ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 938

ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥ ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥ {ਪੰਨਾ 938}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ। ਚਾਟੜਿਆ = ਸ਼ਾਗਿਰਦਾਂ ਨੂੰ। ਸਮਾਲਹੁ = ਚੇਤੇ ਕਰੋ। ਸੰਗਰਹੁ = ਇਕੱਠਾ ਕਰੋ। ਲਾਹਾ = ਲਾਭ, ਨਫ਼ਾ। ਮਨਿ = ਮਨ ਵਿਚ। ਸਾਰੁ = ਸ੍ਰੇਸ਼ਟ। ਬੀਨਾ = ਵੇਖਣ ਵਾਲਾ, ਸਿਆਣਾ। ਜਿਸੁ ਗਲਿ = ਜਿਸ ਦੇ ਗਲ ਵਿਚ।

ਅਰਥ: ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ ਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ।

ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ = ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ) । (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ। ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) । 54।1।

ਰਾਮਕਲੀ ਮਹਲਾ 1 ਸਿਧ ਗੋਸਟਿ     ੴ ਸਤਿਗੁਰ ਪ੍ਰਸਾਦਿ ॥ {ਪੰਨਾ 938}

ਸਿਧ ਗੋਸਟਿ ਦਾ ਭਾਵ:

ਪਉੜੀ ਵਾਰ:

(1) ਪਹਿਲੀ ਪਉੜੀ 'ਮੰਗਲਾਚਰਨ' ਦੀ ਹੈ। ਇਸ ਵਿਚ 'ਸੰਤ ਸਭਾ' ਦੀ ਵਡਿਆਈ ਕੀਤੀ ਹੈ ਕਿ 'ਸਤਿਸੰਗ' ਦੀ ਬਰਕਤਿ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।

(ਰਹਾਉ) ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਨਾਲ ਕੋਈ ਲਾਭ ਨਹੀਂ ਹੁੰਦਾ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਉ ਹੋ ਸਕਦਾ ਹੈ ਤੇ ਆਤਮਕ ਪਵਿਤ੍ਰਤਾ ਹਾਸਲ ਹੁੰਦੀ ਹੈ।

(2, 3) ਚਰਪਟ ਜੋਗੀ ਵਲੋਂ ਪ੍ਰਸ਼ਨ = ਤੁਹਾਡਾ ਕੀਹ ਮਤ ਹੈ ਤੇ ਉਸ ਦਾ ਕੀਹ ਮਨੋਰਥ ਹੈ? ਗੁਰੂ ਨਾਨਕ ਦੇਵ ਜੀ ਦਾ ਉੱਤਰ = ਮੇਰਾ ਮਤ ਹੈ "ਸਤਸੰਗ ਦਾ ਆਸਰਾ ਲੈ ਕੇ ਪ੍ਰਭੂ ਦਾ ਸਿਮਰਨ ਕਰਨਾ"। ਮਨੁੱਖ ਦੀ ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਆਪਣੇ ਆਪ ਨੂੰ ਪਛਾਣੇ ਤੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ।

(4, 5) ਚਰਪਟ ਦਾ ਪ੍ਰਸ਼ਨ = ਸੰਸਾਰ ਇਕ ਐਸੇ ਸਮੁੰਦਰ ਵਰਗਾ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। ਤੁਹਾਡੇ ਮਤ-ਅਨੁਸਾਰ ਇਸ ਤੋਂ ਪਾਰ ਲੰਘਣ ਦਾ ਕੀਹ ਤਰੀਕਾ ਹੈ?

ਗੁਰੂ ਨਾਨਕ ਸਾਹਿਬ ਦਾ ਉੱਤਰ = ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਕ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ਉਹ ਦੁਨੀਆਵੀ ਆਸਾਂ ਦੇ ਜਾਲ ਤੋਂ ਲਾਂਭੇ ਰਹਿੰਦਾ ਹੈ, ਤੇ ਇਸ ਤਰ੍ਹਾਂ ਜਗਤ ਵਿਚ ਕਿਰਤ-ਕਾਰ ਕਰਦਾ ਹੋਇਆ ਭੀ ਇਉਂ ਅਛੋਹ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁਲ ਨਹੀਂ ਭਿੱਜਦਾ, ਜਾਂ, ਜਿਵੇਂ ਮੁਰਗਾਈ ਦੇ ਖੰਭ ਨਹੀਂ ਭਿੱਜਦੇ।

(6) ਚਰਪਟ ਦਾ ਪ੍ਰਸ਼ਨ = ਪਰ, ਇਹ ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਲੱਭ ਪਿਆ ਹੈ?

ਉੱਤਰ = ਗੁਰੂ ਦੇ ਮਿਲਣ ਦੀ ਨਿਸ਼ਾਨੀ ਹੀ ਇਹ ਹੈ ਕਿ ਚੰਚਲ ਮਨ ਚੰਚਲਤਾ ਛੱਡ ਕੇ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪ੍ਰਭੂ ਦਾ ਨਾਮ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਉਂਞ ਇਹ ਪ੍ਰਾਪਤੀ ਅਕਾਲ ਪੁਰਖ ਦੀ ਮੇਹਰ ਨਾਲ ਹੀ ਹੁੰਦੀ ਹੈ।

(7, 8) ਸੰਸਾਰ-ਸਮੁੰਦਰ ਤੋਂ ਅਛੋਹ ਰਹਿਣ ਲਈ ਲੋਹਾਰੀਪਾ ਜੋਗੀ ਨੇ ਜੋਗ-ਮਤ ਦੀ ਵਿਧੀ ਇਉਂ ਦੱਸੀ = ਦੁਨੀਆ ਦੇ ਧੰਧਿਆਂ ਤੋਂ ਵੱਖਰੇ ਰਹਿਣਾ, ਘਰ-ਬਾਰ ਛੱਡ ਕੇ ਰੁੱਖਾਂ ਹੇਠ ਟਿਕਣਾ ਤੇ ਕੰਦ-ਮੂਲ ਖਾ ਕੇ ਗੁਜ਼ਾਰਾ ਕਰਨਾ, ਅਤੇ ਤੀਰਥਾਂ ਦਾ ਇਸ਼ਨਾਨ = ਇਸ ਤਰ੍ਹਾਂ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਤੇ ਮਨ ਸੁਖੀ ਰਹਿੰਦਾ ਹੈ।

ਗੁਰੂ ਨਾਨਕ ਦੇਵ ਜੀ ਦਾ ਉੱਤਰ = ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਭੀ ਧੰਧਿਆਂ ਵਿਚ ਖਚਿਤ ਨਹੀਂ ਹੁੰਦਾ, ਉਸ ਦਾ ਮਨ ਸਦਾ ਅਡੋਲ ਰਹਿੰਦਾ ਹੈ, ਕੋਈ ਸੰਸਾਰਕ ਚਸਕੇ ਉਸ ਨੂੰ ਪੋਹ ਨਹੀਂ ਸਕਦੇ।

(9, 10, 11) ਲੋਹਾਰੀਪਾ ਜੋਗੀ ਆਪਣੇ ਮਤ ਦੀ ਵਡਿਆਈ ਕਰਦਾ ਹੈ– ਜੇ ਜੋਗੀਆਂ ਦੇ 'ਆਈ ਪੰਥ' ਦਾ ਭੇਖ ਧਾਰਿਆ ਜਾਏ, ਮੁੰਦ੍ਰਾ ਝੋਲੀ ਤੇ ਗੋਦੜੀ ਪਹਿਨੀ ਜਾਏ, ਤਾਂ ਮਨ ਮਾਇਆ ਦੀ ਚੋਟ ਤੋਂ ਬਚ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਦਾ ਉੱਤਰ = ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਣਾ ਕੰਨਾਂ ਦੀਆਂ ਮੁੰਦ੍ਰਾਂ ਹਨ, ਹਰ ਥਾਂ ਪ੍ਰਭੂ ਨੂੰ ਵਿਆਪਕ ਜਾਣਨਾ ਗੋਦੜੀ ਤੇ ਝੋਲੀ ਹੈ, ਨਾਮ ਦੀ ਬਰਕਤਿ ਨਾਲ ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤਿ ਖੱਪਰ ਹੈ, ਸਰੀਰ ਨੂੰ ਵਿਕਾਰਾਂ ਤੋਂ ਪਵਿਤ੍ਰ ਰੱਖਣਾ ਦੱਭ ਦਾ ਆਸਣ ਹੈ; ਵੱਸ ਵਿਚ ਆਇਆ ਹੋਇਆ ਮਨ ਲੰਗੋਟੀ ਹੈ। ਸੋ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਹੀ ਸਿਮਰੋ।

ਨੋਟ: ਚਰਪਟ ਜੋਗੀ ਨੇ ਦੋ ਪ੍ਰਸ਼ਨ ਕੀਤੇ ਜੋ ਪਉੜੀ ਨੰ: 4 ਅਤੇ 6 ਵਿਚ ਦਰਜ ਹਨ। ਲੋਹਾਰੀਪਾ ਜੋਗੀ ਨੇ ਆਪਣੇ ਮਤ ਦੀ ਵਡਿਆਈ ਕਰ ਕੇ ਗੁਰੂ ਨਾਨਕ ਦੇਵ ਜੀ ਨੂੰ ਜੋਗ-ਮਤ ਧਾਰਨ ਕਰਨ ਦੀ ਪ੍ਰੇਰਨਾ ਕੀਤੀ। ਇਹ ਜ਼ਿਕਰ ਤੇ ਇਸ ਦਾ ਉੱਤਰ ਨੰ: 9, 10, 11 ਵਿਚ ਹੈ। ਇਸ ਤੋਂ ਅਗਾਂਹ ਜੋਗੀਆਂ ਵਲੋਂ ਪ੍ਰਸ਼ਨ ਤੇ ਸਤਿਗੁਰੂ ਜੀ ਵਲੋਂ ਉੱਤਰ ਹਨ; ਪਰ ਕਿਸੇ ਖ਼ਾਸ ਜੋਗੀ ਦਾ ਨਾਮ ਨਹੀਂ ਹੈ।

(12, 13) ਲੋਹਾਰੀਪੇ ਨੇ ਤਾਂ ਜੋਗ ਦੇ ਚਿਹਨ ਧਾਰਨ ਕਰਨ ਲਈ ਪ੍ਰੇਰਿਆ ਸੀ, ਪਰ ਸਤਿਗੁਰੂ ਜੀ ਨੇ ਜਵਾਬ ਦਿੱਤਾ ਸੀ ਕਿ ਹਰ ਥਾਂ ਵਿਆਪਕ ਪ੍ਰਭੂ ਨੂੰ ਜਾਣੋ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਉ, ਤੇ ਸੁਰਤਿ ਨੂੰ ਸੰਸਾਰਕ ਖ਼ਾਹਸ਼ਾਂ ਵਲੋਂ ਮੋੜੋ। ਇਸੇ ਹੀ ਖ਼ਿਆਲ-ਲੜੀ ਨੂੰ ਜਾਰੀ ਰੱਖ ਕੇ ਹੋਰ ਜੋਗੀਆਂ ਨੇ ਪੁਛਿਆ ਕਿ ਉਹ ਕੌਣ ਹੈ ਜਿਸ ਨੂੰ ਤੁਸੀ 'ਭਰਪੁਰਿ ਰਹਿਆ' ਆਖਦੇ ਹੋ, ਤੇ ਉਸ ਵਿਚ ਮਨੋਂ ਤਨੋਂ ਕਿਵੇਂ ਲੀਨ ਹੋ ਕੇ ਮੁਕਤ ਹੋ ਸਕੀਦਾ ਹੈ।12।

ਸਤਿਗੁਰੂ ਜੀ ਦਾ ਉੱਤਰ: ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਤਨੋਂ ਮਨੋਂ ਉਸ ਵਿਚ ਜੁੜ ਕੇ "ਦੁਨੀਆ ਸਾਗਰ ਦੁਤਰੁ" ਤੋਂ ਮੁਕਤ ਹੋ ਜਾਈਦਾ ਹੈ। ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਚਾਹੇ ਮੁੰਦ੍ਰਾ ਖਿੰਥਾ ਆਦਿਕ ਭੀ ਧਾਰੇ, ਫਿਰ ਭੀ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।13।

(14, 15, 16) ਪ੍ਰਸ਼ਨ = ਇਹ ਜੀਵ ਕਿਵੇਂ ਐਸਾ ਬੱਝਾ ਪਿਆ ਹੈ ਕਿ ਸਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ, ਤੇ ਇਹ ਅੱਗੋਂ ਆਪਣੇ ਬਚਾਉ ਲਈ ਭੱਜ ਭੀ ਨਹੀਂ ਸਕਦਾ?।14।

ਉੱਤਰ = ਮਨੁੱਖ ਖੋਟੀ ਮੱਤ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਸਪਣੀ ਮਾਇਆ ਇਸ ਨੂੰ ਅੰਦਰੋਂ-ਅੰਦਰ ਖਾਈ ਜਾਂਦੀ ਹੈ, ਪਰ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ, ਚਸਕਿਆਂ ਦਾ ਇਹ ਹਨੇਰਾ ਇਸ ਨੂੰ ਚੰਗਾ ਲੱਗਦਾ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਉਸ ਦਾ ਮਨ ਚਸਕਿਆਂ ਤੋਂ ਉੱਚਾ ਹੋ ਕੇ ਇਕ ਐਸੀ ਅਵਸਥਾ ਉਤੇ ਅੱਪੜਦਾ ਹੈ ਜਿਥੇ ਮਾਇਆ ਵਾਲੀ ਭਟਕਣ ਪੋਹ ਨਹੀਂ ਸਕਦੀ, ਜਿਥੇ ਮਾਇਆ ਦੇ ਫੁਰਨਿਆਂ ਵਲੋਂ, ਮਾਨੋ, ਸੁੰਞ ਹੋ ਜਾਂਦੀ ਹੈ। ਘਰ ਤਿਆਗ ਕੇ ਕਿਸੇ ਗੁਫ਼ਾ ਵਿਚ ਸਮਾਧੀ ਲਾਣ ਦੇ ਥਾਂ ਅਸੀਂ ਗ੍ਰਿਹਸਤ ਵਿਚ ਰਹਿੰਦੇ ਹੀ ਉਸ ਸਹਜ-ਗੁਫ਼ਾ ਵਿਚ ਬੈਠ ਕੇ ਸੁਨ-ਸਮਾਧੀ ਲਾਂਦੇ ਹਾਂ। 15, 16।

(17, 18) ਪ੍ਰਸ਼ਨ = ਜਦੋਂ ਸੁਮੇਰ ਪਰਬਤ ਤੇ ਤੁਸੀ ਸਾਨੂੰ ਮਿਲੇ ਸੀ, ਤਦੋਂ ਤਾਂ ਤੁਸਾਂ ਭੀ ਉਦਾਸੀ ਭੇਖ ਧਾਰਿਆ ਹੋਇਆ ਸੀ। ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ ਹੈ, ਤਾਂ ਤੁਸਾਂ ਘਰ ਕਿਉਂ ਛੱਡਿਆ ਸੀ? ਇਸ ਸੰਸਾਰ-ਸਾਗਰ ਤੋਂ ਪਾਰ ਲੰਘਣ ਲਈ ਆਪਣੇ ਸਿੱਖਾਂ ਨੂੰ ਤੁਸੀ ਕੇਹੜਾ ਰਸਤਾ ਦੱਸਦੇ ਹੋ?। 17।

ਉੱਤਰ = ਅਸੀਂ ਤਾਂ ਤਦੋਂ ਗੁਰਮੁਖਾਂ ਨੂੰ ਲੱਭਣ ਵਾਸਤੇ ਘਰੋਂ ਨਿਕਲੇ ਸਾਂ। "ਦੁਤਰ ਸਾਗਰ" ਤੋਂ ਪਾਰ ਲੰਘਣ ਲਈ ਗ੍ਰਿਹਸਤ ਤਿਆਗਣ ਦੀ ਲੋੜ ਨਹੀਂ, ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰਿਆਂ ਵਿਕਾਰਾਂ ਤੋਂ ਬਚ ਸਕਦਾ ਹੈ। 18।

(19, 20) ਪ੍ਰਸ਼ਨ = ਦੁਨੀਆ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਇਉਂ ਹੀ ਬੜਾ ਔਖਾ ਹੈ ਜਿਵੇਂ ਕੋਈ ਮਨੁੱਖ ਦੰਦਾਂ ਤੋਂ ਬਿਨਾ ਲੋਹਾ ਚੱਬਣ ਦੀ ਕੋਸ਼ਿਸ਼ ਕਰੇ। ਹੇ ਨਾਨਕ! ਤੂੰ ਆਪਣੀ ਜ਼ਿੰਦਗੀ ਕਿਵੇਂ ਪਲਟ ਲਈ? ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ? ਰੱਬੀ ਪ੍ਰਕਾਸ਼ ਤੈਨੂੰ ਕਿਵੇਂ ਮਿਲ ਪਿਆ?। 19।

ਉੱਤਰ = ਮਾਇਆ ਦੀ ਚੋਟ ਤੋਂ ਬਚਣਾ ਹੈ ਤਾਂ ਲੋਹਾ ਚੱਬਣ ਸਮਾਨ ਬੜਾ ਔਖਾ। ਪਰ ਮੈਂ ਜਿਉਂ ਜਿਉਂ ਗੁਰੂ ਦੀ ਸਿੱਖਿਆ ਤੇ ਤੁਰਿਆ, ਮੇਰੇ ਮਨ ਦੀ ਭਟਕਣਾ ਮੁਕਦੀ ਗਈ। ਜਿਉਂ ਜਿਉਂ ਮੈਨੂੰ ਪ੍ਰਭੂ ਵਿਚ ਜੁੜਨ ਦਾ ਅਨੰਦ ਆਇਆ, ਮੇਰਾ ਮਨ ਪਰਚਦਾ ਗਿਆ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਮੁਕਦੀਆਂ ਗਈਆਂ। ਮੈਨੂੰ ਰੱਬੀ ਪ੍ਰਕਾਸ਼ ਲੱਭ ਪਿਆ, ਤੇ ਮਾਇਆ ਮੇਰੇ ਨੇੜੇ ਨਾਹ ਢੁਕ ਸਕੀ। ਇਹ ਸਭ ਪ੍ਰਭੂ ਦੀ ਆਪਣੀ ਮੇਹਰ ਸੀ। 20।

ਨੋਟ: ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਇਹ ਸੁਭਾਉ ਹੀ ਬਣ ਗਿਆ ਹੈ ਕਿ ਉਹ ਸ੍ਰਿਸ਼ਟੀ ਦੀ ਉਤਪੱਤੀ ਬਾਰੇ ਪ੍ਰਸ਼ਨ ਭੀ ਧਰਮ ਵਿਚੋਂ ਹੀ ਹੱਲ ਕਰਨਾ ਚਾਹੁੰਦੇ ਹਨ। ਜੋਗੀਆਂ ਨੇ ਭੀ ਹੁਣ ਗੁਰੂ ਸਾਹਿਬ ਪਾਸੋਂ ਅਜੇਹੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।

(21, 22, 23) ਪ੍ਰਸ਼ਨ = ਸ੍ਰਿਸ਼ਟੀ ਦੀ ਉਤਪੱਤੀ ਬਾਰੇ ਤੁਹਾਡਾ ਕੀਹ ਵੀਚਾਰ ਹੈ? ਜਦੋਂ ਜਗਤ ਨਹੀਂ ਹੁੰਦਾ, ਤਦੋਂ ਨਿਰਗੁਣ-ਰੂਪ ਪ੍ਰਭੂ ਕਿਥੇ ਟਿਕਿਆ ਰਹਿੰਦਾ ਹੈ? ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਚਲਾ ਜਾਂਦਾ ਹੈ?

ਨੋਟ: ਇਹਨਾਂ ਪ੍ਰਸ਼ਨਾਂ ਦੇ ਨਾਲ ਹੋਰ ਸਾਧਾਰਨ ਪ੍ਰਸ਼ਨ ਭੀ ਜੋਗੀਆਂ ਨੇ ਪੁੱਛੇ: ਗਿਆਨ ਪ੍ਰਾਪਤ ਕਰਨ ਦਾ ਕੀਹ ਸਾਧਨ ਹੈ? ਮੌਤ ਦਾ ਡਰ ਕਿਵੇਂ ਦੂਰ ਹੋ ਸਕਦਾ ਹੈ? ਕਾਮਾਦਿਕ ਵੈਰੀਆਂ ਨੂੰ ਕਿਵੇਂ ਜਿੱਤੀਦਾ ਹੈ?

ਨੋਟ: ਪਉੜੀ ਨੰ: 21 ਅਤੇ 22 ਵਿਚ ਛੇ ਛੇ ਤੁਕਾਂ ਹਨ। ਦੋਹਾਂ ਪਉੜੀਆਂ ਦੀਆਂ ਪਹਿਲੀਆਂ ਚਾਰ ਚਾਰ ਤੁਕਾਂ ਵਿਚ ਜੋਗੀਆਂ ਵਲੋਂ ਪ੍ਰਸ਼ਨ ਹਨ, ਤੇ ਅਖ਼ੀਰਲੀਆਂ ਦੋ ਦੋ ਤੁਕਾਂ ਵਿਚ ਸਤਿਗੁਰੂ ਜੀ ਵਲੋਂ ਸਾਧਾਰਨ ਜਿਹਾ ਉੱਤਰ ਹੈ, ਫਿਰ ਪਉੜੀ ਨੰ: 23 ਵਿਚ ਵਿਸਥਾਰ ਨਾਲ ਉੱਤਰ ਦਿੱਤਾ ਗਿਆ ਹੈ।

ਉੱਤਰ = ਸ੍ਰਿਸ਼ਟੀ ਦੀ ਉਤਪੱਤੀ ਦੀ ਵੀਚਾਰ ਤਾਂ ਹੈਰਾਨੀ ਹੀ ਹੈਰਾਨੀ ਪੈਦਾ ਕਰਦੀ ਹੈ, ਕੋਈ ਭੀ ਇਸ ਬਾਰੇ ਕੁਝ ਦੱਸ ਨਹੀਂ ਸਕਦਾ। ਜਦੋਂ ਜਗਤ ਨਹੀਂ ਸੀ ਤਦੋਂ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਸੀ। ਜਗਤ-ਰਚਨਾ ਹੋ ਜਾਣ ਤੇ ਇਹ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਇਥੇ ਆਉਂਦਾ ਹੈ ਤੇ ਹੁਕਮ ਅਨੁਸਾਰ ਹੀ ਇਥੋਂ ਤੁਰ ਪੈਂਦਾ ਹੈ।

ਹੋਰ ਪ੍ਰਸ਼ਨਾਂ ਦੇ ਉੱਤਰ = ਗਿਆਨ ਪ੍ਰਾਪਤ ਕਰਨ ਦਾ ਅਸਲ ਸਾਧਨ ਇਹ ਹੈ ਕਿ ਮਨੁੱਖ ਸਤਿਗੁਰੂ ਦੀ ਸਰਨ ਪਏ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ, ਕਾਮਾਦਿਕ ਵੈਰੀਆਂ ਨੂੰ ਜਿੱਤ ਲਈਦਾ ਹੈ, ਤੇ ਮੌਤ ਦਾ ਡਰ ਪੋਹ ਨਹੀਂ ਸਕਦਾ।

ਨੋਟ: ਇਸ ਤੋਂ ਅਗਾਂਹ ਪਉੜੀ ਨੰ: 42 ਤਕ ਪ੍ਰਸ਼ਨ-ਉੱਤਰ ਨਹੀਂ ਹਨ। ਸਤਿਗੁਰੂ ਜੀ ਆਪ ਹੀ ਆਪਣੇ ਮਤ ਦੀ ਵਿਆਖਿਆ ਕਰਦੇ ਹਨ।

(24) ਗੁਰ-ਸ਼ਬਦ ਦੀ ਬਰਕਤਿ ਨਾਲ ਮਨੁੱਖ ਨੂੰ ਯਕੀਨ ਬੱਝਦਾ ਹੈ ਕਿ ਇਹ ਸਾਰਾ ਜਗਤ-ਪਸਾਰਾ ਪ੍ਰਭੂ ਨੇ ਆਪਣੇ ਆਪ ਤੋਂ ਬਣਾਇਆ ਹੈ। ਇਸ ਉੱਚੀ ਆਤਮਕ ਅਵਸਥਾ ਤੇ ਅੱਪੜ ਕੇ ਉਹ ਮਨੁੱਖ ਸਭ ਜੀਵਾਂ ਵਿਚ ਉਸੇ ਜੋਤਿ ਨੂੰ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ, ਸਭ ਜੀਵਾਂ ਨਾਲ ਦਇਆ-ਪ੍ਰੇਮ ਦਾ ਵਰਤਾਵ ਵਰਤਦਾ ਹੈ, ਤੇ ਉਸ ਦਾ ਆਪਣਾ ਹਿਰਦਾ-ਕੰਵਲ ਖਿੜਿਆ ਰਹਿੰਦਾ ਹੈ। ਬੱਸ! ਇਹੀ ਹੈ ਅਸਲ ਜੋਗੀ।

