ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 948

ਸਲੋਕੁ ਮਃ ੩ ॥ ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥ ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥ {ਪੰਨਾ 948}

ਪਦ ਅਰਥ: ਭਰਮਿ = ਭਰਮ ਵਿਚ। ਭਾਲਿ = ਭਾਲ ਕੇ, ਢੂੰਢ ਕੇ। ਨ ਦੇਵਈ = ਨ ਦੇਵੈ, ਨਹੀਂ ਦੇਂਦਾ। ਤਿਸੁ ਨਾਲਿ = ਉਸ ਪ੍ਰਭੂ ਨਾਲ। ਅੰਤਰਿ = {ਨੋਟ: ਪਹਿਲੀ ਪਉੜੀ ਦੇ ਸ਼ਲੋਕ ਨੰ: 3 ਵਿਚ ਦੇ ਲਫ਼ਜ਼ "ਅੰਤਰੁ" ਦਾ ਤੇ ਇਸ ਲਫ਼ਜ਼ ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਕਰਤਾਰਿ = ਕਰਤਾਰ ਨੇ।

ਅਰਥ: ਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ, (ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।

(ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ। ਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ) ।1।

ਮਃ ੩ ॥ ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥ ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥ ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥ ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥ ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥ ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥ {ਪੰਨਾ 948}

ਪਦ ਅਰਥ: ਧਾਵਤ = ਦੌੜਦਿਆਂ, ਭਟਕਦਿਆਂ। ਰੈਣਿ = (ਸੰ: rjnI) ਰਾਤ। ਸੋਇ = ਸੌਂ ਕੇ। ਬਿਖੁ = ਵਿਹੁ। ਮਨਮੁਖਿ = ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਡੰਡੁ = ਡੰਡ, ਡੰਡਾ। ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਹੋਰ ਵਿਚ ਪਿਆਰ ਦੇ ਕਾਰਣ। ਮਨਿ = ਮਨ ਵਿਚ। ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ। ਕਰਮਿ = ਬਖ਼ਸ਼ਸ਼ ਦੀ ਰਾਹੀਂ।

ਅਰਥ: ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ (ਸਾਰਾ) ਦਿਨ (ਦੁਨੀਆ ਦੇ) ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ, (ਇਹਨਾਂ ਧੰਧਿਆਂ ਵਿਚ ਪਿਆ ਹੋਇਆ) ਝੂਠ ਬੋਲ ਕੇ ਜ਼ਹਿਰ ਖਾਂਦਾ ਹੈ (ਭਾਵ, ਦੁਨੀਆ ਦੇ ਪਦਾਰਥ ਮਾਣਦਾ ਹੈ) ਤੇ (ਅੰਤ ਨੂੰ ਏਥੋਂ) ਰੋ ਕੇ ਤੁਰ ਪੈਂਦਾ ਹੈ; ਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ) , (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ; ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ (ਇਸ ਲਈ) ਮੁੜ ਮੁੜ ਜਨਮ ਮਰਨ ਦਾ ਗੇੜ (ਉਸ ਨੂੰ ਨਸੀਬ) ਹੁੰਦਾ ਹੈ।

(ਪਰ ਜਿਸ ਮਨੁੱਖ ਦੇ) ਮਨ ਵਿਚ ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ (ਭਾਵ, ਉਸ ਨੂੰ ਮੌਤ ਡਰਾ ਨਹੀਂ ਸਕਦੀ) ਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ।2।

ਪਉੜੀ ॥ ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥ ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥ ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥ ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥ ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥ {ਪੰਨਾ 948}

ਪਦ ਅਰਥ: ਇਕਿ = ਕਈ ਜੀਵ ("ਇਕਿ" ਲਫ਼ਜ਼ "ਇਕ" ਤੋਂ 'ਬਹੁ-ਵਚਨ' ਹੈ) । ਲਾਇਅਨੁ = ਲਾਏ ਹਨ ਉਸ ਨੇ (ਨੋਟ: ਪਉੜੀ ਨੰ: 2 ਵਿਚ ਲਫ਼ਜ਼ "ਉਪਾਈਅਨੁ" ਹੈ, ਦੋਹਾਂ ਦੀ ਬਨਾਵਟ ਵਿਚ ਵਿਆਕਰਣਕ ਭੇਦ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ') । ਬਖਸਿਓਨੁ = ਬਖ਼ਸ਼ਿਆ ਉਸ ਨੇ। ਅਸਥਿਰੁ ਨਾਉ = ਸਦਾ ਰਹਿਣ ਵਾਲਾ ਨਾਮ। ਸਤੀ = ਸਦਾ ਕਾਇਮ ਰਹਿਣ ਵਾਲਾ। ਬੈਸੰਤਰੋ = ਅੱਗ। ਕਰਹਿ = ਕਰਦੇ ਹਨ। ਅਗਲਾ = ਬਹੁਤਾ। ਮੰਨਿਐ = ਜੇ ਮੰਨ ਲਈਏ।

