ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 936

ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥ ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥ ਸੇ ਜਨ ਉਬਰੇ ਜਿਨ ਹਰਿ ਭਾਇਆ ॥ ਧੰਧਾ ਮੁਆ ਵਿਗੂਤੀ ਮਾਇਆ ॥ ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥ ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥ ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥ ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥੪੩॥ {ਪੰਨਾ 936}

ਪਦ ਅਰਥ: ਫੁਨਿ = ਫਿਰ, ਉਸੇ ਹਾਲਤ ਵਿਚ, ਮਮਤਾ ਵਿਚ ਬੱਧੇ ਹੋਏ ਹੀ। ਮੇਦਨੀ = ਸ੍ਰਿਸ਼ਟੀ। ਉਤਾਹਿ = ੳੋੁਪਰ ਨੂੰ। ਉਬਰੇ = ਬਚੇ ਹਨ। ਵਿਗੂਤੀ = ਖ਼ੁਆਰ ਹੋਈ। ਵਿਗੂਤੀ ਮਾਇਆ = ਮਾਇਆ ਖ਼ੁਆਰ ਹੁੰਦੀ ਹੈ, ਮਾਇਆ ਉਹਨਾਂ ਦੇ ਮੋਹਣ ਵਿਚ ਕਾਮਯਾਬ ਨਹੀਂ ਹੁੰਦੀ। ਸਮਪਉ = ਅਰਪਣ ਕਰਦਿਆਂ। ਆਗੈ ਦੇਉ = ਭੇਟਾ ਰੱਖਾਂ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ। ਹਉ = ਹਉਮੈ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ।

ਅਰਥ: ਜੋ ਜੀਵ (ਮਾਇਆ ਦੀ ਮਮਤਾ ਦੇ ਬੱਧੇ ਹੋਏ ਜਗਤ ਵਿਚ) ਆਉਂਦੇ ਹਨ ਉਹ (ਇਸ ਮਮਤਾ ਵਿਚ ਫਸੇ ਹੋਏ ਇਥੋਂ) ਜਾਂਦੇ ਹਨ, ਮੁੜ ਜੰਮਦੇ ਮਰਦੇ ਹਨ ਤੇ ਦੁਖੀ ਹੁੰਦੇ ਹਨ; (ਉਹਨਾਂ ਵਾਸਤੇ) ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਰਤਾ ਭੀ ਘਟਦੀ ਵਧਦੀ ਨਹੀਂ (ਭਾਵ, ਉਹਨਾਂ ਨੂੰ ਮਮਤਾ ਦੇ ਕਾਰਨ ਚੌਰਾਸੀ ਲੱਖ ਜੂਨਾਂ ਵਿਚੋਂ ਲੰਘਣਾ ਪੈਂਦਾ ਹੈ) । (ਉਹਨਾਂ ਵਿਚੋਂ) ਬਚਦੇ ਸਿਰਫ਼ ਉਹ ਹਨ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਲੱਗਦਾ ਹੈ (ਕਿਉਂਕਿ ਉਹਨਾਂ ਦੀ ਮਾਇਆ ਪਿੱਛੇ) ਭਟਕਣਾ ਮੁੱਕ ਜਾਂਦੀ ਹੈ, ਮਾਇਆ (ਉਹਨਾਂ ਵਲ ਆਇਆਂ) ਖ਼ੁਆਰ ਹੁੰਦੀ ਹੈ (ਉਹਨਾਂ ਨੂੰ ਮੋਹ ਨਹੀਂ ਸਕਦੀ) ।

(ਜਗਤ ਵਿਚ ਤਾਂ) ਜੋ ਭੀ ਦਿੱਸਦਾ ਹੈ ਨਾਸਵੰਤ ਹੈ, ਮੈਂ ਕਿਸ ਨੂੰ ਮਿੱਤਰ ਬਣਾਵਾਂ? (ਸਾਥ ਨਿਬਾਹੁਣ ਵਾਲਾ ਮਿੱਤਰ ਤਾਂ ਸਿਰਫ਼ ਪਰਮਾਤਮਾ ਹੀ ਹੈ, ਉਸ ਦੇ ਅੱਗੇ ਹੀ) ਮੈਂ ਆਪਣੀ ਜਿੰਦ ਅਰਪਣ ਕਰਾਂ ਤੇ ਤਨ ਮਨ ਭੇਟ ਰੱਖਾਂ।

