ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 953

ਮਃ ੧ ॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ ਗਗਨ ਮੰਡਲ ਮਹਿ ਰੋਪੈ ਥੰਮੁ ॥ ਅਹਿਨਿਸਿ ਅੰਤਰਿ ਰਹੈ ਧਿਆਨਿ ॥ ਤੇ ਬੈਰਾਗੀ ਸਤ ਸਮਾਨਿ ॥ ਬੋਲੈ ਭਰਥਰਿ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੬॥ {ਪੰਨਾ 953}

ਪਦ ਅਰਥ: ਬੈਰਾਗ = (ਸੰ: vYrwÀX) ਦੁਨੀਆ ਵਲੋਂ ਉਪਰਾਮਤਾ। ਬੈਰਾਗੀ = ਉਹ ਮਨੁੱਖ ਜਿਸ ਨੇ ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਮਨ ਨੂੰ ਪਰਤਾਇਆ ਹੈ। ਉਲਟੇ = ਪਰਤਾਏ, ਫੇਰੇ। ਗਗਨ = ਆਕਾਸ਼, ਦਸਮ ਦੁਆਰ। ਮੰਡਲ = ਚੱਕਰ। ਗਗਨ ਮੰਡਲ = ਦਸਮ ਦੁਆਰ ਦਾ ਚੱਕਰ, ਉਹ ਅਵਸਥਾ ਜਿਥੇ ਮਨੁੱਖ ਦੀ ਸੁਰਤਿ ਪ੍ਰਭੂ ਵਿਚ ਜੁੜਦੀ ਹੈ। ਰੋਪੈ = ਖੜਾ ਕਰਦਾ ਹੈ। ਅਹਿ = ਦਿਨ। ਨਿਸਿ = ਰਾਤ। ਧਿਆਨਿ = ਧਿਆਨ ਵਿਚ। ਸਤ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਮਾਨਿ = ਵਰਗਾ।

ਅਰਥ: (ਅਸਲ) ਵੈਰਾਗੀ ਉਹ ਹੈ ਜੋ ਪ੍ਰਭੂ ਨੂੰ (ਆਪਣੇ ਹਿਰਦੇ ਵਲ) ਪਰਤਾਂਦਾ ਹੈ (ਭਾਵ, ਜੋ ਪ੍ਰਭੂ-ਪਤੀ ਨੂੰ ਆਪਣੀ ਹਿਰਦੇ-ਸੇਜ ਤੇ ਲਿਆ ਵਸਾਂਦਾ ਹੈ) , ਜੋ ਪ੍ਰਭੂ ਦਾ ਨਾਮ-ਰੂਪ ਥੰਮ੍ਹ ਦਸਮ ਦੁਆਰਾ (ਰੂਪ ਸ਼ਾਮੀਆਨੇ) ਵਿਚ ਖੜ੍ਹਾ ਕਰਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣਾਂਦਾ ਹੈ ਕਿ ਉਸ ਦੀ ਸੁਰਤਿ ਸਦਾ ਉਤਾਂਹ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ, ਹੇਠਾਂ ਮਾਇਕ ਪਦਾਰਥਾਂ ਵਿਚ ਨਹੀਂ ਡਿੱਗਦੀ) , ਜੋ ਦਿਨ ਰਾਤ ਆਪਣੇ ਅੰਦਰ ਹੀ (ਭਾਵ, ਹਿਰਦੇ ਵਿਚ ਹੀ) ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। ਅਜੇਹੇ ਬੈਰਾਗੀ ਪ੍ਰਭੂ ਦਾ ਰੂਪ ਹੋ ਜਾਂਦੇ ਹਨ।

ਜੇ ਭਰਥਰੀ (ਭੀ ਐਸੇ ਬੈਰਾਗੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਭਰਥਰੀ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।6।

