ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 935 ਪਾਪੁ ਬੁਰਾ ਪਾਪੀ ਕਉ ਪਿਆਰਾ ॥ ਪਾਪਿ ਲਦੇ ਪਾਪੇ ਪਾਸਾਰਾ ॥ ਪਰਹਰਿ ਪਾਪੁ ਪਛਾਣੈ ਆਪੁ ॥ ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥ ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥ ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥ ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥ ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥ {ਪੰਨਾ 935} ਪਦ ਅਰਥ: ਪਾਪਿ = ਪਾਪ ਨਾਲ। ਪਾਪੇ = ਪਾਪ ਦਾ ਹੀ। ਪਾਪੇ ਪਸਾਰਾ = ਪਾਪ ਦਾ ਪਸਾਰਾ ਹੀ। ਪਰਹਰਿ = ਤਿਆਗ ਕੇ। ਆਪੁ = ਆਪਣੇ ਆਪ ਨੂੰ। ਵਿਜੋਗੁ = ਵਿਛੋੜਾ। ਨਰਕਿ = ਨਰਕ ਵਿਚ। ਬੰਚੈ = ਠੱਗੇ, ਟਾਲੇ। ਬੁਰਾ = ਭੈੜਾ। ਝੂਠੁ ਬੁਰਾ = ਚੰਦਰਾ ਝੂਠ। ਝੂਠੁ ਬੁਰਾ ਕਾਲੁ = ਪਾਪ-ਰੂਪ ਭੈੜੀ ਮੌਤ। ਖੈ = (ਆਤਮਕ ਜੀਵਨ ਦਾ) ਨਾਸ ਕਰਦਾ ਹੈ। ਵੇੜਿਆ = ਫਸਿਆ ਹੋਇਆ, ਵਲ੍ਹੇਟਿਆ ਹੋਇਆ, ਘਿਰਿਆ ਹੋਇਆ। ਪਚਹਿ = ਸੜਦੇ ਹਨ। ਪਚਹਿ ਪਚਾਹਿ = ਮੁੜ ਮੁੜ ਸੜਦੇ ਹਨ। ਅਰਥ: (ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ, ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ। ਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ। (ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ? ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ? (ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ, ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ। 38। ਫਿਰਿ ਫਿਰਿ ਫਾਹੀ ਫਾਸੈ ਕਊਆ ॥ ਫਿਰਿ ਪਛੁਤਾਨਾ ਅਬ ਕਿਆ ਹੂਆ ॥ ਫਾਥਾ ਚੋਗ ਚੁਗੈ ਨਹੀ ਬੂਝੈ ॥ ਸਤਗੁਰੁ ਮਿਲੈ ਤ ਆਖੀ ਸੂਝੈ ॥ ਜਿਉ ਮਛੁਲੀ ਫਾਥੀ ਜਮ ਜਾਲਿ ॥ ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥ ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥ ਇਕ ਰੰਗਿ ਰਚੈ ਰਹੈ ਲਿਵ ਲਾਇ ॥ ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥ {ਪੰਨਾ 935} ਪਦ ਅਰਥ: ਕਊਆ = ਮੂਰਖ, ਕਾਲੀਆਂ ਕਰਤੂਤਾਂ ਵਾਲਾ ਮਨੁੱਖ। ਆਖੀ = ਅੱਖਾਂ ਨਾਲ। ਜਮ ਕਾਲਿ = ਮੌਤ ਦੇ ਜਾਲ ਵਿਚ, ਮੌਤ ਲਿਆਉਣ ਵਾਲੇ ਜਾਲ ਵਿਚ। ਇਕ ਰੰਗਿ = ਇਕ ਗੋਪਾਲ ਦੇ ਪਿਆਰ ਵਿਚ। ਇਵ = ਇਸ ਤਰ੍ਹਾਂ। ਅਰਥ: ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ, (ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ; ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ। ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ। ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ) । (ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤਿ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ) । (ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ। ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤਿ ਲਾਈ ਰੱਖਦਾ ਹੈ; ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ। 39। ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥ ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥ ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥ ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥ ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥ ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥ ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ {ਪੰਨਾ 935} ਪਦ ਅਰਥ: ਬੀਰਾ = ਹੇ ਵੀਰ! ਬੈਰਾਇ = ਬਿਗਾਨੇ, ਓਪਰੇ। ਬਹਿਣ = ਭੈਣ, ਇਹ ਕਾਂਇਆਂ। ਬਿਰਹਿ = ਵਿਛੋੜੇ ਵਿਚ। ਬਾਬੁਲ = ਪਿਉ। ਕੈ ਘਰਿ = ਦੇ ਘਰ ਵਿਚ। ਬਾਬੁਲ ਕੈ ਘਰਿ = ਪੇਕੇ ਘਰ ਵਿਚ, ਇਸ ਜਗਤ ਵਿਚ। ਬੇਟੜੀ = ਅੰਞਾਣ ਧੀ। ਬਾਲੀ ਬਾਲੈ ਨੇਹਿ = ਗੁੱਡੀ ਗੁੱਡਿਆਂ ਦੇ ਪਿਆਰ ਵਿਚ। ਨੇਹਿ = ਪਿਆਰ ਵਿਚ। ਹਿਤੇਹਿ = ਹਿਤ ਨਾਲ। ਕਾਮਣੀ = ਹੇ (ਜੀਵ-) ਇਸਤ੍ਰੀ! ਬੂਝਣਉ = ਸਮਝ ਵਾਲਾ। ਸਾਚਿ = ਸੱਚੇ ਪ੍ਰਭੂ ਦੀ ਰਾਹੀਂ, ਗੋਪਾਲ ਦੀ ਕਿਰਪਾ ਨਾਲ। ਮਹਾ ਪੁਰਖ = ਸਤਿਗੁਰੂ। ਨਿਜ ਘਰਿ = ਆਪਣੇ ਘਰ ਵਿਚ। ਗਿਆਨੀ = ਗਿਆਨਵਾਨ, ਜਿਸ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ। ਵਡਾਈਆ = ਗੁਣ ਗਾਉਣੇ। ਅਰਥ: (ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ, ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ। (ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ) । (ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ। ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ। ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤਿ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ। ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ; ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ। 40। ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥ ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥ ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥ ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥ ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥ ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥ ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥ ਗੁਰ ਪਰਸਾਦੀ ਆਪੋ ਚੀਨ੍ਹ੍ਹੈ ਜੀਵਤਿਆ ਇਵ ਮਰੀਐ ॥੪੧॥ {ਪੰਨਾ 935} ਪਦ ਅਰਥ: ਭਨਿ ਭਨਿ = ਮੁੜ ਮੁੜ ਭੰਨ ਕੇ। ਘੜਿ ਘੜਿ = ਫਿਰ ਫਿਰ ਘੜ ਕੇ। ਉਸਰੇ = ਬਣੇ ਹੋਏ। ਸੋਖੈ = ਸੁਕਾਂਦਾ ਹੈ। ਪੋਖੈ = ਨਕਾ-ਨਕ ਭਰਦਾ ਹੈ। ਭਰਮਿ = ਭਰਮ ਵਿਚ। ਕਿਆ ਪਾਈਐ = ਕੁਝ ਨਹੀਂ ਲੱਭਦਾ। ਪ੍ਰਭਿ = ਪ੍ਰਭੂ ਨੇ। ਜਿਨ = ਜਿਨ੍ਹਾਂ ਨੂੰ। ਜਾਈਐ = (ਲੈ) ਜਾਂਦਾ ਹੈ। ਆਸ ਨਿਰਾਸਾ = ਆਸਾਂ ਵਲੋਂ ਨਿਰਾਸ ਹੋ ਕੇ। ਆਪੋ = ਆਪਣੇ ਆਪ ਨੂੰ। ਇਵ = ਇਸ ਤਰ੍ਹਾਂ। ਨੋਟ: ਹਿੰਦੀ ਅੱਖਰਾਂ ਨੂੰ 'ਪਾ, ਫਾ, ਬਾ, ਭਾ' ਆਦਿਕ ਆਖ ਕੇ ਉਚਾਰੀਦਾ ਹੈ, ਤੇ ਗੁਰਮੁਖੀ ਅੱਖਰਾਂ ਨੂੰ 'ਪੱਪਾ, ਫੱਫਾ, ਬੱਬਾ, ਭੱਭਾ' ਆਖ ਕੇ। ਗੁਰੂ ਨਾਨਕ ਸਾਹਿਬ 'ਭੱਭਾ' ਵਰਤ ਰਹੇ ਹਨ, ਜਿਸ ਤੋਂ ਜ਼ਾਹਰ ਹੈ ਕਿ ਉਹ ਆਪਣੀ ਬਾਣੀ ਹਿੰਦੀ ਜਾਂ ਉਰਦੂ ਅੱਖਰਾਂ ਵਿਚ ਨਹੀਂ ਲਿਖ ਰਹੇ ਸਨ। ਅਰਥ: (ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ। (ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ। (ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤਿ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ। ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ) ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ, ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ) । ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ, ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) । 41। ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥ ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥ ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥ ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥ ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥ ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ ॥ ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ ॥ ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥੪੨॥ {ਪੰਨਾ 935-936} ਪਦ ਅਰਥ: ਡੁਮਣੋ = ਦੁਚਿੱਤਾ (ਭਾਵ, ਇਕ ਪਾਸੇ ਇਧਰ ਮਾਇਆ ਵਿਚ ਫਸਿਆ ਪਿਆ ਹੈ, ਦੂਜੇ ਪਾਸੇ ਮੌਤ ਬਦੋ-ਬਦੀ ਲੈ ਜਾ ਰਹੀ ਹੈ) । ਨੋਟ: ਫਰੀਦ ਜੀ ਸੂਹੀ ਰਾਗ ਵਿਚ ਲਿਖਦੇ ਹਨ "ਹੰਸੁ ਚਲਸੀ ਡੁਮਣਾ"। ਗੁਰੂ ਨਾਨਕ ਦੇਵ ਜੀ ਦੀ ਤੁਕ "ਹੰਸ ਚਲੈ ਉਠਿ ਡੁਮਣੋ" ਨੂੰ ਫਰੀਦ ਜੀ ਦੀ ਤੁਕ ਨਾਲ ਰਲਾਓ। ਇਹ ਲਫ਼ਜ਼ਾਂ ਦੀ ਸਾਂਝ ਸਬਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਸਾਹਿਬ ਪਾਸ ਫ਼ਰੀਦ ਜੀ ਦੀ ਬਾਣੀ ਮੌਜੂਦ ਸੀ। ਆਥਿ = ਹੈ। ਭੂਲੀ ਆਥਿ = ਭੁੱਲ ਜਾਂਦੀ ਹੈ, ਸਾਥ ਛੁੱਟ ਜਾਂਦਾ ਹੈ। ਝੂਠਾ = ਝੂਠੇ ਪਦਾਰਥਾਂ ਵਿਚ ਫਸਿਆ ਹੋਇਆ, ਨਾਹ ਨਾਲ ਨਿਭਣ ਵਾਲੀ ਮਾਇਆ ਵਿਚ ਫਸਿਆ ਹੋਇਆ। ਜਮਿ = ਜਮ ਨੇ। ਜੋਹਿਆ = ਤੱਕਿਆ, ਤਾੜਨਾ ਕੀਤੀ, ਡਰਾਇਆ। ਉਲਟੋ = ਮਾਇਆ ਵਲੋਂ ਉਲਟ ਕੇ, ਪਰਤ ਕੇ। ਮਰੈ = 'ਆਪਾ-ਭਾਵ' ਵਲੋਂ ਮਰਦਾ ਹੈ। ਭਾਲਿ = ਢੂੰਢ ਕੇ, ਵਿਹਾਝ ਕੇ। ਕਹਾ = ਕਿਥੇ ਗਏ? ਸਾਥ ਛੱਡ ਗਏ। ਬਾਜੀ = ਮਦਾਰੀ ਦੀ ਖੇਡ। ਦੀਬਾਣੁ = ਕਚਹਿਰੀ, ਹਕੂਮਤ। ਝੂਠਾ = ਵਿਅਰਥ। ਗੜ੍ਹ = ਕਿਲ੍ਹੇ। ਆਵਣ ਜਾਣੁ = ਆਉਣਾ ਤੇ ਜਾਣਾ, (ਭਾਵ,) ਸਾਰਾ ਜੀਵਨ। ਨੋਟ: ਤੁਕ "ਗੜ ਮੰਦਰ ਮਹਲਾ ਕਹਾ" ਪਾਠਕ ਦੇ ਸਾਹਮਣੇ ਐਮਨਾਬਾਦ ਦਾ ਉਹ ਨਜ਼ਾਰਾ ਲੈ ਆਉਂਦੀ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਦੀ ਅਸਟਪਦੀ ਵਿਚ ਇਉਂ ਬਿਆਨ ਕੀਤਾ ਹੈ "ਕਹਾ ਸੁ ਘਰੁ ਦਰੁ ਮੰਡਪ ਮਹਲਾ, ਕਹਾ ਸੁ ਬੰਕ ਸਰਾਈ"। ਕੀ ਇਹ ਬਾਣੀ ਬਾਬਰਵਾਣੀ ਤੋਂ ਪਿਛੋਂ ਕਰਤਾਰਪੁਰ ਬੈਠ ਕੇ ਲਿਖੀ ਗਈ ਸੀ? ਅਰਥ: (ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ, ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ। ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ) , (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ। ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ) । ਪਰਮਾਤਮਾ ਦਾ 'ਨਾਮ' ਭੁਲਾ ਕੇ (ਨਿਰੀ) ਮਾਇਆ ਨੂੰ ਹੀ ਆਪਣੀ ਸਮਝ ਕੇ (ਇਸ ਤਰ੍ਹਾਂ ਸਗੋਂ) ਦੁੱਖ ਵਿਹਾਝ ਕੇ ਹੀ (ਬੇਅੰਤ ਜੀਵ) ਚਲੇ ਗਏ; ਕਿਲੇ, ਪੱਕੇ ਘਰ, ਮਹਲ ਮਾੜੀਆਂ ਤੇ ਹਕੂਮਤ (ਸਭ) ਸਾਥ ਛੱਡ ਗਏ, ਇਹ ਤਾਂ (ਮਦਾਰੀ ਦੀ) ਖੇਡ ਹੀ ਸਨ। ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਸਾਰਾ ਜੀਵਨ ਵਿਅਰਥ ਜਾਂਦਾ ਹੈ; (ਪਰ ਜੀਵ ਵਿਚਾਰੇ ਦੇ ਕੀਹ ਵਸਿ? ਇਹ ਬੇ-ਸਮਝ ਹੈ) ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਸਭ ਕੁਝ ਜਾਣਦਾ ਹੈ (ਉਹੀ ਸਮਝਾਵੇ ਤਾਂ ਜੀਵ ਸਮਝੇ) । 42। |
Sri Guru Granth Darpan, by Professor Sahib Singh |