ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 940

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥ ਮਨਸਾ ਆਸਾ ਸਬਦਿ ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿ ਪਾਈ ॥ ਤ੍ਰੈ ਗੁਣ ਮੇਟੇ ਖਾਈਐ ਸਾਰੁ ॥ ਨਾਨਕ ਤਾਰੇ ਤਾਰਣਹਾਰੁ ॥੨੦॥ {ਪੰਨਾ 940}

ਪਦ ਅਰਥ: ਸਤਿਗੁਰ ਕੈ = ਸਤਿਗੁਰੂ ਦੇ ਘਰ ਵਿਚ। ਸਤਿਗੁਰ ਕੇ ਜਨਮੇ = ਸਤਿਗੁਰੂ ਦੇ ਘਰ ਵਿਚ ਜਨਮ ਲਿਆਂ, ਜਦੋਂ ਗੁਰੂ ਦੀ ਸਰਣ ਆ ਕੇ ਪਿਛਲਾ ਸੁਭਾਉ ਮਿਟਾ ਦਿੱਤਾ। ਗਵਨੁ = ਭਟਕਣਾ, ਆਵਾਗਵਨ। ਅਨਹਤਿ = ਅਨਹਤ ਵਿਚ। ਅਨਹਤ = ਇਕ-ਰਸ ਵਿਆਪਕ ਪ੍ਰਭੂ {ਅਨਾਹਤਂ = ਆਹਤਂ ਛੇਦੋ ਭੋਗੋ ਵਾ ਤੱਨਾਸਤਿ ਯਸ੍ਯ। Anwhqz = Ahqz Cydo Bogo Òww qNnwiÔq XÔX}। ਰਾਤੇ = ਮਸਤ ਹੋਇਆ। ਲਾਇਆ = ਪਰਚਾ ਲਿਆ। ਤ੍ਰੈਗੁਣ = ਮਾਇਆ ਦੇ ਤਿੰਨ ਗੁਣ; ਤਮੋ ਗੁਣ, ਰਜੋ ਗੁਣ, ਸਤੋ ਗੁਣ; ਅਗਿਆਨ, ਪ੍ਰਵਿਰਤੀ, ਗਿਆਨ; ਪ੍ਰਕ੍ਰਿਤੀ ਵਿਚੋਂ ਉੱਠੀਆਂ ਲਹਿਰਾਂ ਜੋ ਤਿੰਨ ਕਿਸਮ ਦਾ ਅਸਰ ਸਾਡੇ ਮਨ ਤੇ ਪਾਂਦੀਆਂ ਹਨ, ਇਹ ਤਿੰਨ ਗੁਣ ਹਨ ਮਾਇਆ ਦੇ = ਸੁਸਤੀ, ਚੁਸਤੀ ਤੇ ਸ਼ਾਂਤੀ।

ਅਰਥ: (ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ। ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ। ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ, ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ। (ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ। (ਪਰ) ਹੇ ਨਾਨਕ! (ਇਸ 'ਦੁਤਰ ਸਾਗਰ' ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ। 20।

ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥ ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥ ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥ ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥ ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥ {ਪੰਨਾ 940}

ਪਦ ਅਰਥ: ਆਦਿਕ = ਮੁੱਢ, ਆਰੰਭ, ਜਗਤ-ਰਚਨਾ ਦਾ ਮੁੱਢ। ਕਥੀਅਲੇ = ਕਿਹਾ ਜਾਂਦਾ ਹੈ। ਸੁੰਨ = (ਸੰ: ਸ਼ੂਨ੍ਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ। ਘਰ ਵਾਸੋ = ਟਿਕਾਣਾ, ਅਸਥਾਨ। ਗਿਆਨ = ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ। ਮੁਦ੍ਰਾ = (1) ਮੁੰਦ੍ਰਾਂ, (2) ਨਿਸ਼ਾਨੀ, (3) ਜੋਗੀਆਂ ਦੇ ਪੰਜ ਸਾਧਨ ਖੇਚਰੀ, ਭੂਚਰੀ, ਗੋਚਰੀ, ਚਾਚਰੀ, ਉਨਮਨੀ। ਠੀਗਾ = ਚੋਟ, ਸੱਟ, ਸੋਟਾ। ਜਲਾਈਅਲੇ = ਸਾੜਿਆ ਜਾਏ। ਘਰਿ = ਘਰ ਵਿਚ। ਬੈਰਾਈਐ = ਵੈਰੀ ਨੂੰ। ਜਿਨਿ = ਜਿਸ (ਪ੍ਰਭੂ) ਨੇ।

ਅਰਥ: (ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ? ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ? ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ? ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ) ?

(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ। ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ। 21।

ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥ ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥ ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥ ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥ {ਪੰਨਾ 940}

ਪਦ ਅਰਥ: ਕਹਾ ਤੇ = ਕਿਥੋਂ? ਇਹੁ = ਇਹ ਜੀਵ। ਅਰਥਾਵੈ = ਸਮਝਾ ਦੇਵੇ। ਤਮਾਈ = ਤਮ੍ਹ੍ਹਾ, ਲਾਲਚ। ਤਤੁ = ਅਸਲੀਅਤ, ਜਗਤ ਦਾ ਅਸਲਾ ਪ੍ਰਭੂ। ਅਵਿਗਤ = ਅੱਵਿਅਕਤ, ਵਿਅਕਤੀ-ਰਹਿਤ, ਅਦ੍ਰਿਸ਼ਟ ਪ੍ਰਭੂ। ਸੁਰਤਾ = ਸੁਣਨ ਵਾਲਾ। ਗਤਿ = ਹਾਲਤ। ਮਿਤਿ = ਮਾਪ।

ਅਰਥ: (ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?) = ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ। ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ? ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ।

(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ। ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ। 22।

ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥ ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥ ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥ ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥ ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥ ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥ {ਪੰਨਾ 940}

ਪਦ ਅਰਥ: ਬਿਸਮਾਦੁ = ਅਸਚਰਜ। ਨਿਰੰਤਰਿ = ਇੱਕ-ਰਸ। ਕਲਪਤ = ਬਣਾਈ ਹੋਈ, ਨਕਲੀ, ਫ਼ਰਜ਼ੀ। ਅਕਲਪਤ = ਅਸਲੀ। ਮੁਦ੍ਰਾ = ਸਾਧਨ। ਅਵਿਗਤਿ = ਅਵਿਗਤ ਵਿਚ, ਅੱਵਿਅਕਤ ਹਰੀ ਵਿਚ, ਅਦ੍ਰਿਸ਼ਟ ਪ੍ਰਭੂ ਵਿਚ। ਸਹਜਿ = ਅਡੋਲਤਾ ਵਿਚ। ਨਿਰਾਲਮੁ = ਨਿਰਾਲਾ, ਨਿਰਲੇਪ।

ਅਰਥ: (ਪਉੜੀ ਨੰ: 21 ਤੇ 22 ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ। ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ) । ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ। ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ। ਹੇ ਨਾਨਕ! (ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।

'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ; ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ। 23।

ਨੋਟ: ਇਸ ਤੋਂ ਅਗਾਂਹ ਪਉੜੀ ਨੰ: 42 ਤਕ ਪ੍ਰਸ਼ਨ ਉੱਤਰ ਨਹੀਂ ਹਨ, ਸਤਿਗੁਰੂ ਜੀ ਆਪ ਹੀ ਆਪਣੇ ਮਤ ਦੀ ਵਿਆਖਿਆ ਕਰਦੇ ਹਨ।

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥ ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥ ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥ ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥ ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥ ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥ {ਪੰਨਾ 940}

ਪਦ ਅਰਥ: ਅਵਿਗਤੋ = ਅੱਵਿਅਕਤ ਤੋਂ, ਅਵਿਗਤ ਤੋਂ, ਅਦ੍ਰਿਸ਼ਟ ਤੋਂ। ਉਪਜੇ = ਪਰਗਟ ਹੁੰਦਾ ਹੈ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਣੁ = ਮਾਇਆ ਦੇ ਤਿੰਨ ਗੁਣਾਂ ਸਮੇਤ। ਪਰਚੈ = ਪਤੀਜਣ ਨਾਲ। ਪਰਮ ਪਦੁ = ਉੱਚੀ ਆਤਮਕ ਅਵਸਥਾ।

ਅਰਥ: (ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ, ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।

(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ, (ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।

ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ। ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) । 24।

ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥ ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥ ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ॥ ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥ ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥ ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥ {ਪੰਨਾ 940-941}

ਪਦ ਅਰਥ: ਸਾਚੌ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਤੋਂ। ਸੂਚੇ = ਪਵਿਤ੍ਰ ਮਨੁੱਖ। ਏਕ ਮਇਆ = ਇਕ-ਮਿਕ, ਪੰਨਾ ਇੱਕ-ਰੂਪ। ਆਵਾਗਉਣੁ = ਜਨਮ ਮਰਨ ਦਾ ਗੇੜ। ਬੇਦਨ = ਵੇਦਨ, ਪੀੜ, ਦੁੱਖ। ਦੂਜੈ = ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਦੇ ਕਾਰਨ। ਬਿਆਪੀ = ਸਤਾ ਰਹੀ ਹੈ। ਰਸਾਇਣੁ = (ਰਸ+ਅਯਨ) ਰਸਾਂ ਦਾ ਘਰ। ਆਪਿ = {ਪਉੜੀ ਨੰ: 24 ਵਿਚ ਲਫ਼ਜ਼ 'ਆਪੁ' ਤੇ ਇਸ ਲਫ਼ਜ਼ 'ਆਪਿ' ਦਾ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}। ਪਰਹਰਿਆ = ਦੂਰ ਕੀਤਾ।

ਅਰਥ: (ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ। ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ।

ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ। (ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ।

(ਇਹ ਭੇਤ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦੇ ਕਾਰਨ ਉਹ ਮਨੁੱਖ (ਹਉਮੈ ਤੋਂ) ਆਜ਼ਾਦ ਹੋ ਜਾਂਦਾ ਹੈ। ਹੇ ਨਾਨਕ! ਜਿਸ ਨੇ ਹਉਮੈ ਤੇ ਦੂਜਾ-ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਣਹਾਰ ਪ੍ਰਭੂ ਤਾਰ ਲੈਂਦਾ ਹੈ। 25।

TOP OF PAGE

Sri Guru Granth Darpan, by Professor Sahib Singh