ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 951 ਪਉੜੀ ॥ ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥ ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥ ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥ ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥ ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥ {ਪੰਨਾ 951} ਪਦ ਅਰਥ: ਕਿਸੁ = ਕਿਸ ਦੀ ਬਾਬਤ? ਰਸ = ਰਸ ਛੇ ਕਿਸਮ ਦੇ ਹਨ (ktu, Am`l, mDur, lvx, iq#q, k = wX) । ਕਸ = ਕਸੈਲਾ ਰਸ। ਦੇਇ = ਦੇਂਦਾ ਹੈ। ਰਖਿਓਨੁ = ਰੱਖਿਆ ਹੈ ਉਸ ਨੇ (ਵੇਖੋ 'ਗੁਰਬਾਣੀ ਵਿਆਕਰਣ') । ਪਿਆਈ = ਪਿਲਾਂਦਾ ਹੈ। ਜਿਥਹੁ = (ਭਾਵ) ਸਤਿਗੁਰੂ ਤੋਂ। ਅਰਥ: (ਹੇ ਪ੍ਰਭੂ!) ਤੇਰੇ ਜੇਡਾ ਕੋਈ ਦਾਤਾ ਨਹੀਂ, ਕਿਸ ਦੀ ਬਾਬਤ ਆਖ ਕੇ ਦੱਸੀਏ (ਕਿ ਉਹ ਤੇਰੇ ਜੇਡਾ ਦਾਤਾ ਹੈ) ? (ਭਾਵ, ਸਭ ਦਾਤਾਂ ਤੈਥੋਂ ਮਿਲਦੀਆਂ ਹਨ, ਨਾਮ-ਅੰਮ੍ਰਿਤ ਦਾ ਦਾਤਾ ਭੀ ਤੂੰ ਹੀ ਹੈਂ,। ('ਅੰਮ੍ਰਿਤ') ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਥੋਂ (ਭਾਵ, ਗੁਰੂ ਤੋਂ ਹੀ) ਹਉਮੈ ਨਾਸ ਹੁੰਦੀ ਹੈ; (ਨਾਮ-ਅੰਮ੍ਰਿਤ ਦਾ ਦਾਤਾ ਪ੍ਰਭੂ) ਸਾਰੇ ਰਸਾਂ ਤੇ ਸੁਆਦਾਂ (ਦੇ ਪ੍ਰਭਾਵ) ਤੋਂ ਉਤਾਂਹ ਹੈ, ਉਸ ਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ। ਪ੍ਰਭੂ ਜਿਸ ਉੱਤੇ ਮੇਹਰ ਕਰਦਾ ਹੈ ਉਸ ਨੂੰ (ਅੰਮ੍ਰਿਤ) ਬਖ਼ਸ਼ਦਾ ਹੈ ਤੇ ਉਸ ਨੂੰ ਆਪ ਹੀ (ਆਪਣੇ ਵਿਚ) ਜੋੜ ਲੈਂਦਾ ਹੈ, (ਉਂਞ ਤਾਂ ਇਹ) ਅੰਮ੍ਰਿਤ ਉਸ ਨੇ ਹਰੇਕ ਦੇ ਹਿਰਦੇ ਵਿਚ ਰੱਖਿਆ ਹੋਇਆ ਹੈ ਪਰ ਜਿਸ ਕਿਸੇ ਨੂੰ ਮਿਲਾਂਦਾ ਹੈ ਗੁਰੂ ਦੀ ਰਾਹੀਂ ਮਿਲਾਂਦਾ ਹੈ।9। ਸਲੋਕ ਮਃ ੩ ॥ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥ ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥ ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥ {ਪੰਨਾ 951} ਪਦ ਅਰਥ: ਬਾਬਾਣੀ = ਬਾਬੇ ਦੀ। ਬਾਬਾਣੀਆਂ = ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਸਤਿਗੁਰੂ ਦੀਆਂ। ਸਪੁਤ = ਚੰਗੇ ਪੁਤ੍ਰ। ਕਰੇਨਿ = ਬਣਾ ਦੇਂਦੀਆਂ ਹਨ। ਬਿਆਸ = ਇਹ 'ਪਰਾਸ਼ਰ' ਰਿਸ਼ੀ ਦਾ ਪੁਤ੍ਰ ਸੀ, ਪਹਿਲਾਂ ਇਸ ਦਾ ਨਾਮ 'ਕ੍ਰਿਸ਼ਨਦ੍ਵੈਪਾਯਨ' ਸੀ ਕਿਉਂਕਿ ਇਸ ਦਾ ਰੰਗ ਕਾਲਾ (ਕ੍ਰਿਸ਼ਨ) ਸੀ ਤੇ ਇਹ ਜਜ਼ੀਰੇ (ਦ੍ਵੀਪ) ਵਿਚ ਜੰਮਿਆ ਸੀ; ਪਰ ਫਿਰ ਇਸ ਦਾ ਨਾਮ 'ਵਿਆਸ' ਪੈ ਗਿਆ। ਲਫ਼ਜ਼ 'ਵਿਆਸ' (ਬਿਆਸ) ਦਾ ਅਰਥ ਹੈ "ਤਰਤੀਬ ਦੇਣ ਵਾਲਾ"; ਇਸ ਦੀ ਬਾਬਤ ਖ਼ਿਆਲ ਹੈ ਕਿ ਇਸ ਰਿਸ਼ੀ ਨੇ ਵੇਦਾਂ ਨੂੰ ਮੌਜੂਦਾ ਤਰਤੀਬ ਦਿੱਤੀ ਸੀ (ivÒXws vydwn` XÔmwÄs: qÔmwÜ` ÒXws eiq Ômãq:) । "ਮਹਾਭਾਰਤ" ਦਾ ਕਰਤਾ ਭੀ ਇਸੇ ਰਿਸ਼ੀ ਨੂੰ ਕਿਹਾ ਜਾਂਦਾ ਹੈ, ਅਠਾਰਾਂ ਪੁਰਾਣ, ਬ੍ਰਹਮ-ਸੂਤ੍ਰ ਤੇ ਹੋਰ ਕਈ ਪੁਸਤਕ ਭੀ ਇਸੇ ਦੇ ਲਿਖੇ ਮੰਨੇ ਜਾਂਦੇ ਹਨ। ਸੱਤ ਪ੍ਰਸਿੱਧ "ਚਿਰਚੀਵੀਆਂ" ਵਿਚੋਂ ਇਕ ਇਹ ਭੀ ਸੀ। ਸੁਕ = ਇਕ ਰਿਸ਼ੀ ਦਾ ਨਾਮ ਹੈ। ਨਾਰਦ = (nrÔX DmoL nwrz qq` ddwiq s nwrd:) ਬ੍ਰਹਮਾ ਦੇ ਦਸ ਪੁਤ੍ਰਾਂ ਵਿਚੋਂ ਇਕ ਸੀ, ਉਸ ਦੇ ਪੱਟ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਇਸ ਦੀ ਬਾਬਤ ਇਹ ਮੰਨਿਆ ਜਾਂਦਾ ਹੈ ਕਿ ਇਹ ਦੇਵਤਿਆਂ ਦੇ ਸੁਨੇਹੇ ਮਨੁੱਖਾਂ ਪਾਸ ਤੇ ਮਨੁੱਖਾਂ ਦੀਆਂ ਲੋੜਾਂ ਦੇਵਤਿਆਂ ਪਾਸ ਅਪੜਾਂਦਾ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪਾਣ ਦਾ ਇਸ ਨੂੰ ਬੜਾ ਸ਼ੌਕ ਸੀ; ਸੋ, ਇਸ ਦਾ ਨਾਮ ਪੈ ਗਿਆ "ਕਲਿਪ੍ਰਿਯ"। "ਵੀਣਾ" ਸਾਜ਼ ਇਸੇ ਦੀ ਕਾਢ ਮੰਨਿਆ ਜਾਂਦਾ ਹੈ। ਇਸ ਨੇ ਇਕ 'ਸਿਮ੍ਰਿਤਿ' ਭੀ ਲਿਖੀ ਸੀ। ਬਚਨ = ਉਪਦੇਸ਼। ਸਚੈ = ਸਦਾ-ਥਿਰ ਪ੍ਰਭੂ ਨੇ। ਸਚਿ = ਸੱਚੇ ਵਿਚ। ਸਗਲੇ = ਸਾਰੇ। ਅਰਥ: ਸਤਿਗੁਰੂ ਦੀਆਂ ਸਾਖੀਆਂ (ਸਿੱਖ-) ਪੁਤ੍ਰਾਂ ਨੂੰ (ਗੁਰਮੁਖ) ਪੁੱਤਰ ਬਣਾ ਦੇਂਦੀਆਂ ਹਨ; (ਗੁਰ-ਸਾਖੀਆਂ ਦੀ ਬਰਕਤਿ ਨਾਲ, ਗੁਰਮੁਖ ਸਿੱਖ-ਪੁਤ੍ਰ) ਉਹਨਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ। (ਜੇ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਧਰਮ-ਪੁਸਤਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਤੇ ਪੁਰਾਤਨ ਰਿਸ਼ੀ) ਵਿਆਸ ਸੁਕ ਤੇ ਨਾਰਦ (ਆਦਿਕਾਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ (ਸਾਂਝਾ) ਉਪਦੇਸ਼ ਕਰਦੇ ਰਹੇ ਹਨ। ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ (ਸਤਿਗੁਰੂ ਦੇ ਕੌਤਕਾਂ ਦੀ ਯਾਦ ਵਿਚ) ਲਾਇਆ, ਉਹ ਸੱਚੇ ਪ੍ਰਭੂ ਵਿਚ (ਭੀ) ਜੁੜੇ, ਉਹ ਸਦਾ ਸੱਚੇ ਪ੍ਰਭੂ ਨੂੰ (ਭੀ) ਚੇਤੇ ਰੱਖਦੇ ਹਨ। ਹੇ ਨਾਨਕ! (ਉਹ ਨਿਰੇ ਆਪ ਨਹੀਂ ਤਰੇ, ਆਪਣੀਆਂ) ਸਾਰੀਆਂ ਕੁਲਾਂ ਭੀ ਤਾਰਦੇ ਹਨ, ਉਹਨਾਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ।1। ਮਃ ੩ ॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ {ਪੰਨਾ 951} ਪਦ ਅਰਥ: ਡੋੁਬੇਨਿ = ਅੱਖਰ 'ਡ' ਦੇ ਨਾਲ (ੁ) ਪੜ੍ਹਨਾ ਹੈ, ਉਂਞ ਅਸਲ ਲਫ਼ਜ਼ "ਡੋਬੇਨਿ" ਹੈ। ਜਿਤੁ = ਜਿਸ ਵਿਚ, ਜਿਸ ਪਾਸੇ। ਤਿਤੁ = ਉਸੇ ਵਿਚ। ਅਰਥ: ਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ; (ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ; ਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ; ਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ। (ਪਰ) ਹੇ ਨਾਨਕ! ਉਹ ਬਿਚਾਰੇ ਕਰਨ ਭੀ ਕੀਹ? ਜਿਧਰ ਉਹਨਾਂ ਨੂੰ (ਪ੍ਰਭੂ ਨੇ) ਲਾਇਆ ਹੈ ਉਹ ਓਧਰ ਹੀ ਲੱਗੇ ਹੋਏ ਹਨ।2। ਪਉੜੀ ॥ ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥ ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥ ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥ ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ੍ਹ ਵਾਤਿ ਸਿਪੀਤੀ ॥ ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥ {ਪੰਨਾ 951} ਪਦ ਅਰਥ: ਇਕਿ = ਕਈ ਜੀਵ। ਕੂੜਿ = ਕੂੜ ਵਿਚ। ਕੁਸਤਿ = ਕੁਸੱਤ ਵਿਚ। ਲਾਇਅਨੁ = ਲਾਏ ਹਨ ਉਸ ਨੇ। ਪੋਤੈ = ਪੱਲੇ ਵਿਚ, ਕੱਪੜੇ ਵਿਚ। ਵਾਤਿ = ਵਾਤ ਵਿਚ, ਮੂੰਹ ਵਿਚ। ਤਿਨ੍ਹ੍ਹ = ਅੱਖਰ 'ਨ' ਦੇ ਨਾਲ ਅੱਧਾ 'ਹ' ਹੈ। ਸਿਪੀਤੀ = ਸਿਫ਼ਤਿ। ਸਨਾਈ = {ਅਰਬੀ 'Ônw'} ਵਡਿਆਈ। ਅਰਥ: (ਪ੍ਰਭੂ ਨੇ) ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਾਰੀ ਨੂੰ ਆਪਣੀ ਨਜ਼ਰ ਹੇਠ ਰੱਖਦਾ ਹੈ; ਉਸ ਨੇ ਕਈ ਜੀਵਾਂ ਨੂੰ ਝੂਠ ਤੇ ਠੱਗੀ ਵਿਚ ਲਾ ਰੱਖਿਆ ਹੈ, ਉਹ ਜੀਵ ਆਪਣੇ ਮਨ ਦੇ ਪਿੱਛੇ ਤੁਰ ਕੇ ਖ਼ੁਆਰ ਹੋ ਰਹੇ ਹਨ। ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦੇ ਹਨ ਉਹ ਸਦਾ ਪ੍ਰਭੂ ਨੂੰ ਧਿਆਉਂਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਹੈ। ਜਿਨ੍ਹਾਂ ਦੇ ਪੱਲੇ (ਕੋਈ ਪਿਛਲੀ ਕੀਤੀ) ਭਲਾਈ ਹੈ ਉਹਨਾਂ ਦੇ ਮੂੰਹ ਵਿਚ (ਪ੍ਰਭੂ ਦੀ) ਸਿਫ਼ਤਿ-ਸਾਲਾਹ ਟਿਕੀ ਰਹਿੰਦੀ ਹੈ। ਹੇ ਨਾਨਕ! ਨਾਮ ਹੀ ਸਿਮਰਨਾ ਚਾਹੀਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ।10। ਸਲੋਕੁ ਮਃ ੧ ॥ ਸਤੀ ਪਾਪੁ ਕਰਿ ਸਤੁ ਕਮਾਹਿ ॥ ਗੁਰ ਦੀਖਿਆ ਘਰਿ ਦੇਵਣ ਜਾਹਿ ॥ ਇਸਤਰੀ ਪੁਰਖੈ ਖਟਿਐ ਭਾਉ ॥ ਭਾਵੈ ਆਵਉ ਭਾਵੈ ਜਾਉ ॥ ਸਾਸਤੁ ਬੇਦੁ ਨ ਮਾਨੈ ਕੋਇ ॥ ਆਪੋ ਆਪੈ ਪੂਜਾ ਹੋਇ ॥ ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥ ਲੋਕ ਮੁਹਾਵਹਿ ਚਾੜੀ ਖਾਹਿ ॥ ਚਉਕਾ ਦੇ ਕੈ ਸੁਚਾ ਹੋਇ ॥ ਐਸਾ ਹਿੰਦੂ ਵੇਖਹੁ ਕੋਇ ॥ ਜੋਗੀ ਗਿਰਹੀ ਜਟਾ ਬਿਭੂਤ ॥ ਆਗੈ ਪਾਛੈ ਰੋਵਹਿ ਪੂਤ ॥ ਜੋਗੁ ਨ ਪਾਇਆ ਜੁਗਤਿ ਗਵਾਈ ॥ ਕਿਤੁ ਕਾਰਣਿ ਸਿਰਿ ਛਾਈ ਪਾਈ ॥ ਨਾਨਕ ਕਲਿ ਕਾ ਏਹੁ ਪਰਵਾਣੁ ॥ ਆਪੇ ਆਖਣੁ ਆਪੇ ਜਾਣੁ ॥੧॥ {ਪੰਨਾ 951} ਪਦ ਅਰਥ: ਸਤੀ = (Virtuous men) ਧਰਮੀ ਬੰਦੇ। ਸਤੁ = ਸੁੱਚਾ ਆਚਰਨ, ਧਰਮ। ਗੁਰ ਜਾਹਿ = ਗੁਰੂ ਜਾਂਦੇ ਹਨ। ਘਰਿ = (ਚੇਲਿਆਂ ਦੇ) ਘਰ ਵਿਚ। ਦੀਖਿਆ = ਸਿੱਖਿਆ। ਪੁਰਖੈ ਭਾਉ = ਪਤੀ ਦਾ ਪਿਆਰ, ਪਤੀ ਨਾਲ ਪਿਆਰ। ਆਪੋ ਆਪੈ ਪੂਜਾ = ਆਪੋ ਆਪਣੀ ਗ਼ਰਜ਼ ਦੀ ਪੂਜਾ। ਨਿਆਇ = ਨਿਆਂ ਕਰਨ ਲਈ। ਤੁਰਕ ਮੰਤ੍ਰੁ = ਤੁਰਕ (ਹਾਕਮ) ਦਾ ਮੰਤ੍ਰ। ਕਨਿ = ਕੰਨ ਵਿਚ। ਸਮਾਹਿ = ਟਿਕਾ ਰੱਖਦੇ ਹਨ। ਮੁਹਾਵਹਿ = ਲੁਟਾਂਦੇ ਹਨ। ਚਾੜੀ = ਚੁਗ਼ਲੀ। ਗਿਰਹੀ = ਗ੍ਰਿਹਸਤੀ। ਬਿਭੂਤ = ਸੁਆਹ। ਸਿਰਿ = ਸਿਰ ਉਤੇ। ਛਾਈ = ਸੁਆਹ। ਪਰਵਾਣੁ = ਮਾਪ, ਪ੍ਰਭਾਵ। ਆਖਣੁ = ਆਖਣ ਵਾਲਾ, ਚੌਧਰੀ। ਜਾਣੁ = ਜਾਣਨ ਵਾਲਾ, ਕਦਰ ਕਰਨ ਵਾਲਾ, ਵਡਿਆਈ ਕਰਨ ਵਾਲਾ। ਅਰਥ: (ਨੋਟ: ਇਸ ਸ਼ਲੋਕ ਵਿਚ ਉਹਨਾਂ ਲੋਕਾਂ ਦੀ ਹਾਲਤ ਦੱਸੀ ਹੈ ਜੋ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ, ਪਰ ਜੀਵਨ ਅੰਦਰੋਂ ਮਾੜਾ ਹੈ) । ਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ। (ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿਚ ਸਿੱਖਿਆ ਦੇਣ ਜਾਂਦੇ ਹਨ। (ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ (ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ) । (ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ, ਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ। ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ, ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ, (ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ, ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ। (ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ, ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ, ਪਰ ਵੇਖੋ ਐਸੇ ਹਿੰਦੂ ਵਲ, (ਨਿਰਾ) ਚੌਕਾ ਦੇ ਕੇ ਹੀ ਸੁੱਚਾ ਬਣਿਆ ਫਿਰਦਾ ਹੈ। ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ, ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ, ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ। ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ? ਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ ਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ।1। ਮਃ ੧ ॥ ਹਿੰਦੂ ਕੈ ਘਰਿ ਹਿੰਦੂ ਆਵੈ ॥ ਸੂਤੁ ਜਨੇਊ ਪੜਿ ਗਲਿ ਪਾਵੈ ॥ ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥ ਮੁਸਲਮਾਨੁ ਕਰੇ ਵਡਿਆਈ ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥ ਰਾਹੁ ਦਸਾਇ ਓਥੈ ਕੋ ਜਾਇ ॥ ਕਰਣੀ ਬਾਝਹੁ ਭਿਸਤਿ ਨ ਪਾਇ ॥ ਜੋਗੀ ਕੈ ਘਰਿ ਜੁਗਤਿ ਦਸਾਈ ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥ ਮੁੰਦ੍ਰਾ ਪਾਇ ਫਿਰੈ ਸੰਸਾਰਿ ॥ ਜਿਥੈ ਕਿਥੈ ਸਿਰਜਣਹਾਰੁ ॥ ਜੇਤੇ ਜੀਅ ਤੇਤੇ ਵਾਟਾਊ ॥ ਚੀਰੀ ਆਈ ਢਿਲ ਨ ਕਾਊ ॥ ਏਥੈ ਜਾਣੈ ਸੁ ਜਾਇ ਸਿਞਾਣੈ ॥ ਹੋਰੁ ਫਕੜੁ ਹਿੰਦੂ ਮੁਸਲਮਾਣੈ ॥ ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥ ਸਚੋ ਸਚੁ ਵਖਾਣੈ ਕੋਇ ॥ ਨਾਨਕ ਅਗੈ ਪੁਛ ਨ ਹੋਇ ॥੨॥ {ਪੰਨਾ 951-952} ਪਦ ਅਰਥ: ਹਿੰਦੂ = (ਭਾਵ) ਬ੍ਰਾਹਮਣ। ਪੜਿ = (ਮੰਤ੍ਰ ਆਦਿਕ) ਪੜ੍ਹ ਕੇ। ਥਾਇ ਨ ਪਾਈ = ਕਬੂਲ ਨਹੀਂ ਹੁੰਦਾ। ਦਸਾਇ = ਪੁੱਛਦਾ ਹੈ। ਕੋ = ਕੋਈ ਵਿਰਲਾ। ਕਰਣੀ = ਚੰਗਾ ਆਚਰਣ। ਭਿਸਤਿ = ਬਹਿਸ਼ਤ, ਸੁਰਗ। ਦਸਾਈ = ਪੁੱਛਦਾ ਹੈ। ਤਿਤੁ ਕਾਰਣਿ = ਉਸ ('ਜੁਗਤਿ') ਦੀ ਖ਼ਾਤਰ। ਸੰਸਾਰਿ = ਸੰਸਾਰ ਵਿਚ। ਜਿਥੈ ਕਿਥੈ = ਹਰ ਥਾਂ। ਵਾਟਾਊ = ਮੁਸਾਫ਼ਿਰ। ਚੀਰੀ = ਚਿੱਠੀ, ਸੱਦਾ। ਏਥੈ = ਇਸ ਜੀਵਨ ਵਿਚ। ਫਕੜੁ = ਫੋਕਟ, ਫੋਕਾ ਦਾਹਵਾ। ਦਰਿ = ਪ੍ਰਭੂ ਦੇ ਦਰ ਤੇ। ਸਚੋ ਸਚੁ = ਕੇਵਲ ਸੱਚੇ ਪ੍ਰਭੂ ਨੂੰ। ਕੋਇ = ਜੋ ਕੋਈ। ਅਰਥ: (ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿਚ ਬ੍ਰਾਹਮਣ ਆਉਂਦਾ ਹੈ ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿਚ ਧਾਗਾ ਜਨੇਊ ਪਾ ਦੇਂਦਾ ਹੈ; (ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ (ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ। ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ; (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ। ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ ਉਸ ('ਜੁਗਤਿ') ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ; ਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ) , ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ) । (ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ, ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ; ਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ (ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ। (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ। ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ।2। |
Sri Guru Granth Darpan, by Professor Sahib Singh |