ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 941 ਮਨਮੁਖਿ ਭੂਲੈ ਜਮ ਕੀ ਕਾਣਿ ॥ ਪਰ ਘਰੁ ਜੋਹੈ ਹਾਣੇ ਹਾਣਿ ॥ ਮਨਮੁਖਿ ਭਰਮਿ ਭਵੈ ਬੇਬਾਣਿ ॥ ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥ ਸਬਦੁ ਨ ਚੀਨੈ ਲਵੈ ਕੁਬਾਣਿ ॥ ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥ {ਪੰਨਾ 941} ਪਦ ਅਰਥ: ਕਾਣਿ = ਮੁਥਾਜੀ। ਜੋਹੈ– ਤੱਕਦਾ ਹੈ। ਹਾਣੇ ਹਾਣਿ = ਹਾਣਿ ਹੀ ਹਾਣਿ, ਘਾਟਾ ਹੀ ਘਾਟਾ। ਭਰਮਿ = ਭਰਮ ਵਿਚ, ਭੁਲੇਖੇ ਵਿਚ। ਬੇਬਾਣਿ = ਜੰਗਲ ਵਿਚ। ਵੇਮਾਰਗਿ = ਗ਼ਲਤ ਰਸਤੇ ਤੇ, ਕੁਰਾਹੇ। ਮੂਸੈ = ਠੱਗਿਆ ਜਾਂਦਾ ਹੈ। ਮੰਤ੍ਰਿ = ਮੰਤ੍ਰ ਪੜ੍ਹਨ ਵਾਲਾ। ਮਸਾਣਿ = ਮਸਾਣ ਵਿਚ। ਲਵੈ = ਲਉਂ ਲਉਂ ਕਰਦਾ ਹੈ। ਕੁਬਾਣਿ = ਦੁਰਬਚਨ। ਅਰਥ: ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਜੀਵਨ ਦਾ ਸਹੀ ਰਸਤਾ) ਖੁੰਝ ਜਾਂਦਾ ਹੈ ਤੇ ਜਮ ਦੀ ਮੁਥਾਜੀ ਵਿਚ ਹੋ ਜਾਂਦਾ ਹੈ, ਪਰਾਇਆ ਘਰ ਤੱਕਦਾ ਹੈ, ਉਸ ਨੂੰ (ਇਸ ਕੁਕਰਮ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ। ਭੁਲੇਖੇ ਵਿਚ ਪਿਆ ਹੋਇਆ ਮਨਮੁਖ (ਮਾਨੋ) ਜੰਗਲ ਵਿਚ ਭਟਕ ਰਿਹਾ ਹੈ, ਕੁਰਾਹੇ ਪੈ ਕੇ (ਇਉਂ) ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿਚ ਮੰਤ੍ਰ ਪੜ੍ਹਨ ਵਾਲਾ ਮਨੁੱਖ (ਭੈੜੇ ਪਾਸੇ ਪਿਆ ਹੈ) । (ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ (ਭਾਵ, ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ) , ਤੇ ਦੁਰਬਚਨ ਹੀ ਬੋਲਦਾ ਹੈ। ਹੇ ਨਾਨਕ! ਸੁਖ ਉਸ ਨੂੰ (ਮਿਲਿਆ) ਜਾਣੋ ਜੋ ਸੱਚੇ ਪ੍ਰਭੂ ਵਿਚ ਰੰਗਿਆ ਹੋਇਆ ਹੈ। 26। ਗੁਰਮੁਖਿ ਸਾਚੇ ਕਾ ਭਉ ਪਾਵੈ ॥ ਗੁਰਮੁਖਿ ਬਾਣੀ ਅਘੜੁ ਘੜਾਵੈ ॥ ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥ {ਪੰਨਾ 941} ਪਦ ਅਰਥ: ਅਘੜੁ = ਅਮੋੜ ਮਨ, ਜੋ ਚੰਗੀ ਤਰ੍ਹਾਂ ਘੜਿਆ ਹੋਇਆ ਨਹੀਂ। ਪਰਮ ਪਦੁ = ਸਭ ਤੋਂ ਉੱਤਮ ਦਰਜਾ। ਰੋਮਿ ਰੋਮਿ = ਹਰੇਕ ਰੋਮ ਦੀ ਰਾਹੀਂ; (ਭਾਵ,) ਤਨੋਂ ਮਨੋਂ। ਸਾਚਿ = ਸੱਚੇ ਪ੍ਰਭੂ ਵਿਚ। ਅਰਥ: ਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਗੁਰੂ ਦੀ ਬਾਣੀ ਦੀ ਰਾਹੀਂ ਅਮੋੜ-ਮਨ ਨੂੰ ਸੁਚੱਜਾ ਬਣਾਂਦਾ ਹੈ, ਨਿਰਮਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ (ਤੇ ਇਸ ਤਰ੍ਹਾਂ) ਪਵਿਤ੍ਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ। ਗੁਰਮੁਖਿ ਮਨੁੱਖ ਤਨੋਂ ਮਨੋਂ ਪਰਮਾਤਮਾ ਨੂੰ ਯਾਦ ਕਰਦਾ ਹੈ, ਹੇ ਨਾਨਕ! (ਬੰਦਗੀ ਦੀ ਰਾਹੀਂ) ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ। 