(25) ਗੁਰ-ਸ਼ਬਦ ਵਿਚ ਟਿਕਿਆ ਰਹਿਣ ਵਾਲਾ ਮਨੁੱਖ ਸਦਾ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਣਾ ਵਿਚ ਪਿਆ ਰਹਿੰਦਾ ਹੈ, ਨਾਮ ਵਿਸਾਰਨ ਕਰਕੇ ਉਸ ਨੂੰ ਸਦਾ ਹਉਮੈ ਦੀ ਪੀੜ ਸਤਾਂਦੀ ਹੈ। ਇਸ ਤੋਂ ਖ਼ਲਾਸੀ ਹਾਸਲ ਕਰਨ ਦਾ ਇਕੋ ਇਕ ਗੁਰ-ਸ਼ਬਦ ਹੀ ਵਸੀਲਾ ਹੈ।

(26) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਈ ਕਿਸਮ ਦੇ ਵਿਕਾਰਾਂ ਵਾਲੇ ਭੈੜੇ ਰਸਤੇ ਪਿਆ ਰਹਿੰਦਾ ਹੈ, ਮੂੰਹੋਂ ਭੀ ਜਦੋਂ ਬੋਲਦਾ ਹੈ ਦੁਰਬਚਨ ਹੀ ਬੋਲਦਾ ਹੈ; ਇਸ ਤਰ੍ਹਾਂ ਉਹ ਸਦਾ ਘਾਟੇ ਵਾਲੇ ਰਾਹੇ ਹੀ ਤੁਰਦਾ ਹੈ।

(27) ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨ ਵਾਲਾ ਮਨੁੱਖ ਗੁਰ-ਸ਼ਬਦ ਦੀ ਸਹੈਤਾ ਨਾਲ ਆਪਣੇ ਇਸ ਅਮੋਘ ਮਨ ਨੂੰ ਸੁਧਾਰਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੁਆਰਾ ਉੱਚਾ ਆਤਮਕ ਜੀਵਨ ਬਣਾ ਕੇ ਪ੍ਰਭੂ ਵਿਚ ਹੀ ਇਕ-ਰੂਪ ਹੋ ਜਾਂਦਾ ਹੈ।

(28) ਗੁਰੂ ਦੇ ਸਨਮੁਖ ਹੋ ਕੇ ਮਨੁੱਖ ਜਿਉਂ ਜਿਉਂ ਗੁਰ-ਸ਼ਬਦ ਵਿਚ ਜੁੜਦਾ ਹੈ, ਇਸ ਦੀ ਸਮਝ ਉੱਚੀ ਹੁੰਦੀ ਜਾਂਦੀ ਹੈ, ਆਪਣੇ ਆਤਮਾ ਦੀ ਇਸ ਨੂੰ ਸੂਝ ਪੈ ਜਾਂਦੀ ਹੈ ਤੇ ਸੰਸਾਰ ਦੇ ਵਿਕਾਰਾਂ ਤੋਂ ਬਚ ਕੇ ਜੀਊਣ ਦੀ ਜਾਚ ਆ ਜਾਂਦੀ ਹੈ।

(29) ਗੁਰਮੁਖ ਮਨੁੱਖ ਘਰ-ਬਾਰੀ ਹੁੰਦਾ ਹੋਇਆ ਹੀ ਜ਼ਿੰਦਗੀ ਦੀ ਬਾਜ਼ੀ ਵਿਚ ਪੁਗ ਜਾਂਦਾ ਹੈ, ਕਿਉਂਕਿ ਸ਼ਬਦ ਦੀ ਸਹੈਤਾ ਨਾਲ ਉਹ ਪ੍ਰਭੂ ਦੀ ਪ੍ਰੇਮਾ-ਭਗਤੀ ਕਰਦਾ ਹੈ ਤੇ ਸੁਧ ਆਚਰਨ ਵਾਲਾ ਬਣਦਾ ਹੈ, ਉਸ ਦੇ ਅੰਦਰ ਹਉਮੈ (ਖ਼ੁਦਗ਼ਰਜ਼ੀ) ਨਹੀਂ ਰਹਿੰਦੀ।

(30) ਪਰਮਾਤਮਾ ਨੇ ਇਹ ਜਗਤ ਬਣਾਇਆ ਹੀ ਇਸ ਵਾਸਤੇ ਹੈ ਕਿ ਇਸ ਵਿਚ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ ਗੁਰਮੁਖ ਬਣਨ ਤੇ ਇਥੋਂ ਇੱਜ਼ਤ ਖੱਟ ਕੇ ਜਾਣ।

(31) ਗੁਰੂ ਦੇ ਸਨਮੁਖ ਹੋ ਕੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਥੇ ਗੁਣ ਗ੍ਰਹਿਣ ਕਰਨੇ ਹਨ ਅਤੇ ਵਿਕਾਰ ਤਿਆਗਣੇ ਹਨ; ਗੁਰਮੁਖ ਨੂੰ ਕਿਸੇ ਰਿੱਧੀ ਸਿੱਧੀ ਦੀ ਚਾਹ ਨਹੀਂ ਰਹਿ ਜਾਂਦੀ।

(32, 33, 34) ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਇਸ ਦੀ ਹਉਮੈ (ਖ਼ੁਦਗ਼ਰਜ਼ੀ) ਦੂਰ ਹੁੰਦੀ ਹੈ, ਤੇ ਸਾਰੀ ਸ੍ਰਿਸ਼ਟੀ ਹੀ ਇਸ ਨੂੰ ਆਪਣੀ ਜਾਪਦੀ ਹੈ। ਪਰਮਾਤਮਾ ਨਾਲ ਮਿਲਾਪ ਦਾ ਵਸੀਲਾ ਹੀ ਇਹ ਹੈ ਕਿ ਉਸ ਦੀ ਯਾਦ ਵਿਚ ਜੁੜੀਏ, ਕਿਉਂਕਿ ਨਾਮ-ਸਿਮਰਨ ਵਿਚ ਜੁੜਿਆਂ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਤੇ ਸਾਂਝ ਬਣਦੀ ਹੈ। ਪਰ ਨਾਮ ਦੀ ਇਹ ਦਾਤਿ ਸਿਰਫ਼ ਗੁਰੂ ਪਾਸੋਂ ਮਿਲਦੀ ਹੈ। ਕੋਈ ਆਪਣੇ ਆਪ ਨੂੰ ਜੋਗੀ ਅਖਵਾਏ ਚਾਹੇ ਸੰਨਿਆਸੀ, ਜੋ ਗੁਰੂ ਦੇ ਸ਼ਬਦ ਵਿਚ ਨਹੀਂ ਜੁੜਿਆ ਉਹ ਮਾਇਆ-ਜਾਲ ਵਿਚ ਹੀ ਫਸਿਆ ਰਿਹਾ।

(35) ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਜਿਉਂ ਜਿਉਂ ਪ੍ਰਭੂ ਦੀ ਸੁਰਤਿ ਜੋੜਦਾ ਹੈ ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ, ਤੇ ਵਿਕਾਰਾਂ ਦੀ ਸੱਟ ਨਹੀਂ ਖਾਂਦਾ।

(36) ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕੀਤਿਆਂ ਹੀ ਮਨੁੱਖ ਦਾ ਮਨ ਨਾਮ ਵਿਚ ਅਡੋਲ ਰਹਿ ਸਕਦਾ ਹੈ। ਆਪਾ ਗੁਰੂ ਦੇ ਅਰਪਨ ਕਰਨਾ ਹੀ ਅਸਲ ਦਾਨ ਹੈ, ਗੁਰ-ਤੀਰਥ ਵਿਚ ਚੁੱਭੀ ਲਾਉਣੀ ਹੀ ਅਸਲ ਤੀਰਥ-ਇਸ਼ਨਾਨ ਹੈ। ਅਜਿਹਾ ਮਨੁੱਖ ਹੋਰਨਾਂ ਨੂੰ ਭੀ ਪ੍ਰਭੂ-ਚਰਨਾਂ ਵਿਚ ਜੋੜਦਾ ਹੈ।

(37) ਗੁਰੂ ਦੇ ਹੁਕਮ ਵਿਚ ਤੁਰਨਾ ਹੀ ਸਭ ਧਰਮ-ਪੁਸਤਕਾਂ ਦਾ ਗਿਆਨ ਹੈ। ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਦ ਸਮਝ ਲੈਂਦਾ ਹੈ, ਇਸ ਵਾਸਤੇ ਉਹ ਦੂਜਿਆਂ ਨਾਲ ਵੈਰ-ਵਿਰੋਧ ਰੱਖਣਾ ਉੱਕਾ ਹੀ ਭੁਲਾ ਦੇਂਦਾ ਹੈ। ਬੱਸ! ਰੱਬ ਨੂੰ ਪਛਾਣਿਆ ਹੀ ਉਸੇ ਨੇ ਹੈ (ਰੱਬ ਨਾਲ ਸਾਂਝ ਪਾਈ ਹੀ ਉਸੇ ਨੇ ਹੈ) ਜੋ ਗੁਰੂ ਦੇ ਹੁਕਮ ਵਿਚ ਤੁਰਿਆ ਹੈ।

(38) ਜਿਤਨਾ ਚਿਰ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, ਇਸ ਦਾ ਮਨ ਮਾਇਆ ਦੇ ਮੋਹ (ਲਾਲਚ) ਦੀਆਂ ਸੱਟਾਂ ਖਾਂਦਾ ਰਹਿੰਦਾ ਹੈ, ਕੋਈ ਭੀ ਹੋਰ ਘਾਲ-ਕਮਾਈ ਮਨੁੱਖ ਨੂੰ ਇਸ ਮਾਰ ਤੋਂ ਬਚਾ ਨਹੀਂ ਸਕਦੀ।

(39) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਹ ਆਪਣੇ ਤਨ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾ ਕੇ ਮਾਇਆ ਦੇ ਮੋਹ ਵਲੋਂ ਅਡੋਲ ਰਹਿ ਕੇ ਨਾਮ ਦਾ ਵਣਜ ਵਣਜਦਾ ਹੈ। ਇਸ ਤਰ੍ਹਾਂ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਪਾ ਕੇ ਉਹ ਸੰਸਾਰ-ਰੂਪ "ਦੁਤਰ ਸਾਗਰ" ਤੋਂ ਪਾਰ ਲੰਘ ਜਾਂਦਾ ਹੈ।

(40) ਰਾਵਣ ਸੀਤਾ ਜੀ ਨੂੰ ਸਮੁੰਦਰੋਂ ਪਾਰ ਲੰਕਾ ਵਿਚ ਲੈ ਗਿਆ ਸੀ, ਸ੍ਰੀ ਰਾਮਚੰਦ੍ਰ ਜੀ ਨੇ ਸਮੁੰਦਰ ਉਤੇ ਪੁਲ ਬੱਧਾ, ਦੈਂਤਾਂ ਨੂੰ ਮਾਰਿਆ, ਲੰਕਾ ਲੁੱਟੀ ਤੇ ਸੀਤਾ ਜੀ ਨੂੰ ਛੁਡਾ ਕੇ ਲਿਆਂਦਾ। ਘਰ ਦੇ ਭੇਤੀ ਭਭੀਖਣ ਦੇ ਦੱਸੇ ਹੋਏ ਭੇਤ ਨੇ ਇਸ ਸਾਰੀ ਮੁਹਿੰਮ ਵਿਚ ਬੜੀ ਸਹੈਤਾ ਦਿੱਤੀ।

ਇਸੇ ਤਰ੍ਹਾਂ, ਮਾਇਆ-ਵੇੜ੍ਹੇ ਮਨ ਨੇ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜ ਦਿੱਤਾ ਹੋਇਆ ਹੈ। ਦੋਹਾਂ ਦੇ ਵਿਚਕਾਰ ਸੰਸਾਰ-ਸਮੁੰਦਰ ਦੀ ਵਿੱਥ ਬਣੀ ਪਈ ਹੈ। ਪਰਮਾਤਮਾ ਨੇ ਜਗਤ ਵਿਚ ਗੁਰੂ ਘਲਿਆ। ਗੁਰੂ, ਮਾਨੋ, ਪੁਲ ਬਣ ਗਿਆ। ਜਿਸ ਜੀਵ-ਇਸਤ੍ਰੀ ਨੂੰ ਗੁਰੂ ਮਿਲਿਆ, ਉਸ ਦੀ ਪ੍ਰਭੂ-ਪਤੀ ਨਾਲੋਂ ਵਿੱਥ ਮਿਟ ਗਈ। ਗੁਰੂ ਨੇ ਘਰ ਦਾ ਭੇਤ ਸਮਝਾਇਆ ਕਿ ਕਿਵੇਂ ਮਨ ਵਿਕਾਰਾਂ ਵਿਚ ਫਸਾਂਦਾ ਹੈ। ਸੋ, ਗੁਰੂ-ਸਰਨ ਆ ਕੇ ਲੱਖਾਂ ਪੱਥਰ-ਦਿਲ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ।

(41) ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ, ਇਸ ਵਾਸਤੇ ਉਹ ਖੋਟੇ ਕੰਮਾਂ ਵਿਚ ਫਸਦਾ ਨਹੀਂ; ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਉਸ ਦੀ ਸੁਰਤਿ ਟਿਕੀ ਰਹਿੰਦੀ ਹੈ, ਜਿਸ ਦੀ ਬਰਕਤਿ ਦਾ ਸਦਕਾ ਕੋਈ ਵਿਕਾਰ ਉਸ ਦੇ ਜੀਵਨ-ਸ਼ਫਰ ਵਿਚ ਰੁਕਾਵਟ ਨਹੀਂ ਪਾ ਸਕਦਾ।

(42) ਹਉਮੈ ਅਤੇ ਹਰਿ-ਨਾਮ ਇਕੱਠੇ ਨਹੀਂ ਰਹਿ ਸਕਦੇ। ਜੋ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ, ਉਹ ਗੁਰ-ਸ਼ਬਦ ਵਿਚ ਮਨ ਜੋੜ ਕੇ ਅੰਦਰੋਂ ਹਉਮੈ (ਖ਼ੁਦਗ਼ਰਜ਼ੀ) ਦੂਰ ਕਰ ਲੈਂਦਾ ਹੈ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਸਾਰੇ ਸੰਸਾਰ ਵਿਚ ਹੀ ਪਰਮਾਤਮਾ ਦੀ ਜੋਤਿ ਦਿੱਸਦੀ ਹੈ।

ਨੋਟ: ਇਸ ਤੋਂ ਅਗਾਂਹ ਫਿਰ ਪ੍ਰਸ਼ਨ-ਉੱਤਰ ਚੱਲ ਪੈਂਦੇ ਹਨ।

(43, 44) ਪ੍ਰਸ਼ਨ = ਮਨੁੱਖ ਕਿਸ ਆਸਰੇ ਜੀਊਂਦਾ ਰਹਿ ਸਕਦਾ ਹੈ? ਮਨੁੱਖ ਕਿਸ ਦੀ ਸਿੱਖਿਆ ਉਤੇ ਤੁਰੇ ਕਿ 'ਦੁਤਰ ਸਾਗਰ' ਦੁਨੀਆ ਵਿਚ ਰਹਿੰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿ ਸਕੇ?

ਉੱਤਰ = ਜੀਵਨ ਸੁਆਸਾਂ ਦੇ ਆਸਰੇ ਟਿਕਿਆ ਰਹਿੰਦਾ ਹੈ। ਜੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਆਪਣੀ ਸੁਰਤਿ ਜੋੜੀ ਰੱਖੇ, ਪਰਮਾਤਮਾ ਦੇ ਗੁਣ ਚੇਤੇ ਰੱਖਦਾ ਰਹੇ, ਤਾਂ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਕਿਉਂਕਿ ਗੁਰ-ਸ਼ਬਦ ਨਾਲ ਮਨੁੱਖ ਦੀ ਹਉਮੈ-ਅੱਗ ਸੜ ਜਾਂਦੀ ਹੈ।

(45, 46, 47) ਮਨੁੱਖ ਦੇ ਅੰਦਰ ਰੱਬੀ ਜੋਤਿ ਵੱਸ ਰਹੀ ਹੈ ਜੋ ਪਿਆਰ ਕੋਮਲਤਾ ਤੇ ਸ਼ਾਂਤੀ ਦਾ ਪੁੰਜ ਹੈ; ਪਰ ਮਾਇਆ ਦੀ ਮਮਤਾ ਦੇ ਕਾਰਨ ਇਸ ਜੀਵ ਨੂੰ ਤ੍ਰਿਸ਼ਨਾ ਦੀ ਅੱਗ ਨੇ ਘੇਰਿਆ ਹੋਇਆ ਹੈ, ਇਸ ਅੱਗ ਵਿਚ ਜੀਵ ਸੜਦਾ ਹੈ ਤੇ ਭਟਕਦਾ ਹੈ। ਅਹੰਕਾਰ ਵਿਚ ਫਸ ਕੇ ਜੀਵ ਦੂਜਿਆਂ ਨਾਲ ਖਰ੍ਹਵਾ ਸਲੂਕ ਕਰਦਾ ਹੈ, ਇਸ ਖਰ੍ਹਵਾ-ਪਨ ਦੇ ਕਾਰਨ ਜੀਵਨ ਦੁਖਦਾਈ ਹੋ ਜਾਂਦਾ ਹੈ, ਮਾਨੋ, ਜੀਵ ਨੂੰ ਲੋਹਾ ਚੱਬਣਾ ਪੈ ਰਿਹਾ ਹੈ।

ਨੋਟ: ਜੋਗੀ ਗੁਰੂ ਨਾਨਕ ਦੇਵ ਜੀ ਪਾਸੋਂ ਇਸ ਅਵਸਥਾ ਬਾਰੇ ਰਮਜ਼-ਭਰੇ ਸਵਾਲ ਪੁੱਛਦੇ ਹਨ:

ਪ੍ਰਸ਼ਨ = ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬਿਆ ਜਾਏ?

ਬਰਫ਼ ਦੇ ਘਰ ਦੇ ਦੁਆਲੇ ਜੇ ਅੱਗ ਦਾ ਚੋਲਾ ਪਾਇਆ ਹੋਇਆ ਹੋਵੇ, ਤਾਂ ਕੇਹੜੀ ਗੁਫ਼ਾ ਵਰਤੀਏ, ਜਿਥੇ ਉਹ ਬਰਫ਼ ਪੱਘਰ ਨਾਹ ਜਾਏ?। 45।

ਉੱਤਰ = ਰੱਬੀ ਕੋਮਲਤਾ ਤੇ ਸ਼ਾਂਤੀ ਬਰਫ਼ ਸਮਾਨ ਹੈ, ਇਸ ਨੂੰ ਤ੍ਰਿਸ਼ਨਾ ਦੀ ਅੱਗ ਤੋਂ ਬਚਾਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰੇ, ਤੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖੇ। ਗੁਰੂ ਦੀ ਰਜ਼ਾ ਦੇ ਅੰਦਰ ਰਹਿਣਾ ਇਕ ਐਸੀ ਗੁਫ਼ਾ ਹੈ ਜਿਥੇ ਤ੍ਰਿਸ਼ਨਾ ਦੀ ਅੱਗ ਅੰਦਰਲੀ ਆਤਮਕ ਸ਼ਾਂਤੀ ਨੂੰ ਮੁਕਾ ਨਹੀਂ ਸਕਦੀ।

ਜਿਉਂ ਜਿਉਂ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਤਿਉਂ ਤਿਉਂ ਉਸ ਦਾ ਅਹੰਕਾਰ ਵਧਦਾ ਹੈ; ਦੂਜਿਆਂ ਨਾਲ ਰੁੱਖਾ ਸਲੂਕ ਕਰਦਾ ਹੈ, ਤੇ ਚਾਰ ਚੁਫੇਰਿਓਂ ਆਪਣੇ ਵਾਸਤੇ ਰੁੱਖਾ-ਪਨ ਸਹੇੜਦਾ ਹੈ ਜੋ ਇਸ ਨੂੰ ਦੁਖੀ ਕਰਦਾ ਹੈ। ਇਸ ਦਾ ਇਲਾਜ ਇਹੀ ਹੈ ਕਿ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜੇ; ਸ਼ਬਦ ਦੀ ਬਰਕਤਿ ਨਾਲ ਜਿਉਂ ਜਿਉਂ ਹਉਮੈ-ਅਹੰਕਾਰ ਮਿਟੇਗਾ, ਜਗਤ ਵਲੋਂ ਭੀ ਖਰ੍ਹਵਾ ਸਲੂਕ ਨਹੀਂ ਹੋਵੇਗਾ। ਇਸ ਤਰ੍ਹਾਂ ਆਪਣੇ ਅੰਦਰਲਾ ਨਵਾਂ ਪੈਦਾ ਹੋਇਆ ਪਿਆਰ ਬਾਹਰਲੇ ਖਰ੍ਹਵੇ-ਪਨ ਨੂੰ ਮੁਕਾ ਦੇਵੇਗਾ। ਇਹੀ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ। 46।

ਸਤਿਗੁਰੂ ਦੇ ਸ਼ਬਦ ਦੀ ਸਹੈਤਾ ਨਾਲ ਪਰਮਾਤਮਾ ਦਾ ਅਦਬ ਹਿਰਦੇ ਵਿਚ ਟਿਕਾਇਆਂ ਮਨੁੱਖ ਦਾ ਤਨ ਮਨ ਠੰਢਾ-ਠਾਰ ਹੋ ਜਾਂਦਾ ਹੈ, ਇਸ ਸੀਤਲਤਾ ਦੀ ਬਰਕਤਿ ਨਾਲ ਉਹ ਕਾਮ ਕ੍ਰੋਧ ਅਹੰਕਾਰ ਤੇ ਤ੍ਰਿਸ਼ਨਾ ਦੀ ਅੱਗ ਮੁਕ ਜਾਂਦੇ ਹਨ ਜੋ ਇਸ ਦੇ ਜੀਵਨ ਨੂੰ ਦੁਖੀ ਬਣਾ ਰਹੇ ਸਨ। 47।

ਨੋਟ: ਉਸ ਚਰਚਾ ਨੂੰ ਜਾਰੀ ਰੱਖਦੇ ਹੋਏ ਜੋਗੀਆਂ ਨੇ ਫਿਰ ਰਮਜ਼-ਭਰੇ ਤਰੀਕੇ ਨਾਲ ਪੁਛਿਆ ਕਿ (48 ਤੋਂ 49)

(1) ਉਹ ਕੇਹੜਾ ਵਸੀਲਾ ਹੈ ਜਿਸ ਨਾਲ ਬਰਫ਼ ਦਾ ਘਰ ਚੰਦ੍ਰਮਾ ਆਪਣਾ ਪ੍ਰਭਾਵ ਪਾਈ ਰੱਖੇ? ਅਤੇ

(2) ਕਿਸ ਤਰ੍ਹਾਂ ਸੂਰਜ ਤਪਿਆ ਰਹੇ?

ਭਾਵ = (1) ਕਿਸ ਤਰ੍ਹਾਂ ਮਨੁੱਖ ਦੇ ਮਨ ਵਿਚ ਸਦਾ ਠੰਢ-ਸ਼ਾਂਤੀ ਬਣੀ ਰਹਿ ਸਕਦੀ ਹੈ?

(2) ਕਿਵੇਂ ਮਨ ਵਿਚ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹਿ ਸਕਦਾ ਹੈ?

(3) ਕਿਸ ਤਰੀਕੇ ਨਾਲ ਮੌਤ ਦਾ ਸਹਿਮ ਮਨੁੱਖ ਦੇ ਦਿਲ ਤੋਂ ਦੂਰ ਹੋਵੇ?। 48।

ਉੱਤਰ: ਜਿਉਂ ਜਿਉਂ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਟਿਕਾਂਦਾ ਹੈ, ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਤੇ ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹਿਆਂ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।

ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਮਨੁੱਖ ਪ੍ਰਭੂ ਦੀ ਯਾਦ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ ਤਾਂ ਪ੍ਰਭੂ ਇਸ ਨੂੰ 'ਦੁਤਰ ਸਾਗਰ' ਤੋਂ ਪਾਰ ਲੰਘਾ ਲੈਂਦਾ ਹੈ। ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਬਣਾਇਆਂ ਮਨ ਹਰ ਵੇਲੇ ਪ੍ਰਭੂ-ਚਰਨਾਂ ਵਿਚ ਲੀਨ ਰਹਿਣ ਕਰ ਕੇ ਮੌਤ ਦਾ ਸਹਿਮ ਵਿਆਪਦਾ ਨਹੀਂ। 49।

ਨੋਟ: ਅਗਲੀਆਂ ਪੰਜ ਪਉੜੀਆਂ ਵਿਚ ਪ੍ਰਭੂ ਦੀ ਯਾਦ ਦੀ ਮਹੱਤਤਾ ਉਤੇ ਹੀ ਜ਼ੋਰ ਦੇਂਦੇ ਹਨ:

ਪ੍ਰਭੂ ਦਾ ਨਾਮ ਸਿਮਰਿਆਂ ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਦੇ ਅੰਦਰ ਰੱਬੀ ਜੀਵਨ ਦੀ ਇਕ ਐਸੀ ਲਹਿਰ ਚੱਲ ਪੈਂਦੀ ਹੈ ਕਿ ਜੀਵ ਦਾ ਪ੍ਰਭੂ ਨਾਲ ਮਿਲਾਪ ਸਦਾ ਲਈ ਪੱਕਾ ਹੋ ਜਾਂਦਾ ਹੈ। 50।

ਨਾਮ-ਸਿਮਰਨ ਦੀ ਬਰਕਤਿ ਨਾਲ ਮਨੁੱਖ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਹਰੇਕ ਘਟ ਵਿਚ ਮੌਜੂਦ ਭੀ ਹੈ ਤੇ ਫਿਰ ਭੀ ਉਸ ਉਤੇ ਮਾਇਆ ਦਾ ਦਬਾਉ ਨਹੀਂ ਪੈਂਦਾ। ਇਸ ਨਿਸਚੇ ਨਾਲ ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਹ ਆਪ ਭੀ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। 51।

ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਸ ਉਪਰ ਦੱਸੀ ਨਿਰਲੇਪ ਤੇ ਅਫੁਰ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ। ਇਸ ਅਵਸਥਾ ਵਿਚ ਟਿਕੇ ਹੋਏ ਬੰਦੇ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ। 52।

ਸਿਮਰਨ ਦੀ ਬਰਕਤਿ ਨਾਲ ਮਨੁੱਖ ਨੂੰ ਪਰਮਾਤਮਾ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ, ਨਿਰਲੇਪ ਅਵਸਥਾ ਉਸ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਕੋਈ ਭੀ ਹੋਰ ਫੁਰਨਾ ਉਥੇ ਆ ਨਹੀਂ ਸਕਦਾ, ਉਸ ਦੇ ਇੰਦ੍ਰਿਆਂ ਦੀ ਮਾਇਕ ਪਦਾਰਥਾਂ ਵਲ ਦੌੜ ਮਿਟ ਜਾਂਦੀ ਹੈ। 53।

ਸਿਫ਼ਤਿ-ਸਾਲਾਹ ਦੀ ਬਾਣੀ ਮਨੁੱਖ ਨੂੰ ਪਰਮਾਤਮਾ ਵਿਚ ਜੋੜੀ ਰਖਦੀ ਹੈ, ਇਸ ਬਾਣੀ ਦੀ ਸਹੈਤਾ ਨਾਲ ਗੁਰਮੁਖਿ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਹੋਰਨਾਂ ਨੂੰ 'ਦੁਤਰ ਸਾਗਰ' ਤੋਂ ਪਾਰ ਲੰਘਾਂਦਾ ਹੈ। 54।

(55, 56, 57) ਪ੍ਰਸ਼ਨ = ਭੈੜੀ ਮੱਤੇ ਲੱਗ ਕੇ ਮਨੁੱਖ ਲੋਕਾਂ ਵਿਚ ਇੱਜ਼ਤ-ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੇ ਵਿਕਾਰਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਸਹਿਮਿਆ ਰਹਿੰਦਾ ਹੈ; ਇਹੋ ਜਿਹੀਆਂ ਸੱਟਾਂ ਸਦਾ ਖਾਂਦਾ ਹੈ ਦੁਖੀ ਹੁੰਦਾ ਹੈ, ਫਿਰ ਭੀ ਇਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਮਝ ਨਹੀਂ ਪੈਂਦੀ। ਇਸ ਨੂੰ ਕਿਵੇਂ ਸਮਝ ਆਵੇ, ਤੇ ਭੈੜੀ ਮਤਿ ਤੋਂ ਇਸ ਦੀ ਕਿਵੇਂ ਖ਼ਲਾਸੀ ਹੋਵੇ?। 55।

ਉੱਤਰ = ਗੁਰੂ ਦੀ ਸਰਨ ਪੈ ਕੇ, ਗੁਰੂ ਦਾ ਸ਼ਬਦ ਵਿਚਾਰਿਆਂ ਭੈੜੀ ਮਤਿ ਦੂਰ ਹੋ ਜਾਂਦੀ ਹੈ, ਅਜੇਹਾ ਮਨੁੱਖ ਵਿਕਾਰਾਂ ਵਿਚ ਪੈਣ ਦੇ ਥਾਂ ਨਾਮ-ਧਨ ਖੱਟ ਕੇ ਆਪ 'ਦੁਤਰ ਸਾਗਰ' ਤੋਂ ਪਾਰ ਲੰਘਦਾ ਹੈ ਤੇ ਹੋਰਨਾਂ ਨੂੰ ਇਸ ਰਸਤੇ ਦੀ ਸੂਝ ਦੇਂਦਾ ਹੈ; ਉਸ ਨੂੰ ਹਰ ਪਾਸੇ ਹੀ ਪ੍ਰਭੂ ਹੀ ਪ੍ਰਭੂ ਵਿਆਪਕ ਦਿੱਸਦਾ ਹੈ। 56,57।

(58, 59, 60) ਪ੍ਰਸ਼ਨ = ਜਿਸ ਸ਼ਬਦ ਦੀ ਬਾਬਤ ਤੁਸੀ ਆਖਦੇ ਹੋ ਕਿ ਉਸ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਨਿਵਾਸ ਕਿੱਥੇ ਹੈ?

ਇਹ ਸੁਆਸ, ਜੋ ਬਾਹਰ ਵਲ ਕੱਢਿਆਂ ਹਵਾ ਦਸ ਉਂਗਲ ਦੇ ਫ਼ਾਸਲੇ ਤਕ ਬਾਹਰ ਜਾਂਦੀ ਹੈ, ਇਸ ਦਸ-ਉਂਗਲ-ਪ੍ਰਮਾਣ ਸੁਆਸ ਕਿਸ ਦੇ ਆਸਰੇ ਹਨ?। 58।

ਉੱਤਰ = ਪ੍ਰਭੂ ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਇੱਕ-ਰੂਪ ਹੀ ਹਨ, ਮੈਂ ਜਿੱਧਰ ਵੇਖਦਾ ਹਾਂ ਸ਼ਬਦ ਹੀ ਸ਼ਬਦ ਹੈ। ਤੇ, ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਦੇ ਹਿਰਦੇ ਵਿਚ ਇਹ ਸ਼ਬਦ ਵੱਸਦਾ ਹੈ। ਜੋ ਮਨੁੱਖ ਇਸ ਸ਼ਬਦ ਨੂੰ ਪਛਾਣ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ, ਉਸ ਦੇ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ।

ਇਹ ਸਿਫ਼ਤਿ-ਸਾਲਾਹ ਦਾ ਸ਼ਬਦ ਹੀ, ਪ੍ਰਭੂ ਦਾ ਨਾਮ ਹੀ, ਗੁਰਮੁਖਿ ਦੇ ਸੁਆਸਾਂ ਦਾ ਆਸਰਾ ਹੈ, ਗੁਰਮੁਖਿ ਸੁਆਸ ਸੁਆਸ ਪ੍ਰਭੂ ਨੂੰ ਚੇਤੇ ਰੱਖਦਾ ਹੈ। ਗੁਰਮੁਖਿ ਮਨੁੱਖ ਨੂੰ ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ। ਗੁਰਮੁਖਿ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਦਾ ਮਿਲਾਪ ਇੜਾ ਪਿੰਗਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਪ੍ਰਭੂ ਵਿਚ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੀਨ ਹੋ ਸਕੀਦਾ ਹੈ। 59, 60।

ਨੋਟ: ਪਉੜੀ ਨੰ: 61 ਵਿਚ ਦੋ ਵਾਰੀ ਪ੍ਰਸ਼ਨ ਕੀਤੇ ਹਨ, ਤੇ ਇਸੇ ਵਿਚ ਹੀ ਉੱਤਰ ਭੀ ਦੇ ਦਿੱਤੇ ਹਨ। ਪਉੜੀ ਨੰ: 62 ਅਤੇ 63 ਵਿਚ ਉਹਨਾਂ ਉੱਤਰਾਂ ਦਾ ਹੋਰ ਵਿਸਥਾਰ ਹੈ।

(61, 62, 63) ਪ੍ਰਸ਼ਨ = ਪ੍ਰਾਣਾਂ ਦਾ ਆਸਰਾ ਕੀਹ ਹੈ? ਅਤੇ, ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ?

ਉੱਤਰ = ਸਤਿਗੁਰੂ ਦਾ ਸ਼ਬਦ ਹੀ ਗੁਰਮੁਖਿ ਦੇ ਪ੍ਰਾਣਾਂ ਦਾ ਆਸਰਾ ਹੈ।

ਪ੍ਰਸ਼ਨ = ਉਹ ਕੇਹੜੀ ਮੱਤ ਹੈ ਜਿਸ ਦੀ ਰਾਹੀਂ ਮਨ ਸਦਾ ਟਿਕਿਆ ਰਹਿ ਸਕਦਾ ਹੈ?

ਉੱਤਰ = ਗੁਰੂ ਤੋਂ ਜੋ ਮੱਤ ਮਿਲਦੀ ਹੈ ਉਸ ਨਾਲ ਮਨ ਅਡੋਲ ਹੋ ਜਾਂਦਾ ਹੈ, ਚਾਹੇ ਸੁਖ ਮਿਲੇ ਤੇ ਚਾਹੇ ਦੁੱਖ ਵਾਪਰੇ।

ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦਾ ਆਸਰਾ ਨਹੀਂ ਲਿਆ, ਉਹ ਜਤੀ ਬਣ ਕੇ ਭੀ ਕੁਝ ਨਹੀਂ ਖੱਟਦਾ, ਤੇ ਪ੍ਰਾਣਾਯਾਮ ਵਿਚੋਂ ਭੀ ਉਸ ਨੂੰ ਕੁਝ ਨਹੀਂ ਲੱਭਦਾ।

ਗਿਆਨ ਦੀ ਪ੍ਰਾਪਤੀ ਦਾ ਸਾਧਨ ਕੇਵਲ ਗੁਰ-ਸ਼ਬਦ ਹੀ ਹੈ; ਜਿਸ ਨੂੰ ਇਹ ਦਾਤਿ ਮਿਲਦੀ ਹੈ ਉਸ ਦੀ ਤ੍ਰਿਸਨਾ-ਅੱਗ ਬੁਝ ਜਾਂਦੀ ਹੈ, ਉਸ ਨੂੰ ਆਤਮਕ ਸੁਖ ਲੱਭ ਪੈਂਦਾ ਹੈ।

(64, 65) ਪ੍ਰਸ਼ਨ = ਇਹ ਮਨ ਜੋ ਆਮ ਤੌਰ ਤੇ ਮਾਇਆ ਵਿਚ ਮਸਤਿਆ ਰਹਿੰਦਾ ਹੈ ਕਿਥੇ ਟਿਕਦਾ ਹੈ? ਇਹ ਪ੍ਰਾਣ ਕਿਥੇ ਟਿਕਦੇ ਹਨ?

ਜਿਸ ਸ਼ਬਦ ਦੀ ਰਾਹੀਂ ਤੁਹਾਡੇ ਮਤ-ਅਨੁਸਾਰ ਮਨ ਦੀ ਭਟਕਣਾ ਮੁਕਦੀ ਹੈ ਉਹ ਸ਼ਬਦ ਕਿਥੇ ਵੱਸਦਾ ਹੈ?

ਉੱਤਰ = ਜਦੋਂ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ ਗੁਰੁ ਦੇ ਹੁਕਮ ਵਿਚ ਤੁਰਦਾ ਹੈ ਤੇ ਇਹ ਮਨ ਅਡੋਲ ਹੋ ਕੇ ਅੰਦਰ ਹੀ ਹਿਰਦੇ ਵਿਚ ਟਿਕ ਜਾਂਦਾ ਹੈ। ਪ੍ਰਾਣਾਂ ਦੀ ਥੰਮ੍ਹੀ ਨਾਭੀ ਹੈ। ਦੁੱਤਰ ਸਾਗਰ ਤੋਂ ਤਾਰਨ ਵਾਲਾ ਸ਼ਬਦ ਸੁੰਨ ਪ੍ਰਭੂ ਵਿਚ ਟਿਕਦਾ ਹੈ, ਭਾਵ, ਸ਼ਬਦ ਅਤੇ ਪ੍ਰਭੂ ਵਿਚ ਕੋਈ ਭੇਦ ਨਹੀਂ ਹੈ। ਸ਼ਬਦ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਰੱਬੀ ਜੀਵਨ ਦੀ ਰੌ ਹਰ ਥਾਂ ਇੱਕ-ਰਸ ਵਿਆਪਕ ਹੈ।

(66, 67) ਪ੍ਰਸ਼ਨ = ਜਦੋਂ ਨਾਹ ਇਹ ਹਿਰਦਾ ਸੀ, ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਦਾ ਟਿਕਾਣਾ ਕਿੱਥੇ ਸੀ?

ਜਦੋਂ ਨਾਭੀ ਦਾ ਚੱਕਰ ਹੀ ਨਹੀਂ ਸੀ, ਤਦੋਂ ਸੁਆਸ ਕਿਥੇ ਟਿਕਦੇ ਸਨ?

ਜਦੋਂ ਕੋਈ ਰੂਪ ਰੇਖ ਨਹੀਂ ਸੀ, ਤਦੋਂ ਸ਼ਬਦ ਦਾ ਟਿਕਾਣਾ ਕਿਥੇ ਸੀ?

ਜਦੋਂ ਇਹ ਸਰੀਰ ਨਹੀਂ ਸੀ, ਤਦੋਂ ਮਨ ਪ੍ਰਭੂ ਵਿਚ ਕਿਵੇਂ ਜੁੜਦਾ ਸੀ?

ਉੱਤਰ = ਜਦੋਂ ਹਿਰਦਾ ਤੇ ਸਰੀਰ ਨਹੀਂ ਸਨ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਲੀਨ ਸੀ।

ਜਦੋਂ ਨਾਭੀ ਚੱਕਰ ਦੀ ਥੰਮ੍ਹੀ ਨਹੀਂ ਸੀ, ਤਦੋਂ ਪ੍ਰਾਣ ਭੀ ਪ੍ਰਭੂ ਵਿਚ ਹੀ ਟਿਕੇ ਹੋਏ ਸਨ।

ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ, ਤਦੋਂ 'ਦੁਤਰ ਸਾਗਰ' ਤੋਂ ਤਾਰਨ ਵਾਲਾ ਸ਼ਬਦ ਭੀ ਪ੍ਰਭੂ ਵਿਚ ਹੀ ਲੀਨ ਸੀ, ਕਿਉਂਕਿ ਜਦੋਂ ਜਗਤ ਦੀ ਹਸਤੀ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ ਆਪ ਹੀ ਆਪ ਸੀ।

(68, 69, 70, 71) ਪ੍ਰਸ਼ਨ = ਜਗਤ ਪੈਦਾ ਕਿਉਂ ਹੁੰਦਾ ਹੈ? ਤੇ, ਦੁਖੀ ਕਿਉਂ ਹੁੰਦਾ ਹੈ?

ਉੱਤਰ = ਜਗਤ ਹਉਮੈ ਵਿਚ ਪੈਦਾ ਹੁੰਦਾ ਹੈ (ਭਾਵ, ਜਗਤ ਦੀ ਦੌੜ-ਭੱਜ ਸੁਆਰਥ ਦੇ ਆਸਰੇ ਹੈ) । ਜੇ ਇਸ ਨੂੰ ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਇਹ ਦੁੱਖ ਪਾਂਦਾ ਹੈ। ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ (ਸੁਆਰਥ) ਨੂੰ ਸਾੜਦਾ ਹੈ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹਿੰਦਾ ਹੈ। 68।

ਨੋਟ: ਪਉੜੀ ਨੰ: 69, 70 ਅਤੇ 71 ਵਿਚ ਫਿਰ ਇਸੇ ਖ਼ਿਆਲ ਤੇ ਜ਼ੋਰ ਦੇਂਦੇ ਹਨ ਕਿ ਸਤਿਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਹੀ ਜੀਵਨ ਦਾ ਸਹੀ ਰਸਤਾ ਹੈ, ਸਤਿਗੁਰੂ ਦੀ ਬਾਣੀ ਦੀ ਰਾਹੀਂ ਹੀ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ। ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਹੀ ਅਸਲ ਜੋਗੀ ਹੈ। ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਘੋਰ ਹਨੇਰੇ ਵਿਚ ਟਿਕਿਆ ਰਹਿੰਦਾ ਹੈ, ਤੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦਾ ਹੈ।

ਨੋਟ: ਪਉੜੀ ਨੰ: 72 ਵਿਚ ਸਾਰੀ ਚਰਚਾ ਦਾ ਤੱਤ ਦੱਸਦੇ ਹਨ।

(72) ਸਾਰੇ ਉਪਦੇਸ਼ ਦਾ ਤੱਤ ਇਹ ਹੈ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਜੋਗ (ਪ੍ਰਭੂ ਨਾਲ ਮਿਲਾਪ) ਨਹੀਂ ਹੈ, ਤੇ, ਪ੍ਰਭੂ ਦਾ ਨਾਮ ਸਤਿਗੁਰੂ ਤੋਂ ਹੀ ਮਿਲਦਾ ਹੈ।

(73) ਨੋਟ: ਜਿਵੇਂ ਇਸ ਲੰਮੀ ਬਾਣੀ ਦੇ ਅਰੰਭ ਵਿਚ ਮੰਗਲਾਚਰਨ ਦੀ ਪਉੜੀ ਸੀ, ਹੁਣ ਪਉੜੀ ਨੰ: 72 ਤਕ 'ਪ੍ਰਭੂ-ਮਿਲਾਪ' ਬਾਰੇ ਸਾਰੀ ਚਰਚਾ ਮੁਕਾ ਕੇ ਅਖ਼ੀਰ ਵਿਚ 'ਪ੍ਰਾਰਥਨਾ' ਹੈ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈਂ ਕਿ ਤੂੰ ਕਿਹੋ ਜਿਹਾ ਤੇ ਕੇਡਾ ਵੱਡਾ ਹੈਂ। ਜਿਨ੍ਹਾਂ ਨੂੰ ਤੂੰ ਬੰਦਗੀ ਦੀ ਦਾਤਿ ਬਖ਼ਸ਼ਦਾ ਹੈਂ ਉਹ ਤੇਰੇ ਦਰਸ਼ਨ ਤੋਂ ਸਦਕੇ ਹੁੰਦੇ ਹਨ। ਤੂੰ ਆਪ ਹੀ ਇਹ ਰਚਨਾ ਦੀ ਖੇਡ ਰਚਣ ਵਾਲਾ ਹੈਂ।

ਸਿਧ ਗੋਸਟਿ ਵਿਚ ਦੱਸੇ ਜੋਗੀਆਂ ਦੇ ਪ੍ਰਸ਼ਨ

ਗੁਰੂ ਨਾਨਕ ਦੇਵ ਜੀ ਤੋਂ ਨਿੱਜੀ ਪ੍ਰਸ਼ਨ:

1. ਤੁਹਾਡਾ ਮਤ ਕੀਹ ਹੈ ਅਤੇ ਉਸ ਦਾ ਮਨੋਰਥ ਕੀਹ ਹੈ?

2. ਤੁਹਾਡੇ ਮਤ ਅਨੁਸਾਰ ਸੰਸਾਰ-ਸਮੁੰਦਰ ਤੋਂ ਪਾਰ ਕਿਵੇਂ ਲੰਘੀਦਾ ਹੈ?

3. ਤੁਸੀ ਜੁ ਆਖਦੇ ਹੋ ਕਿ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ, ਇਹ ਕਿਵੇਂ ਪਤਾ ਲੱਗੇ ਕਿ ਗੁਰੂ ਮਿਲ ਪਿਆ ਹੈ?

ਨੋਟ: ਇਹ ਤਿੰਨੇ ਪ੍ਰਸ਼ਨ ਚਰਪਟ ਜੋਗੀ ਨੇ ਕੀਤੇ ਸਨ। ਗੁਰੂ ਨਾਨਕ ਦੇਵ ਜੀ ਦਾ ਉੱਤਰ ਸੁਣ ਕੇ ਲੋਹਾਰੀਪਾ ਜੋਗੀ ਨੇ ਜਗਤ ਤੋਂ ਅਛੋਹ ਰਹਿਣ ਲਈ ਆਪਣੇ ਮਤ ਦੀ ਵਡਿਆਈ ਕੀਤੀ = ਘਰ ਬਾਰ ਛੱਡ ਕੇ ਰੁੱਖਾਂ ਹੇਠ ਟਿਕਣਾ, ਕੰਦ-ਮੂਲ ਖਾ ਕੇ ਗੁਜ਼ਾਰਾ ਕਰਨਾ, ਤੀਰਥ-ਇਸ਼ਨਾਨ, ਮੁੰਦ੍ਰਾ ਝੋਲੀ ਗੋਦੜੀ ਆਦਿਕ ਧਾਰਨੇ = ਇਸ ਤਰ੍ਹਾਂ ਮਨ ਮਾਇਆ ਦੀ ਚੋਟ ਤੋਂ ਬਚ ਜਾਂਦਾ ਹੈ।

ਪਰ ਸਤਿਗੁਰੂ ਜੀ ਨੇ ਰਸਤਾ ਗ਼ਲਤ ਦੱਸਿਆ।

ਇਸ ਤੋਂ ਅਗਾਂਹ ਜੋਗੀਆਂ ਵਲੋਂ ਖੁਲ੍ਹੇ ਸਵਾਲ ਹਨ।

ਕਿਸੇ ਖ਼ਾਸ ਜੋਗੀ ਵਲੋਂ ਨਹੀਂ।

4. ਉਹ ਕੌਣ ਹੈ ਜਿਸ ਨੂੰ ਤੁਸੀ "ਭਰਪੁਰਿ ਰਹਿਆ" ਆਖਦੇ ਹੋ? ਉਸ ਵਿਚ ਮਨੋਂ ਤਨੋਂ ਕਿਵੇਂ ਲੀਨ ਹੋ ਕੇ ਮੁਕਤ ਹੋ ਸਕੀਦਾ ਹੈ?

5. ਇਹ ਜੀਵ ਕਿਵੇਂ ਐਸਾ ਬੱਝਾ ਪਿਆ ਹੈ ਕਿ ਸਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ, ਤੇ ਇਹ ਅੱਗੋਂ ਆਪਣੇ ਬਚਾਉ ਲਈ ਭੱਜ ਭੀ ਨਹੀਂ ਸਕਦਾ?

6. ਜਦੋਂ ਸੁਮੇਰ ਪਰਬਤ ਤੇ ਤੁਸੀ ਸਾਨੂੰ ਮਿਲੇ ਸੀ, ਤਦੋਂ ਤੁਸਾਂ ਭੀ ਉਦਾਸੀ ਭੇਖ ਧਾਰਿਆ ਹੋਇਆ ਸੀ। ਜੇ "ਹਾਟੀ ਬਾਟੀ" ਨੂੰ ਤਿਆਗਣਾ ਨਹੀਂ, ਤਾਂ ਤੁਸਾਂ ਕਿਉਂ ਘਰ ਛੱਡਿਆ ਸੀ? ਤੁਸੀ ਆਪਣੇ ਸਿੱਖਾਂ ਨੂੰ ਕੇਹੜਾ ਰਸਤਾ ਦੱਸਦੇ ਹੋ?

7. ਦੁਨੀਆ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਇਉਂ ਹੀ ਬੜਾ ਔਖਾ ਹੈ, ਜਿਵੇਂ ਕੋਈ ਮਨੁੱਖ ਦੰਦਾਂ ਤੋਂ ਬਿਨਾ ਲੋਹਾ ਚੱਬਣ ਦੀ ਕੋਸ਼ਿਸ਼ ਕਰੇ। ਹੇ ਨਾਨਕ! ਤੂੰ ਆਪਣੀ ਜ਼ਿੰਦਗੀ ਕਿਵੇਂ ਪਲਟ ਲਈ? ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ? ਰੱਬੀ ਪ੍ਰਕਾਸ਼ ਤੈਨੂੰ ਕਿਵੇਂ ਮਿਲ ਪਿਆ?

8. ਸ੍ਰਿਸ਼ਟੀ ਦੀ ਉਤਪਤੀ ਬਾਰੇ ਤੁਹਾਡਾ ਕੀ ਖ਼ਿਆਲ ਹੈ? ਜਦੋਂ ਜਗਤ ਨਹੀਂ ਹੁੰਦਾ, ਤਦੋਂ ਨਿਰਗੁਣ-ਰੂਪ ਪ੍ਰਭੂ ਕਿਥੇ ਟਿਕਿਆ ਰਹਿੰਦਾ ਹੈ? ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਚਲਾ ਜਾਂਦਾ ਹੈ?

9. ਗਿਆਨ ਪ੍ਰਾਪਤ ਕਰਨ ਦਾ ਕੀਹ ਸਾਧਨ ਹੈ?

ਮੌਤ ਦਾ ਡਰ ਕਿਵੇਂ ਦੂਰ ਹੋ ਸਕਦਾ ਹੈ?

ਕਾਮਾਦਿਕ ਵੈਰੀਆਂ ਨੂੰ ਕਿਵੇਂ ਜਿੱਤੀਦਾ ਹੈ?

