ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 942 ਗੁਰਮੁਖਿ ਰਤਨੁ ਲਹੈ ਲਿਵ ਲਾਇ ॥ ਗੁਰਮੁਖਿ ਪਰਖੈ ਰਤਨੁ ਸੁਭਾਇ ॥ ਗੁਰਮੁਖਿ ਸਾਚੀ ਕਾਰ ਕਮਾਇ ॥ ਗੁਰਮੁਖਿ ਸਾਚੇ ਮਨੁ ਪਤੀਆਇ ॥ ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥ ਨਾਨਕ ਗੁਰਮੁਖਿ ਚੋਟ ਨ ਖਾਵੈ ॥੩੫॥ {ਪੰਨਾ 942} ਪਦ ਅਰਥ: ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਰਤਨੁ = ਪ੍ਰਭੂ ਦਾ ਨਾਮ-ਰੂਪ ਕੀਮਤੀ ਪਦਾਰਥ। ਸੁਭਾਇ = ਸੁਤੇ ਹੀ, ਸੁਭਾਵਕ ਹੀ {ਨੋਟ: ਜਿਵੇਂ 'ਨਾਉ' ਤੋਂ 'ਨਾਇ' ਕਰਣ ਕਾਰਕ ਹੈ ਤਿਵੇਂ 'ਭਾਉ' ਤੋਂ 'ਭਾਇ'। 'ਸੁਭਾਉ' ਅਸਲ ਵਿਚ ਹੈ 'ਸ੍ਵਭਾਵ' = ਆਪਣਾ ਪਿਆਰ, ਆਪਣੀ ਲਗਨ}, ਆਪਣੀ ਲਗਨ ਨਾਲ ਹੀ। ਪਤੀਆਇ = ਤਸੱਲੀ ਕਰਾ ਲੈਂਦਾ ਹੈ, ਗਿਝਾ ਲੈਂਦਾ ਹੈ। ਅਲਖੁ = ਜਿਸ ਦਾ ਕੋਈ ਖ਼ਾਸ ਲੱਛਣ ਨਾਹ ਦਿੱਸੇ। ਲਖਾਏ = ਸੂਝ ਪੈਦਾ ਕਰ ਦੇਂਦਾ ਹੈ। ਤਿਸੁ = ਉਸ ਪ੍ਰਭੂ ਨੂੰ। ਚੋਟ = ਮਾਰ। ਅਰਥ: ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਪ੍ਰਭੂ ਵਿਚ) ਸੁਰਤਿ ਜੋੜ ਕੇ ਪ੍ਰਭੂ-ਨਾਮ-ਰੂਪ ਰਤਨ ਲੱਭ ਲੈਂਦਾ ਹੈ, ਉਹ ਮਨੁੱਖ (ਇਸ) ਆਪਣੀ ਲਗਨ ਨਾਲ ਹੀ ਨਾਮ-ਰਤਨ ਦੀ ਕਦਰ ਜਾਣ ਲੈਂਦਾ ਹੈ। (ਬੱਸ! ਇਹੀ) ਸੱਚੀ ਕਾਰ ਗੁਰਮੁਖ ਕਮਾਂਦਾ ਹੈ ਤੇ ਸੱਚੇ ਪ੍ਰਭੂ ਵਿਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ। (ਜਦੋਂ) ਉਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਗੁਰਮੁਖ ਉਸ ਅਲੱਖ ਪ੍ਰਭੂ (ਦੇ ਗੁਣਾਂ ਦੀ ਹੋਰਨਾਂ ਨੂੰ ਭੀ) ਸੂਝ ਪਾ ਦੇਂਦਾ ਹੈ। ਹੇ ਨਾਨਕ! ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਵਿਕਾਰਾਂ ਦੀ) ਮਾਰ ਨਹੀਂ ਖਾਂਦਾ। 35। ਗੁਰਮੁਖਿ ਨਾਮੁ ਦਾਨੁ ਇਸਨਾਨੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥ ਗੁਰਮੁਖਿ ਪਾਵੈ ਦਰਗਹ ਮਾਨੁ ॥ ਗੁਰਮੁਖਿ ਭਉ ਭੰਜਨੁ ਪਰਧਾਨੁ ॥ ਗੁਰਮੁਖਿ ਕਰਣੀ ਕਾਰ ਕਰਾਏ ॥ ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥ {ਪੰਨਾ 942} ਪਦ ਅਰਥ: ਗੁਰਮੁਖਿ ਨਾਮੁ = ਗੁਰਮੁਖਿ ਮਨੁੱਖ ਦਾ ਹੀ ਨਾਮ (ਜਪਣਾ ਪ੍ਰਵਾਨ ਹੈ) , ਗੁਰੂ ਦੇ ਹੁਕਮ ਵਿਚ ਤੁਰ ਕੇ ਹੀ ਨਾਮ ਸਿਮਰਨਾ ਠੀਕ ਹੈ। ਸਤਗੁਰੁ ਪੁਰਖ ਨ ਮੰਨਿਓ ਸਬਦਿ ਨ ਲਗੋ ਪਿਆਰ ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰ ॥5॥20॥ ਸਿਰੀ ਰਾਗੁ ਮ: 3 ॥ ਭਉ ਭੰਜਨੁ = ਦੁਨੀਆ ਵਾਲੇ ਡਰ-ਸਹਿਮ ਨਾਸ ਕਰਨ ਵਾਲਾ ਪ੍ਰਭੂ। ਪਰਧਾਨੁ = ਸਭ ਦਾ ਮੁਖੀ, ਸਭ ਦਾ ਮਾਲਕ। ਗੁਰਮੁਖਿ...ਪਰਧਾਨੁ = ਗੁਰਮੁਖਿ (ਪਾਵੈ) ਭਉ ਭੰਜਨੁ ਪਰਧਾਨੁ। ਕਰਣੀ ਕਾਰ = ਕਰਨ-ਜੋਗ ਕੰਮ। ਅਰਥ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦਾ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ। ਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿਚ ਸੁਰਤਿ ਜੁੜਦੀ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ-ਸਹਿਮ ਨਾਸ ਕਰਨ ਵਾਲਾ ਹੈ ਤੇ ਜੋ ਸਭ ਦਾ ਮਾਲਕ ਹੈ। ਗੁਰਮੁਖ ਮਨੁੱਖ (ਹੋਰਨਾਂ ਪਾਸੋਂ ਭੀ ਇਹੀ, ਭਾਵ, ਗੁਰੂ ਦੇ ਹੁਕਮ ਵਿਚ ਤੁਰਨ ਵਾਲਾ) ਕਰਨ-ਜੋਗ ਕੰਮ ਕਰਾਂਦਾ ਹੈ, (ਤੇ ਇਸ ਤਰ੍ਹਾਂ ਉਹਨਾਂ ਨੂੰ) ਹੇ ਨਾਨਕ! (ਪ੍ਰਭੂ ਦੇ) ਮੇਲ ਵਿਚ ਮਿਲਾ ਦੇਂਦਾ ਹੈ। 36। ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥ ਗੁਰਮੁਖਿ ਪਾਵੈ ਘਟਿ ਘਟਿ ਭੇਦ ॥ ਗੁਰਮੁਖਿ ਵੈਰ ਵਿਰੋਧ ਗਵਾਵੈ ॥ ਗੁਰਮੁਖਿ ਸਗਲੀ ਗਣਤ ਮਿਟਾਵੈ ॥ ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥ ਨਾਨਕ ਗੁਰਮੁਖਿ ਖਸਮੁ ਪਛਾਤਾ ॥੩੭॥ {ਪੰਨਾ 942} ਪਦ ਅਰਥ: ਭੇਦ = ਰਮਜ਼, ਰਾਜ਼, ਭੇਤ ਦੀ ਗੱਲ। ਘਟਿ ਘਟਿ = ਹਰੇਕ ਘਟ ਵਿਚ ਵਿਆਪਕ ਪ੍ਰਭੂ। ਗਣਤ = ਲੇਖਾ, ਹਿਸਾਬ। ਅਰਥ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ (ਮਾਨੋ) ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦਾ ਗਿਆਨ ਹਾਸਲ ਕਰ ਚੁਕਾ ਹੈ, (ਭਾਵ, ਗੁਰੂ ਦੇ ਹੁਕਮ ਵਿਚ ਤੁਰਨਾ ਹੀ ਗੁਰਮੁਖਿ ਲਈ ਵੇਦਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਗਿਆਨ ਹੈ) । ਗੁਰੂ ਦੇ ਹੁਕਮ ਵਿਚ ਤੁਰ ਕੇ ਉਹ ਹਰੇਕ ਘਟ ਵਿਚ ਵਿਆਪਕ ਪ੍ਰਭੂ ਦਾ (ਸਰਬ-ਵਿਆਪਕਤਾ ਦਾ) ਭੇਤ ਸਮਝ ਲੈਂਦਾ ਹੈ, (ਇਸ ਵਾਸਤੇ) ਗੁਰਮੁਖਿ (ਦੂਜਿਆਂ ਨਾਲ) ਵੈਰ-ਵਿਰੋਧ ਰੱਖਣਾ ਭੁਲਾ ਦੇਂਦਾ ਹੈ, ਇਸ ਵੈਰ-ਵਿਰੋਧ ਦਾ) ਸਾਰਾ ਲੇਖਾ ਹੀ ਮਿਟਾ ਦੇਂਦਾ ਹੈ (ਭਾਵ, ਕਦੇ ਇਹ ਸੋਚ ਮਨ ਵਿਚ ਆਉਣ ਹੀ ਨਹੀਂ ਦੇਂਦਾ ਕਿ ਕਿਸੇ ਨੇ ਕਦੇ ਉਸ ਨਾਲ ਵਧੀਕੀ ਕੀਤੀ) । ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤਾ ਰਹਿੰਦਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਨੇ ਖਸਮ (-ਪ੍ਰਭੂ) ਨੂੰ ਪਛਾਣ ਲਿਆ ਹੈ। 37। ਬਿਨੁ ਗੁਰ ਭਰਮੈ ਆਵੈ ਜਾਇ ॥ ਬਿਨੁ ਗੁਰ ਘਾਲ ਨ ਪਵਈ ਥਾਇ ॥ ਬਿਨੁ ਗੁਰ ਮਨੂਆ ਅਤਿ ਡੋਲਾਇ ॥ ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ ॥ ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥ ਨਾਨਕ ਗੁਰ ਬਿਨੁ ਘਾਟੇ ਘਾਟ ॥੩੮॥ {ਪੰਨਾ 942} ਪਦ ਅਰਥ: ਭਰਮੈ = ਭਟਕਦਾ ਹੈ। ਥਾਇ ਨ ਪਵਈ = ਕਬੂਲ ਨਹੀਂ ਹੁੰਦੀ। ਮਨੂਆ = ਚੰਚਲ ਮਨ ('ਮਨ' ਲਫ਼ਜ਼ ਤੋਂ 'ਮਨੂਆ' 'ਅਲਪਾਰਥਕ ਨਾਂਵ' ਹੈ; ਵੇਖੋ 'ਗੁਰਬਾਣੀ ਵਿਆਕਰਣ') । ਡੋਲਾਇ = ਡੋਲਦਾ ਹੈ, ਸਂਹਸਿਆਂ ਵਿਚ ਪਿਆ ਰਹਿੰਦਾ ਹੈ। ਬਿਖੁ = ਵਿਹੁ, ਜ਼ਹਿਰ। ਤ੍ਰਿਪਤਿ = ਸੰਤੋਖ। ਬਿਸੀਅਰੁ = ਸੱਪ (ਜਗਤ ਦਾ ਮੋਹ) । ਅਰਥ: ਸਤਿਗੁਰੂ (ਦੀ ਸਰਨ ਆਉਣ) ਤੋਂ ਬਿਨਾ (ਮਨੁੱਖ ਮਾਇਆ ਵਿਚ) ਭਟਕਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ। ਗੁਰ-ਸਰਣ ਤੋਂ ਬਿਨਾ ਕੋਈ ਮੇਹਨਤ ਕਬੂਲ ਨਹੀਂ ਪੈਂਦੀ (ਕਿਉਂਕਿ "ਹਉ" ਟਿਕੀ ਰਹਿੰਦੀ ਹੈ) ਸਤਿਗੁਰੂ ਤੋਂ ਬਿਨਾ ਇਹ ਚੰਚਲ ਮਨ ਬਹੁਤ ਸਂਹਸਿਆਂ ਵਿਚ ਰਹਿੰਦਾ ਹੈ, ਜ਼ਹਿਰ ਖਾ ਖਾ ਕੇ (ਭਾਵ ਦੁਨੀਆ ਦੇ ਪਦਾਰਥ ਮਾਣ ਮਾਣ ਕੇ) ਰੱਜੀਦਾ ਨਹੀਂ। ਗੁਰੂ (ਦੇ ਰਾਹ ਤੇ ਤੁਰਨ) ਤੋਂ ਬਿਨਾ (ਜਗਤ ਦਾ ਮੋਹ-ਰੂਪ) ਸੱਪ ਡੰਗ ਮਾਰਦਾ ਰਹਿੰਦਾ ਹੈ, (ਜ਼ਿੰਦਗੀ ਦੇ ਸਫ਼ਰ ਦੇ) ਅੱਧ ਵਿਚ ਹੀ (ਆਤਮਕ ਮੌਤੇ) ਮਰੀਦਾ ਹੈ। ਹੇ ਨਾਨਕ! ਸਤਿਗੁਰੂ ਦੇ (ਹੁਕਮ ਵਿਚ ਤੁਰਨ) ਤੋਂ ਬਿਨਾ ਮਨੁੱਖ ਨੂੰ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ। 38। ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥ ਅਵਗਣ ਮੇਟੈ ਗੁਣਿ ਨਿਸਤਾਰੈ ॥ ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥ ਗੁਰਮੁਖਿ ਕਦੇ ਨ ਆਵੈ ਹਾਰਿ ॥ ਤਨੁ ਹਟੜੀ ਇਹੁ ਮਨੁ ਵਣਜਾਰਾ ॥ ਨਾਨਕ ਸਹਜੇ ਸਚੁ ਵਾਪਾਰਾ ॥੩੯॥ {ਪੰਨਾ 942} ਪਦ ਅਰਥ: ਗੁਣਿ = ਗੁਣ ਦੀ ਰਾਹੀਂ, ਗੁਣ ਦੇ ਕੇ। ਹਾਰਿ = ਹਾਰ ਕੇ। ਹਟੜੀ = ਸੋਹਣੀ ਜਿਹੀ ਹੱਟੀ ('ਹਟ' ਤੋਂ 'ਹਟੜੀ' 'ਅਲਪਾਰਥਕ ਨਾਂਵ' ਹੈ; ਵੇਖੋ 'ਗੁਰਬਾਣੀ ਵਿਆਕਰਣ') । ਸਹਜੇ = 'ਸਹਜ' ਅਵਸਥਾ ਵਿਚ ਜੁੜ ਕੇ, ਆਤਮਕ ਅਡੋਲਤਾ ਵਿਚ ਟਿਕ ਕੇ। ਅਰਥ: ਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ ਉਸ ਨੂੰ (ਉਹ "ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ, ਗੁਰੂ ਉਸ ਦੇ ਅਉਗਣ ਮਿਟਾ ਦੇਂਦਾ ਹੈ ਤੇ ਗੁਣ ਦੇ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ (ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ) ਹਾਰ ਕੇ ਨਹੀਂ ਆਉਂਦਾ, ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ। ਹੇ ਨਾਨਕ! ਗੁਰਮੁਖ (ਆਪਣੇ) ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਂਦਾ ਹੈ, ਅਡੋਲਤਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਵਣਜ ਕਰਦਾ ਹੈ। 39। ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਲੰਕਾ ਲੂਟੀ ਦੈਤ ਸੰਤਾਪੈ ॥ ਰਾਮਚੰਦਿ ਮਾਰਿਓ ਅਹਿ ਰਾਵਣੁ ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥ {ਪੰਨਾ 942} ਪਦ ਅਰਥ: ਸੇਤੁ = ਪੁਲ। ਬਿਧਾਤੈ = ਵਿਧਾਤਾ ਨੇ, ਕਰਤਾਰ ਨੇ। ਦੈਤ = ਰਾਖਸ਼। ਸੰਤਾਪੈ = ਦੁਖੀ ਕਰਦਾ ਹੈ। ਰਾਮਚੰਦਿ = ਸ੍ਰੀ ਰਾਮ ਚੰਦ ਨੇ। ਅਹਿ = ਸੱਪ (ਮਨ) । ਪਰਚਾਇਣੁ = ਉਪਦੇਸ਼। ਸਾਇਰਿ = ਸਾਗਰ ਉਤੇ। ਪਾਹਣ = ਪੱਥਰ। ਬਭੀਖਣ = ਰਾਵਣ ਦਾ ਭਾਈ ਜਿਸ ਨੇ ਰਾਮ ਚੰਦ੍ਰ ਜੀ ਨੂੰ ਸਾਰੇ ਭੇਤ ਦੱਸੇ ਸਨ। ਅਰਥ: ਕਰਤਾਰ ਨੇ (ਸੰਸਾਰ-ਸਮੁੰਦਰ ਤੇ) ਗੁਰਮੁਖਿ-ਰੂਪ ਪੁਲ ਬੰਨ੍ਹ ਦਿੱਤਾ (ਜਿਵੇਂ ਰਾਮਚੰਦ੍ਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੱਧਾ ਸੀ) । (ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ, (ਤਿਵੇਂ ਗੁਰੂ ਨੇ ਕਾਮਾਦਿਕਾਂ ਦੇ ਵੱਸ ਵਿਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵੱਸ ਵਿਚ ਹੋ ਗਏ) । ਰਾਮਚੰਦ੍ਰ (ਜੀ) ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ-ਸੱਪ ਨੂੰ ਮਾਰ ਦਿੱਤਾ; ਸਤਿਗੁਰੂ ਦਾ ਉਪਦੇਸ਼ (ਮਨ ਨੂੰ ਮਾਰਨ ਵਿਚ ਇਉਂ ਕੰਮ ਆਇਆ ਜਿਵੇਂ) ਬਭੀਖਣ ਦਾ ਭੇਤ ਦੱਸਣਾ (ਰਾਵਣ ਨੂੰ ਮਾਰਨ ਲਈ ਕੰਮ ਆਇਆ) । (ਰਾਮਚੰਦ੍ਰ ਜੀ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ਤੇ ਤਾਰੇ) ਸਤਿਗੁਰੂ ਨੇ (ਸੰਸਾਰ-) ਸਮੁੰਦਰ ਤੋਂ (ਪੱਥਰ-ਦਿਲਾਂ ਨੂੰ) ਤਾਰ ਦਿੱਤਾ, ਗੁਰੂ ਦੀ ਰਾਹੀਂ ਤੇਤੀ ਕਰੋੜ (ਭਾਵ, ਬੇਅੰਤ ਜੀਵ) ਤਰ ਗਏ ਹਨ। 40। ਗੁਰਮੁਖਿ ਚੂਕੈ ਆਵਣ ਜਾਣੁ ॥ ਗੁਰਮੁਖਿ ਦਰਗਹ ਪਾਵੈ ਮਾਣੁ ॥ ਗੁਰਮੁਖਿ ਖੋਟੇ ਖਰੇ ਪਛਾਣੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥ ਗੁਰਮੁਖਿ ਦਰਗਹ ਸਿਫਤਿ ਸਮਾਇ ॥ ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥ {ਪੰਨਾ 942} ਪਦ ਅਰਥ: ਪਛਾਣੁ = ਪਛਾਣੂ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਬੰਧੁ = ਰੋਕ। ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ। ਅਰਥ: ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਲੈਂਦਾ ਹੈ। ਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ (ਇਸ ਵਾਸਤੇ ਖੋਟੇ ਕੰਮਾਂ ਵਿਚ ਫਸਦਾ ਨਹੀਂ ਤੇ) ਅਡੋਲਤਾ ਵਿਚ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ। ਗੁਰਮੁਖਿ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, (ਇਸ ਤਰ੍ਹਾਂ) ਹੇ ਨਾਨਕ! ਗੁਰਮੁਖ (ਦੀ ਜ਼ਿੰਦਗੀ) ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੋਕ ਨਹੀਂ ਪੈਂਦੀ। 