ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 947

ੴ ਸਤਿਗੁਰ ਪ੍ਰਸਾਦਿ ॥ ਰਾਮਕਲੀ ਕੀ ਵਾਰ ਮਹਲਾ ੩ ॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥ {ਪੰਨਾ 947}

ਰਾਮਕਲੀ ਕੀ ਵਾਰ ਮ: ੩ ॥

ਪਉੜੀ ਵਾਰ ਭਾਵ:

1. ਇਹ ਸਾਰੀ ਕੁਦਰਤਿ ਪਰਮਾਤਮਾ ਨੇ ਆਪ ਰਚੀ ਹੈ, ਆਪਣੇ ਬਹਿਣ ਲਈ ਤਖ਼ਤ ਬਣਾਇਆ ਹੈ।

2. ਸ੍ਰਿਸ਼ਟੀ ਰੰਗਾ-ਰੰਗ ਦੀ ਹੈ।

3. ਇਸ ਵਿਚ ਕਈ ਜੀਵਾਂ ਨੂੰ ਪਰਮਾਤਮਾ ਨੇ ਆਪਣੀ ਸਿਫ਼ਤਿ-ਸਾਲਾਹ ਵਿਚ ਲਾ ਰੱਖਿਆ ਹੈ।

4. ਮਾਇਆ ਦਾ ਮੋਹ ਭੀ ਉਸ ਨੇ ਆਪ ਹੀ ਬਣਾਇਆ ਹੈ।

5.-6. ਜਿਹੜੇ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ, ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ।

7. ਸਰਗੁਣ ਰੂਪ ਤੋਂ ਪਹਿਲਾਂ ਕੀਹ ਸੀ = ਇਹ ਨਹੀਂ ਦੱਸਿਆ ਜਾ ਸਕਦਾ। ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚ ਦਿੱਤੀ, ਤਦੋਂ ਧਰਮ-ਪੁਸਤਕਾਂ ਦੀ ਰਾਹੀਂ ਭਲੇ ਬੁਰੇ ਦੀ ਸੂਝ ਪੈਣ ਲੱਗ ਪਈ।

8. ਗੁਰੂ ਦੇ ਸ਼ਬਦ ਦੀ ਰਾਹੀਂ ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਸੁਖੀ ਹਨ।

9. ਪਰਮਾਤਮਾ ਦਾ ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ ਜਿਸ ਨੂੰ ਗੁਰੂ ਮਿਲਦਾ ਹੈ ਉਹੀ ਪੀਂਦਾ ਹੈ।

10. ਸਭਨਾਂ ਦੀ ਸੰਭਾਲ ਪਰਮਾਤਮਾ ਆਪ ਕਰਦਾ ਹੈ। 'ਕੂੜ' ਵਿਚ ਲਾਣ ਵਾਲਾ ਭੀ ਆਪ ਹੀ ਹੈ, ਤੇ ਸਿਫ਼ਤਿ-ਸਾਲਾਹ ਵਿਚ ਜੋੜਨ ਵਾਲਾ ਭੀ ਆਪ ਹੀ ਹੈ।

11. ਗੁਰੂ ਦੀ ਰਾਹੀਂ ਸਮਝ ਪੈਂਦੀ ਹੈ ਕਿ ਪਰਮਾਤਮਾ ਇਸ ਸਰੀਰ ਵਿਚ ਰਹਿੰਦਾ ਹੈ, ਇਹ ਸਰੀਰ ਉਸ ਦਾ 'ਮੰਦਰ' ਹੈ।

12. ਸੋ, ਗੁਰੂ ਦੇ ਹੁਕਮ ਵਿਚ ਤੁਰ ਕੇ ਇਸ 'ਘਰ' ਵਿਚ ਹੀ ਉਸ ਨੂੰ ਲੱਭਣਾ ਚਾਹੀਦਾ ਹੈ।

13. ਉਂਞ ਤਾਂ ਪ੍ਰਭੂ ਹਰੇਕ ਸਰੀਰ ਵਿਚ ਹੈ, ਪਰ ਲੱਭਦਾ ਗੁਰੂ ਦੀ ਰਾਹੀਂ ਹੀ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਆਇਆ, ਉਸ ਦਾ ਅਹੰਕਾਰ ਦੂਰ ਹੋ ਗਿਆ, ਉਸ ਦਾ ਹਿਰਦਾ ਖਿੜਿਆ ਰਹਿੰਦਾ ਹੈ।

14. ਪਰਮਾਤਮਾ ਸਭ ਦੇ ਅੰਦਰ ਹੈ ਪਰ ਗੁਪਤ ਹੈ। ਗੁਰੂ ਦੀ ਰਾਹੀਂ ਗੁਣ ਗਾਵਿਆਂ ਪਰਗਟਦਾ ਹੈ।

15. ਪ੍ਰਭੂ ਇਸ ਸਰੀਰ-ਕਿਲ੍ਹੇ ਵਿਚ ਬੈਠਾ ਹੈ। ਪਰ ਮਾਇਆ ਦੇ ਕਰੜੇ ਕਿਵਾੜ ਲੱਗੇ ਪਏ ਹਨ ਜੋ ਗੁਰੂ ਦੇ ਸ਼ਬਦ ਦੀ ਰਾਹੀਂ ਖੁਲ੍ਹਦੇ ਹਨ।

16. ਅੰਦਰ ਬਾਹਰ ਸਭ ਥਾਂ ਪਰਮਾਤਮਾ ਆਪ ਹੀ ਹੈ। ਗੁਰੂ ਦੇ ਹੁਕਮ ਵਿਚ ਤੁਰਿਆਂ ਇਹ ਸਮਝ ਪੈਂਦੀ ਹੈ।

17. ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਨੇਰੇ ਵਿਚ ਰਹਿੰਦਾ ਹੈ, ਪਰ ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਚਾਨਣ ਹੋ ਜਾਂਦਾ ਹੈ।

18. ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਹੁਕਮ ਵਿਚ ਤੁਰ ਕੇ 'ਨਾਮ' ਦਾ ਵਪਾਰ ਕੀਤਾ, ਉਹਨਾਂ ਦੀ ਤ੍ਰਿਸ਼ਨਾ ਮੁੱਕ ਗਈ।

19. ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਸਿਮਰਦੇ ਹਨ ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਹਨ।

