ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 931 ਰਾਜਨ ਰਾਮ ਰਵੈ ਹਿਤਕਾਰਿ ॥ ਰਣ ਮਹਿ ਲੂਝੈ ਮਨੂਆ ਮਾਰਿ ॥ ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥ ਤੀਨਿ ਭਵਨ ਜੁਗ ਚਾਰੇ ਜਾਤਾ ॥ ਜਿਨਿ ਜਾਤਾ ਸੋ ਤਿਸ ਹੀ ਜੇਹਾ ॥ ਅਤਿ ਨਿਰਮਾਇਲੁ ਸੀਝਸਿ ਦੇਹਾ ॥ ਰਹਸੀ ਰਾਮੁ ਰਿਦੈ ਇਕ ਭਾਇ ॥ ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥ {ਪੰਨਾ 931} ਪਦ ਅਰਥ: ਹਿਤ ਕਾਰਿ = ਹਿਤ ਕਰਿ, ਪ੍ਰੇਮ ਕਰ ਕੇ, ਪਿਆਰ ਨਾਲ। ਰਾਜਨ = ਪ੍ਰਕਾਸ਼-ਸਰੂਪ। ਰਵੈ = ਸਿਮਰਦਾ ਹੈ। ਰਣ = ਜਗਤ-ਅਖਾੜਾ। ਮਨੂਆ = ਕੋਝਾ ਮਨ। ਲੂਝੈ = ਲੜਦਾ ਹੈ। ਰੰਗਿ = (ਪਰਮਾਤਮਾ ਦੇ) ਰੰਗ ਵਿਚ, ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ। ਜੁਗ ਚਾਰੇ = ਚਹੁੰਆਂ ਜੁਗਾਂ ਵਿਚ ਮੌਜੂਦ, ਸਦਾ-ਥਿਰ ਰਹਿਣ ਵਾਲੇ ਨੂੰ। ਜਾਤਾ = ਪਛਾਣ ਲੈਂਦਾ ਹੈ, ਸਾਂਝ ਪਾ ਲੈਂਦਾ ਹੈ। ਜਿਨਿ = ਜਿਸ ਮਨੁੱਖ ਨੇ। ਨਿਰਮਾਇਲੁ = ਨਿਰਮਲ, ਪਵਿੱਤਰ। ਦੇਹਾ = ਸਰੀਰ। ਸੀਝਸਿ = ਸਫਲ ਹੋ ਜਾਂਦਾ ਹੈ। ਰਹਸੀ = ਰਹਸ ਵਾਲਾ, ਆਨੰਦ-ਸਰੂਪ-{ਰਹਸ-ਅਨੰਦ}। ਇਕ ਭਾਇ = ਇਕ-ਰਸ, ਲਗਾਤਾਰ, ਸਦਾ। ਸਾਚਿ = ਸਾਚ, ਸਦਾ-ਥਿਰ-ਪ੍ਰਭੂ ਵਿਚ। ਲਿਵ ਲਾਇ = ਸੁਰਤਿ ਜੋੜ ਕੇ। ਅਰਥ: (ਜੋ ਮਨੁੱਖ) ਪ੍ਰਕਾਸ਼-ਸਰੂਪ ਪਰਮਾਤਮਾ ਨੂੰ ਪ੍ਰੇਮ ਨਾਲ ਸਿਮਰਦਾ ਹੈ, ਉਹ ਆਪਣੇ ਕੋਝੇ ਮਨ ਨੂੰ ਵੱਸ ਵਿਚ ਲਿਆ ਕੇ ਇਸ ਜਗਤ-ਅਖਾੜੇ ਵਿਚ (ਕਾਮਾਦਿਕ ਵੈਰੀਆਂ ਨਾਲ) ਲੜਦਾ ਹੈ, ਉਹ ਮਨੁੱਖ ਦਿਨੇ ਰਾਤ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ, ਤਿੰਨ ਭਵਨਾਂ ਵਿਚ ਵਿਆਪਕ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਹ ਮਨੁੱਖ (ਪੱਕੀ) ਜਾਣ-ਪਛਾਣ ਪਾ ਲੈਂਦਾ ਹੈ। ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ ਉਸ ਵਰਗਾ ਹੀ ਹੋ ਗਿਆ (ਭਾਵ, ਉਹ ਮਾਇਆ ਦੀ ਮਾਰ ਤੋਂ ਉਤਾਂਹ ਹੋ ਗਿਆ) , ਉਸ ਦਾ ਆਤਮਾ ਬੜਾ ਹੀ ਪਵਿਤ੍ਰ ਹੋ ਜਾਂਦਾ ਹੈ, ਤੇ ਉਸ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ, ਆਨੰਦ-ਸਰੂਪ ਪਰਮਾਤਮਾ ਸਦਾ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਮਨ ਵਿਚ ਸਤਿਗੁਰੂ ਦਾ ਸ਼ਬਦ ਵੱਸਦਾ ਹੈ ਤੇ ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ।10। ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ {ਪੰਨਾ 931} ਪਦ ਅਰਥ: ਰੋਸੁ = ਰੁਸੇਵਾਂ, ਰੋਸਾ, ਅਜੋੜ। ਕੀਜੈ = ਕਰਨਾ ਚਾਹੀਦਾ। ਰਹਣੁ = ਰਿਹੈਸ਼, ਵਸੇਬਾ। ਸੰਸਾਰੇ = ਸੰਸਾਰ ਵਿਚ। ਰਾਇ = ਅਮੀਰ। ਰੰਕ = ਕੰਗਾਲ। ਆਇ ਜਾਇ = ਜੋ ਆਇਆ ਹੈ ਉਸ ਨੇ ਚਲੇ ਜਾਣਾ ਹੈ, ਜੋ ਜੰਮਿਆ ਹੈ ਉਸ ਨੇ ਮਰਨਾ ਹੈ। ਜੁਗ ਚਾਰੇ = (ਇਹ ਕੁਦਰਤੀ ਨਿਯਮ) ਚਹੁੰ ਜੁਗਾਂ ਵਿਚ ਹੀ (ਚਲਿਆ ਆ ਰਿਹਾ ਹੈ) । ਕਹਣ ਤੇ = ਕਹਿਣ ਨਾਲ, ਆਖਣ ਨਾਲ। ਰਹਣ ਕਹਣ ਤੇ = ਇਹ ਆਖਣ ਨਾਲ ਕਿ ਮੈਂ ਜਗਤ ਵਿਚ ਹੀ ਰਹਿਣਾ ਹੈ, ਮਰਨ ਤੋਂ ਬਚਣ ਲਈ ਤਰਲੇ ਲੈਣ ਨਾਲ। ਕਿਸੁ ਪਹਿ = ਕਿਸ ਦੇ ਪਾਸ? ਬਿਨੰਤੀ = ਤਰਲਾ। ਕਿਸ ਪਹਿ ਕਰਉ ਬਿਨੰਤੀ = ਕਿਸੇ ਦੇ ਪਾਸ ਮੈਂ ਤਰਲਾਂ ਕਰਾਂ? (ਇਥੇ ਜਗਤ ਵਿਚ ਸਦਾ ਟਿਕੇ ਰਹਿਣ ਲਈ) ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ। ਨਿਰੋਧਰੁ = {ਸੰ: ਨਿਰੁਧ = ਵਿਕਾਰਾਂ ਤੋਂ ਬਚਾ ਰੱਖਣਾ} ਵਿਕਾਰਾਂ ਤੋਂ ਬਚਾ ਰੱਖਣ ਵਾਲਾ। ਪਤਿ ਮਤੀ = ਪਤੀ-ਪਰਮਾਤਮਾ ਨਾਲ ਮਿਲਾਣ ਵਾਲੀ ਮਤਿ। ਅਰਥ: (ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ। ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ। ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ। (ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ।11। ਨੋਟ: ਪਉੜੀ ਨੰ: 10 ਅਤੇ 11 ਦੋਵੇਂ 'ਰ' ਅੱਖਰ ਨਾਲ ਸ਼ੁਰੂ ਹੁੰਦੀਆਂ ਹਨ। ਇਥੇ ਸੰਸਕ੍ਰਿਤ ਦੇ ਸ੍ਵਰ-ਅੱਖਰ 'ਰਿ' ਅਤੇ 'ਰੀ' ਲਏ ਗਏ ਹਨ। ਨੋਟ: ਰਾਜੇ ਤੇ ਕੰਗਾਲ ਨੂੰ ਮੌਤ ਦੇ ਸਾਹਮਣੇ ਇਕੋ ਜਿਹਾ ਬੇ-ਵੱਸ ਦੱਸ ਕੇ ਸਤਿਗੁਰੂ ਜੀ ਗ਼ਰੀਬ ਦੇ ਮਨ ਉਤੋਂ ਧਨੀ ਦਾ ਦਾਬਾ ਉਤਾਰਦੇ ਹਨ। ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥ {ਪੰਨਾ 931} ਪਦ ਅਰਥ: ਲਾਜ = ਨੱਕ-ਨਮੂਜ। ਲਾਜ ਮਰੰਤੀ = ਲੋਕ-ਲਾਜ ਵਿਚ ਮਰਨ ਵਾਲੀ, ਹਰ ਵੇਲੇ ਦੁਨੀਆ ਵਿਚ ਨੱਕ-ਨਮੂਜ ਦਾ ਖ਼ਿਆਲ ਰੱਖਣ ਵਾਲੀ (ਅਕਲ) । ਮਰਿ ਗਈ = ਮੁੱਕ ਜਾਂਦੀ ਹੈ। ਘੂਘਟੁ ਖੋਲਿ = ਘੁੰਡ ਲਾਹ ਕੇ, ਨੱਕ ਨਮੂਜ ਵਾਲਾ ਘੁੰਡ ਲਾਹ ਕੇ। ਚਲੀ = ਤੁਰਦੀ ਹੈ। ਸਾਸੁ = ਸੱਸ, ਮਾਇਆ। ਬਾਵਰੀ = ਕਮਲੀ। ਸਿਰ ਤੇ = ਸਿਰ ਤੋਂ। ਸੰਕ = ਸ਼ੰਕਾ, ਸਹੰਸਾ, ਸਹਿਮ। ਟਲੀ = ਟਲ ਜਾਂਦਾ ਹੈ, ਹਟ ਜਾਂਦਾ ਹੈ। ਪ੍ਰੇਮਿ = ਪਿਆਰ ਨਾਲ। ਰਲੀ ਸਿਉ = ਚਾਉ ਨਾਲ। ਬੁਲਾਈ = ਸੱਦੀ ਜਾਂਦੀ ਹੈ, ਪਤੀ-ਪ੍ਰਭੂ ਸੱਦਦਾ ਹੈ। ਲਾਲਿ = ਲਾਲ ਵਿਚ, ਪ੍ਰੀਤਮ-ਪਤੀ ਵਿਚ। ਰਤੀ = ਰੰਗੀ ਹੋਈ। ਲਾਲੀ ਭਈ = (ਮੂੰਹ ਉਤੇ) ਲਾਲੀ ਚੜ੍ਹ ਆਉਂਦੀ ਹੈ। ਗੁਰਮੁਖਿ = ਉਹ ਜੀਵ-ਇਸਤ੍ਰੀ ਜੋ ਗੁਰੂ ਦੀ ਸਰਨ ਆਉਂਦੀ ਹੈ। ਨਿਚਿੰਦੁ = ਚਿੰਤਾ-ਰਹਿਤ। ਅਰਥ: (ਹੇ ਪਾਂਡੇ!) ਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ। ਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ) , ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ। (ਗੁਰੂ ਦੀ ਸਰਨ ਪੈ ਕੇ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਉਸ ਦੀ ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ; (ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ।12। ਲਾਹਾ ਨਾਮੁ ਰਤਨੁ ਜਪਿ ਸਾਰੁ ॥ ਲਬੁ ਲੋਭੁ ਬੁਰਾ ਅਹੰਕਾਰੁ ॥ ਲਾੜੀ ਚਾੜੀ ਲਾਇਤਬਾਰੁ ॥ ਮਨਮੁਖੁ ਅੰਧਾ ਮੁਗਧੁ ਗਵਾਰੁ ॥ ਲਾਹੇ ਕਾਰਣਿ ਆਇਆ ਜਗਿ ॥ ਹੋਇ ਮਜੂਰੁ ਗਇਆ ਠਗਾਇ ਠਗਿ ॥ ਲਾਹਾ ਨਾਮੁ ਪੂੰਜੀ ਵੇਸਾਹੁ ॥ ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥ {ਪੰਨਾ 931} ਪਦ ਅਰਥ: ਜਪਿ = (ਹੇ ਪਾਂਡੇ!) ਯਾਦ ਕਰ। ਲਾਹਾ = ਲਾਭ, ਖੱਟੀ। ਨਾਮੁ ਰਤਨੁ = ਪਰਮਾਤਮਾ ਦਾ ਨਾਮ ਜੋ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ ਕੀਮਤੀ ਹੈ। ਸਾਰੁ = ਸਾਰ ਨਾਮ, ਸ੍ਰੇਸ਼ਟ ਨਾਮ। ਬੁਰਾ = ਭੈੜਾ, ਚੰਦਰਾ। ਲਾੜੀ ਚਾੜੀ = ਲਹਾ ਦੀ ਗੱਲ ਤੇ ਚੜ੍ਹਾਅ ਦੀ ਗੱਲ, ਨਿੰਦਿਆ ਤੇ ਖ਼ੁਸ਼ਾਮਦ। ਲਾਇਤਬਾਰ = ਲਾ-ਇਤਬਾਰੁ, ਉਹ ਢੰਗ ਜਿਸ ਨਾਲ ਕਿਸੇ ਦਾ ਇਤਬਾਰ ਗਵਾਇਆ ਜਾ ਸਕੇ, ਚੁਗ਼ਲੀ। ਮਨ ਮੁਖੁ = ਉਹ ਬੰਦਾ ਜਿਸ ਦਾ ਰੁਖ਼ ਆਪਣੇ ਮਨ ਵਲ ਹੈ, ਆਪ-ਹੁਦਰਾ ਬੰਦਾ। ਮੁਗਧੁ = ਮੂਰਖ। ਕਾਰਣਿ = ਵਾਸਤੇ। ਜਗਿ = ਜਗ ਵਿਚ। ਹੋਇ = ਬਣ ਕੇ। ਗਇਆ ਠਗਾਇ = ਠਗਾ ਕੇ ਗਿਆ, ਬਾਜੀ ਹਾਰ ਕੇ ਗਿਆ। ਠਗਿ = ਠੱਗ ਦੀ ਰਾਹੀਂ, ਮੋਹ ਦੀ ਰਾਹੀਂ। ਵੇਸਾਹੁ = ਸਰਧਾ। ਸਚੀ = ਸਦਾ ਟਿਕੀ ਰਹਿਣ ਵਾਲੀ। ਪਤਿ = ਇੱਜ਼ਤ। ਅਰਥ: (ਹੇ ਪਾਂਡੇ! ਪਰਮਾਤਮਾ ਦਾ) ਸ੍ਰੇਸ਼ਟ ਨਾਮ ਜਪ, ਸ੍ਰੇਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ। ਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ, ਨਿੰਦਿਆ, ਖ਼ੁਸ਼ਾਮਦ, ਚੁਗ਼ਲੀ = ਇਹ ਹਰੇਕ ਕੰਮ ਮਾੜਾ ਹੈ। ਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ) । ਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ, ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ। ਹੇ ਨਾਨਕ! ਜੋ ਮਨੁੱਖ ਸਰਧਾ ਨੂੰ ਰਾਸ-ਪੂੰਜੀ ਬਣਾਂਦਾ ਹੈ ਤੇ (ਇਸ ਪੂੰਜੀ ਦੀ ਰਾਹੀਂ) ਪਰਮਾਤਮਾ ਦਾ ਨਾਮ ਖੱਟਦਾ-ਕਮਾਂਦਾ ਹੈ, ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ।13। ਨੋਟ: ਪਉੜੀ ਨੰ: 12 ਅਤੇ 13 'ਲ' ਅੱਖਰ ਨਾਲ ਸ਼ੁਰੂ ਹੁੰਦੀਆਂ ਹਨ। ਇਹ ਅੱਖ਼ਰ ਸੰਸਕ੍ਰਿਤ ਦੇ ਅੱਖਰ 'ਲ੍ਰਿ' ਅਤੇ 'ਲ੍ਰੀ' ਹਨ। ਇਹ ਅੱਖਰ 'ਸ੍ਵਰ' ਹੀ ਗਿਣੇ ਜਾਂਦੇ ਹਨ। ਆਇ ਵਿਗੂਤਾ ਜਗੁ ਜਮ ਪੰਥੁ ॥ ਆਈ ਨ ਮੇਟਣ ਕੋ ਸਮਰਥੁ ॥ ਆਥਿ ਸੈਲ ਨੀਚ ਘਰਿ ਹੋਇ ॥ ਆਥਿ ਦੇਖਿ ਨਿਵੈ ਜਿਸੁ ਦੋਇ ॥ ਆਥਿ ਹੋਇ ਤਾ ਮੁਗਧੁ ਸਿਆਨਾ ॥ ਭਗਤਿ ਬਿਹੂਨਾ ਜਗੁ ਬਉਰਾਨਾ ॥ ਸਭ ਮਹਿ ਵਰਤੈ ਏਕੋ ਸੋਇ ॥ ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥ {ਪੰਨਾ 931} ਪਦ ਅਰਥ: ਆਇ = ਆ ਕੇ, ਜਨਮ ਲੈ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਜਗੁ = ਜਗਤ (ਭਾਵ, ਜੀਵ) । ਜਮ ਪੰਥੁ = ਮੌਤ ਦਾ ਰਾਹ, ਆਤਮਕ ਮੌਤ ਦਾ ਰਸਤਾ। ਆਈ = ਮਾਇਆ, ਮਾਇਆ ਦੀ ਤ੍ਰਿਸ਼ਨਾ। ਆਥਿ = ਮਾਇਆ। ਸੈਲ = ਪਹਾੜ। ਆਥਿ ਸੈਲ = ਮਾਲ-ਧਨ ਦੇ ਪਹਾੜ, ਬਹੁਤ ਧਨ {ਜਿਵੇਂ, "ਗਿਰਹਾ ਸੇਤੀ ਮਾਲੁ ਧਨੁ"}। ਨੀਚ = ਚੰਦਰਾ ਮਨੁੱਖ। ਨੀਚ ਘਰਿ = ਚੰਦਰੇ ਬੰਦੇ ਦੇ ਘਰ ਵਿਚ। ਜਿਸੁ ਆਥਿ ਦੇਖਿ = ਤੇ ਉਸ (ਨੀਚ) ਦੀ ਮਾਇਆ ਨੂੰ ਵੇਖ ਕੇ। ਦੋਇ = ਦੋਵੇ (ਭਾਵ, ਅਮੀਰ ਤੇ ਗਰੀਬ) । ਬਉਰਾਨਾ = ਕਮਲਾ, ਝੱਲਾ। ਏਕੋ ਸੋਇ = ਉਹ (ਗੋਪਾਲ) ਆਪ ਹੀ। ਵਰਤੈ = ਮੌਜੂਦ ਹੈ। ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ) ਉਹ (ਗੋਪਾਲ) ਆਪ ਹੀ ਸਭ ਜੀਵਾਂ ਵਿਚ ਮੌਜੂਦ ਹੈ, ਪਰ ਇਹ ਸੂਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਉਤੇ (ਗੋਪਾਲ ਆਪ) ਕਿਰਪਾ ਕਰਦਾ ਹੈ। (ਗੋਪਾਲ ਦੀ) ਭਗਤੀ ਤੋਂ ਬਿਨਾ ਜਗਤ (ਮਾਇਆ ਪਿੱਛੇ) ਝੱਲਾ ਹੋ ਰਿਹਾ ਹੈ। ਜੀਵ (ਸੰਸਾਰ ਵਿਚ) ਜਨਮ ਲੈ ਕੇ (ਗੋਪਾਲ ਦੀ ਭਗਤੀ ਦੇ ਥਾਂ ਮਾਇਆ ਦੀ ਖ਼ਾਤਰ) ਖ਼ੁਆਰ ਹੁੰਦਾ ਹੈ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ-ਜੋਗਾ ਨਹੀਂ ਹੁੰਦਾ ਤੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ। (ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿਚ ਹੋਵੇ ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ; ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ।14। ਨੋਟ: ਗੁਰੂ ਨਾਨਕ ਦੇਵ ਜੀ ਦੇ ਖ਼ਿਆਲ ਅਨੁਸਾਰ ਧਨ-ਦੌਲਤ ਦਾ ਲਾਲਚ ਆਤਮਕ ਮੌਤ ਦਾ ਕਾਰਨ ਬਣਦਾ ਹੈ। ਚੰਦਰੇ ਭੈੜੇ ਮਾਇਆ-ਧਾਰੀ ਦੀ ਖ਼ੁਸ਼ਾਮਦ ਕਰਨਾ ਆਤਮਕ ਮੌਤ ਦੀ ਹੀ ਨਿਸ਼ਾਨੀ ਹੈ। ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ ਲੋਈ ॥ ਜੋਗ ਜੁਗਤਿ ਜਗਜੀਵਨੁ ਸੋਈ ॥ ਕਰਿ ਆਚਾਰੁ ਸਚੁ ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥ {ਪੰਨਾ 931} ਪਦ ਅਰਥ: ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰ ਸਮੇ। ਥਾਪਿ = ਥਾਪ ਕੇ, ਟਿਕਾ ਕੇ, ਪੈਦਾ ਕਰ ਕੇ। ਜਨਮਿ = ਜਨਮ ਵਿਚ। ਮਰਣਿ = ਮਰਨ ਵਿਚ। ਧੈਰੁ = ਭਟਕਣਾ। ਜਨਮਿ ਮਰਣਿ ਨਹੀ = (ਉਹ ਗੋਪਾਲ) ਜਨਮ ਵਿਚ ਤੇ ਮਰਨ ਵਿਚ ਨਹੀਂ (ਆਉਂਦਾ) । ਉਪਾਇ = ਪੈਦਾ ਕਰ ਕੇ। ਘਟ = ਸਾਰੇ ਸਰੀਰ। ਅਗੋਚਰੁ = {ਅ+ਗੋ+ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ। ਅ = ਨਹੀਂ} ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ, ਅਪਹੁੰਚ। ਲੋਈ = ਸ੍ਰਿਸ਼ਟੀ, ਜਗਤ, ਲੋਕ। ਜੋਗ ਜੁਗਤਿ = (ਆਪਣੇ ਨਾਲ) ਮਿਲਣ ਦੀ ਜਾਚ। ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਸੋਈ = ਆਪ ਹੀ (ਦੱਸਦਾ ਹੈ) । ਆਚਾਰੁ = (ਚੰਗਾ) ਕਰਤੱਬ। ਸਚੁ = ਪ੍ਰਭੂ (ਦਾ ਸਿਮਰਨ) । ਮੁਕਤਿ = ਧੰਧਿਆਂ ਤੋਂ ਖ਼ਲਾਸੀ। ਕਿਵ ਹੋਈ = ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ। ਅਰਥ: (ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰਦਾ। ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ) । (ਹੇ ਪਾਂਡੇ!) ਜਗਤ ਭਟਕਣਾ ਵਿਚ (ਫਸਿਆ ਪਿਆ) ਹੈ, ਜਗਤ ਦਾ ਸਹਾਰਾ ਉਹ ਅਪਹੁੰਚ ਗੋਪਾਲ ਆਪ ਹੀ (ਜੀਵ ਨੂੰ ਇਸ ਭਟਕਣਾ ਵਿਚੋਂ ਕੱਢ ਕੇ) ਆਪਣੇ ਨਾਲ ਮਿਲਣ ਦੀ ਜਾਚ ਸਿਖਾਂਦਾ ਹੈ। (ਹੇ ਪਾਂਡੇ!) ਉਸ ਸਦਾ-ਥਿਰ (ਗੋਪਾਲ ਦੀ ਯਾਦ) ਨੂੰ ਆਪਣਾ ਕਰਤੱਬ ਬਣਾ, ਤਦੋਂ ਹੀ ਸੁਖ ਮਿਲਦਾ ਹੈ। ਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ।15। ਵਿਣੁ ਨਾਵੈ ਵੇਰੋਧੁ ਸਰੀਰ ॥ ਕਿਉ ਨ ਮਿਲਹਿ ਕਾਟਹਿ ਮਨ ਪੀਰ ॥ ਵਾਟ ਵਟਾਊ ਆਵੈ ਜਾਇ ॥ ਕਿਆ ਲੇ ਆਇਆ ਕਿਆ ਪਲੈ ਪਾਇ ॥ ਵਿਣੁ ਨਾਵੈ ਤੋਟਾ ਸਭ ਥਾਇ ॥ ਲਾਹਾ ਮਿਲੈ ਜਾ ਦੇਇ ਬੁਝਾਇ ॥ ਵਣਜੁ ਵਾਪਾਰੁ ਵਣਜੈ ਵਾਪਾਰੀ ॥ ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥ {ਪੰਨਾ 931} ਪਦ ਅਰਥ: ਵੇਰੋਧੁ ਸਰੀਰ = ਸਰੀਰ ਦਾ ਵਿਰੋਧ, ਗਿਆਨ-ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ (ਭਾਵ, ਅੱਖਾਂ ਕੰਨ ਜੀਭ ਆਦਿਕ ਇੰਦ੍ਰੇ ਪਰ ਤਨ ਪਰਾਈ ਨਿੰਦਾ ਆਦਿਕ ਵਲ ਪੈ ਕੇ ਆਤਮਕ ਜੀਵਨ ਨੂੰ ਡੇਗਦੇ ਹਨ) । ਕਿਉ ਨ ਮਿਲਹਿ = (ਹੇ ਪਾਂਡੇ!) ਤੂੰ ਕਿਉਂ (ਗੋਪਾਲ ਨੂੰ) ਨਹੀਂ ਮਿਲਦਾ? ਕਿਉ ਨ ਕਾਟਹਿ = (ਹੇ ਪਾਂਡੇ!) ਤੂੰ ਕਿਉਂ ਦੂਰ ਨਹੀਂ ਕਰਦਾ? ਵਟਾਊ = ਰਾਹੀ, ਮੁਸਾਫ਼ਿਰ। ਆਵੈ = ਜਗਤ ਵਿਚ ਆਉਂਦਾ ਹੈ, ਜੰਮਦਾ ਹੈ। ਜਾਇ = ਮਰ ਜਾਂਦਾ ਹੈ। ਕਿਆ ਲੇ ਆਇਆ = ਕੁਝ ਭੀ ਲੈ ਕੇ ਨਹੀਂ ਆਉਂਦਾ। ਕਿਆ ਪਲੈ ਪਾਇ = ਕੁਝ ਭੀ ਨਹੀਂ ਖੱਟਦਾ। ਤੋਟਾ = ਘਾਟਾ। ਜਾ = ਜੇ। ਦੇਇ ਬੁਝਾਈ = ਪਰਮਾਤਮਾ ਸਮਝ ਬਖ਼ਸ਼ੇ। ਕੈਸੀ ਪਤਿ ਸਾਰੀ = ਕੋਈ ਚੰਗੀ ਇੱਜ਼ਤ ਨਹੀਂ (ਮਿਲਦੀ) । ਪੀਰ = ਪੀੜ, ਰੋਗ। ਅਰਥ: (ਹੇ ਪਾਂਡੇ! ਤੂੰ ਕਿਉਂ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਨਹੀਂ ਲਿਖਦਾ?) ਤੂੰ ਕਿਉਂ (ਗੋਪਾਲ ਦੀ ਯਾਦ ਵਿਚ) ਨਹੀਂ ਜੁੜਦਾ? ਤੇ, ਕਿਉਂ ਆਪਣੇ ਮਨ ਦਾ ਰੋਗ ਦੂਰ ਨਹੀਂ ਕਰਦਾ? (ਗੋਪਾਲ ਦਾ) ਨਾਮ ਸਿਮਰਨ ਤੋਂ ਬਿਨਾ ਗਿਆਨ ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ ਪੈ ਜਾਂਦਾ ਹੈ। (ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ) ਜੀਵ-ਮੁਸਾਫ਼ਿਰ ਜਗਤ ਵਿਚ (ਜਿਹਾ) ਆਉਂਦਾ ਹੈ ਤੇ (ਤਿਹਾ ਹੀ ਇਥੋਂ) ਤੁਰ ਜਾਂਦਾ ਹੈ, (ਨਾਮ ਦੀ ਕਮਾਈ ਤੋਂ) ਸੱਖਣਾ ਹੀ ਇਥੇ ਆਉਂਦਾ ਹੈ ਤੇ (ਇਥੇ ਰਹਿ ਕੇ ਭੀ) ਕੋਈ ਆਤਮਕ ਖੱਟੀ ਨਹੀਂ ਖੱਟਦਾ। ਨਾਮ ਤੋਂ ਵਾਂਜੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਭੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਜੀਵਨ ਵਲੋਂ ਹੋਰ ਹੋਰ ਪਰੇ ਲੈ ਜਾਂਦੀ ਹੈ) । ਪਰ ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ ਇਹ ਸੂਝ ਬਖ਼ਸ਼ਦਾ ਹੈ। ਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ ਹੋਰ ਵਣਜ-ਵਪਾਰ ਹੀ ਕਰਦਾ ਹੈ, ਤੇ (ਪਰਮਾਤਮਾ ਦੀ ਹਜ਼ੂਰੀ ਵਿਚ) ਇਸ ਦੀ ਚੰਗੀ ਸਾਖ ਨਹੀਂ ਬਣਦੀ। 16। ਗੁਣ ਵੀਚਾਰੇ ਗਿਆਨੀ ਸੋਇ ॥ ਗੁਣ ਮਹਿ ਗਿਆਨੁ ਪਰਾਪਤਿ ਹੋਇ ॥ ਗੁਣਦਾਤਾ ਵਿਰਲਾ ਸੰਸਾਰਿ ॥ ਸਾਚੀ ਕਰਣੀ ਗੁਰ ਵੀਚਾਰਿ ॥ ਅਗਮ ਅਗੋਚਰੁ ਕੀਮਤਿ ਨਹੀ ਪਾਇ ॥ ਤਾ ਮਿਲੀਐ ਜਾ ਲਏ ਮਿਲਾਇ ॥ ਗੁਣਵੰਤੀ ਗੁਣ ਸਾਰੇ ਨੀਤ ॥ ਨਾਨਕ ਗੁਰਮਤਿ ਮਿਲੀਐ ਮੀਤ ॥੧੭॥ {ਪੰਨਾ 931-932} ਪਦ ਅਰਥ: ਗੁਣ ਵੀਚਾਰੇ = ਜੋ ਮਨੁੱਖ ਗੋਪਾਲ ਦੇ ਗੁਣਾਂ ਨੂੰ ਵਿਚਾਰਦਾ ਹੈ, ਆਪਣੇ ਮਨ ਵਿਚ ਥਾਂ ਦੇਂਦਾ ਹੈ। ਗਿਆਨੁ = (ਪਰਮਾਤਮਾ ਨਾਲ) ਜਾਣ-ਪਛਾਣ। ਗਿਆਨੀ = ਪ੍ਰਭੂ ਨਾਲ ਜਾਣ-ਪਛਾਣ ਰੱਖਣ ਵਾਲਾ। ਸੋਇ = ਉਹੀ ਮਨੁੱਖ। ਗੁਣ ਮਹਿ = (ਗੋਪਾਲ ਦੇ) ਗੁਣਾਂ ਵਿਚ (ਚਿੱਤ ਟਿਕਾਇਆਂ) । ਗੁਣ ਦਾਤਾ = (ਗੋਪਾਲ ਦੇ) ਗੁਣਾਂ ਨਾਲ ਸਾਂਝ ਪੈਦਾ ਕਰਨ ਵਾਲਾ। ਸੰਸਾਰਿ = ਸੰਸਾਰ ਵਿਚ। ਗੁਰ ਵੀਚਾਰਿ = ਗੁਰੂ ਦੀ ਦਿੱਤੀ ਹੋਈ ਵਿਚਾਰ ਦੁਆਰਾ। ਕਰਣੀ = ਕਰਤੱਬ। ਸਾਚੀ ਕਰਣੀ = ਸਦਾ-ਥਿਰ ਪ੍ਰਭੂ ਦੇ ਗੁਣ ਚੇਤੇ ਕਰਨ ਵਾਲਾ ਕਰਤੱਬ। ਅਗੋਚਰੁ = ਅਪਹੁੰਚ। ਕੀਮਤਿ ਨਹੀ ਪਾਇ = (ਗੁਰੂ ਤੋਂ ਬਿਨਾ ਗੋਪਾਲ ਦੇ ਗੁਣਾਂ ਦੀ) ਕਦਰ ਨਹੀਂ ਪੈ ਸਕਦੀ। ਗੁਣਵੰਤੀ = ਉਹ ਜੀਵ-ਇਸਤ੍ਰੀ ਜਿਸ ਦੇ ਅੰਦਰ ਚੰਗੇ ਗੁਣ ਹਨ। ਸਾਰੇ = ਸੰਭਾਲਦੀ ਹੈ, ਯਾਦ ਕਰਦੀ ਹੈ। ਗੁਰਮਤਿ = ਸਤਿਗੁਰੂ ਦੀ ਮੱਤ ਲੈ ਕੇ। ਮਿਲੀਐ ਮੀਤ = ਮਿਤ੍ਰ ਪ੍ਰਭੂ ਨੂੰ ਮਿਲ ਸਕੀਦਾ ਹੈ। ਅਰਥ: (ਹੇ ਪਾਂਡੇ!) ਉਹੀ ਮਨੁੱਖ ਗੋਪਾਲ-ਪ੍ਰਭੂ ਨਾਲ ਸਾਂਝ ਵਾਲਾ ਹੁੰਦਾ ਹੈ ਜੋ ਉਸ ਦੇ ਗੁਣਾਂ ਨੂੰ ਆਪਣੇ ਮਨ ਵਿਚ ਥਾਂ ਦੇਂਦਾ ਹੈ; ਗੋਪਾਲ ਦੇ ਗੁਣਾਂ ਵਿਚ (ਚਿੱਤ ਜੋੜਿਆਂ ਹੀ) ਗੋਪਾਲ ਨਾਲ ਸਾਂਝ ਬਣਦੀ ਹੈ। ਪਰ ਜਗਤ ਵਿਚ ਕੋਈ ਵਿਰਲਾ (ਮਹਾ ਪੁਰਖ ਜੀਵ ਦੀ) ਗੋਪਾਲ ਦੇ ਗੁਣਾਂ ਨਾਲ ਜਾਣ-ਪਛਾਣ ਕਰਾਂਦਾ ਹੈ; ਗੋਪਾਲ ਦੇ ਗੁਣ ਯਾਦ ਕਰਨ ਦਾ ਸੱਚਾ ਕਰਤੱਬ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਹੀ ਹੋ ਸਕਦਾ ਹੈ। (ਹੇ ਪਾਂਡੇ!) ਉਹ ਗੋਪਾਲ ਅਪਹੁੰਚ ਹੈ, ਜੀਵ ਦੇ ਗਿਆਨ-ਇੰਦ੍ਰੇ ਉਸ ਤਕ ਨਹੀਂ ਅੱਪੜ ਸਕਦੇ, (ਸਤਿਗੁਰੂ ਦੀ ਦਿੱਤੀ ਸੂਝ ਤੋਂ ਬਿਨਾ) ਉਸ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ। ਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ। ਹੇ ਨਾਨਕ! ਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ, ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ। 17। |
Sri Guru Granth Darpan, by Professor Sahib Singh |