ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 937 ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥ ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥ ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥ ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥ ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥ ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥ ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥ ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥ {ਪੰਨਾ 937} ਪਦ ਅਰਥ: ਰੂਪਾ = ਚਾਂਦੀ। ਸੰਚੀਐ = ਇਕੱਠਾ ਕਰੀਦਾ ਹੈ। ਬਿਖੁ = ਵਿਹੁ, ਜ਼ਹਿਰ। ਛਾਰੁ = ਸੁਆਹ, ਵਿਅਰਥ। ਸੰਚਿ = ਇਕੱਠਾ ਕਰ ਕੇ, ਜੋੜ ਕੇ। ਦੁਬਿਧਾ = ਦੁਚਿੱਤਾ-ਪਨ, ਵਿਤਕਰਾ। ਸਚਿਆਰੀ = ਸੱਚ ਦੇ ਵਣਜਾਰਿਆਂ ਨੇ। ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਨਿਰਮਾਇਲੁ = ਪਵਿੱਤ੍ਰ। ਪਤਿ = ਇੱਜ਼ਤ। ਮਨਿ = (ਜਿਸ ਦੇ) ਮਨ ਵਿਚ। ਤਿਸੁ = ਉਸ (ਜੀਵ-ਹੰਸ) ਤੋਂ। ਜਿਨਿ = ਜਿਸ ਗੋਪਾਲ ਨੇ। ਬਿਖਿਆ = ਮਾਇਆ। ਏਕੁ = ਸਿਰਫ਼। ਅਰਥ: (ਆਮ ਤੌਰ ਤੇ ਜਗਤ ਵਿਚ) ਸੋਨਾ ਚਾਂਦੀ ਹੀ ਇਕੱਠਾ ਕਰੀਦਾ ਹੈ, ਪਰ ਇਹ ਧਨ ਹੋਛਾ ਹੈ, ਵਿਹੁ (-ਰੂਪ, ਭਾਵ, ਦੁਖਦਾਈ) ਹੈ, ਤੁੱਛ ਹੈ। ਜੋ ਮਨੁੱਖ (ਇਹ) ਧਨ ਜੋੜ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦਾ ਹੈ ਉਹ ਮੇਰ-ਤੇਰ ਵਿਚ ਦੁਖੀ ਹੁੰਦਾ ਹੈ। ਸੱਚੇ ਵਪਾਰੀਆਂ ਨੇ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਇਕੱਠਾ ਕੀਤਾ ਹੈ, ਸੱਚਾ ਅਮੋਲਕ ਨਾਮ ਵਿਹਾਝਿਆ ਹੈ, ਉੱਜਲ ਤੇ ਪਵਿਤ੍ਰ ਪ੍ਰਭੂ (ਦਾ ਨਾਮ ਖੱਟਿਆ ਹੈ) , ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ (ਪ੍ਰਭੂ ਦਾ) ਸੱਚਾ (ਮਿੱਠਾ ਆਦਰ ਵਾਲਾ) ਬੋਲ (ਮਿਲਦਾ ਹੈ) । (ਹੇ ਪਾਂਡੇ! ਤੂੰ ਭੀ ਮਨ ਦੀ ਪੱਟੀ ਉਤੇ ਗੋਪਾਲ ਦਾ ਨਾਮ ਲਿਖ ਤੇ ਉਸ ਅੱਗੇ ਇਉਂ ਅਰਦਾਸ ਕਰ = ਹੇ ਪ੍ਰਭੂ!) ਤੂੰ ਹੀ (ਸੱਚਾ) ਸਿਆਣਾ ਸੱਜਣ ਮਿੱਤਰ ਹੈਂ, ਤੂੰ ਹੀ (ਜਗਤ-ਰੂਪ) ਸਰੋਵਰ ਹੈਂ ਤੇ ਤੂੰ ਹੀ (ਇਸ ਸਰੋਵਰ ਦਾ ਜੀਵ-ਰੂਪ ਹੰਸ ਹੈਂ; ਮੈਂ ਸਦਕੇ ਹਾਂ ਉਸ (ਹੰਸ) ਤੋਂ ਜਿਸ ਦੇ ਮਨ ਵਿਚ ਤੂੰ ਸੱਚਾ ਠਾਕੁਰ ਵੱਸਦਾ ਹੈਂ। (ਹੇ ਪਾਂਡੇ!) ਉਸ ਗੋਪਾਲ ਨੂੰ ਚੇਤੇ ਰੱਖ ਜਿਸ ਨੇ ਮੋਹਣੀ ਮਾਇਆ ਦੀ ਮਮਤਾ (ਜੀਵਾਂ ਨੂੰ) ਲਾ ਦਿੱਤੀ ਹੈ, ਜਿਸ ਕਿਸੇ ਨੇ ਉਸ ਸੁਜਾਨ ਪੁਰਖ ਪ੍ਰਭੂ ਨੂੰ ਸਮਝ ਲਿਆ ਹੈ, ਉਸ ਲਈ ਸਿਰਫ਼ (ਨਾਮ-) ਅੰਮ੍ਰਿਤ ਹੀ 'ਮਾਇਆ' ਹੈ। 48। ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥ ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥ ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥ ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥ ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥ ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥ ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥ ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥ {ਪੰਨਾ 937} ਪਦ ਅਰਥ: ਖੂਹਣਿ = {ਸੰ: A˜OihxI ਅਖਯੋਹਿਣੀ = ਇਕ ਬੜੀ ਭਾਰੀ ਸੈਨਾ ਜਿਸ ਵਿਚ 21870 ਰਥ, 21870 ਹਾਥੀ, 65610 ਘੋੜ-ਸੁਆਰ ਅਤੇ 109350 ਪੈਦਲ ਸਿਪਾਹੀ ਹੋਣ} ਬੇਅੰਤ ਜੀਵ। ਅਸੰਖ = ਅਣਗਿਣਤ। ਕਿਉ ਗਣੀ = ਗਿਣਨ ਦਾ ਕੀਹ ਲਾਭ? ਗਿਣੇ ਨਹੀਂ ਜਾ ਸਕਦੇ। ਬਿਸੰਖ = ਅਣਗਿਣਤ। ਖੂਲੈ = ਖੁਲ੍ਹ ਜਾਂਦਾ ਹੈ, ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ। ਬੰਧੁ = ਰੋਕ, ਤੰਗ-ਦਿਲੀ। ਮਹਲੀ = ਮਹਿਲ ਵਾਲਾ, ਟਿਕਾਣੇ ਵਾਲਾ, ਟਿਕਿਆ ਹੋਇਆ। ਤੂ = ਹੇ ਪ੍ਰਭੂ! ਤੂੰ। ਖਰਾ = ਪਰਗਟ, ਪ੍ਰਤੱਖ, ਅਸਲ ਸਰੂਪ ਵਿਚ। ਸੁਖ ਭਾਇ = ਸੁਖੈਨ ਹੀ। ਖਰਚੁ = ਜ਼ਿੰਦਗੀ ਦੇ ਸਫ਼ਰ ਦੀ ਪੂੰਜੀ। ਵਸਹਿ = ਤੂੰ ਵੱਸਦਾ ਹੈਂ। ਸਰੀਰਿ = (ਉਸ ਦੇ) ਸਰੀਰ ਵਿਚ। ਜਾਪੈ = ਜਪਦਾ ਹੈ। ਅੰਤਰਿ = (ਉਸ ਦੇ) ਅੰਦਰ। ਬੀਜਉ ਵਥੁ = ਦੂਜੀ ਵਸਤ, ਦੂਜੀ ਰਾਸ-ਪੂੰਜੀ। ਵਿਚਿ = (ਹਉਮੈ) ਵਿਚ। ਪਾਇਅਨੁ = ਪਾਏ ਹਨ ਉਸ (ਪ੍ਰਭੂ) ਨੇ। {ਨੋਟ: ਇਸ ਲਫ਼ਜ਼ ਦੀ ਵਿਆਕਰਣ ਅਨੁਸਾਰ ਬਣਤਰ ਸਮਝਣ ਲਈ ਵੇਖੋ ਮੇਰਾ 'ਗੁਰਬਾਣੀ ਵਿਆਕਰਣ'। ਉਪਾਇਅਨੁ = ਉਸ ਨੇ ਉਪਾਏ ਹਨ। ਲਾਇਅਨੁ = ਉਸ ਨੇ ਲਾਏ ਹਨ। ਖੁਆਇਅਨੁ = ਉਸ ਨੇ ਖੁੰਝਾਏ ਹਨ। ਰਖਿਅਨੁ = ਉਸ ਨੇ ਰੱਖੇ ਹਨ। ਬਖਸਿਅਨੁ = ਉਸ ਨੇ ਬਖ਼ਸ਼ੇ। ਲਫ਼ਜ਼ 'ਪਾਇਅਨੁ' ਅਤੇ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ। ਪਾਇਅਨੁ = ਉਸ ਨੇ ਪਾਏ। ਪਾਈਅਨੁ = ਉਸ ਨੇ ਪਾਈ। ਉਪਾਈਅਨੁ = ਉਸ ਨੇ ਉਪਾਈ। } ਅਲਗੁ = ਵੱਖਰਾ, ਨਿਰਲੇਪ। ਅਰਥ: (ਮੋਹਣੀ ਮਾਇਆ ਦੀ ਮਮਤਾ ਤੋਂ ਪੈਦਾ ਹੋਏ ਵਿਤਕਰੇ ਦੇ ਕਾਰਨ) ਖਿਮਾ-ਹੀਣ ਹੋ ਕੇ ਬੇਅੰਤ, ਲੱਖਾਂ ਅਣਗਿਣਤ ਜੀਵ ਖਪ ਮੋਏ ਹਨ, ਗਿਣੇ ਨਹੀਂ ਜਾ ਸਕਦੇ, ਗਿਣਤੀ ਦਾ ਕੀਹ ਲਾਭ? ਅਣਗਿਣਤ ਹੀ ਜੀਵ (ਖਿਮਾ-ਵਿਹੂਣੇ ਹੋ ਕੇ) ਖ਼ੁਆਰ ਹੋਏ ਹਨ। ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨੂੰ ਪਛਾਣਦਾ ਹੈ, ਉਹ ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ, ਤੰਗ-ਦਿਲੀ (ਉਸ ਵਿਚ) ਨਹੀਂ ਰਹਿੰਦੀ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਟਿਕ ਜਾਂਦਾ ਹੈ (ਭਾਵ, ਜਿਗਰੇ ਵਾਲਾ ਹੋ ਜਾਂਦਾ ਹੈ) ; (ਹੇ ਪ੍ਰਭੂ!) ਤੂੰ ਉਸ ਨੂੰ ਪ੍ਰਤੱਖ ਦਿੱਸ ਪੈਂਦਾ ਹੈਂ, ਖਿਮਾ ਤੇ ਸੱਚ ਉਸ ਨੂੰ ਸੁਖੈਨ ਹੀ ਮਿਲ ਜਾਂਦੇ ਹਨ। (ਹੇ ਪ੍ਰਭੂ!) ਤੂੰ ਹੀ ਉਸ ਦਾ (ਜ਼ਿੰਦਗੀ ਦੇ ਸਫ਼ਰ ਦਾ) ਖ਼ਰਚ ਬਣ ਜਾਂਦਾ ਹੈਂ, ਤੂੰ ਹੀ ਉਸ ਦਾ ਖਰਾ (ਸੱਚਾ) ਧਨ ਹੋ ਜਾਂਦਾ ਹੈਂ, ਤੂੰ ਆਪ ਹੀ ਉਸ ਦਾ ਧਿਆਨ (ਭਾਵ, ਸੁਰਤਿ ਦਾ ਨਿਸ਼ਾਨਾ) ਬਣ ਜਾਂਦਾ ਹੈਂ, ਤੂੰ ਆਪ ਹੀ ਉਸ ਦੇ ਸਰੀਰ ਵਿਚ (ਪ੍ਰਤੱਖ) ਵੱਸਣ ਲੱਗ ਪੈਂਦਾ ਹੈਂ, ਉਹ ਮਨੋਂ ਤਨੋਂ ਮੂੰਹੋਂ ਸਦਾ (ਤੈਨੂੰ ਹੀ) ਜਪਦਾ ਹੈ, ਉਸ ਦੇ ਅੰਦਰ (ਤੇਰੇ) ਗੁਣ ਪੈਦਾ ਹੋ ਜਾਂਦੇ ਹਨ, ਉਸ ਦੇ ਮਨ ਵਿਚ ਧੀਰਜ ਆ ਜਾਂਦੀ ਹੈ। (ਗੋਪਾਲ ਦੇ ਨਾਮ ਤੋਂ ਬਿਨਾ) ਦੂਜਾ ਪਦਾਰਥ ਵਿਕਾਰ (-ਰੂਪ) ਹੈ, (ਇਸ ਦੇ ਕਾਰਨ) ਜੀਵ ਹਉਮੈ ਵਿਚ ਖਪਦਾ ਖਪਾਂਦਾ ਹੈ। (ਅਚਰਜ ਹੀ ਖੇਡ ਹੈ!) ਕਰਤਾਰ ਨੇ ਜੰਤ ਪੈਦਾ ਕਰ ਕੇ (ਹਉਮੈ) ਵਿਚ ਪਾ ਦਿੱਤੇ ਹਨ, (ਪਰ) ਉਹ ਆਪ ਬੇਅੰਤ ਕਰਤਾਰ ਵੱਖਰਾ ਹੀ ਰਹਿੰਦਾ ਹੈ। 49। ਸ੍ਰਿਸਟੇ ਭੇਉ ਨ ਜਾਣੈ ਕੋਇ ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥ ਸੰਪੈ ਕਉ ਈਸਰੁ ਧਿਆਈਐ ॥ ਸੰਪੈ ਪੁਰਬਿ ਲਿਖੇ ਕੀ ਪਾਈਐ ॥ ਸੰਪੈ ਕਾਰਣਿ ਚਾਕਰ ਚੋਰ ॥ ਸੰਪੈ ਸਾਥਿ ਨ ਚਾਲੈ ਹੋਰ ॥ ਬਿਨੁ ਸਾਚੇ ਨਹੀ ਦਰਗਹ ਮਾਨੁ ॥ ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥ {ਪੰਨਾ 937} ਪਦ ਅਰਥ: ਸ੍ਰਿਸਟਾ = ਸਿਰਜਣਹਾਰ, ਕਰਤਾਰ। ਭੇਉ = ਭੇਤ। ਨਿਹਚਉ = ਜ਼ਰੂਰ। ਸੰਪੈ = ਧਨ। ਈਸਰੁ = ਪਰਮਾਤਮਾ। ਪੁਰਬਿ = (ਹੁਣ ਤੋਂ) ਪਹਿਲੇ ਸਮੇ ਵਿਚ, ਪੂਰਬਲੇ ਸਮੇ ਵਿਚ, ਹੁਣ ਤਕ ਦੇ ਸਮੇ ਵਿਚ। ਹੋਰ = ਹੋਰ (ਦੀ ਬਣ ਜਾਂਦੀ ਹੈ) । ਨਿਦਾਨਿ = ਅੰਤ ਨੂੰ। ਛੁਟੈ = (ਮਾਇਆ ਦੇ ਮੋਹ ਤੋਂ) ਬਚਦਾ ਹੈ। ਅਰਥ: ਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ, ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ। (ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ, ਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ। ਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ) । ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ। ਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ। ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ। 50। ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥ ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥ ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥ ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥ ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥ ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥ ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥ ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥ {ਪੰਨਾ 937} ਪਦ ਅਰਥ: ਹੇਰਤ ਹੇਰਤ = ਵੇਖ ਵੇਖ ਕੇ। ਕਰਤੀ = ਕਰਨ ਵਾਲੀ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ। ਗਿਆਨੁ = ਪ੍ਰਭੂ ਨਾਲ ਜਾਣ ਪਛਾਣ। ਕੰਕਨ = ਕੰਙਣ। ਘਣੇ = ਬਥੇਰੇ। ਗਲਿ = ਗਲ ਵਿਚ। ਕਿਨਿ = ਕਿਸ ਨੇ? (ਭਾਵ,) ਕਿਸੇ ਨੇ ਨਹੀਂ। ਬੀਚਾਰਿ = ਵਿਚਾਰ ਕੇ। ਅਧਾਰੁ = ਆਸਰਾ। ਅਰਥ: ਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ ਕਿ (ਮੇਰੇ ਅੰਦਰੋਂ) 'ਹਉਂ ਹਉਂ' ਕਰਨ ਵਾਲੀ 'ਮੈਂ' ਮਰ ਗਈ ਹੈ (ਭਾਵ, 'ਹਉਮੈ' ਕਰਨ ਵਾਲੀ ਆਦਤ ਮੁੱਕ ਗਈ ਹੈ) । (ਹੁਣ ਮੇਰੀ ਸੁਰਤਿ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ। ਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ, ਹੁਣ ਜਦੋਂ 'ਹਉਮੈ' ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ) । ਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ; ਤੇ, (ਬੇਸ਼ਕ) ਮਨ ਵਿਚ ਵਿਚਾਰ ਕੇ ਵੇਖ ਲਵੋ, (ਭਾਵ, ਤੁਹਾਨੂੰ ਆਪਣੀ ਹੱਡ-ਬੀਤੀ ਹੀ ਦੱਸ ਦੇਵੇਗੀ ਕਿ) ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ। (ਸੋ, ਹੇ ਪਾਂਡੇ! ਜੇ ਸੁਖ ਲੱਭਦਾ ਹੈ ਤਾਂ) ਪ੍ਰਭੂ ਦਾ ਨਾਮ ਪੜ੍ਹ, ਪ੍ਰਭੂ ਦਾ ਨਾਮ ਹੀ ਵਿਚਾਰ, ਪ੍ਰਭੂ ਨਾਲ ਹੀ ਪਿਆਰ ਪਾ, (ਜੀਭ ਨਾਲ) ਪ੍ਰਭੂ ਦਾ ਨਾਮ ਜਪੀਏ, (ਮਨ ਵਿਚ) ਪ੍ਰਭੂ ਨੂੰ ਹੀ ਸਿਮਰੀਏ, ਤੇ ਪ੍ਰਭੂ ਦਾ ਨਾਮ ਹੀ (ਜ਼ਿੰਦਗੀ ਦਾ) ਆਸਰਾ (ਬਣਾਈਏ) । 51। ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥ ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥ ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥ ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥ ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥ ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥ ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥ {ਪੰਨਾ 937} ਪਦ ਅਰਥ: ਲੇਖੁ = (ਹਉਮੈ ਦਾ) ਲੇਖ, ਕੀਤੇ ਕਰਮਾਂ ਅਨੁਸਾਰ ਮਨ ਵਿਚ ਹਉਮੈ ਦੇ ਬਣੇ ਹੋਏ ਸੰਸਕਾਰ। ਕਰਤਾਰਿ = ਕਰਤਾਰ ਨੇ (ਭਾਵ, ਕਰਤਾਰ ਦੀ ਬਣਾਈ ਹੋਈ ਮਰਯਾਦਾ ਵਿਚ) । ਜਿਨਿ = ਜਿਸ (ਕਰਤਾਰ) ਨੇ। ਪਗੁ ਧਾਰਿ = ਪਗੁ ਧਾਰੈ, (ਹਿਰਦੇ ਵਿਚ) ਚਰਨ ਪਾਂਦਾ ਹੈ, ਮਿਲਦਾ ਹੈ। ਵਡਿਆਈਆ = ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੀ ਸਿਫ਼ਤਿ-ਸਾਲਾਹ। ਲਿਖਿਆ = ਹਉਮੈ ਦੇ ਸੰਸਕਾਰ ਜੋ ਸਾਡੇ ਮਨ ਵਿਚ ਉਕਰੇ ਜਾਂਦੇ ਹਨ। ਫੇਰਿ ਨ ਸਕੀਐ = ਪਰਤਾ ਨਹੀਂ ਸਕੀਦੇ। ਸਾਰਿ = ਸੰਭਾਲ। ਜਿ ਪੁਰਖੁ = ਜਿਹੜਾ ਵਿਆਪਕ ਪ੍ਰਭੂ। ਹਿਰਦੈ = ਹਿਰਦੇ ਵਿਚ। ਕਾਰਣੁ = ('ਹਉਮੈ' ਲੇਖ ਦਾ) ਸਬੱਬ, (ਭਾਵ, ਪ੍ਰਭੂ-ਚਰਨਾਂ ਤੋਂ ਵਿਛੋੜਾ ਜਿਸ ਕਰਕੇ ਮਨੁੱਖ ਹਉਮੈ ਵਿਚ ਫਸਦਾ ਹੈ) । ਅਰਥ: ਹੇ ਸਖੀ! (ਸਾਡੇ ਕੀਤੇ ਕਰਮਾਂ ਅਨੁਸਾਰ, ਹਉਮੈ ਦਾ) ਜੋ ਲੇਖ ਕਰਤਾਰ ਨੇ (ਸਾਡੇ ਮੱਥੇ ਉੱਤੇ) ਲਿਖ ਦਿੱਤਾ ਹੈ ਉਹ (ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ) ਮਿਟ ਨਹੀਂ ਸਕਦਾ। (ਇਹ ਲੇਖ ਤਦੋਂ ਮਿਟਦਾ ਹੈ, ਜਦੋਂ) ਜਿਸ ਪ੍ਰਭੂ ਨੇ ਆਪ ਹੀ (ਇਸ ਹਉਮੈ ਦੇ ਲੇਖ ਦਾ) ਸਬੱਬ (ਭਾਵ, ਵਿਛੋੜਾ) ਬਣਾਇਆ ਹੈ ਉਹ ਮਿਹਰ ਕਰ ਕੇ (ਸਾਡੇ ਅੰਦਰ) ਆ ਵੱਸੇ। ਕਰਤਾਰ ਦੇ ਗੁਣ ਗਾਵਣ ਦੀ ਦਾਤਿ ਕਰਤਾਰ ਦੇ ਆਪਣੇ ਹੱਥ ਵਿਚ ਹੈ; ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਸਮਝਣ ਦਾ ਜਤਨ ਕਰੋ (ਤਾਂ ਸਮਝ ਆ ਜਾਇਗੀ) । (ਹੇ ਪ੍ਰਭੂ! ਹਉਮੈ ਦੇ) ਜੋ ਸੰਸਕਾਰ (ਸਾਡੇ ਮਨ ਵਿਚ ਸਾਡੇ ਕਰਮਾਂ ਅਨੁਸਾਰ) ਉਕਰੇ ਜਾਂਦੇ ਹਨ ਉਹ (ਸਾਡੀ ਆਪਣੀ ਚਤੁਰਾਈ ਨਾਲ) ਬਦਲੇ ਨਹੀਂ ਜਾ ਸਕਦੇ; ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ (ਸਾਡੀ) ਸੰਭਾਲ ਕਰ। ਹੇ ਨਾਨਕ! (ਆਖ-) ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਵੇਖ ਲਿਆ ਹੈ ਕਿ ਹੇ ਪ੍ਰਭੂ!) ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ। ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਉਹ (ਇਸ ਹਉਮੈ ਦੇ ਗੇੜ ਵਿਚ ਫਸ ਕੇ) ਦੁਖੀ ਹੋਏ। ਬਚੇ ਉਹ ਜੋ ਗੁਰ-ਸ਼ਬਦ ਦੀ ਵਿਚਾਰ ਵਿਚ (ਜੁੜੇ) । (ਮਨੁੱਖ ਦੀ ਆਪਣੀ ਚਤੁਰਾਈ ਕਰੇ ਭੀ ਕੀਹ? ਕਿਉਂਕਿ) ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਹੀ ਨਹੀਂ, ਉਸ ਦੇ ਗੁਣ ਗਾਏ ਨਹੀਂ ਜਾ ਸਕਦੇ। (ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਮੈਨੂੰ ਮੇਰੇ) ਹਿਰਦੇ ਵਿਚ ਹੀ (ਪ੍ਰਭੂ) ਵਿਖਾ ਦਿੱਤਾ ਹੈ। 52। ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥ ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥ ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥ {ਪੰਨਾ 937-938} ਪਦ ਅਰਥ: ਆਖੀਐ = ਕਿਹਾ ਜਾਂਦਾ ਹੈ। ਪੜਿਆ = ਵਿਦਵਾਨ। ਬਿਦਿਆ = ਵਿੱਦਿਆ ਦੀ ਰਾਹੀਂ। ਬਿਚਰੈ = ਵਿਚਰਦਾ ਹੈ, ਜੀਵਨ ਬਤੀਤ ਕਰਦਾ ਹੈ। ਸਹਜਿ = ਸਹਿਜ ਵਿਚ, ਅਡੋਲਤਾ ਵਿਚ, ਸ਼ਾਂਤੀ ਵਿਚ। ਸੋਧੈ = (ਆਪਣੇ ਆਪ ਨੂੰ) ਸੋਧਦਾ ਹੈ, (ਆਪਣੇ ਆਪ ਦੀ) ਵਿਚਾਰ ਕਰਦਾ ਹੈ। ਤਤੁ = ਅਸਲੀਅਤ, ਜੀਵਨ ਦਾ ਅਸਲ ਮਨੋਰਥ। ਬਿਕ੍ਰਦਾ = ਵੇਚਦਾ। ਬਿਖੁ = ਵਿਹੁ, ਜ਼ਹਿਰ। ਚੀਨਈ = ਚੀਨੈ, ਸਮਝਦਾ। ਕਾਇ = ਕੋਈ ਭੀ। ਅਰਥ: ਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤਿ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ। (ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ। ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ। 53। |
Sri Guru Granth Darpan, by Professor Sahib Singh |