਸ ਨੂੰ ਉਹ ਪਰਮਾਤਮਾ ਮਨ ਤਨ ਵਿਚ ਪਿਆਰਾ ਲੱਗਦਾ ਹੈ। (ਪਰ ਇਹ ਉਸ ਦੀ ਬਖ਼ਸ਼ਸ਼ ਹੀ ਹੈ) ਉਹ ਆਪ ਹੀ ਗੁਰੂ ਦੀ ਸਰਨ ਪਾ ਕੇ (ਸਿਮਰਨ ਦੀ ਦਾਤਿ) ਦੇਂਦਾ ਹੈ ਤੇ ਆਪ ਹੀ ਨਾਮ-ਅੰਮ੍ਰਿਤ ਪਿਲਾਂਦਾ ਹੈ।4। ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥ ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥ ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥ ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥ {ਪੰਨਾ 930} ਪਦ ਅਰਥ: ਏਕੋ ਏਕੁ = ਸਿਰਫ਼ ਇਕ (ਪਰਮਾਤਮਾ) ਹੀ। ਸਭੁ ਕੋਈ = ਹਰੇਕ ਜੀਵ। ਗਰਬੁ = ਅਹੰਕਾਰ। ਵਿਆਪੈ = ਜ਼ੋਰ ਪਾਈ ਰੱਖਦਾ ਹੈ, ਛਾਇਆ ਰਹਿੰਦਾ ਹੈ। ਇਉ = (ਭਾਵ,) ਹਉਮੈ ਗਰਬ ਦਾ ਸਾਇਆ ਦੂਰ ਕਰ ਕੇ। ਘਰੁ ਮਹਲੁ = ਪਰਮਾਤਮਾ ਦਾ ਅਸਥਾਨ। ਸਿਞਾਪੈ = ਸਿਆਣਿਆ ਜਾਂਦਾ ਹੈ। ਦੂਰਿ ਨ ਜਾਣਹੁ = (ਹੇ ਪਾਂਡੇ!) ਪ੍ਰਭੂ ਨੂੰ ਕਿਤੇ ਦੂਰ ਨ ਸਮਝ। ਏਕੋ = ਇਕ ਪ੍ਰਭੂ ਹੀ। ਸਬਾਈ = ਸਾਰੀ। ਏਕੰਕਾਰੁ = ਸਰਬ-ਵਿਆਪਕ ਪਰਮਾਤਮਾ। ਸਮਾਈ = ਹਰ ਥਾਂ ਮੌਜੂਦ ਹੈ। ਅਰਥ: (ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ (ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ) ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ। ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ। (ਹੇ ਪਾਂਡੇ!) ਪਰਮਾਤਮਾ (ਤੇਰੇ) ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ (ਆਪਣੇ ਤੋਂ ਦੂਰ ਨਾਹ ਸਮਝ, ਇਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ। ਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ।5। ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥ ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥ ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥ ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥ {ਪੰਨਾ 930} ਪਦ ਅਰਥ: ਇਸੁ ਕਰਤੇ ਕਉ = ਇਸ ਨੇੜੇ-ਵੱਸਦੇ ਕਰਤਾਰ ਨੂੰ (ਭਾਵ, ਭਾਵੇਂ ਕਰਤਾਰ ਮੇਰੇ ਆਪਣੇ ਅੰਦਰ ਵੱਸਦਾ ਹੈ) । ਗਹਿ ਰਾਖਉ = ਫੜ ਰੱਖਾਂ, ਹਿਰਦੇ ਵਿਚ ਟਿਕਾਈ ਰੱਖਾਂ। ਅਫਰਿਓ = ਫੜਿਆ ਨਹੀਂ ਜਾ ਸਕਦਾ, ਹਿਰਦੇ ਵਿਚ ਵਸਾਇਆ ਨਹੀਂ ਜਾ ਸਕਦਾ। ਤੁਲਿਓ ਨ ਜਾਈ = ਤੋਲਿਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਨਹੀਂ ਪੈ ਸਕਦੀ। ਕਿਉ = ਕਿਵੇਂ? (ਭਾਵ, ਜਦ ਤਕ ਅੰਦਰ 'ਹਉਮੈ ਗਰਬ' ਹੈ ਤਦ ਤਕ ਨਹੀਂ) । ਦੀਵਾਨੇ = ਮਤਵਾਲੇ ਨੂੰ। ਝੂਠਿ = ਝੂਠ ਨੇ। ਠਗਉਲੀ = ਠਗ-ਮੂਰੀ, ਠਗ-ਬੂਟੀ, ਖਿੱਚ, ਜਾਦੂ। ਲਬਿ = ਚਸਕੇ ਵਿਚ। ਲੋਭਿ = ਲਾਲਚ ਵਿਚ। ਮੁਹਤਾਜਿ = ਮੁਥਾਜੀ ਵਿਚ। ਇਬ ਤਬ ਫਿਰਿ = ਹੁਣ ਤਦੋਂ ਮੁੜ-ਮੁੜ, ਸਦਾ ਹੀ। ਸਰੇਵੈ = ਸਿਮਰੇ। ਗਤਿ = ਪਰਮਾਤਮਾ ਦੀ ਗਤਿ, ਪ੍ਰਭੂ ਨਾਲ ਜਾਣ-ਪਛਾਣ। ਮਿਤਿ = ਪਰਮਾਤਮਾ ਦੀ ਮਿਤਿ, ਪ੍ਰਭੂ ਦੀ ਵਡਿਆਈ ਦੀ ਕਦਰ। ਰਹਾਈ = ਮੁੱਕਦਾ ਹੈ। ਅਰਥ: (ਹੇ ਪਾਂਡੇ!) ਭਾਵੇਂ ਕਰਤਾਰ ਮੇਰੇ ਅੰਦਰ ਹੀ ਵੱਸ ਰਿਹਾ ਹੈ (ਜਦ ਤਕ ਮੇਰੇ ਅੰਦਰ ਹਉਮੈ ਅਹੰਕਾਰ ਹੈ) ਮੈਂ ਉਸ ਨੂੰ ਆਪਣੇ ਮਨ ਵਿਚ ਵਸਾ ਨਹੀਂ ਸਕਦਾ, (ਜਦ ਤਕ ਮਨ ਵਿਚ ਹਉਮੈ ਹੈ ਤਦ ਤਕ ਉਹ ਕਰਤਾਰ) ਮਨ ਵਿਚ ਵਸਾਇਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਪਾਈ ਨਹੀਂ ਜਾ ਸਕਦੀ। ਮਾਇਆ ਦੇ ਮਤਵਾਲੇ ਜੀਵ ਨੂੰ (ਜਦ ਤਕ) ਝੂਠ ਨੇ ਠਗ-ਬੂਟੀ ਚਮੋੜੀ ਹੋਈ ਹੈ, (ਜਦ ਤਕ ਜੀਵ) ਚਸਕੇ ਵਿਚ ਲਾਲਚ ਵਿਚ ਤੇ ਪਰਾਈ ਮੁਥਾਜੀ ਵਿਚ ਖ਼ੁਆਰ ਹੋ ਰਿਹਾ ਹੈ, ਤਦ ਤਕ ਹਰ ਵੇਲੇ ਇਸ ਨੂੰ ਹਾਹੁਕਾ ਹੀ ਹਾਹੁਕਾ ਹੈ। ਜਦੋਂ ਮਨੁੱਖ (ਹਉਮੈ ਦੂਰ ਕਰ ਕੇ) ਇਕ ਪਰਮਾਤਮਾ ਨੂੰ ਸਿਮਰਦਾ ਹੈ ਤਦੋਂ ਪਰਮਾਤਮਾ ਨਾਲ ਇਸ ਦੀ ਜਾਣ ਪਛਾਣ ਹੋ ਜਾਂਦੀ ਹੈ, ਪਰਮਾਤਮਾ ਦੀ ਵਡਿਆਈ ਦੀ ਇਸ ਨੂੰ ਕਦਰ ਪੈਂਦੀ ਹੈ, ਤੇ ਇਸ ਦਾ ਜਨਮ-ਮਰਨ ਮੁੱਕ ਜਾਂਦਾ ਹੈ।