ਹੇ ਕਰਤਾਰ! ਤੂੰ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। (ਹੇ ਪਾਂਡੇ!) ਮੈਨੂੰ ਕਰਤਾਰ ਦਾ ਹੀ ਆਸਰਾ ਹੈ। ਪ੍ਰਭੂ ਦੇ ਗੁਣ ਗਾਂਵਿਆਂ ਹੀ ਹਉਮੈ ਮਰਦੀ ਹੈ। (ਕਿਉਂਕਿ) ਸਤਿਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਹੀ ਮਨ ਵਿਚ ਠੋਕਰ (ਲੱਗਦੀ ਹੈ) । 43।

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥ ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥ ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥ ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ ॥ ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥ ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥ {ਪੰਨਾ 936}

ਪਦ ਅਰਥ: ਰੰਗੁ = ਰੰਕ, ਕੰਗਾਲ। ਤੁੰਗੁ = ਉੱਚਾ, ਅਮੀਰ। ਕੋਇ ਨ ਬੰਧੈ ਧੀਰ = ਕੋਈ ਕਿਸੇ ਨੂੰ ਧੀਰਜ ਦੇਣ ਜੋਗਾ ਨਹੀਂ। ਭੀਹਾਵਲਾ = ਡਰਾਉਣਾ। ਸਰ = ਸਮੁੰਦਰ। ਅਸਗਾਹ = ਨਾਹ ਗਾਹਿਆ ਜਾਣ ਵਾਲਾ। ਡੂਗਰ = ਪਹਾੜ। ਮੈ ਤਨਿ = ਮੇਰੇ ਸਰੀਰ ਵਿਚ। ਘਰਿ = ਘਰ ਵਿਚ, ਮੰਜ਼ਲ ਤੇ। ਪਿਆਰਿ = ਪਿਆਰਿਆਂ ਨੂੰ। ਅਵਗਣੀ = ਔਗੁਣਾਂ ਨਾਲ। ਭਰਪੂਰ = ਨਕਾ-ਨਕ ਭਰਿਆ ਹੋਇਆ। ਲੈ = ਲੈ ਕੇ, ਪੱਲੇ ਬੰਨ੍ਹ ਕੇ। ਮੁਰਾਰਿ = ਪ੍ਰਭੂ।

ਅਰਥ: (ਜਗਤ ਵਿਚ) ਨਾਹ ਕੋਈ ਰਾਣਾ ਨਾਹ ਕੋਈ ਕੰਗਾਲ ਸਦਾ ਜਿਊਂਦਾ ਰਹਿ ਸਕਦਾ ਹੈ; ਨਾਹ ਕੋਈ ਅਮੀਰ ਤੇ ਨਾਹ ਕੋਈ ਫਕੀਰ; ਹਰੇਕ ਆਪੋ ਆਪਣੀ ਵਾਰੀ (ਇਥੋਂ ਤੁਰ ਪੈਂਦਾ ਹੈ) ਕੋਈ ਕਿਸੇ ਨੂੰ ਇਹ ਤਸੱਲੀ ਦੇਣ ਜੋਗਾ ਨਹੀਂ (ਕਿ ਤੂੰ ਸਦਾ ਇਥੇ ਟਿਕਿਆ ਰਹੇਂਗਾ) ।

(ਜਗਤ ਦਾ) ਪੈਂਡਾ ਬੜਾ ਔਖਾ ਤੇ ਡਰਾਉਣਾ ਹੈ, (ਇਹ ਇਕ) ਬੇਅੰਤ ਡੂੰਘੇ ਸਮੁੰਦਰ (ਦਾ ਸਫ਼ਰ ਹੈ) ਪਹਾੜੀ ਰਸਤਾ ਹੈ। ਮੇਰੇ ਅੰਦਰ ਤਾਂ ਕਈ ਔਗੁਣ ਹਨ ਜਿਨ੍ਹਾਂ ਕਰਕੇ ਦੁਖੀ ਹੋ ਰਹੀ ਹਾਂ, (ਮੇਰੇ ਪੱਲੇ ਗੁਣ ਨਹੀਂ ਹਨ) ਗੁਣਾਂ ਤੋਂ ਬਿਨਾਂ ਕਿਵੇਂ ਮੰਜ਼ਲ ਤੇ ਅੱਪੜਾਂ? (ਭਾਵ, ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕਦੀ) ।