ਮਃ ੧ ॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ ਕੰਨ ਪੜਾਇ ਕਿਆ ਖਾਜੈ ਭੁਗਤਿ ॥ ਆਸਤਿ ਨਾਸਤਿ ਏਕੋ ਨਾਉ ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ ਧੂਪ ਛਾਵ ਜੇ ਸਮ ਕਰਿ ਸਹੈ ॥ ਤਾ ਨਾਨਕੁ ਆਖੈ ਗੁਰੁ ਕੋ ਕਹੈ ॥ ਛਿਅ ਵਰਤਾਰੇ ਵਰਤਹਿ ਪੂਤ ॥ ਨਾ ਸੰਸਾਰੀ ਨਾ ਅਉਧੂਤ ॥ ਨਿਰੰਕਾਰਿ ਜੋ ਰਹੈ ਸਮਾਇ ॥ ਕਾਹੇ ਭੀਖਿਆ ਮੰਗਣਿ ਜਾਇ ॥੭॥ {ਪੰਨਾ 953}

ਪਦ ਅਰਥ: ਮਰੈ = ਦੂਰ ਹੋਵੇ। ਮੰਦਾ = ਬੁਰਾਈ। ਕਿਉ = ਕਿਵੇਂ? ਜੀਵੈ = ਸਹੀ ਜੀਵਨ ਜੀਵੇ। ਜੁਗਤਿ = ਇਸ ਤਰੀਕੇ ਨਾਲ। ਕਿਆ ਖਾਜੈ = ਖਾਣ ਦਾ ਕੀਹ ਲਾਭ? ਭੁਗਤਿ = ਜੋਗੀਆਂ ਦਾ ਚੂਰਮਾ। ਆਸਤਿ = ਮੌਜੂਦ ਹੈ। ਨਾਸਤਿ = ਨਹੀਂ ਹੈ। ਹਿਆਉ = ਹਿਰਦਾ। ਧੂਪ ਛਾਵ = ਦੁੱਖ ਤੇ ਸੁਖ। ਸਮ = ਬਰਾਬਰ, ਇੱਕ-ਸਮਾਨ। ਗੁਰੁ ਕਹੈ– ਗੁਰੂ ਗੁਰੂ ਆਖਦਾ ਹੈ, ਗੁਰੂ ਨੂੰ ਚੇਤੇ ਰੱਖਦਾ ਹੈ। ਕੋ = ਕੋਈ ਉਹ ਮਨੁੱਖ। ਛਿਅ ਵਰਤਾਰੇ = ਛੇ ਭੇਖਾਂ ਵਿਚ। ਪੂਤ = ਚੇਲੇ (ਜੋਗੀਆਂ ਦੇ) । ਨਿਰੰਕਾਰਿ = ਨਿਰੰਕਾਰ ਵਿਚ।

ਅਰਥ: ਕੰਨ ਪੜਵਾ ਕੇ ਚੂਰਮਾ ਖਾਣ ਦਾ ਕੋਈ (ਆਤਮਕ) ਲਾਭ ਨਹੀਂ (ਕਿਉਂਕਿ) ਇਸ ਜੁਗਤਿ ਨਾਲ ਨਾਹ (ਮਨ ਵਿਚੋਂ) ਵਿਕਾਰ ਦੂਰ ਹੁੰਦਾ ਹੈ ਨਾਹ ਹੀ (ਉੱਚਾ) ਜੀਵਨ ਮਿਲਦਾ ਹੈ।