10. ਮਨੁੱਖ ਕਿਸ ਆਸਰੇ ਜੀਊਂਦਾ ਰਹਿ ਸਕਦਾ ਹੈ? ਕਿਸ ਦੀ ਸਿੱਖਿਆ ਉਤੇ ਤੁਰ ਕੇ ਮਨੁੱਖ ਦੁਨੀਆ ਵਿਚ ਰਹਿੰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਬਚਿਆ ਰਹਿ ਸਕਦਾ ਹੈ?

11. ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬਿਆ ਜਾਏ? ਬਰਫ਼ ਦੇ ਘਰ ਦੇ ਦੁਆਲੇ ਜੇ ਅੱਗ ਦਾ ਗੋਲਾ ਪਾਇਆ ਹੋਵੇ, ਤਾਂ ਕੇਹੜੀ ਗੁਫ਼ਾ ਵਰਤੀਏ ਜਿਥੇ ਉਹ ਬਰਫ਼ ਪੱਘਰ ਨਾਂਹ ਜਾਏ?

12. ਉਹ ਕੇਹੜਾ ਵਸੀਲਾ ਹੈ ਜਿਸ ਨਾਲ ਬਰਫ਼ ਦਾ ਘਰ-ਚੰਦ੍ਰਮਾ ਆਪਣਾ ਪ੍ਰਭਾਵ ਪਾਈ ਰੱਖੇ? ਕਿਸ ਤਰ੍ਹਾਂ ਸੂਰਜ ਸਦਾ ਤਪਿਆ ਰਹੇ? ਮੌਤ ਦਾ ਸਹਿਮ ਕਿਵੇਂ ਦੂਰ ਹੋਵੇ?

13. ਭੈੜੀ ਮੱਤੇ ਲੱਗ ਕੇ ਮਨੁੱਖ ਇੱਜ਼ਤ-ਇਤਬਾਰ ਗਵਾ ਲੈਂਦਾ ਹੈ, ਹਰ ਵੇਲੇ ਸਹਿਮਿਆ ਭੀ ਰਹਿੰਦਾ ਹੈ। ਇਸ ਭੈੜੀ ਮੱਤ ਤੋਂ ਖ਼ਲਾਸੀ ਕਿਵੇਂ ਮਿਲੇ?

14. ਜਿਸ ਸ਼ਬਦ ਦੀ ਬਾਬਤ ਤੁਸੀਂ ਆਖਦੇ ਹੋ ਕਿ ਉਸ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਨਿਵਾਸ ਕਿਥੇ ਹੈ? ਇਹ ਦਸ-ਉਂਗਲ-ਪ੍ਰਮਾਣ ਪ੍ਰਾਣ ਕਿਸ ਦੇ ਆਸਰੇ ਹਨ?

15. ਪ੍ਰਾਣਾਂ ਦਾ ਆਸਰਾ ਕੀਹ ਹੈ? ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਮਨ ਕਿਵੇਂ ਸਦਾ ਟਿਕਿਆ ਰਹਿ ਸਕਦਾ ਹੈ?

16. ਜਿਸ ਸ਼ਬਦ ਦੀ ਰਾਹੀਂ ਤੁਹਾਡੇ ਮਤ-ਅਨੁਸਾਰ ਮਨ ਦੀ ਭਟਕਣਾ ਮੁੱਕਦੀ ਹੈ ਉਹ ਸ਼ਬਦ ਕਿਥੇ ਵੱਸਦਾ ਹੈ?

17. ਜਦੋਂ ਨਾਹ ਇਹ ਹਿਰਦਾ ਸੀ, ਨਾਹ ਇਹ ਸਰੀਰ ਸੀ ਤਦੋਂ ਚੇਤਨ-ਸੱਤਾ ਦਾ ਟਿਕਾਣਾ ਕਿੱਥੇ ਸੀ? ਜਦੋਂ ਨਾਭੀ ਦਾ ਚੱਕਰ ਹੀ ਨਹੀਂ ਸੀ, ਤਦੋਂ ਸੁਆਸ ਕਿੱਥੇ ਟਿਕਦੇ ਸਨ? ਜਦੋਂ ਕੋਈ ਰੂਪ ਰੇਖ ਨਹੀਂ ਸੀ, ਤਦੋਂ ਸ਼ਬਦ ਦਾ ਟਿਕਾਣਾ ਕਿੱਥੇ ਸੀ? ਜਦੋਂ ਇਹ ਸਰੀਰ ਨਹੀਂ ਸੀ, ਤਦੋਂ ਮਨ ਪ੍ਰਭੂ ਵਿਚ ਕਿਵੇਂ ਜੁੜਦਾ ਸੀ?

18. ਜਗਤ ਕਿਉਂ ਪੈਦਾ ਹੁੰਦਾ ਹੈ? ਤੇ, ਜਗਤ ਦੁਖੀ ਕਿਉਂ ਹੁੰਦਾ ਹੈ?

ਸਿਧ ਗੋਸਟਿ ਦਾ ਕੇਂਦਰੀ ਭਾਵ:

ਹਰੇਕ ਸ਼ਬਦ ਦਾ, ਜਾਂ ਲੰਮੀ ਬਾਣੀ ਦਾ ਕੇਂਦਰੀ ਭਾਵ ਉਹਨਾਂ ਤੁਕਾਂ ਵਿਚ ਹੋਇਆ ਕਰਦਾ ਹੈ ਜਿਨ੍ਹਾਂ ਦੇ ਅਖ਼ੀਰ ਤੇ ਲਫ਼ਜ਼ "ਰਹਾਉ" ਲਿਖਿਆ ਹੁੰਦਾ ਹੈ। ਲਫ਼ਜ਼ 'ਰਹਾਉ' ਦਾ ਅਰਥ ਹੈ "ਠਹਿਰ ਜਾਉ", ਭਾਵ, ਜੇ ਤੁਸਾਂ ਸਾਰੇ ਸ਼ਬਦ ਜਾਂ ਸਾਰੀ ਬਾਣੀ ਦਾ ਕੇਂਦਰੀ ਭਾਵ ਸਮਝਣਾ ਹੈ ਤਾਂ ਇਹਨਾਂ ਤੁਕਾਂ ਨੂੰ ਗਹੁ ਨਾਲ ਵਿਚਾਰੋ।

'ਸਿਧ ਗੋਸਟਿ' ਦੀਆਂ 'ਰਹਾਉ' ਦੀਆਂ ਤੁਕਾਂ ਇਉਂ ਹਨ:

ਕਿਆ ਭਵੀਐ? ਸਚਿ ਸੂਚਾ ਹੋਇ ॥

ਸਾਚ ਸਬਦ ਬਿਨੁ ਮੁਕਤਿ ਨ ਕੋਇ ॥

ਸੋ, "ਸਿਧ ਗੋਸਟਿ" ਦਾ ਕੇਂਦਰੀ ਖ਼ਿਆਲ ਹੈ– ਗ੍ਰਿਹਸਤ ਛੱਡਣ ਦਾ ਕੋਈ ਲਾਭ ਨਹੀਂ। ਗ੍ਰਿਹਸਤ ਛੱਡਿਆਂ ਸੁਚਾ ਨਹੀਂ ਹੋ ਸਕੀਦਾ, ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂੰ ਮਿਲਦੀ। ਪਰਮਾਤਮਾ ਦੀ ਯਾਦ ਵਿਚ ਜੁੜਿਆਂ ਹੀ ਮਨ ਪਵਿਤ੍ਰ ਹੁੰਦਾ ਹੈ। ਜਦ ਤਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਮਨ ਨਾਹ ਜੁੜੇ, ਮਇਆ ਦੀ ਖਿੱਚ ਤੋਂ ਖ਼ਲਾਸੀ ਨਹੀਂ ਹੁੰਦੀ।

ਸਾਰੀ 'ਸਿਧ ਗੋਸਟਿ' ਵਿਚ ਇਸੇ ਕੇਂਦਰੀ ਖ਼ਿਆਲ ਦਾ ਵਿਸਥਾਰ ਹੈ।

ਜੋਗੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਮਤ ਵਿਚ ਫ਼ਰਕ

ਮਨੁੱਖ ਆਜੀਵਿਕਾ ਦੀ ਖ਼ਾਤਰ ਪਹਿਲਾਂ ਰੋਜ਼ੀ ਕਮਾਣੀ ਸ਼ੁਰੂ ਕਰਦਾ ਹੈ। ਪਰ ਸਹਿਜੇ ਸਹਿਜੇ ਉਸ ਕਮਾਈ ਨਾਲ ਮਨੁੱਖ ਦਾ ਪਿਆਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਥੋਂ ਤਕ, ਕਿ ਆਖ਼ਰ ਇਸ ਨੂੰ ਹਰ ਵੇਲੇ ਆਪਣੇ ਹੀ ਸੁਖ ਦਾ, ਆਪਣੇ ਹੀ ਵਡੱਪਣ ਦਾ ਖ਼ਿਆਲ ਬਣਿਆ ਰਹਿੰਦਾ ਹੈ। ਗੁਰਮਤਿ ਦੀ ਬੋਲੀ ਵਿਚ ਇਸ ਅਵਸਥਾ ਦਾ ਨਾਮ 'ਹਉਮੈ' ਹੈ। ਇਸ ਦਾ ਕੁਦਰਤੀ ਸਿੱਟਾ ਇਹ ਨਿਕਲਦਾ ਹੈ ਕਿ ਇਸ ਦੇ ਅੰਦਰ ਮੇਰ-ਤੇਰ ਵਧਦੀ ਹੈ, ਵਿਤਕਰਾ ਪੱਕਾ ਹੁੰਦਾ ਜਾਂਦਾ ਹੈ, ਆਪਣਾ-ਪਨ ਤੇ ਬਿਗਾਨਾ-ਪਨ ਬਣਦਾ ਜਾਂਦਾ ਹੈ ਸਤਿਗੁਰੂ ਜੀ ਨੇ ਇਸ ਹਾਲਤ ਨੂੰ ਬਿਆਨ ਕਰਨ ਵਾਸਤੇ ਲਫ਼ਜ਼ 'ਦੁਬਿਧਾ' ਵਰਤਿਆ ਹੈ। 'ਦੁਬਿਧਾ' ਦਾ ਅਰਥ ਹੈ "ਦੋ ਕਿਸਮ ਦਾ", "ਦੋ ਹਿੱਸਿਆਂ ਵਿਚ ਵੰਡਿਆ ਹੋਇਆ"। ਮਨ ਦੀ ਇਹੀ ਅਵਸਥਾ ਵਿਤਕਰਿਆਂ ਦਾ ਮੂਲ ਹੈ। ਇਹ 'ਦੁਬਿਧਾ' ਕਿਥੋਂ ਪੈਦਾ ਹੁੰਦੀ ਹੈ? ਹਉਮੈ ਤੋਂ।

'ਹਉਮੈ' ਦੋ ਲਫ਼ਜ਼ਾਂ ਦਾ ਜੋੜ ਹੈ 'ਹਉ' ਅਤੇ 'ਮੈ'। 'ਹਉ' ਸੰਸਕ੍ਰਿਤ ਦੇ ਲਫ਼ਜ਼ 'ਅਹੰ' ਦਾ ਪ੍ਰਾਕ੍ਰਿਤ ਰੂਪ ਹੈ, ਜਿਸ ਦਾ ਅਰਥ ਹੈ 'ਮੈਂ'। ਸੋ, 'ਹਉਮੈ' ਦਾ ਅਰਥ ਹੈ 'ਮੈਂ ਮੈਂ' ਹਰ ਗੱਲੇ, ਹਰ ਥਾਂ, ਹਰ ਵੇਲੇ ਇਹ ਖ਼ਿਆਲ ਟਿਕਿਆ ਰਹਿਣਾ ਕਿ "ਮੈਂ ਵੱਡਾ ਬਣ ਜਾਵਾਂ, ਮੈਂ ਅਮੀਰ ਹੋ ਜਾਵਾਂ, ਇਸ ਕੰਮ ਵਿਚੋਂ ਮੈਂ ਹੀ ਖੱਟ ਲਵਾਂ, ਮੈਂ ਹੀ ਮੈਂ, ਮੈਂ ਹੀ ਮੈਂ। " ਭਾਵ ਸੁਆਰਥ ਖ਼ੁਦਗ਼ਰਜ਼ੀ। ਜਿਸ ਮਨੁੱਖ ਨੇ ਸੁਆਰਥ ਨੂੰ ਹੀ ਜੀਵਨ ਦਾ ਨਿਸ਼ਾਨਾ ਬਣਾ ਲਿਆ ਹੋਵੇ, ਉਹ ਕੁਦਰਤੀ ਤੌਰ ਤੇ ਵਿਤਕਰਿਆਂ ਵਿਚ ਫਸ ਜਾਂਦਾ ਹੈ, ਦੂਜਿਆਂ ਦਾ ਨੁਕਸਾਨ ਕਰ ਕੇ ਭੀ ਆਪਣਾ ਲਾਭ ਸੋਚਦਾ ਹੈ।

ਟੱਬਰ, ਕੌਮ, ਦੇਸ, ਦੁਨੀਆ, ਕਿਤੇ ਭੀ ਧਿਆਨ ਮਾਰ ਕੇ ਵੇਖ ਲਵੋ, ਹਰ ਥਾਂ ਸੁਆਰਥ ਹੀ ਵੈਰ-ਵਿਰੋਧ ਦਾ ਮੂਲ ਹੈ। ਇਕੋ ਘਰ ਦੇ ਜੀਵ ਖ਼ੁਦਗ਼ਰਜ਼ੀ ਦੇ ਕਾਰਨ ਵੈਰੀ ਬਣ ਜਾਂਦੇ ਹਨ, ਇਕੋ ਕੌਮ ਦੇ ਬੰਦੇ ਇਕੋ ਦੇਸ ਦੇ ਵਸਨੀਕ ਇਕ ਦੂਜੇ ਦੇ ਲਹੂ ਦੇ ਤ੍ਰਿਹਾਏ ਹੋ ਜਾਂਦੇ ਹਨ, ਦੇਸ ਦੇਸ ਦੀ ਆਪੋ ਵਿਚ ਟੱਕਰ ਲੱਗ ਜਾਂਦੀ ਹੈ। ਇਹ ਸੁਆਰਥ ਦੁਨੀਆ ਨੂੰ ਨਰਕ ਬਣਾ ਦੇਂਦਾ ਹੈ। ਸੁਆਰਥੀ ਬੰਦਾ ਦੂਜਿਆਂ ਨੂੰ ਭੀ ਦੁਖੀ ਕਰਦਾ ਹੈ, ਤੇ ਆਪ ਭੀ ਸੁਖੀ ਨਹੀਂ ਰਹਿ ਸਕਦਾ।

ਜੋਗੀਆਂ ਨੇ ਇਸ ਦਾ ਇਲਾਜ ਇਹ ਸਮਝਿਆ ਕਿ ਘਰ-ਘਾਟ ਛੱਡ ਕੇ; ਮਲਕੀਅਤ ਮੁਕਾ ਕੇ ਜੰਗਲ-ਵਾਸਾ ਕਰ ਲਿਆ ਜਾਏ। ਪਰ ਮਾਇਆ ਨਿਰਾ ਇਸਤ੍ਰੀ ਬੱਚਿਆਂ ਦਾ ਪਿਆਰ ਹੀ ਨਹੀਂ, ਮਾਇਆ ਨਿਰੇ ਧਨ ਦਾ ਨਾਮ ਨਹੀਂ। ਮਾਇਆ ਦੇ ਕਈ ਸਰੂਪ ਹਨ। ਜੰਗਲ ਵਿਚ ਕੀਤੇ ਤਪਾਂ ਦਾ ਮਾਣ ਭੀ ਮਾਇਆ ਹੈ, ਸਮਾਧੀਆਂ ਦੀ ਇਕਾਗ੍ਰਤਾ ਤੋਂ ਪੈਦਾ ਹੋਈਆਂ ਮਾਨਸਕ ਤਾਕਤਾਂ ਦਾ ਨਸ਼ਾ ਭੀ ਮਾਇਆ ਹੈ, ਇਹਨਾਂ ਮਾਨਸਕ ਤਾਕਤਾਂ ਦੇ ਆਸਰੇ ਲੋਕਾਂ ਨੂੰ ਵਰ-ਸਰਾਪ ਦੇ ਲਾਲਚ-ਡਰਾਵੇ ਦੇਣੇ ਭੀ ਮਾਇਆ ਦੇ ਹੱਥਾਂ ਵਿਚ ਹੀ ਖੇਡਣਾ ਹੈ। ਜੰਗਲਾਂ ਵਿਚ ਜਾ ਕੇ ਭੀ 'ਮੈਂ, ਮੈਂ' ਟਿਕੀ ਹੀ ਰਹੀ, 'ਮੈਂ ਵਰ ਦੇ ਸਕਦਾ ਹਾਂ, ਮੈਂ ਸਰਾਪ ਦੇ ਸਕਦਾ ਹਾਂ' ਅਹੰਕਾਰ ਤੇ ਕ੍ਰੋਧ ਬਣੇ ਹੀ ਰਹੇ।

ਧਰਤੀ ਦੇ ਸਾਰੇ ਹੀ ਬੰਦਿਆਂ ਵਾਸਤੇ ਇਹ ਰਸਤਾ ਹੈ ਭੀ ਅਸੰਭਵ। ਕਿਰਤ-ਕਾਰ ਛੱਡਿਆਂ ਸਾਰੇ ਜੀਵਾਂ ਲਈ ਰੁੱਖ ਬਿਰਖ ਖ਼ੁਰਾਕ ਪੈਦਾ ਨਹੀਂ ਕਰ ਸਕਦੇ। ਜੇ ਸਾਰੇ ਹੀ ਮਨੁੱਖ ਗ੍ਰਿਹਸਤ ਛੱਡ ਕੇ ਜੰਗਲੀਂ ਚਲੇ ਜਾਣ, ਤਾਂ ਮਨੁੱਖ-ਜਾਤੀ ਹੀ ਖ਼ਤਮ ਹੋ ਜਾਏ। ਪਰ ਜੇ ਜੰਗਲੀਂ ਜਾ ਕੇ ਇਸਤ੍ਰੀ-ਪੁਰਸ਼ ਸੰਬੰਧ ਬਣੇ ਰਹਿਣ, ਤਾਂ ਮੁੜ ਗ੍ਰਿਹਸਤ ਹੀ ਹੋ ਗਿਆ।

ਗੁਰੂ ਨਾਨਕ ਦੇਵ ਜੀ ਦਾ ਰਸਤਾ ਇਹ ਹੈ ਕਿ ਗ੍ਰਿਹਸਤ ਵਿਚ ਰਹਿ ਕੇ ਹੀ 'ਹਉਮੈ' ਦਾ ਤਿਆਗ ਕੀਤਾ ਜਾਏ। 'ਹਉਮੈ' ਹੀ ਜਗਤ ਦੇ ਦੁੱਖਾਂ ਦਾ ਮੂਲ-ਕਾਰਨ ਹੈ। 'ਹਉਮੈ' ਨੂੰ ਤਿਆਗਣਾ ਹੈ ਦੁੱਖਾਂ ਤੋਂ ਬਚਣ ਲਈ। ਪਰ ਨਿਰੇ ਤਿਆਗ ਨਾਲ ਕੀਹ ਬਣੇ? ਅਸਲ ਨਿਸ਼ਾਨਾ ਹੈ ਮਨ ਦੀ ਸ਼ਾਂਤੀ, ਮਨ ਦਾ ਸਦੀਵੀ ਸੁਖ। ਸੁਖ ਸ਼ਾਂਤੀ ਦਾ ਸੋਮਾ ਹੈ ਪਰਮਾਤਮਾ। ਸੋ ਨਰਕੀ ਜੀਵਨ ਤੋਂ ਬਚਣ ਲਈ ਪਰਮਾਤਮਾ ਵਿਚ ਮਿਲੇ ਰਹਿਣਾ ਜ਼ਰੂਰੀ ਸ਼ਰਤ ਹੈ। ਪਰ ਪੂਰਨ ਮਿਲਾਪ ਸਿਰਫ਼ ਉਹਨਾਂ ਪਦਾਰਥਾਂ ਦਾ ਹੀ ਹੋ ਸਕਦਾ ਹੈ ਜਿਨ੍ਹਾਂ ਦਾ ਅਸਲਾ ਇਕੋ ਹੋਵੇ। ਪਾਣੀ ਤੇ ਤੇਲ ਨੂੰ ਬੋਤਲ ਵਿਚ ਪਾ ਕੇ ਕਿਤਨਾ ਹੀ ਹਿਲਾਈਏ, ਫਿਰ ਭੀ ਉਹ ਵੱਖ ਵੱਖ ਹੀ ਰਹਿਣਗੇ। ਪਰਮਾਤਮਾ ਹੈ ਸਾਰੇ ਜੀਵਾਂ ਨੂੰ ਪਿਆਰ ਕਰਨ ਵਾਲਾ, ਅਸੀਂ ਹਾਂ ਸਿਰਫ਼ ਆਪਣੇ ਆਪ ਨੂੰ ਪਿਆਰ ਕਰਨ ਵਾਲੇ। ਉਹ ਹੈ ਸਰਬ-ਪ੍ਰਿਯ, ਅਸੀਂ ਹਾਂ ਸ੍ਵੈ-ਪ੍ਰਿਯ। ਉਹ ਹੈ ਅਲ-ਗ਼ਰਜ਼, ਅਸੀਂ ਹਾਂ ਖ਼ੁਦ-ਗ਼ਰਜ਼। ਖ਼ੁਦ-ਗਰਜ਼ ਤੇ ਅਲ-ਗਰਜ਼ ਇੱਕ ਜਾਨ ਕਿਵੇਂ ਹੋ ਸਕਣ?

ਹਉਮੈ ਨਾਵੈ ਨਾਲਿ ਵਿਰੋਧੁ ਹੈ, ਦੁਇ ਨ ਵਸਹਿ ਇਕ ਠਾਇ ॥

ਫਿਰ, ਮੇਲ ਦਾ ਕੋਈ ਤਰੀਕਾ? ਹਾਂ, ਪਾਣੀ ਬਣ ਕੇ ਹੀ ਪਾਣੀ ਵਿਚ ਇੱਕ ਜਾਨ ਹੋਇਆ ਜਾ ਸਕਦਾ ਹੈ। ਸਾਡਾ ਤੇ ਪ੍ਰਭੂ ਦਾ ਸੁਭਾਵ ਰਲਿਆਂ ਹੀ ਅਸੀਂ ਉਸ ਵਿਚ ਇੱਕ-ਮਿੱਕ ਹੋ ਸਕਦੇ ਹਾਂ। ਆਪਣੇ ਆਪ ਨੂੰ ਪਿਆਰਨਾ ਛੱਡ ਦੇਈਏ, ਪਰਮਾਤਮਾ ਵਾਂਗ ਸਾਰੀ ਸ੍ਰਿਸ਼ਟੀ ਨੂੰ ਪਿਆਰਣ ਲੱਗ ਪਈਏ। ਕੋਈ ਐਸਾ ਪ੍ਰਬੰਧ ਬਣੇ ਕਿ ਸਾਰਾ ਹੀ ਜਗਤ ਪ੍ਰਭੂ-ਪਿਤਾ ਦਾ ਇੱਕੋ ਟੱਬਰ ਦਿੱਸਣ ਲੱਗ ਪਏ। ਸੁਭਾਉ ਰਲਾਣ ਦਾ ਇਕੋ ਇਕ ਤਰੀਕਾ ਹੈ ਉਹ ਹੈ ਪਿਆਰ। ਜਿਸ ਨਾਲ ਡੂੰਘਾ ਪਿਆਰ ਪੈ ਜਾਏ, ਉਸ ਨਾਲ ਸੁਭਾਉ ਭੀ ਮਿਲ ਜਾਂਦਾ ਹੈ। ਪਰ ਇਹ ਡੂੰਘਾ ਪਿਆਰ ਕਿਵੇਂ ਪਏ? ਜਿਸ ਨਾਲ ਪਿਆਰ ਹੋਵੇ, ਉਸ ਨੂੰ ਯਾਦ ਕਰਨ ਤੋਂ ਬਿਨਾ ਰਹਿ ਨਹੀਂ ਸਕੀਦਾ। ਜਿਉਂ ਜਿਉਂ ਮੁੜ ਮੁੜ ਕਿਸੇ ਨੂੰ ਯਾਦ ਕਰਦੇ ਰਹੀਏ, ਤਿਉਂ ਤਿਉਂ ਉਸ ਨਾਲ ਪਿਆਰ ਵਧਦਾ ਜਾਂਦਾ ਹੈ। ਯਾਦ ਤੇ ਪਿਆਰ, ਪਿਆਰ ਤੇ ਯਾਦ = ਇਹਨਾਂ ਦੀ ਆਪੋ ਵਿਚ ਡੂੰਘੀ ਸਾਂਝ ਹੈ। ਪਰਮਾਤਮਾ ਦੀ ਯਾਦ ਪਰਮਾਤਮਾ ਨਾਲ ਪਿਆਰ ਪਾਏਗੀ। ਪਿਆਰ ਉਸ ਨਾਲ ਸਾਡਾ ਸੁਭਾਉ ਮਿਲਾਏਗਾ। ਅਸੀਂ ਖ਼ੁਦਗ਼ਰਜ਼ੀ ਵਲੋਂ ਹਟ ਕੇ ਸਾਰੇ ਜਗਤ ਨੂੰ ਇੱਕ ਦਾ ਟੱਬਰ ਸਮਝ ਕੇ ਸਾਰੇ ਜਗਤ ਨਾਲ ਪਿਆਰ ਕਰਨ ਲੱਗ ਪਵਾਂਗੇ। ਬੱਸ! ਸੁਭਾਉ ਮਿਲ ਗਿਆ ਤਾਂ ਇੱਕ ਹੋ ਗਏ:

"ਜਿਉ ਜਲ ਮਹਿ ਜਲੁ ਆਇ ਖਟਾਨਾ ॥

ਤਿਉ ਜੋਤੀ ਸੰਗਿ ਜੋਤਿ ਸਮਾਨਾ ॥"

ਸੋ, ਗੁਰੂ ਨਾਨਕ ਦੇਵ ਜੀ ਦਾ ਇਹ ਮਾਰਗ ਹੈ ਕਿ ਗ੍ਰਿਹਸਤ ਵਿਚ ਰਹਿੰਦੇ ਹੋਏ ਖ਼ਲਕਤ ਵਾਸਤੇ ਜੀਵੀਏ; ਖ਼ਲਕਤ ਨਾਲ ਪਿਆਰ ਖ਼ਾਲਕ ਨਾਲ ਪਿਆਰ ਪਾਇਆਂ ਹੀ ਬਣ ਸਕਦਾ ਹੈ।

ਸਿਧ ਗੋਸਟਿ ਦੇ ਲਿਖੇ ਜਾਣ ਦਾ ਅਵਸਰ

ਸੰਨ 1521 ਵਿਚ ਤੀਜੀ 'ਉਦਾਸੀ' ਤੋਂ ਵਾਪਸ ਆ ਕੇ ਗੁਰੂ ਨਾਨਕ ਦੇਵ ਜੀ ਪੱਕੇ ਤੌਰ ਤੇ ਕਰਤਾਰਪੁਰ ਟਿਕ ਗਏ ਸਨ। ਕਰਤਾਰਪੁਰ ਸੰਨ 1515 ਦੇ ਅਖ਼ੀਰ ਵਿਚ ਵਸਾਇਆ ਗਿਆ ਸੀ, ਜਦੋਂ ਸਤਿਗੁਰੂ ਜੀ ਪਹਿਲੀ 'ਉਦਾਸੀ' ਤੋਂ ਵਾਪਸ ਮੁੜ ਕੇ ਤਲਵੰਡੀ ਮਾਪਿਆਂ ਨੂੰ ਮਿਲਣ ਪਿਛੋਂ ਪੱਖੋਕੇ ਰੰਧਾਵੇ ਆਪਣੀ ਇਸਤ੍ਰੀ ਤੇ ਬੱਚਿਆਂ ਨੂੰ ਮਿਲਣ ਆਏ ਸਨ। ਸਤਿਗੁਰੂ ਜੀ ਨੇ ਸਿਰਫ ਤਿੰਨ 'ਉਦਾਸੀਆਂ' ਕੀਤੀਆਂ ਸਨ।

ਕਤਰਾਰਪੁਰ ਰਾਵੀ ਦੇ ਉੱਤਰੀ ਕੰਢੇ ਤੇ ਹੈ। ਇਥੋਂ ਬਟਾਲਾ ਨਗਰ ਤਕਰੀਬਨ 21 ਮੀਲਾਂ ਦੀ ਵਿੱਥ ਤੇ ਦੱਖਣ ਪਾਸੇ ਹੈ। ਡੇਹਰਾ ਬਾਬਾ ਨਾਨਕ ਤੋਂ ਬਟਾਲੇ ਨੂੰ ਸਿੱਧੀ ਸੜਕ ਜਾਂਦੀ ਹੈ। ਡੇਰਾ ਬਾਬਾ ਨਾਨਕ ਰਾਵੀ ਦੇ ਦੱਖਣੀ ਕੰਢੇ ਤੇ ਹੈ। ਬਟਾਲੇ ਤੋਂ ਦੱਖਣ ਨੂੰ ਇਕ ਸੜਕ ਜਾਂਦੀ ਹੈ। ਇਸ ਸੜਕ ਉਤੇ ਬਟਾਲੇ ਤੋਂ ਤਿੰਨ ਮੀਲਾਂ ਦੀ ਵਿੱਥ ਤੇ ਇੱਕ ਮੰਦਰ ਹੈ ਜਿਸ ਦਾ ਨਾਮ 'ਅੱਚਲ' ਹੈ। ਇਹੀ ਮੰਦਰ ਜੋਗੀਆਂ ਦਾ ਹੈ। ਹਰ ਸਾਲ ਫੱਗਣ ਦੇ ਮਹੀਨੇ ਇਥੇ ਮੇਲਾ ਲੱਗਦਾ ਸੀ, ਤੇ, ਜੋਗੀ ਲੋਕ ਦੂਰੋਂ ਦੂਰੋਂ ਇਥੇ ਆ ਇਕੱਠੇ ਹੁੰਦੇ ਸਨ। ਚੁਗਿਰਦੇ ਪਿੰਡਾਂ ਦੇ ਲੋਕ ਇਹਨਾਂ ਜੋਗੀਆਂ ਦੀ ਬੜੀ ਮਾਨਤਾ-ਪੂਜਾ ਕਰਦੇ ਸਨ।

ਸੰਨ 1539 ਦੇ ਮੇਲੇ ਤੇ ਗੁਰੂ ਨਾਨਕ ਦੇਵ ਜੀ ਭੀ ਕਰਤਾਰਪੁਰੋਂ ਚੱਲ ਕੇ ਅੱਚਲ ਗਏ। ਜੋਗੀ ਪਿੰਡਾਂ ਦੇ ਭੋਲੇ ਲੋਕਾਂ ਉਤੇ ਆਪਣੀਆਂ ਰਿੱਧੀਆਂ ਸਿੱਧੀਆਂ ਦਾ ਪ੍ਰਭਾਵ ਪਾ ਰਹੇ ਸਨ। ਇਹੀ ਇਹਨਾਂ ਲੋਕਾਂ ਦੀ ਰਾਸਿ-ਪੂੰਜੀ ਸੀ। ਕਿਸੇ ਨੂੰ ਵਰ ਦਾ ਲਾਲਚ ਦੇਣਾ ਤੇ ਕਿਸੇ ਨੂੰ ਸਰਾਪ ਤੋਂ ਡਰਾਣਾ = ਇਹੀ ਇਹਨਾਂ ਪਾਸ ਹਥਿਆਰ ਸੀ, ਜਿਸ ਦੇ ਅਸਰ ਹੇਠ ਗ੍ਰਿਹਸਤੀ ਲੋਕ ਇਹਨਾਂ ਦੀ ਮਾਨਤਾ ਕਰਦੇ ਸਨ। ਪਰ ਗੁਰੂ ਨਾਨਕ ਦੇਵ ਜੀ ਦੇ ਪਰਚਾਰ ਦਾ ਅਸਰ ਵਧ ਰਿਹਾ ਸੀ। ਲੋਕਾਂ ਦੇ ਦਿਲਾਂ ਵਿਚੋਂ ਜੋਗੀਆਂ ਦੀ ਕਦਰ ਘਟ ਰਹੀ ਸੀ। ਜੋਗੀਆਂ ਨੂੰ ਭੀ ਇਹ ਕੰਡਾ ਚੁਭ ਰਿਹਾ ਸੀ।

ਜਦੋਂ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਅੱਚਲ ਦੇ ਮੇਲੇ ਤੇ ਆਇਆ ਹੋਇਆ ਵੇਖਿਆ, ਤਾਂ ਉਹਨਾਂ ਆਪੋ ਵਿਚ ਮਤਾ ਪਕਾਇਆ, ਕਿ ਹੁਣ ਮੌਕਾ ਹੈ ਜਾਂਦਾ ਰਸੂਖ਼ ਮੁੜ ਬਣਾਣ ਦਾ, ਲੋਕਾਂ ਨੂੰ ਕਰਾਮਾਤਾਂ ਵਿਖਾ ਕੇ ਆਪਣੀ ਬਜ਼ੁਰਗੀ ਦਾ ਸਿੱਕਾ ਬਿਠਾਈਏ, ਜਦੋਂ ਗੁਰੂ ਨਾਨਕ ਕੋਈ ਕਰਾਮਾਤ ਨਹੀਂ ਵਿਖਾ ਸਕੇਗਾ, ਤਾਂ ਸਾਡੇ ਪੈਰ ਫਿਰ ਜੰਮ ਜਾਣਗੇ।

ਜੋਗੀਆਂ ਨੇ ਲੋਕਾਂ ਨੂੰ ਕਈ ਚਮਤਕਾਰੇ ਵਿਖਾਏ। ਫਿਰ ਗੁਰੂ ਨਾਨਕ ਦੇਵ ਜੀ ਨੂੰ ਵੰਗਾਰਿਓ ਨੇ। ਪਰ ਸਤਿਗੁਰੂ ਜੀ ਨੇ ਸਿਰਫ਼ ਇਹ ਸਾਦਾ ਜਿਹਾ ਉੱਤਰ ਦਿੱਤਾ ਕਿ ਸਾਡੇ ਪਾਸ ਤਾਂ ਕੇਵਲ ਪ੍ਰਭੂ ਦੀ ਯਾਦ ਹੀ ਯਾਦ ਹੈ ਜਿਸ ਦੀ ਬਰਕਤਿ ਨਾਲ ਸਾਨੂੰ ਉਹ ਸਭ ਜੀਵਾਂ ਵਿਚ ਦਿੱਸਦਾ ਹੈ, ਤੇ ਅਸੀਂ ਕਿਸੇ ਉਤੇ ਕੋਈ ਡਰ-ਦਬਾਉ ਨਹੀਂ ਪਾਂਦੇ। ਲੋਕਾਂ ਨੂੰ ਡਰਾਣ ਦੇ ਥਾਂ ਉਹਨਾਂ ਨਾਲ ਪਿਆਰ ਕਰਨਾ = ਸਾਨੂੰ ਸਭ ਤੋਂ ਵੱਡੀ ਕਰਾਮਾਤ ਇਹੀ ਦਿੱਸਦੀ ਹੈ, ਤੇ, ਇਹ ਕਰਮਾਤ ਮਿਲਦੀ ਹੈ ਸਾਧ-ਸੰਗਤਿ ਵਿਚੋਂ।

ਸੁਣਨ ਵੇਖਣ ਵਾਲੇ ਲੋਕਾਂ ਨੂੰ ਜੋਗੀਆਂ ਦੇ ਤਮਾਸ਼ਿਆਂ ਨਾਲੋਂ ਗੁਰੂ ਨਾਨਕ ਦੇਵ ਜੀ ਦਾ ਉੱਤਰ ਵਧੀਕ ਜਚਿਆ। ਉਹਨਾਂ ਦੇ ਰਸੂਖ਼ ਉਤੇ ਸਗੋਂ ਇਕ ਹੋਰ ਚੋਟ ਵੱਜੀ। ਹੁਣ ਉਹਨਾਂ ਨੇ ਨਵਾਂ ਪੈਂਤੜਾ ਬਦਲਿਆ। ਸਾਰੇ ਜੋਗੀ ਸਤਿਗੁਰੂ ਜੀ ਦੇ ਦੁਆਲੇ ਬਹਸ ਕਰਨ ਲਈ ਇਕੱਠੇ ਹੋ ਗਏ।

ਨੋਟ: ਇਸ ਮਜ਼ਮੂਨ ਬਾਰੇ ਵਧੀਕ ਵਾਕਫ਼ੀਅਤ ਲਈ ਪੜ੍ਹੋ ਮੇਰਾ ਲੇਖ 'ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ' ਪੰਨਾ 114 ਪੁਸਤਕ 'ਗੁਰਮਤਿ ਪ੍ਰਕਾਸ਼' {ਸਿੰਘ ਬ੍ਰਦਰਜ਼, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਤੋਂ}।

ਮੁਖੀ ਸਿੱਧ

ਜੇਹੜੀ ਬਹਿਸ ਜੋਗੀਆਂ ਦੀ ਗੁਰੂ ਨਾਨਕ ਦੇਵ ਜੀ ਨਾਲ ਹੋਈ, ਸਤਿਗੁਰੂ ਜੀ ਨੇ ਉਸ ਨੂੰ ਵੇਹਲੇ ਸਮੇ ਕਵਿਤਾ ਦਾ ਰੂਪ ਦੇ ਕੇ "ਸਿਧ ਗੋਸਟਿ" ਨਾਮ ਦਿੱਤਾ। "ਸਿਧ ਗੋਸਟਿ" ਵਿਚ ਸਤਿਗੁਰੂ ਜੀ ਨੇ ਸਿਰਫ਼ ਦੋ ਸਿੱਧਾਂ ਦਾ ਨਾਮ ਲਿਖਿਆ ਹੈ– ਚਰਪਟ ਅਤੇ ਲੋਹਾਰੀਪਾ। ਚਰਚਾ ਛੇੜਨ ਵਾਲੇ ਇਹੀ ਦੋਵੇਂ ਸਨ। ਇਹੀ ਮੇਲੇ ਤੇ ਇੱਕਠੇ ਹੋਏ ਜੋਗੀਆਂ ਵਿਚੋਂ ਮੁਖੀ ਹੋਣਗੇ। ਪਰ ਹੋਰ ਜੋਗੀ ਭੀ ਕਈ ਪ੍ਰਸ਼ਨ ਪੁਛਦੇ ਰਹੇ। ਗੁਰੂ ਨਾਨਕ ਦੇਵ ਜੀ ਨੇ ਉਹ ਸਾਰੇ ਪ੍ਰਸ਼ਨ ਤੇ ਆਪਣੇ ਵਲੋਂ ਦਿੱਤੇ ਹੋਏ ਉੱਤਰ ਤਾਂ "ਸਿਧ ਗੋਸਟਿ" ਵਿਚ ਦਰਜ ਕਰ ਦਿੱਤੇ ਹਨ, ਪਰ ਪ੍ਰਸ਼ਨ ਕਰਨ ਵਾਲੇ ਜੋਗੀਆਂ ਦੇ ਨਾਮ ਨਹੀਂ ਦਿੱਤੇ। ਹਾਂ, ਭਾਈ ਗੁਰਦਾਸ ਜੀ ਨੇ ਉਹਨਾਂ ਵਿਚੋਂ ਇੱਕ ਦਾ ਨਾਮ ਭੰਗਰਨਾਥ ਦਿੱਤਾ ਹੈ, ਜਿਸ ਨੇ ਇਹ ਪੁਛਿਆ ਸੀ ਕਿ ਜੇ ਜ਼ਿੰਦਗੀ ਦਾ ਸਹੀ ਰਸਤਾ ਗ੍ਰਿਹਸਤ ਵਿਚ ਰਹਿ ਕੇ ਸੁਆਰਥ-ਰਹਿਤ ਹੋਣਾ ਹੈ ਤਾਂ ਤੁਸਾਂ ਗ੍ਰਿਹਸਤ ਕਿਉਂ ਛੱਡਿਆ ਸੀ।

ਨੋਟ: ਪਹਿਲਾ ਚਰਪਟ ਜੋਗੀ ਦਸਵੀਂ ਸਦੀ ਵਿਚ ਹੋਇਆ, ਗੁਰੂ ਨਾਨਕ ਦੇਵ ਜੀ ਤੋਂ ਪੰਜ ਸਦੀਆਂ ਪਹਿਲਾਂ। ਪਰ ਅਸੀਂ ਇਹ ਗੱਲ ਆਮ ਵੇਖਦੇ ਹਾਂ ਕਿ ਪ੍ਰਸਿੱਧ ਹਸਤੀਆਂ ਦੇ ਨਾਮ ਉਹਨਾਂ ਦੇ ਸਰਧਾਲੂ ਆਪਣੇ ਪਰਵਾਰਾਂ ਵਿਚ ਵਰਤਦੇ ਰਹਿੰਦੇ ਹਨ। ਸਿੱਖ ਪੰਥ ਵਿਚ ਪੰਜ ਪਿਆਰਿਆਂ ਦੇ ਨਾਮ ਖ਼ਾਸ ਆਦਰ-ਸਤਕਾਰ ਰੱਖਦੇ ਹਨ, ਪਰ ਇਹ ਨਾਮ ਆਮ ਵਰਤੇ ਜਾ ਰਹੇ ਹਨ। ਕਈ ਸੱਜਣ ਤਾਂ ਸਤਿਗੁਰੂ ਜੀ ਦੇ ਨਾਮ ਵਰਤਣੋਂ ਭੀ ਨਹੀਂ ਝਕਦੇ। ਇਸੇ ਤਰ੍ਹਾਂ ਇਹ ਚਰਪਟ ਭੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਹੀ ਕੋਈ ਪ੍ਰਸਿੱਧ ਜੋਗੀ ਹੈ।

ਕਦੋਂ ਲਿਖੀ ਗਈ?

ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ 'ਵਾਰ' ਵਿਚ ਇਸ ਬਹਿਸ ਦਾ ਕਾਫ਼ੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਥੇ ਉਹ ਲਿਖਦੇ ਹਨ ਕਿ ਸ਼ਿਵਰਾਤ ਦਾ ਮੇਲਾ ਸੁਣ ਕੇ ਗੁਰੂ ਨਾਨਕ ਦੇਵ ਜੀ ਕਰਤਾਰਪੁਰੋਂ ਅੱਚਲ ਵਟਾਲੇ ਗਏ। ਮੇਲਾ ਖ਼ਤਮ ਹੋਣ ਤੇ ਆਪ ਮੁਲਤਾਨ ਪਹੁੰਚੇ। ਮੁਲਤਾਨ ਤੋਂ ਵਾਪਸ ਕਰਤਾਰਪੁਰ ਆ ਕੇ ਝਬਦੇ ਹੀ ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਆਪਣੀ ਜ਼ਿੰਮੇਵਾਰੀ ਸੌਂਪ ਦਿੱਤੀ।

ਸ਼ਿਵਰਾਤ ਫ਼ਰਵਰੀ-ਮਾਰਚ ਵਿਚ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਸਤੰਬਰ 1539 ਵਿਚ ਜੋਤੀ ਜੋਤਿ ਸਮਾਏ ਸਨ। ਇਸ ਤੋਂ ਪਰਗਟ ਹੁੰਦਾ ਹੈ ਕਿ ਸਿੱਧਾਂ ਨਾਲ ਸਤਿਗੁਰੂ ਜੀ ਦੀ ਗੋਸਟਿ ਫ਼ਰਵਰੀ-ਮਾਰਚ ਸੰਨ 1539 ਵਿਚ ਹੋਈ ਸੀ, ਤੇ ਮੁਲਤਾਨ ਤੋਂ ਵਾਪਸ ਕਰਤਾਰਪੁਰ ਪਹੁੰਚ ਕੇ ਸਤਿਗੁਰੂ ਜੀ ਨੇ ਬਾਣੀ "ਸਿਧ ਗੋਸਟਿ" ਲਿਖੀ ਸੀ, ਜੋ ਹਰ ਹਾਲਤ ਵਿਚ ਸਤੰਬਰ ਤੋਂ ਪਹਿਲਾਂ ਸੀ।

ਨੋਟ: ਜੋਗੀਆਂ ਨੂੰ ਗੁਰੂ ਨਾਨਕ ਦੇਵ ਜੀ ਪਹਿਲੀ 'ਉਦਾਸੀ' ਵੇਲੇ ਭੀ 'ਗੋਰਖ ਮਤੇ' ਆਦਿਕ ਥਾਵਾਂ ਤੇ ਮਿਲੇ ਸਨ। ਦੂਜੀ 'ਉਦਾਸੀ' ਵਿਚ ਤਾਂ ਗਏ ਹੀ ਸਿੱਧੇ ਸੁਮੇਰ ਪਰਬਤ ਤੇ ਜੋਗੀਆਂ ਪਾਸ ਹੀ। ਜੋਗੀ ਸਦਾ ਪ੍ਰਸ਼ਨ ਕਰਦੇ ਰਹੇ, ਤੇ ਸਤਿਗੁਰੂ ਜੀ ਨੂੰ ਆਪਣੇ ਮਤ ਵਿਚ ਲਿਆਉਣ ਲਈ ਪ੍ਰੇਰਦੇ ਰਹੇ। ਬਾਣੀ "ਸਿਧ ਗੋਸਟਿ" ਵਿਚ ਗੁਰੂ ਨਾਨਕ ਦੇਵ ਜੀ ਨੇ ਉਹ ਸਾਰੇ ਹੀ ਪ੍ਰਸ਼ਨ-ਉੱਤਰ ਦਰਜ ਕੀਤੇ ਹਨ। ਪਹਿਲਾਂ ਮਿਲਣ ਬਾਰੇ ਜੋਗੀ ਭੰਗਰਨਾਥ ਦਾ ਪ੍ਰਸ਼ਨ ਦੱਸ ਪਾਂਦਾ ਹੈ।

'ਸਿਧ ਗੋਸਟਿ' ਬਾਰੇ ਭਾਈ ਗੁਰਦਾਸ ਜੀ ਦੀ ਲਿਖਤ

ਤੀਜੀ 'ਉਦਾਸੀ' ਤੋਂ ਵਾਪਸ ਮੁੜ ਕੇ

ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖੁ ਉਦਾਸੀ ਸਗਲ ਉਤਾਰਾ ॥ ਪਹਿਰਿ ਸੰਸਾਰੀ ਕਪੜੇ, ਮੰਜੀ ਬੈਠਿ ਕੀਆ ਅਵਤਾਰਾ ॥ ਉਲਟੀ ਗੰਗ ਵਹਾਈਓਨਿ, ਗੁਰ ਅੰਗਦੁ ਸਿਰਿ ਉਪਰਿ ਧਾਰਾ ॥ ਪੁਤਰੀ ਕਉਲੁ ਨ ਪਾਲਿਆ, ਮਨਿ ਖੋਟੇ ਆਕੀ ਨਸਿਆਰਾ ॥ ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਾਰਾ ॥ ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ ॥ ਸੋਦਰੁ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪੁ ਉਚਾਰਾ ॥ ਗੁਰਮੁਖਿ ਭਾਰਿ ਅਥਰਬਣਿ ਤਾਰਾ ॥38॥1॥

ਨੋਟ: ਬਾਬਾ ਲਹਿਣਾ ਜੀ ਸੰਨ 1532 ਵਿਚ ਗੁਰੂ ਨਾਨਕ ਦੇਵ ਜੀ ਦੀ ਸਰਨ ਆਏ ਸਨ।

ਮੇਲਾ ਸੁਣਿ ਸਿਵਰਾਤਿ ਦਾ, ਬਾਬਾ ਅਚਲ ਵਟਾਲੇ ਆਈ ॥ ਦਰਸਨੁ ਵੇਖਣਿ ਕਾਰਨੇ, ਸਗਲੀ ਉਲਟਿ ਪਈ ਲੋਕਾਈ ॥ ਲਗੀ ਬਰਸਣਿ ਲਛਮੀ, ਰਿਧਿ ਸਿਧਿ ਨਉ ਨਿਧਿ ਸਵਾਈ ॥ ਜੋਗੀ ਦੇਖਿ ਚਲਿਤ੍ਰ ਨੋ, ਮਨ ਵਿਚਿ ਰਿਸਕਿ ਘਨੇਰੀ ਖਾਈ ॥ ਭਗਤੀਆ ਪਾਈ ਭਗਤਿ ਆਣਿ, ਲੋਟਾ ਜੋਗੀ ਲਇਆ ਛਪਾਈ ॥ ਭਗਤੀਆ ਗਈ ਭਗਤਿ ਭੁਲਿ, ਲੋਟੇ ਅੰਦਰਿ ਸੁਰਤਿ ਭੁਲਾਈ ॥ ਬਾਬਾ ਜਾਣੀ ਜਾਣ ਪੁਰਖ, ਕਢਿਆ ਲੋਟਾ ਜਹਾ ਲੁਕਾਈ ॥ ਵੇਖਿ ਚਲਿਤ੍ਰਿ ਜੋਗੀ ਖੁਣਿਸਾਈ ॥39॥

ਖਾਧੀ ਖੁਣਸਿ ਜੋਗੀਸੋਰਾਂ, ਗੋਸਟਿ ਕਰਨਿ ਸਭੇ ਉਠਿ ਆਈ ॥ ਪੁਛੇ ਜੋਗੀ ਭੰਗਰ ਨਾਥੁ, ਤੁਹਿ ਦੁਧ ਵਿਚਿ ਕਿਉ ਕਾਂਜੀ ਪਾਈ ॥ ਫਿਟਿਆ ਚਾਟਾ ਦੁਧ ਦਾ, ਰਿੜਕਿਆ ਮਖਣੁ ਹਥਿ ਨ ਆਈ ॥ ਭੇਖ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ ॥ ਨਾਨਕ ਆਖੇ, ਭੰਗਰਿ ਨਾਥ! ਤੇਰੀ ਮਾਉ ਕੁਚਜੀ ਆਹੀ ॥ ਭਾਂਡਾ ਧੋਇ ਨ ਜਾਤਿਓਨਿ, ਭਾਇ ਕੁਚਜੇ ਫੁਲੁ ਸੜਾਈ ॥ ਹੋਇ ਅਤੀਤੁ ਗ੍ਰਿਹਸਤਿ ਤਜਿ, ਫਿਰਿ ਉਨਹੁ ਕੇ ਘਰਿ ਮੰਗਣਿ ਜਾਈ ॥ ਬਿਨੁ ਦਿਤੇ ਕਛੁ ਹਥਿ ਨ ਆਈ ॥40॥

