ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 933 ਜਾਪੈ ਆਪਿ ਪ੍ਰਭੂ ਤਿਹੁ ਲੋਇ ॥ ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥ ਜਿਉ ਭਾਵੈ ਤਿਉ ਰਾਖਹਿ ਰਾਖੁ ॥ ਜਸੁ ਜਾਚਉ ਦੇਵੈ ਪਤਿ ਸਾਖੁ ॥ ਜਾਗਤੁ ਜਾਗਿ ਰਹਾ ਤੁਧੁ ਭਾਵਾ ॥ ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥ ਜੈ ਜੈ ਕਾਰੁ ਜਪਉ ਜਗਦੀਸ ॥ ਗੁਰਮਤਿ ਮਿਲੀਐ ਬੀਸ ਇਕੀਸ ॥੨੫॥ {ਪੰਨਾ 933} ਪਦ ਅਰਥ: ਜਾਪੈ = ਜਾਪਦਾ ਹੈ, ਪਰਗਟ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਦੇਵੇ = (ਤੇਰਾ 'ਜਸੁ' ਮੈਨੂੰ) ਦੇਂਦਾ ਹੈ। ਪਤਿ ਸਾਖੁ = ਇੱਜ਼ਤ ਤੇ ਨਾਮਣਾ। ਤੁਧੁ = ਤੈਨੂੰ। ਜਗਦੀਸ ਜੈ ਜੈਕਾਰੁ = ਜਗਤ ਦੇ ਮਾਲਕ ਦੀ ਜੈ ਜੈਕਾਰ। ਜੈ = ਜਿੱਤ। ਜੈਕਾਰੁ = ਸਦਾ ਦੀ ਜਿੱਤ। ਬੀਸ = ਵੀਹ ਵਿਸਵੇ, ਜ਼ਰੂਰ। ਇਕੀਸ = ਇਕ ਈਸ਼ ਨੂੰ, ਇਕ ਮਾਲਕ ਨੂੰ। ਅਰਥ: (ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ, ਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ। (ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ; (ਪਰ) ਮੈਂ ਤੇਰੀ ਸਿਫ਼ਤਿ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤਿ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ। (ਹੇ ਪ੍ਰਭੂ!) ਜੇ ਮੈਂ ਤੈਨੂੰ ਚੰਗਾ ਲੱਗਾਂ ਤਾਂ ਮੈਂ ਸਦਾ ਜਾਗਦਾ ਰਹਾਂ (ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਾਂ) , ਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇ (ਚਰਨਾਂ) ਵਿਚ ਲੀਨ ਰਹਾਂ। ਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ। (ਹੇ ਪਾਂਡੇ! ਇਸ ਤਰ੍ਹਾਂ) ਸਤਿਗੁਰੂ ਦੀ ਮਤਿ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ। 25। ਝਖਿ ਬੋਲਣੁ ਕਿਆ ਜਗ ਸਿਉ ਵਾਦੁ ॥ ਝੂਰਿ ਮਰੈ ਦੇਖੈ ਪਰਮਾਦੁ ॥ ਜਨਮਿ ਮੂਏ ਨਹੀ ਜੀਵਣ ਆਸਾ ॥ ਆਇ ਚਲੇ ਭਏ ਆਸ ਨਿਰਾਸਾ ॥ ਝੁਰਿ ਝੁਰਿ ਝਖਿ ਮਾਟੀ ਰਲਿ ਜਾਇ ॥ ਕਾਲੁ ਨ ਚਾਂਪੈ ਹਰਿ ਗੁਣ ਗਾਇ ॥ ਪਾਈ ਨਵ ਨਿਧਿ ਹਰਿ ਕੈ ਨਾਇ ॥ ਆਪੇ ਦੇਵੈ ਸਹਜਿ ਸੁਭਾਇ ॥੨੬॥ {ਪੰਨਾ 933} ਪਦ ਅਰਥ: ਝਖਿ ਬੋਲਣੁ = ਝਖਾਂ ਮਾਰਨਾ, ਖੇਹ-ਖ਼ੁਆਰੀ, ਮੰਦਾ ਰਸਤਾ। ਕਿਆ = ਕੀਹ? (ਭਾਵ, ਵਿਅਰਥ) । ਸਿਉ = ਨਾਲ। ਵਾਦੁ = ਚਰਚਾ, ਬਹਿਸ। ਝੂਰਿ ਮਰੈ = ਝੁਰ ਝੁਰ ਮਰਦਾ ਹੈ, ਦੁਖੀ ਰਹਿੰਦਾ ਹੈ। ਪਰਮਾਦੁ = ਅਹੰਕਾਰ। ਦੇਖੈ ਪਰਮਾਦੁ = ਅਹੰਕਾਰ ਵੇਖਦਾ ਹੈ, (ਉਸ ਮਨੁੱਖ ਦੀਆਂ) ਅੱਖਾਂ ਸਾਹਮਣੇ ਅਹੰਕਾਰ ਟਿਕਿਆ ਰਹਿੰਦਾ ਹੈ। ਜੀਵਨ ਆਸਾ = ਸੁੱਚੇ ਆਤਮਕ ਜੀਵਨ ਦੀ ਆਸ। ਆਸ ਨਿਰਾਸਾ = ਆਸਾਂ ਤੋਂ ਨਿਰਾਸ ਹੋ ਕੇ, ਕੋਈ ਖੱਟੀ ਖੱਟਣ ਤੋਂ ਬਿਨਾ ਹੀ। ਮਾਟੀ ਰਲਿ ਜਾਇ = ਮਿੱਟੀ ਵਿਚ ਮਿਲ ਜਾਂਦਾ ਹੈ, ਜੀਵਨ ਵਿਅਰਥ ਗੁਆ ਜਾਂਦਾ ਹੈ। ਚਾਂਪੈ = ਦਬਾਉ ਪਾਂਦਾ ਹੈ। ਨਵ ਨਿਧਿ = (ਧਰਤੀ ਦੇ) ਨੌ ਖ਼ਜ਼ਾਨੇ, ਧਰਤੀ ਦਾ ਸਾਰਾ ਧਨ। ਨਾਇ = ਨਾਮ (ਸਿਮਰਨ) ਦੀ ਰਾਹੀਂ। ਸਹਜਿ ਸੁਭਾਇ = ਆਪਣੀ ਮਰਜ਼ੀ ਅਨੁਸਾਰ। ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਦੇ ਥਾਂ ਮਾਇਆ ਦੀ ਖ਼ਾਤਰ) ਜਗਤ ਨਾਲ ਝਗੜਾ ਸਹੇੜਨਾ ਵਿਅਰਥ ਹੈ, ਇਹ ਤਾਂ ਝਖਾਂ ਮਾਰਨ ਵਾਰੀ ਗੱਲ ਹੈ; (ਜੋ ਮਨੁੱਖ ਗੋਪਾਲ ਦਾ ਸਿਮਰਨ ਛੱਡ ਕੇ ਝਗੜੇ ਵਾਲੇ ਰਾਹੇ ਪੈਂਦਾ ਹੈ) ਉਹ ਝੁਰ ਝੁਰ ਮਰਦਾ ਹੈ (ਭਾਵ, ਅੰਦਰੋਂ ਅਸ਼ਾਂਤ ਹੀ ਰਹਿੰਦਾ ਹੈ, ਕਿਉਂਕਿ) ਉਸ ਦੀਆਂ ਅੱਖਾਂ ਸਾਹਮਣੇ (ਮਾਇਆ ਦਾ) ਅਹੰਕਾਰ ਫਿਰਿਆ ਰਹਿੰਦਾ ਹੈ। ਅਜੇਹੇ ਬੰਦੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਸੁੱਚੇ ਆਤਮਕ ਜੀਵਨ ਦੀ (ਉਹਨਾਂ ਤੋਂ) ਆਸ ਨਹੀਂ ਹੋ ਸਕਦੀ, ਉਹ ਦੁਨੀਆ ਤੋਂ ਕੋਈ ਖੱਟੀ ਖੱਟਣ ਤੋਂ ਬਿਨਾ ਹੀ ਤੁਰ ਜਾਂਦੇ ਹਨ। (ਨਾਮ ਵਿਸਾਰ ਕੇ ਦੁਨੀਆ ਦੇ ਝੰਬੇਲਿਆਂ ਵਿਚ ਪਰਚਣ ਵਾਲਾ ਮਨੁੱਖ ਇਸੇ) ਖਪਾਣੇ ਵਿਚ ਖਪ ਖਪ ਕੇ ਜੀਵਨ ਵਿਅਰਥ ਗੰਵਾ ਜਾਂਦਾ ਹੈ। ਪਰ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਮੌਤ ਦਾ ਭੀ ਡਰ ਪੋਹ ਨਹੀਂ ਸਕਦਾ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ, ਮਾਨੋ, ਸਾਰੀ ਧਰਤੀ ਦਾ ਧਨ ਪ੍ਰਾਪਤ ਕਰ ਲੈਂਦਾ ਹੈ। ਇਹ ਦਾਤਿ ਪ੍ਰਭੂ ਆਪ ਹੀ ਆਪਣੀ ਰਜ਼ਾ ਅਨੁਸਾਰ ਦੇਂਦਾ ਹੈ। 