ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 932 ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥ ਕਸਿ ਕਸਵਟੀ ਸਹੈ ਸੁ ਤਾਉ ॥ ਨਦਰਿ ਸਰਾਫ ਵੰਨੀ ਸਚੜਾਉ ॥ ਜਗਤੁ ਪਸੂ ਅਹੰ ਕਾਲੁ ਕਸਾਈ ॥ ਕਰਿ ਕਰਤੈ ਕਰਣੀ ਕਰਿ ਪਾਈ ॥ ਜਿਨਿ ਕੀਤੀ ਤਿਨਿ ਕੀਮਤਿ ਪਾਈ ॥ ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥ {ਪੰਨਾ 932} ਨੋਟ: ਇਥੋਂ ਪੱਟੀ ਦੇ ਵਿਅੰਜਨ ਅੱਖਰ ਸ਼ੁਰੂ ਹੁੰਦੇ ਹਨ। ਪਦ ਅਰਥ: ਗਾਲੈ = ਨਿਰਬਲ ਕਰ ਦੇਂਦਾ ਹੈ। ਕਉ = ਨੂੰ। ਕੰਚਨ ਢਾਲੈ = ਸੋਨੇ ਨੂੰ ਨਰਮ ਕਰਦਾ ਹੈ। ਕਸਿ ਕਸਵਟੀ = ਕਸਵੱਟੀ ਦੀ ਘੱਸ। ਸੁ = ਉਹ ਸੋਨਾ। ਤਾਉ = ਸੇਕ। ਵੰਨ = ਰੰਗ। ਵੰਨੀਸ = ਸੋਹਣੇ ਰੰਗ ਵਾਲਾ। ਸਰਾਫ = ਸੋਨੇ ਚਾਂਦੀ ਦਾ ਵਪਾਰੀ। ਅਹੰ = ਹਉਮੈ। ਕਸਾਈ = ਮਾਰਨ ਵਾਲਾ। ਕਾਲੁ = ਮੌਤ। ਕਰਿ = ਪੈਦਾ ਕਰ ਕੇ। ਕਰਤੈ = ਕਰਤਾਰ ਨੇ। ਕਰਿ = ਕਰ ਵਿਚ, ਹੱਥ ਵਿਚ, (ਭਾਵ, ਜੀਆਂ ਦੇ ਪੱਲੇ) । ਕਰਣੀ = ਕਰਤੂਤ। ਕਰਤੈ...ਪਾਈ = ਕਰਤਾਰ ਨੇ ਜੀਆਂ ਦੇ ਪੱਲੇ ਆਪੋ ਆਪਣੀ ਕਰਤੂਤ ਪਾਈ ਹੈ (ਭਾਵ, ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ) । ਜਿਨਿ = ਜਿਸ (ਕਰਤਾਰ) ਨੇ। ਕੀਤੀ = ਇਹ (ਕਰਣੀ ਵਾਲੀ ਮਰਯਾਦਾ) ਬਣਾਈ ਹੈ। ਤਿਨਿ = ਉਸ (ਕਰਤਾਰ) ਨੇ। ਕੀਮਤਿ ਪਾਈ = (ਇਹ ਮਰਯਾਦਾ ਦੀ) ਕਦਰ ਜਾਣੀ ਹੈ। ਹੋਰ ਕਿਆ ਕਹੀਐ = ਇਸ ਮਰਯਾਦਾ ਬਾਰੇ ਹੋਰ ਕੁਝ ਆਖਿਆ ਨਹੀਂ ਜਾ ਸਕਦਾ, (ਭਾਵ, ਇਸ ਮਰਯਾਦਾ ਵਿਚ ਕੋਈ ਉਕਾਈ ਲੱਭੀ ਨਹੀਂ ਜਾ ਸਕਦੀ) । ਨੋਟ: ਪਹਿਲੀ ਤੁਕ ਵਿਚ 'ਕਾਇਆ' ਅਤੇ 'ਕੰਚਨ' ਦਾ ਟਾਕਰਾ ਕੀਤਾ ਹੈ। ਸੋ, ਦੂਜੀ ਤੁਕ ਦੇ ਲਫ਼ਜ਼ 'ਕਸਿ ਕਸਵਟੀ', 'ਤਾਉ' ਅਤੇ 'ਸਰਾਫ' ਨੂੰ 'ਕਾਇਆ' ਵਾਸਤੇ ਵਰਤਣ ਲੱਗਿਆਂ 'ਕਸਿ ਕਸਵਟੀ' ਦਾ ਅਰਥ ਹੈ 'ਗੁਰਮਤਿ', ਇਹ ਖ਼ਿਆਲ ਪਿਛਲੀ ਪਉੜੀ ਦੀ ਅਖ਼ੀਰਲੀ ਤੁਕ ਵਿਚੋਂ ਲੈਣਾ ਹੈ। ਤਾਉ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੀ ਘਾਲ-ਕਮਾਈ। ਸਰਾਫ = ਪਰਮਾਤਮਾ। ਅਰਥ: ਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ, (ਤਿਵੇਂ) ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ। ਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ, ਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ) , ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ। (ਕਾਮ ਕ੍ਰੋਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ) । ਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ। ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ। ਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ। 18। ਖੋਜਤ ਖੋਜਤ ਅੰਮ੍ਰਿਤੁ ਪੀਆ ॥ ਖਿਮਾ ਗਹੀ ਮਨੁ ਸਤਗੁਰਿ ਦੀਆ ॥ ਖਰਾ ਖਰਾ ਆਖੈ ਸਭੁ ਕੋਇ ॥ ਖਰਾ ਰਤਨੁ ਜੁਗ ਚਾਰੇ ਹੋਇ ॥ ਖਾਤ ਪੀਅੰਤ ਮੂਏ ਨਹੀ ਜਾਨਿਆ ॥ ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥ ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥ ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ {ਪੰਨਾ 932} ਪਦ ਅਰਥ: ਖੋਜਤ ਖੋਜਤ = (ਗੁਰੂ ਦੀ ਮਤਿ ਦੀ ਸਹੈਤਾ ਨਾਲ) ਮੁੜ ਮੁੜ ਖੋਜ ਕੇ। ਪੀਆ = (ਜਿਸ ਮਨੁੱਖ ਨੇ) ਪੀਤਾ। ਖਿਮਾ = ਕਿਸੇ ਦੀ ਵਧੀਕੀ ਸਹਾਰਨ ਦਾ ਸੁਭਾਉ। ਗਹੀ = ਗ੍ਰਹਿਣ ਕੀਤੀ, ਪਕਾ ਲਈ। ਸਤਿਗੁਰਿ ਦੀਆ = ਸਤਿਗੁਰੂ ਵਿਚ ਲੀਨ ਕਰ ਦਿੱਤਾ। ਸਭੁ ਕੋਇ = ਹਰੇਕ ਜੀਵ। ਜੁਗ ਚਾਰੇ = ਸਦਾ ਲਈ। ਖਾਤ ਪੀਅੰਤ = ਦੁਨੀਆ ਦੇ ਪਦਾਰਥ ਖਾਂਦੇ ਪੀਂਦੇ, ਦੁਨੀਆ ਦੇ ਭੋਗ ਭੋਗਦੇ। ਮੂਏ = ਜੋ ਆਤਮਕ ਜੀਵਨ ਵਲੋਂ ਮਰ ਗਏ। ਨਹੀ ਜਾਨਿਆ = (ਅੰਮ੍ਰਿਤ ਦੀ) ਸੂਝ ਨਹੀਂ ਪਾਈ। ਖਿਨ ਮਹਿ ਮੂਏ = ਪਲ ਵਿਚ ਹੀ ਆਪਾ-ਭਾਵ ਵਲੋਂ ਮਰ ਗਏ। ਜਾ = ਜਦੋਂ। ਸਬਦੁ ਪਛਾਨਿਆ = ਸ਼ਬਦ ਨੂੰ ਪਛਾਣ ਲਿਆ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ। ਅਸਥਿਰੁ = ਅਡੋਲ। ਮਰਨਿ = ਮਰਨ ਵਿਚ, ਆਪਾ-ਭਾਵ ਮੁਕਾਣ ਵਿਚ, ਹਉਮੈ (ਅਹੰ) ਦੂਰ ਕਰਨ ਵਿਚ। ਮਾਨਿਆ = ਪਤੀਜ ਜਾਂਦਾ ਹੈ, ਸ਼ੌਕ ਪਰਗਟ ਕਰਦਾ ਹੈ। ਅਰਥ: ਨੋਟ: ਲਫ਼ਜ਼ 'ਪੀਆ, ਦੀਆ, ਜਾਨਿਆ'। ਆਦਿਕ ਭੂਤਕਾਲ ਵਿਚ ਹਨ। ਅਰਥ ਵਰਤਮਾਨ ਕਾਲ ਵਿਚ ਕਰਨਾ ਹੈ। (ਸਤਿਗੁਰੂ ਦੀ ਮਤਿ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ। ਹਰੇਕ ਜੀਵ ਉਸ ਦੇ ਖਰੇ (ਸੁੱਚੇ) ਜੀਵਨ ਦੀ ਸਲਾਘਾ ਕਰਦਾ ਹੈ, ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ। ਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ। (ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ। ਉਹਨਾਂ ਦਾ ਮਨ (ਕਾਮ ਕ੍ਰੋਧ ਆਦਿਕ ਵਲੋਂ) ਅਡੋਲ ਹੋ ਜਾਂਦਾ ਹੈ, ਤੇ ਆਪਾ-ਭਾਵ ਵਲੋਂ ਮਰਨ ਵਿਚ ਖ਼ੁਸ਼ ਹੁੰਦਾ ਹੈ। ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ। 19। ਗਗਨ ਗੰਭੀਰੁ ਗਗਨੰਤਰਿ ਵਾਸੁ ॥ ਗੁਣ ਗਾਵੈ ਸੁਖ ਸਹਜਿ ਨਿਵਾਸੁ ॥ ਗਇਆ ਨ ਆਵੈ ਆਇ ਨ ਜਾਇ ॥ ਗੁਰ ਪਰਸਾਦਿ ਰਹੈ ਲਿਵ ਲਾਇ ॥ ਗਗਨੁ ਅਗੰਮੁ ਅਨਾਥੁ ਅਜੋਨੀ ॥ ਅਸਥਿਰੁ ਚੀਤੁ ਸਮਾਧਿ ਸਗੋਨੀ ॥ ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥ ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥ {ਪੰਨਾ 932} ਪਦ ਅਰਥ: ਗਗਨ = ਆਕਾਸ਼ ਵਾਂਗ ਸਰਬ-ਵਿਆਪਕ ਪਰਮਾਤਮਾ। ਗੰਭੀਰੁ = ਧੀਰਾ, ਜਿਗਰੇ ਵਾਲਾ, ਜੀਵਾਂ ਦੇ ਔਗੁਣ ਵੇਖ ਕੇ ਗੁੱਸੇ ਵਿਚ ਨਾਹ ਆਉਣ ਵਾਲਾ। ਗਗਨੰਤਰਿ = ਗਗਨ-ਅੰਤਰਿ, ਸਰਬ-ਵਿਆਪਕ ਗੋਪਾਲ ਵਿਚ। ਸਹਜਿ = ਸਹਿਜ ਵਿਚ, ਅਡੋਲਤਾ ਵਿਚ। ਗਇਆ ਨ ਆਵੈ = ਨ ਗਇਆ ਨ ਆਵੈ, ਜੰਮਣ ਮਰਨ ਵਿਚ ਨਹੀਂ ਆਉਂਦਾ। ਅਗੰਮੁ = ਅਪਹੁੰਚ। ਅਨਾਥੁ = ਜਿਸ ਦੇ ਉਪਰ ਕੋਈ ਨਾਥ ਨਹੀਂ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ। ਅਸਥਿਰੁ = ਟਿਕਵਾਂ, ਟਿਕਿਆ ਹੋਇਆ, ਅਡੋਲ। ਚੀਤੁ = ਚਿੱਤ। ਸਮਾਧਿ = ਪਰਮਾਤਮਾ ਵਿਚ ਲੀਨਤਾ। ਸਗੋਨੀ = ਸ-ਗੁਣੀ = ਗੁਣ ਪੈਦਾ ਕਰਨ ਵਾਲੀ। ਚੇਤਿ = (ਹੇ ਪਾਂਡੇ!) ਸਿਮਰ, ਯਾਦ ਕਰ। ਪਵਹਿ ਨ = (ਹੇ ਪਾਂਡੇ!) ਤੂੰ ਨਹੀਂ ਪਏਂਗਾ। ਸਾਰੁ = ਤੱਤ, ਸ੍ਰੇਸ਼ਟ। ਹੋਰ = ਹੋਰ ਮਤਿ। ਨਾਮ ਬਿਹੂਨੀ = ਨਾਮ ਤੋਂ ਵਾਂਜਿਆ ਰੱਖਣ ਵਾਲੀ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ। ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ, ਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ; ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋਪਾਲ ਵਿਚ) ਸੁਰਤਿ ਜੋੜੀ ਰੱਖਦਾ ਹੈ। ਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ) , ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ। ਉਸ ਵਿਚ ਜੋੜੀ ਹੋਈ ਸੁਰਤਿ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ। (ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ। (ਹੇ ਪਾਂਡੇ!) ਸਤਿਗੁਰੂ ਦੀ ਮਤਿ ਹੀ (ਜੀਵਨ ਲਈ) ਸ੍ਰੇਸ਼ਟ ਰਸਤਾ ਹੈ, ਹੋਰ ਮਤਿ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ। 20। ਘਰ ਦਰ ਫਿਰਿ ਥਾਕੀ ਬਹੁਤੇਰੇ ॥ ਜਾਤਿ ਅਸੰਖ ਅੰਤ ਨਹੀ ਮੇਰੇ ॥ ਕੇਤੇ ਮਾਤ ਪਿਤਾ ਸੁਤ ਧੀਆ ॥ ਕੇਤੇ ਗੁਰ ਚੇਲੇ ਫੁਨਿ ਹੂਆ ॥ ਕਾਚੇ ਗੁਰ ਤੇ ਮੁਕਤਿ ਨ ਹੂਆ ॥ ਕੇਤੀ ਨਾਰਿ ਵਰੁ ਏਕੁ ਸਮਾਲਿ ॥ ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥ ਦਹ ਦਿਸ ਢੂਢਿ ਘਰੈ ਮਹਿ ਪਾਇਆ ॥ ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥ {ਪੰਨਾ 932} ਪਦ ਅਰਥ: ਘਰ ਦਰ ਬਹੁਤੇਰੇ = ਬਥੇਰੇ ਘਰਾਂ ਦੇ ਦਰਵਾਜ਼ੇ, ਕਈ ਜੂਨਾਂ। ਫਿਰਿ ਥਾਕੀ = (ਜੀਵ-ਇਸਤ੍ਰੀ (ਭੌਂ ਭੌਂ ਕੇ ਖਪ ਲੱਥੀ। ਅਸੰਖ = ਅ-ਸੰਖ, ਜਿਨ੍ਹਾਂ ਦੀ ਸੰਖਿਆ ਨਾਹ ਹੋ ਸਕੇ, ਅਣ-ਗਿਣਤ। ਅੰਤ ਨਹੀ ਮੇਰੇ = ਮੇਰੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਗਿਣ ਨਹੀਂ ਸਕਦਾ। ਮੇਰੇ = ਮੇਰੇ ਪਾਸੋਂ। ਕੇਤੇ = ਕਈ। ਸੁਤ = ਪੁੱਤਰ। ਫੁਨਿ = ਫਿਰ, ਭੀ। ਮੁਕਤਿ = ਜੂਨਾਂ ਤੋਂ ਖ਼ਲਾਸੀ। ਕਾਚੇ ਗੁਰ ਤੇ = ਕੱਚੇ ਗੁਰੂ ਤੋਂ, ਉਸ ਗੁਰੂ ਤੋਂ ਜਿਸ ਦਾ ਆਪਣਾ ਮਨ ਕੱਚਾ ਹੈ, ਜਿਸ ਦਾ ਮਨ ਮਾਇਆ ਦੇ ਸੱਚੇ ਵਿਚ ਢਲ ਜਾਣ ਵਾਲਾ ਹੈ (ਜਿਵੇਂ ਕੱਚੀ ਮਿੱਟੀ ਚੱਕ ਤੇ ਰੱਖਿਆਂ ਕਈ ਸ਼ਕਲਾਂ ਵਾਲੇ ਭਾਂਡੇ ਬਣਾਏ ਜਾ ਸਕਦੇ ਹਨ) । ਏਕੁ ਵਰੁ = ਇੱਕ ਖਸਮ-ਪ੍ਰਭੂ। ਸਮਾਲਿ = ਸਮਾਲੇ, ਸੰਭਾਲ ਕਰਦਾ ਹੈ। ਕੇਤੀ ਨਾਰਿ = ਕਈ ਜੀਵ-ਇਸਤ੍ਰੀਆਂ। ਗੁਰਮੁਖਿ ਮਰਣੁ ਜੀਵਣੁ = ਗੁਰਮੁਖਿ ਦਾ ਮਰਨ-ਜੀਊਣ। ਮਰਣੁ ਜੀਵਣੁ = ਆਸਰਾ-ਪਰਨਾ, ਜਿਸ ਦੇ ਹੁੰਦਿਆਂ ਜੀਵਿਆ ਜਾ ਸਕੇ ਤੇ ਜਿਸ ਤੋਂ ਵਿਛੁੜ ਕੇ ਮੌਤ ਆਉਂਦੀ ਜਾਪੇ। ਦਹਦਿਸ = ਦਸੀਂ ਪਾਸੀਂ, ਹਰ ਪਾਸੇ। ਘਰੈ ਮਹਿ = ਘਰਿ ਹੀ, ਹਿਰਦੇ-ਘਰ ਵਿਚ ਹੀ। ਅਰਥ: (ਹੇ ਪਾਂਡੇ! ਗੁਰੂ ਦੀ ਮਤਿ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ, ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ। (ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ, ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ। ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ। (ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ। ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ। (ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ, ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ। 21। ਨੋਟ: ਅੱਖਰ 'ਘ' ਦੇ ਪਿਛੋਂ 'ਙ' ਆਉਂਦਾ ਹੈ। ਇਸ ਦੇ ਥਾਂ ਅਗਲੀ ਪਉੜੀ ਵਿਚ ਅੱਖਰ 'ਗ' ਵਰਤਿਆ ਹੈ। ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥ ਗੁਰਮੁਖਿ ਤੋਲਿ ਤੋੁਲਾਵੈ ਤੋਲੈ ॥ ਗੁਰਮੁਖਿ ਆਵੈ ਜਾਇ ਨਿਸੰਗੁ ॥ ਪਰਹਰਿ ਮੈਲੁ ਜਲਾਇ ਕਲੰਕੁ ॥ ਗੁਰਮੁਖਿ ਨਾਦ ਬੇਦ ਬੀਚਾਰੁ ॥ ਗੁਰਮੁਖਿ ਮਜਨੁ ਚਜੁ ਅਚਾਰੁ ॥ ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥ ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥ {ਪੰਨਾ 932} ਪਦ ਅਰਥ: ਤੋੁਲਾਵੈ = ਤੋਲਣ ਲਈ ਹੋਰਨਾਂ ਨੂੰ ਪ੍ਰੇਰਦਾ ਹੈ {ਨੋਟ: ਅੱਖਰ 'ਤ' ਦੇ ਨਾਲ ਦੋ 'ਲਗਾਂ' ਹਨ (ੋ) ਅਤੇ (ੁ) । ਇਥੇ ਅਸਾਂ (ੁ) ਪੜ੍ਹਨਾ ਹੈ, ਭਾਵ, ਇਸ ਲਫ਼ਜ਼ ਨੂੰ "ਤੁਲਾਵੈ" ਪੜ੍ਹਨਾ ਹੈ। ਅਸਲ ਲਫ਼ਜ਼ "ਤੋਲਾਵੈ" ਹੈ}। ਨਿਸੰਗੁ = ਬੰਧਨ-ਰਹਿਤ। ਪਰਹਰਿ = ਦੂਰ ਕਰ ਕੇ। ਕਲੰਕੁ = ਐਬ, ਵਿਕਾਰ। ਬੀਚਾਰੁ = ਪਰਮਾਤਮਾ ਦੀ ਵਿਚਾਰ। ਮਜਨੁ = ਚੁੱਭੀ, ਇਸ਼ਨਾਨ। ਚਜੁ ਅਚਾਰੁ = ਉੱਚਾ ਆਚਰਣ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਸਾਰੁ = ਸ੍ਰੇਸ਼ਟ। ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤਿ) ਉਚਾਰਦਾ ਹੈ। ਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ। ਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ) , (ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ। (ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ, ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ। (ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ) । 22। ਚੰਚਲੁ ਚੀਤੁ ਨ ਰਹਈ ਠਾਇ ॥ ਚੋਰੀ ਮਿਰਗੁ ਅੰਗੂਰੀ ਖਾਇ ॥ ਚਰਨ ਕਮਲ ਉਰ ਧਾਰੇ ਚੀਤ ॥ ਚਿਰੁ ਜੀਵਨੁ ਚੇਤਨੁ ਨਿਤ ਨੀਤ ॥ ਚਿੰਤਤ ਹੀ ਦੀਸੈ ਸਭੁ ਕੋਇ ॥ ਚੇਤਹਿ ਏਕੁ ਤਹੀ ਸੁਖੁ ਹੋਇ ॥ ਚਿਤਿ ਵਸੈ ਰਾਚੈ ਹਰਿ ਨਾਇ ॥ ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥ {ਪੰਨਾ 932} ਪਦ ਅਰਥ: ਠਾਇ = ਥਾਂ ਸਿਰ, ਟਿਕਾਣੇ ਤੇ। ਚੋਰੀ = ਲੁਕ ਲੁਕ ਕੇ। ਮਿਰਗੁ = ਮਨ-ਰੂਪ ਹਰਨ। ਅੰਗੂਰੀ = ਨਰਮ ਪੱਤੀਆਂ, ਨਵੇਂ ਨਵੇਂ ਭੋਗ। ਉਰਧਾਰੇ = (ਜੋ) ਟਿਕਾ ਰੱਖਦਾ ਹੈ। ਚਿਰੁ ਜੀਵਨੁ = ਚਿਰਜੀਵੀ, ਅਮਰ, ਜਨਮ ਮਰਨ ਤੋਂ ਬਚਿਆ ਹੋਇਆ। ਚੇਤਨੁ = ਸੁਚੇਤ। ਚਿੰਤਤ = ਚਿੰਤਾਤੁਰ। ਸਭੁ ਕੋਇ = ਹਰੇਕ ਜੀਵ। ਚੇਤਹਿ = ਜੋ ਸਿਮਰਦੇ ਹਨ। ਤਹੀ = ਉਥੇ, ਉਹਨਾਂ ਦੇ ਹਿਰਦੇ ਵਿਚ। ਚਿਤਿ = ਚਿੱਤ ਵਿਚ। ਰਾਚੈ = (ਜੋ) ਮਸਤ ਹੁੰਦਾ ਹੈ। ਨਾਇ = ਨਾਮ ਵਿਚ। ਪਤਿ ਸਿਉ = ਇੱਜ਼ਤ ਨਾਲ। ਘਰਿ = ਘਰ ਵਿਚ। ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਤੋਂ ਬਿਨਾ ਮਨੁੱਖ ਦਾ) ਚੰਚਲ ਮਨ ਟਿਕ ਕੇ ਨਹੀਂ ਬੈਠਦਾ, ਇਹ (ਮਨ-) ਹਰਣ ਲੁਕ ਲੁਕ ਕੇ ਨਵੇਂ ਨਵੇਂ ਭੋਗ ਭੋਗਦਾ ਹੈ। (ਪਰ) ਜੋ ਮਨੁੱਖ (ਪ੍ਰਭੂ ਦੇ) ਕਉਲ ਫੁੱਲਾਂ (ਵਰਗੇ ਸੋਹਣੇ) ਚਰਨ (ਆਪਣੇ) ਚਿੱਤ ਵਿਚ ਵਸਾਂਦਾ ਹੈ, ਉਹ ਸਦਾ ਲਈ ਅਮਰ ਤੇ ਸੁਚੇਤ ਹੋ ਜਾਂਦਾ ਹੈ (ਭਾਵ, ਨਾਹ ਵਿਕਾਰਾਂ ਦੀ ਫਾਹੀ ਵਿਚ ਫਸਦਾ ਹੈ ਤੇ ਨਾਹ ਹੀ ਜਨਮਾਂ ਦੇ ਗੇੜ ਵਿਚ ਪੈਂਦਾ ਹੈ) । (ਜਿਧਰ ਤੱਕੋ ਚੰਚਲਤਾ ਦੇ ਕਾਰਨ) ਹਰੇਕ ਜੀਵ ਚਿੰਤਾਤੁਰ ਦਿੱਸਦਾ ਹੈ (ਪਰ ਜੋ ਮਨੁੱਖ) ਇੱਕ (ਪਰਮਾਤਮਾ) ਨੂੰ ਸਿਮਰਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਹੁੰਦਾ ਹੈ। (ਜਿਸ ਜੀਵ ਦੇ) ਚਿੱਤ ਵਿਚ ਪ੍ਰਭੂ ਆ ਵੱਸਦਾ ਹੈ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ ਉਹ (ਮਾਇਕ ਭੋਗਾਂ ਤੋਂ) ਖ਼ਲਾਸੀ ਪਾ ਲੈਂਦਾ ਹੈ (ਤੇ ਇਥੋਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਂਦਾ ਹੈ। 23। ਛੀਜੈ ਦੇਹ ਖੁਲੈ ਇਕ ਗੰਢਿ ॥ ਛੇਆ ਨਿਤ ਦੇਖਹੁ ਜਗਿ ਹੰਢਿ ॥ ਧੂਪ ਛਾਵ ਜੇ ਸਮ ਕਰਿ ਜਾਣੈ ॥ ਬੰਧਨ ਕਾਟਿ ਮੁਕਤਿ ਘਰਿ ਆਣੈ ॥ ਛਾਇਆ ਛੂਛੀ ਜਗਤੁ ਭੁਲਾਨਾ ॥ ਲਿਖਿਆ ਕਿਰਤੁ ਧੁਰੇ ਪਰਵਾਨਾ ॥ ਛੀਜੈ ਜੋਬਨੁ ਜਰੂਆ ਸਿਰਿ ਕਾਲੁ ॥ ਕਾਇਆ ਛੀਜੈ ਭਈ ਸਿਬਾਲੁ ॥੨੪॥ {ਪੰਨਾ 932} ਪਦ ਅਰਥ: ਛੀਜੈ = ਨਾਸ ਹੋ ਜਾਂਦਾ ਹੈ। ਗੰਢਿ = (ਪ੍ਰਾਣਾਂ ਦੀ) ਗੰਢ। ਛੇਆ = {˜X} ਨਾਸ, ਖੈ। ਜਗਿ = ਜਗਤ ਵਿਚ। ਹੰਢਿ = ਫਿਰ ਕੇ, ਭੌਂ ਕੇ। ਧੂਪ ਛਾਵ = ਦੁਖ ਸੁਖ। ਸਮ = ਬਰਾਬਰ। ਮੁਕਤਿ = ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ। ਘਰਿ = ਘਰ ਵਿਚ, ਮਨ ਵਿਚ। ਆਣੈ = ਲਿਆਉਂਦਾ ਹੈ। ਛੂਛੀ = ਥੋਥੀ, ਅੰਦਰੋਂ ਕੋਰੀ। ਛਾਇਆ = ਮਾਇਆ। ਧੁਰੇ = ਧੁਰ ਤੋਂ, ਸ਼ੁਰੂ ਤੋਂ। ਕਿਰਤੁ = ਕੀਤੇ ਹੋਏ ਕਰਮਾਂ ਦਾ ਸਮੂਹ। ਜਰੂਆ = ਬੁਢੇਪਾ। ਸਿਰਿ = ਸਿਰ ਉਤੇ। ਸਿਬਾਲੁ = ਪਾਣੀ ਦਾ ਜਾਲਾ। ਅਰਥ: (ਹੇ ਪਾਂਡੇ!) ਸਾਰੇ ਜਗਤ ਵਿਚ ਫਿਰ ਕੇ ਵੇਖ ਲਵੋ, ਜਦੋਂ ਪ੍ਰਾਣੀ (ਦੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਂਦੀ ਹੈ ਤਾਂ ਸਰੀਰ ਨਾਸ ਹੋ ਜਾਂਦਾ ਹੈ। ਮੌਤ (ਦਾ ਇਹ ਕੌਤਕ) ਨਿੱਤ ਵਰਤ ਰਿਹਾ ਹੈ। (ਹੇ ਪਾਂਡੇ!) ਜੇ ਮਨੁੱਖ (ਇਸ ਜੀਵਨ ਵਿਚ ਵਾਪਰਦੇ) ਦੁੱਖਾਂ ਸੁਖਾਂ ਨੂੰ ਇਕੋ ਜਿਹਾ ਕਰ ਕੇ ਸਮਝ ਲਏ ਤਾਂ (ਮਾਇਆ ਦੇ) ਬੰਧਨਾਂ ਨੂੰ ਕੱਟ ਕੇ (ਮਾਇਕ ਭੋਗਾਂ ਤੋਂ) ਆਜ਼ਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ। (ਹੇ ਪਾਂਡੇ! ਗੁਪਾਲ ਨੂੰ ਵਿਸਾਰ ਕੇ) ਜਗਤ ਇਸ ਥੋਥੀ (ਭਾਵ, ਜੋ ਸਾਥ ਤੋੜ ਨਹੀਂ ਨਿਬਾਹੁੰਦੀ) ਮਾਇਆ (ਦੇ ਪਿਆਰ) ਵਿਚ ਕੁਰਾਹੇ ਪੈ ਰਿਹਾ ਹੈ, (ਜੀਵਾਂ ਦੇ ਮੱਥੇ ਉਤੇ ਇਹੀ) ਕਿਰਤ-ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ (ਭਾਵ, ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ-ਰੂਪ ਲੇਖ ਹੋਣ ਦੇ ਕਾਰਨ ਹੁਣ ਭੀ ਇਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ) । (ਹੇ ਪਾਂਡੇ!) ਜਵਾਨੀ ਖ਼ਤਮ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਉਤੇ (ਖੜੀ ਜਾਪਦੀ ਹੈ) , ਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) । 24। |
Sri Guru Granth Darpan, by Professor Sahib Singh |