ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 939

ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥ ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥ ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥ {ਪੰਨਾ 939}

ਪਦ ਅਰਥ: ਡੋੁਲਾਈ = ਅੱਖਰ 'ਡ' ਦੇ ਨਾਲ ਦੋ 'ਲਗਾਂ' ਹਨ, (ੋ) ਅਤੇ (ੁ) । ਲਫ਼ਜ਼ ਦੀ ਅਸਲ 'ਲਗ'
(ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਪੂਰਾ ਰੱਖਣ ਲਈ (ੁ) ਪੜ੍ਹਨਾ ਹੈ। ਭੂਖ = ਤ੍ਰਿਸ਼ਨਾ, ਲਾਲਚ। ਹਾਟੁ = (ਅਸਲੀ ਵਪਾਰ 'ਨਾਮ' ਵਿਹਾਝਣ ਵਾਸਤੇ) ਦੁਕਾਨ। ਪਟਣੁ = ਸ਼ਹਿਰ। ਸਹਜੇ = ਸਹਿਜ, ਸਹਜ-ਅਵਸਥਾ ਵਿਚ ਟਿਕ ਕੇ, ਅਡੋਲ ਰਹਿ ਕੇ। ਖੰਡਿਤ = ਘੱਟ ਕੀਤੀ ਹੋਈ। ਅਲਪ = ਥੋੜ੍ਹਾ।

ਅਰਥ: ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ) , ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ; (ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।

(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ; ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ।8।

ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥ ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥ ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥ ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥ {ਪੰਨਾ 939}

ਪਦ ਅਰਥ: ਦਰਸਨੁ = ਮਤ। ਜੋਗਿੰਦ੍ਰਾ = ਜੋਗੀ-ਰਾਜ ਦਾ। ਖਿੰਥਾ = ਗੋਦੜੀ। ਬਾਰਹ = ਜੋਗੀਆਂ ਦੇ 12 ਪੰਥ = ਰਾਵਲ, ਹੇਤੁ ਪੰਥ, ਪਾਵ ਪੰਥ, ਆਈ ਪੰਥ, ਗਮ੍ਯ ਪੰਥ, ਪਾਗਲ-ਪੰਥ, ਗੋਪਾਲ-ਪੰਥ, ਕੰਥੜੀ-ਪੰਥ, ਬਨ ਪੰਥ, ਧ੍ਵਜ ਪੰਥ, ਚੋਲੀ, ਦਾਸ ਪੰਥ। ਏਕੁ = ਇਕ 'ਆਈ ਪੰਥ', ਸਾਡਾ ਆਈ ਪੰਥ। ਸਰੇਵਹੁ = ਧਾਰਨ ਕਰੋ, ਕਬੂਲੋ। ਖਟੁ ਦਰਸਨ = ਛੇ ਭੇਖ = ਜੰਗਮ, ਜੋਗੀ, ਜੈਨੀ, ਸੰਨਿਆਸੀ, ਬੈਰਾਗੀ, ਬੈਸਨੋ। ਇਕ ਪੰਥਾ = ਸਾਡਾ ਜੋਗੀ-ਪੰਥ।

ਪੁਰਖਾ = ਹੇ ਪੁਰਖ ਨਾਨਕ! ਗੁਰਮੁਖਿ = ਗੁਰੂ ਦੇ ਸਨਮੁਖ। {ਨੋਟ: ਇਹ ਲਫ਼ਜ਼ ਦੱਸਦਾ ਹੈ ਕਿ ਇਥੋਂ ਸਤਿਗੁਰੂ ਜੀ ਨੇ ਉੱਤਰ ਸ਼ੁਰੂ ਕਰ ਦਿੱਤਾ ਹੈ}। ਇਵ = ਇਸ ਤਰ੍ਹਾਂ (ਜਿਵੇਂ ਅਗਾਂਹ ਦੱਸਿਆ ਹੈ।)

ਨੋਟ: ਜੋਗੀ ਇਥੇ ਆਪਣੇ ਮਤ ਦੀ ਵਡਿਆਈ ਕਰਦਾ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਸਤਿਗੁਰੂ ਜੀ ਜੋਗੀ ਦਾ ਖ਼ਿਆਲ ਦੱਸਦੇ ਹਨ। ਅਖ਼ੀਰਲੀ ਤੁਕ ਵਿਚ ਆਪਣਾ ਉੱਤਰ ਸ਼ੁਰੂ ਕਰਦੇ ਹਨ ਜੋ ਪਉੜੀ ਨੰ: 11 ਤਕ ਜਾਂਦਾ ਹੈ।

