ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 952

ਪਉੜੀ ॥ ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥ ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥ ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥ ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥ ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥ {ਪੰਨਾ 952}

ਪਦ ਅਰਥ: ਕੋਟੁ = ਕਿਲ੍ਹਾ। ਗੜੁ = ਕਿਲ੍ਹਾ। ਜਵੇਹਰੀ = ਜਵਾਹਰਾਤ, ਹੀਰੇ। ਖੁਆਇਅਨੁ = ਖੁੰਝਾਏ ਹਨ ਉਸ ਨੇ। ਕੜੁ = ਕਾੜਾ, ਝੋਰਾ, ਚਿੰਤਾ। ਆਖੀਐ = ਆਖਣਾ ਚਾਹੀਦਾ ਹੈ।

ਅਰਥ: ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ। ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।

(ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ। (ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ ਹੈ) ।

ਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤਿ ਨਾਲ ਹੈ।11।

ਸਲੋਕ ਮਃ ੧ ॥ ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ {ਪੰਨਾ 952}

ਪਦ ਅਰਥ: ਨਾਸਤਿ = (ਸੰ: nwiÔq=n AiÔq) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ। ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ) । ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ। ਰਵੈ = ਵਿਆਪਕ ਹੈ, ਮੌਜੂਦ ਹੈ। ਖੁਆਈ = ਮੈਂ ਖੁੰਝਾਂਦਾ ਹਾਂ। ਵਾਟੜੀ = ਸੋਹਣੀ ਵਾਟ, ਸੋਹਣਾ ਰਾਹ। ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ।

ਅਰਥ: (ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ) । ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ। ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ) । (ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ) ।

ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।

(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ? ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ? ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ?।1।

ਮਃ ੧ ॥ ਸੋ ਗਿਰਹੀ ਜੋ ਨਿਗ੍ਰਹੁ ਕਰੈ ॥ ਜਪੁ ਤਪੁ ਸੰਜਮੁ ਭੀਖਿਆ ਕਰੈ ॥ ਪੁੰਨ ਦਾਨ ਕਾ ਕਰੇ ਸਰੀਰੁ ॥ ਸੋ ਗਿਰਹੀ ਗੰਗਾ ਕਾ ਨੀਰੁ ॥ ਬੋਲੈ ਈਸਰੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥ {ਪੰਨਾ 952}

ਪਦ ਅਰਥ: ਗਿਰਹੀ = ਗ੍ਰਿਹਸਤੀ। ਨਿਗ੍ਰਹੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ। ਭੀਖਿਆ ਕਰੈ = (ਪ੍ਰਭੂ ਤੋਂ) ਖ਼ੈਰ ਮੰਗੇ। ਨੀਰੁ = ਜਲ। ਸਤਿ = ਪਰਮ ਜੋਤਿ, ਪਰਮ ਆਤਮਾ। ਤੰਤ = (ਸੰ: qzqu = The Supreme Brahm) ਪਰਮ ਜੋਤਿ, ਅਕਾਲ ਪੁਰਖ। ਪੁੰਨ = ਭਲਾਈ। ਦਾਨ = ਸੇਵਾ।

ਅਰਥ: (ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ, ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ; ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ) ; ਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ।

ਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ ਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ।2।

ਨੋਟ: ਈਸ਼ਰ ਜੋਗੀ ਨੂੰ ਅਸਲ ਗ੍ਰਿਹਸਤੀ ਦੇ ਲੱਛਣ ਦੱਸ ਕੇ, ਉਸ ਜੋਗੀ ਨੂੰ ਸੰਬੋਧਨ ਕਰਨ ਦੇ ਥਾਂ ਅੱਨ-ਪੁਰਖ (Third Person) ਵਿਚ ਵਰਤਿਆ ਹੈ।

ਮਃ ੧ ॥ ਸੋ ਅਉਧੂਤੀ ਜੋ ਧੂਪੈ ਆਪੁ ॥ ਭਿਖਿਆ ਭੋਜਨੁ ਕਰੈ ਸੰਤਾਪੁ ॥ ਅਉਹਠ ਪਟਣ ਮਹਿ ਭੀਖਿਆ ਕਰੈ ॥ ਸੋ ਅਉਧੂਤੀ ਸਿਵ ਪੁਰਿ ਚੜੈ ॥ ਬੋਲੈ ਗੋਰਖੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੩॥ {ਪੰਨਾ 952}

ਪਦ ਅਰਥ: ਅਉਧੂਤੀ = ਅਵਧੂਤ, ਜਿਸ ਨੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਧੂਪੈ = ਧੁਖਾਂਦਾ ਹੈ, ਸਾੜ ਦੇਂਦਾ ਹੈ। ਆਪੁ = ਆਪਾ-ਭਾਵ। ਭਿਖਿਆ ਭੋਜਨੁ = ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ। ਸੰਤਾਪੁ = ਖਿੱਝ। ਸਿਵ = ਕਲਿਆਣ-ਰੂਪ ਪ੍ਰਭੂ। ਪੁਰਿ = ਪੁਰੀ ਵਿਚ। ਅਉਹਠ = ਅਵਘੱਟ, ਹਿਰਦਾ। ਪਟਣ = ਸ਼ਹਿਰ।