29। ਞਿਆਨੋ ਬੋਲੈ ਆਪੇ ਬੂਝੈ ॥ ਆਪੇ ਸਮਝੈ ਆਪੇ ਸੂਝੈ ॥ ਗੁਰ ਕਾ ਕਹਿਆ ਅੰਕਿ ਸਮਾਵੈ ॥ ਨਿਰਮਲ ਸੂਚੇ ਸਾਚੋ ਭਾਵੈ ॥ ਗੁਰੁ ਸਾਗਰੁ ਰਤਨੀ ਨਹੀ ਤੋਟ ॥ ਲਾਲ ਪਦਾਰਥ ਸਾਚੁ ਅਖੋਟ ॥ ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥ ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥ {ਪੰਨਾ 933} ਪਦ ਅਰਥ: ਞਿਆਨੋ = ਞਿਆਨੁ, ਗਿਆਨ। ਆਪੇ = (ਗੁਰੂ ਵਿਚ ਪ੍ਰਭੂ) ਆਪ ਹੀ। ਸੂਝੈ = ਵੇਖਦਾ ਹੈ। ਅੰਕਿ = (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ। ਭਾਵੈ = ਪਿਆਰਾ ਲੱਗਦਾ ਹੈ। ਰਤਨੀ = ਰਤਨਾਂ ਦੀ। ਤੋਟ = ਕਮੀ, ਘਾਟਾ। ਅਖੋਟ = ਅਖੁੱਟ, ਅਮੁੱਕ, ਨਾਹ ਮੁੱਕਣ ਵਾਲੇ। ਗੁਰਿ = ਗੁਰੂ ਨੇ। ਕਾਹੇ ਧਾਵਹੁ = ਕਿਉਂ ਦੌੜਦੇ ਹਉ? ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਅਰਥ: (ਸਤਿਗੁਰੂ-ਰੂਪ ਹੋ ਕੇ) ਪ੍ਰਭੂ ਆਪ ਹੀ ਗਿਆਨ ਉਚਾਰਦਾ ਹੈ, ਆਪ ਹੀ ਇਸ ਗਿਆਨ ਨੂੰ ਸੁਣਦਾ ਸਮਝਦਾ ਹੈ ਤੇ ਵਿਚਾਰਦਾ ਹੈ। (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਸਤਿਗੁਰੂ ਦਾ ਦੱਸਿਆ ਹੋਇਆ (ਗਿਆਨ) ਆ ਵੱਸਦਾ ਹੈ, ਉਹ ਮਨੁੱਖ ਪਵਿਤ੍ਰ ਸੁੱਚੇ ਹੋ ਜਾਂਦੇ ਹਨ, ਉਹਨਾਂ ਨੂੰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ। ਸਤਿਗੁਰੂ ਸਮੁੰਦਰ ਹੈ, ਉਸ ਵਿਚ (ਗੋਪਾਲ ਦੇ ਗੁਣਾਂ ਦੇ) ਰਤਨਾਂ ਦੀ ਕਮੀ ਨਹੀਂ, ਉਹ ਸੱਚੇ ਪ੍ਰਭੂ ਦਾ ਰੂਪ ਹੈ, ਲਾਲਾਂ ਦਾ ਅਮੁੱਕ (ਖ਼ਜ਼ਾਨਾ) ਹੈ (ਭਾਵ, ਸਤਿਗੁਰੂ ਵਿਚ ਬੇਅੰਤ ਰੱਬੀ ਗੁਣ ਹਨ) । (ਹੇ ਪਾਂਡੇ!) ਉਹ ਕਾਰ ਕਰੋ ਜੋ ਸਤਿਗੁਰੂ ਨੇ ਦੱਸੀ ਹੈ, ਸਤਿਗੁਰੂ ਦੀ ਦੱਸੀ ਕਰਣੀ ਤੋਂ ਪਰੇ ਨਾਹ ਦੌੜੋ। ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚੇ ਪ੍ਰਭੂ ਵਿਚ ਲੀਨ ਹੋ ਜਾਉਗੇ। 27। ਟੂਟੈ ਨੇਹੁ ਕਿ ਬੋਲਹਿ ਸਹੀ ॥ ਟੂਟੈ ਬਾਹ ਦੁਹੂ ਦਿਸ ਗਹੀ ॥ ਟੂਟਿ ਪਰੀਤਿ ਗਈ ਬੁਰ ਬੋਲਿ ॥ ਦੁਰਮਤਿ ਪਰਹਰਿ ਛਾਡੀ ਢੋਲਿ ॥ ਟੂਟੈ ਗੰਠਿ ਪੜੈ ਵੀਚਾਰਿ ॥ ਗੁਰ ਸਬਦੀ ਘਰਿ ਕਾਰਜੁ ਸਾਰਿ ॥ ਲਾਹਾ ਸਾਚੁ ਨ ਆਵੈ ਤੋਟਾ ॥ ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥ {ਪੰਨਾ 933} ਪਦ ਅਰਥ: ਨੇਹੁ = ਪਿਆਰ। ਕਿ = ਜੇ। ਸਹੀ = ਸਾਹਮਣੇ। ਕਿ ਬੋਲਹਿ = ਜੇ ਅਸੀਂ ਮੂੰਹ ਤੇ ਸੱਚੀ ਗੱਲ ਲਾ ਕੇ ਆਖੀਏ। ਦਿਸ = ਪਾਸਾ, ਤਰਫ਼। ਗਹੀ = ਪਕੜੀ ਹੋਈ। ਬੁਰ ਬੋਲਿ = ਬੁਰੇ ਬੋਲ ਨਾਲ। ਪਰਹਰਿ ਛਾਡੀ = ਤਿਆਗ ਦਿੱਤੀ। ਢੋਲਿ = ਢੋਲੇ ਨੇ, ਖਸਮ ਨੇ। ਟੂਟੇ ਗੰਠਿ = ਗੰਢ ਖੁਲ੍ਹ ਜਾਂਦੀ ਹੈ, ਮੁਸ਼ਕਲ ਹੱਲ ਹੋ ਜਾਂਦੀ ਹੈ। ਪੜੈ ਵੀਚਾਰਿ = ਜੇ ਮਨ ਵਿਚ ਚੰਗੀ ਸੋਚ ਪੈ ਜਾਏ, ਜੇ ਚੰਗੀ ਵਿਚਾਰ ਫੁਰ ਪਏ। ਘਰਿ = ਘਰ ਵਿਚ, ਮਨ ਵਿਚ। ਸਾਰਿ = ਸੰਭਾਲ। ਮੋਟਾ = ਵੱਡਾ। ਅਰਥ: ਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆਂ ਪਿਆਰ ਟੁੱਟ ਜਾਂਦਾ ਹੈ; ਦੋਹਾਂ ਪਾਸਿਆਂ ਤੋਂ ਫੜਿਆਂ ਬਾਂਹ ਟੁੱਟ ਜਾਂਦੀ ਹੈ; ਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ, ਭੈੜੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ (ਨੋਟ: ਇਸ ਤੁਕ ਵਿਚ "ਟੂਟਿ ਗਈ" ਅਤੇ "ਪਰਹਰਿ ਛਾਡਿ" ਭੂਤ ਕਾਲ Past Tense ਵਿਚ ਹਨ, ਪਰ ਅਰਥ ਪਹਿਲੀ ਤੁਕ ਦੇ ਨਾਲ ਮਿਲਾਣ ਵਾਸਤੇ 'ਵਰਤਮਾਨ ਕਾਲ' Present Tense ਵਿਚ ਕੀਤਾ ਗਿਆ ਹੈ ਕਿਉਂਕਿ ਭਾਵ ਇਉਂ ਹੀ ਹੈ) । ਜੇ ਚੰਗੀ ਵਿਚਾਰ ਫੁਰ ਪਏ ਤਾਂ ਕੋਈ (ਵਾਪਰੀ ਹੋਈ) ਮੁਸ਼ਕਲ ਹੱਲ ਹੋ ਜਾਂਦੀ ਹੈ। (ਹੇ ਪਾਂਡੇ!) ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਵਿਚ (ਗੋਪਾਲ ਦਾ ਨਾਮ ਸਿਮਰਨ ਦਾ) ਕੰਮ ਸੰਭਾਲ (ਇਸ ਤਰ੍ਹਾਂ ਗੋਪਾਲ ਵਲੋਂ ਪਈ ਹੋਈ ਗੰਢ ਖੁਲ੍ਹ ਜਾਂਦੀ ਹੈ; ਫਿਰ ਇਸ ਪਾਸੇ ਵਲੋਂ ਕਦੇ) ਘਾਟਾ ਨਹੀਂ ਪੈਂਦਾ (ਗੋਪਾਲ-ਪ੍ਰਭੂ ਦੇ ਨਾਮ ਦਾ) ਸਦਾ ਟਿਕਿਆ ਰਹਿਣ ਵਾਲਾ ਨਫ਼ਾ ਨਿੱਤ ਬਣਿਆ ਰਹਿੰਦਾ ਹੈ, ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ। 