ਅਰਥ: ਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ-) ਹੇ ਪੁਰਖ (ਨਾਨਕ) ! ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ 'ਆਈ ਪੰਥ' ਨੂੰ ਧਾਰਨ ਕਰੋ, ਜੋਗੀਆਂ ਦੇ ਇਸ ਵੱਡੇ ਭੇਖ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ। ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ।

(ਉੱਤਰ:) ਨਾਨਕ ਆਖਦਾ ਹੈ– ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ) ,।9।

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥ ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥ ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥ {ਪੰਨਾ 939}

ਪਦ ਅਰਥ: ਅੰਤਰਿ = (ਮਨ ਦੇ) ਅੰਦਰ। ਨਿਰੰਤਰਿ = ਨਿਰ-ਅੰਤਰਿ, ਇੱਕ-ਰਸ, ਮਤਵਾਤਰ, ਸਦਾ। ਮਮ = ਮੇਰਾ। ਮਮਤਾ = ਮੇਰ-ਪਨ, ਅਪਣੱਤ, ਦੁਨੀਆਵੀ ਪਦਾਰਥਾਂ ਨੂੰ ਆਪਣਾ ਬਨਾਣ ਦਾ ਖ਼ਿਆਲ। ਨਿਵਾਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਸੁ = ਚੰਗੀ। ਭਰਿ ਪੁਰਿ = ਭਰਪੂਰ, ਨਕਾ-ਨਕ, ਸਭ ਥਾਈਂ ਮੌਜੂਦ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ। {ਨੋਟ: ਅਰਬੀ ਲਫ਼ਜ਼ 'Ônw' ਤੋਂ ਦੋ ਪੰਜਾਬੀ ਰੂਪ ਹਨ, 'ਅਸਨਾਈ' ਅਤੇ 'ਨਾਈ'। ਵੇਖੋ 'ਗੁਰਬਾਣੀ ਵਿਆਕਰਣ'}। ਖਰੀ ਬਾਤ = ਖਰੀ ਗੱਲ ਦੀ ਰਾਹੀਂ, ਸੱਚੇ ਸ਼ਬਦ ਦੀ ਰਾਹੀਂ।

ਅਰਥ: ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ = ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ; ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ। ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ। ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ।10।

ਊਂਧਉ ਖਪਰੁ ਪੰਚ ਭੂ ਟੋਪੀ ॥ ਕਾਂਇਆ ਕੜਾਸਣੁ ਮਨੁ ਜਾਗੋਟੀ ॥ ਸਤੁ ਸੰਤੋਖੁ ਸੰਜਮੁ ਹੈ ਨਾਲਿ ॥ ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥ {ਪੰਨਾ 939}

ਪਦ ਅਰਥ: ਊਂਧਉ = ਉਲਟਿਆ ਹੋਇਆ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜਿਆ ਹੋਇਆ। ਖਪਰੁ = ਜੋਗੀ ਜਾਂ ਮੰਗਤੇ ਦਾ ਉਹ ਪਿਆਲਾ ਜਿਸ ਵਿਚ ਭਿੱਖਿਆ ਪੁਆਂਦਾ ਹੈ। ਭੂ = ਤੱਤ। ਪੰਚਭੂ = ਪੰਜਾਂ ਤੱਤਾਂ ਦੇ ਉਪਕਾਰੀ ਗੁਣ = (ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ ਮੈਲ ਸਾੜਨਾ; ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ; ਧਰਤੀ ਦੀ ਧੀਰਜ) । ਕੜਾਸਣੁ = ਕਟ ਦਾ ਆਸਣ। ਕਟ = ਫੂਹੜੀ (a straw mat) । ਜਾਗੋਟੀ = ਲੰਗੋਟੀ। ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲਿ = ਸਮਾਲੇ, ਸਮ੍ਹਾਲਦਾ ਹੈ।

ਅਰਥ: ਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤਿ ਉਸ ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ, ਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ, ਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ।11।