20. ਹਰਿ-ਨਾਮ ਹੀ ਸਦਾ ਨਾਲ ਨਿਭਣ ਵਾਲਾ ਧਨ ਹੈ, ਇਸ ਤੋਂ ਬਿਨਾ ਜੀਵਨ ਵਿਅਰਥ ਹੈ।

21. ਮੰਦਾ ਕਿਸ ਨੂੰ ਆਖੀਏ? ਹਰੇਕ ਵਿਚ ਆਪ ਹੀ ਹੈ, ਗੁਰੂ ਦੀ ਰਾਹੀਂ ਆਪ ਹੀ ਭਗਤੀ ਵਿਚ ਜੋੜਦਾ ਹੈ।

ਲੜੀ-ਵਾਰ ਭਾਵ:

(1 ਤੋਂ 7) ਇਹ ਰੰਗਾ-ਰੰਗ ਦੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਬਣਾਈ ਹੈ, ਇਸ ਵਿਚ ਹਰ ਥਾਂ ਆਪ ਮੌਜੂਦ ਹੈ। ਮਾਇਆ ਰਚਣ ਵਾਲਾ ਭੀ ਆਪ ਹੀ ਹੈ। ਉਸ ਦੀ ਰਜ਼ਾ ਅਨੁਸਾਰ ਹੀ ਕਈ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਕਈ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਸਿਮਰਦੇ ਹਨ। ਇਹ ਕੋਈ ਜੀਵ ਨਹੀਂ ਦੱਸ ਸਕਦਾ ਕਿ ਇਸ ਜਗਤ-ਰਚਨਾ ਤੋਂ ਪਹਿਲਾਂ ਕੀਹ ਸੀ।

(8 ਤੋਂ 14) ਪਰਮਾਤਮਾ ਹਰੇਕ ਮਨੁੱਖ ਦੇ ਸਰੀਰ ਦੇ ਅੰਦਰ ਹੀ ਵੱਸਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਮਨੁੱਖ ਨੂੰ ਇਹ ਸਮਝ ਆਉਂਦੀ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜੋ ਸਿਮਰਦਾ ਹੈ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ।

(15 ਤੋਂ 21) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਸਹੀ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ। ਭਾਵੇਂ ਪਰਮਾਤਮਾ ਹਰੇਕ ਮਨੁੱਖ ਦੇ ਸਰੀਰ-ਕਿਲ੍ਹੇ ਵਿਚ ਵੱਸਦਾ ਹੈ ਪਰ ਮਨਮੁਖ ਦੀ ਪਰਮਾਤਮਾ ਨਾਲੋਂ ਵਿੱਥ ਬਣੀ ਰਹਿੰਦੀ ਹੈ। ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ ਕਿ ਸਦਾ ਨਾਲ ਨਿੱਭਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ। ਪਰ ਕਿਸੇ ਨੂੰ ਮੰਦਾ ਨਹੀਂ ਆਖਿਆ ਜਾ ਸਕਦਾ। ਪ੍ਰਭੂ ਆਪ ਹੀ ਗੁਰੂ ਦੀ ਸਰਨ ਪਾ ਕੇ ਮਨੁੱਖ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ।

ਮੁੱਖ ਭਾਵ:

ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਆਪ ਹੀ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਮਾਇਆ ਦੇ ਮੋਹ ਵਿਚੋਂ ਕੱਢਦਾ ਹੈ ਤੇ ਆਪਣੀ ਭਗਤੀ ਵਿਚ ਜੋੜਦਾ ਹੈ। ਆਪਣੀ ਰਚੀ ਮਾਇਆ ਵਿਚ ਭੀ ਉਹ ਆਪ ਹੀ ਫਸਾਂਦਾ ਹੈ, ਤੇ ਆਪਣੀ ਭਗਤੀ ਵਿਚ ਭੀ ਆਪ ਹੀ ਜੋੜਦਾ ਹੈ।

'ਵਾਰ' ਦੀ ਬਣਤਰ

ਇਸ 'ਵਾਰ' ਦੀਆਂ 21 ਪਉੜੀਆਂ ਹਨ। ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ। ਪਰ ਇਸ 'ਵਾਰ' ਵਿਚ ਅਨੋਖੀ ਗੱਲ ਇਹ ਹੈ ਕਿ ਪਹਿਲੀ ਪਉੜੀ ਦੇ ਨਾਲ 'ਰਹਾਉ' ਦੀ ਭੀ ਇਕ ਤੁਕ ਹੈ– 'ਵਾਹੁ ਵਾਹੁ ਸਚੇ ਪਾਤਿਸਾਹ ਤੂ, ਸਚੀ ਨਾਈ'। ਹਰੇਕ ਪਉੜੀ ਦੀ ਅਖ਼ੀਰਲੀ ਤੁਕ ਦਾ ਅਖ਼ੀਰਲਾ ਲਫ਼ਜ਼, ਉਚਾਰਨ ਵਿਚ ਇਸ 'ਰਹਾਉ' ਦੀ ਤੁਕ ਦੇ ਅਖ਼ੀਰਲੇ ਲਫ਼ਜ਼ 'ਨਾਈ' ਵਰਗਾ ਹੀ ਹੈ– ਧਿਆਈ, ਸੁਣਾਈ, ਪਾਈ, ਸਮਾਈ, ਬੁਝਾਈ, ਲਖਾਈ, ਮਿਲਾਈ, ਬੁਝਾਈ, ਪਿਆਈ, ਸਨਾਈ, ਜਾਈ, ਜਾਈ, ਬੁਝਾਈ, ਵਡਿਆਈ, ਰਚਾਈ, ਪਾਈ, ਜਾਈ, ਬੁਝਾਈ, ਵਡਿਆਈ, ਜਾਈ, ਵਡਿਆਈ।

ਲਫ਼ਜ਼ 'ਨਾਨਕ' ਸਿਰਫ਼ ਅਖ਼ੀਰਲੀ ਪਉੜੀ ਵਿਚ ਹੈ। ਸਾਰੀਆਂ ਪਉੜੀਆਂ ਦੀਆਂ ਸਾਰੀਆਂ ਹੀ ਤੁਕਾਂ ਤਕਰੀਬਨ ਇਕੋ ਆਕਾਰ ਦੀਆਂ ਹਨ। ਕਾਵਿ-ਰਚਨਾ ਦੇ ਦ੍ਰਿਸ਼ਟੀ-ਕੋਣ ਤੋਂ ਸਾਰੀ ਹੀ 'ਵਾਰ' ਇੱਕ-ਸਮਾਨ ਹੈ।