ਗੁਣਾਂ ਵਾਲੇ ਗੁਣ ਪੱਲੇ ਬੰਨ੍ਹ ਕੇ ਪ੍ਰਭੂ ਨੂੰ ਮਿਲ ਪਏ ਹਨ (ਮੇਰਾ ਭੀ ਚਿੱਤ ਕਰਦਾ ਹੈ ਕਿ) ਉਹਨਾਂ ਪਿਆਰਿਆਂ ਨੂੰ ਮਿਲਾਂ (ਪਰ) ਕਿਵੇਂ (ਮਿਲਾਂ) ? ਜੇ ਪ੍ਰਭੂ ਨੂੰ ਹਿਰਦੇ ਵਿਚ ਸਦਾ ਜਪਾਂ ਤਦੋਂ ਉਹਨਾਂ ਗੁਣੀ ਗੁਰਮੁਖਾਂ ਵਰਗੀ ਹੋ ਸਕਦੀ ਹਾਂ।

(ਮਾਇਆ-ਵੇੜ੍ਹਿਆ ਜੀਵ) ਅਉਗਣਾਂ ਨਾਲ ਨਕਾ-ਨਕ ਭਰਿਆ ਰਹਿੰਦਾ ਹੈ (ਉਂਞ) ਗੁਣ ਭੀ ਉਸ ਦੇ ਅੰਦਰ ਹੀ ਵੱਸਦੇ ਹਨ (ਕਿਉਂਕਿ ਗੁਣੀ ਪ੍ਰਭੂ ਅੰਦਰ ਵੱਸ ਰਿਹਾ ਹੈ) , ਪਰ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ। (ਤਦ ਤਕ ਨਹੀਂ ਪੈਂਦੀ) ਜਦ ਤਕ ਗੁਰੂ ਦੇ ਸ਼ਬਦ ਵਿਚ ਵੀਚਾਰ ਨਾਹ ਕੀਤੀ ਜਾਏ। 44।

ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥ ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥ ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥ ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥ ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥ ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥ ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥ ਆਪਿ ਕਰੇ ਕਿਸੁ ਆਖੀਐ ਅਵਰੁ ਨ ਕੋਇ ਕਰੇਇ ॥੪੫॥ {ਪੰਨਾ 936}

ਪਦ ਅਰਥ: ਲਸਕਰੀਆ = ਸਿਪਾਹੀਆਂ ਨੇ। {ਨੋਟ: ਜਗਤ ਇਕ ਰਣ-ਭੂਮੀ ਹੈ, ਜਿਥੇ ਵਿਕਾਰਾਂ ਨਾਲ ਟਾਕਰਾ ਕਰਨਾ ਪੈਂਦਾ ਹੈ}। ਘਰ = ਡੇਰੇ। ਵਜਹੁ = ਤਨਖ਼ਾਹ, (ਭਾਵ) ਰਿਜ਼ਕ। ਸਿਰਿ = ਸਿਰ ਉਤੇ। ਧਣੀ = ਮਾਲਕ ਦੀ। ਪਲੈ ਪਾਇ = ਹਾਸਲ ਕਰ ਕੇ, ਖੱਟ ਕੇ। ਗੜਿ = ਸਰੀਰ-ਰੂਪ ਕਿਲ੍ਹੇ ਵਿਚ। ਲਬੁ = ਚਸਕਾ। ਦੋਹੀ = ਦੁਹਾਈ, ਰਾਜ, ਹਕੂਮਤ। ਸਉਹੇ = ਸਾਹਮਣੇ। ਤਖਤਿ = ਤਖ਼ਤ ਉਤੇ। ਸੇਇ = ਉਹ ਸਿਪਾਹੀ। ਕਿਸੁ ਆਖੀਐ = ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ।