(ਜੇ ਕੋਈ ਪੁੱਛੇ ਕਿ ਜੇ ਕੰਨ ਪੜਵਾਇਆਂ ਮਨ ਨਹੀਂ ਟਿਕਦਾ ਤਾਂ) ਉਹ ਕੇਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ (ਤੇ ਬੁਰਾਈ ਮਿਟ ਜਾਂਦੀ ਹੈ, ਤਾਂ ਇਸ ਦਾ ਉੱਤਰ ਇਹ ਹੈ ਕਿ ਉਹ) ਕੇਵਲ ਉਹੀ (ਪ੍ਰਭੂ ਦਾ) ਨਾਮ ਹੈ ਜੋ ਸੰਸਾਰ ਦੀ ਹੋਂਦ ਤੇ ਅਣਹੋਂਦ ਦੋਹਾਂ ਵੇਲੇ ਮੌਜੂਦ ਹੈ। ਜੇ ਕੋਈ ਮਨੁੱਖ (ਇਸ 'ਨਾਮ' ਦੀ ਬਰਕਤਿ ਨਾਲ) ਦੁੱਖ ਤੇ ਸੁਖ ਨੂੰ ਇਕ-ਸਮਾਨ ਸਹਾਰਦਾ ਹੈ ਤਾਂ, ਨਾਨਕ ਆਖਦਾ ਹੈ, ਉਹ ਮਨੁੱਖ ਹੀ (ਅਸਲ ਵਿਚ) ਗੁਰੂ ਨੂੰ ਚੇਤੇ ਰੱਖਦਾ ਹੈ (ਭਾਵ, ਗੁਰੂ ਦੇ ਬਚਨ-ਅਨੁਸਾਰ ਤੁਰਦਾ ਹੈ) ।

(ਨਾਥ ਦੇ) ਚੇਲੇ (ਭਾਵ, ਜੋਗੀ ਲੋਕ) (ਜੋ ਨਿਰੇ) ਛੇ ਭੇਖਾਂ ਵਿਚ ਹੀ ਰੁੱਝੇ ਹੋਏ ਹਨ, (ਅਸਲ ਵਿਚ) ਨਾਹ ਉਹ ਗ੍ਰਿਹਸਤੀ ਹਨ ਤੇ ਨਾਹ ਵਿਰਕਤ। ਜੋ ਮਨੁੱਖ ਇਕ ਨਿਰੰਕਾਰ ਵਿਚ ਜੁੜਿਆ ਰਹਿੰਦਾ ਹੈ ਉਹ ਕਿਉਂ ਕਿਤੇ ਖ਼ੈਰ ਮੰਗਣ ਜਾਏ? (ਭਾਵ, ਉਸ ਨੂੰ ਫ਼ਕੀਰ ਬਣਨ ਦੀ ਲੋੜ ਨਹੀਂ ਪੈਂਦੀ, ਹੱਥੀਂ ਕਿਰਤ-ਕਾਰ ਕਰਦਾ ਹੋਇਆ ਭੀ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ) ।7।

ਪਉੜੀ ॥ ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥ ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥ {ਪੰਨਾ 953}

ਪਦ ਅਰਥ: ਮੰਦਰੁ = ਘਰ, ਰਹਿਣ ਦੀ ਥਾਂ। ਮਾਨਸ ਦੇਹ = ਮਨੁੱਖਾ ਸਰੀਰ। ਸਭੁ = ਹਰ ਥਾਂ। ਬਿਧਾਤਾ = ਸਿਰਜਣਹਾਰ। ਹਰਿ ਮੰਦਰ = ਰੱਬ ਦੇ ਘਰ ਦੀ। ਸਾਰ = ਮੁੱਲ, ਕਦਰ।

ਅਰਥ: (ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ "ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ 'ਹਰਿ ਮੰਦਰੁ' ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ।

(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ।

(ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ।12।

ਸਲੋਕ ਮਃ ੩ ॥ ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥ ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥ ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥ ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥ ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥ ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥ {ਪੰਨਾ 953}

