ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 949

ਪਉੜੀ ॥ ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥ ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥ ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥ ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥ ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥ {ਪੰਨਾ 949}

ਪਦ ਅਰਥ: ਵਰਤਣਿ = ਵਰਤੋਂ ਵਿਹਾਰ ਲਈ। ਘਟਿ = ਹਿਰਦੇ ਵਿਚ। ਬਿਨਾਸਣਿ = ਨਾਸ ਕਰਨ ਲਈ। ਸਭ = ਸਾਰੀ ਸ੍ਰਿਸ਼ਟੀ। ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਸਚੈ = ਸੱਚੇ ਨੇ।

ਅਰਥ: (ਇਸ 'ਵੇਕੀ ਸ੍ਰਿਸਟਿ' ਵਿਚ) ਸੰਸਾਰ ਦੀ ਵਰਤੋਂ ਵਿਹਾਰ ਵਾਸਤੇ ਉਸ (ਪ੍ਰਭੂ) ਨੇ ਰਾਤ ਤੇ ਦਿਨ ਪੈਦਾ ਕੀਤੇ ਹਨ; (ਜੀਵਾਂ ਦੇ ਦਿਲ ਵਿਚੋਂ) ਹਨੇਰਾ (ਜੋ ਉਸ ਨੇ ਆਪ ਹੀ ਬਣਾਇਆ ਹੈ) ਦੂਰ ਕਰਨ ਲਈ ਸਤਿਗੁਰੂ ਦੀ ਮੱਤ ਦੀ ਰਾਹੀਂ (ਮਨੁੱਖ ਦੇ) ਹਿਰਦੇ ਵਿਚ ਚਾਨਣ (ਭੀ ਉਹ ਆਪ ਹੀ ਪੈਦਾ ਕਰਨ ਵਾਲਾ ਹੈ) ।

ਸਾਰੀ ਸ੍ਰਿਸ਼ਟੀ ਉਸ ਨੇ ਆਪਣੇ ਹੁਕਮ ਵਿਚ ਹੀ ਰਚੀ ਹੈ ਤੇ ਉਹ ਹਰੇਕ ਵਣ ਵਿਚ ਤੀਲੇ ਤੀਲੇ ਵਿਚ ਆਪ ਮੌਜੂਦ ਹੈ, (ਜੋ ਕੁਝ ਬਣਿਆ ਪਿਆ ਹੈ ਉਹ) ਸਭ ਕੁਝ ਪ੍ਰਭੂ ਆਪ ਹੀ ਆਪ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ ਉਸ ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ।

ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਜੀਵ ਨੂੰ) ਸੂਝ ਪੈਂਦੀ ਹੈ, ਪ੍ਰਭੂ ਆਪ ਸੂਝ ਦੇਂਦਾ ਹੈ।5।

ਸਲੋਕ ਮਃ ੩ ॥ ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥ ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥ ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥ ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥ {ਪੰਨਾ 949}

ਪਦ ਅਰਥ: ਅਭਿਆਗਤ = (ਸੰ: AËXwgq a guest, a visitor, ਪ੍ਰਾਹੁਣਾ, ਪਰਦੇਸੀ) ਓਪਰਾ ਸੁਆਲੀ, ਫ਼ਕੀਰ, ਮੰਗਤਾ, ਲੋੜਵੰਦਾ ਪਰਦੇਸੀ। ਭਰਮੁ = ਭਟਕਣਾ। ਏਹਿ = ਇਹੋ ਜਿਹੇ ਮਨੁੱਖ। ਆਖੀਅਨਿ = ਆਖੇ ਜਾਂਦੇ ਹਨ (ਵੇਖੋ 'ਗੁਰਬਾਣੀ ਵਿਆਕਰਣ') । ਧਰਮੁ = ਪੁੰਨ। ਅਭੈ = ਭਉ ਤੋਂ ਰਹਿਤ। ਭੂਖਾ = ਲੋੜਵੰਦਾ। ਪਾਏ = ਦੇਂਦਾ ਹੈ।

ਅਰਥ: ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਭਟਕਣਾ ਹੋਵੇ (ਭਾਵ, ਜੋ ਦਰ ਦਰ ਤੇ ਭਟਕ ਕੇ ਰੋਟੀਆਂ ਆਟਾ ਮੰਗਦੇ ਫਿਰਨ) ਉਹਨਾਂ ਨੂੰ 'ਅਭਿਆਗਤ' ਨਹੀਂ ਆਖੀਦਾ; ਹੇ ਨਾਨਕ! ਅਜੇਹੇ ਬੰਦੇ ਨੂੰ ਦੇਣ ਨਾਲ ਪੁੰਨ ਭੀ ਇਹੋ ਜਿਹਾ ਹੀ ਹੁੰਦਾ ਹੈ (ਭਾਵ, ਕੋਈ ਪੁੰਨ-ਕਰਮ ਨਹੀਂ) ।

ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ-ਰਹਿਤ ਪ੍ਰਭੂ ਨੂੰ ਮਿਲਣਾ। ਜੋ ਮਨੁੱਖ ਇਸ 'ਪਰਮ ਪਦ' ਦਾ ਅਭਿਲਾਖੀ ਹੈ, ਹੇ ਨਾਨਕ! ਉਸ ਦੀ ਲੋੜੀਂਦੀ ਖ਼ੁਰਾਕ ਕੋਈ ਵਿਰਲਾ ਬੰਦਾ ਦੇਂਦਾ ਹੈ।1।

ਮਃ ੩ ॥ ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥ ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ ॥ ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥ ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥ {ਪੰਨਾ 949}

ਪਦ ਅਰਥ: ਕਰੇਨਿ = ਕਰਦੇ ਹਨ (ਵੇਖੋ 'ਗੁਰਬਾਣੀ ਵਿਆਕਰਣ') । ਉਦਰ = ਪੇਟ। ਬਹਲੇ = ਕਈ। ਗਉਣੁ = ਸੈਰ। ਲਹਨਿ = ਲੈਂਦੇ ਹਨ। ਰਹਣੁ = ਨਿਵਾਸ।

ਅਰਥ: ਜੋ ਮਨੁੱਖ ਪਰਾਏ ਘਰ ਵਿਚ ਰੋਟੀ ਖਾਂਦੇ ਹਨ ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ, ਉਹਨਾਂ ਨੂੰ 'ਅਭਿਆਗਤ' (ਸਾਧੂ) ਨਹੀਂ ਆਖੀਦਾ।

ਹੇ ਨਾਨਕ! 'ਅਭਿਆਗਤ' ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ, ਆਪਣੇ ਅਸਲ ਘਰ (ਪ੍ਰਭੂ) ਵਿਚ ਨਿਵਾਸ ਰੱਖਦੇ ਹਨ ਤੇ ਆਪਣੇ ਖਸਮ-ਪ੍ਰਭੂ ਨੂੰ ਲੱਭ ਲੈਂਦੇ ਹਨ।2।

ਪਉੜੀ ॥ ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥ ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥ ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥ ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥ {ਪੰਨਾ 949}

ਪਦ ਅਰਥ: ਅੰਬਰੁ = ਆਕਾਸ਼। ਵਿਛੋੜਿਅਨੁ = ਵਿਛੋੜੇ ਹਨ ਉਸ (ਪ੍ਰਭੂ) ਨੇ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਅਸਰਾਉ = ਅਸਰਾਜੁ, ਸ੍ਵਰਾਜੁ, ਆਪਣਾ ਹੁਕਮ। ਸਚਿ = ਸੱਚੇ ਵਿਚ। ਸਭੁ = ਸਭ ਥਾਂ। ਅਲਖੁ = ਜਿਸ ਦਾ ਕੋਈ ਖ਼ਾਸ ਚਿਹਨ ਲੱਛਣ ਨਹੀਂ।

ਅਰਥ: (ਇਸ "ਵੇਕੀ ਸ੍ਰਿਸਟਿ" ਵਿਚ) ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਵੱਖ ਵੱਖ ਕੀਤੇ ਹਨ, ਤੇ ਇਹਨਾਂ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ; (ਇਸ ਸ੍ਰਿਸ਼ਟੀ ਵਿਚ) ਹਰੇਕ ਘਰ ਹਰੇਕ ਦਰ ਸਦਾ-ਥਿਰ ਪ੍ਰਭੂ (ਦਾ ਟਿਕਾਣਾ) ਹੈ ਕਿਉਂਕਿ ਇਸ ਵਿਚ (ਹਰ ਥਾਂ) ਸੱਚਾ 'ਨਾਮ' ਮੌਜੂਦ ਹੈ। ਹਰ ਥਾਂ (ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਹੁਕਮ ਚੱਲ ਰਿਹਾ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨਤਾ ਹੁੰਦੀ ਹੈ।

