ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 946

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥ ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥ ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥ ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥ ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥ {ਪੰਨਾ 946}

ਪਦ ਅਰਥ: ਕਿਤੁ = ਕਿਸ ਨਾਲ? ਕਿਤੁ ਬਿਧਿ = ਕਿਸ ਵਿਧੀ ਨਾਲ? ਪੁਰਖਾ = ਹੇ ਪੁਰਖ! ਦੁਖਿ = ਦੁੱਖ ਨਾਲ। ਹਉਮੈ = ਵੱਖਰਾ-ਪਨ, ਮੇਰ-ਤੇਰ, ਆਪਣੀ ਵੱਖਰੀ ਹੋਂਦ ਦਾ ਖ਼ਿਆਲ। ਨਾਮਿ ਵਿਸਰਿਐ = ਜੇ ਨਾਮ ਵਿੱਸਰ ਜਾਏ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਸਾਚੈ = ਸੱਚੇ ਪ੍ਰਭੂ ਵਿਚ। ਨਾਮੇ ਨਾਮਿ = ਨਾਮਿ ਹੀ ਨਾਮਿ, ਨਾਮ ਹੀ ਨਾਮ ਵਿਚ, ਨਿਰੋਲ ਪ੍ਰਭੂ-ਨਾਮ ਵਿਚ। ਜੋਗੁ = ਮਿਲਾਪ।

ਅਰਥ: (ਪ੍ਰਸ਼ਨ:) ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?

(ਉੱਤਰ:) ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ। ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ, ਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ; ਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ। ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) । 68।

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥ ਗੁਰਮੁਖਿ ਨਿਜ ਘਰਿ ਵਾਸਾ ਹੋਇ ॥ ਗੁਰਮੁਖਿ ਜੋਗੀ ਜੁਗਤਿ ਪਛਾਣੈ ॥ ਗੁਰਮੁਖਿ ਨਾਨਕ ਏਕੋ ਜਾਣੈ ॥੬੯॥ {ਪੰਨਾ 946}

ਪਦ ਅਰਥ: ਬਾਣੀ = ਗੁਰੂ ਦੀ ਬਾਣੀ ਦੀ ਰਾਹੀਂ। ਨਿਜ ਘਰਿ = ਆਪਣੇ ਅਸਲ ਸਰੂਪ ਵਿਚ। ਜੁਗਤਿ = ਜੋਗ ਦੀ ਜੁਗਤਿ।

ਅਰਥ: ਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ, ਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ। ਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ।

ਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ। ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ। 69।

ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥ ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥ ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥ ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥ ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥ {ਪੰਨਾ 946}

ਪਦ ਅਰਥ: ਗਰਬਿ = ਅਹੰਕਾਰ ਵਿਚ। ਗੁਬਾਰਿ = ਹਨੇਰੇ ਵਿਚ। ਹਾਰਿ = ਹਾਰ ਕੇ। ਜੋਗੁ = (ਪਰਮਾਤਮਾ ਨਾਲ) ਮਿਲਾਪ।

ਅਰਥ: ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ, ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ। ਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ, ਮਨੁੱਖ ਬੜਾ ਕਸ਼ਟ ਉਠਾਂਦਾ ਹੈ। ਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ। ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ। 70।

ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥ ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥ ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰਮੁਖਿ ਦਰਗਹ ਨ ਆਵੈ ਹਾਰਿ ॥ ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥ {ਪੰਨਾ 946}

ਪਦ ਅਰਥ: ਉਰ = ਹਿਰਦਾ। ਬਿਦਾਰਿ = ਪਾੜ ਕੇ। ਮੇਲਿ = ਸੰਜੋਗ ਦੀ ਰਾਹੀਂ, ਸੰਜੋਗ ਬਣਾ ਕੇ। ਸੋੁ = {ਨੋਟ: ਅੱਖਰ 'ਸ' ਨਾਲ ਦੋ ਲਗਾਂ ਹਨ, ਅਸਲੀ ਲਗ (ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਠੀਕ ਰੱਖਣ ਲਈ (ੁ) ਪੜ੍ਹਨਾ ਹੈ। ਵੇਖੋ 'ਗੁਰਬਾਣੀ ਵਿਆਕਰਣ'}

ਅਰਥ: ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ, ਉਸ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ, ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ, ਉਹ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ) ।

ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ। 71।

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥ {ਪੰਨਾ 946}

ਪਦ ਅਰਥ: ਸਬਦੈ ਕਾ = ਸਾਰੇ ਸ਼ਬਦ ਦਾ, ਸਾਰੇ ਉਪਦੇਸ਼ ਦਾ। ਨਿਬੇੜਾ = ਫ਼ੈਸਲਾ, ਸਾਰ। ਅਉਧੂ = ਹੇ ਜੋਗੀ! ਮਾਤੇ = ਮਤਵਾਲੇ, ਮਸਤ। ਸਚੈ = ਸੱਚੇ ਪ੍ਰਭੂ ਨੇ। ਖੁਆਈ = ਕੁਰਾਹੇ ਪਾਏ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ।

ਅਰਥ: ਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ। ਜੋ 'ਨਾਮ' ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ। 'ਨਾਮ' ਤੋਂ ਹੀ ਸੁਖ ਮਿਲਦਾ ਹੈ; 'ਨਾਮ' ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, 'ਨਾਮ' ਤੋਂ ਹੀ ਸਾਰੀ ਸੂਝ ਪੈਂਦੀ ਹੈ।

ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ।

ਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ 'ਨਾਮ' ਮਿਲਦਾ ਹੈ ('ਨਾਮ' ਮਿਲਿਆਂ ਹੀ) ਜੋਗ ਦੀ ਸੁਰਤਿ ਸਿਰੇ ਚੜ੍ਹਦੀ ਹੈ। ਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, 'ਨਾਮ' ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ) । 72)

ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥ ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥ ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥ ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥ ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥ {ਪੰਨਾ 946}

ਨੋਟ: ਇਸ ਲੰਮੀ ਬਾਣੀ ਦੇ ਜਿਵੇਂ ਸ਼ੁਰੂ ਵਿਚ "ਮੰਗਲਾਚਰਣ" ਦੀ ਪਉੜੀ ਸੀ, ਹੁਣ ਪਉੜੀ ਨੰ: 72 ਤਕ "ਪ੍ਰਭੂ ਮਿਲਾਪ" ਬਾਰੇ ਚਰਚਾ ਮੁਕਾ ਕੇ ਅਖ਼ੀਰ ਵਿਚ "ਪ੍ਰਾਰਥਨਾ" ਹੈ।

ਪਦ ਅਰਥ: ਗਤਿ = ਹਾਲਤ। ਮਿਤਿ = ਮਿਣਤੀ। ਸਾਧਿਕ = ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਫੁਰਮਾਣੈ = ਫੁਰਮਾਨ ਵਿਚ ਹੀ, ਤੇਰੇ ਹੁਕਮ ਵਿਚ ਹੀ। ਪ੍ਰਭਿ = ਪ੍ਰਭੂ ਨੇ।

ਅਰਥ: ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈ। ਕੋਈ ਹੋਰ ਕੀਹ ਕਹਿ ਕੇ ਦੱਸ ਸਕਦਾ ਹੈ? ਤੂੰ ਆਪ ਹੀ ਲੁਕਿਆ ਹੋਇਆ ਹੈਂ ਤੂੰ ਆਪ ਹੀ ਪਰਗਟ ਹੈਂ (ਭਾਵ, ਸੂਖਮ ਤੇ ਅਸਥੂਲ ਤੂੰ ਆਪ ਹੀ ਹੈਂ) , ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈਂ।

ਸਾਧਨ ਕਰਨ ਵਾਲੇ ਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿਚ ਤੈਨੂੰ ਖੋਜਦੇ ਫਿਰਦੇ ਹਨ, ਤੈਥੋਂ ਤੇਰਾ 'ਨਾਮ' ਮੰਗਦੇ ਹਨ, ਤੈਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ।

ਹੇ ਨਾਨਕ! ਅਬਿਨਾਸੀ ਪ੍ਰਭੂ ਨੇ (ਇਹ ਜਗਤ ਦੀ) ਖੇਡ ਰਚੀ ਹੈ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ। ਸਾਰੇ ਹੀ ਜੁਗਾਂ ਵਿਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ (ਉਸ ਵਰਗਾ) ਨਹੀਂ। 73।1।

ਨੋਟ: ਅਖ਼ੀਰਲੇ ਅੰਕ '1' ਦਾ ਭਾਵ ਇਹ ਹੈ ਕਿ 'ਸਿਧ ਗੋਸਟਿ' ਦੀਆਂ 73 ਪਉੜੀਆਂ ਨੂੰ ਸਮੁੱਚੇ ਤੌਰ ਤੇ ਕੇਵਲ ਇੱਕ ਬਾਣੀ ਸਮਝਣਾ; ਸਾਰੀ ਬਾਣੀ ਦਾ ਇਕ ਸਾਂਝਾ ਭਾਵ ਹੈ।

TOP OF PAGE

Sri Guru Granth Darpan, by Professor Sahib Singh