ਅਰਥ: (ਇਸ ਜਗਤ ਰਣ-ਭੂਮੀ ਵਿਚ, ਜੀਵ) ਸਿਪਾਹੀਆਂ ਨੇ (ਸਰੀਰ-ਰੂਪ) ਡੇਰੇ ਮੱਲੇ ਹੋਏ ਹਨ, (ਪ੍ਰਭੂ-ਖਸਮ ਪਾਸੋਂ) ਰਿਜ਼ਕ ਲਿਖਾ ਕੇ (ਇਥੇ) ਆਏ ਹਨ। ਜੋ ਸਿਪਾਹੀ ਹਰਿ-ਨਾਮ ਦੀ ਖੱਟੀ ਖੱਟ ਕੇ ਮਾਲਕ ਦੀ (ਰਜ਼ਾ-ਰੂਪ) ਕਾਰ ਸਿਰ ਤੇ ਕਮਾਂਦੇ ਹਨ ਉਹਨਾਂ ਨੇ ਚਸਕਾ ਲਾਲਚ ਤੇ ਹੋਰ ਵਿਕਾਰ ਮਨ ਵਿਚੋਂ ਕੱਢ ਦਿੱਤੇ ਹਨ। ਜਿਸ (ਜੀਵ-) ਸਿਪਾਹੀ ਨੇ (ਸਰੀਰ-) ਕਿਲ੍ਹੇ ਵਿਚ (ਪ੍ਰਭੂ-) ਪਾਤਸ਼ਾਹ ਦੀ ਦੁਹਾਈ ਪਾਈ ਹੈ (ਭਾਵ, ਸਿਮਰਨ ਨੂੰ ਹਰ ਵੇਲੇ ਵਸਾਇਆ ਹੈ) ਉਹ (ਕਾਮਾਦਿਕ ਪੰਜਾਂ ਦੇ ਮੁਕਾਬਲੇ ਤੇ) ਕਦੇ ਹਾਰ ਕੇ ਨਹੀਂ ਆਉਂਦਾ।

(ਪਰ ਜੋ ਮਨੁੱਖ) ਪ੍ਰਭੂ ਮਾਲਕ ਦਾ ਨੌਕਰ (ਭੀ) ਅਖਵਾਏ ਤੇ ਸਾਹਮਣੇ ਜਵਾਬ ਭੀ ਦੇਵੇ (ਭਾਵ, ਉਸ ਦੇ ਹੁਕਮ ਵਿਚ ਨਾਹ ਤੁਰੇ) ਉਹ ਆਪਣੀ ਤਨਖ਼ਾਹ ਗਵਾ ਲੈਂਦਾ ਹੈ (ਭਾਵ, ਉਹ ਮੇਹਰ ਤੋਂ ਵਾਂਜਿਆ ਰਹਿੰਦਾ ਹੈ) , ਅਜੇਹੇ ਜੀਵ (ਰੱਬੀ) ਤਖ਼ਤ ਉਤੇ ਨਹੀਂ ਬੈਠ ਸਕਦੇ (ਭਾਵ, ਉਸ ਨਾਲ ਇਕ-ਰੂਪ ਨਹੀਂ ਹੋ ਸਕਦੇ) ।

ਪਰ ਪ੍ਰਭੂ ਦੇ ਗੁਣ ਗਾਉਣੇ ਪ੍ਰੀਤਮ-ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਦੇਂਦਾ ਹੈ, ਕਿਸੇ ਹੋਰ ਦੇ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਕੋਈ ਹੋਰ ਕੁਝ ਨਹੀਂ ਕਰ ਸਕਦਾ। 45।

ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥ ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥ ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥ ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥ ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥ ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥ ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥ ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥੪੬॥ {ਪੰਨਾ 936}

ਪਦ ਅਰਥ: ਬੀਜਉ = ਦੂਜਾ। ਦੁਲੀਚਾ ਪਾਇ = ਆਸਣ ਵਿਛਾ ਕੇ, ਗੱਦੀ ਲਾ ਕੇ। ਨਰਹਨਰੁ = ਪੁਰਖਪਤੀ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ (ਮਿਲਦੀ ਹੈ) । ਵਣੁ = ਜੰਗਲ। ਤ੍ਰਿਣੁ = ਘਾਹ। ਵਣੁ ਤ੍ਰਿਣੁ = ਸਾਰਾ ਜੰਗਲ ਬੇਲਾ। ਫਿਰਿ = ਫਿਰ ਕੇ। ਰਹੀ = ਰਹਿ ਗਈ, ਥੱਕ ਗਈ। ਕਰਉ = ਮੈਂ ਕਰਦੀ ਹਾਂ। ਹਾਥਿ = ਹੱਥ ਵਿਚ। ਏਕੈ ਭਾਇ = ਏਕਾਗ੍ਰ ਹੋ ਕੇ। ਰਸਿ = ਰਸ ਵਿਚ, ਆਨੰਦ ਵਿਚ। ਪਰਥਾਇ = ਪਰ ਥਾਂ ਦਾ। ਪਰਥਾਇ ਲਾਹਾ = ਪਰਲੋਕ ਦੀ ਖੱਟੀ। ਸਿਰਿਆ = ਸਿਰਜਿਆ। ਆਕਾਰੁ = ਜਗਤ ਦਾ ਸਰੂਪ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

