ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 954 ਮਃ ੨ ॥ ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥ ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥ {ਪੰਨਾ 954} ਪਦ ਅਰਥ: ਸਭੁ ਕਿਛੁ = ਹਰੇਕ (ਉੱਦਮ) । ਮੰਨਿਐ = ਜੇ ਮੰਨ ਲਈਏ, ਜੇ 'ਨਾਮ' ਨੂੰ ਮੰਨ ਲਈਏ, ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ। ਅਵਰਿ ਕਾਰਾ = ਹੋਰ ਸਾਰੇ ਕੰਮ। ਬਾਦਿ = ਵਿਅਰਥ। ਮੰਨਿਆ = ਜੋ ਮੰਨ ਗਿਆ ਹੈ, ਜਿਸ ਨੇ 'ਨਾਮ' ਮੰਨ ਲਿਆ ਹੈ, ਜਿਸ ਦਾ ਮਨ ਨਾਮ ਵਿਚ ਪਤੀਜ ਗਿਆ ਹੈ। ਮੰਨੀਐ = ਮੰਨੀਦਾ ਹੈ, ਆਦਰ ਪਾਂਦਾ ਹੈ {ਨੋਟ: ਲਫ਼ਜ਼ 'ਮੰਨਿਐ' ਅਤੇ 'ਮੰਨੀਐ' ਦਾ ਫ਼ਰਕ ਚੇਤੇ ਰੱਖਣ ਜੋਗ ਹੈ}। ਪਰਸਾਦਿ = ਕਿਰਪਾ ਨਾਲ। ਅਰਥ: ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ (ਵਿੱਚੇ ਹੀ ਆ ਜਾਂਦਾ ਹੈ) , (ਨਾਮ ਤੋਂ ਬਿਨਾ) ਹੋਰ ਸਾਰੇ ਕੰਮ ਵਿਅਰਥ ਹਨ। ਹੇ ਨਾਨਕ! 'ਨਾਮ' ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ।2। ਪਉੜੀ ॥ ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥ ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥ ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥ ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥ ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥ {ਪੰਨਾ 954} ਪਦ ਅਰਥ: ਹੰਸ = (ਸੰ: hzs) ਜੀਵ-ਆਤਮਾ। ਧੁਰਿ = ਮੁੱਢ ਤੋਂ। ਕਰਤੈ = ਕਰਤਾਰ ਨੇ। ਲਿਖਿ = ਲਿਖ ਕੇ (ਭਾਵ) ਆਪਣੇ ਹੁਕਮ ਅਨੁਸਾਰ। ਗੁਪਤੁ = ਲੁਕਿਆ ਹੋਇਆ। ਅਰਥ: ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ। ਪ੍ਰਭੂ ਸਭ ਜੀਵਾਂ ਵਿਚ ਲੁਕਿਆ ਹੋਇਆ ਮੌਜੂਦ ਹੈ, ਗੁਰੂ ਦੀ ਰਾਹੀਂ ਪਰਗਟ ਹੁੰਦਾ ਹੈ, (ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ) ਗੁਣ ਗਾਂਦਾ ਹੈ ਗੁਣ ਉਚਾਰਦਾ ਹੈ ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ। (ਸਤਿਗੁਰੂ ਦੀ) ਸੱਚੀ ਬਾਣੀ ਦੀ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤਿ ਵਿਚ (ਰੱਖ ਕੇ) ਮਿਲਾ ਦਿੱਤਾ। ਹਰੇਕ ਹਸਤੀ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖ਼ਸ਼ਦਾ ਹੈ।14। ਸਲੋਕ ਮਃ ੨ ॥ ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥ ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥ {ਪੰਨਾ 954} ਅਰਥ: ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ, ਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ (ਭਾਵ, ਆਪਣਾ ਅੰਨ੍ਹਾ-ਪਨ ਜ਼ਾਹਰ ਕਰ ਆਉਂਦਾ ਹੈ) ।1। ਮਃ ੨ ॥ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥ ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥ ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥ ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥ {ਪੰਨਾ 954} ਪਦ ਅਰਥ: ਰਤਨ = ਨਾਮ-ਰਤਨ, ਪ੍ਰਭੂ ਦੇ ਗੁਣ। ਰਤਨੀ = ਰਤਨਾਂ ਦਾ ਪਾਰਖੂ ਸਤਿਗੁਰੂ। ਵਖਰ = (ਭਾਵ) ਵੱਖਰ ਵੇਚਣ ਵਾਲਾ। ਤੈ = ਅਤੇ। ਵਣਜਾਰਾ = ਵਣਜਨਵਾਲਾ ਗੁਰਮੁਖ। ਮਾਣਕ = ਰਤਨ, ਨਾਮ। ਸੇਇ = ਉਹੀ ਬੰਦੇ। ਵਤਹਿ = ਭਟਕਦੇ ਹਨ। ਲੋਇ = ਜਗਤ ਵਿਚ। ਕੇਰੀ = ਦੀ। ਅਰਥ: ਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆ ਕੇ ਖੋਲ੍ਹੀ ਹੈ, ਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਅਤੇ ਵਿਹਾਝਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿਚ ਟਿਕ ਰਹੀ ਹੈ (ਭਾਵ, ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ) । ਹੇ ਨਾਨਕ! ਜਿਨ੍ਹਾਂ ਦੇ ਪਾਸ (ਭਾਵ, ਹਿਰਦੇ ਵਿਚ) ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ-ਰਤਨ ਵਿਹਾਝਦੇ ਹਨ; ਪਰ ਜੋ ਇਹਨਾਂ ਰਤਨਾਂ ਦੀ ਕਦਰ ਨਹੀਂ ਜਾਣਦੇ ਉਹ ਅੰਨ੍ਹਿਆਂ ਵਾਂਗ ਜਗਤ ਵਿਚ ਫਿਰਦੇ ਹਨ।