ਸਲੋਕਾਂ ਦਾ ਵੇਰਵਾ:

ਸਾਰੇ ਸ਼ਲੋਕ 52 ਹਨ। ਪਉੜੀਆਂ ਦੀ ਕਾਵਿ-ਬਣਤਰ ਤਾਂ ਬੱਝਵੀਂ ਇੱਕ-ਸਮਾਨ ਹੈ, ਪਰ ਸ਼ਲੋਕਾਂ ਦੇ ਦਰਜ ਕਰਨ ਵਿਚ ਕੋਈ ਬੱਝਵਾਂ ਨਿਯਮ ਨਹੀਂ ਹੈ। ਪਉੜੀ ਨੰ: 1, 4, 8, 16 ਅਤੇ 19 ਦੇ ਨਾਲ ਤਿੰਨ ਤਿੰਨ ਸ਼ਲੋਕ ਹਨ। ਪਉੜੀ ਨੰ: 12 ਦੇ ਨਾਲ 7 ਸ਼ਲੋਕ ਹਨ। ਬਾਕੀ 15 ਪਉੜੀਆਂ ਨਾਲ ਦੋ ਦੋ ਸ਼ਲੋਕ ਹਨ।

ਗੁਰੂ ਅਮਰਦਾਸ ਜੀ ਦੇ. . . . . . . . 24 ਸ਼ਲੋਕ ਹਨ
ਗੁਰੂ ਨਾਨਕ ਦੇਵ ਜੀ ਦੇ. . . . . . . . 19
ਗੁਰੂ ਅੰਗਦ ਸਾਹਿਬ ਦ . . . . . . . . .7
ਅਤੇ ਭਗਤ ਕਬੀਰ ਜੀ ਦੇ. . . . . . . .2
. . . . ਜੋੜ . . . . . . . . . . . . . . . . 52

ਪਉੜੀ ਨੰ: 8 ਦੇ ਨਾਲ ਦਿੱਤਾ ਹੋਇਆ ਪਹਿਲਾ ਸ਼ਲੋਕ ਸ਼ੇਖ਼ ਫਰੀਦ ਜੀ ਦੇ ਸ਼ਲੋਕਾਂ ਵਿਚ ਭੀ ਹੈ ਨੰ: 52 ਤੇ। ਉਥੇ ਇਹ ਸ਼ਲੋਕ ਫਰੀਦ ਜੀ ਦੇ ਸ਼ਲੋਕ ਨੰ: 51 ਦੇ ਪਰਥਾਇ ਲਿਖਿਆ ਹੈ:

ਫਰੀਦਾ ਰਤੀ ਰਤੁ ਨ ਨਿਕਲੈ, ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ, ਤਿਨ ਤਨਿ ਰਤੁ ਨ ਹੋਇ ॥51॥

ਮ: 3 ॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ, ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ, ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ, ਜਿ ਰਤੇ ਹਰਿ ਰੰਗੁ ਲਾਇ ॥52॥

ਕਬੀਰ ਜੀ ਦੇ ਸ਼ਲੋਕ:

ਪਉੜੀ ਨੰ: 2 ਦੇ ਨਾਲ ਪਹਿਲਾ ਸ਼ਲੋਕ ਕਬੀਰ ਜੀ ਦਾ ਹੈ, ਜੋ ਕਬੀਰ ਜੀ ਦੇ ਸ਼ਲੋਕਾਂ ਵਿਚ ਨੰ: 65 ਤੇ ਇਉਂ ਹੈ:

ਕਬੀਰ ਮਹਿਦੀ ਕਰਿ ਘਾਲਿਆ, ਆਪੁ ਪੀਸਾਇ ਪੀਸਾਇ ॥
ਤੈ ਸਹ ਬਾਤ ਨ ਪੂਛੀਐ, ਕਬਹੁ ਨ ਲਾਈ ਪਾਇ ॥65॥

ਪਰ ਪਉੜੀ ਨੰ: 2 ਦੇ ਨਾਲ ਰਤਾ ਕੁ ਫ਼ਰਕ ਨਾਲ ਇਉਂ ਲਿਖਿਆ ਹੋਇਆ ਹੈ:

ਕਬੀਰ ਮਹਿਦੀ ਕਰਿ ਕੈ ਘਾਲਿਆ, ਆਪੁ ਪੀਸਾਇ ਪੀਸਾਇ ॥
ਤੈ ਸਹ ਬਾਤ ਨ ਪੁਛੀਆ, ਕਬਹੂ ਨ ਲਾਈ ਪਾਇ।1।

ਫ਼ਰਕ:
ਨੰ: 65 ਵਿਚ . . . . . .ਕਰਿ
'ਵਾਰ' ਵਿਚ . . . . . .ਕਰਿ ਕੈ
ਨੰ: 65 ਵਿਚ . . . . . .ਪੂਛੀਐ
'ਵਾਰ' ਵਿਚ . . . . . .ਪੁਛੀਆ
ਨੰ: 65 ਵਿਚ . . . . . .ਕਬਹੁ
'ਵਾਰ' ਵਿਚ . . . . . .ਕਬਹੂ

ਨੋਟ: ਇਸ ਸ਼ਲੋਕ ਦੇ ਪਰਥਾਇ ਪਉੜੀ ਨੰ: 2 ਦੇ ਨਾਲ ਦੂਜਾ ਸ਼ਲੋਕ ਮ: 3 ਦਾ ਹੈ:

ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇਇ ॥ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ ॥ ਇਹੁ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ ॥2॥