ਨੋਟ: ਪਉੜੀ ਨੰ: 9 ਦੀ ਚੌਥੀ ਤੁਕ ਤੋਂ ਸ਼ੁਰੂ ਹੋਇਆ ਉੱਤਰ ਇਥੇ ਆ ਕੇ ਮੁੱਕਦਾ ਹੈ।

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥ ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥ ਕਵਨੁ ਸੁ ਆਵੈ ਕਵਨੁ ਸੁ ਜਾਇ ॥ ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥ ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥ ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥ ਮਨਮੁਖਿ ਬਿਨਸੈ ਆਵੈ ਜਾਇ ॥ ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥ {ਪੰਨਾ 939}

ਪਦ ਅਰਥ: ਗੁਪਤਾ = ਲੁਕਿਆ ਹੋਇਆ। ਅੰਤਰਿ = ਅੰਦਰੋਂ। ਬਾਹਰਿ = ਬਾਹਰੋਂ। ਅੰਤਰਿ ਬਾਹਰਿ = (ਭਾਵ,) ਮਨ ਦੀ ਰਾਹੀਂ ਅਤੇ ਸਰੀਰ ਦੀ ਰਾਹੀਂ। ਜੁਗਤਾ = ਜੁੜਿਆ ਹੋਇਆ, ਮਿਲਿਆ ਹੋਇਆ। ਆਵੈ ਜਾਇ = ਜੰਮਦਾ ਮਰਦਾ। ਤ੍ਰਿਭਵਣ = ਤਿੰਨਾਂ ਭਵਨਾਂ ਦੇ ਮਾਲਕ ਵਿਚ, ਤਿੰਨ-ਭਵਨਾਂ-ਵਿਚ-ਵਿਆਪਕ ਪ੍ਰਭੂ ਵਿਚ {ਤਿੰਨ ਭਵਨ = ਆਕਾਸ਼, ਮਾਤ ਲੋਕ ਤੇ ਪਾਤਾਲ ਸੰ: ਤ੍ਰਿਭਵਨ}। ਘਟਿ ਘਟਿ = ਹਰੇਕ ਘਟ ਵਿਚ (ਵਰਤਣ ਵਾਲਾ ਪ੍ਰਭੂ) । ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਸਬਦਿ = ਸ਼ਬਦ ਵਿਚ (ਜੁੜਿਆ ਹੋਇਆ) । ਬਿਨਸੈ = ਨਾਸ ਹੁੰਦਾ ਹੈ। ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।

ਨੋਟ: ਪਉੜੀ ਨੰ: 11 ਤਕ ਚਰਪਟ ਤੇ ਲੋਹਾਰੀਪਾ ਜੋਗੀ ਦੇ ਪ੍ਰਸ਼ਨ ਮੁੱਕ ਚੁਕੇ ਹਨ। ਹੁਣ ਅੱਗੋਂ ਖੁੱਲ੍ਹੇ ਪ੍ਰਸ਼ਨ ਉੱਤਰ ਹਨ।

ਅਰਥ: (ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ? ਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ? (ਸਦਾ) ਜੰਮਦਾ ਮਰਦਾ ਕੌਣ ਹੈ? ਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ?।12।

(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ। ਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ। ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ। ਹੇ ਨਾਨਕ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ।13।

ਕਿਉ ਕਰਿ ਬਾਧਾ ਸਰਪਨਿ ਖਾਧਾ ॥ ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥ ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥ ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥ {ਪੰਨਾ 939}

ਪਦ ਅਰਥ: ਸਰਪਨਿ = ਸਪਣੀ, ਮਾਇਆ। ਕਿਉਕਰਿ = ਕਿਵੇਂ? ਸੁ ਗੁਰੂ ਹਮਾਰਾ = ਉਹ ਸਾਡਾ ਗੁਰੂ ਹੈ, ਅਸੀਂ ਉਸ ਨੂੰ ਆਪਣਾ ਗੁਰੂ ਮੰਨਾਂਗੇ, ਅਸੀਂ ਉਸ ਅੱਗੇ ਸਿਰ ਨਿਵਾਵਾਂਗੇ।

ਅਰਥ: (ਪ੍ਰਸ਼ਨ:) (ਇਹ ਜੀਵ) ਕਿਵੇਂ (ਐਸਾ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ) ? (ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ? (ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ? ਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ।14।