ਅਰਥ: (ਇਸ "ਵੇਕੀ ਸ੍ਰਿਸਟਿ" ਵਿਚ, ਪ੍ਰਭੂ ਨੇ) ਕਈ ਜੀਵਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਆਪਣੀ ਸਿਫ਼ਤਿ-ਸਾਲਾਹ ਵਿਚ ਲਾਇਆ ਹੋਇਆ ਹੈ, ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣਾ ਸਦਾ-ਥਿਰ ਰਹਿਣ ਵਾਲਾ 'ਨਾਮ' ਬਖ਼ਸ਼ਿਆ ਹੋਇਆ ਹੈ।

ਹਵਾ, ਪਾਣੀ, ਅੱਗ (ਆਦਿਕ ਤੱਤ ਭੀ) ਉਸ ਦੇ ਹੁਕਮ ਵਿਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ, ਇਹਨਾਂ (ਤੱਤਾਂ) ਨੂੰ ਉਸ ਮਾਲਕ ਦਾ ਬੜਾ ਡਰ ਰਹਿੰਦਾ ਹੈ, (ਸੋ, ਜਗਤ ਦੀ ਕਿਆ ਅਸਚਰਜ) ਮੁਕੰਮਲ ਬਣਤਰ ਬਣੀ ਹੋਈ ਹੈ, ਹਰ ਥਾਂ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ। (ਪ੍ਰਭੂ ਦੇ ਹੁਕਮ ਨੂੰ) ਮੰਨਿਆਂ (ਭਾਵ, ਹੁਕਮ ਵਿਚ ਤੁਰਿਆਂ ਹੀ) ਸੁਖ ਪਾਈਦਾ ਹੈ।3।

ਸਲੋਕੁ ॥ ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥ {ਪੰਨਾ 948}

ਪਦ ਅਰਥ: ਕਸਉਟੀ = ਕਸ-ਵੱਟੀ, ਉਹ ਨਿੱਕਾ ਜਿਹਾ ਵੱਟਾ ਜਿਸ ਉਤੇ ਸੋਨੇ ਨੂੰ ਕੱਸ ਲਾਈਦੀ ਹੈ, ਪਰਖ। ਮਰਜੀਵਾ = ਜੋ ਮਨੁੱਖ ਦੁਨੀਆ ਦੇ ਚਸਕਿਆਂ ਵਲੋਂ ਮਰ ਕੇ ਰੱਬ ਵਾਲੇ ਪਾਸੇ ਜੀਊ ਪਿਆ ਹੈ।

ਅਰਥ: ਹੇ ਕਬੀਰ! ਪਰਮਾਤਮਾ ਦੀ ਕਸਵੱਟੀ (ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ) ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ; ਪਰਮਾਤਮਾ ਦੀ ਪਰਖ ਵਿਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵਲੋਂ ਮਰ ਕੇ ਰੱਬ ਵਲ ਜੀਊ ਪਿਆ ਹੈ।1।

ਮਃ ੩ ॥ ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥ ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥ {ਪੰਨਾ 948}

ਪਦ ਅਰਥ: ਮਿਰਤਕੁ = ਮੁਰਦਾ, ਦੁਨੀਆ ਦੇ ਚਸਕਿਆਂ ਵਲੋਂ ਹਟਿਆ ਹੋਇਆ। ਨ ਮਾਨਈ = ਨਹੀਂ ਮੰਨਦਾ। ਜੀਵਨ ਮੁਕਤੁ = ਜਗਤ ਵਿਚ ਜਿਊਂਦਾ ਹੋਇਆ ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਬਿਘਨੁ = ਰੁਕਾਵਟ।