2। ਪਉੜੀ ॥ ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥ ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥ ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥ ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥ {ਪੰਨਾ 954} ਪਦ ਅਰਥ: ਦਰਵਾਜੇ = ਗੋਲਕਾਂ-ਰੂਪ ਦਰਵਾਜ਼ੇ। ਕੋਟੁ = ਕਿਲ੍ਹਾ। ਬਜਰ = ਕਰੜੇ। ਕਪਾਟ = ਕਵਾੜ। ਖੁਲੀਜੈ = ਖੁਲ੍ਹਦੇ ਹਨ। ਅਨਹਦ = ਇਕ-ਰਸ। ਧੁਨਿ = ਸੁਰ। ਤਿਤੁ = ਉਸ ਵਿਚ। ਘਟ = ਸਰੀਰ। ਜਿਨਿ = ਜਿਸ ਪ੍ਰਭੂ ਨੇ। ਅਰਥ: ਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ; (ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ, (ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ। (ਜਿਸ ਹਿਰਦੇ ਵਿਚ ਇਹ ਆਨੰਦ ਪੈਦਾ ਹੁੰਦਾ ਹੈ) ਉਸ ਹਿਰਦੇ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ। ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ (ਪਰ ਉਸ ਨਾਲ ਮੇਲ ਗੁਰੂ ਦੀ ਰਾਹੀਂ ਹੀ ਹੁੰਦਾ ਹੈ) ।15। ਸਲੋਕ ਮਃ ੨ ॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ {ਪੰਨਾ 954} ਪਦ ਅਰਥ: ਰਾਹਿ ਦਸਿਐ = ਰਾਹ ਦੱਸਣ ਨਾਲ। ਅੰਧੇ ਕੈ ਰਾਹਿ ਦਸਿਐ = ਅੰਨ੍ਹੇ ਦੇ ਰਾਹ ਦੱਸਣ ਨਾਲ, ਜੇ ਅੰਨ੍ਹਾ ਮਨੁੱਖ ਰਾਹ ਦੱਸੇ। ਸੁ = ਉਹੀ ਮਨੁੱਖ। ਉਝੜਿ = ਕੁਰਾਹੇ। ਏਹਿ = (ਲਫ਼ਜ਼ 'ਇਹ' ਜਾਂ 'ਏਹ' ਤੋਂ 'ਏਹਿ' ਬਹੁ-ਵਚਨ ਹੈ) ਇਹ ਬੰਦੇ। ਆਖੀਅਨਿ = ਆਖੇ ਜਾਂਦੇ ਹਨ (ਨੋਟ: ਲਫ਼ਜ਼ 'ਆਖੀਅਨੁ' ਅਤੇ 'ਆਖਿਅਨਿ' ਵਿਚ ਫ਼ਰਕ ਵੇਖਣ ਜੋਗ ਹੈ, ਵੇਖੋ 'ਗੁਰਬਾਣੀ ਵਿਆਕਰਣ') । ਮੁਖਿ = ਮੂੰਹ ਉਤੇ। ਲੋਇਣ = ਅੱਖਾਂ। ਅਰਥ: ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ; ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ। (ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ, ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ।1। ਮਃ ੨ ॥ ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥ ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥ ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥ {ਪੰਨਾ 954} ਪਦ ਅਰਥ: ਸਾਹਿਬਿ = ਸਾਹਿਬ ਨੇ, ਪ੍ਰਭੂ ਨੇ। ਜੇਹਾ ਜਾਣੈ = (ਅੰਨ੍ਹਾ ਮਨੁੱਖ) ਜਿਵੇਂ ਸਮਝਦਾ ਹੈ। ਸਉ = ਸੌ ਵਾਰੀ। ਜੇ = ਭਾਵੇਂ। ਜਿਥੈ = ਜਿਸ ਮਨੁੱਖ ਦੇ ਅੰਦਰ। ਆਪੇ ਵਰਤਉ = ਆਪਾ-ਭਾਵ ਦੀ ਵਰਤਣ, ਆਪਣੀ ਸਮਝ ਦੀ ਵਰਤੋਂ, ਹਉਮੈ ਦਾ ਜ਼ੋਰ। ਜਾਣਿ = ਜਾਣੋ। ਅਰਥ: ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ, (ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ। ਜਿਸ ਮਨੁੱਖ ਦੇ ਅੰਦਰ 'ਨਾਮ'-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ, (ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ?।2। ਮਃ ੨ ॥ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥ {ਪੰਨਾ 954} ਪਦ ਅਰਥ: ਹੁਕਮਹੁ = ਹੁਕਮ ਨਾਲ, ਰਜ਼ਾ ਵਿਚ। ਅੰਧਾ = ਨੇਤ੍ਰ-ਹੀਣ। ਨੋਟ: ਅੰਕ 2 ਦਾ ਭਾਵ ਹੈ ਮ: 2। ਅਰਥ: ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ, ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ।3। |
Sri Guru Granth Darpan, by Professor Sahib Singh |