29। ਠਾਕਹੁ ਮਨੂਆ ਰਾਖਹੁ ਠਾਇ ॥ ਠਹਕਿ ਮੁਈ ਅਵਗੁਣਿ ਪਛੁਤਾਇ ॥ ਠਾਕੁਰੁ ਏਕੁ ਸਬਾਈ ਨਾਰਿ ॥ ਬਹੁਤੇ ਵੇਸ ਕਰੇ ਕੂੜਿਆਰਿ ॥ ਪਰ ਘਰਿ ਜਾਤੀ ਠਾਕਿ ਰਹਾਈ ॥ ਮਹਲਿ ਬੁਲਾਈ ਠਾਕ ਨ ਪਾਈ ॥ ਸਬਦਿ ਸਵਾਰੀ ਸਾਚਿ ਪਿਆਰੀ ॥ ਸਾਈ ਸੋੁਹਾਗਣਿ ਠਾਕੁਰਿ ਧਾਰੀ ॥੨੯॥ {ਪੰਨਾ 933} ਪਦ ਅਰਥ: ਮਨੂਆ = {'ਮਨ' ਤੋਂ 'ਮਨੂਆ' ਅਲਪਾਰਥਕ ਨਾਂਵ} ਚੰਚਲ ਜਿਹਾ ਮਨ ਜੋ ਮਾਇਆ ਪਿੱਛੇ ਭਟਕ ਰਿਹਾ ਹੈ। ਠਾਇ = ਥਾਂ ਸਿਰ। ਠਹਕਿ ਮੁਈ = ਭਿੜ ਮੁਈ ਹੈ (ਸ੍ਰਿਸ਼ਟੀ) । ਅਵਗੁਣਿ = ਅਉਗਣ ਦੇ ਕਾਰਨ, ਮਾਇਆ ਪਿੱਛੇ ਭਟਕਣ ਦੀ ਭੁੱਲ ਦੇ ਕਾਰਨ। ਸਬਾਈ = ਸਾਰੀਆਂ। ਕੂੜਿਆਰਿ = ਕੂੜ ਵਿਚ ਫਸੀ ਹੋਈ, ਮਾਇਆ-ਗ੍ਰਸੀ। ਘਰਿ = ਘਰ ਵਿਚ। ਮਹਲਿ = ਪ੍ਰਭੂ ਦੇ ਮਹਿਲ ਵਿਚ। ਠਾਕਿ = ਰੋਕ। ਠਾਕੁਰਿ = ਠਾਕੁਰ ਨੇ। ਪਛੁਤਾਇ = ਹੱਥ ਮਲਦੀ ਹੈ, ਦੁਖੀ ਹੁੰਦੀ ਹੈ,। ਠਾਕਿ ਰਹਾਈ = ਰੋਕ ਕੇ ਰੱਖੀ {ਲਫ਼ਜ਼ 'ਠਾਕਿ' ਅਤੇ 'ਠਾਕ' ਦਾ ਫ਼ਰਕ ਚੇਤੇ ਰੱਖਣਾ}। ਸੋੁਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ। ਇਥੇ ੁ ਪੜ੍ਹਨਾ ਹੈ}। ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ ਕੇ, ਮਾਇਆ ਵਲ ਦੌੜਦੇ) ਇਸ ਚੰਚਲ ਮਨ ਨੂੰ ਰੋਕ ਰੱਖ, ਤੇ ਥਾਂ ਸਿਰ (ਭਾਵ, ਅੰਤਰਿ ਆਤਮੇ) ਟਿਕਾ ਰੱਖ। (ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ) ਅਉਗਣ ਵਿਚ (ਫਸ ਕੇ ਆਪੋ ਵਿਚ) ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ। (ਹੇ ਪਾਂਡੇ!) ਪ੍ਰਭੂ = ਪਾਲਣਹਾਰ ਇੱਕ ਹੈ, ਤੇ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ, (ਪਰ) ਮਾਇਆ-ਗ੍ਰਸੀ (ਜੀਵ-ਇਸਤ੍ਰੀ ਖਸਮ ਨੂੰ ਨਹੀਂ ਪਛਾਣਦੀ, ਤੇ ਬਾਹਰ) ਕਈ ਵੇਸ ਕਰਦੀ ਹੈ (ਹੋਰ ਹੋਰ ਆਸਰੇ ਤੱਕਦੀ ਹੈ) । (ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ) ਪਰਾਏ ਘਰ ਵਿਚ ਜਾਂਦੀ ਨੂੰ (ਹੋਰ ਆਸਰੇ ਤੱਕਦੀ ਨੂੰ) ਰੋਕ ਲਿਆ ਹੈ, ਉਸ ਨੂੰ (ਉਸ ਨੇ ਆਪਣੇ ਮਹਿਲ ਵਿਚ ਬੁਲਾ ਲਿਆ ਹੈ, ਉਸ ਦੇ ਜੀਵਨ-ਰਾਹ ਵਿਚ ਤ੍ਰਿਸ਼ਨਾ ਦੀ) ਕੋਈ ਰੋਕ ਨਹੀਂ ਪੈਂਦੀ। (ਗੁਰੂ ਦੇ) ਸ਼ਬਦ ਦੀ ਰਾਹੀਂ (ਉਸ ਨੂੰ ਪ੍ਰਭੂ ਨੇ) ਸੰਵਾਰ ਲਿਆ ਹੈ, (ਉਹ ਜੀਵ-ਇਸਤ੍ਰੀ) ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਂਦੀ ਹੈ, ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ (ਕਿਉਂਕਿ) ਪ੍ਰਭੂ ਨੇ ਉਸ ਨੂੰ ਆਪਣੀ ਬਣ ਲਿਆ ਹੈ। 29। ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥ ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥ ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥ ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥ ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥ ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥ ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥ ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥ {ਪੰਨਾ 933} ਪਦ ਅਰਥ: ਡੋਲਤ ਡੋਲਤ = ਡੋਲਦਿਆਂ, ਹੋਰ ਹੋਰ ਆਸਰੇ ਤੱਕਿਆਂ। ਚੀਰ = ਕੱਪੜੇ। ਚੀਰ ਸੀਗਾਰ = (ਭਾਵ,) ਸਾਰੇ ਧਾਰਮਿਕ ਉੱਦਮ ਤੇ ਭੇਖ। ਡਾਹ = ਦਾਹ, ਸਾੜਾ। ਡਾਹਪਣਿ = ਡਾਹਪਣ ਵਿਚ, ਸਾੜੇ ਵਿਚ, ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ। ਤਨਿ = ਸਰੀਰ ਵਿਚ, (ਭਾਵ,) ਹਿਰਦੇ ਵਿਚ। ਬਿਣਠੀ = ਨਾਸ ਹੋ ਗਈ। ਡਾਰ = ਡਾਰਾਂ ਦੀਆਂ ਡਾਰਾਂ, ਬੇਅੰਤ ਜੀਵ। ਮੁਈ = ਆਪਾ-ਭਾਵ ਤੋਂ ਮੁਈ, ਤ੍ਰਿਸ਼ਨਾ ਵਲੋਂ ਮੁਈ। ਕੰਤਿ = ਕੰਤ ਨੇ। ਕੰਤਿ ਸੁਜਾਣਿ = ਸੁਜਾਣ ਕੰਤ ਨੇ। ਗੁਰਿ = ਗੁਰੂ ਨੇ, ਗੁਰੂ ਦੀ ਰਾਹੀਂ। ਡਰੁ = ਭਉ, ਅਦਬ। ਵਖਾਣਿ = ਸਿਮਰ ਕੇ। ਡੂਗਰਿ = ਪਰਬਤ ਉਤੇ। ਘਣੀ = ਬਹੁਤ। ਭਰਪੂਰਿ = ਨਕਾ-ਨਕ, ਰੱਜ ਕੇ। ਸਭੁ ਕੋਈ = ਹਰੇਕ ਜੀਵ। ਜੈ ਭਾਵੈ = ਜੋ ਉਸ ਨੂੰ ਭਾਉਂਦਾ ਹੈ। ਤੈ = ਉਸ ਜੀਵ ਨੂੰ। ਸੋਇ = ਉਹੀ ਜੀਵ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅਰਥ: ਹੇ ਸਖੀ! ਭਟਕ ਭਟਕ ਕੇ ਸਾਰੇ ਕੱਪੜੇ ਤੇ ਸਿੰਗਾਰ ਪਾਟ ਗਏ ਹਨ (ਭਾਵ, ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ) ; ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਹਿਰਦੇ ਵਿਚ ਸੁਖ ਨਹੀਂ ਹੋ ਸਕਦਾ; (ਤ੍ਰਿਸ਼ਨਾ ਦੇ ਕਾਰਨ ਪ੍ਰਭੂ) ਡਰ (ਹਿਰਦੇ ਵਿਚੋਂ) ਗਵਾਇਆਂ ਬੇਅੰਤ ਜੀਵ ਖਪ ਰਹੇ ਹਨ। (ਜੋ ਜੀਵ-ਇਸਤ੍ਰੀ ਪ੍ਰਭੂ ਦੇ) ਡਰ ਦੀ ਰਾਹੀਂ ਆਪਣੇ ਹਿਰਦੇ ਵਿਚ (ਤ੍ਰਿਸ਼ਨਾ ਵਲੋਂ) ਮਰ ਗਈ ਹੈ (ਭਾਵ, ਜਿਸ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ) ਉਸ ਨੂੰ ਸੁਜਾਨ ਕੰਤ (ਪ੍ਰਭੂ) ਨੇ (ਪਿਆਰ ਨਾਲ) ਤੱਕਿਆ ਹੈ; ਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ (ਪ੍ਰਭੂ ਦਾ) ਡਰ (ਹਿਰਦੇ ਵਿਚ) ਟਿਕਾਇਆ ਹੈ। (ਹੇ ਸਖੀ! ਜਦ ਤਕ ਮੇਰਾ) ਵਾਸ ਪਰਬਤ ਉਤੇ ਰਿਹਾ, (ਭਾਵ, ਹਉਮੈ ਕਰ ਕੇ ਸਿਰ ਉੱਚਾ ਰਿਹਾ) ਮਾਇਆ ਦੀ ਤ੍ਰੇਹ ਬਹੁਤ ਸੀ; ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਸ ਤ੍ਰੇਹ ਨੂੰ ਮਿਟਾਣ ਵਾਲਾ ਅੰਮ੍ਰਿਤ ਨੇੜੇ ਹੀ ਦਿੱਸ ਪਿਆ। ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ (ਮਾਇਆ ਦੀ) ਤ੍ਰੇਹ ਦੂਰ ਕਰ ਲਈ ਤੇ (ਨਾਮ-) ਅੰਮ੍ਰਿਤ ਰੱਜ ਕੇ ਪੀ ਲਿਆ। ਹਰੇਕ ਜੀਵ ਆਖਦਾ ਹੈ– (ਹੇ ਪ੍ਰਭੂ! ਮੈਨੂੰ ਇਹ ਅੰਮ੍ਰਿਤ) ਦੇਹ; (ਮੈਨੂੰ ਇਹ ਅੰਮ੍ਰਿਤ) ਦੇਹ; ਪਰ ਪ੍ਰਭੂ ਉਸ ਜੀਵ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ। ਪ੍ਰਭੂ ਜਿਸ ਨੂੰ ਸਤਿਗੁਰੂ ਦੀ ਰਾਹੀਂ (ਇਹ ਅੰਮ੍ਰਿਤ) ਦੇਵੇਗਾ, ਉਹੀ ਜੀਵ (ਮਾਇਆ ਵਾਲੀ) ਤ੍ਰੇਹ ਮਿਟਾ ਸਕੇਗਾ। 30। ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥ ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥ ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ ॥ ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ ॥ ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ ॥ ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥ ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥ ਗੁਰ ਪਰਸਾਦੀ ਤਿਸੁ ਸੰਮ੍ਹ੍ਹਲਾ ਤਾ ਤਨਿ ਦੂਖੁ ਨ ਹੋਇ ॥੩੧॥ {ਪੰਨਾ 933-934} ਪਦ ਅਰਥ: ਹਉ = ਮੈਂ। ਕਰਾਰਿ = ਉਰਲੇ ਕੰਢੇ ਤੇ ਹੀ। ਢਹਿ ਪਵਨਿ = ਡਿੱਗ ਰਹੇ ਹਨ। ਢਹਿ ਢਹਿ ਪਵਨਿ = ਅਨੇਕਾਂ ਡਿੱਗ ਰਹੇ ਹਨ। ਅਮਰ = ਅਵਿਨਾਸ਼ੀ। ਅਜਾਚੀ = ਅਤੋਲ, ਵੱਡਾ, ਜੋ ਜਾਚਿਆ ਨਾਹ ਜਾ ਸਕੇ। ਤਿਨ ਕੈ = ਉਹਨਾਂ ਬੰਦਿਆਂ ਤੋਂ। ਅਘੁਲੀਐ = ਛੁੱਟੀਦਾ ਹੈ, ਤਰੀਦਾ ਹੈ। ਗੁਰਿ = ਗੁਰੂ ਦੀ ਰਾਹੀਂ। ਜਿਨਿ = ਜਿਸ ਗੁਰੂ ਨੇ। ਤਨਿ = ਸਰੀਰ ਵਿਚ, ਤਨ ਵਿਚ। ਅਰਥ: ਮੈਂ ਬਹੁਤ ਢੂੰਢ ਫਿਰੀ ਹਾਂ (ਹਰ ਥਾਂ ਇਹੀ ਵੇਖਿਆ ਹੈ ਕਿ ਤ੍ਰਿਸ਼ਨਾ ਦੇ ਭਾਵ ਨਾਲ) ਭਾਰੇ ਹੋਏ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਦੇ) ਉਰਲੇ ਕੰਢੇ ਤੇ ਹੀ ਡਿੱਗਦੇ ਜਾ ਰਹੇ ਹਨ; (ਪਰ ਜਿਨ੍ਹਾਂ ਦੇ ਸਿਰ ਉਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ, ਉਹ) ਹੌਲੇ (ਹੋਣ ਕਰਕੇ) ਪਾਰ ਲੰਘ ਜਾਂਦੇ ਹਨ। ਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ, ਉਹਨਾਂ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ, (ਪ੍ਰਭੂ ਮੇਹਰ ਕਰੇ) ਮੈਂ ਵੀ ਉਹਨਾਂ ਦੀ ਸੰਗਤਿ ਵਿਚ ਉਹਨਾਂ ਦੇ ਇਕੱਠ ਵਿਚ ਰਹਾਂ। ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ। ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਮੈਂ ਉਸ ਦੀ ਸੇਵਾ ਕਰਾਂਗੀ ਜਿਸ ਨੇ (ਮੈਨੂੰ) 'ਨਾਮ' ਬਖ਼ਸ਼ਿਆ ਹੈ। ਜੋ (ਪ੍ਰਭੂ ਜਗਤ ਨੂੰ) ਰਚਨ ਵਾਲਾ ਹੈ ਉਹੀ ਨਾਸ ਕਰਨ ਵਾਲਾ ਹੈ, ਉਸ ਤੋਂ ਬਿਨਾ (ਐਸੀ ਸਮਰਥਾ ਵਾਲਾ) ਹੋਰ ਕੋਈ ਨਹੀਂ ਹੈ; ਜੇ ਮੈਂ ਸਤਿਗੁਰੂ ਦੀ ਮੇਹਰ ਨਾਲ ਉਸ ਨੂੰ ਸਿਮਰਦੀ ਰਹਾਂ, ਤਾਂ ਸਰੀਰ ਵਿਚ ਕੋਈ ਦੁੱਖ ਨਹੀਂ ਪੈਦਾ ਹੁੰਦਾ (ਭਾਵ, ਕੋਈ ਵਿਕਾਰ ਨਹੀਂ ਉੱਠਦਾ) । 31। |
Sri Guru Granth Darpan, by Professor Sahib Singh |