ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 944 ਸਹਜ ਭਾਇ ਮਿਲੀਐ ਸੁਖੁ ਹੋਵੈ ॥ ਗੁਰਮੁਖਿ ਜਾਗੈ ਨੀਦ ਨ ਸੋਵੈ ॥ ਸੁੰਨ ਸਬਦੁ ਅਪਰੰਪਰਿ ਧਾਰੈ ॥ ਕਹਤੇ ਮੁਕਤੁ ਸਬਦਿ ਨਿਸਤਾਰੈ ॥ ਗੁਰ ਕੀ ਦੀਖਿਆ ਸੇ ਸਚਿ ਰਾਤੇ ॥ ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥ {ਪੰਨਾ 944} ਪਦ ਅਰਥ: ਸਹਜ ਭਾਇ = ਸੁਤੇ ਹੀ, ਸਹਿਜ ਅਵਸਥਾ ਦੇ ਭਾਵ ਵਿਚ, ਅਡੋਲਤਾ ਵਿਚ ਅੱਪੜ ਕੇ। ਸੁੰਨ ਸਬਦੁ = ਨਿਰਗੁਣ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਅਪਰੰਪਰਿ = ਅਪਰੰਪਰ ਵਿਚ, ਬੇਅੰਤ ਪ੍ਰਭੂ ਵਿਚ। ਸਬਦਿ = ਸ਼ਬਦ ਦੀ ਰਾਹੀਂ। ਦੀਖਿਆ = ਉਹ ਸਿੱਖਿਆ ਜਿਸ ਨਾਲ ਸਿੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ। ਭ੍ਰਾਤੇ = ਭ੍ਰਾਂਤਿ, ਭਟਕਣਾ। ਅਰਥ: ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ। ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ, (ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ। ਹੇ ਨਾਨਕ! ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ, ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ। 45। ਕੁਬੁਧਿ ਚਵਾਵੈ ਸੋ ਕਿਤੁ ਠਾਇ ॥ ਕਿਉ ਤਤੁ ਨ ਬੂਝੈ ਚੋਟਾ ਖਾਇ ॥ ਜਮ ਦਰਿ ਬਾਧੇ ਕੋਇ ਨ ਰਾਖੈ ॥ ਬਿਨੁ ਸਬਦੈ ਨਾਹੀ ਪਤਿ ਸਾਖੈ ॥ ਕਿਉ ਕਰਿ ਬੂਝੈ ਪਾਵੈ ਪਾਰੁ ॥ ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥ {ਪੰਨਾ 944} ਪਦ ਅਰਥ: ਚਵਾਵੈ = ਚੁਕਾ ਦੇਵੇ, ਦੂਰ ਕਰੇ। ਸੋ = ਇਹ ਗੱਲ। ਕਿਤੁ ਠਾਇ = ਕਿਸ ਥਾਂ ਤੇ? ਦਰਿ = ਦਰ ਤੇ। ਪਤਿ ਸਾਖ = ਇੱਜ਼ਤ ਤੇ ਇਤਬਾਰ। ਪਾਰੁ = ਪਾਰਲਾ ਬੰਨਾ। ਪਦ ਅਰਥ: (ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ? ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ, ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ, ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ। ਇਹ ਕਿਉਂ?) । ਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ, ਇਹ ਕਿਵੇਂ ਸਮਝੇ ਤੇ ('ਦੁੱਤਰ ਸਾਗਰ' ਦੇ) ਪਾਰਲੇ ਕੰਢੇ ਲੱਗੇ?। 55। ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥ ਸਤਿਗੁਰੁ ਭੇਟੈ ਮੋਖ ਦੁਆਰ ॥ ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥ ਦੁਰਮਤਿ ਵਿਛੁੜਿ ਚੋਟਾ ਖਾਇ ॥ ਮਾਨੈ ਹੁਕਮੁ ਸਭੇ ਗੁਣ ਗਿਆਨ ॥ ਨਾਨਕ ਦਰਗਹ ਪਾਵੈ ਮਾਨੁ ॥੫੬॥ {ਪੰਨਾ 944} ਪਦ ਅਰਥ: ਭੇਟੈ = ਮਿਲੈ। ਦੁਰਮਤਿ = ਭੈੜੀ ਅਕਲ ਦੇ ਕਾਰਨ। ਚੋਟਾ ਖਾਇ = ਮਾਰ ਖਾਂਦਾ ਹੈ, ਦੁਖੀ ਹੁੰਦਾ ਹੈ। ਅਰਥ: (ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ। ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ। (ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ, ਦੁਰਮਤਿ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ। ਹੇ ਨਾਨਕ! ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ, ਤੇ; ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ। 56। ਸਾਚੁ ਵਖਰੁ ਧਨੁ ਪਲੈ ਹੋਇ ॥ ਆਪਿ ਤਰੈ ਤਾਰੇ ਭੀ ਸੋਇ ॥ ਸਹਜਿ ਰਤਾ ਬੂਝੈ ਪਤਿ ਹੋਇ ॥ ਤਾ ਕੀ ਕੀਮਤਿ ਕਰੈ ਨ ਕੋਇ ॥ ਜਹ ਦੇਖਾ ਤਹ ਰਹਿਆ ਸਮਾਇ ॥ ਨਾਨਕ ਪਾਰਿ ਪਰੈ ਸਚ ਭਾਇ ॥੫੭॥ {ਪੰਨਾ 944} ਪਦ ਅਰਥ: ਪਲੈ ਹੋਇ = ਹਾਸਲ ਕੀਤਾ ਹੋਵੇ। ਸੋਇ = ਉਹ ਮਨੁੱਖ। ਸਹਜਿ = ਸਹਿਜ ਵਿਚ, ਅਡੋਲਤਾ ਵਿਚ। ਪਤਿ = ਇੱਜ਼ਤ। ਸਚ ਭਾਇ = ਸੱਚ ਦੇ ਭਾਵ ਵਿਚ, ਸੱਚੇ ਪ੍ਰਭੂ ਦੇ ਅਨੁਸਾਰ ਹੋ ਕੇ, ਸੱਚੇ ਦੀ ਰਜ਼ਾ ਵਿਚ ਰਹਿ ਕੇ। ਅਰਥ: ਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ ਉਹ ਆਪ ('ਦੁੱਤਰ ਸਾਗਰ' ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ, ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ, ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ। ਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ ('ਦੁਤਰ ਸਾਗਰ' ਤੋਂ) ਪਾਰ ਲੰਘ ਜਾਂਦਾ ਹੈ, ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ। 57। {ਨੋਟ: ਪਉੜੀ ਨੰ: 55 ਵਿਚ ਦੇ ਲਫ਼ਜ਼ 'ਪਾਰੁ' ਅਤੇ ਇਥੇ ਲਫ਼ਜ਼ 'ਪਾਰਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। 'ਪਾਰੁ' ਹੈ 'ਨਾਂਵ' (ਪਾਰਲਾ ਕੰਢਾ) 'ਪਾਰਿ', ਹੈ 'ਕ੍ਰਿਆ ਵਿਸ਼ੇਸ਼ਣ' (ਪਾਰਲੇ ਕੰਢੇ) । } ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥ ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥ ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥ ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥ ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥ ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥ {ਪੰਨਾ 844} ਪਦ ਅਰਥ: ਸੁ = ਉਸ। ਜਿਤੁ = ਜਿਸ (ਸ਼ਬਦ) ਦੀ ਰਾਹੀਂ। ਕਥੀਅਲੇ = ਕਿਹਾ ਜਾਏ। ਤ੍ਰੈ ਸਤ = ਤਿੰਨ ਤੇ ਸੱਤ, ਦਸ। ਵਾਈ = ਪ੍ਰਾਣ {ਨੋਟ: ਜੋਗੀਆਂ ਦੇ ਖ਼ਿਆਲ ਅਨੁਸਾਰ ਸਾਹ ਬਾਹਰ ਵਲ ਕੱਢਿਆਂ ਹਵਾ ਦਸ ਉਂਗਲ ਦੇ ਫ਼ਾਸਲੇ ਤਕ ਬਾਹਰ ਜਾਂਦੀ ਹੈ, ਫਿਰ ਸਾਹ ਅੰਦਰ ਵਲ ਖਿੱਚੀਦਾ ਹੈ}। ਤ੍ਰੈ ਸਤ ਅੰਗੁਲ ਵਾਈ = ਦਸ ਉਂਗਲ-ਪ੍ਰਮਾਣ ਪ੍ਰਾਣ। ਕਹੁ = ਦੱਸੋ। ਕਵਨੁ = ਕੀਹ? ਸੁਣਿ = ਸੁਣ ਕੇ। ਮਨ ਸਮਝਾਏ = ਕਿਉਂਕਰਿ ਆਪਣੇ ਮਨ ਸਮਝਾਏ। {ਨੋਟ: ਪਹਿਲੀਆਂ ਚਾਰ ਤੁਕਾਂ ਵਿਚ ਜੋਗੀ ਦਾ ਪ੍ਰਸ਼ਨ ਹੈ, ਪੰਜਵੀਂ ਤੁਕ ਤੋਂ ਉੱਤਰ ਸ਼ੁਰੂ ਹੁੰਦਾ ਹੈ}। ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ। ਸਬਦੇ = ਸ਼ਬਦ ਦੀ ਰਾਹੀਂ। ਸਚਿ = ਸੱਚੇ ਪ੍ਰਭੂ ਵਿਚ। ਨਦਰੀ = ਮੇਹਰ ਦੀ ਨਜ਼ਰ। ਦਾਨਾ = ਦਿਲ ਦੀ ਜਾਣਨ ਵਾਲਾ ਪ੍ਰਭੂ। ਬੀਨਾ = ਪਛਾਣਨ ਵਾਲਾ। ਪੂਰੈ ਭਾਗਿ = ਉੱਚੀ ਕਿਸਮਤ ਦੇ ਕਾਰਨ। ਸਮਾਏ = (ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ। ਅਰਥ: (ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ? 'ਪ੍ਰਾਣ' (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ? (ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ। ਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ-) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ? (ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ, (ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ। 58। ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥ ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋੁ ਮੰਨਿ ਵਸਾਏ ॥ ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥ ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥ {ਪੰਨਾ 944} ਪਦ ਅਰਥ: ਕਉ = ਨੂੰ। ਨਿਰੰਤਰਿ = ਇੱਕ-ਰਸ। {ਨੋਟ: ਪਉੜੀ ਨੰ: 21 ਵਿਚ ਜੋਗੀ ਦਾ ਪ੍ਰਸ਼ਨ ਹੈ– "ਸੁੰਨ ਕਹਾ ਘਰ ਵਾਸੋ"। ਪਉੜੀ ਨੰ: 23 ਵਿਚ ਸਤਿਗੁਰੂ ਜੀ ਦਾ ਉੱਤਰ ਹੈ– "ਸੁੰਨ ਨਿਰੰਤਰਿ ਵਾਸੁ ਲੀਆ"। ਇਸੇ ਤਰ੍ਹਾਂ ਨੰ: 58 ਵਿਚ ਪ੍ਰਸ਼ਨ ਹੈ– "ਸੁ ਸਬਦ ਕਾ ਕਹਾ ਵਾਸੁ"। ਇਥੇ ਉੱਤਰ ਹੈ– "ਸੁ ਸਬਦ ਕਉ ਨਿਰੰਤਰਿ ਵਾਸੁ"। ਭਾਵ, 'ਸੁੰਨ, ਅਤੇ 'ਸਬਦ' ਦੋਹਾਂ ਦਾ 'ਨਿਰੰਤਰਿ ਵਾਸੁ' ਹੈ। ਇਸ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਨਜ਼ਰਾਂ ਵਿਚ 'ਪ੍ਰਭੂ' ਅਤੇ ਉਸ ਦੀ ਸਿਫ਼ਤਿ-ਸਾਲਾਹ ਦਾ 'ਸ਼ਬਦ' ਇੱਕ ਰੂਪ ਹਨ}। ਦੇਖਾ = ਵੇਖਦਾ ਹਾਂ। ਪਵਨ = ਸ਼ਬਦ, ਗੁਰੂ ਦਾ ਸ਼ਬਦ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। {ਨੋਟ: "ਤ੍ਰੈ ਸਤ ਅੰਗੁਲ ਵਾਈ" ਦਾ ਉੱਤਰ ਪਉੜੀ ਨੰ: 60 ਵਿਚ ਹੈ। ਸੋ, ਇਥੇ 'ਪਵਨ' ਦਾ ਅਰਥ 'ਵਾਈ' ਜਾਂ 'ਹਵਾ' ਨਹੀਂ ਹੈ। ਭਾਈ ਗੁਰਦਾਸ ਜੀ ਲਿਖਦੇ ਹਨ– "ਪਵਨ ਗੁਰੂ ਗੁਰਸਬਦੁ ਹੈ," ਭਾਵ, 'ਪਵਨ' = 'ਗੁਰਸਬਦੁ' ਹੈ}। ਅਕਲ {ਸੰ: ਅਕਲ = ਨਾਸਤਿ ਕਲਾ ਅਵਯਵੋ ਯਸ੍ਯ nwiÔq klw AvXvo XÔX} ਜਿਸ ਦੇ ਟੋਟੇ ਟੋਟੇ ਨਹੀਂ ਹਨ, ਪੂਰਨ ਪਾਰਬ੍ਰਹਮ। ਕਲਾਧਰ = ਸੱਤਾ ਧਾਰਨ ਵਾਲਾ। ਨਾਮੋੁ = {ਅੱਖਰ 'ਮ' ਦੇ ਨਾਲ ਦੋ 'ਲਗਾਂ' ਹਨ, ਪਾਠ ਵਿਚ (ਮੋ) ਪੜ੍ਹਨਾ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮੰਨਿ = ਮਨ ਵਿਚ। ਭਵ = ਸੰਸਾਰ। ਛਾਇਆ = ਪ੍ਰਭਾਵ, ਸਾਇਆ। ਅਰਥ: (ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ) , 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ, ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ। 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤਿ ਦਾ 'ਸ਼ਬਦ' ਇੱਕ ਹੀ ਹਨ) । ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ, ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ। ਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) । 59। ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥ ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥ ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥ ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥ ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥ ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥ {ਪੰਨਾ 944} ਪਦ ਅਰਥ: ਅਉਧੂ = ਹੇ ਜੋਗੀ! ਆਹਾਰੋ = ਖ਼ੁਰਾਕ, ਆਸਰਾ। ਬੋਲੈ = ਜਪਦਾ ਹੈ। ਤਤੁ = ਅਸਲੀਅਤ। ਵਿਰੋਲੈ = ਰਿੜਕਦਾ ਹੈ। ਇੜਾ = ਖੱਬੀ ਨਾਸ ਦੀ ਨਾੜੀ। ਪਿੰਗੁਲਾ = ਸੱਜੀ ਨਾਸ ਦੀ ਨਾੜੀ। ਸੁਖਮਨਾ = ਵਿਚਕਾਰਲੀ ਨਾੜੀ ਜਿਥੇ ਪ੍ਰਾਣਾਯਾਮ ਵੇਲੇ ਸੁਆਸ ਟਿਕਾਈਦੇ ਹਨ। ਤਿਹੁ ਤੇ = ਤਿਨ੍ਹਾਂ ਤੋਂ, ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ, ਪ੍ਰਾਣਾਯਾਮ ਤੋਂ। ਮਨਿ = ਮਨ ਵਿਚੋਂ। ਚੂਕੈ = ਮੁੱਕ ਜਾਂਦਾ ਹੈ। ਅਰਥ: (ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ) । ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ। (ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ। ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ) , ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ, (ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ।6। ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥ ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥ ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥ ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥ ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥ ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥ {ਪੰਨਾ 944-945} ਪਦ ਅਰਥ: ਜੀਉ = ਜਿੰਦ, ਆਸਰਾ। ਪਵਨੁ = ਪ੍ਰਾਣ। ਰਸੁ = ਖ਼ੁਰਾਕ। ਕਹਾ = ਕਿਥੋਂ? ਮੁਦ੍ਰਾ = ਸਾਧਨ। ਅਉਧੂ = ਹੇ ਜੋਗੀ! ਸਿਧ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਕਵਨ ਕਮਾਈ = ਕੀਹ ਮਿਲ ਜਾਂਦਾ ਹੈ? ਅਘਾਇ ਰਹੇ = ਰੱਜੇ ਰਹਿੰਦੇ ਹਨ। ਕਿਤੁ ਭੋਜਨਿ = ਕਿਸ ਭੋਜਨ ਨਾਲ? ਤ੍ਰਿਪਤਾਸੈ = ਤ੍ਰਿਪਤ ਰਹੀਦਾ ਹੈ। ਸਮ = ਬਰਾਬਰ, ਇੱਕ-ਸਮਾਨ। ਗ੍ਰਾਸੈ = ਗ੍ਰਸਦਾ, ਵਿਆਪਦਾ। ਅਰਥ: (ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?) ਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ? (ਉੱਤਰ:) ਹੇ ਜੋਗੀ! ਸਤਿਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ ਆਉਂਦਾ (ਭਾਵ, ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਨਾਂ ਦੀ ਖ਼ੁਰਾਕ ਹੈ) । ਗੁਰੂ-ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇਹ ਨਹੀਂ ਮਿਟਦੀ। ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ-ਰਸ ਮਿਲ ਜਾਂਦਾ ਹੈ, ਉਹ ਸੱਚੇ ਪ੍ਰਭੂ ਵਿਚ ਰੱਜੇ ਰਹਿੰਦੇ ਹਨ (ਭਾਵ, ਨਾਮ ਵਿਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ) । (ਪ੍ਰਸ਼ਨ:) ਉਹ ਕੇਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕੇਹੜੀ ਖ਼ੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ? (ਉੱਤਰ:) ਹੇ ਨਾਨਕ! ਸਤਿਗੁਰੂ ਤੋਂ (ਜੋ ਮਤ ਮਿਲਦੀ ਹੈ ਉਸ ਨਾਲ) ਦੁੱਖ ਤੇ ਸੁਖ ਇੱਕ-ਸਮਾਨ ਜਾਪਦਾ ਹੈ, ਸਤਿਗੁਰੂ ਤੋਂ (ਜੋ ਨਾਮ-ਭੋਜਨ ਮਿਲਦਾ ਹੈ, ਉਸ ਕਰਕੇ) ਮੌਤ (ਦਾ ਡਰ) ਪੋਹ ਨਹੀਂ ਸਕਦਾ। 61। |
Sri Guru Granth Darpan, by Professor Sahib Singh |