ਭਾਵ = ਹੱਕ ਦੀ ਕਮਾਈ ਵਿਚੋਂ ਵੰਡ ਕੇ ਖਾਣ ਤੋਂ ਬਿਨਾ ਆਤਮਕ ਸੁਖ ਨਹੀਂ ਮਿਲਦਾ।

ਇਹਿ ਸੁਣਿ ਬਚਨਿ ਜੋਗੀਸਰਾਂ, ਮਾਰਿ ਕਿਲਕ ਬਹੁ ਰੂਇ ਉਠਾਈ ॥ ਖਟਿ ਦਰਸਨ ਕਉ ਖੇਦਿਆ, ਕਲਿਜੁਗਿ ਨਾਨਕ ਬੇਦੀ ਆਈ ॥ ਸਿਧਿ ਬੋਲਨਿ ਸਭਿ ਅਵਖਧੀਆ, ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ ॥ ਰੂਪ ਵਟਾਏ ਜੋਗੀਆਂ, ਸਿੰਘ ਬਾਘਿ ਬਹੁ ਚਲਿਤਿ ਦਿਖਾਈ ॥ ਇਕਿ ਪਰਿ ਕਰਿ ਕੈ ਉਡਰਨਿ, ਪੰਖੀ ਜਿਵੈ ਰਹੇ ਲੀਲਾਈ ॥ ਇਕ ਨਾਗ ਹੋਇ ਪਉਣ ਛੋਡਿਆ, ਇਕਨਾ ਵਰਖਾ ਅਗਨਿ ਵਸਾਈ ॥ ਤਾਰੇ ਤੋੜੇ ਭੰਗਰਿ ਨਾਥ, ਇਕ ਚੜਿ ਮਿਰਗਾਨੀ ਜਲੁ ਤਰਿ ਜਾਈ ॥ ਸਿਧਾ ਅਗਨਿ ਨ ਬੁਝੈ ਬੁਝਾਈ ॥41॥

ਅਗਨਿ = ਈਰਖਾ ਦੀ ਅੱਗ।

ਕਰਾਮਾਤਾਂ ਵਿਖਾ ਕੇ

ਸਿਧਿ ਬੋਲਨਿ, ਸੁਣਿ ਨਾਨਕਾ! ਤੁਹਿ ਜਗ ਨੋ ਕਰਾਮਾਤਿ ਦਿਖਾਈ ॥ ਕੁਝੁ ਵਿਖਾਲੇਂ ਅਸਾਂ ਨੋ, ਤੁਹਿ ਕਿਉਂ ਢਿਲ ਅਵੇਹੀ ਲਾਈ ॥ ਬਾਬਾ ਬੋਲੇ, ਨਾਥ ਜੀ! ਅਸਿ ਵੇਖਣਿ ਜੋਗੀ ਵਸਤੁ ਨ ਕਾਈ ॥

(ਭਾਵ, ਸਾਡੇ ਪਾਸ ਜੋਗੀਆਂ ਨੂੰ ਵਿਖਾਲਣ ਲਈ ਕੋਈ ਚੀਜ਼ ਨਹੀਂ)

ਗੁਰੁ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀ ਹੈ ਰਾਈ ॥ ਸਿਵ ਰੂਪੀ ਕਰਤਾ ਪੁਰਖੁ, ਚਲੇ ਨਾਹੀ ਧਰਤਿ ਚਲਾਈ ॥ ਸਿਧਿ ਤੰਤ੍ਰ ਮੰਤ੍ਰਿ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ ॥ ਦਦੇ ਦਾਤਾ ਗੁਰੂ ਹੈ, ਕਕੇ ਕੀਮਤਿ ਕਿਨੈ ਨ ਪਾਈ ॥ ਸੋ ਦੀਨ, ਨਾਨਕ ਸਤਿਗੁਰੁ ਸਰਣਾਈ ॥42॥

ਬਾਬਾ ਬੋਲੇ, ਨਾਥ ਜੀ! ਸਬਦੁ ਸੁਨਹੁ ਸਚੁ, ਮੁਖਹੁ ਅਲਾਈ ॥ ਬਾਝੋ ਸਚੇ ਨਾਮ ਦੇ, ਹੋਰੁ ਕਰਾਮਾਤਿ ਅਸਾਂ ਤੇ ਨਾਹੀ ॥ ਬਸਤਰਿ ਪਹਿਰੌ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ ॥ ਕਰੌਂ ਰਸੋਈ ਸਾਰਿ ਦੀ, ਸਗਲੀ ਧਰਤੀ ਨਥਿ ਚਲਾਈਂ ॥ ਏ ਵਡੁ ਕਰੀ ਵਿਥਾਰ ਕਉ, ਸਗਲੀ ਧਰਤੀ ਹਕੀ ਜਾਈ ॥ ਤੋਲੀ ਧਰਤਿ ਅਕਾਸਿ ਦੁਇ, ਪਿਛੇ ਛਾਬੇ ਟੰਕੁ ਚੜਾਈ ॥ ਇਹਿ ਬਲੁ ਰਖਾ ਆਪਿ ਵਿਚਿ, ਜਿਸੁ ਆਖਾ ਤਿਸੁ ਪਾਸਿ ਕਰਾਈ ॥ ਸਤਿਨਾਮੁ ਬਿਨੁ, ਬਾਦਰਿ ਛਾਈ ॥43॥

ਬਾਬੇ ਕੀਤੀ ਸਿਧਿ ਗੋਸਟਿ, ਸ਼ਬਦਿ ਸਾਂਤਿ ਸਿਧਾਂ ਵਿਚਿ ਆਈ ॥ ਜਿਣਿ ਮੇਲਾ ਸਿਵਰਾਤਿ ਦਾ, ਖਟ ਦਰਸਨਿ ਆਦੇਸਿ ਕਰਾਈ ॥ ਸਿਧਿ ਬੋਲਨਿ ਸੁਭ ਬਚਨਿ, ਧਨੁ ਨਾਨਕ ਤੇਰੀ ਵਡੀ ਕਮਾਈ ॥ ਵਡਾ ਪੁਰਖੁ ਪਰਗਟਿਆ, ਕਲਿਜੁਗਿ ਅੰਦਰਿ ਜੋਤਿ ਜਗਾਈ ॥ ਮੇਲਿਓ ਬਾਬਾ ਉਠਿਆ, ਮੁਲਤਾਨੇ ਦੀ ਜਾਰਤਿ ਜਾਈ ॥ ਅਗੋਂ ਪੀਰ ਮੁਲਤਾਨ ਦੇ, ਦੁਧਿ ਕਟੋਰਾ ਭਰਿ ਲੈ ਆਈ ॥ ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ ॥ ਜਿਉਂ ਸਾਗਰਿ ਵਿਚਿ ਗੰਗ ਸਮਾਈ ॥44॥

ਜਾਰਤਿ ਕਰਿ ਮੁਲਤਾਨ ਦੀ, ਫਿਰਿ ਕਰਤਾਰਿ ਪੁਰੇ ਨੋ ਆਇਆ ॥ ਚੜ੍ਹੇ ਸਵਾਈ ਦਿਹਿ ਦਿਹੀ, ਕਲਿਜੁਗਿ ਨਾਨਕ ਨਾਮੁ ਧਿਆਇਆ ॥ ਵਿਣੁ ਨਾਵੈ ਹੋਰੁ ਮੰਗਣਾ, ਸਿਰਿ ਦੁਖਾਂ ਦੇ ਦੁਖ ਸਬਾਇਆ ॥ ਮਾਰਿਆ ਸਿਕਾ ਜਗਤਿ ਵਿਚਿ, ਨਾਨਕ ਨਿਰਮਲ ਪੰਥੁ ਚਲਾਇਆ ॥ ਥਾਪਿਆ ਲਹਿਣਾ ਜੀਂਵਦੇ, ਗੁਰਿਆਈ ਸਿਰਿ ਛਤ੍ਰੁ ਫਿਰਾਇਆ ॥ ਜੋਤੀ ਜੋਤਿ ਮਿਲਾਇ ਕੈ, ਸਤਿਗੁਰਿ ਨਾਨਕਿ ਰੂਪੁ ਵਟਾਇਆ ॥ ਲਖਿ ਨ ਕੋਈ ਸਕਈ, ਆਚਰਜੇ ਆਚਰਜੁ ਦਿਖਾਇਆ ॥ ਕਾਇਆ ਪਲਟਿ ਸਰੂਪੁ ਬਣਾਇਆ ॥45॥

ਕੁਝ ਕੁ ਯੋਗ-ਮਤ ਬਾਰੇ

ਜੋਗੀ ਸ਼ਿਵ ਜੀ ਦੇ ਉਪਾਸ਼ਕ ਹਨ, ਜਿਸ ਨੂੰ ਉਹ ਮਹਾ ਯੋਗੀ ਤੇ ਸਭ ਤੋਂ ਪਹਿਲਾ ਯੋਗੀ ਮੰਨਦੇ ਹਨ। ਪੰਜਾਬ ਵਿਚ ਥਾਂ ਥਾਂ ਤੇ, ਖ਼ਾਸ ਕਰਕੇ ਸਿਵਿਆਂ ਮੜ੍ਹੀਆਂ ਵਿਚ, ਭੈਰੋਂ ਦੀਆਂ ਮੂਰਤੀਆਂ ਵੇਖਣ ਵਿਚ ਆਉਂਦੀਆਂ ਹਨ।

ਹਰ ਕੌਮ ਦੇ ਆਦਮੀ ਜੋਗ-ਮਤ ਧਾਰਨ ਕਰ ਸਕਦੇ ਹਨ। ਜੋ ਮੰਨੇ-ਪ੍ਰਮੰਨੇ ਜੋਗੀ ਫ਼ਕੀਰ ਹਨ, ਉਹਨਾਂ ਦੇ 12 ਪੰਥ ਹਨ:

ਹੇਤੂ, ਪਾਵ, ਆਈ, ਰਾਮ੍ਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ।

ਸਭ ਜੋਗੀ ਰੁਦ੍ਰਾਖ ਦੀ ਮਾਲਾ ਪਾਂਦੇ ਹਨ। ਬਾਹਲੇ ਮਾਸ ਖਾਂਦੇ ਹਨ, ਸ਼ਰਾਬ ਤੇ ਚਰਸ ਪੀਂਦੇ ਹਨ, ਇਹਨਾਂ ਨੂੰ ਉਹ ਜ਼ਰੂਰੀ ਸਮਝਦੇ ਹਨ।

ਗੋਰਖ ਨਾਥ ਦੇ ਪੰਥ ਦੇ ਜੋਗੀਸ਼ਰ ਜਾਂ ਕੰਨ-ਪਾਟੇ, ਕੰਨਾਂ ਵਿਚ ਲੱਕੜੀ, ਸ਼ੀਸ਼ੇ ਜਾਂ ਪੱਥਰ ਦੀਆਂ ਵੱਡੀਆਂ ਵੱਡੀਆਂ ਮੁਦਰਾਂ ਪਾਂਦੇ ਹਨ। ਇਹਨਾਂ ਦੇ ਨਾਮ ਦੇ ਪਿੱਛੇ ਲਫ਼ਜ਼ 'ਨਾਥ' ਆਉਂਦਾ ਹੈ। ਔਘੜ ਜਾਂ ਓਘੜ ਜੋਗੀਆਂ ਦੇ ਨਾਮ ਨਾਲ ਸ਼ਬਦ 'ਦਾਸ' ਹੁੰਦਾ ਹੈ।

ਜੋਗ ਦਾ ਨਿਸ਼ਾਨਾ ਇਹ ਹੈ ਕਿ ਮਨੁੱਖ ਪੱਥਰ-ਰੂਪ ਹੋ ਜਾਏ। ਇਸ ਅਵਸਥਾ ਦਾ ਨਾਮ ਉਹ "ਕੈਵਲ੍ਯ" ਰੱਖਦੇ ਹਨ।

ਸਾਡੇ ਦੇਸ ਦੇ ਪੁਰਾਣੇ ਸਿਆਣਿਆਂ ਦੇ ਖ਼ਿਆਲਾਂ ਅਨੁਸਾਰ ਸਰੀਰ ਵਿਚ ਬਹੱਤਰ ਹਜ਼ਾਰ ਨਾੜੀਆਂ ਹਨ, ਜੋ ਦਿਲ ਵਿਚੋਂ ਫੁਟਦੀਆਂ ਹਨ। ਜਿਸ ਜਿਸ ਥਾਂ ਇਹ ਨਾੜੀਆਂ ਚਹੁੰ ਪਾਸਿਆਂ ਤੋਂ ਆ ਕੇ ਮਿਲਦੀਆਂ ਹਨ, ਉਥੇ ਪਦਮ ਜਾਂ ਕਮਲ ਬਣ ਜਾਂਦੇ ਹਨ। ਇਹ ਕਮਲ ਹਰ ਕਿਸਮ ਦੇ ਸਰੀਰਕ ਕੰਮਾਂ ਦੇ ਕਰਨ ਲਈ ਤਾਕਤ ਦਾ ਸੋਮਾ ਹੁੰਦੇ ਹਨ। ਕਾਠ-ਉਪਨਿਸ਼ਦ ਵਿਚ ਲਿਖਿਆ ਹੈ ਕਿ ਦਿਲ ਵਿਚ ਇਕੋਤਰ ਸੌ ਨਾੜੀ ਹੈ। ਉਹਨਾਂ ਵਿਚੋਂ ਇਕ (ਸੁਖਮਨਾ ਨਾੜੀ) ਸਿਰ ਨੂੰ ਜਾਂਦੀ ਹੈ। ਮੌਤ ਸਮੇਂ ਇਸ ਦੇ ਰਸਤੇ ਜੀਵ ਉਪਰ ਚੜ੍ਹ ਕੇ ਅਮਰ ਹੁੰਦਾ ਹੈ।

"ਗਿਆਨ ਸਰੋਦਯ" (ਪ੍ਰਾਣਾਯਾਮ ਦੀ ਇਕ ਸ਼ਾਖ) ਦੇ ਅਨੁਸਾਰ ਇਕ ਨਾੜੀ 'ਇੜਾ' ਸੱਜੀ ਨਾਸ ਨੂੰ ਆਉਂਦੀ ਹੈ, ਅਤੇ 'ਪਿੰਗਲਾ' ਖੱਬੀ ਨਾਸ ਵਲ। 'ਸੁਖਮਨਾ' (ਸੁਸੁਮਨਾ) ਦਸਮ ਦੁਆਰ ਨੂੰ ਜਾਂਦੀ ਹੈ।

ਯੋਗ ਦੇ ਹੇਠ-ਲਿਖੇ ਅੱਠ ਅੰਗ ਹਨ:

ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰੱਤਿਆਹਾਰ, ਧਾਰਣਾ, ਧਿਆਨ, ਸਮਾਧੀ।

(1) 'ਯਮ' = ਹੋਰ ਲੋਕਾਂ ਨਾਲ ਸੁਥਰਾ ਵਿਹਾਰ ਰੱਖਣ ਵਾਸਤੇ ਆਪਣੇ ਉਤੇ ਲਾਈ ਹੋਈ ਬੰਦਸ਼ ਦਾ ਨਾਮ ਯਮ ਹੈ। ਭਾਈਚਾਰਕ ਜੀਵਨ ਸਾਂਵਾਂ-ਪੱਧਰਾ ਬਣਾਈ ਰੱਖਣ ਲਈ ਯੋਗ ਦੇ ਇਸ ਅੰਗ ਦੀ ਅਤਿਅੰਤ ਲੋੜ ਹੈ।

'ਯਮ' ਦਸ ਕਿਸਮ ਦਾ ਮਿਥਿਆ ਗਿਆ ਹੈ:

ਅਹਿੰਸਾ, ਸੱਤਯ, ਅਸਤੇਯ, ਬ੍ਰਹਮਚਰਜ, ਖਿਮਾ, ਧੀਰਜ (ਧ੍ਰਿਤੀ) , ਦਇਆ, ਸਾਦਗੀ (ਆਰਜਵ) , ਮਿਤਾਹਾਰ, ਸ਼ੌਚ।

ਅਹਿੰਸਾ = ਆਪਣੇ ਮਨ ਬਚਨਾਂ ਅਤੇ ਕੰਮਾਂ ਦੀ ਰਾਹੀਂ ਕਿਸੇ ਨੂੰ ਭੀ ਦੁੱਖ-ਕਲੇਸ਼ ਨਾਹ ਦੇਣ ਨੂੰ ਅਹਿੰਸਾ ਆਖਦੇ ਹਨ।

ਸੱਤਯ = ਸੱਚ; ਸੱਚ ਬੋਲਣਾ।

ਅਸਤੇਯ = ਪਰ-ਧਨ ਦਾ ਤਿਆਗ, ਕੋਈ ਭੀ ਪਰਾਈ ਸ਼ੈ ਅੰਗੀਕਾਰ ਨਾਹ ਕਰਨ ਦਾ ਨਾਮ 'ਅਸਤੇਯ' ਹੈ।

ਬ੍ਰਹਮਚਰਯ = ਅਸਥਿਰ-ਵੀਰਜ ਰਹਿਣ ਨੂੰ ਬ੍ਰਹਮਚਰਯ ਆਖੀਦਾ ਹੈ। ਕਾਮ-ਵਾਸਨਾ ਦੇ ਅਧੀਨ ਨਾਹ ਹੋਣਾ।

ਖਿਮਾ = ਬੋਲ ਅਤੇ ਕਬੋਲ ਦੋਹਾਂ ਨੂੰ ਇਕ-ਸਮਾਨ ਸਹਾਰਨ ਨੂੰ ਖਿਮਾ ਕਹਿੰਦੇ ਹਨ।

ਧੀਰਜ = ਸੌਖ ਅਤੇ ਬਿਪਤਾ ਵੇਲੇ ਅਡੋਲ ਚਿੱਤ ਰਹਿਣਾ ਧੀਰਜ ਹੈ (ਧ੍ਰਿਤੀ) ।

ਦਇਆ = ਵੈਰੀ ਅਤੇ ਪਰਦੇਸੀ ਨਾਲ ਮਿਤ੍ਰ ਵਾਲਾ ਹਿਤ ਕਰਨ ਦਾ ਨਾਮ ਦਇਆ ਹੈ।

ਆਰਜਵ = ਸਾਦਗੀ, ਸਾਦਾ ਜੀਵਨ।

ਸ਼ੌਚ = ਅੰਦਰਲੀ ਅਤੇ ਬਾਹਰਲੀ ਪਵਿਤ੍ਰਤਾ।

ਨੋਟ: ਇਹਨਾਂ ਤੋਂ ਇਲਾਵਾ ਨਿਰਲੋਭਤਾ ਅਤੇ ਨਿਰਭੈਤਾ ਨੂੰ ਭੀ 'ਯਮ' ਵਿਚ ਹੀ ਕਈ ਵਿਦਵਾਨ ਸ਼ਾਮਲ ਕਰਦੇ ਹਨ।

(2) ਨਿਯਮ = ਆਪਣੇ ਅੰਦਰ ਸ਼ਾਂਤੀ ਕਾਇਮ ਰੱਖਣ ਵਾਸਤੇ ਆਪਣੇ ਉਤੇ ਲਾਈ ਹੋਈ ਬੰਦਸ਼ ਦਾ ਨਾਮ ਨਿਯਮ ਹੈ।

ਨਿਯਮ ਦੀਆਂ ਹੇਠ-ਲਿਖੀਆਂ ਦਸ ਕਿਸਮਾਂ ਹਨ:

ਤਪ, ਸੰਤੋਖ, ਆਸਤਿਕਤਾ, ਦਾਨ, ਈਸ਼੍ਵਰ-ਭਗਤੀ, ਸਿੱਧਾਂਤ-ਸ੍ਰਵਣ, ਹ੍ਰੀ (ਲੱਜਾ) , ਮਤੀ (ਸਰਧਾ) , ਜਪ, ਹੁਤੀ।

ਤਪ = ਸਰਦੀ ਗਰਮੀ ਆਦਿਕ ਦ੍ਵੰਦ ਸਹਿਣ ਦਾ ਨਾਮ ਤਪ ਹੈ।

ਸੰਤੋਖ = ਸਹਜ-ਸੁਭਾਇ ਆਏ ਸੁਖ ਦੁੱਖ ਨੂੰ ਖਿੜੇ-ਮੱਥੇ ਸਹਾਰਨਾ।

ਆਸਤਿਕਤਾ = ਪਰਮਾਤਮਾ ਦੀ ਹੋਂਦ ਨੂੰ ਮੰਨਣਾ।

ਦਾਨ = ਹੱਕ ਦੀ ਕਮਾਈ ਵਿਚੋਂ ਭਲੇ ਮਨੁੱਖਾਂ ਦੀ ਸੇਵਾ ਕਰਨੀ।

ਈਸ਼੍ਵਰ-ਭਗਤੀ = ਪਰਮਾਤਮਾ ਦੀ ਪੂਜਾ।

ਸਿੱਧਾਂਤ-ਸ੍ਰਵਣ = ਧਰਮ-ਗ੍ਰੰਥਾਂ ਦਾ ਸੁਣਨਾ ਤੇ ਮੰਨਣਾ।

ਹ੍ਰੀ (ਲੱਜਾ) = ਕੋਈ ਮੰਦਾ ਕਰਮ ਕਰਨ ਵਲੋਂ ਮਨ ਵਿਚ ਸੰਕੋਚ ਪੈਦਾ ਹੋਣਾ।

ਮਤੀ (ਸਰਧਾ) = ਧਰਮ ਸ਼ਾਸਤ੍ਰ ਦੇ ਦੱਸੇ ਹੋਏ ਕੰਮ ਨੂੰ ਕਰਨ ਵਿਚ ਦ੍ਰਿੜ੍ਹ ਵਿਸ਼ਵਾਸ।

ਜਪ = ਮੰਤ੍ਰ ਨੂੰ ਮੁੜ ਮੁੜ ਉਚਾਰਨਾ।

ਹੁਤੀ = ਹਵਨ।

ਨੋਟ: ਕਈ ਸ਼ਾਸਤ੍ਰ-ਕਾਰ ਪੰਜ ਪੰਜ ਨਿਯਮ ਦੱਸਦੇ ਹਨ, ਕਈ ਦਸ ਦਸ ਆਖਦੇ ਹਨ, ਅਤੇ ਕਈ ਦਸਾਂ ਤੋਂ ਭੀ ਵਧੀਕ ਆਖਦੇ ਹਨ। ਪਰ ਇਸ ਗਿਣਤੀ ਦੇ ਘਟ ਵਧ ਹੋਣ ਵਿਚ ਕੋਈ ਵਿਗਾੜ ਨਹੀਂ ਹੈ। ਇਹ ਸਾਰੇ ਗੁਣ ਇਕ ਦੂਜੇ ਦੇ ਆਸਰੇ ਰਹਿਣ ਵਾਲੇ ਹਨ।

(3) ਆਸਣ = ਯੋਗ ਦੇ ਤੀਜੇ ਅੰਗ ਦਾ ਨਾਮ 'ਆਸਣ' ਹੈ। ਆਸਣਾਂ ਦੇ ਅੱਭਿਆਸ ਨਾਲ ਸਰੀਰ ਦੇ ਲਹੂ ਦਾ ਗੇੜ ਠੀਕ ਚਾਲ ਤੇ ਰਹਿੰਦਾ ਹੈ, ਸਰੀਰ ਦੇ ਸਾਰੇ ਪੱਠੇ ਨਿਰੋਏ ਤੇ ਸਾਫ਼ ਰਹਿੰਦੇ ਹਨ ਅਤੇ ਸਾਰੀਆਂ ਆਂਦਰਾਂ ਦੀ ਕੁਦਰਤੀ ਚਾਲ ਠੀਕ ਹਾਲਤ ਵਿਚ ਟਿਕੀ ਰਹਿੰਦੀ ਹੈ। ਜਿਨ੍ਹਾਂ ਲੋਕਾਂ ਨੇ ਪਹਿਲਾਂ ਪਹਿਲ ਹੀ ਆਸਣ ਸਿੱਖਣੇ ਸ਼ੁਰੂ ਕਰਨੇ ਹੋਣ, ਉਹਨਾਂ ਨੂੰ ਪਤ-ਝੜ ਜਾਂ ਬਸੰਤ ਰੁੱਤ ਵਿਚ ਸ਼ੁਰੂ ਕਰਨੇ ਚਾਹੀਦੇ ਹਨ। ਆਸਣ ਕਰਨ ਵਾਸਤੇ ਥਾਂ ਭੀ ਕੋਈ ਐਸਾ ਚਾਹੀਦਾ ਹੈ ਜੋ ਨਿਵੇਕਲਾ ਤੇ ਸਾਫ਼-ਸੁਥਰਾ ਹੋਵੇ, ਜਿਥੇ ਕੋਈ ਵਿਕਾਰ ਆਦਿਕ ਉਪੱਦਰ ਮਨ ਨੂੰ ਵਿਗਾੜ ਨਾਹ ਸਕੇ।