27। ਗੁਰਮੁਖਿ ਪਰਚੈ ਬੇਦ ਬੀਚਾਰੀ ॥ ਗੁਰਮੁਖਿ ਪਰਚੈ ਤਰੀਐ ਤਾਰੀ ॥ ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥ ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥ ਗੁਰਮੁਖਿ ਪਾਈਐ ਅਲਖ ਅਪਾਰੁ ॥ ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥ {ਪੰਨਾ 941} ਪਦ ਅਰਥ: ਪਰਚਾ = ਡੂੰਘੀ ਸਾਂਝ, ਪਿਆਰ (ਸੰ: piriÁzw ਪਰਿਚਿ = ਸਾਂਝ ਬਨਾਣੀ, ਮਿੱਤ੍ਰਤਾ ਕਾਇਮ ਕਰਨੀ) । ਅੰਤਰ = ਅੰਦਰ ਦੀ। {ਨੋਟ: ਪਉੜੀ ਨੰ: 24 ਵਿਚ ਦੇ ਲਫ਼ਜ਼ 'ਅੰਤਰਿ' ਤੇ ਇਸ ਲਫ਼ਜ਼ 'ਅੰਤਰ' ਦਾ ਫ਼ਰਕ ਸਮਝਣ-ਜੋਗ ਹੈ। ਅੰਤਰਿ = ਆਪਣੇ ਅੰਦਰ। ਅੰਤਰ ਬਿਧਿ = ਅੰਦਰ ਦੀ ਹਾਲਤ}। ਗਿਆਨੀ = ਗਿਆਨ ਵਾਲਾ, ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਵਾਲਾ। ਅਲਖ = ਜਿਸ ਦੇ ਕੋਈ ਖ਼ਾਸ ਚਿਹਨ ਨਿਸ਼ਾਨ ਜਾਂ ਲੱਛਣ ਨਹੀਂ। ਦੁਆਰੁ = ਦਰਵਾਜ਼ਾ। ਅਰਥ: ਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ (ਭਾਵ, ਜਿਸ ਨੂੰ ਸਤਿਗੁਰੂ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ) ਉਹ (ਮਾਨੋ) ਵੇਦਾਂ ਦਾ ਗਿਆਤਾ ਹੋ ਗਿਆ ਹੈ (ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ) । ਗੁਰੂ ਨਾਲ ਡੂੰਘੀ ਸਾਂਝ ਬਣਾਇਆਂ ਸੰਸਾਰ-ਸਮੁੰਦਰ ਤੋਂ ਤਰ ਜਾਈਦਾ ਹੈ, ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਵਾਲਾ ਹੋ ਜਾਈਦਾ ਹੈ ਤੇ ਅੰਦਰਲੇ ਦੀ ਸੂਝ ਪੈ ਜਾਂਦੀ ਹੈ। ਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਤੇ ਬੇ-ਅੰਤ ਪ੍ਰਭੂ ਮਿਲ ਪੈਂਦਾ ਹੈ; ਹੇ ਨਾਨਕ! ਗੁਰੂ ਦੀ ਰਾਹੀਂ ਹੀ (ਹਉਮੈ ਤੋਂ) ਖ਼ਲਾਸੀ ਦਾ ਰਸਤਾ ਲੱਭਦਾ ਹੈ। 28। ਗੁਰਮੁਖਿ ਅਕਥੁ ਕਥੈ ਬੀਚਾਰਿ ॥ ਗੁਰਮੁਖਿ ਨਿਬਹੈ ਸਪਰਵਾਰਿ ॥ ਗੁਰਮੁਖਿ ਜਪੀਐ ਅੰਤਰਿ ਪਿਆਰਿ ॥ ਗੁਰਮੁਖਿ ਪਾਈਐ ਸਬਦਿ ਅਚਾਰਿ ॥ ਸਬਦਿ ਭੇਦਿ ਜਾਣੈ ਜਾਣਾਈ ॥ ਨਾਨਕ ਹਉਮੈ ਜਾਲਿ ਸਮਾਈ ॥੨੯॥ {ਪੰਨਾ 941} ਪਦ ਅਰਥ: ਅਕਥੁ = ਜੋ ਕਥਿਆ ਨਾਹ ਜਾ ਸਕੇ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਬੀਚਾਰਿ = ਵਿਚਾਰ ਦੀ ਰਾਹੀਂ। ਨਿਬਹੈ– ਪੁੱਗਦਾ ਹੈ। ਸਪਰਵਾਰਿ = ਸ+ਪਰਵਾਰਿ, ਪਰਵਾਰ ਵਿਚ ਰਹਿੰਦਿਆਂ। ਅੰਤਰਿ = ਹਿਰਦੇ ਵਿਚ। ਪਿਆਰਿ = ਪਿਆਰ ਨਾਲ। ਸਬਦਿ = ਗੁਰਸ਼ਬਦ ਦੀ ਰਾਹੀਂ। ਅਚਾਰਿ = ਆਚਾਰ ਦੀ ਰਾਹੀਂ, ਚੰਗੇ ਆਚਰਨ ਨਾਲ। ਭੇਦਿ = ਵਿੰਨ੍ਹ ਕੇ। ਜਾਣਾਈ = ਜਾਣਾਏ, ਜਣਾਏ, ਹੋਰਨਾਂ ਨੂੰ ਦੱਸਦਾ ਹੈ। ਜਾਲਿ = ਸਾੜ ਕੇ। ਅਰਥ: ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਗੁਰੂ ਦੀ ਦੱਸੀ) ਵੀਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ, (ਇਸ ਤਰ੍ਹਾਂ) ਗੁਰਮੁਖ ਘਰਬਾਰੀ ਹੁੰਦਾ ਹੋਇਆ ਹੀ (ਜ਼ਿੰਦਗੀ ਦੀ ਬਾਜ਼ੀ ਵਿਚ) ਪੁੱਗ ਜਾਂਦਾ ਹੈ। ਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ, ਤੇ ਗੁਰਸ਼ਬਦ ਦੀ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ। (ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪ੍ਰੋ ਕੇ (ਪ੍ਰਭੂ ਨੂੰ) ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ। ਹੇ ਨਾਨਕ! ਗੁਰਮੁਖ (ਆਪਣੀ) ਹਉਮੈ (ਖ਼ੁਦ-ਗ਼ਰਜ਼ੀ) ਸਾੜ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ। 29। ਗੁਰਮੁਖਿ ਧਰਤੀ ਸਾਚੈ ਸਾਜੀ ॥ ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥ ਗੁਰ ਕੈ ਸਬਦਿ ਰਪੈ ਰੰਗੁ ਲਾਇ ॥ ਸਾਚਿ ਰਤਉ ਪਤਿ ਸਿਉ ਘਰਿ ਜਾਇ ॥ ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥ ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥ {ਪੰਨਾ 941} ਪਦ ਅਰਥ: ਸਾਚੈ = ਸੱਚੇ ਪ੍ਰਭੂ ਨੇ। ਤਿਸੁ ਮਹਿ = ਉਸ (ਧਰਤੀ) ਵਿਚ। ਓਪਤਿ = ਉਤਪੱਤੀ। ਖਪਤਿ = ਨਾਸ। ਬਾਜੀ = ਖੇਡ। ਰਪੈ = ਰੰਗਿਆ ਜਾਂਦਾ ਹੈ। ਰਤਉ = ਰੱਤਾ ਹੋਇਆ। ਪਤਿ = ਇੱਜ਼ਤ। ਰੰਗੁ = ਪਿਆਰ। ਅਰਥ: ਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ (ਪੈਦਾ ਕਰਨ) ਵਾਸਤੇ ਧਰਤੀ ਬਣਾਈ ਹੈ; ਇਸ ਧਰਤੀ ਵਿਚ ਉਤਪੱਤੀ ਤੇ ਨਾਸ (ਗੁਰਮੁਖਤਾ ਦੇ ਵਿਕਾਸ ਲਈ) ਇਕ ਖੇਡ ਹੈ; ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ (ਪ੍ਰਭੂ ਦੇ ਰੰਗ ਵਿਚ) ਰੰਗਿਆ ਜਾਂਦਾ ਹੈ ਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਵਿਚ ਅੱਪੜਦਾ ਹੈ (ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ) । ਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇਜ਼ਤ ਹਾਸਲ ਨਹੀਂ ਕਰ ਸਕਦਾ। ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿਚ ਮਨੁੱਖ ਕਿਵੇਂ ਸਮਾ ਸਕਦਾ ਹੈ? (ਨਹੀਂ ਸਮਾ ਸਕਦਾ) । 30। ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥ ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥ ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥ ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥ ਗੁਰਮੁਖਿ ਤਾਰੇ ਪਾਰਿ ਉਤਾਰੇ ॥ ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥ {ਪੰਨਾ 941} ਪਦ ਅਰਥ: ਗੁਰਮੁਖਿ = ਗੁਰੂ ਵਲ ਮੂੰਹ ਰੱਖਣਾ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ। ਅਸਟ = ਅੱਠ। ਅਸਟ ਸਿਧੀ = ਅੱਠ ਸਿੱਧੀਆਂ {ਅੱਠ ਕਰਾਮਾਤੀ ਤਾਕਤਾਂ = ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ। ਅਣਿਮਾ = ਦੂਜੇ ਦਾ ਰੂਪ ਹੋ ਜਾਣਾ। ਮਹਿਮਾ = ਦੇਹ ਨੂੰ ਵੱਡਾ ਕਰ ਲੈਣਾ। ਲਘਿਮਾ = ਸਰੀਰ ਨੂੰ ਛੋਟਾ ਕਰ ਲੈਣਾ। ਗਰਿਮਾ = ਭਾਰੀ ਹੋ ਜਾਣਾ। ਪ੍ਰਾਪਤੀ = ਮਨ-ਇੱਛਤ ਭੋਗ ਹਾਸਲ ਕਰ ਲੈਣ ਦੀ ਸਮਰੱਥਾ। ਪ੍ਰਾਕਾਮ੍ਯ-ਹੋਰਨਾਂ ਦੇ ਦਿਲ ਦੀ ਜਾਣ ਲੈਣ ਦੀ ਤਾਕਤ। ਈਸ਼ਿਤਾ = ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ। ਵਸ਼ਿਤਾ = ਸਭ ਨੂੰ ਵੱਸ ਕਰ ਲੈਣਾ}। ਸੁਧੀ = suDI, ਸ੍ਰੇਸ਼ਟ ਮੱਤ। ਅਪਸਰ = ਮੰਦਾ ਸਮਾ। ਸਰ = ਚੰਗਾ ਸਮਾ। ਪਰਵਿਰਤਿ = ਗ੍ਰਹਣ। ਨਰਵਿਰਤਿ = ਤਿਆਗ। ਅਰਥ: ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ, ਗੁਰੂ ਦੇ ਸਨਮੁਖ ਹੋਇਆਂ ਸੰਸਾਰ-ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮੱਤ ਆ ਜਾਂਦੀ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਸਮੇ ਦਾ ਹਾਲਤ ਜਾਣ ਲੈਂਦਾ ਹੈ, ਤੇ ਪਛਾਣ ਲੈਂਦਾ ਹੈ ਕਿ ਕੀਹ ਛੱਡਣਾ ਹੈ ਤੇ ਕੀਹ ਗ੍ਰਹਣ ਕਰਨਾ ਹੈ। ਗੁਰਮੁਖ ਮਨੁੱਖ (ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ) ਤਾਰ ਕੇ ਪਾਰਲੇ ਕੰਢੇ ਲਾ ਦੇਂਦਾ ਹੈ। ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ (ਗੁਰੂ ਦੇ) ਸ਼ਬਦ ਦੀ ਰਾਹੀਂ (ਦੂਜਿਆਂ ਨੂੰ ਭੀ) ਤਾਰ ਦੇਂਦਾ ਹੈ। 31। ਨਾਮੇ ਰਾਤੇ ਹਉਮੈ ਜਾਇ ॥ ਨਾਮਿ ਰਤੇ ਸਚਿ ਰਹੇ ਸਮਾਇ ॥ ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥ ਨਾਮਿ ਰਤੇ ਪਾਵਹਿ ਮੋਖ ਦੁਆਰੁ ॥ ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥ ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥ {ਪੰਨਾ 941} ਪਦ ਅਰਥ: ਨਾਮੇ = ਨਾਮ ਵਿਚ ਹੀ। ਮੋਖ = ਮੁਕਤੀ, ਆਜ਼ਾਦੀ, ਖ਼ਲਾਸੀ, ਹਉਮੈ ਤੋਂ ਖ਼ਲਾਸੀ। ਤ੍ਰਿਭਵਣ = ਤ੍ਰਿਲੋਕੀ ਦੀ। ਸਦਾ ਸੁਖੁ = ਸਦਾ ਕਾਇਮ ਰਹਿਣ ਵਾਲਾ ਸੁਖ। ਰਾਤੇ = ਰੱਤੇ ਹੋਏ ਦੀ। ਅਰਥ: (ਪ੍ਰਭੂ ਦੇ) ਨਾਮ ਵਿਚ ਹੀ ਰੱਤੇ ਹੋਏ ਦੀ ਹਉਮੈ ਨਾਸ ਹੁੰਦੀ ਹੈ। ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹ ਪ੍ਰਭੂ ਵਿਚ ਸਮਾਏ ਰਹਿੰਦੇ ਹਨ। ਜੋ ਪ੍ਰਾਣੀ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹਨਾਂ ਨੂੰ ਹੀ ਜੋਗ ਦੀ ਜੁਗਤਿ ਤੇ ਸਹੀ ਵੀਚਾਰ ਪ੍ਰਾਪਤ ਹੋਈ ਹੈ। ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਣ ਦਾ ਰਾਹ ਲੱਭਦੇ ਹਨ, (ਕਿਉਂਕਿ) ਨਾਮ ਵਿਚ ਰੱਤੇ ਬੰਦਿਆਂ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ (ਭਾਵ, ਆਪਣੀ ਨਿੱਕੀ ਜਿਹੀ ਅਪਣੱਤ ਦੇ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿੱਸਦੀ ਹੈ) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁਖ ਮਿਲਦਾ ਹੈ। 32। ਨਾਮਿ ਰਤੇ ਸਿਧ ਗੋਸਟਿ ਹੋਇ ॥ ਨਾਮਿ ਰਤੇ ਸਦਾ ਤਪੁ ਹੋਇ ॥ ਨਾਮਿ ਰਤੇ ਸਚੁ ਕਰਣੀ ਸਾਰੁ ॥ ਨਾਮਿ ਰਤੇ ਗੁਣ ਗਿਆਨ ਬੀਚਾਰੁ ॥ ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥ ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥ {ਪੰਨਾ 941} ਪਦ ਅਰਥ: ਸਿਧ = ਪੂਰਨ ਪਰਮਾਤਮਾ। ਗੋਸਟਿ = ਮਿਲਾਪ। ਸਿਧ ਗੋਸਟਿ = ਪਰਮਾਤਮਾ ਨਾਲ ਮਿਲਾਪ (ਵੇਖੋ, ਇਸ ਬਾਣੀ ਦੇ ਅਰੰਭ ਵਿਚ ਲਫ਼ਜ਼ "ਸਿਧ ਗੋਸਟਿ" ਉਤੇ ਵਿਚਾਰ) । ਸਾਰੁ = ਸ੍ਰੇਸ਼ਟ। ਵੇਕਾਰੁ = ਵੇ-ਕਾਰ, ਵਿਅਰਥ। ਤਪੁ = (1) ਮਨ ਨੂੰ ਮਾਰਨ ਲਈ ਸਰੀਰ ਉਤੇ ਕਸ਼ਟ ਸਹਾਰਨ ਦਾ ਸਾਧਨ; (2) ਪੁੰਨ-ਕਰਮ। ਗਿਆਨ = ਜਾਣ-ਪਛਾਣ, ਸਾਂਝ। ਅਰਥ: (ਪ੍ਰਭੂ ਦੇ) ਨਾਮ ਵਿਚ ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਪ੍ਰਭੂ-ਨਾਮ ਵਿਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ ਵਾਲਾ ਪੁੰਨ-ਕਰਮ ਹੈ। ਨਾਮ ਵਿਚ ਲੱਗਣਾ ਹੀ ਸੱਚੀ ਤੇ ਉੱਤਮ ਕਰਣੀ ਹੈ। ਨਾਮ ਵਿਚ ਰੱਤੇ ਰਿਹਾਂ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਸਾਂਝ ਬਣਦੀ ਹੈ। (ਪ੍ਰਭੂ ਦੇ) ਨਾਮ ਤੋਂ ਬਿਨਾ ਮਨੁੱਖ ਜੋ ਬੋਲਦਾ ਹੈ ਵਿਅਰਥ ਹੈ। ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੱਤੇ ਹੋਏ ਹਨ, ਉਹਨਾਂ ਨੂੰ (ਸਾਡੀ) ਨਮਸਕਾਰ ਹੈ। 33। ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ ਜੋਗ ਜੁਗਤਿ ਸਚਿ ਰਹੈ ਸਮਾਇ ॥ ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥ ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥ ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ ॥ ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ ॥੩੪॥ {ਪੰਨਾ 941-942} ਪਦ ਅਰਥ: ਸਚਿ = ਸੱਚ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਬਾਰਹ = ਜੋਗੀਆਂ ਦੇ ਬਾਰਾਂ ਫ਼ਿਰਕੇ = ਹੇਤੂ, ਪਾਵ, ਆਈ, ਗਮ੍ਯ, ਪਾਗਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ। ਛਿਅ ਚਾਰਿ = (6+4) ਦਸ ਫ਼ਿਰਕੇ ਸੰਨਿਆਸੀਆਂ ਦੇ = ਤੀਰਥ, ਆਸ੍ਰਮ, ਬਨ, ਆਰੰਨ੍ਯ, ਗਿਰਿ, ਪਰਬਤ, ਸਾਗਰ, ਸਰਸ੍ਵਤ, ਭਾਰਤੀ, ਪੁਰੀ। ਉਰਧਾਰਿ = ਉਰਿ+ਧਾਰਿ, ਹਿਰਦੇ ਵਿਚ ਧਾਰ ਕੇ। ਉਰ = ਹਿਰਦਾ। ਅਰਥ: (ਪ੍ਰਭੂ ਦਾ) ਨਾਮ ਗੁਰੂ ਤੋਂ ਮਿਲਦਾ ਹੈ; ਸੱਚੇ ਪ੍ਰਭੂ ਵਿਚ ਲੀਨ ਰਹਿਣਾ = ਇਹੀ ਹੈ (ਅਸਲ) ਜੋਗ ਦੀ ਜੁਗਤੀ। (ਪਰ) ਜੋਗੀ ਲੋਕ (ਆਪਣੇ) ਬਾਰਾਂ ਫ਼ਿਰਕਿਆਂ (ਦੀ ਵੰਡ) ਵਿਚ (ਇਸ ਅਸਲ ਨਿਸ਼ਾਨੇ ਤੋਂ) ਭੁੱਲ ਰਹੇ ਹਨ ਤੇ ਸੰਨਿਆਸੀ ਲੋਕ (ਆਪਣੇ) ਦਸ ਫ਼ਿਰਕਿਆਂ (ਦੇ ਵਖੋ ਵੱਖ ਸਾਧਨਾਂ) ਵਿਚ। ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਵਲੋਂ) ਮਰ ਕੇ ਜਿਊਂਦਾ ਹੈ ਉਹ (ਹਉਮੈ ਤੋਂ) ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ। ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਆਪਣਾ ਜ਼ਾਤੀ ਤਜਰਬਾ ਹੀ ਇਸ ਗੱਲ ਦੀ ਗਵਾਹੀ ਦੇ ਦੇਵੇਗਾ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਸਾਰੇ ਲੋਕ (ਪ੍ਰਭੂ ਨੂੰ ਛੱਡ ਕੇ) ਹੋਰ (ਰੁਝੇਵੇਂ) ਵਿਚ ਲੱਗੇ ਰਹਿੰਦੇ ਹਨ। ਹੇ ਨਾਨਕ! ਉਹ ਮਨੁੱਖ ਵੱਡੇ ਹਨ ਤੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੈ। 34। |
Sri Guru Granth Darpan, by Professor Sahib Singh |