ਅਰਥ: ਮੈਨੂੰ ਕੋਈ ਹੋਰ ਦੂਜਾ ਐਸਾ ਨਹੀਂ ਸੁੱਝਦਾ ਜੋ (ਸਦਾ ਲਈ) ਆਸਣ ਵਿਛਾ ਕੇ ਬੈਠ ਸਕੇ (ਭਾਵ, ਜੋ ਸਾਰੇ ਜਗਤ ਦਾ ਅਟੱਲ ਮਾਲਕ ਅਖਵਾ ਸਕੇ) ; ਜੀਵਾਂ ਦੇ ਨਰਕ ਦੂਰ ਕਰਨ ਵਾਲਾ ਤੇ ਜੀਵਾਂ ਦਾ ਮਾਲਕ ਸਦਾ ਕਾਇਮ ਰਹਿਣ ਵਾਲਾ ਇਕ ਪ੍ਰਭੂ ਹੀ ਹੈ ਜੋ ਨਾਮ (ਸਿਮਰਨ) ਦੀ ਰਾਹੀਂ (ਮਿਲਦਾ) ਹੈ।

(ਉਸ ਪ੍ਰਭੂ ਦੀ ਖ਼ਾਤਰ) ਮੈਂ ਜੰਗਲ-ਬੇਲਾ ਢੂੰਢ ਢੂੰਢ ਕੇ ਥੱਕ ਗਈ ਹਾਂ, (ਹੁਣ ਜਦੋਂ) ਮੈਂ ਮਨ ਵਿਚ ਸੋਚਦੀ ਹਾਂ (ਤਾਂ ਸਮਝ ਆਈ ਹੈ ਕਿ) ਲਾਲਾਂ ਰਤਨਾਂ ਤੇ ਮੋਤੀਆਂ (ਭਾਵ, ਰੱਬੀ ਗੁਣਾਂ) ਦਾ ਖ਼ਜ਼ਾਨਾ ਸਤਿਗੁਰੂ ਦੇ ਹੱਥ ਵਿਚ ਹੈ; ਜੇ ਮੈਂ ਇਕ-ਮਨ ਹੋ ਕੇ (ਸਿਮਰਨ ਕਰ ਕੇ) ਸੁੱਧ-ਆਤਮਾ ਹੋ ਜਾਵਾਂ ਤਾਂ ਮੈਨੂੰ ਪ੍ਰਭੂ ਮਿਲ ਪਏ। ਹੇ ਨਾਨਕ! ਜੋ ਜੀਵ ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਜੁੜੇ ਹੋਏ ਹਨ ਉਹ ਪਰਲੋਕ ਦੀ ਖੱਟੀ ਖੱਟ ਲੈਂਦੇ ਹਨ।

(ਹੇ ਪਾਂਡੇ!) ਜਿਸ (ਪ੍ਰਭੂ) ਨੇ ਰਚਨਾ ਰਚੀ ਹੈ ਜਿਸ ਨੇ ਜਗਤ ਦਾ ਢਾਂਚਾ ਬਣਾਇਆ ਹੈ, ਜੋ ਆਪ ਬੇਅੰਤ ਹੈ, ਜਿਸ ਦਾ ਅੰਤ ਤੇ ਹੱਦ-ਬੰਨਾ ਨਹੀਂ ਪਾਇਆ ਜਾ ਸਕਦਾ, ਉਸ ਨੂੰ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਹੀ ਸਿਮਰਿਆ ਜਾ ਸਕਦਾ ਹੈ। 46।

ੜਾੜੈ ਰੂੜਾ ਹਰਿ ਜੀਉ ਸੋਈ ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥ ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥ ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥ ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥ ਗੁਰਮੁਖਿ ਪੂਰਾ ਤਿਸੁ ਸਾਬਾਸਿ ॥ ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਬੀਚਾਰਿ ॥ ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥ {ਪੰਨਾ 936}