ਪਦ ਅਰਥ: ਲਖਣ = ਲੱਛਣ, ਇਲਾਮਤਾਂ। ਕਰਣਾ = ਕਰਤੱਬ। ਮੁਗਧੁ = ਮੋਹਿਆ ਹੋਇਆ, ਮਾਇਆ ਦਾ ਠੱਗਿਆ ਹੋਇਆ। ਏਤੁ ਕਮਾਣੈ = ਮਾਇਆ ਦੇ ਮੋਹ ਵਿਚ ਤੇ ਅਹੰਕਾਰ ਵਿਚ ਰਹਿਣ ਨਾਲ। ਅਤਿ ਪਿਆਰਾ = ਮਾਇਆ ਨਾਲ ਬਹੁਤ ਪਿਆਰ ਕਰਨ ਵਾਲਾ। ਕਿਹੁ ਸੰਜਮ ਕਰਣਾ = ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ? ਖੂਹਿ = ਮਾਇਆ ਦੇ ਖੂਹ ਵਿਚ। ਸੰਜਮੁ = ਬਚਾਉ ਦਾ ਉੱਦਮ। ਕਿਹੁ = ਕਿਛੁ, ਕੋਈ। ਅਲਿਪਤ = ਵੱਖਰਾ, ਨਿਰਾਲਾ।

ਅਰਥ: ਮੂਰਖ ਦਾ ਕਿਹਾ ਉਹੀ ਸੁਣਦਾ ਹੈ (ਭਾਵ, ਮੂਰਖ ਦੇ ਕਹੇ ਉਹੀ ਲੱਗਦਾ ਹੈ) ਜੋ ਆਪ ਮੂਰਖ ਹੋਵੇ। ਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ? ਜੋ ਮਨੁੱਖ ਮਾਇਆ ਦਾ ਠੱਗਿਆ ਹੋਇਆ ਹੋਵੇ ਤੇ ਜੋ ਅਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਇਆ ਹੋਵੇ, ਉਸ ਨੂੰ ਮੂਰਖ ਕਹੀਦਾ ਹੈ। ਮਾਇਆ ਦੀ ਮਸਤੀ ਤੇ ਅਹੰਕਾਰ ਵਿਚ ਜੋ ਕੁਝ ਕਰੀਏ ਉਸ ਨਾਲ ਸਦਾ ਦੁੱਖ ਪ੍ਰਾਪਤ ਹੁੰਦਾ ਹੈ ਸਦਾ ਦੁਖੀ ਰਹੀਦਾ ਹੈ।

ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਖੂਹ ਵਿਚ ਡਿੱਗਾ ਰਹਿੰਦਾ ਹੈ। ਉਸ ਦੇ ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ? ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ ਤੇ (ਇਸ ਮਾਇਆ ਦੇ ਮੋਹ-ਰੂਪ ਖੂਹ ਤੋਂ) ਵੱਖਰਾ ਰਹਿੰਦਾ ਹੈ; ਉਹ ਪ੍ਰਭੂ ਦਾ ਨਾਮ ਜਪਦਾ ਹੈ, (ਨਾਮ ਦੀ ਬਰਕਤਿ ਨਾਲ) ਉਹ ਆਪ ਬਚਦਾ ਹੈ ਤੇ ਉਸ ਦੇ ਪੂਰਨਿਆਂ ਤੇ ਤੁਰ ਕੇ ਡੁੱਬਦਾ ਸਾਥੀ ਭੀ ਬਚ ਨਿਕਲਦਾ ਹੈ।

ਹੇ ਨਾਨਕ! ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ ਉਹੀ ਉਹ ਕਰਦਾ ਹੈ (ਮਾਇਆ ਦੇ ਮੋਹ ਵਿਚ ਪੈ ਕੇ ਦੁੱਖ ਜਾਂ ਇਸ ਤੋਂ ਅਲੋਪ ਰਹਿ ਕੇ ਸੁਖ) ਜੋ ਕੁਝ ਪ੍ਰਭੂ ਦੇਂਦਾ ਹੈ ਉਹੀ ਜੀਵ ਸਹਾਰਦਾ ਹੈ।1।