ਹਰੇਕ ਆਸਣ ਦਾ ਸਰੀਰ ਤੇ ਮਨ ਉਤੇ ਆਪਣਾ ਆਪਣਾ ਅਸਰ ਹੁੰਦਾ ਹੈ। ਵਖ ਵਖ ਆਸਣ ਤੇ ਪ੍ਰਾਣਾਯਾਮ ਕਰ ਕੇ ਜੋਗੀ ਹਰ ਕਿਸਮ ਦੀ ਬੀਮਾਰੀ ਤੋਂ ਬਚ ਸਕਦਾ ਹੈ।

ਵਸ਼ਿਸ਼ਟ, ਯਗ੍ਯ ਵਲਕਯ ਅਤੇ ਹੋਰ ਰਿਸ਼ੀਆਂ ਨੇ ਆਸਣਾਂ ਦੀ ਗਿਣਤੀ 84 ਲਿਖੀ ਹੈ। ਇਹਨਾਂ ਆਸਣਾਂ ਦਾ ਮੋਢੀ ਮਹਾਦੇਵ ਨੂੰ ਮੰਨਿਆ ਗਿਆ ਹੈ। ਪਰ ਮੁੱਖ ਆਸਣ ਦਸ ਕੁ ਹਨ। ਯੋਗ ਅੱਭਿਆਸ ਕਰਦਿਆਂ ਜਦ ਤਕ ਆਸਣ ਠੀਕ ਨਾਹ ਹੋ ਜਾਏ, ਤਦ ਤਕ ਅਗਲੇ ਅੱਭਿਆਸ ਸ਼ੁਰੂ ਕਰਨ ਦੀ ਮਨਾਹੀ ਹੈ।

(4) ਪ੍ਰਾਣਾਯਾਮ = ਕੁਝ ਨਿਯਮਾਂ ਅਨੁਸਾਰ ਸਾਹ ਅੰਦਰ ਖਿੱਚਣਾ (ਪੂਰਕ) , ਬਾਹਰ ਕੱਢਣਾ (ਰੇਚਕ) , ਅਤੇ ਅੰਦਰ ਰੋਕ ਕੇ ਰੱਖਣਾ (ਕੁੰਭਕ) = ਇਸ ਅੱਭਿਆਸ ਨੂੰ ਪ੍ਰਾਣਾਯਾਮ ਆਖਦੇ ਹਨ। ਇਸ ਅੱਭਿਆਸ ਦਾ ਮੁਖ ਮੰਤਵ ਇਹ ਹੈ ਕਿ 'ਪ੍ਰਾਣ ਵਾਯੂ' ਨੂੰ 'ਅਪਾਨ ਵਾਯੂ' (ਧੁਰ ਹੇਠਲੀ ਵਾਯੂ) ਨਾਲ ਰਲਾ ਕੇ ਹੌਲੀ ਹੌਲੀ ਉਪਰ ਖਿੱਚਿਆ ਜਾਏ। ਇਸ ਤਰ੍ਹਾਂ ਕੀਤਿਆਂ ਧੁਨੀ ਦੇ ਪਾਸ ਜੋ ਅਨੋਖੀ ਸ਼ਕਤੀ ਕੁੰਡਲਨੀ ਗੁੰਝਲ ਮਾਰੀ ਬੈਠੀ ਹੈ ਉਹ ਜਾਗ ਪੈਂਦੀ ਹੈ, ਤੇ ਰਿੱਧੀਆਂ ਸਿੱਧੀਆਂ ਮਿਲਦੀਆਂ ਹਨ।

ਪ੍ਰਾਣਾਂ ਦਾ ਵਾਹਨ (ਨਾੜੀਆਂ) ਜਦ ਤਕ ਅਸੁੱਧ ਰਤੂਬਤਾਂ ਨਾਲ ਰੁਕੀਆਂ ਪਈਆਂ ਹਨ, ਤਦ ਤਕ ਪ੍ਰਾਣ ਸੁਖਮਨਾ ਨਾੜੀ ਵਿਚ ਦੀ ਨਹੀਂ ਚੱਲਦਾ, ਅਤੇ 'ਉਨਮਨੀ' ਮੁੱਦ੍ਰਾ ਪ੍ਰਾਪਤ ਨਹੀਂ ਹੋ ਸਕਦੀ। ਸੋ ਇਹਨਾਂ ਰਤੂਬਤਾਂ ਦੇ ਦੂਰ ਕਰਨ ਲਈ ਪਹਿਲਾਂ ਪ੍ਰਾਣਾਯਾਮ ਕਰਨ ਦੀ ਲੋੜ ਹੁੰਦੀ ਹੈ।

(5) ਪ੍ਰੱਤਿਆਹਾਰ = ਇੰਦ੍ਰਿਆਂ ਦਾ ਆਪਣੇ ਆਪਣੇ ਕੰਮ ਤੋਂ ਰੁਕਣਾ।

ਨੋਟ: ਇਹ ਉਪਰਲੇ ਪੰਜੇ ਬਾਹਰਲੇ ਸਾਧਨ ਹਨ।

(6) ਧਾਰਨਾ = ਚਿੱਤ ਨੂੰ ਕਿਸੇ ਥਾਂ ਬੰਨ੍ਹ ਕੇ ਟਿਕਾ ਕੇ ਰੱਖਣਾ।

(7) ਧਿਆਨ = ਮਨ ਦਾ ਕਿਸੇ ਚੀਜ਼ ਨਾਲ ਇੱਕ-ਰੂਪ ਹੋ ਜਾਣਾ।

(8) ਸਮਾਧੀ = ਮਨ ਆਪਣਾ ਸਰੂਪ ਹੀ ਭੁੱਲ ਕੇ 'ਧਿਆਨ' ਵਾਲੀ ਚੀਜ਼ ਹੀ ਬਣ ਜਾਏ। ਉਸ ਅਵਸਥਾ ਦਾ ਨਾਮ 'ਸਮਾਧੀ' ਹੈ।

ਨੋਟ: ਇਹ ਉਪਰਲੇ ਤਿੰਨੇ 'ਸੰਯਮ' ਹਨ। ਇਹਨਾਂ ਦੇ ਅੱਭਿਆਸ ਨਾਲ ਬਿਭੂਤੀਆਂ ਤੇ ਸਿੱਧੀਆਂ ਹਾਸਲ ਹੁੰਦੀਆਂ ਹਨ।

ਸਿੱਧੀਆਂ

ਅਣਿਮਾ, ਗਰਿਮਾ, ਲਘਿਮਾ, ਮਹਿਮਾ, ਪ੍ਰਾਕਾਮ੍ਯ, ਈਸ਼ੱਤ੍ਵ, ਵਸ਼ਿਤ੍ਵੱ, ਕਾਮ-ਵੱਸ਼ਯਤ੍ਵੱ। (ਵੇਖੋ ਪਉੜੀ ਨੰ: 31)

ਖਟ ਕਰਮ

ਜੋ ਜੋਗੀ ਉਪਰ-ਲਿਖੇ 8 ਅੰਗਾਂ ਦੀ ਰਾਹੀਂ ਸਰੀਰ ਨੂੰ ਸੁਧ ਨਾਹ ਕਰ ਸਕਣ, ਉਹਨਾਂ ਨੂੰ ਹੋਰ ਛੇ ਅੱਭਿਆਸ ਕਰਨੇ ਪੈਂਦੇ ਹਨ:

ਨੇਤੀ = ਕੂਲੇ ਸੂਤਰ ਦਾ ਇਕ ਧਾਗਾ ਯਾਰਾਂ ਇੰਚ ਲੈ ਕੇ ਇਕ ਨਾਸ ਰਾਹੀਂ ਚੜ੍ਹਾ ਕੇ ਮੂੰਹ ਵਿਚੋਂ ਦੀ ਕੱਢ ਕੇ ਨਾਸ ਵਿਚ ਫੇਰਨਾ। ਫਿਰ ਦੂਜੀ ਨਾਸ ਵਿਚੋਂ ਦੀ।

ਧੋਤੀ = ਤਿੰਨ ਇੰਚ ਚੌੜੀ ਪੰਦਰਾਂ ਹੱਥ ਲੰਮੀ ਨਰਮ ਬਰੀਕ ਕੱਪੜੇ ਦੀ ਟਾਕੀ ਪਾਣੀ ਨਾਲ ਗਿੱਲੀ ਕਰ ਕੇ ਨਿਗਲਣੀ, ਤੇ ਫਿਰ ਬਾਹਰ ਕੱਢਣੀ।

ਨਿਉਲੀ = ਨੱਕ ਤੇ ਪੇਟ ਸਿੱਧੇ ਰੱਖ ਕੇ, ਲਿਫ਼ ਕੇ, ਗੋਡਿਆਂ ਉਤੇ ਰੱਖ ਕੇ ਆਂਦਰਾਂ ਨੂੰ ਚੱਕਰ ਦਿਵਾਣੇ।

ਤ੍ਰਾਟਕ = ਨੱਕ ਦੀ ਕੂਮਲੀ ਉਤੇ ਤਾੜੀ ਲਾਣੀ।

ਗਜ ਕਰਮ = ਮੇਹਦੇ ਨੂੰ ਗਲ ਤਕ ਪਾਣੀ ਨਾਲ ਭਰ ਕੇ ਅਤੇ ਭਰਵੱਟਿਆਂ ਦੇ ਵਿਚਕਾਰ ਨਜ਼ਰ ਟਿਕਾ ਕੇ ਕੈ ਕਰਨੀ।

ਉਨਮਨੀ

ਜਦੋਂ ਨਾੜੀਆਂ ਸਾਫ਼ ਹੋ ਜਾਣ ਤੇ ਸੁਖਮਨਾ ਨਾੜੀ ਖੁਲ੍ਹ ਜਾਏ ਤਦੋਂ ਮਨ ਵਿਚ ਉਹ ਸ਼ਾਂਤੀ ਪੈਦਾ ਹੋ ਜਾਂਦੀ ਹੈ ਜੋ ਸਮਾਧੀ ਦਾ ਅਤਿ ਲੋੜੀਂਦਾ ਨਿਸ਼ਾਨਾ ਹੈ। ਉਸ ਸ਼ਾਂਤ ਅਵਸਥਾ ਦਾ ਨਾਮ ਉਨਮਨੀ ਅਵਸਥਾ ਹੈ।

ਮੁੱਦ੍ਰਾ ਅਤੇ ਬੰਧ

ਪ੍ਰਾਣਾਯਾਮ ਦੀ ਸਹੈਤਾ ਲਈ ਕੁਝ ਕਿਰਿਆ ਕਰਨੀਆਂ ਪੈਂਦੀਆਂ ਹਨ ਜਿਨ੍ਹਾਂ ਨੂੰ ਮੁੱਦ੍ਰਾ ਤੇ ਬੰਧ ਆਖੀਦਾ ਹੈ।

ਬੰਧ ਚਾਰ ਹਨ– ਮੂਲ, ਜਾਲੰਧਰ, ਉੱਦਿਆਨ ਅਤੇ ਮਹਾ ਬੰਧ।

ਮੁੱਦ੍ਰਾ ਦਸ ਹਨ– ਮਹਾ ਮੁੱਦ੍ਰਾ, ਮਹਾ ਵੇਧ, ਖੇਚਰੀ, ਭੂਚਰੀ, ਚਾਚਰੀ, ਵਿਪਰੀਤ ਕਰਣੀ, ਵਜਰੋਲੀ, ਸ਼ਕਤੀ ਚਾਲਨ, ਅਗੋਚਰੀ, ਉਨਮਨੀ।

ਖੇਚਰੀ ਮੁੱਦ੍ਰਾ ਵਿਚ ਜੋਗੀ ਜੀਭ ਨੂੰ ਸੰਘ ਵਿਚ ਨਿਗਲ ਲੈਂਦਾ ਹੈ, ਜਿਸ ਕਰਕੇ ਖੁਲ੍ਹਾ ਸਾਹ ਆਉਣਾ ਬੰਦ ਹੋ ਜਾਂਦਾ ਹੈ। ਫੇਫੜਿਆਂ ਨੂੰ ਹਵਾ ਨਾਲ ਭਰ ਕੇ ਸਰੀਰ ਦੇ ਸਭ ਛੇਕ ਮੋਮ ਜਾਂ ਰੂੰ ਦੀਆਂ ਵੱਟੀਆਂ ਨਾਲ ਬੰਦ ਕਰ ਦੇਂਦਾ ਹੈ।

ਭੂਚਰੀ = ਪਦਮ ਆਸਣ ਲਾ ਕੇ ਨੱਕ ਦੀ ਨੋਕ ਉਤੇ ਤਾੜੀ ਲਾਣੀ।

ਚਾਚਰੀ = ਅੱਖਾਂ ਤੋਂ ਤਿੰਨ ਇੰਚ ਉਤੇ ਨਜ਼ਰ ਜਮਾਣੀ।

ਮੂਲ ਬੰਧ = ਖੱਬੀ ਅੱਡੀ ਗੁਦਾ ਉਤੇ ਅਤੇ ਸੱਜੀ ਲਿੰਗ ਉਤੇ ਦਬਾ ਕੇ ਪਦਮ ਆਸਣ ਲਾ ਕੇ ਬੈਠਣਾ, ਗੁਦਾ ਦਾ ਰਸਤਾ ਬੰਦ ਕਰ ਦੇਣਾ ਕਿ ਹਵਾ ਨਾਹ ਸਰੇ।

ਜੋਗ ਦੀਆਂ ਕਿਸਮਾਂ

ਜੋਗ ਚਾਰ ਤਰ੍ਹਾਂ ਦਾ ਹੈ– ਮੰਤ੍ਰ, ਲਯ, ਰਾਜ, ਹਠ।

ਮੰਤ੍ਰ ਜੋਗ = ਕਿਸੇ ਦੇਵਤੇ ਦੇ ਨਾਮ ਦਾ, ਜਾਂ, ਕਿਸੇ ਹੋਰ ਸ਼ਬਦ ਦਾ ਇਕ-ਰਸ ਦਿਲ ਲਗਾ ਕੇ ਜਪ ਕਰਨਾ।

ਲਯ ਜੋਗ = ਕਿਸੇ ਚੀਜ਼ ਜਾਂ ਉਸ ਦੇ ਖ਼ਿਆਲ ਉਤੇ ਅਜੇਹਾ ਮਨ ਜਮਾਣਾ ਕਿ ਉਸ ਨਾਲ ਇੱਕ-ਰੂਪ ਹੋ ਜਾਏ।

ਰਾਜ ਜੋਗ = ਸਾਹ ਨੂੰ ਇਸ ਤਰ੍ਹਾਂ ਰੋਕਣਾ ਕਿ ਉਸ ਨਾਲ ਮਨ ਦੀ ਦੌੜ ਰੁਕ ਜਾਏ।

ਹਠ ਜੋਗ = ਕਈ ਤਰ੍ਹਾਂ ਦੇ ਆਸਣ ਕਰ ਕੇ ਮਨ ਦੀ ਅਸਥਿਰਤਾ ਹਾਸਲ ਕਰਨੀ।

ਸਿਧ ਗੋਸਟਿ ਦੀ ਬੋਲੀ

ਇਸ ਬਾਣੀ ਦੇ ਤਕਰੀਬਨ ਪੌਣੇ ਸੱਤ ਹਜ਼ਾਰ ਅੱਖਰ ਹਨ। ਪਰ ਅਸਚਰਜ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨੌ ਸਫ਼ਿਆਂ ਦੀ ਬਾਣੀ ਵਿਚ ਸਿਰਫ਼ ਹੇਠ-ਲਿਖੇ 15 ਲਫ਼ਜ਼ ਅਰਬੀ ਫ਼ਾਰਸੀ ਬੋਲੀ ਦੇ ਆਏ ਹਨ:

ਅਰਬੀ ਦੇ: ਰਜਾਏ, ਦੁਨੀਆ, ਤਮਾਈ, ਹੁਕਮ, ਸਿਫਤਿ, ਨਦਰਿ, ਹਜੂਰੇ, ਕੀਮਤਿ, ਫੁਰਮਾਣੈ।

ਫ਼ਾਰਸੀ ਦੇ: ਬਖਸਿ, ਦਰਗਹ, ਪਿਰਾਹਨੁ, ਦਾਨਾ, ਬੀਨਾ, ਗੁਬਾਰਿ।

ਇਹਨਾਂ ਲਫ਼ਜ਼ਾਂ ਦੀ ਭੀ ਸ਼ਕਲ ਅਰਬੀ ਫ਼ਾਰਸੀ ਵਾਲੀ ਨਹੀਂ ਰਹਿ ਗਈ। ਪੰਜਾਬੀਆਂ ਦੀ ਜ਼ਬਾਨ ਤੇ ਚੜ੍ਹ ਕੇ ਇਹਨਾਂ ਦਾ ਰੂਪ ਵਟੀਜ ਗਿਆ ਹੈ, ਅਤੇ ਇਹ ਲਫ਼ਜ਼ ਭੀ ਉਹ ਹਨ ਜੋ ਆਮ ਵਰਤੋਂ ਵਿਚ ਆ ਰਹੇ ਹਨ। ਸਿਰਫ਼ ਲਫ਼ਜ਼ 'ਪਿਰਾਹਨੁ' ਰਤਾ ਓਪਰਾ ਲੱਗਦਾ ਹੈ। ਅਰਬੀ ਦੇ ਅੱਖਰ ਜ਼ੇ, ਜ਼ੁਇ, ਜ਼ੁਆਦ ਦਾ ਉੱਚਾਰਨ ਪੰਜਾਬੀ ਵਿਚ ਆਮ ਤੌਰ ਤੇ ਅੱਖਰ 'ਦੱਦੇ' ਨਾਲ ਹੋਣ ਲੱਗ ਪਿਆ। ਅਜੇਹੀਆਂ ਤਬਦੀਲੀਆਂ ਜਾਣ-ਬੁਝ ਕੇ ਨਹੀਂ ਕੀਤੀਆਂ ਜਾਂਦੀਆਂ, ਵਖ ਵਖ ਜਲ-ਵਾਯੂ ਦੇ ਅਸਰ ਹੇਠ ਬੰਦਿਆਂ ਦੀ ਜੀਭ ਖ਼ਾਸ ਖ਼ਾਸ ਆਵਾਜ਼ਾਂ ਹੀ ਉਚਾਰਨ ਗਿੱਝ ਜਾਂਦੀ ਹੈ। ਅਰਬ ਲੋਕ ਆਪ ਭੀ 'ਜ਼ੁਆਦ' ਨੂੰ 'ਜ਼ੁਆਦ' ਅਤੇ 'ਦੁਆਦ' ਦੋ ਤਰ੍ਹਾਂ ਉਚਾਰਦੇ ਹਨ। ਗੁਰਬਾਣੀ ਵਿਚ ਇਹਨਾਂ ਅੱਖਰਾਂ ਵਾਲੇ ਲਫ਼ਜ਼ ਇਉਂ ਮਿਲਦੇ ਹਨ:

ਕਾਗ਼ਜ਼ = ਕਾਗਦ।

ਹਜ਼ੂਰਿ = ਹਦੂਰਿ (ਕਿਤੇ ਕਿਤੇ 'ਹਜੂਰਿ' ਭੀ)

ਕਾਜ਼ੀ = ਕਾਦੀ।

ਨਜ਼ਰਿ = ਨਦਰਿ।

ਜ਼ਿਕਰ ਇਹ ਚੱਲਿਆ ਸੀ ਕਿ ਇਤਨੀ ਲੰਮੀ ਬਾਣੀ ਵਿਚ ਇਸਲਾਮੀ ਲਫ਼ਜ਼ ਸਿਰਫ਼ 15 ਹੀ ਆਏ ਹਨ। ਇਹ ਕਿਉਂ? ਕੀ ਗੁਰੂ ਨਾਨਕ ਦੇਵ ਜੀ ਇਸਲਾਮੀ ਲਫ਼ਜ਼ ਵਰਤਣੋਂ ਸੰਕੋਚ ਕਰਦੇ ਸਨ? ਨਹੀਂ; ਵੇਖੋ ਹੇਠ-ਲਿਖਿਆ ਸ਼ਬਦ:

ਸਿਰੀ ਰਾਗੁ ਮਹਲਾ 1 ਘਰੁ 3 ॥ ਅਮਲੁ ਕਰਿ ਧਰਤੀ, ਬੀਜੁ ਸਬਦੋ ਕਰਿ, ਸਚ ਕੀ ਆਬ ਨਿਤ ਦੇਹਿ ਪਾਣੀ ॥ ਹੋਇ ਕਿਰਸਾਣੁ ਈਮਾਨੁ ਜੰਮਾਇਲੈ, ਭਿਸਤੁ ਦੋਜਕੁ ਮੂੜੇ ਏਵ ਜਾਣੀ ॥1॥ ਮਤੁ ਜਾਣਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ, ਇਤੁ ਬਿਧੀ ਜਨਮੁ ਗਵਾਇਆ ॥1॥ਰਹਾਉ॥ ਐਬ ਤਨਿ ਚਿਕੜੋ, ਇਹੁ ਮਨੁ ਮੀਡਕੋ, ਕਮਲ ਕੀ ਸਾਰ ਨਹੀ ਮੂਲਿ ਪਾਈ ॥ ਭਉਰੁ ਉਸਤਾਦੁ ਨਿਤ ਭਾਖਿਆ ਬੋਲੇ, ਕਿਉ ਬੂਝੈ ਜਾ ਨਹ ਬੁਝਾਈ ॥2॥ ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥ ਖਸਮ ਕੀ ਨਦਰਿ ਦਿਲਹਿ ਪਸਿੰਦੇ, ਜਿਨੀ ਕਰਿ ਏਕੁ ਧਿਆਇਆ ॥3॥ ਤੀਹ ਕਰਿ ਰਖੇ ਪੰਜ ਕਰਿ ਸਾਥੀ, ਨਾਉ ਸੈਤਾਨੁ ਮਤੁ ਕਟਿ ਜਾਈ ॥ ਨਾਨਕੁ ਆਖੈ ਰਾਹਿ ਪੈ ਚਲਣਾ, ਮਾਲੁ ਧਨੁ ਕਿਤ ਕੂ ਸੰਜਿਆਹੀ ॥4॥

ਚਾਰ ਬੰਦਾਂ ਵਾਲੇ ਇਸ ਸ਼ਬਦ ਵਿਚ ਕਿਤਨੇ ਹੀ ਇਸਲਾਮੀ ਲਫ਼ਜ਼ ਆ ਗਏ ਹਨ। ਇਸ ਨੂੰ ਰਤਾ ਗਹੁ ਨਾਲ ਪੜ੍ਹ ਕੇ ਵੇਖੋ, ਸਾਫ਼ ਪਿਆ ਦਿੱਸਦਾ ਹੈ ਕਿ ਕਿਸੇ ਉਸ ਨਿਮਾਜ਼ੀ ਤੇ ਰੋਜ਼ੇ ਰੱਖਣ ਵਾਲੇ ਮੁਸਲਮਾਨ ਨੂੰ ਸਮਝਾ ਰਹੇ ਹਨ ਜੋ ਸ਼ਰਹ ਵਿਚ ਤਾਂ ਪੱਕਾ ਹੈ ਪਰ ਦੁਨੀਆ ਵਾਲੀ 'ਮੈਂ ਮੇਰੀ' ਵਿਚ ਭੀ ਨਕਾ-ਨਕ ਡੁੱਬਾ ਹੋਇਆ ਹੈ।

'ਸਿਧ ਗੋਸਟਿ' ਤੋਂ ਪਹਿਲਾਂ ਲਿਖੀ ਬਾਣੀ 'ਓਅੰਕਾਰੁ' ਹੈ। ਉਸ ਦਾ ਮਜ਼ਮੂਨ ਸਾਫ਼ ਦੱਸਦਾ ਹੈ ਕਿ ਕਿਸੇ ਪਾਂਡੇ ਨਾਲ ਹੋਈ ਚਰਚਾ ਨੂੰ ਬਾਣੀ ਦਾ ਰੂਪ ਦੇ ਰਹੇ ਹਨ। 'ਓਅੰਕਾਰੁ' ਵਿਚ ਭੀ ਥੋੜੇ ਜਿਹੇ ਤਕਰੀਬਨ ਉਹੀ ਇਸਲਾਮੀ ਲਫ਼ਜ਼ ਹਨ ਜੋ 'ਸਿਧ ਗੋਸਟਿ' ਵਿਚ ਆਏ ਹਨ, ਅਤੇ ਲੋਕਾਂ ਦੀ ਰੋਜ਼ਾਨਾ ਆਮ ਬੋਲੀ ਵਿਚ ਦਾਖ਼ਲ ਹੋ ਚੁਕੇ ਹਨ।