ਸਰਸਰੀ ਨਜ਼ਰੇ ਪੜ੍ਹਿਆਂ ਭੀ ਪਿਆ ਸਾਫ਼ ਦਿੱਸਦਾ ਹੈ ਕਿ ਮ: 3 ਦਾ ਇਹ ਸ਼ਲੋਕ ਕਬੀਰ ਜੀ ਦੇ ਸ਼ਲੋਕ ਦੇ ਸੰਬੰਧ ਵਿਚ ਹੈ। ਪਰ ਇਹ ਸ਼ਲੋਕ ਕਬੀਰ ਜੀ ਦੇ ਸ਼ਲੋਕਾਂ ਵਿਚ ਸ਼ਲੋਕ ਨੰ: 65 ਦੇ ਨਾਲ ਦਰਜ ਨਹੀਂ ਹੈ। ਸਾਰੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਕਿਤੇ ਭੀ ਨਹੀਂ। ਇਸ ਦਾ ਭਾਵ ਇਹ ਹੈ ਕਿ ਪਹਿਲਾਂ ਇਹ ਸ਼ਲੋਕ ਗੁਰੂ ਅਮਰਦਾਸ ਜੀ ਦੇ ਸ਼ਲੋਕਾਂ ਦੇ ਸੰਗ੍ਰਹਿ ਵਿਚ ਸੀ, ਉਥੋਂ ਕੱਢ ਕੇ ਗੁਰੂ ਅਰਜਨ ਸਾਹਿਬ ਨੇ ਕਬੀਰ ਜੀ ਦੇ ਸ਼ਲੋਕ ਨੰ: 65 ਸਮੇਤ ਇਸ ਪਉੜੀ ਨੰ: 2 ਦੇ ਨਾਲ ਦਰਜ ਕਰ ਦਿੱਤਾ।

ਪਉੜੀ ਨੰ: 4 ਦੇ ਨਾਲ ਦਰਜ ਕਬੀਰ ਜੀ ਦਾ ਸ਼ਲੋਕ ਸ਼ਲੋਕਾਂ ਦੇ ਸੰਗ੍ਰਹਿ ਵਿਚ ਨੰ: 33 ਤੇ ਹੈ। ਇਸ ਵਿਚ ਰਤਾ ਕੁ ਫ਼ਰਕ ਹੈ:

ਜੋ ਮਰ ਜੀਵਾ ਹੋਇ ॥ ਪਉੜੀ ਨੰ: 4 ਦੇ ਨਾਲ
ਜੋ ਮਰਿ ਜੀਵਾ ਹੋਇ ॥ ਸ਼ਲੋਕ ਨੰ: 33

ਸਾਰੇ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ:

ਗੁਰੂ ਅਮਰਦਾਸ ਜੀ ਦੀਆਂ 4 ਵਾਰਾਂ ਹੇਠ-ਲਿਖੇ ਰਾਗਾਂ ਵਿਚ ਹਨ:

1. ਗੂਜਰੀ, 2. ਸੂਹੀ, 3. ਰਾਮਕਲੀ, ਅਤੇ 4. ਮਾਰੂ

ਗੂਜਰੀ ਕੀ ਵਾਰ ਮ: 3 ਵਿਚ ਪਉੜੀ ਨੰ: 4 ਦੇ ਨਾਲ ਪਹਿਲਾ ਸ਼ਲੋਕ ਕਬੀਰ ਜੀ ਦਾ ਹੈ, ਬਾਕੀ ਸਾਰੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਹਨ। ਕੁੱਲ ਪਉੜੀਆਂ 22 ਹਨ।

ਸੂਹੀ ਕੀ ਵਾਰ ਮ: 3 ਦੀਆਂ 20 ਪਉੜੀਆਂ ਹਨ। ਇਸ ਵਿਚ 46 ਸ਼ਲੋਕ ਹਨ– ਸ਼ਲੋਕ ਮ: 3=14; ਸ਼ਲੋਕ ਮ: 2=11; ਸ਼ਲੋਕ ਮ: 1=21।

ਰਾਮਕਲੀ ਕੀ ਵਾਰ ਮ: 3 ਦੀਆਂ 21 ਪਉੜੀਆਂ ਹਨ। ਇਸ ਦੇ ਨਾਲ ਭੀ ਸ਼ਲੋਕ ਮ: 3, ਮ: 2, ਅਤੇ ਮ: 1 ਦੇ ਹਨ। ਦੋ ਸ਼ਲੋਕ ਕਬੀਰ ਜੀ ਦੇ ਹਨ।

ਇਹ ਠੀਕ ਹੈ ਕਿ ਗੁਰੂ ਅਮਰਦਾਸ ਜੀ ਦੇ ਕੋਲ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਮੌਜੂਦ ਸੀ, ਗੁਰੂ ਅੰਗਦ ਦੇਵ ਜੀ ਦੀ ਭੀ ਸਾਰੀ ਬਾਣੀ ਮੌਜੂਦ ਸੀ। ਭਗਤਾਂ ਦੀ ਬਾਣੀ ਪਹਿਲੀ 'ਉਦਾਸੀ' ਸਮੇਂ ਗੁਰੂ ਨਾਨਕ ਦੇਵ ਜੀ ਲਿਆਏ ਸਨ; ਇਹ ਭੀ ਗੁਰੂ ਅਮਰਦਾਸ ਜੀ ਦੇ ਕੋਲ ਮੌਜੂਦ ਸੀ।

ਪਰ ਇਸ ਦਾ ਭਾਵ ਇਹ ਨਹੀਂ ਕਿ ਰਾਗ ਗੂਜਰੀ, ਸੂਹੀ ਅਤੇ ਰਾਮਕਲੀ ਦੀਆਂ 'ਵਾਰਾਂ' ਦੀਆਂ 'ਪਉੜੀਆਂ' ਦੇ ਨਾਲ ਸ਼ਲੋਕ ਗੁਰੂ ਅਮਰਦਾਸ ਜੀ ਨੇ ਆਪ ਹੀ ਦਰਜ ਕੀਤੇ ਸਨ।

ਇਹ ਘੁੰਡੀ ਖੁਲ੍ਹਦੀ ਹੈ ਮਾਰੂ ਰਾਗ ਦੀ ਵਾਰ ਮ: 3 ਵਿਚੋਂ। ਇਸ 'ਵਾਰ' ਦੀਆਂ 22 ਪਉੜੀਆਂ ਹਨ। ਇਸ ਦੇ ਨਾਲ 47 ਸ਼ਲੋਕ ਹਨ। ਸ਼ਲੋਕਾਂ ਦਾ ਵੇਰਵਾ = ਮ: 1=18; ਮ: 2=1; ਮ: 3=22; ਮ: 4=3; ਮ: 5=2। ਜੋੜ=47। ਪਉੜੀ ਨੰ: 1 ਦੇ ਨਾਲ ਇੱਕ ਸ਼ਲੋਕ ਮ: 4 ਦਾ ਹੈ ਅਤੇ ਇੱਕ ਸ਼ਲੋਕ ਮ: 3 ਦਾ। ਪਉੜੀ ਨੰ: 2 ਦੇ ਨਾਲ 2 ਸ਼ਲੋਕ ਮ: 4 ਦੇ ਹਨ, ਅਤੇ ਇੱਕ ਸ਼ਲੋਕ ਮ: 3 ਦਾ। ਪਉੜੀ ਨੰ: 20 ਦੇ ਨਾਲ ਦੋਵੇਂ ਸ਼ਲੋਕ ਮ: 5 ਦੇ ਹਨ; ਮ: 3 ਦਾ ਇੱਕ ਭੀ ਨਹੀਂ।