ਮਃ ੧ ॥ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ {ਪੰਨਾ 953}

ਨੋਟ: ਕਿਸੇ ਮੁਸਲਮਾਨ ਨਾਲ ਇਹ ਵਿਚਾਰ ਹੈ।

ਪਦ ਅਰਥ: ਸਹੀ = ਸੱਚੀ। ਸਿਖ = ਸਿੱਖਿਆ। ਵਹੀ = ਅਮਲਾਂ ਦੀ ਕਿਤਾਬ। ਤਲਬਾ = ਸੱਦੇ। ਆਕੀ = ਬਾਗ਼ੀ। ਬਾਕੀ = ਲੇਖੇ ਵਿਚੋਂ ਬਕਾਇਆ। ਅਜਰਾਈਲੁ ਫਰੇਸਤਾ = ਮੌਤ ਦਾ ਫ਼ਰਿਸ਼ਤਾ। ਤਈ = ਤਿਆਰ, ਤਈਨਾਤ, ਮੁਕੱਰਰ। ਫਹੀ = ਫਸੀ ਹੋਈ (ਜਿੰਦ) ਨੂੰ। ਕੂੜ = ਕੂੜ ਕਮਾਣ ਵਾਲੇ। ਨਿਖੁਟੇ = ਹਾਰ ਜਾਂਦੇ ਹਨ। ਸਚਿ = ਸੱਚ ਦੀ ਰਾਹੀਂ, ਸੱਚਾ ਸੌਦਾ ਕੀਤਿਆਂ। ਆਵਣ ਜਾਣੁ = ਕੋਈ ਚਾਰਾ, ਕਿੱਧਰ ਜਾਵਾਂ ਕੀਹ ਕਰਾਂ? = ਇਹ ਗੱਲ।

ਅਰਥ: ਨਾਨਕ ਆਖਦਾ ਹੈ– ਹੇ ਮਨ! ਸੱਚੀ ਸਿੱਖਿਆ ਸੁਣ, (ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।

ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ, ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ। ਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ।

ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ।2।

ਪਉੜੀ ॥ ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥ ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ॥ ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥ ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥ ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥ {ਪੰਨਾ 953}

ਪਦ ਅਰਥ: ਸਚੁ = ਹਰ ਥਾਂ। ਆਪੈ = ਆਪ ਹੀ। ਨ ਜਾਪੈ = ਨਹੀਂ ਸੁੱਝਦਾ। ਰਾਪੈ = ਰੰਗਿਆ ਜਾਈਦਾ ਹੈ। ਗਵਾਪੈ = ਨਾਸ ਹੋ ਜਾਂਦਾ ਹੈ। ਕਿਸੈ = ਕਿਸੇ ਵਿਰਲੇ ਨੂੰ।

ਅਰਥ: ਇਹ ਸਾਰਾ (ਜਗਤ ਦਾ ਆਕਾਰ) ਪਰਮਾਤਮਾ ਦਾ (ਮਾਨੋ) ਸਰੀਰ ਹੈ, ਹਰ ਥਾਂ ਪ੍ਰਭੂ ਆਪ ਹੀ ਵਿਆਪਕ ਹੈ, ਪਰਮਾਤਮਾ (ਦੀ ਵਡਿਆਈ) ਦਾ ਮੁੱਲ ਨਹੀਂ ਪੈ ਸਕਦਾ, ਕੋਈ ਗੱਲ ਅਹੁੜਦੀ ਨਹੀਂ (ਜਿਸ ਨਾਲ) ਉਸ ਦੀ ਵਡਿਆਈ ਬਿਆਨ ਕਰ ਸਕੀਏ। ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ (ਜੋ ਕਰਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਉਸ ਦਾ ਮਨ ਤੇ ਤਨ ਖਿੜ ਆਉਂਦਾ ਹੈ ਤੇ ਅਹੰਕਾਰ ਨਾਸ ਹੋ ਜਾਂਦਾ ਹੈ) ।