'ਸਿਧ ਗੋਸਟਿ' ਬਾਰੇ ਭੀ ਇਹੀ ਗੱਲ ਹੈ। ਇਸ ਬਾਣੀ ਵਿਚ ਉਸ ਚਰਚਾ ਦਾ ਜ਼ਿਕਰ ਹੈ ਜੋ ਜੋਗੀਆਂ ਸਿੱਧਾਂ ਨਾਲ ਹੋਈ। ਆਮ ਤੌਰ ਤੇ ਉਹ ਲੋਕ ਹਿੰਦੂ ਕੌਮ ਵਿਚੋਂ ਹੀ ਸਨ। ਉਹਨਾਂ ਦੀ ਬੋਲੀ ਭੀ ਹੇਂਦਕੀ। ਉਹਨਾਂ ਦੇ ਮਤ ਨਾਲ ਸੰਬੰਧ ਰੱਖਣ ਵਾਲੇ ਖ਼ਾਸ ਲਫ਼ਜ਼ ਭੀ ਹੇਂਦਕੇ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭੀ ਉਸ ਚਰਚਾ ਨੂੰ ਬਾਣੀ ਦਾ ਪਹਿਰਾਵਾ ਦੇਣ ਲੱਗਿਆਂ ਹੇਂਦਕੇ ਲਫ਼ਜ਼ ਹੀ ਵਰਤੇ ਹਨ।

ਦੋ-ਲਗੇਂ ਅੱਖਰ

ਗੁਰਬਾਣੀ ਵਿਚ ਕਈ ਥਾਈਂ ਇਕੋ ਅੱਖਰ ਦੇ ਨਾਲ (ੁ) (ੋ) ਦੋਵੇਂ ਲਗਾਂ ਵਰਤੀਆਂ ਮਿਲਦੀਆਂ ਹਨ। (ੁ) ਇਕ-ਮਾਤ੍ਰਾ ਲੱਗੀ ਹੈ ਅਤੇ (ੋ) ਦੁ-ਮਾਤ੍ਰਾ ਹੈ। ਛੰਦ ਦੀ ਚਾਲ ਅਨੁਸਾਰ ਕਈ ਵਾਰੀ ਇਕ-ਮਾਤ੍ਰਕ ਅੱਖਰ ਨੂੰ ਦੁ-ਮਾਤ੍ਰਕ ਪੜ੍ਹਨਾ ਪੈਂਦਾ ਹੈ, ਅਤੇ ਕਦੇ ਕਦੇ ਦੁ-ਮਾਤ੍ਰਕ ਇੱਕ-ਮਾਤ੍ਰਕ। ਅਜੇਹੇ ਥਾਈਂ (ੁ) ਜਾਂ (ੋ) ਵਾਲੇ ਅੱਖਰ ਦੇ ਨਾਲ ਦੋਵੇਂ ਮਾਤ੍ਰਾਂ ਦਿੱਤੀਆਂ ਗਈਆਂ ਹਨ। ਜਿਵੇਂ:

'ਟੂਟੀ ਗਾਢਨਹਾਰੁ ਗੋੁਪਾਲ' = ਸੁਖਮਨੀ

ਇਥੇ ਅਸਲ ਲਫ਼ਜ਼ 'ਗੋਪਾਲ' ਹੈ। 'ਅੱਖਰ' 'ਗ' ਦੀਆਂ ਦੋ ਮਾਤ੍ਰਾਂ ਹਨ, ਪਰ ਛੰਦ ਦੀ ਚਾਲ ਵਿਚ 'ਗ' ਨੂੰ ਇਕ-ਮਾਤ੍ਰਕ ਪੜ੍ਹਨ ਦੀ ਲੋੜ ਹੈ। ਇਸ ਵਾਸਤੇ ਇਸ ਦੇ ਨਾਲ (ੁ) ਭੀ ਲਾ ਦਿੱਤਾ ਗਿਆ ਹੈ। ਇਥੇ ਭਾਵ ਇਹ ਹੈ ਕਿ ਅਸਲ ਲਫ਼ਜ਼ 'ਗੋਪਾਲ' ਹੈ, ਪਰ ਇਸ ਨੂੰ ਪੜ੍ਹਨਾ ਹੈ 'ਗੋਪਾਲੁ'।

'ਸਿਧ ਗੋਸਟਿ' ਵਿਚ ਭੀ ਦੋ ਥਾਂ ਤੇ (ੁ) ਅਤੇ (ੋ) ਦੀ ਇਕੱਠੀ ਵਰਤੋਂ ਮਿਲਦੀ ਹੈ:

1. ਪਉੜੀ ਨੰ: 59

ਨਦਰਿ ਕਰੇ ਸਬਦੁ ਘਟ ਮਹਿ ਵਸੈ, ਵਿਚਹੁ ਭਰਮੁ ਗਵਾਏ ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ, ਨਾਮੋੁ ਮੰਨਿ ਵਸਾਏ ॥

ਅਸਲ ਲਫ਼ਜ਼ ਹੈ 'ਨਾਮੁ', ਪੜ੍ਹਨਾ ਹੈ 'ਨਾਮੋ'।

2. ਪਉੜੀ ਨੰ: 71

ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥
ਨਾਨਕ ਗੁਰਮੁਖਿ ਸਬਦਿ ਪਛਾਣੈ ॥

ਅਸਲ ਲਫ਼ਜ਼ 'ਸੋ' ਹੈ, ਇਥੇ ਪੜ੍ਹਨਾ ਹੈ 'ਸੁ'।

ਜਿਸੁ, ਤਿਸੁ, ਕਿਸੁ, ਇਸੁ, ਉਸੁ

ਉਪਰ-ਲਿਖੇ ਇਹ ਪੜਨਾਂਵ ਸਦਾ ੁ -ਅੰਤ ਹੁੰਦੇ ਹਨ। ਪਰ ਜਦੋਂ ਇਹਨਾਂ ਦੇ ਨਾਲ ਹੇਠ ਲਿਖਿਆ ਕੋਈ ਸੰਬੰਧਕ ਵਰਤਿਆ ਜਾਏ, ਤਾਂ ਇਹ (ੁ) ਦੂਰ ਹੋ ਜਾਂਦਾ ਹੈ:

(1) ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ
(2) ਕਉ, ਨੋ
(3) ਤੇ

ਜਿਵੇਂ:

(1) ਜਿਸ ਕਾ = ਪਉੜੀ 43
(2) ਕਿਸ ਕਉ = ਪਉੜੀ 45
(3) ਜਿਸ ਤੇ = ਪਉੜੀ 52

ਨੋਟ: ਪਾਠਕ ਚੇਤੇ ਰੱਖਣ ਕਿ ਹੋਰ ਕਿਸੇ ਸੰਬੰਧਕ ਦੇ ਵਰਤਿਆਂ ਇਹ (ੁ) ਦੂਰ ਨਹੀਂ ਹੋਵੇਗਾ; ਜਿਵੇਂ:

(1) ਤਿਸੁ ਆਗੈ = ਪਉੜੀ 1

ਨੋਟ: ਜਦੋਂ ਇਹ ਲਫ਼ਜ਼ ਕਿਸੇ ਨਾਂਵ ਦਾ ਵਿਸ਼ੇਸ਼ਣ ਹੋਣ, ਤਦੋਂ ਭੀ ਇਹਨਾਂ ਦਾ (ੁ) ਦੂਰ ਨਹੀਂ ਹੋਵੇਗਾ, ਭਾਵੇਂ ਉੱਪਰ ਦਿੱਤੀਆਂ ਤਿੰਨਾਂ ਕਿਸਮਾਂ ਦੇ ਸੰਬੰਧਕ ਭੀ ਵਰਤੇ ਜਾਣ; ਜਿਵੇਂ:

(ਕਿਸੁ ਵਖਰ ਕੇ = ਪਉੜੀ 17)

(2) ਏਸੁ ਸਬਦ ਕਉ = ਪਉੜੀ 43

ਰਾਮਕਲੀ ਮਹਲਾ 1 ਸਿਧ ਗੋਸਟਿ {938}

ਪਦ ਅਰਥ: ਸਿਧ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਗੋਸਟਿ = ਚਰਚਾ, ਬਹਿਸ, ਗੱਲ-ਬਾਤ।

ਨੋਟ: ਲਫ਼ਜ਼ 'ਸਿਧ' ਦਾ ਦੂਜਾ ਅਰਥ ਹੈ "ਪਰਮਾਤਮਾ"; ਜਿਵੇਂ:

ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥
ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥2॥6॥ {ਰਾਮਕਲੀ ਮਹਲਾ 1, ਪੰਨਾ 878}

ਇਸ ਤੁਕ ਵਿਚ ਪਹਿਲੇ ਲਫ਼ਜ਼ 'ਸਿਧ' ਦਾ ਅਰਥ ਹੈ "ਪੁਗੇ ਹੋਏ ਜੋਗੀ"; ਦੂਜੇ ਲਫ਼ਜ਼ 'ਸਿਧੁ' ਦਾ ਅਰਥ ਹੈ "ਪਰਮਾਤਮਾ"। ਲਫ਼ਜ਼ "ਗੋਸਟਿ" ਦਾ ਭੀ ਦੂਜਾ ਅਰਥ ਹੈ "ਮੇਲ, ਸਨਬੰਧ"। ਸੋ, ਇਸ ਤਰ੍ਹਾਂ "ਸਿਧ ਗੋਸਟਿ" ਦੇ ਦੋ ਅਰਥ ਹਨ:

(1) ਸਿੱਧਾਂ ਨਾਲ ਗੱਲ-ਬਾਤ।

(2) ਪਰਮਾਤਮਾ ਨਾਲ ਮਿਲਾਪ।

ਇਸ ਸਾਰੀ ਬਾਣੀ ਵਿਚ ਉਸ 'ਚਰਚਾ' ਦਾ ਜ਼ਿਕਰ ਹੈ ਜੋ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ। ਉਸ 'ਚਰਚਾ' ਦਾ ਮਜ਼ਮੂਨ ਕੀਹ ਸੀ? ਮਜ਼ਮੂਨ ਸੀ "ਸਿਧ ਗੋਸਟਿ", ਭਾਵ, "ਪਰਮਾਤਮਾ ਨਾਲ ਮਿਲਾਪ"।

ਰਾਮਕਲੀ ਮਹਲਾ ੧ ਸਿਧ ਗੋਸਟਿ     ੴ ਸਤਿਗੁਰ ਪ੍ਰਸਾਦਿ ॥ ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥ ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥ ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥ {ਪੰਨਾ 938}

ਪਦ ਅਰਥ: ਸਿਧ = ਸਿੱਧ ਦੀ, ਪਰਮਾਤਮਾ ਦੀ। ਸਭਾ = ਮਜਲਸ। ਸਿਧ ਸਭਾ = ਰੱਬੀ ਮਜਲਸ, ਉਹ ਇਕੱਠ ਜਿਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਹੋਣ। ਕਰਿ = ਬਣਾ ਕੇ। ਆਸਣਿ = ਆਸਣ ਉਤੇ, (ਭਾਵ) , ਅਡੋਲ। ਜੈਕਾਰੋ = ਨਮਸਕਾਰ। ਤਿਸੁ ਆਗੈ = ਉਸ 'ਸੰਤ ਸਭਾ' ਅੱਗੇ। ਰਹਰਾਸਿ = ਅਰਦਾਸ। ਮਸਤਕੁ = ਮੱਥਾ, ਸਿਰ। ਧਰੀ = ਮੈਂ ਧਰਾਂ। ਸਹਜ ਭਾਇ = ਸੁਖੈਨ ਹੀ। ਜਸੁ ਲੇਉ = ਜਸ ਕਰਾਂ, ਪ੍ਰਭੂ ਦੇ ਗੁਣ ਗਾਵਾਂ।

ਨੋਟ: ਲਫ਼ਜ਼ 'ਸਿਧ' ਦਾ ਅਰਥ 'ਪਰਮਾਤਮਾ' ਕੀਤਾ ਗਿਆ ਹੈ। ਇਸੇ ਹੀ ਬਾਣੀ ਦੀ ਪਉੜੀ ਨੰ: 33 ਵਿਚ ਭੀ ਲਫ਼ਜ਼ 'ਸਿਧ' ਆਇਆ ਹੈ ਜਿਸ ਦਾ ਅਰਥ ਹੈ 'ਪਰਮਾਤਮਾ':

"ਨਾਮਿ ਰਤੇ ਸਿਧ ਗੋਸਟਿ ਹੋਇ ॥ ਨਾਮਿ ਰਤੇ ਸਦਾ ਤਪੁ ਹੋਇ ॥"

'ਸਿਧ ਗੋਸਟਿ' = ਪ੍ਰਭੂ ਨਾਲ ਮਿਲਾਪ।

'ਸਿਧ ਗੋਸਟਿ' ਦੀ ਲੰਮੀ ਬਾਣੀ ਦੇ ਅਰੰਭ ਵਿਚ ਇਹ ਪਹਿਲੀ ਪਉੜੀ 'ਮੰਗਲਾ-ਚਰਨ' ਵਜੋਂ ਹੈ, ਜੋ ਵਿਚੇ ਹੀ 'ਮਨੋਰਥ' ਭੀ ਪਰਗਟ ਕਰਦਾ ਹੈ। ਮੰਗਲਾ-ਚਰਨ ਹੈ 'ਸੰਤ ਸਭਾ' ਦੀ ਵਡਿਆਈ। 'ਮਨੋਰਥ' ਹੈ 'ਸਚੁ ਪਾਈਐ'।

ਅਰਥ: (ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ; ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ। ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ (ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ।1।

ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥ {ਪੰਨਾ 938}

ਪਦ ਅਰਥ: ਕਿਆ ਭਵੀਐ = ਭੌਣ ਦਾ ਕੀਹ ਲਾਭ? ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਦਾ ਕੀਹ ਲਾਭ?

ਸਚਿ = 'ਸੱਚ' ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਜੁੜਿਆਂ) । ਸੂਚਾ = ਪਵਿਤ੍ਰ।

ਰਹਾਉ = ਠਹਰ ਜਾਓ, (ਭਾਵ) , ਇਸ ਸਾਰੀ ਲੰਮੀ ਬਾਣੀ ਦਾ 'ਮੁੱਖ ਭਾਵ' ਇਹਨਾਂ ਦੋ ਤੁਕਾਂ ਵਿਚ ਹੈ।

ਨੋਟ: 'ਸੁਖਮਨੀ' ਦੀਆਂ 24 ਅਸ਼ਟਪਦੀਆਂ ਹਨ, ਪਰ ਸਾਰੀ ਲੰਮੀ ਬਾਣੀ ਦਾ 'ਮੁੱਖ = ਭਾਵ' ਕੇਵਲ ਹੇਠ-ਲਿਖੀਆਂ ਦੋ ਤੁਕਾਂ ਵਿਚ ਹੈ ਜਿਨ੍ਹਾਂ ਦੇ ਅੰਤ ਵਿਚ ਲਫ਼ਜ਼ 'ਰਹਾਉ' ਦਰਜ ਹੈ:

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥

ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥

ਇਸੇ ਤਰ੍ਹਾਂ 'ਓਅੰਕਾਰੁ' ਇਕ ਲੰਮੀ ਬਾਣੀ ਹੈ, ਇਸ ਦਾ 'ਮੁਖ ਭਾਵ' 'ਰਹਾਉ' ਦੀਆਂ ਤੁਕਾਂ ਵਿਚ ਇਉਂ ਹੈ:

ਸੁਣਿ ਪਾਡੇ, ਕਿਆ ਲਿਖਹੁ ਜੰਜਾਲਾ ॥

ਲਿਖੁ ਰਾਮ ਨਾਮੁ, ਗੁਰਮੁਖਿ ਗੋਪਾਲਾ ॥1॥ਰਹਾਉ॥

ਅਰਥ: (ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ; (ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ।1। ਰਹਾਉ।

ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥ {ਪੰਨਾ 938}

ਪਦ ਅਰਥ: ਤੁਮ੍ਹੇ = ਅੱਖਰ 'ਮ' ਦੇ ਨਾਲ ਅੱਧਾ 'ਹ' ਹੈ। ਮਾਰਗੁ = ਰਸਤਾ, ਪੰਥ, ਮਤ। ਸੁਆਓ = ਮਨੋਰਥ, ਪ੍ਰਯੋਜਨ। ਕਹਉ = ਮੈਂ ਕਹਿੰਦਾ ਹਾਂ, ਮੈਂ ਜਪਦਾ ਹਾਂ। ਹਉ = ਮੈਂ। ਕਹ = ਕਿਥੇ? ਕਿਸ ਦੇ ਆਸਰੇ? ਬੈਸਹੁ = (ਤੁਸੀ) ਬੈਠਦੇ ਹੋ, ਸ਼ਾਂਤ-ਚਿੱਤ ਹੁੰਦੇ ਹੋ। ਬਾਲੇ = ਹੇ ਬਾਲਕ! ਕਹ = ਕਿਥੇ? ਨਾਨਕੁ ਬੋਲੈ = ਨਾਨਕ ਆਖਦਾ ਹੈ (ਕਿ ਜੋਗੀ ਨੇ ਪੁਛਿਆ) । ਬੈਰਾਗੀ = ਹੇ ਬੈਰਾਗੀ! ਹੇ ਵੈਰਾਗਵਾਨ! ਹੇ ਸੰਤ ਜੀ! ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਾਹੋ = ਰਾਹੁ, ਮਤ, ਮਾਰਗ।

ਅਰਥ: (ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?

(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ) ।

(ਨਾਨਕ ਆਖਦਾ ਹੈ– ਚਰਪਟ ਨੇ ਪੁੱਛਿਆ-) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤਿ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ? ਹੇ ਸੰਤ! ਸੁਣ, ਤੇਰਾ ਕੀਹ ਮਤ ਹੈ?।2।

ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥ ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥ ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥ ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥ {ਪੰਨਾ 938}

ਪਦ ਅਰਥ: ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ (ਭਾਵ, ਹਰੇਕ ਘਟ ਵਿਚ ਵਿਆਪਕ ਪ੍ਰਭੂ ਦੀ ਯਾਦ ਅੰਦਰ) । ਬੈਸਿ = ਬੈਠ ਕੇ, ਟਿਕ ਕੇ। ਨਿਰੰਤਰਿ = ਨਿਰ-ਅੰਤਰਿ, ਇਕ-ਰਸ, ਸਦਾ। ਅੰਤਰ = ਵਿੱਥ, ਵਕਫ਼ਾ। ਰਹੀਐ = ਰਹੀਦਾ ਹੈ, ਸੁਰਤਿ ਜੁੜਦੀ ਹੈ। ਭਾਏ = ਭਾਉ ਵਿਚ, ਮਰਜ਼ੀ ਵਿਚ। ਸਹਜੇ = ਸੁਤੇ ਹੀ। ਹੁਕਮਿ = ਹੁਕਮ ਵਿਚ। ਸਿਧਾਏ = ਫਿਰਦੇ ਹਾਂ। ਰਜਾਏ = ਰਜ਼ਾ ਵਿਚ। ਆਸਣਿ = ਆਸਣ ਵਾਲਾ। ਬੈਸਣਿ = ਬੈਠਣ ਵਾਲਾ। ਥਿਰੁ = ਕਾਇਮ ਰਹਿਣ ਵਾਲਾ। ਬੂਝੈ = ਸਮਝ ਵਾਲਾ ਬਣਦਾ ਹੈ, ਗਿਆਨਵਾਨ ਹੁੰਦਾ ਹੈ। ਆਪੁ = ਆਪਣੇ ਆਪ ਨੂੰ।

ਨੋਟ: ਪਉੜੀ ਨੰ: 2 ਦੀਆਂ ਅੰਤਲੀਆਂ ਦੋ ਤੁਕਾਂ ਦੇ ਪ੍ਰਸ਼ਨ ਦਾ ਉੱਤਰ ਪਉੜੀ ਨੰ: 3 ਹੈ।

ਅਰਥ: (ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ। ਹੇ ਨਾਨਕ! (ਆਖ-) ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ। (ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ।3।

ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥ {ਪੰਨਾ 938}

ਪਦ ਅਰਥ: ਦੁਤਰੁ = ਦੁੱਤਰੁ, ਦੁਸ-ਤੁਰ, ਜਿਸ ਨੂੰ ਤਰਨਾ ਔਖਾ ਹੈ। ਕਿਉਕਰਿ = ਕਿਵੇਂ? ਕਿਸ ਤਰ੍ਹਾਂ? ਪਾਰੋ = ਪਾਰਲਾ ਕੰਢਾ। ਨਾਨਕ = ਹੇ ਨਾਨਕ! ਅਉਧੂ = ਵਿਰਕਤ। ਸਾਚੁ ਕਹਹੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਵਾਲਾ। ਬੈਸਣੁ = (ਸੰ: ਵ੍ਯਸਨ) ਉਕਾਈ, ਨੁਕਸ। {ਵ੍ਯਸਨ-ਪ੍ਰਹਾਰੀ (ਸੰ: ਵ੍ਯਸਨ ਪ੍ਰਹਾਰਿਨ) = ਉਹ ਜੋ ਚਰਚਾ ਵਿਚ ਆਪਣੇ ਵਿਰੋਧੀ ਦੀ ਕਿਸੇ ਉਕਾਈ ਤੇ ਚੋਟ ਮਾਰਦਾ ਹੈ। }

ਅਰਥ: ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) = ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ ਕਿ (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ।

ਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ; (ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ 'ਦੁਤਰੁ ਸਾਗਰੁ' ਤੋਂ) ਪਾਰ ਲੰਘ ਜਾਉਗੇ।4।

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥ ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ {ਪੰਨਾ 938}

ਪਦ ਅਰਥ: ਨਿਰਾਲਮੁ = ਨਿਰਾਲੰਭ, (ਨਿਰ+ਆਲੰਭ) ਨਿਰ-ਆਸਰਾ, ਨਿਰਾਲਾ, (ਨਿਰ+ਆਲਯ) ਵੱਖਰਾ। ਨੈ = ਨਈ, ਨਦੀ ਵਿਚ। ਸਾਣੇ = ਜਿਵੇਂ। ਸਬਦਿ = ਸ਼ਬਦ ਵਿਚ। ਵਖਾਣੇ = ਵਖਾਣਿ, ਵਖਾਣ ਕੇ, ਜਪ ਕੇ। ਅਗਮੁ = ਅ-ਗਮ, ਜਿਸ ਤਕ ਜਾਇਆ ਨ ਜਾ ਸਕੇ {ਗਮ = ਜਾਣਾ}। ਅਗੋਚਰ = ਅ-ਗੋ-ਚਰ {ਅ-ਨਹੀਂ। ਗੋ = ਗਿਆਨ ਇੰਦ੍ਰੇ। ਚਰ = ਅੱਪੜਨਾ}, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ।

ਨੋਟ: ਦੂਜੀ ਅਤੇ ਚੌਥੀ ਤੁਕ ਦੇ ਲਫ਼ਜ਼ "ਨਾਨਕ" ਅਤੇ "ਨਾਨਕੁ" ਵਿਚ ਫ਼ਰਕ ਪਾਠਕ-ਜਨ ਚੇਤੇ ਰੱਖਣ।

ਨੋਟ: ਸਤਿਗੁਰੂ ਜੀ ਦਾ ਉੱਤਰ ਇਸ ਪਉੜੀ ਦੇ ਅਖ਼ੀਰ ਤਕ ਤੁਰਿਆ ਆਉਂਦਾ ਹੈ।

ਅਰਥ: ਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ) ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤਿ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।

(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ। (ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ।5।

ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥ ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥ ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥ {ਪੰਨਾ 938}

ਪਦ ਅਰਥ: ਸਾਚੁ = ਸਹੀ, ਠੀਕ। ਰੋਸੁ = ਗੁੱਸਾ। ਗੁਰਦੁਆਰੋ = ਗੁਰੂ ਦਾ ਦਰ। ਚਲਤਉ = ਚੰਚਲ। ਸਚ ਘਰਿ = ਸੱਚੇ ਦੇ ਘਰ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ। ਅਧਾਰੋ = ਆਸਰਾ। ਸਾਚਿ = ਸੱਚੇ ਪ੍ਰਭੂ ਵਿਚ।

ਅਰਥ: (ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ; ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ) ?

(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ। (ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ।6।

ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥ {ਪੰਨਾ 938-939}

ਪਦ ਅਰਥ: ਹਾਟੀ = ਮੇਲਾ, ਮੰਡੀ, ਦੁਕਾਨ। ਰੂਖਿ = ਰੁੱਖ ਹੇਠ। ਬਿਰਖਿ = ਬਿਰਖ ਹੇਠ। ਉਦਿਆਨੇ = ਜੰਗਲ ਵਿਚ। ਕੰਦ = ਧਰਤੀ ਦੇ ਅੰਦਰ ਉੱਗਣ ਵਾਲੀਆਂ ਗਾਜਰ ਮੂਲੀ ਵਰਗੀਆਂ ਸਬਜ਼ੀਆਂ। ਕੰਦ-ਮੂਲੁ = ਮੂਲੀ। ਅਹਾਰੋ = ਖ਼ੁਰਾਕ। ਅਉਧੂ = ਵਿਰਕਤ, ਜੋਗੀ। ਬੋਲੈ = (ਭਾਵ,) ਬੋਲਿਆ। ਤੀਰਥਿ = ਤੀਰਥ ਉਤੇ। ਗੋਰਖ ਪੂਤੁ = ਗੋਰਖਨਾਥ ਦਾ ਚੇਲਾ। ਸਾਈ = ਇਹੀ।

ਅਰਥ: ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ = ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ; ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ 'ਸੁਖ', ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ।7।

TOP OF PAGE

Sri Guru Granth Darpan, by Professor Sahib Singh