ਪ੍ਰਭੂ ਆਪ ਸਦਾ ਇਕ-ਰਸ ਰਹਿਣ ਵਾਲਾ ਹੈ, (ਜਗਤ-ਰੂਪ ਉਸ ਦਾ) ਤਖ਼ਤ (ਭੀ) (ਉਸੇ ਦਾ ਸਰੂਪ) ਸੱਚਾ ਹੈ, (ਇਸ ਤਖ਼ਤ ਉਤੇ) ਬੈਠ ਕੇ ਉਹ ਅਟੱਲ ਨਿਆਂ ਕਰ ਰਿਹਾ ਹੈ। ਹਰ ਥਾਂ ਨਿਰੋਲ ਉਹੀ ਸੱਚਾ ਪ੍ਰਭੂ ਮੌਜੂਦ ਹੈ, (ਪਰ) ਉਹ ਅਲੱਖ ਪ੍ਰਭੂ ਲਖਿਆ ਤਾਂ ਹੀ ਜਾ ਸਕਦਾ ਹੈ ਜੇ ਸਤਿਗੁਰੂ ਦੇ ਸਨਮੁਖ ਹੋਵੀਏ (ਘਰ ਘਾਟ ਨੂੰ ਤਿਆਗ ਕੇ ਨਹੀਂ) ।6।

ਸਲੋਕੁ ਮਃ ੩ ॥ ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥ ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥ ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥ ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥ {ਪੰਨਾ 949}

ਪਦ ਅਰਥ: ਰੈਣਾਇਰ = {sz: rX+nwr [ rX (ਰਯ) = ਨਦੀ ਦਾ ਵਹਣ। nwr (ਨਾਰ) = ਜਲ} ਨਦੀਆਂ ਦਾ ਸਾਰਾ ਜਲ, ਸਮੁੰਦਰ। ਕੂੜੀ = ਕੂੜ (ਨਾਸਵੰਤ ਪਦਾਰਥਾਂ) ਵਿਚ ਲੱਗੀ ਹੋਈ। ਕਰਮੀ = ਮਿਹਰ ਨਾਲ। ਨਉਨਿਧਿ = ਨੌ ਖ਼ਜ਼ਾਨੇ (ਪ੍ਰਭੂ ਦਾ ਨਾਮ ਜੋ, ਮਾਨੋ, ਸ੍ਰਿਸ਼ਟੀ ਦੇ ਨੌ ਖ਼ਜ਼ਾਨੇ ਹੈ) ।

ਅਰਥ: (ਇਸ ਸੰਸਾਰ-) ਸਮੁੰਦਰ ਵਿਚ ਬੇਅੰਤ ਪ੍ਰਭੂ ਆਪ ਵੱਸ ਰਿਹਾ ਹੈ, ਪਰ (ਉਸ 'ਅਨੰਤ' ਨੂੰ ਛੱਡ ਕੇ) ਨਾਸਵੰਤ ਪਦਾਰਥਾਂ ਵਿਚ ਲੱਗੀ ਹੋਈ ਜਿੰਦ ਜੰਮਦੀ ਮਰਦੀ ਰਹਿੰਦੀ ਹੈ।

ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ (ਕਿਉਂਕਿ ਉਹ "ਅਨੰਤ" ਨੂੰ ਛੱਡ ਕੇ ਨਾਸਵੰਤ ਪਦਾਰਥਾਂ ਪਿੱਛੇ ਦੌੜਦਾ ਹੈ) ; ਸਭ ਕੁਝ ਇਸ ਸਾਗਰ ਵਿਚ ਮੌਜੂਦ ਹੈ, ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ। ਹੇ ਨਾਨਕ! ਮਨੁੱਖ ਨੂੰ ਸਾਰੇ ਹੀ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਜੇ ਮਨੁੱਖ (ਇਸ ਸਾਗਰ ਵਿਚ ਵਿਆਪਕ ਪ੍ਰਭੂ ਦੀ) ਰਜ਼ਾ ਵਿਚ ਤੁਰੇ।1।

ਮਃ ੩ ॥ ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥ ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥ ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥ ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥ ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥ ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥ ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥ {ਪੰਨਾ 949}