ਇਹ ਸਾਰਾ ਜਗਤ ਪ੍ਰਭੂ ਦਾ ਬਣਾਇਆ ਹੋਇਆ ਤਮਾਸ਼ਾ ਹੈ, ਸਤਿਗੁਰੂ ਦੀ ਰਾਹੀਂ ਕਿਸੇ ਵਿਰਲੇ ਨੂੰ ਇਸ ਖੇਡ ਦੀ ਸਮਝ ਦੇਂਦਾ ਹੈ।13।

ਸਲੋਕੁ ਮਃ ੧ ॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥੧॥ {ਪੰਨਾ 953-954}

ਨੋਟ: ਇਸ ਸਲੋਕ ਵਿਚ ਉਹਨਾਂ ਪੁਰਾਣਿਕ ਸਾਖੀਆਂ ਦੇ ਹਵਾਲੇ ਦਿੱਤੇ ਗਏ ਹਨ ਜੋ ਹਿੰਦੂ ਕੌਮ ਵਿਚ ਆਮ ਪ੍ਰਚਲਤ ਹਨ।

ਪਦ ਅਰਥ: ਸਹੰਸਰ = ਹਜ਼ਾਰ। ਦਾਨ = ਡੰਨ। ਹਜ਼ਾਰ ਭਗਾਂ ਦਾ ਡੰਨ ਜੋ ਇੰਦਰ ਦੇਵਤੇ ਨੂੰ ਗੋਤਮ ਰਿਸ਼ੀ ਨੇ ਸਰਾਪ ਦੇ ਕੇ ਲਾਇਆ ਸੀ। ਇੰਦਰ ਨੇ ਰਿਸ਼ੀ ਦੀ ਇਸਤ੍ਰੀ ਅਹੱਲਿਆ ਨਾਲ ਧੋਖਾ ਦੇ ਕੇ ਸੰਗ ਕੀਤਾ ਸੀ। ਪਰਸ ਰਾਮੁ = ਬ੍ਰਾਹਮਣ ਸੀ, ਇਸ ਦੇ ਪਿਤਾ ਜਮਦਗਨੀ ਨੂੰ ਸਹੱਸ੍ਰਬਾਹੂ ਨੇ ਮਾਰ ਦਿੱਤਾ ਸੀ; ਬਦਲੇ ਦੀ ਅੱਗ ਵਿਚ ਪਰਸਰਾਮ ਨੇ ਖੱਤ੍ਰੀ-ਕੁਲ ਦਾ ਨਾਸ ਕਰਨਾ ਸ਼ੁਰੂ ਕੀਤਾ, ਪਰ ਜਦੋਂ ਇਸ ਨੇ ਸ੍ਰੀ ਰਾਮ ਚੰਦ੍ਰ ਜੀ ਤੇ ਆਪਣਾ ਕੁਹਾੜਾ ਚੁੱਕਿਆ ਤਾਂ ਉਹਨਾਂ ਇਸ ਦਾ ਬਲ ਖਿੱਚ ਲਿਆ। ਅਜੈ = ਰਾਜਾ ਅਜੈ ਨੇ (ਜੋ ਸ੍ਰੀ ਰਾਮ ਚੰਦ੍ਰ ਜੀ ਦਾ ਦਾਦਾ ਸੀ) ਇਕ ਸਾਧੂ ਨੂੰ ਭਿੱਖਿਆ ਵਿਚ ਲਿੱਦ ਦਿੱਤੀ ਸੀ, ਪਿੱਛੋਂ ਉਸ ਨੂੰ ਆਪ ਖਾਣੀ ਪਈ।