ਪਦ ਅਰਥ: ਰੂੜਾ = ਸੁੰਦਰ। ਗਾਰੁੜੁ = (ਮਨ ਰੂਪ) ਸੱਪ ਨੂੰ ਕੀਲਣ ਵਾਲਾ ਮੰਤ੍ਰ। ਮਤੁ = ਮਤਾਂ। ਰਾਸਿ = ਪੂੰਜੀ। ਗੁਰਮੁਖਿ = ਗੁਰੂ ਦੀ ਰਾਹੀਂ। ਸਾਬਾਸਿ = ਵਡਿਆਈ। ਰੂੜੀ = ਸੁੰਦਰ। ਆਪੁ = ਆਪਾ-ਭਾਵ। ਵਰੁ = ਖਸਮ। ਨਾਰਿ = (ਜੀਵ-) ਇਸਤ੍ਰੀ ਨੇ। {ਨੋਟ: ਸੰਸਕ੍ਰਿਤ ਵਿਚ ਅੱਖਰ 'ੜਾ' ਨਹੀਂ ਹੈ; ਉਹ ਦਾ ਉਚਾਰਨ ਭੀ 'ੜਾ' ਹੁੰਦਾ। ਗੁਰਮੁਖੀ ਅੱਖਰ ਨੂੰ ਅਸੀਂ 'ੜਾੜਾ' ਆਖ ਕੇ ਉਚਾਰਦੇ ਹਾਂ। ਗੁਰੂ ਨਾਨਕ ਦੇਵ ਜੀ ਗੁਰਮੁਖੀ ਅੱਖਰ ਵਰਤ ਰਹੇ ਸਨ।

ਅਰਥ: ਉਹ ਪ੍ਰਭੂ ਹੀ (ਸਭ ਤੋਂ ਵਧੀਕ) ਸੁੰਦਰ ਹੈ, ਉਸ ਤੋਂ ਬਿਨਾ ਹੋਰ ਕੋਈ (ਭਾਵ, ਉਸ ਦੇ ਬਰਾਬਰ ਦਾ) ਹਾਕਮ ਨਹੀਂ ਹੈ।

(ਹੇ ਪਾਂਡੇ!) ਤੂੰ ਮਨ ਨੂੰ ਵੱਸ ਕਰਨ ਲਈ ('ਗੁਰ-ਸ਼ਬਦ'-ਰੂਪ) ਮੰਤ੍ਰ ਸੁਣ (ਇਸ ਨਾਲ) ਇਹ ਪ੍ਰਭੂ ਮਨ ਵਿਚ ਆ ਵੱਸੇਗਾ। (ਪਰ) ਮਤਾਂ ਕੋਈ ਕਿਸੇ ਭੁਲੇਖੇ ਵਿਚ ਪਏ, (ਕਿ ਪ੍ਰਭੂ ਗੁਰੂ ਤੋਂ ਬਿਨਾ ਪ੍ਰਾਪਤ ਹੋ ਸਕਦਾ ਹੈ) ਪ੍ਰਭੂ (ਤਾਂ) ਗੁਰੂ ਦੀ ਮੇਹਰ ਨਾਲ ਹੀ ਮਿਲਦਾ ਹੈ। ਗੁਰੂ ਹੀ ਸੱਚਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦਾ ਨਾਮ-ਰੂਪ ਪੂੰਜੀ ਹੈ, ਗੁਰੂ ਹੀ ਪੂਰਨ ਪੁਰਖ ਹੈ, ਗੁਰੂ ਨੂੰ ਹੀ ਧੰਨ ਧੰਨ (ਆਖੋ) ।

(ਜਿਸ ਕਿਸੇ ਨੂੰ ਮਿਲਿਆ ਹੈ) ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਹੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ ਪ੍ਰਭੂ ਮਿਲਿਆ ਹੈ; (ਗੁਰ-ਸ਼ਬਦ ਦੀ ਰਾਹੀਂ ਜਿਸ ਦਾ) ਆਪਾ-ਭਾਵ ਦੂਰ ਹੋਇਆ ਹੈ (ਹਉਮੈ ਦਾ) ਦੁੱਖ ਕੱਟਿਆ ਗਿਆ ਹੈ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਖਸਮ ਲੱਭ ਲਿਆ ਹੈ। 47।

TOP OF PAGE

Sri Guru Granth Darpan, by Professor Sahib Singh