ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 950 ਮਃ ੩ ॥ ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥ ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥ ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥ ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥ ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥ ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥ ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥ ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥ ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥ {ਪੰਨਾ 950} ਪਦ ਅਰਥ: ਮਨਿ = ਮਨ ਵਿਚ। ਬਨਿਆ = ਫਬਿਆ, ਸਫ਼ਲ ਹੋਇਆ। ਭੰਡਾਰੁ = ਖ਼ਜ਼ਾਨਾ। ਅਗਲਾ = ਬਹੁਤਾ। ਰਵੈ = ਮਾਣਦੀ ਹੈ। ਜਾਸਨਿ = ਜਾਵਨਗੇ। ਹਾਰਿ = ਹਾਰ ਕੇ। ਹੋਇ ਖੁਆਰੁ = ਖ਼ੁਆਰ ਹੋ ਕੇ। ਪਾਇਨੀ = ਪਾਂਦੇ ਹਨ। ਅਗੈ = ਪਰਲੋਕ ਵਿਚ। ਜਿ ਕਰੇ = ਜੋ ਕੁਝ (ਪ੍ਰਭੂ) ਕਰਦਾ ਹੈ। ਦੁਹੁ ਵਿਚਿ = ਜਨਮ ਮਰਨ ਵਿਚ। ਚੰਗੈ = ਚੰਗੇ ਕੰਮ ਵਿਚ। ਲਾਇਅਨੁ = ਲਾਏ ਹਨ ਉਸ ਨੇ। ਅਰਥ: ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ। ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ। ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ। ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ, ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ। ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ; ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ) ; ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ। ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ। ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ।2। ਮਃ ੩ ॥ ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥ ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥ ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥ ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥ {ਪੰਨਾ 950} ਪਦ ਅਰਥ: ਜਾਇ = ਥਾਂ। ਖੁਆਇ = ਖ਼ੁਆਰ ਹੁੰਦਾ ਹੈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਨਾਲ ਪਿਆਰ ਦੇ ਕਾਰਣ। ਤਲਬ = ਸੱਦਾ। ਓਇ = ਉਹ ਬੰਦੇ। ਅਰਥ: ਸਤਿਗੁਰੂ ਦੇ ਹੁਕਮ ਵਿਚ ਤੁਰਨ ਤੋਂ ਬਿਨਾ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ (ਤੇ ਇਸ ਸ਼ਾਂਤੀ ਵਾਸਤੇ ਗੁਰੂ ਤੋਂ ਬਿਨਾ) ਕੋਈ (ਹੋਰ) ਥਾਂ ਨਹੀਂ; ਭਾਵੇਂ ਕਿਤਨੀ ਤਾਂਘ ਕਰੀਏ, ਭਾਗਾਂ ਤੋਂ ਬਿਨਾ (ਗੁਰੂ) ਮਿਲਦਾ ਭੀ ਨਹੀਂ (ਕਿਉਂਕਿ ਜਿਤਨਾ ਚਿਰ ਮਨੁੱਖ ਦੇ) ਅੰਦਰ ਲੋਭ-ਰੂਪ ਵਿਕਾਰ ਹੈ (ਉਤਨਾ ਚਿਰ ਉਹ ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ ਖੁੰਝਿਆ ਫਿਰਦਾ ਹੈ, ਜਿਨ੍ਹਾਂ ਦਾ ਇਹ ਹਾਲ ਹੈ) ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਉਹਨਾਂ ਨੂੰ ਹਉਮੈ ਵਿਚ (ਗ੍ਰਸਿਆਂ ਨੂੰ) ਦੁੱਖ ਮਿਲਦਾ ਹੈ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਮਨ ਲਾਇਆ ਹੈ ਉਹਨਾਂ ਵਿਚੋਂ ਕੋਈ ਭੀ (ਪਿਆਰ ਤੋਂ) ਸੁੰਞੇ ਹਿਰਦੇ ਵਾਲਾ ਨਹੀਂ ਹੈ; ਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ (ਭਾਵ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ) ਨਾਹ ਹੀ ਉਹ ਕਿਸੇ ਤਰ੍ਹਾਂ ਦੁਖੀ ਹੁੰਦੇ ਹਨ। ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ("ਜਮ ਦੀ ਤਲਬ" ਤੋਂ) ਬਚੇ ਹੋਏ ਹਨ (ਕਿਉਂਕਿ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ।3। ਪਉੜੀ ॥ ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥ ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥ ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥ ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥ ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥ {ਪੰਨਾ 950} ਪਦ ਅਰਥ: ਅਲਿਪਤੁ = ਨਿਰਲੇਪ, ਨਿਰਾਲਾ। ਹੋਰਿ = ਹੋਰ ਸਾਰੇ ਜੀਵ। ਧੰਧੈ = ਦੁਨੀਆ ਦੇ ਝੰਬੇਲੇ ਵਿਚ। ਧਾਵਹਿ = ਦੌੜਦੇ ਹਨ। ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ। ਨਿਜ ਘਰਿ = ਆਪਣੇ ਅਸਲ ਘਰ ਵਿਚ। ਸਚਿ = ਸੱਚੇ ਪ੍ਰਭੂ ਵਿਚ। ਗਹਿਰ ਗੰਭੀਰੁ = ਡੂੰਘਾ, ਅਥਾਹ। ਅਰਥ: (ਪਰਮਾਤਮਾ) ਆਪ (ਮਾਇਆ ਦੇ ਪ੍ਰਭਾਵ ਤੋਂ) ਨਿਰਾਲਾ ਰਹਿੰਦਾ ਹੈ, ਹੋਰ ਸਾਰੇ ਜੀਵ (ਮਾਇਆ ਦੇ) ਝੰਬੇਲੇ ਵਿਚ ਭਟਕ ਰਹੇ ਹਨ। ਪ੍ਰਭੂ ਆਪ ਸਦਾ-ਥਿਰ ਤੇ ਅਟੱਲ ਹੈ, ਹੋਰ ਜੀਵ ਜੰਮਦੇ ਮਰਦੇ ਰਹਿੰਦੇ ਹਨ, (ਐਸੇ ਪ੍ਰਭੂ ਨੂੰ) ਸਦਾ ਸਿਮਰਨਾ ਚਾਹੀਦਾ ਹੈ। (ਜੋ) ਗੁਰੂ ਦੇ ਹੁਕਮ ਵਿਚ ਤੁਰ ਕੇ (ਸਿਮਰਦੇ ਹਨ ਉਹ) ਸੁਖ ਪਾਂਦੇ ਹਨ (ਗੁਰੂ ਦੀ ਰਾਹੀਂ ਪ੍ਰਭੂ ਨੂੰ ਸਿਮਰ ਕੇ) ਆਪਣੇ ਅਸਲ ਘਰ ਵਿਚ ਥਾਂ ਮਿਲਦੀ ਹੈ, ਸਿਫ਼ਤਿ-ਸਾਲਾਹ ਦੀ ਰਾਹੀਂ (ਗੁਰਮੁਖਿ) ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ। ਪ੍ਰਭੂ ਸਦਾ ਕਾਇਮ ਰਹਿਣ ਵਾਲਾ ਤੇ ਅਥਾਹ ਹੈ (ਇਹ ਗੱਲ ਉਹ ਆਪ ਹੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਮਝਾਂਦਾ ਹੈ।8। ਸਲੋਕ ਮਃ ੩ ॥ ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥ ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥ ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥ ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥ {ਪੰਨਾ 950} ਪਦ ਅਰਥ: ਸਭੋ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਚੁ ਫਲੁ = ਪ੍ਰਭੂ ਦੀ ਪ੍ਰਾਪਤੀ-ਰੂਪ ਫਲ। ਕਥਨੀ ਬਦਨੀ = ਮੂੰਹ ਦੀਆਂ ਗੱਲਾਂ। ਸਚੁ = ਸਦਾ-ਥਿਰ ਰਹਿਣ ਵਾਲਾ। ਕਚੁ ਨਿਕਚੁ = ਬਿਲਕੁਲ ਕੱਚਾ, ਅੱਲ੍ਹੜ ਮਨ ਵਾਲਾ। ਅਰਥ: ਹੇ ਨਾਨਕ! (ਉਸ ਪ੍ਰਭੂ ਦਾ) ਸਦਾ-ਥਿਰ ਰਹਣ ਵਾਲਾ ਨਾਮ ਸਿਮਰ ਜੋ ਹਰ ਥਾਂ ਮੌਜੂਦ ਹੈ। ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ (ਭਾਵ, ਹੁਕਮ ਵਿਚ ਤੁਰਦਾ ਹੈ) ਉਹ ਪ੍ਰਭੂ ਦੀ ਪ੍ਰਾਪਤੀ-ਰੂਪ ਫਲ ਪਾਂਦਾ ਹੈ, (ਪਰ ਜੋ ਮਨੁੱਖ ਨਿਰੀਆਂ) ਮੂੰਹ ਦੀਆਂ ਗੱਲਾਂ ਕਰਦਾ ਹੈ ਉਹ ਅਟੱਲ ਹੁਕਮ ਨੂੰ ਨਹੀਂ ਸਮਝਦਾ। ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ (ਅਸਲ) ਭਗਤ ਹੈ। ਹੁਕਮ ਮੰਨਣ ਤੋਂ ਬਿਨਾ ਮਨੁੱਖ ਬਿਲਕੁਲ ਕੱਚਾ ਹੈ (ਭਾਵ, ਅੱਲ੍ਹੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਹੈ) ।1। ਮਃ ੩ ॥ ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥ ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥ ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥ ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥ ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥ ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥ ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥ ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥ ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥ {ਪੰਨਾ 950} ਪਦ ਅਰਥ: ਥਾਉ ਕੁਥਾਉ = ਚੰਗਾ ਮੰਦਾ ਥਾਂ। ਉਨ ਅੰਤਰਿ = ਉਹਨਾਂ ਦੇ ਅੰਦਰ। ਸੁਆਇ = ਸੁਆਰਥ ਦੀ ਖ਼ਾਤਰ। ਬਹਿ = ਬੈਠ ਕੇ। ਜੰਦਾਰੁ = (ਫਾ: ਜੰਦਾਲ) ਅਵੈੜਾ, ਵਹਿਸ਼ੀ, ਜ਼ਾਲਮ। ਲੇਖੈ ਮੰਗਿਐ = ਲੇਖਾ ਮੰਗਿਆ ਜਾਣ ਤੇ (ਨੋਟ: ਪਾਠਕ ਜਨ ਲਫ਼ਜ਼ 'ਮੰਗੀਐ' ਅਤੇ 'ਮੰਗਿਐ' ਵਿਚ ਫ਼ਰਕ ਚੇਤੇ ਰੱਖਣ) । ਕੀਚਹਿ = ਕੀਤੇ ਜਾਂਦੇ ਹਨ। ਕੂੜਿਆਰ = ਕੂੜ ਦੇ ਵਪਾਰੀ। ਕੂੜੈ ਕੀ = ਉਸ ਪਦਾਰਥ ਦੀ ਜੋ ਨਾਲ ਨਹੀਂ ਨਿਭਣਾ। ਕਿਉ = ਕਿਵੇਂ? ਕਢਹੁ = ਦੱਸੋ, ਲੱਭੋ। ਦਿੜਾਏ = ਪੱਕਾ ਕਰਾਂਦਾ ਹੈ। ਕਿਲਵਿਖ = ਪਾਪ। ਸਭਿ = ਸਾਰੇ। ਨਾਮਿ = ਨਾਮ ਦੀ ਰਾਹੀਂ। ਉਤਾਰੀਅਨੁ = ਉਤਾਰੀ ਹੈ ਉਸ ਨੇ। ਸਚਿਆਰੁ = ਸੱਚ ਦਾ ਵਣਜਾਰਾ। ਹਹਿ = ਹਨ। ਜੀਵਉ = (ਰੱਬ ਕਰ ਕੇ) ਜੀਵੋ (ਵੇਖੋ 'ਗੁਰਬਾਣੀ ਵਿਆਕਰਣ') । ਅਰਥ: ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਚੂੰਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਅਹੰਕਾਰ ਤੇ ਲੋਭ ਵਿਕਾਰ ਪ੍ਰਬਲ ਹਨ ਉਹ ਨਾਹ ਹੀ ਥਾਂ ਕੁਥਾਂ ਸਮਝਦੇ ਹਨ ਤੇ ਨਾਹ ਹੀ ਸਮੇ-ਸਿਰ ਢੁਕਦੀ ਗੱਲ ਕਰਨੀ ਜਾਣਦੇ ਹਨ; (ਜਿਥੇ ਭੀ) ਉਹ ਆ ਕੇ ਬੈਠਦੇ ਹਨ (ਸਤਸੰਗ ਵਿਚ ਆਉਣ ਤਾਂ ਭੀ) ਆਪਣੇ ਸੁਆਰਥ ਅਨੁਸਾਰ ਹੀ ਗੱਲਾਂ ਕਰਦੇ ਹਨ, (ਸੋ ਹਰ ਵੇਲੇ) ਉਹਨਾਂ ਨੂੰ ਡਰਾਉਣਾ ਜਮ ਮਾਰਦਾ ਰਹਿੰਦਾ ਹੈ (ਭਾਵ, ਹਰ ਵੇਲੇ ਆਤਮਕ ਮੌਤ ਉਹਨਾਂ ਨੂੰ ਦਬਾਈ ਰੱਖਦੀ ਹੈ) ; ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਲੇਖਾ ਮੰਗਿਆ ਜਾਣ ਤੇ ਉਹ ਕੂੜ ਦੇ ਵਪਾਰੀ ਮਾਰ ਮਾਰ ਕੇ ਖ਼ੁਆਰ ਕੀਤੇ ਜਾਂਦੇ ਹਨ। ਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ। ਜੇ ਸਤਿਗੁਰੂ ਮਿਲ ਪਏ ਤਾਂ ਉਹ ਪ੍ਰਭੂ ਦਾ ਨਾਮ (ਹਿਰਦੇ ਵਿਚ) ਪੱਕਾ ਬਿਠਾ ਦੇਂਦਾ ਹੈ (ਗੁਰੂ ਇਹ ਗੱਲ ਨਿਸ਼ਚੇ ਕਰਾ ਦੇਂਦਾ ਹੈ ਕਿ) 'ਨਾਮ' ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ। (ਸੋ, ਗੁਰੂ ਦੇ ਸਨਮੁਖ ਹੋ ਕੇ) ਜੋ ਮਨੁੱਖ ਨਾਮ ਜਪਦਾ ਹੈ ਨਾਮ ਹੀ ਸਿਮਰਦਾ ਹੈ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਓ, ਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ। ਹੇ ਦਾਸ ਨਾਨਕ! (ਅਰਦਾਸ ਕਰ ਕਿ) ਜਿਸ ਪ੍ਰਭੂ ਦੇ ਨਾਮ ਵਿਚ ਇਹ ਬਰਕਤਾਂ ਹਨ ਉਹ ਦਾਤਾ ਜੀਊਂਦਾ ਰਹੇ (ਭਾਵ, ਸਦਾ ਅਸਾਡੇ ਸਿਰ ਤੇ ਹੱਥ ਰੱਖੀ ਰੱਖੇ) ।2। |
Sri Guru Granth Darpan, by Professor Sahib Singh |