ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 934 ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥ ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥ ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥ ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥ ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥ ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥ ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥ ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥ {ਪੰਨਾ 934} ਪਦ ਅਰਥ: ਣਾ = ਨਾ। ਗਹੀ = ਮੈਂ ਪਕੜਾਂ। ਕਿਸ ਗਹੀ = ਮੈਂ ਕਿਸ ਨੂੰ ਫੜਾਂ? ਕਿਸ ਦਾ ਆਸਰਾ ਲਵਾਂ? ਹੋਗੁ = ਹੋਵੇਗਾ। ਆਵਣਿ = ਆਉਣ ਵਿਚ। ਜਾਣਿ = ਜਾਣ ਵਿਚ। ਦੁਬਿਧਾ = ਦੋ+ਵਿਧਾ, ਦੋ ਕਿਸਮ ਦਾ, ਦੋਚਿੱਤਾ-ਪਨ। ਣਾਮ = ਨਾਮ। ਰਸਾਤਲਿ = ਰਸਾਤਲ ਵਿਚ, ਪਤਾਲ ਵਿਚ, ਨਰਕ ਵਿਚ। ਅਖਰੀ = ਅੱਖਰਾਂ ਦੀ ਰਾਹੀਂ। ਤੰਤੁ = ਤਾਰ। ਵਿਜੋਗਿ = ਵਿਜੋਗ ਦੇ ਕਾਰਨ। ਕਰਿ = ਕਰ ਕੇ। ਸੰਜੋਗ = ਮੇਲ। ਅਰਥ: (ਗੋਪਾਲ ਤੋਂ ਬਿਨਾ ਮੈਂ) ਹੋਰ ਕਿਸ ਦਾ ਆਸਰਾ ਲਵਾਂ? (ਜਗਤ ਵਿਚ) ਨਾ ਕੋਈ ਐਸ ਵੇਲੇ ਮੇਰਾ (ਅਸਲ ਸਾਥੀ) ਹੈ, ਨਾਹ ਕੋਈ ਪਿਛਲੇ ਸਮੇ (ਸਾਥੀ ਬਣਿਆ) ਅਤੇ ਨਾਹ ਹੀ ਕੋਈ ਕਦੇ ਬਣੇਗਾ। (ਇਸ ਕੂੜੀ ਮਮਤਾ ਦੇ ਕਾਰਨ, ਮਾਇਆ ਨੂੰ ਸਾਥੀ ਬਨਾਣ ਦੇ ਕਾਰਨ) ਜਨਮ ਮਰਨ (ਦੇ ਗੇੜ) ਵਿਚ ਹੀ ਖ਼ੁਆਰ ਹੋਈਦਾ ਹੈ, ਅਤੇ ਦੁਚਿੱਤਾਪਨ ਦਾ ਰੋਗ (ਅਸਾਡੇ ਉਤੇ) ਦਬਾ ਪਾਈ ਰੱਖਦਾ ਹੈ। 'ਨਾਮ' ਤੋਂ ਸੱਖਣੇ ਬੰਦੇ ਇਉਂ ਡਿੱਗਦੇ ਹਨ (ਭਾਵ, ਸੁਆਸ ਵਿਅਰਥ ਗੁਜ਼ਾਰੀ ਜਾਂਦੇ ਹਨ) ਜਿਵੇਂ ਕੱਲਰ ਦੀ ਕੰਧ (ਕਿਰਦੀ ਰਹਿੰਦੀ ਹੈ) । 'ਨਾਮ' ਤੋਂ ਬਿਨਾ (ਮਮਤਾ ਤੋਂ) ਬਚ ਭੀ ਨਹੀਂ ਸਕੀਦਾ, (ਮਨੁੱਖ) ਆਖ਼ਰ ਨਰਕ ਵਿਚ ਹੀ ਡਿੱਗਦਾ ਹੈ। (ਇਸ ਦਾ ਇਹ ਭਾਵ ਨਹੀਂ ਕਿ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪ੍ਰਭੂ ਦੇ ਗੁਣਾਂ ਦਾ ਅੰਤ ਪੈ ਸਕਦਾ ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ (ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ) ਮਨੁੱਖ ਉਸ (ਦੇ ਸਾਰੇ ਗੁਣਾਂ) ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ, (ਉਹ) ਅਗਿਆਨੀ ਹੈ ਮਤਿ ਤੋਂ ਸੱਖਣਾ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਇਹ) ਸਮਝ ਭੀ ਨਹੀਂ ਆਉਂਦੀ (ਕਿ ਪ੍ਰਭੂ ਅਗਣਤ ਹੈ) । ਰਬਾਬ ਦੀ ਤਾਰ ਟੁੱਟ ਜਾਏ ਤਾਂ ਵਿਜੋਗ ਦੇ ਕਾਰਨ (ਭਾਵ, ਟੁੱਟ ਜਾਣ ਦੇ ਕਾਰਨ) ਉਹ ਵੱਜ ਨਹੀਂ ਸਕਦੀ (ਰਾਗ ਪੈਦਾ ਨਹੀਂ ਕਰ ਸਕਦੀ; ਇਸੇ ਤਰ੍ਹਾਂ ਜੋ ਜੀਵਾਤਮਾ ਪ੍ਰਭੂ ਤੋਂ ਵਿਛੁੜਿਆ ਹੈ ਉਸ ਦੇ ਅੰਦਰ ਜੀਵਨ-ਰਾਗ ਪੈਦਾ ਨਹੀਂ ਹੋ ਸਕਦਾ, ਪਰ) ਹੇ ਨਾਨਕ! ਪਰਮਾਤਮਾ (ਆਪਣੇ ਨਾਲ) ਮਿਲਾਣ ਦੀ ਬਣਤ ਬਣਾ ਕੇ ਵਿੱਛੁੜਿਆਂ ਨੂੰ ਭੀ ਮਿਲਾ ਲੈਂਦਾ ਹੈ। 32। ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥ ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥ ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥ ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥ ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥ ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥ ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥ ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥ {ਪੰਨਾ 934} ਪਦ ਅਰਥ: ਤਰਵਰੁ = ਰੁੱਖ। ਪੰਖਿ = ਪੰਛੀ। ਤਰਵਰਿ = ਤਰਵਰ ਉਤੇ। ਤਤੁ = ਅਸਲੀਅਤ-ਰੂਪ ਫਲ, ਨਾਮ। ਮਿਲਿ ਏਕਸੇ = ਇਕ ਪ੍ਰਭੂ ਨਾਲ ਮਿਲ ਕੇ। ਰੰਚ = ਰਤਾ ਭੀ। ਬੇਗੁਲ ਬੇਗੁਲੇ = ਕਾਹਲੀ ਕਾਹਲੀ। ਚੋਗ ਘਣੀ = ਬਹੁਤੇ ਚੋਗੇ, ਕਈ ਪਦਾਰਥ। ਅਵਗੁਣਿ = ਅਉਗਣ ਦੇ ਕਾਰਨ, ਘਣੀ ਚੋਗ ਤੱਕਣ ਦੇ ਕਾਰਨ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਮਣੀ = ਮੱਥੇ ਤੇ ਲੇਖ। ਧਣੀ = ਮਾਲਕ। ਅਰਥ: (ਮਨੁੱਖਾ) ਸਰੀਰ (ਇਕ) ਰੁੱਖ (ਸਮਾਨ) ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ। (ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇਕ ਪ੍ਰਭੂ ਨਾਲ ਮਿਲ ਕੇ 'ਨਾਮ'-ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ। (ਪਰ ਜੋ) ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ, (ਉਹਨਾਂ ਦੇ) ਖੰਭ ਟੁੱਟ ਜਾਂਦੇ ਹਨ, (ਉਹਨਾਂ ਨੂੰ ਮਾਇਆ ਦੀ) ਫਾਹੀ ਆ ਪੈਂਦੀ ਹੈ ਤੇ (ਘਣੀ ਚੋਗ ਵਲ ਤੱਕਣ ਦੇ) ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ। (ਇਸ ਭੀੜਾ ਤੋਂ) ਪ੍ਰਭੂ (ਦੇ ਗੁਣ ਗਾਵਣ) ਤੋਂ ਬਿਨਾ ਬਚ ਨਹੀਂ ਸਕੀਦਾ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਹੀ (ਲਿਖਿਆ ਜਾ ਸਕਦਾ) ਹੈ। ਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ। ਜੇ (ਗੋਪਾਲ) ਆਪ ਮੇਹਰ ਕਰੇ ਤਾਂ ਸਤਿਗੁਰੂ ਦੀ ਕਿਰਪਾ ਨਾਲ (ਇਸ ਫਾਹੀ ਤੋਂ) ਨਿਕਲ ਸਕੀਦਾ ਹੈ। (ਗੁਣ ਗਾਵਣ ਦੀਆਂ) ਇਹ ਬਖ਼ਸ਼ਸ਼ਾਂ ਉਸ ਦੇ ਆਪਣੇ ਹੱਥ ਵਿਚ ਹਨ, ਉਸੇ ਨੂੰ ਹੀ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ। 33। ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥ ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥ ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥ ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥ ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ॥ ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ ॥ ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ ॥ ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥੩੪॥ {ਪੰਨਾ 934} ਪਦ ਅਰਥ: ਜੀਅੜਾ = ਨਿਮਾਣਾ ਜੀਵ, ਨਿਮਾਣੀ ਜਿੰਦ (ਨੋਟ: 'ਜੀਵ' ਲਫ਼ਜ਼ ਤੋਂ 'ਜੀਅੜਾ' ਅਲਪਾਰਥਕ ਨਾਂਵ ਹੈ) । ਥਾਨੁ = ਆਸਰਾ। ਥਾਨਿ = ਆਸਰਾ ਦੇਣ ਵਾਲਾ। ਮਨਿ = ਮਾਣ ਦੇਣ ਵਾਲਾ। ਫੀਟੈ = ਵਿਗੜਦਾ। ਥਿਰੁ = ਅਟੱਲ, ਸਦਾ ਕਾਇਮ ਰਹਿਣ ਵਾਲਾ। ਸੁਰਿ = ਦੇਵਤੇ। ਨਾਥਹ ਨਾਥੁ = ਨਾਥਾਂ ਦਾ ਭੀ ਖਸਮ। ਥਾਨ ਥਨੰਤਰੀ = ਥਾਨ ਥਾਨ ਅੰਤਰੀ, ਹਰ ਥਾਂ ਵਿਚ। ਰਵਿ ਰਹਿਆ = ਵਿਆਪਕ ਹੈ। ਵੀਚਾਰਿ = ਵਿਚਾਰ ਦੀ ਰਾਹੀਂ। ਅਰਥ: (ਜਦੋਂ ਇਹ) ਨਿਮਾਣੀ ਜਿੰਦ (ਗੋਪਾਲ ਦਾ) ਸਹਾਰਾ ਗੰਵਾ ਬੈਠਦੀ ਹੈ ਤਾਂ ਥਰਥਰ ਕੰਬਦੀ ਹੈ; (ਹਰ ਵੇਲੇ ਸਹਿਮੀ ਰਹਿੰਦੀ ਹੈ) (ਪਰ ਜਿਸ ਨੂੰ, ਹੇ ਗੋਪਾਲ) ਸਹਾਰਾ ਦੇਣ ਵਾਲਾ ਤੇ ਆਦਰ ਦੇਣ ਵਾਲਾ ਤੂੰ ਸੱਚਾ ਆਪ ਹੈਂ ਉਸ ਦਾ ਕਾਜ (ਜ਼ਿੰਦਗੀ ਦਾ ਮਨੋਰਥ) ਨਹੀਂ ਵਿਗੜਦਾ, (ਉਸ ਦੇ ਸਿਰ ਉਤੇ ਤੂੰ) ਪ੍ਰਭੂ ਕਾਇਮ ਹੈਂ, ਗੁਰੂ ਰਾਖਾ ਹੈ, ਤੇਰੇ ਗੁਣਾਂ ਦੀ ਵੀਚਾਰ ਉਸ ਦੇ ਹਿਰਦੇ ਵਿਚ ਟਿਕੀ ਹੋਈ ਹੈ; ਉਸ ਦੇ ਵਾਸਤੇ ਦੇਵਤਿਆਂ ਮਨੁੱਖਾਂ ਤੇ ਨਾਥਾਂ ਦਾ ਭੀ ਤੂੰ ਹੀ ਨਾਥ ਹੈਂ; ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ। (ਹੇ ਗੋਪਾਲ!) ਤੂੰ ਹਰ ਥਾਂ ਮੌਜੂਦ ਹੈਂ, ਤੂੰ ਦਾਤਿਆਂ ਦਾ ਦਾਤਾ ਹੈਂ; ਮੈਂ ਜਿਧਰ ਤੱਕਦਾ ਹਾਂ ਤੂੰ ਹੀ ਤੂੰ ਹੈਂ, ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। (ਹੇ ਪਾਂਡੇ!) ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵਿਚ (ਜੁੜਿਆਂ) ਹਰ ਥਾਂ ਉਹ ਗੋਪਾਲ ਹੀ ਮੌਜੂਦ (ਦਿੱਸਦਾ ਹੈ) ; ਨਾਹ ਮੰਗਿਆਂ ਭੀ ਉਹ (ਹਰੇਕ ਜੀਵ ਨੂੰ) ਦਾਨ ਦੇਂਦਾ ਹੈ, ਉਹ ਸਭ ਤੋਂ ਵੱਡਾ ਹੈ, ਅਗੰਮ ਹੈ ਤੇ ਬੇਅੰਤ ਹੈ। 34। ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥ ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥ ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥ ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥ {ਪੰਨਾ 934} ਪਦ ਅਰਥ: ਦਾਨਾ = ਜਾਣਨ ਵਾਲਾ। ਬੀਨਾ = ਪਛਾਣਨ ਵਾਲਾ। ਸਿਰਿ = ਸਿਰ ਉਤੇ। ਦਾਨੁ = ਦਾਨਾ, ਜਾਣਨ ਵਾਲਾ। ਦਾਲਦ = ਦਲਿਦ੍ਰ, ਗਰੀਬੀ। ਦਲਣ = ਨਾਸ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਗਿਆਨੁ = ਡੂੰਘੀ ਸਾਂਝ, ਜਾਣ-ਪਛਾਣ। ਧਿਆਨੁ = ਟਿਕਵੀਂ ਸੁਰਤਿ। ਅਰਥ: (ਹੇ ਗੋਪਾਲ!) ਤੂੰ ਦਇਆਲ ਹੈਂ, ਤੂੰ (ਜੀਵਾਂ ਉਤੇ) ਦਇਆ ਕਰ ਕੇ ਬਖ਼ਸ਼ਸ਼ ਕਰ ਕੇ ਵੇਖ ਰਿਹਾ ਹੈਂ (ਭਾਵ, ਖ਼ੁਸ਼ ਹੁੰਦਾ ਹੈਂ) । ਹੇ ਗੋਪਾਲ-ਪ੍ਰਭੂ! (ਜਿਸ ਉਤੇ ਤੂੰ) ਮੇਹਰ ਕਰਦਾ ਹੈਂ ਉਸ ਨੂੰ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈਂ, ਤੂੰ ਇਕ ਪਲ ਵਿਚ ਢਾਹ ਕੇ ਉਸਾਰਨ ਦੇ ਸਮਰਥ ਹੈਂ। (ਹੇ ਗੋਪਾਲ!) ਤੂੰ (ਜੀਵਾਂ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ ਪਰਖਣ ਵਾਲਾ ਹੈਂ, ਤੂੰ ਦਾਨਿਆਂ ਦਾ ਦਾਨਾ ਹੈਂ, ਦਲਿਦ੍ਰ ਤੇ ਦੁੱਖ ਨਾਸ ਕਰਨ ਵਾਲਾ ਹੈਂ; ਤੂੰ ਆਪਣੇ ਨਾਲ ਡੂੰਘੀ ਸਾਂਝ (ਤੇ ਆਪਣੇ ਚਰਨਾਂ ਦੀ) ਸੁਰਤਿ ਸਤਿਗੁਰੂ ਦੀ ਰਾਹੀਂ ਦੇਂਦਾ ਹੈਂ। 35। ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥ ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ ॥ ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥ ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥ ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥ ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥ ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ ॥ ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥ {ਪੰਨਾ 934} ਪਦ ਅਰਥ: ਧਨਿ ਗਇਐ = ਜੇ ਧਨ ਚਲਾ ਜਾਏ। ਚੀਤੁ ਗਵਾਰ = ਗਵਾਰ ਦਾ ਚਿੱਤ। ਵਿਰਲੀ = ਵਿਰਲਿਆਂ ਨੇ। ਸੰਚਿਆ = ਇਕੱਠਾ ਕੀਤਾ। ਪਿਆਰਿ = ਪਿਆਰ ਦੀ ਰਾਹੀਂ। ਰਾਚਹਿ = ਤੂੰ ਰਚਿਆ ਰਹੇਂ। ਰੰਗਿ ਏਕ = ਇਕ ਗੋਪਾਲ ਦੇ ਰੰਗ ਵਿਚ। ਟੇਕ = ਆਸਰਾ। ਭੇਟੇ = ਮਿਲੇ। ਬਸਤੁ = 'ਨਾਮ'-ਰੂਪੀ (ਅਸਲ) ਚੀਜ਼। ਘਰਿ = ਘਰ ਵਿਚ। ਬਾਰਿ = ਦਰਵਾਜ਼ੇ ਦੇ ਅੰਦਰ। ਸਤਿਗੁਰਿ = ਗੁਰੂ ਨੇ। ਅਰਥ: ਮੂਰਖ ਮਨੁੱਖ ਦਾ ਮਨ (ਸਦਾ) ਧਨ ਵਿਚ (ਰਹਿੰਦਾ) ਹੈ, (ਇਸ ਲਈ) ਜੇ ਧਨ ਚਲਾ ਜਾਏ ਤਾਂ ਬੈਠਾ ਝੁਰਦਾ ਹੈ; ਵਿਰਲੇ ਬੰਦਿਆਂ ਨੇ ਪਿਆਰ ਨਾਲ (ਗੋਪਾਲ ਦਾ) ਪਵਿਤ੍ਰ ਨਾਮ-ਰੂਪ ਸੱਚਾ ਧਨ ਇਕੱਠਾ ਕੀਤਾ ਹੈ। (ਹੇ ਪਾਂਡੇ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ (ਪਰ ਹਾਂ) ਜੇ ਤੂੰ ਇਕ ਪ੍ਰਭੂ ਦੇ ਪਿਆਰ ਵਿਚ ਜੁੜ ਸਕੇਂ (ਤਾਂ ਇਸ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁਝ ਦੇ ਕੇ) ਫਿਰ ਭੀ ਕਰਤਾਰ ਦੀ (ਮੇਹਰ ਦੀ) ਆਸ ਰੱਖਣੀ ਚਾਹੀਦੀ ਹੈ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਵੱਸ ਪੈਂਦਾ) ਹੈ (ਰਾਮ-ਨਾਮ ਦਾ) ਆਨੰਦ (ਆ ਜਾਂਦਾ) ਹੈ, ਉਹ (ਮਾਇਆ ਦੇ) ਧੰਧਿਆਂ ਵਿਚ ਭਟਕਣ ਤੋਂ ਰਹਿ ਜਾਂਦੇ ਹਨ, (ਕਿਉਂਕਿ) ਗੁਰੂ ਪਰਮਾਤਮਾ ਨੂੰ ਮਿਲਿਆਂ ਉਹ ਮੰਦੇ ਤੋਂ ਚੰਗੇ ਬਣ ਜਾਂਦੇ ਹਨ। (ਜੋ ਜੀਵ-ਇਸਤ੍ਰੀ ਉਸ ਪ੍ਰਭੂ-ਨਾਮ ਦੀ ਖ਼ਾਤਰ) ਜੰਗਲ ਜੰਗਲ ਢੂੰਢਦੀ ਫਿਰੀ (ਉਸ ਨੂੰ ਨਾਹ ਮਿਲਿਆ, ਕਿਉਂਕਿ) ਉਹ (ਨਾਮ-) ਵਸਤ ਤਾਂ ਹਿਰਦੇ ਵਿਚ ਸੀ, ਘਰ ਦੇ ਅੰਦਰ ਹੀ ਸੀ। ਜਦੋਂ ਸਤਿਗੁਰੂ ਨੇ (ਪ੍ਰਭੂ) ਮਿਲਾਇਆ ਤਾਂ (ਉਹ ਉਸ ਦੇ ਨਾਮ ਵਿਚ) ਜੁੜ ਬੈਠੀ, ਤੇ ਉਸ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ। 36। ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥ ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥ ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥ ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥ ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥ ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥ ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥ {ਪੰਨਾ 934-935} ਪਦ ਅਰਥ: ਨਾਨਾ = ਅਨੇਕਾਂ ਕਰਮ। ਜਮ ਪੁਰਿ = ਜਮ ਦੀ ਪੁਰੀ ਵਿਚ। ਜਾਹਿ = ਜਾਂਦੇ ਹਨ। ਤਿਸੁ = ਉਸ ਮਨੁੱਖ ਨੂੰ। ਏਹੁ = ਇਹ ਲੋਕ। ਓਹੁ = ਪਰਲੋਕ। ਧਿਆਨੁ = ਉੱਚੀ ਸੁਰਤਿ। ਕਹਾ = ਕਿਥੇ? (ਭਾਵ,) ਨਹੀਂ ਮਿਲਦਾ। ਕਿਆ ਜਾਣਾ = ਸਮਝਿਆ ਨਹੀਂ ਜਾ ਸਕਦਾ। ਹਾਥ = (ਅਭਿਮਾਨ ਦੀ) ਹਾਥ, ਥਾਹ। ਰੰਗੁਲੇ = ਰੰਗੇ ਹੋਏ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ। ਪ੍ਰਿਉ = ਪਿਆਰਾ। ਕਰੀ = ਮੈਂ ਕਰਾਂ। ਮੇਲਣਹਾਰੁ = ਜੋ ਮੇਲਣ ਨੂੰ ਸਮਰੱਥ ਹੈ। ਜਿਨਿ = ਜਿਸ (ਪ੍ਰਭੂ) ਨੇ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਬੇਅੰਤ ਪਿਆਰ ਦੀ ਰਾਹੀਂ। ਅਰਥ: ਅਨੇਕਾਂ (ਧਾਰਮਿਕ) ਕਰਮ ਕੀਤਿਆਂ (ਅਹੰਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ, ਗੋਪਾਲ ਦੇ ਗੁਣ ਗਾਉਣ ਤੋਂ ਬਿਨਾ (ਇਸ ਅਹੰਕਾਰ ਦੇ ਕਾਰਨ) ਨਰਕ ਵਿਚ ਹੀ ਪਈਦਾ ਹੈ। (ਜੋ ਮਨੁੱਖ ਨਿਰੇ 'ਕਰਮਾਂ' ਦਾ ਹੀ ਆਸਰਾ ਲੈਂਦਾ ਹੈ) ਉਸ ਨੂੰ ਨਾਹ ਇਹ ਲੋਕ ਮਿਲਿਆ ਨਾਹ ਪਰਲੋਕ (ਭਾਵ, ਉਸ ਨੇ ਨਾਹ 'ਦੁਨੀਆ' ਸਵਾਰੀ ਨਾਹ 'ਦੀਨ', ਅਜੇਹੇ ਬੰਦੇ, ਕਰਮ ਕਾਂਡ ਦੇ) ਔਗੁਣ ਵਿਚ ਫਸੇ ਰਹਿਣ ਕਰਕੇ ਅੰਤ ਪਛੁਤਾਉਂਦੇ ਹੀ ਹਨ। ਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤਿ, ਤੇ ਨਾਹ ਹੀ ਧਰਮ। (ਇਹ ਅਹੰਕਾਰ ਦੇ ਕਾਰਨ) 'ਨਾਮ' ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, 'ਅਹੰਕਾਰ' ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ) । (ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ; ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ। ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ। ਜਿਸ ਪ੍ਰਭੂ ਨੇ ('ਅਭਿਮਾਨ' ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ। 37। |
Sri Guru Granth Darpan, by Professor Sahib Singh |