ਅਰਥ: (ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ; ਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ) ; ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ, ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।

ਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।3।

ਮਃ ੧ ॥ ਸੋ ਉਦਾਸੀ ਜਿ ਪਾਲੇ ਉਦਾਸੁ ॥ ਅਰਧ ਉਰਧ ਕਰੇ ਨਿਰੰਜਨ ਵਾਸੁ ॥ ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥ ਬੋਲੈ ਗੋਪੀ ਚੰਦੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੪॥ {ਪੰਨਾ 952}

ਪਦ ਅਰਥ: ਉਦਾਸੀ = ਵਿਰਕਤ, ਮਾਇਆ ਤੋਂ ਉਪਰਾਮ। ਉਦਾਸੁ = ਮਾਇਆ ਤੋਂ ਉਪਰਾਮਤਾ। ਪਾਲੇ = ਸਦਾ ਕਾਇਮ ਰੱਖਦਾ ਹੈ। ਅਰਧ = (sz: ADL = ਨੇੜੇ; ਜਿਵੇਂ, "ਅਰਧਦੇਵ" ਦੇਵਤਿਆਂ ਦੇ ਨੇੜੇ ਰਹਿਣ ਵਾਲਾ) , ਅੱਧ ਵਿਚਕਾਰ; ਨੇੜੇ। ਉਰਧ = (sz: @ÆvL) ਉਤਾਂਹ। ਅਰਧ ਉਰਧ = ਨੇੜੇ ਤੇ ਉਤਾਂਹ, (ਭਾਵ) ਹਰ ਥਾਂ। ਨਿਰੰਜਨ = ਮਾਇਆ ਤੋਂ ਰਹਿਤ। ਚੰਦ = ਸੀਤਲਤਾ, ਸ਼ਾਂਤੀ। ਸੂਰਜ = ਗਿਆਨ ਦਾ ਤੇਜ। ਪੜੈ ਨ = ਨਹੀਂ ਢਹਿੰਦਾ। ਕੰਧੁ = ਸਰੀਰ।

ਅਰਥ: (ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ, ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ; (ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ; ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।

ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।4।

ਮਃ ੧ ॥ ਸੋ ਪਾਖੰਡੀ ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥ ਬੋਲੈ ਚਰਪਟੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੫॥ {ਪੰਨਾ 952}

ਪਦ ਅਰਥ: ਪਾਖੰਡੀ = ਨਾਸਤਕ ਵਾਮ-ਮਾਰਗੀਆਂ ਦਾ ਇਕ ਫ਼ਿਰਕਾ। sz: pwKzf = a heretic) । ਪਖਾਲੇ = ਧੋਵੇ, ਪਾਪਾਂ ਤੋਂ ਸਾਫ਼ ਰੱਖੇ। ਅਗਨਿ ਬ੍ਰਹਮੁ = ਬ੍ਰਹਮ-ਅਗਨਿ, ਰੱਬੀ ਜੋਤਿ। ਪਰਜਾਲੇ = (sz: pR^vwlX) ਚੰਗੀ ਤਰ੍ਹਾਂ ਚਮਕਾਏ, ਰੌਸ਼ਨ ਕਰੇ। ਬਿੰਦੁ = ਵੀਰਜ। ਜਰਾ = ਬੁਢੇਪਾ।

ਅਰਥ: (ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ) , ਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ, ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ) ; ਉਸ ਨਾਸਤਕ ਨੂੰ (ਭਾਵ, ਉਸ ਮਨੁੱਖ ਨੂੰ ਜਿਸ ਨੇ ਆਪਣੇ ਅੰਦਰੋਂ ਪਾਪਾਂ ਦਾ ਨਾਸ ਕਰ ਦਿੱਤਾ ਹੈ) ਬੁਢੇਪਾ ਤੇ ਮੌਤ ਪੋਹ ਨਹੀਂ ਸਕਦੇ (ਭਾਵ, ਇਹਨਾਂ ਦਾ ਡਰ ਉਸ ਨੂੰ ਪੋਂਹਦਾ ਨਹੀਂ) ।

ਜੇ ਚਰਪਟ (ਭੀ ਇਸ ਨਾਸਤਕ ਦੀ ਜੁਗਤਿ ਵਰਤ ਕੇ) ਸਤਿ ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਚਰਪਟ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।5।

TOP OF PAGE

Sri Guru Granth Darpan, by Professor Sahib Singh