41। ਗੁਰਮੁਖਿ ਨਾਮੁ ਨਿਰੰਜਨ ਪਾਏ ॥ ਗੁਰਮੁਖਿ ਹਉਮੈ ਸਬਦਿ ਜਲਾਏ ॥ ਗੁਰਮੁਖਿ ਸਾਚੇ ਕੇ ਗੁਣ ਗਾਏ ॥ ਗੁਰਮੁਖਿ ਸਾਚੈ ਰਹੈ ਸਮਾਏ ॥ ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥ ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥ {ਪੰਨਾ 942} ਪਦ ਅਰਥ: ਨਿਰੰਜਨ = ਨਿਰ-ਅੰਜਨ, ਮਾਇਆ ਤੋਂ ਰਹਿਤ (ਅੰਜਨੁ = ਸੁਰਮਾ, ਕਾਲਖ, ਮਾਇਆ ਦੀ ਕਾਲਖ) । ਸਾਚੈ = ਸੱਚੇ ਪ੍ਰਭੂ ਵਿਚ। ਸਾਚਿ = ਸੱਚ ਵਿਚ। ਨਾਮਿ = ਨਾਮ ਵਿਚ। ਪਤਿ = ਇੱਜ਼ਤ। ਅਰਥ: ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ (ਕਿਉਂਕਿ) ਉਹ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ। ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ। ਸੱਚੇ ਨਾਮ ਵਿਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ, ਹੇ ਨਾਨਕ! ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਭਾਵ, ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾਂ ਵਿਚ ਮੌਜੂਦ ਹੈ) । ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥ {ਪੰਨਾ 942} ਪਦ ਅਰਥ: ਮੂਲੁ = ਮੁੱਢ। ਵੇਲਾ = ਸਮਾ। ਕਥਾ = ਗੱਲ। ਕਵਣ ਕਥਾ ਲੇ = ਕੇਹੜੀ ਗੱਲ ਨਾਲ। ਨਿਰਾਲੇ = ਵੱਖਰੇ, ਨਿਰਲੇਪ। ਬਾਲੇ = ਹੇ ਬਾਲਕ! ਸਬਦਿ = ਸ਼ਬਦ ਦੀ ਰਾਹੀਂ। ਲੰਘਾਵਣਹਾਰੁ = ਲੰਘਾਣ-ਜੋਗਾ, ਲੰਘਾਣ ਦੇ ਸਮਰੱਥ। ਅਰਥ: (ਪ੍ਰਸ਼ਨ:) = (ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ? ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ? ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ-) ਹੇ ਬਾਲਕ (ਨਾਨਕ!) ਸੁਣ, (ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ (ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ। 43। |
Sri Guru Granth Darpan, by Professor Sahib Singh |