ਜੇ ਇਹ ਸਾਰੇ ਸ਼ਲੋਕ ਗੁਰੂ ਅਮਰਦਾਸ ਜੀ ਨੇ ਆਪ ਹੀ ਦਰਜ ਕੀਤੇ ਹੁੰਦੇ, ਤਾਂ ਪਉੜੀ ਨੰ: 20 ਖ਼ਾਲੀ ਨਾਹ ਰਹਿਣ ਦੇਂਦੇ, ਅਤੇ ਪਉੜੀ ਨੰ: 1 ਅਤੇ 2 ਦੇ ਨਾਲ ਸਿਰਫ਼ ਇਕ ਇਕ ਹੀ ਆਪਣਾ ਸ਼ਲੋਕ ਦਰਜ ਕਰ ਕੇ ਬੱਸ ਨਾਹ ਕਰ ਦੇਂਦੇ। ਮ: 4 ਅਤੇ ਮ: 5 ਦੇ ਸ਼ਲੋਕ ਤਾਂ ਉਹਨਾਂ ਪਾਸ ਹੈ ਹੀ ਨਹੀਂ ਸਨ। ਸੋ, ਇਸ 'ਵਾਰ' ਵਿਚ ਸਾਰੇ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ।

ਇਹ ਭੀ ਨਹੀਂ ਸੀ ਹੋ ਸਕਦਾ ਕਿ 4 'ਵਾਰਾਂ' ਵਿਚੋਂ ਗੁਰੂ ਅਮਰਦਾਸ ਜੀ ਇੱਕ 'ਵਾਰ' ਦੀਆਂ ਪਉੜੀਆਂ ਬਿਲਕੁਲ ਖ਼ਾਲੀ ਰਹਿਣ ਦੇਂਦੇ, ਤੇ, ਬਾਕੀ ਦੀਆਂ 3 'ਵਾਰਾਂ' ਦੀਆਂ ਪਉੜੀਆਂ ਨਾਲ ਸ਼ਲੋਕ ਦਰਜ ਕਰ ਦੇਂਦੇ। ਸਾਰਾ ਹੀ ਉੱਦਮ ਕਾਵਿ-ਨਿਯਮਾਂ ਦੇ ਦ੍ਰਿਸ਼ਟੀ-ਕੋਣ ਤੋਂ ਇੱਕ-ਸਮਾਨ ਸੀ।

ਸਾਰੀਆਂ ਹੀ 'ਵਾਰਾਂ' ਦੀਆਂ ਪਉੜੀਆਂ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਹੀ ਦਰਜ ਕੀਤੇ ਸਨ।

ੴ ਸਤਿਗੁਰ ਪ੍ਰਸਾਦਿ ॥

ਰਾਮਕਲੀ ਕੀ ਵਾਰ ਮਹਲਾ 3 ॥ {ਪੰਨਾ 947}

ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥

ਇਸ ਵਾਰ ਦੀਆਂ ਪਉੜੀਆਂ ਉਸੇ ਸੁਰ (ਧੁਨਿ) ਤੇ ਗਾਣੀਆਂ ਹਨ ਜਿਸ ਸੁਰ ਤੇ ਜੋਧੇ ਤੇ ਵੀਰੇ ਦੀ ਵਾਰ ਦੀਆਂ ਪਉੜੀਆਂ ਗਾਵੀਆਂ ਜਾਂਦੀਆਂ ਸਨ।

ਜੋਧਾ ਤੇ ਵੀਰਾ ਦੋ ਭਰਾ ਸਨ; ਇਕ ਰਾਜਪੂਤ ਪੂਰਬਾਣ ਦੇ ਪੁੱਤ੍ਰ ਸਨ। ਜੰਗਲ ਵਿਚ ਰਹਿੰਦੇ ਸਨ। ਅਕਬਰ ਬਾਦਸ਼ਾਹ ਤੋਂ ਆਕੀ ਹੋਏ ਹੋਏ ਸਨ। ਅਕਬਰ ਨੇ ਇਹਨਾਂ ਤੇ ਚੜ੍ਹਾਈ ਕੀਤੀ, ਇਹ ਬੜੀ ਬੀਰਤਾ ਨਾਲ ਰਣ ਵਿਚ ਲੜ ਕੇ ਮਰੇ। ਢਾਢੀਆਂ ਨੇ ਇਹਨਾਂ ਦੀ ਸੂਰਮਤਾ ਦੀ ਵਾਰ ਬਣਾਈ, ਇਸ ਵਾਰ ਵਿਚੋਂ ਨਮੂਨੇ ਦੇ ਤੌਰ ਹੇਠ-ਲਿਖੀ ਪਉੜੀ ਹੈ:

ਜੋਧੇ ਵੀਰ ਪੂਰਬਾਣੀਏਂ ਦੋ ਗੱਲਾਂ ਕਰੀਨ ਕਰਾਰੀਆਂ ॥ ਫੌਜਾਂ ਚਾੜ੍ਹੀਆਂ ਬਾਦਸ਼ਾਹ ਅਕਬਰ ਨੇ ਭਾਰੀਆਂ ॥ ਸਨਮੁਖ ਹੋਏ ਰਾਜਪੂਤ ਸੁਤਰੀ ਰਣ ਕਾਰੀਆਂ ॥ ਇੰਦਰ ਸਣੇ ਅਪੱਛਰਾਂ ਮਿਲਿ ਕਰਨਿ ਜੁਹਾਰੀਆਂ ॥ ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ ॥

ਸਲੋਕੁ ਮਃ ੩ ॥ ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥ ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥ ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥ ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥ ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥ ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥ ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥ {ਪੰਨਾ 947}