ਦੁਰਮਤਿ ਬਾਧਾ ਸਰਪਨਿ ਖਾਧਾ ॥ ਮਨਮੁਖਿ ਖੋਇਆ ਗੁਰਮੁਖਿ ਲਾਧਾ ॥ ਸਤਿਗੁਰੁ ਮਿਲੈ ਅੰਧੇਰਾ ਜਾਇ ॥ ਨਾਨਕ ਹਉਮੈ ਮੇਟਿ ਸਮਾਇ ॥੧੫॥ ਸੁੰਨ ਨਿਰੰਤਰਿ ਦੀਜੈ ਬੰਧੁ ॥ ਉਡੈ ਨ ਹੰਸਾ ਪੜੈ ਨ ਕੰਧੁ ॥ ਸਹਜ ਗੁਫਾ ਘਰੁ ਜਾਣੈ ਸਾਚਾ ॥ ਨਾਨਕ ਸਾਚੇ ਭਾਵੈ ਸਾਚਾ ॥੧੬॥ {ਪੰਨਾ 939}

ਪਦ ਅਰਥ: ਮੇਟਿ = ਮਿਟਾ ਕੇ। (ਸੁੰਨ = ਸੰ: ਸ਼ੂਨਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ। ਨਿਰੰਤਰਿ = ਇੱਕ-ਰਸ, ਲਗਾਤਾਰ। ਬੰਧੁ = ਬੰਨ੍ਹ, ਰੋਕ, ਬੰਨਾ। ਉਡੈ ਨ = ਭਟਕਦਾ ਨਹੀਂ। ਹੰਸਾ = ਜੀਵ, ਮਨ। ਕੰਧੁ = ਸਰੀਰ। ਨ ਪੜੈ = ਨਹੀਂ ਢਹਿੰਦਾ, ਛਿੱਜਦਾ ਨਹੀਂ। ਸਹਜ = ਮਨ ਦੀ ਉਹ ਹਾਲਤ ਜਦੋਂ ਇਹ ਅਡੋਲ ਹੈ, ਅਡੋਲਤਾ।

ਅਰਥ: (ਉੱਤਰ:) (ਇਹ ਜੀਵ) ਭੈੜੀ ਮਤਿ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹਨਾਂ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ) ; ਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ। (ਮਾਇਆ ਦੇ ਚਸਕਿਆਂ ਦਾ) ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ (ਭਾਵ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਲੱਗ ਪਏ) । ਹੇ ਨਾਨਕ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ।15।

(ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ, (ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ) । ਹੇ ਨਾਨਕ! ਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ (ਭਾਵ, ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ) , ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ। 16।

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥ ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥ ਕਿਸੁ ਵਖਰ ਕੇ ਤੁਮ ਵਣਜਾਰੇ ॥ ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥ {ਪੰਨਾ 939}

ਪਦ ਅਰਥ: ਕਿਸੁ ਕਾਰਣੁ = ਕਾਹਦੇ ਲਈ? ਤਜਿਓ = ਤਿਆਗਿਆ ਸੀ। ਉਦਾਸੀ = ਵਿਰਕਤ ਹੋ ਕੇ। ਨਿਵਾਸੀ = ਧਾਰਨ ਵਾਲੇ (ਹੋਏ ਸੀ) । ਵਣਜਾਰੇ = ਵਪਾਰੀ। ਸਾਥੁ = (ਸੰ: ਸਾਰਥੁ) ਕਾਫ਼ਲਾ। {ਨੋਟ: ਲਫ਼ਜ਼ "ਸਾਥੁ" ਅਤੇ "ਸਾਥਿ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਸਾਥੁ' ਨਾਂਵ ਹੈ, ਅਤੇ 'ਸਾਥਿ' ਸੰਬੰਧਕ ਹੈ। ਵੇਖੋ 'ਗੁਰਬਾਣੀ ਵਿਆਕਰਣ'}।