6। ਏਕੁ ਅਚਾਰੁ ਰੰਗੁ ਇਕੁ ਰੂਪੁ ॥ ਪਉਣ ਪਾਣੀ ਅਗਨੀ ਅਸਰੂਪੁ ॥ ਏਕੋ ਭਵਰੁ ਭਵੈ ਤਿਹੁ ਲੋਇ ॥ ਏਕੋ ਬੂਝੈ ਸੂਝੈ ਪਤਿ ਹੋਇ ॥ ਗਿਆਨੁ ਧਿਆਨੁ ਲੇ ਸਮਸਰਿ ਰਹੈ ॥ ਗੁਰਮੁਖਿ ਏਕੁ ਵਿਰਲਾ ਕੋ ਲਹੈ ॥ ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥ ਗੁਰੂ ਦੁਆਰੈ ਆਖਿ ਸੁਣਾਏ ॥੭॥ {ਪੰਨਾ 930} ਪਦ ਅਰਥ: ਏਕੁ, ਇਕੁ = ਇਕ ਪਰਮਾਤਮਾ ਹੀ। ਅਚਾਰੁ = ਕਾਰ-ਵਿਹਾਰ। ਅਸਰੂਪੁ = {ਸ੍ਵਰੂਪ} ਸਰੂਪ। ਏਕੋ ਭਵਰੁ = ਇਕੋ ਹੀ ਆਤਮਾ, ਇਕ ਪਰਮਾਤਮਾ ਦੀ ਹੀ ਜੋਤਿ। ਭਵੈ = ਪਸਰ ਰਹੀ ਹੈ, ਵਿਆਪਕ ਹੈ। ਤਿਹ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ। ਪਤਿ = ਆਦਰ, ਸਤਕਾਰ। ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਧਿਆਨੁ = ਪਰਮਾਤਮਾ ਵਿਚ ਟਿਕੀ ਹੋਈ ਸੁਰਤਿ। ਲੇ = ਪ੍ਰਾਪਤ ਕਰ ਕੇ। ਸਮਸਰਿ = ਬਰਾਬਰ, ਪੱਧਰਾ, ਪੱਧਰੇ ਜੀਵਨ ਵਾਲਾ, ਧੀਰਾ, ਹਉਮੈ-ਅਹੰਕਾਰ-ਰਹਿਤ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਇਕੁ = ਇਕ ਪਰਮਾਤਮਾ ਨੂੰ। ਕਿਰਪਾ ਤੇ = (ਪ੍ਰਭੂ ਆਪਣਾ) ਕਿਰਪਾ ਨਾਲ। ਦੇਇ = ਦੇਂਦਾ ਹੈ। ਗੁਰੂ ਦੁਆਰੈ = ਸਤਿਗੁਰੂ ਦੀ ਰਾਹੀਂ। ਆਖਿ = ਆਖਿ ਕੇ, ਮੱਤ ਦੇ ਕੇ। ਅਰਥ: (ਹੇ ਪਾਂਡੇ! ਉਸ ਗੁਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ ਜੋ) ਇਕ ਆਪ ਹੀ (ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ) ਕਿਰਤ-ਕਾਰ (ਕਰ ਰਿਹਾ) ਹੈ, (ਜੋ) ਇਕ ਆਪ ਹੀ (ਸੰਸਾਰ ਦਾ ਇਹ ਸਾਰਾ) ਰੂਪ ਰੰਗ (ਆਪਣੇ ਆਪ ਤੋਂ ਪਰਗਟ ਕਰ ਰਿਹਾ) ਹੈ, ਤੇ (ਜਗਤ ਦੇ ਇਹ ਤੱਤ) ਹਵਾ ਪਾਣੀ ਅੱਗ (ਜਿਸ ਦਾ ਆਪਣਾ ਹੀ) ਸਰੂਪ ਹਨ, ਜਿਸ ਗੁਪਾਲ ਦੀ ਜੋਤਿ ਹੀ ਸਾਰੇ ਜਗਤ ਵਿਚ ਪਸਰ ਰਹੀ ਹੈ। ਜੋ ਮਨੁੱਖ ਉਸ ਇੱਕ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਸਮਝਦਾ ਹੈ, ਜਿਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ, ਉਹ ਆਦਰ-ਸਤਕਾਰ ਹਾਸਲ ਕਰਦਾ ਹੈ। ਕੋਈ ਵਿਰਲਾ ਮਨੁੱਖ ਸਤਿਗੁਰੂ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪਾ ਕੇ, ਤੇ, ਉਸ ਵਿਚ ਸੁਰਤਿ ਟਿਕਾ ਕੇ ਧੀਰੇ ਜੀਵਨ ਵਾਲਾ ਬਣਦਾ ਹੈ, ਅਜੇਹਾ ਮਨੁੱਖ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪਣੀ ਮੇਹਰ ਨਾਲ ਇਹ ਦਾਤਿ ਦੇਂਦਾ ਹੈ, ਜਿਸ ਨੂੰ ਗੁਰੂ ਦੀ ਰਾਹੀਂ (ਆਪਣੀ ਸਰਬ-ਵਿਆਪਕਤਾ ਦਾ ਉਪਦੇਸ਼) ਸੁਣਾਂਦਾ ਹੈ ਉਹ ਮਨੁੱਖ ਸੁਖ ਮਾਣਦਾ ਹੈ।7। ਨੋਟ: ਅੱਖਰ 'ੲ' ਦੀਆਂ ਤਿੰਨਾਂ ਪਉੜੀਆਂ ਨੰ: 5, 6, 7 ਵਿਚ ਇਕੋ ਹੀ ਮਿਲਵਾਂ ਭਾਵ ਹੈ ਕਿ ਗੁਰੂ ਦੀ ਰਾਹੀਂ ਹਉਮੈ ਅਹੰਕਾਰ ਦੂਰ ਕੀਤਿਆਂ ਉਹ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ। ਊਰਮ ਧੂਰਮ ਜੋਤਿ ਉਜਾਲਾ ॥ ਤੀਨਿ ਭਵਣ ਮਹਿ ਗੁਰ ਗੋਪਾਲਾ ॥ ਊਗਵਿਆ ਅਸਰੂਪੁ ਦਿਖਾਵੈ ॥ ਕਰਿ ਕਿਰਪਾ ਅਪੁਨੈ ਘਰਿ ਆਵੈ ॥ ਊਨਵਿ ਬਰਸੈ ਨੀਝਰ ਧਾਰਾ ॥ ਊਤਮ ਸਬਦਿ ਸਵਾਰਣਹਾਰਾ ॥ ਇਸੁ ਏਕੇ ਕਾ ਜਾਣੈ ਭੇਉ ॥ ਆਪੇ ਕਰਤਾ ਆਪੇ ਦੇਉ ॥੮॥ {ਪੰਨਾ 930} ਪਦ ਅਰਥ: ਊਰਮ = {ਸੰ: ਉਰਵੀ} ਧਰਤੀ। ਧੂਰਮ = {ਸੰ: ਧੂਮ੍ਰ} ਧੂਆਂ, ਆਕਾਸ਼। ਉਜਾਲਾ = ਚਾਨਣ, ਪ੍ਰਕਾਸ਼। ਗੁਰ = ਸਭ ਤੋਂ ਵੱਡਾ। ਗੋਪਾਲ = ਪ੍ਰਿਥਵੀ ਦਾ ਪਾਲਣਹਾਰ। ਊਗਵਿਆ = ਪਰਗਟ ਹੋ ਕੇ। ਅਸਰੂਪੁ = ਆਪਣਾ-ਸਰੂਪ। ਘਰਿ ਆਵੈ = (ਉਹ ਮਨੁੱਖ) ਭਟਕਣਾ ਤੋਂ ਬਚ ਜਾਂਦਾ ਹੈ, ਟਿਕ ਜਾਂਦਾ ਹੈ,। ਘਰਿ = ਘਰ ਵਿਚ। ਊਨਵਿ = ਨਿਊਂ ਕੇ, ਝੁਕ ਕੇ ਨੇੜੇ ਆ ਕੇ। ਨੀਝਰ ਧਾਰਾ = ਝੜੀ ਲਾ ਕੇ, ਇਕ-ਤਾਰ। ਊਤਮ ਸਬਦਿ = ਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ। ਸਵਾਰਣਹਾਰਾ = ਜਗਤ ਨੂੰ ਸੋਹਣਾ ਬਨਾਣ ਵਾਲਾ ਪਰਮਾਤਮਾ। ਇਸੁ ਏਕੇ ਕਾ = ਜਗਤ ਨੂੰ ਸਵਾਰਣ ਵਾਲੇ ਇੱਕ ਪ੍ਰਭੂ ਦਾ। ਭੇਉ = (ਇਹ) ਭੇਤ (ਕਿ) । ਆਪੇ = ਆਪ ਹੀ। ਦੇਉ = ਚਾਨਣ ਦੇਣ ਵਾਲਾ। ਅਰਥ: (ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਜੋ) ਸਭ ਤੋਂ ਵੱਡਾ ਗੋਪਾਲ ਤਿੰਨ ਭਵਨਾਂ ਵਿਚ ਵਿਆਪਕ ਹੈ, ਧਰਤੀ ਅਤੇ ਅਕਾਸ਼ ਵਿਚ ਜਿਸ ਦੀ ਜੋਤਿ ਦਾ ਪਰਕਾਸ਼ ਹੈ। ਉਹ ਗੋਪਾਲ ਆਪਣੀ ਕਿਰਪਾ ਕਰ ਕੇ (ਗੁਰੂ ਦੀ ਰਾਹੀਂ) ਪਰਗਟ ਹੋ ਕੇ ਜਿਸ ਨੂੰ ਆਪਣਾ (ਸਰਬ-ਵਿਆਪਕ) ਸਰੂਪ ਵਿਖਾਂਦਾ ਹੈ, ਉਹ ਮਨੁੱਖ (ਭਟਕਣਾ ਤੋਂ ਬਚ ਕੇ) ਆਪਣੇ ਆਪ ਵਿਚ ਟਿਕ ਜਾਂਦਾ ਹੈ। ਜਗਤ ਨੂੰ ਸੋਹਣਾ ਬਨਾਣ ਵਾਲਾ ਪ੍ਰਭੂ ਸਤਿਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ (ਜਿਸ ਮਨੁੱਖ ਦੇ ਹਿਰਦੇ ਵਿਚ) ਨੇੜੇ ਹੋ ਕੇ (ਆਪਣੀ ਸਿਫ਼ਤਿ-ਸਾਲਾਹ ਦੀ) ਝੜੀ ਲਾ ਕੇ ਵਰ੍ਹਦਾ ਹੈ, ਉਹ ਮਨੁੱਖ (ਜਗਤ ਨੂੰ ਸਵਾਰਣਹਾਰ) ਇਸ ਪ੍ਰਭੂ ਦਾ ਇਹ ਭੇਤ ਜਾਣ ਲੈਂਦਾ ਹੈ ਕਿ ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ (ਆਪ ਜੋਤਿ ਨਾਲ ਇਸ ਨੂੰ) ਚਾਨਣ ਦੇਣ ਵਾਲਾ ਹੈ (ਭਾਵ, ਪ੍ਰਭੂ ਆਪ ਹੀ ਇਸ ਜਗਤ ਨੂੰ ਜੀਵਨ-ਰਾਹ ਸਿਖਾਣ ਵਾਲਾ) ਹੈ।8। ਉਗਵੈ ਸੂਰੁ ਅਸੁਰ ਸੰਘਾਰੈ ॥ ਊਚਉ ਦੇਖਿ ਸਬਦਿ ਬੀਚਾਰੈ ॥ ਊਪਰਿ ਆਦਿ ਅੰਤਿ ਤਿਹੁ ਲੋਇ ॥ ਆਪੇ ਕਰੈ ਕਥੈ ਸੁਣੈ ਸੋਇ ॥ ਓਹੁ ਬਿਧਾਤਾ ਮਨੁ ਤਨੁ ਦੇਇ ॥ ਓਹੁ ਬਿਧਾਤਾ ਮਨਿ ਮੁਖਿ ਸੋਇ ॥ ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥ ਨਾਨਕ ਨਾਮਿ ਰਤੇ ਪਤਿ ਹੋਇ ॥੯॥ {ਪੰਨਾ 930-931} ਪਦ ਅਰਥ: ਸੂਰੁ = ਸੂਰਜ, ਚਾਨਣ, ਪ੍ਰਕਾਸ਼, ਗੁਰੂ ਦੇ ਗਿਆਨ ਦੀ ਰੌਸ਼ਨੀ। ਅਸੁਰ = ਦੈਂਤ, ਕਾਮਾਦਿਕ ਵਿਕਾਰ। ਸੰਘਾਰੈ = ਮਾਰ ਮੁਕਾਂਦਾ ਹੈ। ਊਚਉ = ਸਭ ਤੋਂ ਉੱਚੇ ਹਰੀ ਨੂੰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਆਦਿ ਅੰਤਿ = ਸ਼ੁਰੂ ਤੋਂ ਅੰਤ ਤਕ, ਜਦ ਤਕ ਦੁਨੀਆ ਕਾਇਮ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਸੰਸਾਰ ਵਿਚ। ਆਪੇ = ਆਪ ਹੀ। ਸੋਇ = ਉਹ ਪਰਮਾਤਮਾ ਹੀ। ਬਿਧਾਤਾ = ਪੈਦਾ ਕਰਨ ਵਾਲਾ ਪ੍ਰਭੂ। ਦੇਇ = ਦੇਂਦਾ ਹੈ। ਮਨਿ = ਮਨ ਵਿਚ {ਨੋਟ: 'ਮਨੁ' ਅਤੇ 'ਮਨਿ' ਦਾ ਫ਼ਰਕ ਚੇਤੇ ਰੱਖਣਾ। 'ਮਨੁ ਦੇਇ' = ਇਥੇ ਲਫ਼ਜ਼ 'ਮਨੁ' ਕਰਮ ਕਾਰਕ ਹੈ ਤੇ ਕ੍ਰਿਆ 'ਦੇਇ' ਦਾ ਕਰਮ ਹੈ}। ਮੁਖਿ = ਮੂੰਹ ਵਿਚ। ਮਨਿ ਮੁਖਿ ਸੋਇ = ਉਹ ਪ੍ਰਭੂ ਹੀ ਜੀਵਾਂ ਦੇ ਮਨ ਵਿਚ ਵੱਸਦਾ ਹੈ ਤੇ ਮੂੰਹ ਵਿਚ ਵੱਸਦਾ ਹੈ, ਹਰੇਕ ਦੇ ਅੰਦਰ ਬੈਠ ਕੇ ਉਹ ਆਪ ਹੀ ਬੋਲਦਾ ਹੈ। ਜਗ ਜੀਵਨ = ਜਗਤ ਦਾ ਜੀਵਨ, ਜਗਤ ਦਾ ਆਸਰਾ। ਨਾਮਿ = ਨਾਮ ਵਿਚ। ਅਰਥ: (ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ) ਰੌਸ਼ਨੀ ਪੈਦਾ ਹੁੰਦੀ ਹੈ ਉਹ (ਆਪਣੇ ਅੰਦਰੋਂ) ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ। ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮ ਪੁਰਖ ਦਾ ਦੀਦਾਰ ਕਰ ਕੇ (ਉਹ ਮਨੁੱਖ ਫਿਰ ਇਉਂ) ਸੋਚਦਾ ਹੈ (ਕਿ) ਜਦ ਤਕ ਸ੍ਰਿਸ਼ਟੀ ਕਾਇਮ ਹੈ ਉਹ ਪਰਮਾਤਮਾ ਸਾਰੇ ਜਗਤ ਵਿਚ (ਹਰੇਕ ਦੇ ਸਿਰ) ਉਤੇ ਆਪ (ਰਾਖਾ) ਹੈ, ਉਹ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਿਰਤ-ਕੰਮ ਕਰਦਾ ਹੈ ਬੋਲਦਾ ਹੈ ਤੇ ਸੁਣਦਾ ਹੈ, ਉਹ ਸਿਰਜਣਹਾਰ (ਸਭ ਜੀਆਂ) ਨੂੰ ਜਿੰਦ ਤੇ ਸਰੀਰ ਦੇਂਦਾ ਹੈ, ਸਭ ਜੀਆਂ ਦੇ ਅੰਦਰ ਬੈਠ ਕੇ ਉਹ ਆਪ ਹੀ ਬੋਲਦਾ ਹੈ, ਤੇ, ਪਰਮਾਤਮਾ (ਹੀ) ਜਗਤ ਦਾ ਆਸਰਾ ਹੈ, (ਉਸ ਤੋਂ ਬਿਨਾ) ਕੋਈ ਹੋਰ (ਆਸਰਾ) ਨਹੀਂ ਹੈ। ਹੇ ਨਾਨਕ! (ਉਸ) ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ (ਹੀ) ਆਦਰ-ਸਤਕਾਰ ਮਿਲਦਾ ਹੈ।9। |
Sri Guru Granth Darpan, by Professor Sahib Singh |