ਪਦ ਅਰਥ: ਸਹਜ = ਅਡੋਲਤਾ। ਭਾਉ = ਪਿਆਰ। ਨਾਮੇ = ਨਾਮ ਵਿਚ ਹੀ। ਬੀਜੁ = ਮੂਲ, ਮੁੱਢ। ਗਇਆ ਵਿਲਾਇ = ਦੂਰ ਹੋ ਜਾਂਦਾ ਹੈ। ਅੰਭੁ = ਪਾਣੀ (ਸੰ: AzBs`) । ਬਹੁੜਿ = ਮੁੜ ਕੇ। ਨਿਕਸਿਆ ਨ ਜਾਇ = ਕੱਢਿਆ ਨਹੀਂ ਜਾ ਸਕਦਾ, ਵੱਖ ਨਹੀਂ ਕੀਤਾ ਜਾ ਸਕਦਾ। ਚਲਤੁ = ਖੇਡ। ਬਪੁੜਾ = ਵਿਚਾਰਾ।

ਅਰਥ: ਸਤਿਗੁਰੂ ਅਡੋਲਤਾ ਤੇ ਸ਼ਾਂਤੀ ਦਾ ਖੇਤ ਹੈ, (ਪ੍ਰਭੂ) ਜਿਸ ਨੂੰ (ਇਸ ਅਡੋਲਤਾ ਦੇ ਖੇਤ ਗੁਰੂ ਨਾਲ) ਪਿਆਰ ਬਖ਼ਸ਼ਦਾ ਹੈ (ਉਹ ਭੀ "ਸਹਜੈ ਦਾ ਖੇਤੁ" ਬਣ ਜਾਂਦਾ ਹੈ, ਤੇ ਉਹ ਉਸ ਖੇਤ ਵਿਚ) ਪ੍ਰਭੂ ਦਾ ਨਾਮ ਬੀਜਦਾ ਹੈ (ਓਥੇ) ਨਾਮ ਉੱਗਦਾ ਹੈ, ਉਹ ਮਨੁੱਖ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।

ਇਹ ਜੋ (ਸਂਹਸਿਆਂ ਦਾ) ਮੂਲ ਹਉਮੈ ਹੈ (ਇਹ ਹਉਮੈ ਉਸ ਮਨੁੱਖ ਵਿਚ ਨਹੀਂ ਹੁੰਦੀ, ਸੋ ਇਸ ਤੋਂ ਪੈਦਾ ਹੋਣ ਵਾਲਾ) "ਸਹਸਾ" (ਉਸ ਮਨੁੱਖ ਦਾ) ਦੂਰ ਹੋ ਜਾਂਦਾ ਹੈ, ਨਾਹ ਉਹ ਕੋਈ ਐਸਾ ਬੀਜ ਬੀਜਦਾ ਹੈ ਨਾਹ (ਓਥੇ 'ਸਹਸਾ') ਉੱਗਦਾ ਹੈ। ਉਹ ਮਨੁੱਖ ਪ੍ਰਭੂ ਦੀ ਬਖ਼ਸ਼ਸ਼ ਦਾ ਫਲ ਖਾਂਦਾ ਹੈ। (ਨਾਮ ਸਿਮਰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ) ।

ਜਿਵੇਂ ਪਾਣੀ ਨਾਲ ਪਾਣੀ ਰਲ ਜਾਏ ਤਾਂ ਮੁੜ (ਉਹ ਪਾਣੀ) ਵੱਖ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ, ਹੇ ਨਾਨਕ! ਉਸ ਮਨੁੱਖ ਦੀ ਹਾਲਤ ਹੈ ਜੋ ਗੁਰੂ ਦੇ ਹੁਕਮ ਵਿਚ ਤੁਰਦਾ ਹੈ। ਹੇ ਲੋਕੋ! (ਬੇਸ਼ੱਕ) ਆ ਕੇ ਵੇਖ ਲਵੋ (ਪਰਖ ਲਵੋ) ।

ਪਰ ਵਿਚਾਰਾ ਜਗਤ ਕੀਹ ਵੇਖੇ? ਇਸ ਨੂੰ ਤਾਂ (ਇਹ ਪਰਖਣ ਦੀ) ਸਮਝ ਹੀ ਨਹੀਂ ਹੈ; (ਇਹ ਗੱਲ) ਉਹੀ ਮਨੁੱਖ ਵੇਖ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਵੇਖਣ ਦੀ ਜਾਚ ਸਿਖਾਏ, ਜਿਸ ਦੇ ਮਨ ਵਿਚ ਪ੍ਰਭੂ ਆਪ ਆ ਵੱਸੇ।1।

ਮਃ ੩ ॥ ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥ ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥ ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥ ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥ {ਪੰਨਾ 947}

ਪਦ ਅਰਥ: ਦੁਖਿ = ਦੁੱਖ ਵਿਚ। ਵਿਹਾਇ = ਬੀਤਦੀ ਹੈ (ਉਮਰ) । ਅੰਧੁ = ਅੰਨ੍ਹਿਆਂ ਵਾਲਾ ਕੰਮ। ਦਿਤੇ ਕਉ = (ਪ੍ਰਭੂ ਦੇ) ਦਿੱਤੇ ਹੋਏ ਪਦਾਰਥਾਂ ਨੂੰ। ਲਪਟਾਇ = ਜੱਫਾ ਮਾਰਦਾ ਹੈ। ਪੂਰਬਿ = ਪਹਿਲੇ ਕੀਤੇ ਅਨੁਸਾਰ। ਲਿਖਿਆ = ਉੱਕਰਿਆ।

ਅਰਥ: ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਸਮਝੋ) ਦੁੱਖਾਂ ਦੀ ਪੈਲੀ ਹੈ (ਜਿਸ ਵਿਚ) ਉਹ ਦੁੱਖ ਬੀਜਦਾ ਹੈ ਤੇ ਦੁੱਖ (ਹੀ ਫਲ ਵੱਢ ਕੇ) ਖਾਂਦਾ ਹੈ। ਮਨਮੁਖ ਦੁੱਖ ਵਿਚ ਜੰਮਦਾ ਹੈ, ਦੁੱਖ ਵਿਚ ਮਰਦਾ ਹੈ, ਉਸ ਦੀ ਸਾਰੀ ਉਮਰ "ਮੈਂ; ਮੈਂ" ਕਰਦਿਆਂ ਗੁਜ਼ਰਦੀ ਹੈ। ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹਾਂ, ਉਹ ਅੰਨ੍ਹਾ ਜਹਾਲਤ ਦਾ ਹੀ ਕੰਮ ਕਰੀ ਜਾਂਦਾ ਹੈ।