ਨੋਟ: ਸਿੱਧਾਂ ਨਾਲ ਇਹ ਗੋਸ਼ਟਿ ਬਟਾਲੇ (ਜ਼ਿਲਾ ਗੁਰਦਾਸਪੁਰ) ਦੇ ਲਾਗੇ 'ਅੱਚਲ' ਤੇ ਹੋਈ ਸੀ। ਸਤਿਗੁਰੂ ਜੀ 'ਸ਼ਿਵਰਾਤਿ' ਦਾ ਮੇਲਾ ਸੁਣ ਕੇ ਕਰਤਾਰਪੁਰੋਂ ਆਏ ਸਨ ਤੇ ਇਸ ਵੇਲੇ ਗ੍ਰਿਹਸਤੀ ਲਿਬਾਸ ਵਿਚ ਸਨ, ਤਾਹੀਏਂ ਭੰਗਰਨਾਥ ਨੇ ਪੁੱਛਿਆ ਸੀ = "ਭੇਖ ਉਤਾਰਿ ਉਦਾਸਿ ਦਾ, ਵਤਿ ਕਿਉ ਸੰਸਾਰੀ ਰੀਤਿ ਚਲਾਈ ॥" ਦੂਜੀ 'ਉਦਾਸੀ' ਵਿਚ ਇਹਨਾਂ ਸਿੱਧਾਂ ਨੂੰ ਸੁਮੇਰ ਪਰਬਤ ਤੇ ਮਿਲੇ ਸਨ, ਤਦੋਂ ਉਦਾਸੀ ਬਾਣੇ ਵਿਚ ਸਨ।

ਇਥੇ ਪਉੜੀ ਨੰ: 17 ਦੇ ਪ੍ਰਸ਼ਨ ਵਿਚ ਉਸ ਵੇਲੇ ਦੇ ਉਦਾਸੀ ਬਾਣੇ ਵਲ ਇਸ਼ਾਰਾ ਹੈ।

ਅਰਥ: (ਪ੍ਰਸ਼ਨ:) (ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ 'ਉਦਾਸੀ' ਬਣੇ ਸੀ? ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ? ਤੁਸੀ ਕਿਸ ਸੌਦੇ ਦੇ ਵਪਾਰੀ ਹੋ? (ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ 'ਦੁਤਰ ਸਾਗਰ' ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ) ?। 17।

ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ ਭੇਖ ਨਿਵਾਸੀ ॥ ਸਾਚ ਵਖਰ ਕੇ ਹਮ ਵਣਜਾਰੇ ॥ ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥ {ਪੰਨਾ 939}

ਪਦ ਅਰਥ: ਭਏ = ਬਣੇ ਸਾਂ। ਕੈ ਤਾਈ = ਦੀ ਖ਼ਾਤਰ। ਦਰਸਨ = ਗੁਰਮੁਖਾਂ ਦਾ ਦਰਸ਼ਨ।

ਅਰਥ: (ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ, ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ। ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ। ਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ('ਦੁਤਰ ਸਾਗਰ' ਤੋਂ) ਪਾਰ ਲੰਘਦਾ ਹੈ। 18।

ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥ ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥ ਕਿਤੁ ਬਿਧਿ ਆਸਾ ਮਨਸਾ ਖਾਈ ॥ ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥ ਬਿਨੁ ਦੰਤਾ ਕਿਉ ਖਾਈਐ ਸਾਰੁ ॥ ਨਾਨਕ ਸਾਚਾ ਕਰਹੁ ਬੀਚਾਰੁ ॥੧੯॥ {ਪੰਨਾ 939-940}

ਪਦ ਅਰਥ: ਕਿਤੁ ਬਿਧਿ = ਕਿਸ ਤਰੀਕੇ ਨਾਲ? ਜਨਮੁ ਵਟਾਇਆ = ਜ਼ਿੰਦਗੀ ਪਲਟ ਲਈ ਹੈ। ਕਾਹੇ ਕਉ = ਕਿਸ ਨਾਲ? ਮਨਸਾ = ਮਨ ਦਾ ਫੁਰਨਾ। ਖਾਈ = ਖਾ ਲਈ ਹੈ। ਨਿਰੰਤਰਿ = ਇੱਕ-ਰਸ। ਜੋਤਿ = ਰੱਬੀ ਪ੍ਰਕਾਸ਼। ਦੰਤ = ਦੰਦ। ਸਾਰੁ = ਲੋਹਾ।

ਅਰਥ: (ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ? ਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ? ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ? ਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ? (ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ? ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) । 19।

TOP OF PAGE

Sri Guru Granth Darpan, by Professor Sahib Singh