ਪਦ ਅਰਥ: ਸਹਜੇ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਸਿਦਕ ਸਰਧਾ ਨਾਲ। ਜਨਮਿ = ਜਨਮ ਕੇ, ਜੰਮ ਕੇ। ਰਸਨਾ = ਜੀਭ (ਨਾਲ) । ਪਰਗਾਸੁ = ਖਿੜਾਉ। ਮੋਹਿ = ਮੋਹ ਵਿਚ। ਧ੍ਰਿਗੁ = ਫਿਟਕਾਰ-ਜੋਗ। ਵਾਸੁ = ਵਸੇਬਾ, ਵਾਸਾ। ਦਾਸਨਿ ਦਾਸੁ = ਦਾਸਾਂ ਦਾ ਦਾਸ। ਅਨਦਿਨੁ = ਹਰ ਰੋਜ਼, ਨਿੱਤ। ਪਾਸੁ = ਪਾਸਾ, ਸਾਥ। ਅਲਿਪਤੋ = ਨਿਰਲੇਪ, ਨਿਰਾਲਾ। ਗਿਰਹੁ = ਗ੍ਰਿਹਸਤ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।

ਅਰਥ: ਜੋ ਮਨੁੱਖ ਸਿਦਕ ਸਰਧਾ ਨਾਲ ਸਤਿਗੁਰੁ ਦੇ ਹੁਕਮ ਵਿਚ ਨਹੀਂ ਤੁਰਿਆ, ਉਹ ਹਉਮੈ ਵਿਚ (ਰਹਿ ਕੇ) (ਜਗਤ ਵਿਚ) ਜਨਮ ਲੈ ਕੇ (ਜੀਵਨ) ਅਜਾਂਈ ਗਵਾ ਗਿਆ; ਜਿਸ ਨੇ ਜੀਭ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ-ਰੂਪ ਕਉਲ ਫੁੱਲ ਨਹੀਂ ਖਿੜਿਆ।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਵਿਹੁ ਖਾਂਦਾ ਰਿਹਾ, (ਅਸਲ ਜੀਵਨ ਵੱਲੋਂ) ਮੋਇਆ ਹੀ ਰਿਹਾ ਤੇ ਮਾਇਆ ਦੇ ਮੋਹ ਵਿਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ। ਇਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਵਿਚ) ਜੀਊਣਾ ਵੱਸਣਾ ਫਿਟਕਾਰ-ਜੋਗ ਹੈ।

ਜਦੋਂ ਸੱਚਾ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਨਿੱਤ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ, ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ, (ਫਿਰ) ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਇਉਂ ਉਪਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ ਵਿਚ (ਉੱਗਾ ਹੋਇਆ) ਕਉਲ-ਫੁੱਲ (ਪਾਣੀ ਦੇ ਅਸਰ ਤੋਂ) ਬਚਿਆ ਰਹਿੰਦਾ ਹੈ।

ਹੇ ਦਾਸ ਨਾਨਕ! ਜਿਵੇਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ।2।

ਪਉੜੀ ॥ ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥ ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥ ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥ ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥ {ਪੰਨਾ 949}

ਪਦ ਅਰਥ: ਛਤੀਹ ਜੁਗ = (ਭਾਵ) ਕਈ ਜੁਗ, ਬੇਅੰਤ ਸਮਾ। ਗੁਬਾਰੁ = ਹਨੇਰਾ (ਭਾਵ, ਉਸ ਸਮੇ ਦੀ ਹਾਲਤ ਦਾ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ) । ਸਾ = ਸੀ। ਗਣਤ = ਵਿਚਾਰ, ਸ੍ਰਿਸ਼ਟੀ ਰਚਣ ਦਾ ਖ਼ਿਆਲ। (ਨੋਟ: ("ਸਾਜੀਅਨੁ" ਤੇ "ਸਾਜਿਅਨੁ" ਵਿਚ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ') । ਗਣਤ = ਲੇਖਾ, ਵਿਚਾਰ, ਨਿਰਨਾ। ਪਤੀਨੀ = ਪਤੀਜੇ। ਸਭੁ = ਹਰ ਥਾਂ, ਹਰੇਕ ਕਾਰਜ ਵਿਚ।

ਅਰਥ: (ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪ ਵਿਚ ਸੀ ਤਦੋਂ) ਬੇਅੰਤ ਸਮਾ ਹਨੇਰਾ ਸੀ (ਭਾਵ, ਤਦੋਂ ਕੀਹ ਸਰੂਪ ਸੀ = ਇਹ ਗੱਲ ਦੱਸੀ ਨਹੀਂ ਜਾ ਸਕਦੀ) , (ਫਿਰ ਸਰਗੁਣ ਰੂਪ ਰਚ ਕੇ) ਉਸ ਨੇ ਆਪ ਹੀ (ਜਗਤ-ਰਚਨਾ ਦੀ) ਵਿਚਾਰ ਕੀਤੀ; ਉਸ (ਪ੍ਰਭੂ) ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ (ਜੀਵਾਂ ਨੂੰ) ਅਕਲ ਦਿੱਤੀ; (ਇਸ ਤਰ੍ਹਾਂ ਮਨੁੱਖ ਬੁੱਧਵਾਨਾਂ ਦੀ ਰਾਹੀਂ ਉਸ ਨੇ ਆਪ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਬਣਾਏ, (ਉਹਨਾਂ ਵਿਚ) ਪਾਪ ਤੇ ਪੁੰਨ ਦਾ ਨਿਖੇੜਾ ਕੀਤਾ (ਭਾਵ, ਦੱਸਿਆ ਕਿ 'ਪਾਪ' ਕੀਹ ਹੈ ਤੇ 'ਪੁੰਨ' ਕੀਹ ਹੈ) ।

ਜਿਸ ਮਨੁੱਖ ਨੂੰ (ਇਹ ਸਾਰਾ ਰਾਜ਼) ਸਮਝਾਂਦਾ ਹੈ ਉਹੀ ਸਮਝਦਾ ਹੈ, ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿਚ ਸਰਧਾ ਧਾਰ ਲੈਂਦਾ ਹੈ। ਹਰੇਕ ਕਾਰਜ ਵਿਚ ਪ੍ਰਭੂ ਆਪ ਹੀ ਆਪ ਮੌਜੂਦ ਹੈ, ਆਪ ਹੀ ਮੇਹਰ ਕਰ ਕੇ (ਜੀਵ ਨੂੰ ਆਪਣੇ ਵਿਚ) ਮਿਲਾਂਦਾ ਹੈ।7।

ਸਲੋਕ ਮਃ ੩ ॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥ {ਪੰਨਾ 949-950}

ਪਦ ਅਰਥ: ਰਤੁ = ਲਹੂ। ਰਤੁ ਬਿਨੁ = ਲਹੂ ਤੋਂ ਬਿਨਾ (ਨੋਟ: 'ਸੰਬੰਧਕ' ਦੇ ਨਾਲ ਭੀ ਲਫ਼ਜ਼ 'ਰਤੁ' ਦਾ (ੁ) ਕਿਉਂ ਟਿਕਿਆ ਰਿਹਾ ਹੈ, ਇਹ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ') । ਤੰਨੁ = ਸਰੀਰ। ਆਪਣੈ ਸਹਿ = ਆਪਣੇ ਖਸਮ ਵਿਚ। ਤਨਿ = ਸਰੀਰ ਵਿਚ। ਭੈ ਪਇਐ = ਜੇ ਭਉ ਵਿਚ ਰਹੀਏ। ਖੀਣੁ = ਲਿੱਸਾ (ਭਾਵ) ਨਰਮ-ਦਿਲ ਹੋ ਜਾਂਦਾ ਹੈ ਤੇ ਪਰਾਇਆ ਹੱਕ ਨਹੀਂ ਛੇੜਦਾ। ਬੈਸੰਤਰਿ = ਅੱਗ ਵਿਚ। ਰੰਗੁ = ਪਿਆਰ।

ਨੋਟ: ਇਹ ਸ਼ਲੋਕ ਗੁਰੂ ਅਮਰਦਾਸ ਜੀ ਨੇ ਫਰੀਦ ਜੀ ਦੇ ਇਕ ਸ਼ਲੋਕ ਦੀ ਵਿਆਖਿਆ ਵਾਸਤੇ ਉਚਾਰਿਆ ਸੀ; ਵੇਖੋ ਫਰੀਦ ਜੀ ਦੇ ਸ਼ਲੋਕ ਨੰ: 51, 52।

ਅਰਥ: ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ) , ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ।

ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ। ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ। ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ।1।

TOP OF PAGE

Sri Guru Granth Darpan, by Professor Sahib Singh