ਮਨਮੁਖ ਉਸ ਮਾਲਕ ਨੂੰ ਨਹੀਂ ਪਛਾਣਦਾ ਜੋ (ਦਾਤਾਂ) ਦੇਂਦਾ ਹੈ, ਪਰ ਉਸ ਦੇ ਦਿੱਤੇ ਹੋਏ ਪਦਾਰਥਾਂ ਨੂੰ ਜੱਫਾ ਮਾਰਦਾ ਹੈ। ਹੇ ਨਾਨਕ! (ਮਨਮੁਖ ਕਰੇ ਭੀ ਕੀਹ?) ਪਿਛਲੇ ਕੀਤੇ ਕਰਮਾਂ ਅਨੁਸਾਰ ਜੋ (ਸੰਸਕਾਰ ਮਨ ਉਤੇ) ਉੱਕਰਿਆ ਪਿਆ ਹੈ (ਉਸੇ ਦੇ ਅਸਰ ਹੇਠ ਮਨੁੱਖ) ਕਰਮ ਕਰੀ ਜਾਂਦਾ ਹੈ (ਉਹਨਾਂ ਸੰਸਕਾਰਾਂ ਤੋਂ ਲਾਂਭੇ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।2।

ਮਃ ੩ ॥ ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥ ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥ ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥ ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥ {ਪੰਨਾ 947}

ਪਦ ਅਰਥ: ਸੋਇ = ਉਹ (ਪ੍ਰਭੂ) । ਸੁਖੈ = ਸੁਖ ਦਾ। ਬਿਬੇਕੁ = ਪਰਖ, ਪਛਾਣ। ਅੰਤਰੁ = ਅੰਦਰਲਾ (ਭਾਵ, ਆਤਮਾ) । ਭ੍ਰਮੁ = ਵਹਿਮ, ਭੁਲੇਖਾ। ਏਕੋ = ਇੱਕ (ਪ੍ਰਭੂ) ਹੀ। ਗਿਆਨੁ = ਪ੍ਰਭੂ ਨਾਲ ਜਾਣ-ਪਛਾਣ।

ਅਰਥ: ਜੇ ਸਤਿਗੁਰੂ ਮਿਲ ਪਏ ਤਾਂ ਸਦਾ ਲਈ ਸੁਖ ਹੋ ਜਾਂਦਾ ਹੈ (ਪਰ ਗੁਰੂ ਮਿਲਦਾ ਉਸ ਨੂੰ ਹੈ) ਜਿਸ ਨੂੰ ਉਹ ਪ੍ਰਭੂ ਆਪ ਮਿਲਾਏ। (ਫਿਰ) ਉਸ ਸੁਖ ਦੀ ਪਛਾਣ ਇਹ ਹੈ ਕਿ (ਮਨੁੱਖ ਦਾ) ਅੰਦਰਲਾ ਪਵਿਤ੍ਰ ਹੋ ਜਾਂਦਾ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦੀ ਭੁੱਲ ਦੂਰ ਹੋ ਜਾਂਦੀ ਹੈ, ਆਤਮਕ ਜੀਵਨ ਦੀ ਸੂਝ ਹਾਸਲ ਹੋ ਜਾਂਦੀ ਹੈ। ਹੇ ਨਾਨਕ! (ਹਰ ਥਾਂ) ਉਹ ਪ੍ਰਭੂ ਹੀ ਦਿੱਸਦਾ ਹੈ, ਜਿੱਧਰ ਵੇਖੀਏ ਓਧਰ ਉਹੀ ਪ੍ਰਭੂ (ਦਿੱਸਦਾ ਹੈ) ।3।

ਪਉੜੀ ॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥ ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥ ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥ ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥ ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥ {ਪੰਨਾ 947}

ਪਦ ਅਰਥ: ਸਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ। ਜਾਂਈ = ਥਾਂ। ਸਬਦਿ = ਸ਼ਬਦ ਨੇ। ਸੁਣਾਈ = ਦੱਸੀ ਹੈ। ਸਾਜੀਅਨੁ = ਪੈਦਾ ਕੀਤੀ ਹੈ ਉਸ ਨੇ {ਵੇਖੋ 'ਗੁਰਬਾਣੀ ਵਿਆਕਰਣ'}। ਪੂਰੀ = ਮੁਕੰਮਲ, ਜੋ ਅਧੂਰੀ ਨਹੀਂ ਹੈ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

ਅਰਥ: ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਥਾਂ ਬਣਾਇਆ ਹੈ। (ਇਸ ਜਗਤ ਵਿਚ) ਹਰੇਕ ਚੀਜ਼ ਉਸ ਪ੍ਰਭੂ ਦਾ ਆਪਣਾ ਹੀ ਸਰੂਪ ਹੈ– ਇਹ ਗੱਲ ਸਤਿਗੁਰੂ ਦੇ ਸ਼ਬਦ ਨੇ ਦੱਸੀ ਹੈ। ਇਹ ਸਾਰੀ ਕੁਦਰਤਿ ਉਸ ਨੇ ਆਪ ਹੀ ਪੈਦਾ ਕੀਤੀ ਹੈ, (ਕੁਦਰਤਿ ਦੇ ਸਾਰੇ ਰੁੱਖ ਬਿਰਖ ਆਦਿਕ, ਮਾਨੋ, ਰਹਿਣ ਲਈ ਉਸ ਨੇ) ਮਹਲ ਮਾੜੀਆਂ ਬਣਾਏ ਹਨ; ਇਹਨਾਂ ਮਹਲ ਮਾੜੀਆਂ (ਵਿਚ) ਚੰਦ ਤੇ ਸੂਰਜ ਦੋਵੇਂ (ਮਾਨੋ ਉਸ ਦੇ ਜਗਾਏ ਹੋਏ) ਦੀਵੇ ਹਨ। (ਪ੍ਰਭੂ ਨੇ ਕੁਦਰਤਿ ਦੀ ਸਾਰੀ) ਬਣਤਰ ਮੁਕੰਮਲ ਬਣਾਈ ਹੋਈ ਹੈ। (ਇਸ ਵਿਚ ਬੈਠ ਕੇ) ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ; ਉਸ ਪ੍ਰਭੂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਧਿਆਇਆ ਜਾ ਸਕਦਾ ਹੈ।1।