ਨਿਕਾਲਾ = ਦੇਸ-ਨਿਕਾਲਾ। ਦਹਸਿਰੁ = (sz: d_i_r) ਦਸ ਸਿਰਾਂ ਵਾਲਾ, ਰਾਵਣ। ਡਉਰੂ ਵਾਇ = ਡਉਰੂ ਵਜਾ ਕੇ, ਸਾਧੂ ਦਾ ਭੇਸ ਕਰ ਕੇ। ਸੁਆਮੀ = ਕ੍ਰਿਸ਼ਨ ਜੀ। ਖੁਇ ਗਇਆ = ਖੁੰਝ ਗਿਆ। ਏਕੀ = ਇਕ (ਗ਼ਲਤੀ) । ਜਨਮੇਜੇ ਨੇ (ਇਹ ਹਸਤਨਾਪੁਰ ਦਾ ਇਕ ਰਾਜਾ ਸੀ) 18 ਬ੍ਰਾਹਮਣਾਂ ਨੂੰ ਮਾਰ ਦਿੱਤਾ ਸੀ, ਜਿਸ ਦਾ ਪ੍ਰਾਸ਼ਚਿਤ ਕਰਨ ਲਈ ਇਸ ਨੇ ਰਿਸ਼ੀ 'ਵੈਸ਼ੰਪਾਇਨ' ਪਾਸੋਂ 'ਮਹਾਭਾਰਤ' ਸੁਣਿਆ ਸੀ।

ਮਸਾਇਕ = ਮਸ਼ਾਇਖ਼, ਲਫ਼ਜ਼ 'ਸ਼ੇਖ' ਦਾ ਬਹੁ-ਵਚਨ। ਭੀੜ = ਮੁਸੀਬਤ। ਰਾਜੇ = ਭਰਥਰੀ ਗੋਪੀਚੰਦ ਆਦਿਕ ਰਾਜੇ। ਕਿਰਪਨ = ਕੰਜੂਸ। ਸੰਚਹਿ = ਇਕੱਠਾ ਕਰਦੇ ਹਨ। ਬਾਲੀ = ਲੜਕੀ। ਜਿਣਿ = ਜਿੱਤ ਕੇ। ਅਉਰੀ = ਹੋਰ।

ਅਰਥ: (ਗੋਤਮ ਰਿਸ਼ੀ ਨੇ) ਹਜ਼ਾਰ (ਭਗਾਂ) ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ; (ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ) ਪਰਸ ਰਾਮ ਘਰ ਆ ਕੇ ਰੋਇਆ। ਰਾਜਾ ਅਜੈ ਰੋਇਆ ਜਦੋਂ ਉਸ ਨੂੰ (ਲਿੱਦ ਦੀ ਦਿੱਤੀ) ਭਿੱਖਿਆ ਖਾਣੀ ਪਈ, ਪ੍ਰਭੂ ਦੀ ਹਜ਼ੂਰੀ ਵਿਚੋਂ ਅਜੇਹੀ ਹੀ ਸਜ਼ਾ ਮਿਲਦੀ ਹੈ।

ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ ਸੀਤਾ ਲਛਮਣ ਵਿਛੁੜੇ ਤਾਂ ਰਾਮ ਜੀ ਭੀ ਰੋਏ। ਰਾਵਣ, ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ, ਲੰਕਾ ਗੁਆ ਕੇ ਰੋਇਆ। (ਪੰਜੇ) ਪਾਂਡੋ, ਜਿਨ੍ਹਾਂ ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ) , ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ। ਰਾਜਾ ਜਨਮੇਜਾ ਖੁੰਝ ਗਿਆ, (18 ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ 'ਮਹਾਭਾਰਤ' ਸੁਣਿਆ, ਪਰ ਸ਼ੰਕਾ ਕੀਤਾ, ਇਸ) ਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।

ਸ਼ੇਖ ਪੀਰ ਆਦਿਕ ਭੀ ਰੋਂਦੇ ਹਨ ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ। (ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ। ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ, ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ। ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ। ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।

ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ, ('ਨਾਮ' ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ।1।

TOP OF PAGE

Sri Guru Granth Darpan, by Professor Sahib Singh