ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 943 ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ {ਪੰਨਾ 943} ਪਦ ਅਰਥ: ਪਵਨ = ਪ੍ਰਾਣ। ਸੁਰਤਿ ਧੁਨਿ = ਸੁਰਤਿ ਦੀ ਧੁਨਿ, ਲਗਨ, ਟਿਕਾਉ। ਅਕਥ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ। ਰਹਉ = ਮੈਂ ਰਹਿੰਦਾ ਹਾਂ। {ਨੋਟ: ਉਪਰਲੀ ਪਉੜੀ ਦੇ ਲਫ਼ਜ਼ 'ਰਹਹੁ' ਦੇ ਜੋੜ ਦਾ ਇਸ ਲਫ਼ਜ਼ ਨਾਲੋਂ ਫ਼ਰਕ ਧਿਆਨ-ਜੋਗ ਹੈ, ਉਸ ਦਾ ਅਰਥ ਹੈ "ਤੁਸੀ ਰਹਿੰਦੇ ਹੋ"}। ਜੁਗ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਗੋਪਾਲ = ਧਰਤੀ ਨੂੰ ਪਾਲਣ ਵਾਲਾ। ਏਕੁ ਸਬਦੁ = ਕੇਵਲ ਸ਼ਬਦ ਹੀ। ਜਿਤੁ = ਜਿਸ ਦੀ ਰਾਹੀਂ। ਨਿਵਾਰੀ = ਦੂਰ ਕੀਤੀ। ਅਰਥ: (ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ। ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ। ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ। 44। ਮੈਣ ਕੇ ਦੰਤ ਕਿਉ ਖਾਈਐ ਸਾਰੁ ॥ ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥ ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥ ਕਵਨ ਗੁਫਾ ਜਿਤੁ ਰਹੈ ਅਵਾਹਨੁ ॥ ਇਤ ਉਤ ਕਿਸ ਕਉ ਜਾਣਿ ਸਮਾਵੈ ॥ ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥ {ਪੰਨਾ 943} ਪਦ ਅਰਥ: ਮੈਣ = ਮੋਮ (ਨੋਟ: ਲਫ਼ਜ਼ 'ਮੈਣ' ਸੰਸਕ੍ਰਿਤ ਦੇ ਲਫ਼ਜ਼ 'ਮਦਨ' ਦਾ ਪ੍ਰਾਕ੍ਰਿਤ-ਰੂਪ ਹੈ; 'ਮਦਨ' ਦਾ ਅਰਥ ਹੈ 'ਮੋਮ'। 'ਮਦਨ' ਮਅਣ, ਮੈਣ}। ਸਾਰੁ = ਲੋਹਾ। ਜਿਤੁ = ਜਿਸ ਦੀ ਰਾਹੀਂ। ਗਰਬੁ = ਅਹੰਕਾਰ। ਅਹਾਰੁ = ਖਾਣਾ। ਹਿਵ = ਬਰਫ਼। ਪਿਰਾਹਨੁ = ਪੈਰਾਹਨ, ਚੋਲਾ। ਜਿਤੁ ਗੁਫਾ = ਜਿਸ ਗੁਫਾ ਵਿਚ। ਅਵਾਹਨੁ = ਅਡੋਲ, ਅਹਿੱਲ। ਇਤ ਉਤ = ਇਥੇ ਓਥੇ, ਲੋਕ ਪਰਲੋਕ ਵਿਚ, ਹਰ ਥਾਂ। ਮਨਹਿ = ਮਨ ਵਿਚ ਹੀ। ਧਿਆਨੁ = ਸੁਰਤਿ ਦਾ ਨਿਸ਼ਾਨਾ, ਮਨ ਨੂੰ ਇਕ ਟਿਕਾਣੇ ਰੱਖਣ ਲਈ ਟਿਕਵਾਂ ਬੱਝਵਾਂ ਖ਼ਿਆਲ। ਅਰਥ: (ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ? ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ? ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ, ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ? ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ? ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ) ?। 45। ਹਉ ਹਉ ਮੈ ਮੈ ਵਿਚਹੁ ਖੋਵੈ ॥ ਦੂਜਾ ਮੇਟੈ ਏਕੋ ਹੋਵੈ ॥ ਜਗੁ ਕਰੜਾ ਮਨਮੁਖੁ ਗਾਵਾਰੁ ॥ ਸਬਦੁ ਕਮਾਈਐ ਖਾਈਐ ਸਾਰੁ ॥ ਅੰਤਰਿ ਬਾਹਰਿ ਏਕੋ ਜਾਣੈ ॥ ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥ {ਪੰਨਾ 943} ਪਦ ਅਰਥ: ਦੂਜਾ = ਦੂਜਾਇਗੀ ਦਾ ਖ਼ਿਆਲ, ਮੇਰ-ਤੇਰ, ਵਿਤਕਰਾ। ਸਾਰੁ = ਲੋਹਾ। ਅਗਨਿ = ਤ੍ਰਿਸ਼ਨਾ-ਅੱਗ। ਹਉ ਹਉ, ਮੈ ਮੈ = ਹਰ ਵੇਲੇ 'ਮੈਂ' ਦਾ ਖ਼ਿਆਲ; ਮੈਂ ਵੱਡਾ ਹੋ ਜਾਵਾਂ, ਮੈਂ ਅਮੀਰ ਹੋ ਜਾਵਾਂ = ਹਰ ਵੇਲੇ ਇਹ ਖ਼ਿਆਲ; ਖ਼ੁਦ-ਗ਼ਰਜ਼ੀ। ਅਰਥ: (ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ, ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ। (ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ) । ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ) । (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ) । ਹੇ ਨਾਨਕ! ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ। 46। ਸਚ ਭੈ ਰਾਤਾ ਗਰਬੁ ਨਿਵਾਰੈ ॥ ਏਕੋ ਜਾਤਾ ਸਬਦੁ ਵੀਚਾਰੈ ॥ ਸਬਦੁ ਵਸੈ ਸਚੁ ਅੰਤਰਿ ਹੀਆ ॥ ਤਨੁ ਮਨੁ ਸੀਤਲੁ ਰੰਗਿ ਰੰਗੀਆ ॥ ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥ ਨਾਨਕ ਨਦਰੀ ਨਦਰਿ ਪਿਆਰੇ ॥੪੭॥ {ਪੰਨਾ 943} ਪਦ ਅਰਥ: ਸਚ ਭੈ = ਸੱਚੇ ਪ੍ਰਭੂ ਦੇ ਡਰ ਵਿਚ। ਗਰਬੁ = ਅਹੰਕਾਰ। ਅੰਤਰਿ ਹੀਆ = ਹਿਰਦੇ ਵਿਚ। ਰੰਗਿ = ਰੰਗਿ ਵਿਚ। ਨਦਰੀ = (ਮੇਹਰ ਦੀ) ਨਜ਼ਰ ਕਰਨ ਵਾਲਾ ਪ੍ਰਭੂ। ਅਰਥ: ਜੋ ਮਨੁੱਖ ਸਦਾ ਕਾਦਿਮ ਰਹਿਣ ਵਾਲੇ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ, ਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ (ਕਿਉਂਕਿ) ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ। ਹੇ ਨਾਨਕ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ। 47। ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥ ਕਵਨ ਮੁਖਿ ਸੂਰਜੁ ਤਪੈ ਤਪਾਇਆ ॥ ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥ ਕਵਨ ਬੁਧਿ ਗੁਰਮੁਖਿ ਪਤਿ ਰਹੈ ॥ ਕਵਨੁ ਜੋਧੁ ਜੋ ਕਾਲੁ ਸੰਘਾਰੈ ॥ ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥ {ਪੰਨਾ 943} ਪਦ ਅਰਥ: ਕਵਨ ਮੁਖਿ = ਕਿਸ ਦੁਆਰੇ ਤੋਂ? ਕਿਸ ਵਸੀਲੇ ਦੀ ਰਾਹੀਂ? ਕਿਸ ਤਰ੍ਹਾਂ? ਹਿਵੈ ਘਰੁ = ਬਰਫ਼ ਦਾ ਘਰ। ਛਾਇਆ = ਪ੍ਰਭਾਵ ਪਾਈ ਰੱਖੇ। ਸੂਰਜੁ = ਗਿਆਨ ਦਾ ਸੂਰਜ। ਜੋਹਤ = ਤੱਕਦਾ। ਜੋਧੁ = ਸੂਰਮਾ। ਸੰਘਾਰੈ = ਮਾਰ ਦੇਵੇ। ਬਾਣੀ ਬੀਚਾਰੈ = ਵੀਚਾਰ ਦੀ ਬਾਣੀ, ਵਿਚਾਰ ਦੇ ਸਿਲਸਿਲੇ ਦੀ ਗੱਲ, 'ਗੋਸਟਿ' ਦੇ ਸਨਬੰਧ ਵਿਚ। ਅਰਥ: ਨਾਨਕ ਕਹਿੰਦਾ ਹੈ, 'ਗੋਸਟਿ' ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ-) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ) ? ਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ) ? ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ) ? ਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖਿ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ? ਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ। 48। ਸਬਦੁ ਭਾਖਤ ਸਸਿ ਜੋਤਿ ਅਪਾਰਾ ॥ ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥ ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥ ਆਪੇ ਪਾਰਿ ਉਤਾਰਣਹਾਰਾ ॥ ਗੁਰ ਪਰਚੈ ਮਨੁ ਸਾਚਿ ਸਮਾਇ ॥ ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥ {ਪੰਨਾ 943} ਪਦ ਅਰਥ: ਭਾਖਤ = ਉੱਚਾਰਦਿਆਂ। ਸਸਿ = ਚੰਦ੍ਰਮਾ। ਘਰਿ = ਘਰ ਵਿਚ। ਸੂਰੁ = ਸੂਰਜ (ਭਾਵ, ਗਿਆਨ) । ਸਮ = ਇੱਕੋ ਜਿਹਾ, ਬਰਾਬਰ। ਅਧਾਰ = ਆਸਰਾ। ਗੁਰ ਪਰਚੈ = ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ। ਸਾਚਿ = ਸੱਚੇ ਪ੍ਰਭੂ ਵਿਚ। ਪ੍ਰਣਵਤਿ = ਬੇਨਤੀ ਕਰਦਾ ਹੈ। ਅਰਥ: (ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ) , ਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ। (ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ 'ਨਾਮ' ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ) (ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ("ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ। ਨਾਨਕ ਬੇਨਤੀ ਕਰਦਾ ਹੈ ਕਿ ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ, ਤੇ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ। 49। ਨਾਮ ਤਤੁ ਸਭ ਹੀ ਸਿਰਿ ਜਾਪੈ ॥ ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥ ਤਤੋ ਤਤੁ ਮਿਲੈ ਮਨੁ ਮਾਨੈ ॥ ਦੂਜਾ ਜਾਇ ਇਕਤੁ ਘਰਿ ਆਨੈ ॥ ਬੋਲੈ ਪਵਨਾ ਗਗਨੁ ਗਰਜੈ ॥ ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥ {ਪੰਨਾ 943} ਪਦ ਅਰਥ: ਤਤੁ = ਅਸਲੀਅਤ, ਸੱਚਾਈ। ਨਾਮ ਤਤੁ = ਪ੍ਰਭੂ ਦੇ ਨਾਮ ਦੀ ਸੱਚਾਈ। ਸਭ ਹੀ ਸਿਰਿ ਜਾਪੈ = ਸਾਰੇ ਜਾਪਾਂ ਦੇ ਸਿਰ ਤੇ ਹੈ, ਸਾਰੇ ਜਾਪਾਂ ਤੋਂ ਸ੍ਰੇਸ਼ਟ ਹੈ। ਸੰਤਾਪੈ = ਦੁਖੀ ਕਰਦਾ ਹੈ। ਤਤੋ ਤਤੁ = ਤੱਤ ਹੀ ਤੱਤ, ਨਿਰੋਲ ਤੱਤ, ਨਿਰੋਲ ਪ੍ਰਭੂ-ਨਾਮ ਦੀ ਸੱਚਾਈ। ਇਕਤੁ ਘਰਿ = ਇੱਕ ਘਰ ਵਿਚ (ਭਾਵ, ਏਕਤਾ ਦੇ ਘਰ ਵਿਚ) । ਪਵਨ = ਪ੍ਰਾਣ। ਬੋਲੈ ਪਵਨਾ = ਪ੍ਰਾਣ ਬੋਲਦਾ ਹੈ, ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ। ਗਗਨੁ = ਆਕਾਸ਼, ਦਸਮ-ਦੁਆਰ, ਰੱਬੀ ਮਿਲਾਪ ਦੀ ਅਵਸਥਾ। ਗਰਜੈ = ਗੱਜਦਾ ਹੈ, ਬਲਵਾਨ ਹੁੰਦਾ ਹੈ। ਮਿਲਣੁ = ਮਿਲਾਪ। ਸਹਜੈ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ। ਅਰਥ: ਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ। ਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ। (ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ, ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ, ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ, (ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ। 50। ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥ ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥ ਘਟਿ ਘਟਿ ਸੁੰਨ ਕਾ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥ ਜੋ ਜਨੁ ਨਾਮ ਨਿਰੰਜਨ ਰਾਤਾ ॥ ਨਾਨਕ ਸੋਈ ਪੁਰਖੁ ਬਿਧਾਤਾ ॥੫੧॥ {ਪੰਨਾ 943} ਪਦ ਅਰਥ: ਸੁੰਨ = ਨਿਰਗੁਣ ਪ੍ਰਭੂ, ਉਹ ਪ੍ਰਭੂ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ। ਸੁੰਨ ਮਸੁੰਨ = ਸੁੰਨ ਹੀ ਸੁੰਞ, ਨਿਰੋਲ ਨਿਰਗੁਣ ਪ੍ਰਭੂ ਹੀ, ਨਿਰੋਲ ਉਹੀ ਪ੍ਰਭੂ ਜੋ ਮਾਇਆ ਦੇ ਫੁਰਨਿਆਂ ਦੇ ਅਸਰ ਹੇਠ ਨਹੀਂ ਆ ਸਕਦਾ। ਚਉਥੇ ਸੁੰਨ = ਚਉਥੀ ਅਵਸਥਾ ਵਾਲੇ ਨਿਰਗੁਣ ਪ੍ਰਭੂ ਨੂੰ, ਉਸ ਨਿਰਗੁਣ ਪ੍ਰਭੂ ਨੂੰ ਜੋ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚਾ ਹੈ। ਘਟਿ ਘਟਿ ਸੁੰਨ ਕਾ = ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ; ਉਸ ਪ੍ਰਭੂ ਦਾ ਜੋ ਹਰੇਕ ਘਟ ਵਿਚ ਮੌਜੂਦ ਭੀ ਹੈ ਤੇ ਨਿਰਲੇਪ ਹੈ। ਭੇਉ = ਭੇਤ। ਆਦਿ = ਸਭ ਦਾ ਮੁੱਢ। ਬਿਧਾਤਾ = ਕਰਤਾ, ਸਿਰਜਨਹਾਰ। ਅਰਥ: (ਜਦੋਂ ਹਿਰਦੇ ਵਿਚ ਨਿਰੋਲ ਪ੍ਰਭੂ-ਨਾਮ ਦੀ ਸੱਚਾਈ ਪਰਗਟ ਹੋ ਪੈਂਦੀ ਹੈ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ) ਅੰਦਰ ਤੇ ਬਾਹਰ (ਭਾਵ, ਗੁਪਤ ਤੇ ਪਰਗਟ, ਦਿੱਸਦੇ ਤੇ ਅਣਦਿੱਸਦੇ ਪਦਾਰਥਾਂ ਵਿਚ ਹਰ ਥਾਂ) ਸਾਰੀ ਤ੍ਰਿਲੋਕੀ ਵਿਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ (ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ) । ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ) । ਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ (ਭਾਵ, ਜੋ ਮਨੁੱਖ ਇਹ ਦ੍ਰਿੜ੍ਹ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿਚ ਮੌਜੂਦ ਭੀ ਹੈ, ਤੇ ਫਿਰ ਭੀ ਨਿਰਲੇਪ ਹੈ, ਉਹ ਮਨੁੱਖ ਭੀ ਦੁਨੀਆ ਵਿਚ ਰਹਿੰਦਾ ਹੋਇਆ ਨਿਰਲੇਪ ਹੋ ਕੇ) ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਹੇ ਨਾਨਕ! ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ, ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ। 51। ਸੁੰਨੋ ਸੁੰਨੁ ਕਹੈ ਸਭੁ ਕੋਈ ॥ ਅਨਹਤ ਸੁੰਨੁ ਕਹਾ ਤੇ ਹੋਈ ॥ ਅਨਹਤ ਸੁੰਨਿ ਰਤੇ ਸੇ ਕੈਸੇ ॥ ਜਿਸ ਤੇ ਉਪਜੇ ਤਿਸ ਹੀ ਜੈਸੇ ॥ ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥ ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥ {ਪੰਨਾ 943} ਪਦ ਅਰਥ: ਸੁੰਨੋ ਸੁੰਨੁ = ਸੁੰਞ ਹੀ ਸੁੰਞ, ਨਿਰੋਲ ਉਹ ਅਵਸਥਾ ਜਿਥੇ ਮਾਇਆ ਦੇ ਫੁਰਨੇ ਨਾਹ ਉੱਠਣ। ਅਨਹਤ = ਇੱਕ-ਰਸ, ਸਦਾ ਟਿਕੀ ਰਹਿਣ ਵਾਲੀ। ਕਹਾ ਤੇ = ਕਿਸ ਤੋਂ? ਕਿਥੋਂ? ਕਿਵੇਂ? ਸੁੰਨਿ = ਅਫੁਰ ਅਵਸਥਾ ਵਿਚ। ਓਇ = ਉਹ ਬੰਦੇ। ਸਭੁ ਕੋਈ = ਹਰੇਕ ਮਨੁੱਖ। ਅਰਥ: ਹਰੇਕ ਮਨੁੱਖ "ਅਫੁਰ ਅਵਸਥਾ" ਦਾ ਜ਼ਿਕਰ ਕਰਦਾ ਹੈ (ਪਰ ਅਮਲੀ ਜੀਵਨ ਵਿਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ) ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ (ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ) । (ਕਹਣ-ਮਾਤ੍ਰ ਜੇ ਕੋਈ ਪੁੱਛੇ ਕਿ) ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ (ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ। ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ, ਉਹ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ। 52। ਨਉ ਸਰ ਸੁਭਰ ਦਸਵੈ ਪੂਰੇ ॥ ਤਹ ਅਨਹਤ ਸੁੰਨ ਵਜਾਵਹਿ ਤੂਰੇ ॥ ਸਾਚੈ ਰਾਚੇ ਦੇਖਿ ਹਜੂਰੇ ॥ ਘਟਿ ਘਟਿ ਸਾਚੁ ਰਹਿਆ ਭਰਪੂਰੇ ॥ ਗੁਪਤੀ ਬਾਣੀ ਪਰਗਟੁ ਹੋਇ ॥ ਨਾਨਕ ਪਰਖਿ ਲਏ ਸਚੁ ਸੋਇ ॥੫੩॥ {ਪੰਨਾ 943} ਨੋਟ: ਦੂਜੀ ਤੁਕ ਦਾ ਲਫ਼ਜ਼ 'ਤਹ' ਦੱਸਦਾ ਹੈ ਕਿ ਪਹਿਲੀ ਤੁਕ ਨਾਲ ਲਫ਼ਜ਼ 'ਜਹ' ਵਰਤਣਾ ਹੈ। ਪਦ ਅਰਥ: ਜਹ = ਜਿਸ ਅਵਸਥਾ ਵਿਚ। ਨਉ ਸਰ = ਸਰੀਰ ਦੀਆਂ ਨੌ ਗੋਲਕਾਂ। ਸੁਭਰ = ਨਕਾ-ਨਕ ਭਰੇ ਹੋਏ। ਨਉ ਸਰ ਸੁਭਰ = ਨਕਾ-ਨਕ ਭਰੇ ਹੋਏ ਸਰੋਵਰਾਂ ਵਰਗੀਆਂ ਨੌ ਗੋਲਕਾਂ, ਉਹਨਾਂ ਸਰੋਵਰਾਂ ਵਰਗੀਆਂ ਗੋਲਕਾਂ ਜਿਨ੍ਹਾਂ ਦੇ ਵਹਿਣ ਰੁਕੇ ਹੋਏ ਹਨ। ਦਸਵੈ = ਦਸਵੇਂ (ਸਰ) ਵਿਚ। ਤਹ = ਉਸ ਅਵਸਥਾ ਵਿਚ। ਅਨਹਤ ਸੁੰਨ ਤੂਰੇ = ਇੱਕ-ਰਸ ਅਫੁਰ ਅਵਸਥਾ ਦੇ ਵਾਜੇ। ਤੂਰੇ = ਵਾਜੇ। ਹਜੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ। ਗੁਪਤੀ ਬਾਣੀ = ਲੁਕਵੀਂ ਰੌ। ਸੋਇ = ਉਹ ਮਨੁੱਖ। ਅਰਥ: (ਨਾਮ ਦੀ ਬਰਕਤਿ ਨਾਲ) ਜਦੋਂ ਨੌ ਗੋਲਕਾਂ ਨਕਾ-ਨਕ ਭਰੀਜ ਕੇ (ਭਾਵ, ਬਾਹਰ ਵਲ ਦੇ ਵਹਿਣ ਬੰਦ ਕਰ ਕੇ, ਮਾਇਕ ਪਦਾਰਥਾਂ ਵਲ ਦੀ ਦੌੜ ਮਿਟਾ ਕੇ) ਦਸਵੇਂ ਸਰ ਵਿਚ (ਭਾਵ, ਪ੍ਰਭੂ-ਮਿਲਾਪ ਦੀ ਅਵਸਥਾ ਵਿਚ) ਜਾ ਪੈਂਦੀਆਂ ਹਨ, ਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ (ਭਾਵ, ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉਥੇ ਆ ਹੀ ਨਹੀਂ ਸਕਦਾ) । (ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ, ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ। (ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ) , ਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ। 53। |
Sri Guru Granth Darpan, by Professor Sahib Singh |