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥ {ਪੰਨਾ 947}

ਨੋਟ: ਲਫ਼ਜ਼ "ਰਹਾਉ" ਦਾ ਅਰਥ ਹੈ "ਠਹਰ ਜਾਓ"; ਭਾਵ, ਇਸ ਸਾਰੀ ਲੰਮੀ ਬਾਣੀ ਦਾ ਮੁੱਖ-ਭਾਵ ਇਸ ਤੁਕ ਵਿਚ ਹੈ ਜਿਸ ਦੇ ਅੰਤ ਵਿਚ ਲਫ਼ਜ਼ "ਰਹਾਉ" ਲਿਖਿਆ ਗਿਆ ਹੈ।

ਪਦ ਅਰਥ: ਵਾਹੁ = ਅਸਚਰਜ। ਪਾਤਿਸ਼ਾਹ = ਹੇ ਪਾਤਿਸ਼ਾਹ! ਨਾਈ = ਵਡਿਆਈ।

ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੂੰ ਅਸਚਰਜ ਹੈਂ, ਤੂੰ ਅਸਚਰਜ ਹੈਂ। ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।1। ਰਹਾਉ।

ਸਲੋਕੁ ॥ ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥ ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥ {ਪੰਨਾ 947}

ਪਦ ਅਰਥ: ਆਪੁ = ਆਪਣੇ ਆਪ ਨੂੰ। ਸਹ = ਹੇ ਖਸਮ! ਪਾਇ = ਪੈਰ ਵਿਚ। ਤੈ = ਤੂੰ।

ਅਰਥ: ਹੇ ਕਬੀਰ! (ਆਖ-) ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ, (ਪਰ) ਹੇ ਪਤੀ (ਪ੍ਰਭੂ!) ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ।1।

ਮਃ ੩ ॥ ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥ ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥ {ਪੰਨਾ 947}

ਪਦ ਅਰਥ: ਪਿਰਮ ਪਿਆਲਾ = ਪ੍ਰੇਮ ਦਾ ਪਿਆਲਾ। ਜੈ ਭਾਵੈ = ਜੋ ਉਸ ਨੂੰ ਭਾਉਂਦਾ ਹੈ।

ਅਰਥ: ਹੇ ਨਾਨਕ! (ਅਸਾਨੂੰ) ਮਹਿਦੀ ਬਣਾਇਆ ਭੀ ਉਸ ਨੇ ਆਪ ਹੀ ਹੈ, ਜਦੋਂ ਉਹ ਖਸਮ (ਪ੍ਰਭੂ) ਮੇਹਰ ਦੀ ਨਜ਼ਰ ਕਰਦਾ ਹੈ, ਉਹ ਆਪ ਹੀ (ਮਹਿਦੀ ਨੂੰ) ਪੀਂਹਦਾ ਹੈ, ਆਪ ਹੀ (ਮਹਿਦੀ ਨੂੰ) ਰਗੜਦਾ ਹੈ, ਆਪ ਹੀ (ਆਪਣੀ ਪੈਰੀਂ) ਲਾ ਲੈਂਦਾ ਹੈ (ਭਾਵ, ਬੰਦਗੀ ਦੀ ਘਾਲ-ਕਮਾਈ ਵਿਚ ਬੰਦੇ ਨੂੰ ਆਪ ਹੀ ਲਾਂਦਾ ਹੈ) । ਇਹ ਪ੍ਰੇਮ ਦਾ ਪਿਆਲਾ ਖਸਮ ਪ੍ਰਭੂ ਦੀ ਆਪਣੀ (ਵਸਤੁ) ਹੈ, ਉਸ ਮਨੁੱਖ ਨੂੰ ਦੇਂਦਾ ਹੈ ਜੋ ਉਸ ਨੂੰ ਪਿਆਰਾ ਲੱਗਦਾ ਹੈ।2।

ਪਉੜੀ ॥ ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥ ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥ ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥ ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥ ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥ {ਪੰਨਾ 947}

ਪਦ ਅਰਥ: ਵੇਕੀ = ਵਖੋ ਵਖ ਕਿਸਮ ਦੀ। ਉਪਾਈਅਨੁ = ਉਸ ਨੇ ਉਪਾਈ ਹੈ। ਹੁਕਮਿ = ਹੁਕਮ ਵਿਚ, ਹੁਕਮ ਅਨੁਸਾਰ। ਸਮਾਹੀ = ਸਮਾ ਜਾਂਦੇ ਹਨ। ਵਿਗਸਦਾ = ਖ਼ੁਸ਼ ਹੁੰਦਾ ਹੈ। ਬੁਝਾਹੀ = (ਤੂੰ) ਸਮਝ ਦੇਂਦਾ ਹੈਂ। ਚਲਾਹੀ = ਤੂੰ ਚਲਾਂਦਾ ਹੈਂ। ਕਿਸੁ = ਕਿਸ ਦੀ ਬਾਬਤ? ਸੁਣਾਈ = ਮੈਂ ਸੁਣਾਵਾਂ।

ਅਰਥ: ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿਚ ਜੰਮਦੇ ਤੇ ਸਮਾ ਜਾਂਦੇ ਹਨ; ਪ੍ਰਭੂ ਹੀ (ਆਪਣੀ ਰਚਨਾ ਨੂੰ) ਵੇਖ ਕੇ ਖ਼ੁਸ਼ ਹੋ ਰਿਹਾ ਹੈ, ਉਸ ਦਾ ਕੋਈ ਸ਼ਰੀਕ ਨਹੀਂ।

(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਜੀਵਾਂ ਨੂੰ) ਰੱਖ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵਾਂ ਨੂੰ) ਮੱਤ ਦੇਂਦਾ ਹੈਂ। ਸਭ ਜੀਵਾਂ ਨੂੰ ਤੇਰਾ ਆਸਰਾ ਹੈ, ਜਿਵੇਂ ਤੈਨੂੰ ਭਾਵੇਂ ਤਿਵੇਂ (ਜੀਵਾਂ ਨੂੰ) ਤੂੰ ਤੋਰਦਾ ਹੈਂ।

ਮੈਨੂੰ, (ਹੇ ਪ੍ਰਭੂ!) ਤੇਰੇ ਜੇਡਾ ਕੋਈ ਦਿੱਸਦਾ ਨਹੀਂ; ਕਿਸ ਦੀ ਬਾਬਤ ਆਖ ਕੇ ਦੱਸਾਂ (ਕਿ ਉਹ ਤੇਰੇ ਜੇਡਾ ਹੈ) ?।2।

TOP OF PAGE

Sri Guru Granth Darpan, by Professor Sahib Singh