ਅਰਥ: ਕਿਵੇਂ ਇਸ ਮਨ ਨੂੰ ਮਾਰੀਏ? ਕਿਵੇਂ ਇਹ ਮਨ ਦੁਨੀਆ ਦੇ ਚਸਕਿਆਂ ਵਲੋਂ ਹਟੇ? ਕੋਈ ਭੀ ਮਨੁੱਖ ਆਖਿਆਂ (ਭਾਵ, ਸਮਝਾਇਆਂ) ਨਾਹ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ ਤੇ ਨਾਹ ਹਉਮੈ ਛੱਡਦਾ ਹੈ।

ਸਤਿਗੁਰੂ ਦੀ ਮੇਹਰ ਨਾਲ ਹਉਮੈ ਦੂਰ ਹੁੰਦੀ ਹੈ। (ਜਿਸ ਦੀ ਹਉਮੈ ਨਾਸ ਹੁੰਦੀ ਹੈ) ਉਹ ਮਨੁੱਖ ਜਗਤ ਵਿਚ ਰਹਿੰਦਾ ਹੋਇਆ ਜਗਤ ਦੇ ਚਸਕਿਆਂ ਵਲੋਂ ਹਟਿਆ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਜੀਵਨ ਮੁਕਤਿ ਦਾ ਦਰਜਾ) ਪ੍ਰਾਪਤ ਹੋ ਜਾਂਦਾ ਹੈ ਤੇ (ਉਸ ਦੇ ਜ਼ਿੰਦਗੀ ਦੇ ਸਫ਼ਰ ਵਿਚ ਮਾਇਕ ਰਸਾਂ ਦੀ) ਕੋਈ ਰੁਕਾਵਟ ਨਹੀਂ ਆਉਂਦੀ।2।

ਮਃ ੩ ॥ ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥ ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥ ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥ ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥ {ਪੰਨਾ 948}

ਪਦ ਅਰਥ: ਸਭੁ ਕੋ = ਹਰ ਕੋਈ, ਹਰੇਕ ਮਨੁੱਖ। ਸੰਜਮੁ = ਪਰਹੇਜ਼। ਦਾਰੂ = ਦਵਾਈ। ਨਾਮਿ = ਨਾਮ ਦੀ ਰਾਹੀਂ।

ਅਰਥ: (ਜਗਤ ਵਿਚ) ਜਿਊਂਦਿਆਂ (ਜਗਤ ਵਲੋਂ) ਮਰਨ ਦੀਆਂ ਗੱਲਾਂ ਹਰ ਕੋਈ ਕਰਦਾ ਹੈ, ਪਰ ਇਹ 'ਜੀਵਨ-ਮੁਕਤੀ' (ਦੀ ਅਵਸਥਾ) ਪ੍ਰਾਪਤ ਕਿਵੇਂ ਹੋਵੇ?

ਜੇ ਮਨੁੱਖ (ਦੁਨੀਆ ਦੇ ਚਸਕਿਆਂ ਦੀ ਵਿਹੁ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਪਿਆਰ (-ਰੂਪ) ਦਵਾਈ ਵਰਤੇ ਤੇ ਪ੍ਰਭੂ ਦੇ ਡਰ ਦਾ ਪਰਹੇਜ਼ ਬਣਾਏ (ਭਾਵ, ਜਿਉਂ ਜਿਉਂ ਮਨੁੱਖ ਇਹ ਡਰ ਦਿਲ ਵਿਚ ਰੱਖੇਗਾ ਕਿ ਪ੍ਰਭੂ ਤਾਂ ਹਰ ਵੇਲੇ ਅੰਗ-ਸੰਗ ਹੈ ਉਸ ਤੋਂ ਕੋਈ ਲੁਕਾ ਨਹੀਂ ਹੋ ਸਕਦਾ) ਤੇ ਹਰ ਰੋਜ਼ ਨਿੱਤ ਆਨੰਦ ਨਾਲ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਏ ਤਾਂ ਪ੍ਰਭੂ ਦੇ ਨਾਮ ਦੀ ਰਾਹੀਂ ਉਹ ਇਸ ਵਿਹੁ-ਰੂਪ ਸੰਸਾਰ-ਸਮੁੰਦਰ ਨੂੰ ਤਰ ਜਾਂਦਾ ਹੈ।

ਹੇ ਨਾਨਕ! ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਇਹ (ਜੀਵਨ-ਮੁਕਤੀ ਦੀ ਅਵਸਥਾ) ਸਤਿਗੁਰੂ ਦੀ ਰਾਹੀਂ ਮਿਲਦੀ ਹੈ।3।

ਪਉੜੀ ॥ ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥ ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥ ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥ ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥ ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥ {ਪੰਨਾ 948}

ਪਦ ਅਰਥ: ਦੂਜਾ ਭਾਉ = (ਪਰਮਾਤਮਾ ਤੋਂ ਬਿਨਾ) ਹੋਰ ਪਿਆਰ। ਰਚਾਇਓਨੁ = ਰਚਾਇਆ ਉਸ ਨੇ। ਉਪਾਇਅਨੁ = ਉਪਾਏ ਉਸ ਨੇ (ਦੂਜੀ ਪਉੜੀ ਵਿਚ ਵੇਖੋ ਲਫ਼ਜ਼ "ਉਪਾਈਅਨੁ" ਇਹ ਫ਼ਰਕ ਸਮਝਣ ਲਈ ਪੜ੍ਹੋ 'ਗੁਰਬਾਣੀ ਵਿਆਕਰਣ') । ਜੋਤਕੀ = ਜੋਤਸ਼ੀ। ਬਖਸਿ ਲੈਹਿ = ਤੂੰ ਬਖ਼ਸ਼ ਲੈਂਦਾ ਹੈ। ਸਚਿ = ਸੱਚ ਵਿਚ।

ਅਰਥ: (ਜੀਵਾਂ ਦਾ) ਮਾਇਆ ਨਾਲ ਪਿਆਰ ਤੇ ਮਾਇਆ ਦੇ ਤਿੰਨਾਂ ਗੁਣਾਂ ਦਾ ਵਰਤਾਰਾ (ਭਾਵ, ਪ੍ਰਭਾਵ) ਭੀ ਉਸ ਸਿਰਜਣਹਾਰ ਨੇ (ਆਪ ਹੀ) ਪੈਦਾ ਕੀਤਾ ਹੈ; (ਤਿੰਨਾਂ ਗੁਣਾਂ ਤੋਂ ਤਿੰਨੇ ਦੇਵਤੇ) ਬ੍ਰਹਮਾ ਵਿਸ਼ਨੂ ਤੇ ਸ਼ਿਵ ਉਸ ਨੇ (ਆਪ ਹੀ) ਉਪਾਏ ਹਨ, (ਇਹ ਤ੍ਰੈਵੇ) ਉਸ ਦੇ ਹੁਕਮ ਵਿਚ ਹੀ ਕਾਰ ਕਰ ਰਹੇ ਹਨ। ਜੋਤਸ਼ੀ (ਆਦਿਕ) ਵਿਦਵਾਨ ਲੋਕ (ਵਿਚਾਰ ਵਾਲੀਆਂ ਪੁਸਤਕਾਂ) ਪੜ੍ਹਦੇ ਹਨ ਪਰ (ਪ੍ਰਭੂ ਦੇ ਇਸ ਕੌਤਕ ਦੀ) ਵੀਚਾਰ ਨੂੰ ਸਮਝਦੇ ਨਹੀਂ ਹਨ।

(ਹੇ ਪ੍ਰਭੂ!) (ਇਹ ਜਗਤ-ਰਚਨਾ) ਸਾਰਾ ਹੀ ਤੇਰਾ (ਇਕ) ਖੇਲ ਹੈ, ਤੂੰ (ਇਸ ਖੇਲ ਨੂੰ) ਬਣਾਣ ਵਾਲਾ ਹੈਂ ਤੇ ਸਦਾ ਕਾਇਮ ਰਹਿਣ ਵਾਲਾ ਹੈਂ। ਜੋ ਤੈਨੂੰ ਭਾਉਂਦਾ ਹੈ ਉਸ ਉਤੇ ਬਖ਼ਸ਼ਸ਼ ਕਰਦਾ ਹੈਂ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਸੱਚੇ ਸਰੂਪ ਵਿਚ ਟਿਕਿਆ ਰਹਿੰਦਾ ਹੈ।4।

ਸਲੋਕੁ ਮਃ ੩ ॥ ਮਨ ਕਾ ਝੂਠਾ ਝੂਠੁ ਕਮਾਵੈ ॥ ਮਾਇਆ ਨੋ ਫਿਰੈ ਤਪਾ ਸਦਾਵੈ ॥ ਭਰਮੇ ਭੂਲਾ ਸਭਿ ਤੀਰਥ ਗਹੈ ॥ ਓਹੁ ਤਪਾ ਕੈਸੇ ਪਰਮ ਗਤਿ ਲਹੈ ॥ ਗੁਰ ਪਰਸਾਦੀ ਕੋ ਸਚੁ ਕਮਾਵੈ ॥ ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥ {ਪੰਨਾ 948}

ਪਦ ਅਰਥ: ਮਾਇਆ ਨੋ = ਮਾਇਆ ਦੀ ਖ਼ਾਤਰ। ਗਹੈ– ਫੜਦਾ ਹੈ, ਗਾਂਹਦਾ ਹੈ। ਪਰਮ = ਸਭ ਤੋਂ ਉੱਚੀ। ਗਤਿ = ਆਤਮਕ ਅਵਸਥਾ। ਮੋਖੰਤਰੁ = ਮੋਖ+ਅੰਤਰੁ, ਅੰਦਰਲੀ ਮੁਕਤੀ।

ਅਰਥ: (ਜੋ ਮਨੁੱਖ ਉਂਞ ਤਾਂ) ਮਾਇਆ ਦੀ ਖ਼ਾਤਰ ਫਿਰਦਾ ਹੈ (ਪਰ ਆਪਣੇ ਆਪ ਨੂੰ) ਤਪਾ ਅਖਵਾਂਦਾ ਹੈ, ਮਨ ਦਾ ਝੂਠਾ ਹੈ (ਭਾਵ, ਮਨ ਵਿਚ ਝੂਠ ਹੈ, ਤਪ ਦੇ ਉਲਟ ਭਾਵ ਹਨ) ਤੇ ਝੂਠ ਕਮਾਂਦਾ ਹੈ (ਭਾਵ, ਬਾਹਰੋਂ ਤਪਾ ਹੈ ਪਰ ਕਮਾਈ ਤਪੇ ਵਾਲੀ ਨਹੀਂ) , (ਆਪਣੇ ਆਪ ਨੂੰ ਤਪਾ ਸਮਝਣ ਦੇ) ਭੁਲੇਖੇ ਵਿਚ ਭੁੱਲਾ ਹੋਇਆ ਸਾਰੇ ਤੀਰਥ ਗਾਂਹਦਾ ਹੈ, ਅਜੇਹਾ ਤਪਾ ਉੱਚੀ ਆਤਮਕ ਅਵਸਥਾ ਕਿਵੇਂ ਪ੍ਰਾਪਤ ਕਰੇ?

ਹੇ ਨਾਨਕ! ਜੋ ਤਪਾ ਗੁਰੂ ਦੀ ਕਿਰਪਾ ਨਾਲ ਸੱਚ ਕਮਾਂਦਾ ਹੈ (ਭਾਵ, ਪ੍ਰਭੂ ਦੀ ਹੋਂਦ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਂਦਾ ਹੈ) ਉਹ ਅੰਦਰਲੀ ਮੁਕਤੀ ਪ੍ਰਾਪਤ ਕਰਦਾ ਹੈ।1।

ਮਃ ੩ ॥ ਸੋ ਤਪਾ ਜਿ ਇਹੁ ਤਪੁ ਘਾਲੇ ॥ ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥ ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥ ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥ {ਪੰਨਾ 948}

ਅਰਥ: ਜੋ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ (ਗੁਰੂ ਦੀ ਸਰਣ ਪੈਂਦਾ ਹੈ) ਤੇ ਗੁਰੂ ਦਾ ਸ਼ਬਦ (ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ, ਜੋ ਮਨੁੱਖ ਇਹ ਤਪ ਕਮਾਂਦਾ ਹੈ ਉਹ (ਅਸਲ) ਤਪਾ ਹੈ।

ਸਤਿਗੁਰ ਦੀ (ਦੱਸੀ ਹੋਈ) ਕਾਰ ਕਰਨੀ = ਇਹ ਤਪ (ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੈ; ਹੇ ਨਾਨਕ! ਇਹ ਤਪ ਕਰਨ ਵਾਲਾ ਤਪਾ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।2।

TOP OF PAGE

Sri Guru Granth Darpan, by Professor Sahib Singh